ਸ਼ਬਦ: ਸੁਰਿੰਦਰ ਗੀਤ ਵਿਸ਼ੇਸ਼ ਅੰਕ ਲੋਕ-ਅਰਪਣ
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਪਰਮਵੀਰ ਬਾਠ ਦੀ ਪ੍ਰਧਾਨਗੀ ਵਿੱਚ ਹੋਈ। ਇਸ ਇਕੱਤਰਤਾ ਵਿੱਚ ਹਰਜੀਤ ਅਟਵਾਲ (ਇੰਗਲੈਂਡ) ਦੀ ਅਗਵਾਈ ਅਤੇ ਉੱਘੇ ਲੇਖਕ ਜਿੰਦਰ ਦੀ ਸੰਪਾਦਨਾ ਹੇਠ ਛਪਦੀ ਮੈਗਜ਼ੀਨ ‘ਸ਼ਬਦ’ ਦਾ 47ਵਾਂ ਅੰਕ ਜੋ ਸੁਰਿੰਦਰ...
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਪਰਮਵੀਰ ਬਾਠ ਦੀ ਪ੍ਰਧਾਨਗੀ ਵਿੱਚ ਹੋਈ। ਇਸ ਇਕੱਤਰਤਾ ਵਿੱਚ ਹਰਜੀਤ ਅਟਵਾਲ (ਇੰਗਲੈਂਡ) ਦੀ ਅਗਵਾਈ ਅਤੇ ਉੱਘੇ ਲੇਖਕ ਜਿੰਦਰ ਦੀ ਸੰਪਾਦਨਾ ਹੇਠ ਛਪਦੀ ਮੈਗਜ਼ੀਨ ‘ਸ਼ਬਦ’ ਦਾ 47ਵਾਂ ਅੰਕ ਜੋ ਸੁਰਿੰਦਰ ਗੀਤ ਨੂੰ ਸਮਰਪਿਤ ਵਿਸ਼ੇਸ਼ ਅੰਕ ਦੇ ਤੌਰ ’ਤੇ ਛਪਿਆ ਹੈ, ਲੋਕ-ਅਰਪਣ ਕੀਤਾ ਗਿਆ। ਰਵੀ ਸ਼ੇਰਗਿੱਲ ਦੇ ਹਵਾਲੇ ਨਾਲ ਇਹ ਅੰਕ ਸੁਰਿੰਦਰ ਗੀਤ ਦੀ ਰਚਨਾ ਨੂੰ ਇੱਕੋ ਕੋਣ ਤੋਂ ਦੇਖਣ ਦੀ ਥਾਂ ਵੱਖ ਵੱਖ ਆਲੋਚਨਾਤਮਕ ਦ੍ਰਿਸ਼ਟੀ ਰਾਹੀਂ ਸਮਝਣ ਦਾ ਯਤਨ ਹੈ। ਇਸ ਵਿੱਚ ਮੁਲਾਕਾਤ, ਖੋਜ-ਪੱਤਰ ਅਤੇ ਆਲੋਚਨਾਤਮਕ ਲੇਖ ਉਸ ਦੀ ਸਿਰਜਣਾ ਦੇ ਸਮਾਜਿਕ, ਸੱਭਿਆਚਾਰਕ, ਨਾਰੀ ਵਾਦੀ, ਮਾਨਵੀ ਅਤੇ ਕਲਾਤਮਕ ਪੱਖਾਂ ਨੂੰ ਉਜਾਗਰ ਕਰਦੇ ਹਨ।
ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸੁਰਿੰਦਰ ਗੀਤ ਦੇ ਰਚਨਾ ਸੰਸਾਰ ਅਤੇ ਮਿਲੇ ਮਾਨ ਸਨਮਾਨਾਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੀ ਸ਼ੁਰੂਆਤ ਸੁਰਿੰਦਰ ਗੀਤ ਦੀ ਇੱਕ ਗ਼ਜ਼ਲ ਨਾਲ ਕੀਤੀ ਗਈ। ਇਸ ਗ਼ਜ਼ਲ ਨੂੰ ਸੁਖਮੰਦਰ ਗਿੱਲ ਨੇ ਆਵਾਜ਼ ਦਿੱਤੀ।
ਏਥੇ ਮੇਰਾ ਜੀਅ ਨਹੀਂ ਲੱਗਦਾ, ਰਾਜ ਹੈ ਪੌਣ ਕੁਪੱਤੀ ਦਾ
ਸਾਡੀ ਹਾੜ੍ਹੀ-ਸਾਉਣੀ ਦਾ ਹੁਣ ਕੌਡੀ ਮੁੱਲ ਨ੍ਹੀਂ ਵੱਟੀਦਾ
