ਮੁਰਝਾਏ ਫੁੱਲ
ਕਹਾਣੀ ਹਰਿਆਣਾ ਤੋਂ ਜੱਜ ਰਿਟਾਇਰ ਹੋਇਆ, ਪੰਜਾਬ ’ਚ ਜੰਮਿਆ ਪਲਿਆ ਸੁਚੇਤ ਕੁਮਾਰ, ਅੱਜ ਕੋਸੀ ਕੋਸੀ ਧੁੱਪ ਦਾ ਆਨੰਦ ਮਾਣਨ ਲਈ ਚੰਡੀਗੜ੍ਹ ਪੰਚਕੂਲਾ ਰੋਡ ਉੱਪਰ ਬਣੇ ਆਪਣੇ ਫਾਰਮ ਹਾਊਸ ਵਿੱਚ ਸਵੇਰੇ-ਸਵੇਰੇ ਬੈਠਾ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ। ਉਸ ਦੀ ਧਰਮ...
ਕਹਾਣੀ
ਹਰਿਆਣਾ ਤੋਂ ਜੱਜ ਰਿਟਾਇਰ ਹੋਇਆ, ਪੰਜਾਬ ’ਚ ਜੰਮਿਆ ਪਲਿਆ ਸੁਚੇਤ ਕੁਮਾਰ, ਅੱਜ ਕੋਸੀ ਕੋਸੀ ਧੁੱਪ ਦਾ ਆਨੰਦ ਮਾਣਨ ਲਈ ਚੰਡੀਗੜ੍ਹ ਪੰਚਕੂਲਾ ਰੋਡ ਉੱਪਰ ਬਣੇ ਆਪਣੇ ਫਾਰਮ ਹਾਊਸ ਵਿੱਚ ਸਵੇਰੇ-ਸਵੇਰੇ ਬੈਠਾ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ। ਉਸ ਦੀ ਧਰਮ ਪਤਨੀ ਸੁਜਾਤਾ ਉਸ ਦੇ ਸਾਹਮਣੇ ਬੈਠੀ ਸੀ। ਮੇਜ਼ ’ਤੇ ਪਿਆ ਮੋਬਾਈਲ ਵੱਜਿਆ, ਨਾਮ ਦਿਸ ਰਿਹਾ ਸੀ...ਸੁਨੈਨਾ। ਸੁਜਾਤਾ ਨੇ ਨਾਮ ਪੜ੍ਹਿਆ ਤੇ ਫੋਨ ਚੱਕ ਕੇ ਫੜਾਉਂਦਿਆਂ ਬੋਲੀ, ‘‘ਆਹ ਕਰ ਲਓ ਗੱਲ...ਆਪਣੀ...!’’ ਤੇ ਅੱਗੇ ਉਹਦੇ ਚਿਹਰੇ ਦੀ ਮੁਸਕਰਾਹਟ ਦੱਸ ਰਹੀ ਸੀ।
‘‘ਹੈਂ! ਇਹ ਅੱਜ ਕਿਧਰੋਂ ਪ੍ਰਗਟ ਹੋ ਗਈ? ਐਨੇ ਸਾਲਾਂ ਬਾਅਦ।’’ ਕੰਨ ਨੂੰ ਲਾਇਆ, ਆਵਾਜ਼ ਆਈ, ‘‘ਪਛਾਣ ਲਿਆ ਵੀਰੇ ਕਿ ਭੁੱਲ ਗਿਆ?’’
‘‘ਪਛਾਣ ਤਾਂ ਲਿਆ...ਆਹ ਤੇਰੀ ਭਾਬੀ ਸਾਹਮਣੇ ਬੈਠੀ ਹੈ ਇਹਨੇ ਮੈਥੋਂ ਪਹਿਲਾਂ ਪਛਾਣ ਲਿਆ।’’ ਇੱਕ ਹਿਸਾਬ ਨਾਲ ਸੁਚੇਤ ਇਸ਼ਾਰਾ ਕਰ ਗਿਆ ਸੀ ਕਿ ਐਵੇਂ ਨਾ ਕੁਝ... ਬੋਲ ਦਈਂ। ‘‘ਹਾਂ ਕਿੱਥੋਂ ਬੋਲਦੀ ਏ ਅੱਜ, ਸਭ ਸੁੱਖ ਤਾਂ ਹੈ?’’
‘‘ਵੀਰਾ ਮੈਂ ਪਿੰਡ ਤੇਜਾਖੇੜਾ ਤੋਂ ਹੀ ਬੋਲ ਰਹੀ ਹਾਂ, ਮਸਾਂ ਲੱਭਿਆ ਤੇਰਾ ਨੰਬਰ। ਮੇਰਾ ਪਹਿਲਾਂ ਫੋਨ ਕਿਤੇ ਡਿੱਗ ਪਿਆ ਸੀ ਉਹਦੇ ’ਚ ਹੀ ਤੇਰਾ ਨੰਬਰ ਸੀ। ਹੁਣ ਭੈਣ ਕੰਚਨ ਟਿੱਬਿਆਂਵਾਲੀ ਤੋਂ ਮੰਗਵਾਇਐ।’’
‘‘ਹਾਂ ਦੱਸ... ਸਾਰੇ ਠੀਕ ਏਂ ਨਾ ?’’
‘‘ਕੀ ਦੱਸਾਂ ਵੀਰੇ, ਵਕਤ ਨੂੰ ਫੜੇ ਬੈਠੇ ਹਾਂ, ਤੈਨੂੰ ਪਤਾ ਈ ਐ, ਪਿਓ ਨੇ ਆਪਣੀ ਜ਼ਿੰਦਗੀ ਤਾਂ ਤਬਾਹ ਕੀਤੀ ਹੀ ਸੀ, ਜੱਸੂ ਦੀ ਜ਼ਿੰਦਗੀ ਵੀ ਤਬਾਹ ਕਰ ਦਿੱਤੀ। ਆਪ ਤਾਂ ਮਾਂ-ਬਾਪੂ ਮਰ ਗਏ, ਪਿੰਡ ਵਾਲੀ ਜ਼ਮੀਨ ਵੇਚ ਵੱਟ ਕੇ ਵਿਲੇ ਲਾ ਦਿੱਤੀ। ਪਿੰਡ ’ਚ ਇਹ ਲੋਕਾਂ ਤੋਂ ਤੋਏ ਤੋਏ ਕਰਵਾਉਂਦਾ ਫਿਰਦਾ ਸੀ, ਮੈਥੋਂ ਜਰਿਆ ਨਹੀਂ ਸੀ ਜਾਂਦਾ, ਇੱਥੇ ਤੇਜੇਖੇੜੇ ਹੀ ਘਰ ਲੈ ’ਤਾ। ਉੱਥੇ ਜਿਹੜਾ ਟੁੱਟਿਆ ਫੁੱਟਿਆ ਘਰ ਬਚਿਆ ਸੀ, ਉਹ ਵੇਚ ਕੇ ਪੈਸੇ ਇੱਥੇ ਲਾ ਦਿੱਤੇ।’’
‘‘ਤੇ ਇਹਦਾ ਵਿਆਹ-ਵਿਅੂਹ ਨਹੀਂ ਸੀ ਕੀਤਾ?’’
‘‘ਕੌਣ ਦਿੰਦਾ ਏ ਕੁੜੀ ਅਜਿਹੇ ਨਸ਼ੱਈਆਂ ਨੂੰ, ਇੱਕ ਮੁੱਲ ਦੀ ਲਿਆਂਦੀ ਸੀ ਉਹ ਵੀ ਵੀਹ ਹਜ਼ਾਰ ਨੂੰ ਰਗੜਾ ਲਾ ਕੇ ਉਡੰਤਰ ਹੋ ਗਈ। ਪਿੱਛੇ ਜਿਹੇ ਦੋਵਾਂ ਰਾਜਾਂ ਪੰਜਾਬ-ਹਰਿਆਣੇ ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ’ਚ ਪੁਲੀਸ ਦੇ ਅੜਿੱਕੇ ਆ ਗਿਆ। ਪੰਜ ਮਹੀਨੇ ਹੋ ਗਏ ਅਜੇ ਤੱਕ ਜ਼ਮਾਨਤ ਨਹੀਂ ਹੋਈ, ਹੁਣ ਇਹਦਾ ਕੇਸ ਹਿਸਾਰ ਕੋਰਟ ’ਚ ਲੱਗਿਐ, ਉੱਥੇ ਕੋਈ ਕੇਸ਼ਵ ਨਾਂ ਦਾ ਜੱਜ ਹੈ : ਕਹਿੰਦੇ ਬਾਲ੍ਹਾ ਹੀ ਸਖ਼ਤ ਹੈ ਤੇ ਮੈਨੂੰ ਪਤਾ ਲੱਗਿਐ ਤੇਰਾ ਵੀ ਦੋਸਤ ਹੈ। ਤੂੰ ਉਹਨੂੰ ਸਿਫਾਰਿਸ਼ ਕਰ ਦੇ ਮਾੜੀ ਮੋਟੀ ਸਜ਼ਾ ਦੇ ਕੇ ਖਹਿੜਾ ਛੁਡਾ ਦੇ, ਐਵੇਂ ਨਾ ਉਮਰ ਭਰ ਲਈ ਕੈਦ ’ਚ ਡੱਕ ਦੇਵੇ।’’
‘‘ਉਹਨੂੰ ਕਹਿਣ ਦਾ ਫਾਇਦਾ ਤਾਂ ਕੋਈ ਹੋਣਾ ਨਹੀਂ, ਉਹ ਮੰਨਦਾ-ਮੁੰਨਦਾ ਆਪਣੇ ਪਿਓ ਦੀ ਵੀ ਨਹੀਂ।’’
‘‘ਮੈਂ ਸੁਣਿਐ ਥੋਡੇ ਨਾਲ ਬਹੁਤ ਹੀ ਨੇੜੇ ਦੇ ਸਬੰਧ ਨੇ।’’
‘‘ਸਬੰਧ ਤਾਂ ਸਾਡੇ ਬਹੁਤ ਚੰਗੇ ਨੇ, ਪਰ ਉਹਦੀ ਮੁਸੀਬਤ ਇਹ ਹੈ ਕਿ ਉਹ ਕਰਦਾ ਆਪਣੀ ਮਨਮਰਜ਼ੀ ਹੀ ਹੈ। ਤੂੰ ਮਾਨਕਸਰ-ਹਨੂੰਮਾਨਗੜ੍ਹ ਵਾਲੇ ਮਾਮੇ ਨੂੰ ਕਹਿ ਕੇ ਦੇਖ ਲੈ, ਉਨ੍ਹਾਂ ਸਾਰੀ ਉਮਰ ਹਰਿਆਣੇ ’ਚ ਪ੍ਰੋਫੈਸਰੀ ਕੀਤੀ ਹੈ, ਕੀ ਪਤਾ ਹੈ ਉਸ ਦੇ ਕਿਸੇ ਸ਼ਾਗਿਰਦ ਨਾਲ ਉਸ ਦੇ ਸਬੰਧ ਹੋਣ?’’