ਕੈਲਗਰੀ ’ਚ ਵੱਸਦੇ ਲੇਖਕ ਤੇ ਆਲੋਚਕ ਬਲਜਿੰਦਰ ਸੰਘਾ ਨੇ ‘ਸ਼ਬਦ’ ਮੈਗਜ਼ੀਨ, ਸੁਰਿੰਦਰ ਗੀਤ ਵਿਸ਼ੇਸ਼ ਅੰਕ ਬਾਰੇ ਬੋਲਦਿਆਂ ਕਿਹਾ ਕਿ ਅਜਿਹੇ ਅੰਕ ਲੇਖਕ ਦੀ ਸਮੁੱਚੀ ਲੇਖਣੀ ਅਤੇ ਸ਼ਖ਼ਸੀਅਤ ਨੂੰ ਜਾਣਨ ਵਿੱਚ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੁਰਿੰਦਰ ਗੀਤ 1996 ਤੋਂ ਲਗਾਤਾਰ ਲਿਖ ਰਹੀ ਹੈ। ਕਵਿਤਾ, ਗ਼ਜ਼ਲ ਤੇ ਕਹਾਣੀ ਦੇ ਖੇਤਰ ਵਿੱਚ ਉਸ ਵੱਲੋਂ ਪਾਏ ਯੋਗਦਾਨ ਨੂੰ ‘ਸ਼ਬਦ’ ਦੇ ਇਸ ਵਿਸ਼ੇਸ਼ ਅੰਕ ਨੇ ਪੰਜਾਬੀ ਸਾਹਿਤ ਜਗਤ ਦੇ ਸਾਹਮਣੇ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਪਰਮਵੀਰ ਬਾਠ ਨੇ ‘ਸ਼ਬਦ’ ਦੇ ਇਸ ਅੰਕ ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਕਿਹਾ ਕਿ ਜਿੰਦਰ ਇੱਕ ਤੀਖਣ ਬੁੱਧੀ ਦਾ ਮਾਲਕ ਹੈ, ‘ਸ਼ਬਦ’ ਮੈਗਜ਼ੀਨ ਦੇ ਵਿਸ਼ੇਸ਼ ਅੰਕ ਲਈ ਸੁਰਿੰਦਰ ਗੀਤ ਦੀ ਚੋਣ ਵਧੀਆ ਚੋਣ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਗੀਤ ਨੂੰ ਕਿਸਾਨ ਸੰਘਰਸ਼ ਦੇ ਸਮੇਂ ਤੋਂ ਜਾਣਦਾ ਹਾਂ। ਕਿਸਾਨ ਸੰਘਰਸ਼ ਵਿੱਚ ਸੁਰਿੰਦਰ ਗੀਤ ਨੇ ਆਪਣੀ ਲੇਖਣੀ ਰਾਹੀਂ ਜੋ ਯੋਗਦਾਨ ਪਾਇਆ ਉਹ ਸ਼ਲਾਘਾਯੋਗ ਹੈ।
ਜਗਦੇਵ ਸਿੱਧੂ ਨੇ ਕਿਹਾ ਕਿ ਇਹ ਹਥਲਾ, ਸੁਰਿੰਦਰ ਗੀਤ ਵਿਸ਼ੇਸ਼ ਅੰਕ ਬੜੀ ਮਿਹਨਤ ਅਤੇ ਸੁਚੱਜਤਾ ਨਾਲ ਤਿਆਰ ਕੀਤਾ ਗਿਆ ਹੈ। ਡਾ. ਨਰੇਸ਼ ਦੁਆਰਾ ਕੀਤੀ ਗਈ ਮੁਲਾਕਾਤ ਦੀ ਉਨ੍ਹਾਂ ਨੇ ਬਹੁਤ ਸ਼ਲਾਘਾ ਕੀਤੀ ਤੇ ਕਿਹਾ ਕਿਹਾ, “ਪੁੱਛੇ ਗਏ ਸਵਾਲ ਬਹੁਤ ਉੱਚ ਪਾਏ ਦੇ ਹਨ ਅਤੇ ਉਨ੍ਹਾਂ ਸਵਾਲਾਂ ਦੇ ਜਵਾਬਾਂ ਨਾਲ ਸਬੰਧਿਤ ਕਵਿਤਾ ਦੀਆਂ ਤੁਕਾਂ ਨੇ ਮੁਲਾਕਾਤ ਨੂੰ ਬਹੁਤ ਰੋਚਿਕ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ।’’ ਅੱਗੇ ਚੱਲ ਕੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਅੰਕ ਸਾਹਿਤ- ਪ੍ਰੇਮੀਆਂ ਅਤੇ ਖੋਜਾਰਥੀਆਂ ਦੇ ਬਹੁਤ ਕੰਮ ਆਵੇਗਾ। ਇਸ ਅੰਕ ਵਿਚਲੇ ਵੱਖ ਵੱਖ ਲੇਖਕਾਂ ਦੇ ਵਿਚਾਰਾਂ ’ਤੇ ਸੰਖੇਪ ਵਿੱਚ ਚਾਨਣਾ ਪਾਇਆ। ਜਗਦੇਵ ਸਿੱਧੂ ਨੇ ਦੱਸਿਆ ਇਸ ਵਿੱਚ ਛਪਿਆ ਹਰ ਲੇਖ ਨਵਾਂ ਹੈ। ਕੋਈ ਵੀ ਚੀਜ਼ ਏਧਰੋਂ ਓਧਰੋਂ ਨਹੀਂ ਚੁੱਕੀ ਗਈ। ਸੁਰਿੰਦਰ ਗੀਤ ਦੀ ਕਲਮ ਸਦਾ ਹੱਕ ਤੇ ਸੱਚ ਦੀ ਗੱਲ ਕਰਦੀ ਹੈ ਤੇ ਕਰਦੀ ਰਹੇਗੀ;
ਲੜਾਈ ਸੱਚ ਦੀ ਹੋਵੇ ਅਸੂਲਾਂ ਜਾਂ ਸਿਧਾਤਾਂ ਦੀ
ਕਵੀ ਦਾ ਧਰਮ ਹੁੰਦਾ ਹੈ ਸਦਾ ਮਜ਼ਲੂਮ ਵੱਲ ਖੜ੍ਹਨਾ
ਨਾਟਕਕਾਰ ਗੁਰਬਾਣੀ ਗਿੱਲ ਨੇ ਸੁਰਿੰਦਰ ਗੀਤ ਬਾਰੇ ਕਿਹਾ ਕਿ ਕੁਝ ਕਲਮਾਂ ਸਿਆਹੀ ਨਾਲ ਨਹੀਂ ਚੱਲਦੀਆਂ, ਉਹ ਆਪਣੇ ਅੰਦਰ ਸਾਂਭੇ ਹੋਏ ਮੌਸਮਾਂ ਨਾਲ ਲਿਖਦੀਆਂ ਹਨ। ਸੁਰਿੰਦਰ ਗੀਤ ਦੀ ਕਲਮ ਵੀ ਉਨ੍ਹਾਂ ਕਲਮਾਂ ਵਿੱਚੋਂ ਇੱਕ ਹੈ ਜਿਹੜੀ ਕਾਗ਼ਜ਼ ਉੱਤੇ ਅੱਖਰ ਨਹੀਂ ਧਰਦੀ, ਸਗੋਂ ਮਨੁੱਖੀ ਮਨ ਦੀਆਂ ਉਨ੍ਹਾਂ ਪਰਤਾਂ ਨੂੰ ਛੂੰਹਦੀ ਹੈ ਜਿੱਥੇ ਸ਼ਬਦ ਪਹੁੰਚਣ ਤੋਂ ਪਹਿਲਾਂ ਹੀ ਭਾਵਨਾਵਾਂ ਆਪਣਾ ਘਰ ਬਣਾ ਲੈਂਦੀਆਂ ਨੇ।
ਇਸ ਮੌਕੇ ਹਾਜ਼ਰ ਸਾਹਿਤ ਪ੍ਰੇਮੀਆਂ ਨੇ ਆਪੋ ਆਪਣੀਆਂ ਰਚਨਾਵਾਂ ਰਾਹੀ ਸਮੇਂ ਨੂੰ ਰੌਣਕ ਬਖ਼ਸ਼ੀ। ਇਨ੍ਹਾਂ ’ਚੋਂ ਜਰਨੈਲ ਸਿੰਘ ਤੱਗੜ, ਸੋਹਣ ਸਿੰਘ ਭੁੱਚੋ, ਸੁਖਵਿੰਦਰ ਸਿੰਘ ਤੂਰ, ਮੁਨੱਵਰ ਅਹਿਮਦ ਨੇ ਡਾ. ਪਾਤਰ ਦੀ ਗ਼ਜ਼ਲ, ਲਖਵਿੰਦਰ ਸਿੰਘ ਸਿੱਧੂ ਨੇ ਆਪਣੀ ਮੌਲਿਕ ਰਚਨਾ, ਸਰਵਨ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਇਕਬਾਲ ਕੌਰ ਭੁੱਲਰ, ਮਨਮੋਹਨ ਸਿੰਘ ਬਾਠ, ਜੈ ਸਿੰਘ ਅਤੇ ਸੁਭਾਸ਼ ਸ਼ਰਮਾ ਦੇ ਨਾਮ ਵਰਣਨਯੋਗ ਹਨ।
ਇਸ ਤੋਂ ਇਲਾਵਾ ਮੰਗਲ ਚੱਠਾ, ਸੀਮਾ ਚੱਠਾ, ਸੁਖਬੀਰ ਸਿੰਘ ਸੰਧੂ, ਰੌਬੀ, ਮਨਜੀਤ ਕੌਰ ਖਹਿਰਾ, ਦਰਸ਼ਨ ਸਿੰਘ ਮਹਿਰੋਕ, ਜੋਧ ਵੀਰ ਸਿੰਘ ਉੱਪਲ, ਦਿਲਾਵਰ ਸਿੰਘ ਸਮਰਾ, ਗੁਰਮੀਤ ਕੌਰ ਸਮਰਾ, ਗੁਰਬਖ਼ਸ਼ ਸਿੰਘ ਗਿੱਲ ਅਤੇ ਸੁਰਿੰਦਰ ਸਿੰਘ ਢਿੱਲੋਂ ਨੇ ਹਾਜ਼ਰੀ ਲਗਵਾਈ।
ਸੰਪਰਕ: 403 -968- 2880