‘‘ਮਾਮਾ ਜੀ ਹੁਣ ਕਿੱਥੇ? ਉਹਦੇ ਮੁੰਡਿਆਂ ਨੂੰ ਕੰਮਾਂ ’ਚੋਂ ਵਿਹਲ ਹੀ ਨ੍ਹੀਂ ਮਿਲਦੀ। ਤੂੰ ਹੀ ਕਰ ਵੀਰੇ ਕੋਸ਼ਿਸ਼...ਉਂਝ ਇਹ ਆਪ ਵੀ ਭੱਜ ਦੌੜ ਕਰ ਰਹੇ ਨੇ, ਕੀ ਐ ਕਿਤੇ ਫੌਅ ਪੈ ਈ ਜਾਵੇ।’’
‘‘ਕਰਦਾਂ... ਮੈਂ ਵੀ ਕੋਸ਼ਿਸ਼, ਪਰ ਪਤੈ ਮੈਨੂੰ ਇਹਨੇ ਹਟਣਾ ਤਾਂ ਹੈ ਨ੍ਹੀਂ, ਭੁੱਸ ਪੈ ਗਿਆ।’’
‘‘ਕੀ ਕਰੀਏ? ਦੁੱਖ ਤਾਂ ਬਥੇਰਾ ਆਉਂਦੈ, ਜੇ ਕੰਜਰ ਇਹ ਚੰਗਾ ਹੁੰਦਾ ਇਹਦਾ ਵੀ ਘਰ ਵਸਿਆ ਹੁੰਦਾ, ਪਿੰਡ ਰਹਿੰਦਾ, ਪਰਿਵਾਰ ਵਾਲਾ ਹੁੰਦਾ, ਮਾਂ-ਪਿਓ ਦੇ ਵਿਹੜੇ ਜਾ ਕੇ ਸਾਨੂੰ ਵੀ ਸਕੂਨ ਮਿਲਦਾ, ਪਰ ਕਿਸਮਤ!’’ ਸੁਨੈਨਾ ਦਾ ਹਉਕਾ ਸਪੱਸ਼ਟ ਸੁਣਾਈ ਦੇ ਰਿਹਾ ਸੀ। ‘‘ਹੁਣ ਤਾਂ ਇਹੀ ਸਬਰ ਹੈ...ਚੱਲੋ ਮਾਂ-ਪਿਓ ਦੀ ਬਚੀ ਨਿਸ਼ਾਨੀ ਐ, ਅੱਖਾਂ ਮੂਹਰੇ ਰਹਿੰਦੈ- ਚੰਗਾ ਐ ਜਾ ਮਾੜਾ!’’ ਤੇ ਸੁਨੈਨਾ ਲਗਭਗ ਰੋ ਹੀ ਪਈ ਸੀ: ਆਵਾਜ਼ ਦੱਸ ਰਹੀ ਸੀ।
ਹੁਣ ਤੱਕ ਚੁੱਪ ਬੈਠੀ ਸੁਜਾਤਾ ਨੇ ਕਿਹਾ, ‘‘ਭੈਣ- ਭਰਾਵਾਂ ਦਾ ਰਿਸ਼ਤਾ ਅਜਿਹਾ ਹੀ ਹੁੰਦੈ, ਭੈਣਾਂ ਦਾ ਕਾਲਜਾ ਮੱਚਦੈ ਈ ਰਹਿੰਦੈ: ਭਰਾ ਨੂੰ ਦੁਖੀ ਦੇਖ ਕੇ।’’
ਸੁਨੈਨਾ ਵੱਲੋਂ ਜੱਸੂ ਦੀ ਵੱਟਸਐਪ ’ਤੇ ਭੇਜੀ ਫੋਟੋ ਨੂੰ ਵੇਖ ਕੇ ਹੈਰਾਨ ਹੁੰਦਿਆਂ ਸੁਚੇਤ ਬੋਲਿਆ, ‘‘ਯਾਰ ਇਹ ਤਾਂ ਜਮਾਂ ਹੀ ਸ਼ੋਮੂ ਚਾਚੇ ਵਰਗਾ ਲੱਗਣ ਲੱਗ ਪਿਆ: ਗੱਲ੍ਹਾਂ ਜਬਾੜਿਆਂ ’ਚ ਵੜੀਆਂ, ਚਿਹਰੇ ਦਾ ਕਾਲਾ ਹੋਇਆ ਰੰਗ, ਪੀਲੇ ਹੋਏ ਬਾਹਰ ਦੀਹਦੇ ਦੰਦ, ਅੱਖਾਂ ਅੰਦਰ ਨੂੰ ਧੱਸੀਆਂ, ਯਾਰ ਕੀ ਬਣਿਆ ਪਿਐ? ਪਹਿਲਾਂ ਜਦੋਂ ਇੱਕ-ਦੋ ਵਾਰ ਮੈਂ ਜ਼ਮਾਨਤ ਕਰਵਾਈ ਸੀ ਉਦੋਂ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ।’’
ਸੁਨੈਨਾ ਦੀ ਹੰਝੂਆਂ ਭਿੱਜੀ ਆਵਾਜ਼ ਵਿਚਲੇ ਦਰਦ, ‘‘ਵੀਰਾ, ਇਹ ਜਿਵੇਂ ਕਿਵੇਂ ਵੀ ਹੈ- ਮਾਂ- ਪਿਓ ਦੀ ਆਖਰੀ ਨਿਸ਼ਾਨੀ ਤਾਂ ਐ, ਅੱਖਾਂ ਦੇ ਸਾਹਮਣੇ ਰਹਿੰਦੈ’’ ਸੁਣ ਸੁਜਾਤਾ ਵੀ ਭਾਵੁਕ ਹੋ ਗਈ ਸੀ, ‘‘ਜੀ ਤੁਸੀਂ ਕੋਸ਼ਿਸ਼ ਤਾਂ ਕਰੋ, ਕੀ ਐ ਕੇਸ਼ਵ ਮੰਨ ਹੀ ਜਾਵੇ, ਕਰੋ ਹੁਣੇ ਹੀ ਗੱਲ ਉਹਦੇ ਨਾਲ।’’
‘‘ਕਰਾਂਗਾ... ਮੌਕਾ ਜਿਹਾ ਵੇਖ ਕੇ, ਹੁਣ ਤਾਂ ਉਹਨੂੰ ਦਫ਼ਤਰ ਜਾਣ ਦੀ ਕਾਹਲ ਹੋਊ।’’
ਅਸਲ ਵਿੱਚ ਸੁਚੇਤ, ਸੁਜਾਤਾ ਦੇ ਸਾਹਮਣੇ ਉਸ ਨਾਲ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦਾ। ਭਾਵੇਂ ਦੋਵਾਂ ਵਿੱਚ ਚੰਗੀ ਦੋਸਤੀ ਹੋਣ ਅਤੇ ਇੱਕੋ ਕੇਡਰ ਵਿੱਚ ਨੌਕਰੀ ਹੋਣ ਕਰਕੇ ਬਹੁਤ ਕੁਝ ਸਾਂਝਾ ਸੀ, ਪਰ ਇਸ ਸਾਂਝ ਦਾ ਕੁਝ ਹਿੱਸਾ ਦੋਵਾਂ ਦੇ ਵਿੱਚ ਹੀ ਸੀ- ਪਤਨੀਆਂ ਤੋਂ ਓਹਲੇ...ਪਰਦੇ ਵਿੱਚ। ਉਹਨੂੰ ਪਤੈ ਜਦੋਂ ਵੀ ਉਹ ਸੁਨੈਨਾ ਦਾ ਨਾਂ ਸੁਣੇਗਾ ਇਹੀ ਕਹੇਗਾ, ‘‘ਪਹਿਲਾਂ ਤੇਜੇਖੇੜੇ ਵਾਲੀ ਗੱਲ ਦੱਸ...।’’ ਭਾਵੇਂ ਤੇਜੇਖੇੜੇ ਵਾਲੀ ਚੱਪਾ ਚੱਪਾ ਗੱਲ ਦਾ ਉਹਨੂੰ ਪਤਾ ਹੈ, ਪਰ ਕੰਜਰ ਸੁਆਦ ਲੈਣ ਦਾ ਮਾਰਾ...! ਫਿਰ ਦੁਪਹਿਰ ਨੂੰ ਸੁਚੇਤ ਨੇ ਕੇਸ਼ਵ ਨੂੰ ਫੋਨ ਲਾ ਹੀ ਲਿਆ, ‘‘ਕੀ ਹਾਲ ਹੈ ਕੇਸ਼ਵ-ਯਾਰ?’’
‘‘ਹਾਲ ਚਾਲ ਤਾਂ ਚੰਗੇ ਆ, ਪਰ ਯਾਰ ਆਹ ਕੇਸ ਹੀ ਇੰਨੇ ਆ ਗਏ ਕਿ ਮਿੰਟ ਨ੍ਹੀਂ ਵਿਹਲ ਮਿਲਦੀ।’’
‘‘ਫਿਰ ਤਾਂ ਪੰਜੇ ਘਿਓ ’ਚ ਨੇ, ਟੌਹਰ ਐ ਜਨਾਬ ਦੀ!’’
‘‘ਯਾਰ ਕਾਹਦੀ ਟੌਹਰ? ਚੌਵੀਂ ਘੰਟੇ ਸ਼ਿਫਾਰਸ਼ਾਂ ਵਾਲੇ ਹੀ ਸਾਹ ਨਹੀਂ ਲੈਣ ਦਿੰਦੇ, ਪਹਿਲਾਂ ਪੰਗੇ ਲੈਣੋਂ ਹਟਦੇ ਨਹੀਂ।’’
‘‘ਮੈਂ ਤਾਂ ਆਪ ਸ਼ਿਫਾਰਿਸ਼ ਲਈ ਹੀ ਫੋਨ ਕੀਤਾ ਸੀ।’’
‘‘ਚੱਲ, ਕਿਸੇ ਬਹਾਨੇ ਫੋਨ ਤਾਂ ਕੀਤੈ! ਮੈਂ ਤਾਂ ਉਡੀਕਦਾ ਸੀ ਸੰਦੇਸ਼ ਤੇਰਾ...ਇਕੱਠੇ ਬੈਠ ਕਿਤੇ ਗੱਪਾਂ ਮਾਰਨ ਲਈ।’’
‘‘ਉਡੀਕਣਾ ਕਾਹਦੇ ਲਈ ਐ? ਉਏ ਜਦੋਂ ਮਰਜ਼ੀ ਆ ਜਾ, ਆਪਾਂ ਤਾਂ ਹਾਜ਼ਰ ਹਾਂ।’’
‘‘ਤੈਨੂੰ ਪਤੈ ਹੀ ਹੈ ਮੇਰੀ ਵੀ ਰਿਟਾਇਰਮੈਂਟ ਨੇੜੇ ਆ ਗਈ, ਆਹ ਪੰਜ-ਸੱਤ ਕੇਸ ਨਸ਼ਿਆਂ ਵਾਲੇ... ਨਿਬੇੜ ਕੇ ਫਿਰ ਸੰਨਿਆਸ ਹੀ ਲੈ ਲੈਣਾ। ਹਾਂ ਯਾਰ ਹੋਰ ਤਾਂ ਸਾਰੇ ਕੇਸ ਨਾਰਮਲ ਜੇ ਨੇ, ਇੱਕ ਆਹ ਜੱਸੂ ਨਾਮ ਦੇ ਬੰਦੇ ਦਾ ਕੇਸ ਹੈ...ਬੜਾ ਟੇਢੈ... ਉਹਨੂੰ ਸੁਧਾਰ-ਘਰ ਹਸਪਤਾਲ ’ਚ ਵੀ ਭੇਜਿਆ, ਪਰ ਉਹ ਮਾਂ ਦਾ ਸ਼ੇਰ ਨ੍ਹੀਂ ਸੁਧਰਦਾ, ਐਤਕੀਂ ਤਾਂ ਮੈਂ ਉਸ ਨੂੰ ਉਮਰਕੈਦ ਹੀ ਕਰ ਦੇਣੀ ਐ।’’
‘‘ਯਾਰ, ਇਹ ਪਾਪ ਨਾ ਕਰੀਂ, ਉਹ ਮੇਰੇ ਪਿੰਡ ਦਾ ਹੈ।’’
‘‘ਤੇਰੇ ਪਿੰਡ ਪੰਜਾਬ ਦਾ...!’’ ਕੁਝ ਸੋਚਦਿਆਂ, ‘‘ਅੱਛਾ! ਅੱਛਾ...! ਸਮਝ ਗਿਆ...ਬਹੁਤਾ ਖਾਸ ਈ ਐ। ਊਂ ਦੇਖ ਲੈ... ਤੂੰ ਹੁਣ ਤੱਕ ਮੈਨੂੰ ਟਾਲਦਾ ਰਿਹੈਂ, ਦੱਸਿਆ ਨਹੀਂ ਕਿ ਉਸ ਰਾਤ ਤੇਜੇਖੇੜੇ ਕੀ ਵਾਪਰਿਆ? ਐਵੇਂ ਕਹਾਣੀ ਜਿਹੀ ਬਣਾ ਕੇ ਓਹਲਾ ਰੱਖ ਗਿਐਂ।’’
‘‘ਉਏ ਗੁਰੂ... ਤੂੰ ਵੀ ਪਿੰਡ ’ਚ ਜੰਮਿਆ, ਪਲਿਆ, ਪੜ੍ਹਿਆ ਹੈਂ, ਤੈਨੂੰ ਪਤੈ ਆਪਣੇ ਪਿੰਡਾਂ ਦੇ ਫੰਡੇ ਇੱਕੋ ਜਿਹੇ ਹੀ ਹੁੰਦੇ ਐ। ਉਨ੍ਹਾਂ ਸਮਿਆਂ ’ਚ ਨੌਜਵਾਨ ਕੁੜੀ-ਮੁੰਡੇ ਨੂੰ ਤਾਂ ਆਪਸ ’ਚ ਗੱਲ ਵੀ ਨਹੀਂ ਸੀ ਕਰਨ ਦਿੰਦੇ। ਉਹ ਤਾਂ ਸ਼ੁਕਰ ਸੀ... ਮਾਲਕ ਮਕਾਨ ਨੰਦ ਲਾਲ ਨੇ ਹਾਲਾਤ ਨੂੰ ਸਮਝਦਿਆਂ ਮੈਨੂੰ ਉੱਥੇ ਰਾਤ ਕੱਟਣ ਦੀ ਇਜਾਜ਼ਤ ਦੇ ਦਿੱਤੀ ਸੀ।’’
‘‘ਯਾਰ ਤੂੰ ਫਿਰ ਵੀ ਦਲੇਰ ਹੀ ਰਿਹਾ ਕਿ ਉਸ ਦੇ ਪੁਲਸੀਆਂ ਅਫ਼ਸਰ ਪਿਓ ਦਾ ਸਾਹਮਣਾ ਕਰ ਗਿਆ। ਉਸ ਨੂੰ ਦੱਸ ਹੀ ਦਿੱਤਾ ਕਿ ਤੇਜੇਖੇੜੇ ਉਸ ਦੀ ਧੀ ਕੋਲੋਂ ਆਇਆ ਏਂ।’’
‘‘ਉਦੋਂ ਯਾਰ ਉਸ ਦੀ ਮਾਂ ਵੀ ਨਾਲ ਸੀ, ਸਾਹਮਣੇ ਸੀ, ਉਹਦੇ ਪਿਓ ਦੇ ਪੁੱਛਣ ’ਤੇ ਮੈਂ ਤਾਂ ਘਬਰਾ ਹੀ ਚੱਲਿਆ ਸੀ, ਪੁੱਛਿਆ ਹੀ ਉਸ ਨੇ ਤਲਖੀ ਨਾਲ ਸੀ ਤੇ ਸੁਚੇਤ ਨੇ ਨਕਲ ਲਾਹੀ: ਉਏ ਚੇਤਿਆ ਤੂੰ ਤੇਜੇਖੇੜੇ ਗਿਆ ਸੀ ? ਰਾਤ ਰਿਹਾ ਸੀ ?’’ ਤੇ ਮੈਂ ਜਾਨ ਬਚਾਉਣ ਦਾ ਯਤਨ ਕਰ ਰਿਹਾ ਸੀ, ‘‘ਹਾਂ ਚਾਚਾ... ਮੈਂ ਉੱਥੇ ਗਿਆ ਨਹੀਂ ਸੀ, ਇਹ ਤਾਂ ਭਾਣਾ ਹੀ ਅਜਿਹਾ ਵਰਤ ਗਿਆ ਕਿ ਮੈਨੂੰ ਉੱਥੇ ਰੁਕਣਾ ਪੈ ਪਿਆ।’’
‘‘ਕਿਉਂ ਅਜਿਹਾ ਕੀ ਦੁਗਾੜਾ ਵੱਜ ਗਿਆ ਸੀ?’’ ਪੁਲਸੀਆ ਰੋਅਬ ਤਾਂ ਚਾਚਾ ਘੋਟਦਾ ਹੀ ਰਿਹਾ। ਇਹ ਤਾਂ ਚਾਚੀ ਸੀ ਜਿਹੜੀ ਠੰਢਾ ਛਿੜਕ ਰਹੀ ਸੀ, ‘‘ਨਹੀਂ ਪੁੱਤ, ਅਜਿਹਾ ਕੀ ਹੋ ਗਿਆ ਸੀ? ਤੇਰੀ ਮਾਂ ਤਾਂ ਕਹਿੰਦੀ ਸੀ ਕਿ ਕਿ ਤੂੰ ਹਨੁੰਮਾਨਗੜ੍ਹ ਗਿਐਂ।’’
‘‘ਚਾਚੀ ਗਿਆ ਤਾਂ ਮੈਂ ਹਨੂੰਮਾਨਗੜ੍ਹ ਮਾਮੇ ਕੋਲ ਹੀ ਸੀ ਤਾਂ ਕਿ ਕੋਈ ਸ਼ਿਫਾਰਿਸ਼ ਲੱਭ ਜਾਵੇ, ਪਰ ਕੰਮ ਉੱਥੇ ਬਣਿਆ ਨਾ। ਮੈਂ ਉੱਥੋਂ ਬਠਿੰਡੇ ਵਾਲੀ ਬੱਸ ਫੜ ਲਈ, ਅਬੂਸ਼ਹਿਰ ਕੋਲ ਆ ਕੇ ਬੱਸ ਰੁਕ ਗਈ, ਪੰਜਾਬ ਨੂੰ ਜਾਣ ਵਾਲੇ ਸਾਰੇ ਵਾਹਨ ਹੀ ਉੱਥੇ ਰੁਕੇ ਖੜ੍ਹੇ ਸਨ ਕਿਉਂਕਿ ਪੰਜਾਬ ਦੀ ਹੱਦ ’ਤੇ ਅਤਿਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਕਈ ਸਵਾਰੀਆਂ ਨੂੰ ਮਾਰ ਦਿੱਤਾ ਸੀ, ਪੁਲੀਸ ਨੇ ਚਾਰੇ ਪਾਸੇ ਘੇਰਾ ਪਾ ਲਿਆ ਸੀ, ਰਾਜਸਥਾਨ ਤੋਂ ਆ ਰਹੀਆਂ ਬੱਸਾਂ ਉੱਥੇ ਹੀ ਰੋਕ ਲਈਆਂ ਗਈਆਂ। ਮੇਰੇ ਵਾਲੀ ਬੱਸ ਵਿੱਚ ਵੀ ਦੋ-ਚਾਰ ਸਵਾਰੀਆਂ ਹੀ ਸਨ ਜਿਹੜੀਆਂ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾਣ ਵਾਲੀਆਂ ਸਨ। ਉਹ ਤਾਂ ਉਤਰ ਕੇ ਆਪਣੇ ਆਪਣੇ ਪਿੰਡਾਂ ਨੂੰ ਜਾਣ ਲਈ ਇੰਤਜ਼ਾਮ ਕਰਨ ਲੱਗੀਆਂ। ਮੈਨੂੰ ਕੰਡਕਟਰ ਨੇ ਕਿਹਾ, ਭਰਾਵਾ ਬਠਿੰਡੇ ਜਾਣ ਦਾ ਕੋਈ ਇੰਤਜ਼ਾਮ ਨਹੀਂ ਬਣਨਾ, ਇਸ ਲਈ ਜਾਂ ਤਾਂ ਵਾਪਸ ਹਨੂੰਮਾਨਗੜ੍ਹ ਹੀ ਚਲਾ ਜਾ, ਮਾਨਕਸਰ ਜਾਂ ਫਿਰ ਤੇਜਾਖੇੜਾ ਪਿੰਡ ਨਜ਼ਦੀਕ ਹੈ ਜੇ ਕੋਈ ਇੱਥੇ ਰਿਸ਼ਤੇਦਾਰੀ ਹੈ। ਤੇ ਝੱਟ ਹੀ ਮੇਰੇ ਮਨ ’ਚ ਆ ਗਿਆ ਕਿ ਇੱਥੇ ਤਾਂ ਆਪਣੀ ਸੁਨੈਨਾ ਸਕੂਲ ਵਿੱਚ ਲੱਗੀ ਹੋਈ ਹੈ। ਇਸੇ ਲਈ ਮੈਂ ਉੱਥੇ ਸੁਨੈਨਾ ਕੋਲ ਚਲਾ ਗਿਆ।’’
‘‘ਇਹ ਗੱਲ ਤਾਂ ਬਹੁਤ ਵਾਰੀ ਦੱਸ ਦਿੱਤੀ ਯਾਰ, ਅਗਾਂਹ ਕੀ ਹੋਇਆ? ਉਹ ਦੱਸ?’’
‘‘ਪਿੰਡ ਤੇਜੇਖੇੜੇ ਵੜਦਿਆਂ ਹੀ ਪਿੱਪਲ ਹੇਠ ਬਣੇ ਥੜ੍ਹੇ ਉਤੇ ਚਾਰ ਜਣੇ ਬੈਠੇ ਸਨ ਤੇ ਮੈਂ ਇੱਕ ਬਜ਼ੁਰਗ ਨੂੰ ਪੁੱਛ ਲਿਆ,
‘‘ਤਾਊ... ਇੱਥੇ ਇੱਕ ਕੁੜੀ ਬਹਾਵਲਗੜ੍ਹ ਪਿੰਡ ਤੋਂ ਮਾਸਟਰਨੀ ਲੱਗੀ ਹੋਈ ਹੈ... ਪਤੈ ਕੀਹਦੇ ਘਰੇ ਰਹਿੰਦੀ ਐ?’’ ਤਾਊ ਨੇ ਮੇਰੇ ’ਤੇ ਘੋਖਵੀਂ ਨਜ਼ਰ ਪਾਈ, ਉਹ ਕੁਝ ਹੋਰ ਪੁੱਛੇ ਮੈਂ ਪਹਿਲਾਂ ਹੀ ਬੋਲ ਪਿਆ, ਮੈਂ ਜਾਣਾ ਤਾਂ ਬਠਿੰਡੇ ਸੀ, ਹਨੂੰਮਾਨਗੜ੍ਹੋਂ ਆਇਆ ਸੀ, ਕਹਿੰਦੇ ਪੰਜਾਬ-ਰਾਜਸਥਾਨ ਦੇ ਬਾਰਡਰ ’ਤੇ ਗੋਲੀ ਚੱਲ ਗਈ, ਕਈ ਮੁਸਾਫਿਰ ਮਾਰੇ ਗਏ, ਕੋਈ ਬੱਸ ਹੁਣ ਅੱਗੇ ਨਹੀਂ ਜਾ ਰਹੀ।
ਤਾਊ ਕੁਝ ਸੋਚ ਕੇ ਦੱਸਦਾ ਪਹਿਲਾਂ ਹੀ ਉਸ ਦੇ ਨਾਲ ਬੈਠਾ ਅਮਲੀ ਜਿਹਾ ਲੱਗ ਰਿਹਾ ਆਦਮੀ ਬੋਲਿਆ, ‘‘ਅਰੇ ਤਾਊ ਯੇ ਸਰਦਾਰਨੀ ਕੀ ਬਾਤ ਕਰੇ ਸੇ... ਜੋ ਮਾਸਟਰਣੀ ਸਕੂਲ ਮੇਂ ਲਗੀ ਹੈ ਔਰ ਨੰਦ ਲਾਲ ਦੇ ਘਰੇ ਰਹਿਤੀ ਹੈ।’’
‘‘ਅੱਛਾ... ਵੋ! ਵੋ ਤੋਂ ਬਤਾਤੇ ਹੈਂ ਕਿ ਮਾਨਕਸਰ ਕੀ ਰਹਿਨੇ ਵਾਲੀ ਐ।’’ ਤਾਊ ਨੇ ਕੁਝ ਸ਼ੱਕ ਜਿਹੇ ਨਾਲ ਕਿਹਾ।
‘‘ਹਾਂ ਤਾਊ ਤੁਸੀਂ ਠੀਕ ਕਹਿੰਦੇ ਹੋ ਮਾਨਕਸਰ ਉਸ ਦੇ ਨਾਨਕੇ ਐ, ਉਹਦਾ ਇੱਕ ਮਾਮਾ ਹਨੂੰਮਾਨਗੜ੍ਹ ਰਹਿੰਦਾ ਹੈ, ਪਿੰਡ ਤਾਂ ਉਹਦਾ ਬਹਾਵਲਗੜ੍ਹ ਹੀ ਹੈ। ਮੈਂ ਵੀ ਹੁਣ ਉਸ ਦੇ ਮਾਮੇ ਕੋਲੋਂ ਆ ਰਿਹਾ ਹਾਂ।’’
‘‘ਚੋਬਰਾ ਵੋ ਤੇਰੀ ਕਿਆ ਲਗਤੀ ਹੈ?’’
‘‘ਜੀ ਵੋ ਮੇਰੇ ਚਾਚੇ ਕੀ ਕੁੜੀ ਏ।’’
‘‘ਉਏ ਜੈਮਲਾ ਜਾਹ ਮੁੰਡੇ ਨੂੰ ਉਨਕੇ ਘਰ ਛੋੜ ਕੇ ਆ। ਨੰਦ ਲਾਲ ਕੋ ਮਿਲਾ ਕੇ ਆਨਾ।’’
ਇੱਕ ਵਾਰ ਤਾਂ ਨੰਦ ਲਾਲ ਨੇ ਕੌੜ ਜਿਹੀ ਨਜ਼ਰ ਨਾਲ ਵੇਖਿਆ, ਭਾਵੇਂ ਸੀ ਉਹ ਵੀ ਸਰਕਾਰੀ ਮੁਲਾਜ਼ਮ। ਜਦੋਂ ਮੈਂ ਸੁਨੈਨਾ ਦੇ ਪਿਓ ਦਾ ਅਤੇ ਮਾਮੇ ਦਾ ਨਾਮ ਲਿਆ ਅਤੇ ਆਪਣੇ ਬਾਰੇ ਦੱਸਿਆ ਤਾਂ ਉਸ ਨੂੰ ਯਕੀਨ ਜਿਹਾ ਹੋ ਗਿਆ, ਪਰ ਫਿਰ ਵੀ ਮੈਨੂੰ ਕਮਰੇ ’ਚ ਸਿੱਧਾ ਲਿਜਾਣ ਦੀ ਬਜਾਏ ਸੁਨੈਨਾ ਨੂੰ ਹੀ ਉਸ ਨੇ ਬਾਹਰ ਬੁਲਾਇਆ, ਮੈਨੂੰ ਵੇਖ ਕੇ ਇਕਦਮ ਹੈਰਾਨ ਹੋਈ ਘਬਰਾਉਂਦੀ ਹੋਈ ਬੋਲੀ, ‘‘ਚੇਤੂਆ ਤੂੰ ਇੱਥੇ ਅਚਾਨਕ? ...ਸੁੱਖ ਤਾਂ ਹੈ?’’
‘‘ਹਾਂ ਭਾਈ ਸੁੱਖ ਤਾਂ ਚਾਰੇ ਪਾਸੇ ਹੀ ਹੈ, ਮੈਂ ਤਾਂ ਮਾਮਾ ਜੀ ਨੂੰ ਮਿਲਣ ਗਿਆ ਸੀ, ਬਹਾਵਲਗੜ੍ਹ ਵਾਪਸ ਚੱਲਿਆ ਸੀ। ਪੰਜਾਬ ਰਾਜਸਥਾਨ ਦੇ ਬਾਰਡਰ ’ਤੇ ਅੰਨ੍ਹੇ ਵਾਹ ਫਾਇਰਿੰਗ ਹੋਣ ਕਰਕੇ ਕਈ ਸਵਾਰੀਆਂ ਮਰਗੀਆਂ, ਹੁਣ ਬੱਸਾਂ ਪੰਜਾਬ ਵੱਲ ਨਹੀਂ ਜਾ ਰਹੀਆਂ।’’
‘‘ਮਾਮਾ ਜੀ ਮਿਲ ਤਾਂ ਗਏ, ਪਰ ਅਗਾਂਹ ਜਿਹਦੇ ਕੋਲ ਗਏ ਸੀ ਉਸ ਨੇ ਮਾਮੇ ਨੂੰ ਪਾਸੇ ਲਿਜਾ ਕੇ ਸਮਝਾ ਦਿੱਤਾ ਸੀ ਕਿ ਪੰਜਾਬੀ ਲਈ ਚੇਅਰਮੈਨ ਨੇ ਮੰਨਣਾ ਨਹੀਂ, ਮੁੱਖ ਮੰਤਰੀ ਦਾ ਬੰਦਾ ਲੱਭੋ ਕੋਈ, ਪਰ ਕੋਈ ਗੱਲ ਨਹੀਂ, ਮੈਨੂੰ ਇਉਂ ਦੱਸ ਹੁਣ ਬਠਿੰਡੇ ਨੂੰ ਜਾਣ ਦਾ ਇੱਥੋਂ ਕੋਈ ਇੰਤਜ਼ਾਮ ਬਣ ਸਕਦੈ?’’
‘‘ਲੈ! ਹੁਣ ਤੂੰ ਅਜਿਹੇ ਹਨੇਰੇ ’ਚ ਕਿੱਥੇ ਜਾਣੈ? ਇੱਥੇ ਰਹਿ! ਸੁਬ੍ਹਾ ਢਾਬਾਂ ਸਟੇਸ਼ਨ ’ਤੇ ਛੱਡ ਆਵਾਂਗੇ, 9 ਵਜੇ ਗੱਡੀ ਜਾਂਦੀ ਹੈ ਬਠਿੰਡੇ ਨੂੰ।’’
ਸੁਨੈਨਾ ਕਹਿ ਤਾਂ ਮੈਨੂੰ ਰਹੀ ਸੀ, ਪਰ ਹੁੰਗਾਰਾ ਨੰਦ ਲਾਲ ਤੋਂ ਉਡੀਕ ਰਹੀ ਸੀ। ਕੁਝ ਪੜ੍ਹਿਆ ਲਿਖਿਆ ਅਤੇ ਮੁਲਾਜ਼ਮ ਲੱਗਿਆ ਹੋਣ ਕਰਕੇ ਅਤੇ ਕੁਝ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਉਸ ਨੇ ਕਹਿ ਹੀ ਦਿੱਤਾ, ‘‘ਹਾਂ ਭਾਈ ਸਾਹਿਬ ਹਾਲਾਤ ਮਾੜੇ ਨੇ, ਉੱਪਰੋਂ ਰਾਤ ਪੈ ਗਈ, ਇੱਥੇ ਹੀ ਰਹਿ ਪਉ, ਸੁਬ੍ਹਾ ਗੱਡੀ ਚੜ੍ਹਾ ਆਵਾਂਗੇ। ਹਾਂ ਭਾਈ ਸੁਨੈਨਾ ਤੂੰ ਮਾਂ ਕੋਲ ਤੇ ਤੇਰੀ ਭਰਜਾਈ ਕੋਲ ਪੈ ਜੀਂ, ਭਾਈ ਸਾਹਿਬ ਇੱਥੇ ਕਮਰੇ ’ਚ ਪੈ ਜਾਣਗੇ।’’
ਤੇ ਉਹਨੂੰ ਚਾਅ ਹੀ ਚੜ੍ਹ ਗਿਆ। ‘‘ਪਹਿਲਾਂ ਚਾਹ ਦਾ ਕੱਪ ਬਣਾਵਾਂ ਤੇਰੇ ਲਈ, ਰੋਟੀ ਫਿਰ ਬਣਾਉਂਦੀ ਹਾਂ।’’
ਅਸਲ ਵਿੱਚ ਪਿੰਡ ਬਹਾਵਲਗੜ੍ਹ ਵਿੱਚ ਬਘੇਲ ਸਿੰਘ ਅਰੋੜਾ ਦਾ ਸਾਧਨ-ਸਪੰਨ ਪਰਿਵਾਰ ਵੱਸਦਾ ਸੀ। ਪਿੰਡ ਵਿੱਚ ਜੱਦੀ ਜ਼ਮੀਨ ਜਾਇਦਾਦ ਸੀ- 15 ਕਿੱਲੇ, ਲੋਹੜੇ ਦੀ ਉਪਜਾਊ। ਤਿੰਨ ਪੁੱਤਰਾਂ ਵਿੱਚੋਂ ਇੱਕ ਨੇ ਤਾਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ, ਦੂਜਾ ਪਵਿੱਤਰ ਸਿੰਘ ਗਿਆਨੀ-ਧਿਆਨੀ ਕੁਝ ਪੜ੍ਹ ਲਿਖ ਕੇ ਪਾਠੀ ਬਣ ਗਿਆ, ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਕੰਮਾਂ ’ਤੇ ਸੈੱਟ ਕਰ ਲਿਆ। ਤੀਸਰਾ ਤੇ ਸਭ ਤੋਂ ਛੋਟਾ ਪੜ੍ਹਨ ਵਿੱਚ ਠੀਕ ਠਾਕ ਸੀ, ਕੱਦ ਕਾਠ ਚੰਗਾ, ਐੱਫ.ਏ. ਕਰਨ ਤੋਂ ਬਾਅਦ ਪੁਲੀਸ ’ਚ ਜਾ ਭਰਤੀ ਹੋਇਆ। ਨਸ਼ੱਈਆਂ ਦੀ ਫੜੋ ਫੜਾਈ ਵਿੱਚ ਪਹਿਲਾਂ ਸੁਆਦ ਵੇਖਣ ਦੇ ਸ਼ੌਕ ਵਿੱਚ, ਕੁਝ ਗ਼ਲਤ ਦੋਸਤਾਂ ਮਿੱਤਰਾਂ ਦੀ ਸੰਗਤ ਵਿੱਚ ਆ ਕੇ ਨਸ਼ੇ ਦੀ ਲਲਕ ਨੂੰ ਪਾਲ ਬੈਠਾ। ਸ਼ੁਕਰ ਸੀ ਕਿ ਉਨ੍ਹਾਂ ਸਮਿਆਂ ਵਿੱਚ ਜ਼ਿਆਦਾ ਪੜ੍ਹੇ ਲਿਖੇ ਨਾ ਮਿਲਣ ਕਰਕੇ ਉਹ ਵੀ ਮਹਿਕਮੇ ਵਿੱਚ ਤਰੱਕੀਆਂ ਲਈ ਲਏ ਜਾਂਦੇ ਟੈਸਟਾਂ ਵਿੱਚ ਨਕਲ-ਨੁਕਲ ਮਾਰ ਕੇ ਠਾਣੇਦਾਰ ਦੀ ਨੌਕਰੀ ’ਤੇ ਪਹੁੰਚ ਗਿਆ। ਜਿਵੇਂ ਜਿਵੇਂ ਤਨਖਾਹ ਵਧਦੀ ਗਈ ਸ਼ਮਸ਼ੇਦ ਸਿੰਘ ਉਰਫ਼ ਸ਼ੋਮੂ ਦੀਆਂ ਆਦਤਾਂ ਵੀ ਵਿਗੜਦੀਆਂ ਗਈਆਂ। ਵੰਨੀ ਵੰਨੀ ਦੇ ਨਸ਼ਿਆਂ ਦੇ ਸੇਵਨ ਦਾ ਸੁਵਾਦ ਪੈ ਗਿਆ। ਇੱਕ ਸੀਮਾ ਤੱਕ ਤਾਂ ਠੀਕ ਚੱਲੀ ਗਿਆ। ਸਿਰੋਂ ਪਾਣੀ ਲੰਘ ਜਾਣ ’ਤੇ ਹੌਲੀ ਹੌਲੀ ਚੁੰਝ-ਚਰਚਾ ਤੋਂ ਗੱਲ ਚੱਲਦੀ ਚੱਲਦੀ ਉੱਪਰਲੇ ਅਫ਼ਸਰਾਂ ਦੇ ਕੰਨਾਂ ਦੇ ਪਰਦਿਆਂ ਨੂੰ ਵੀ ਟਕਰਾ ਗਈ। ਸ਼ਿਕਾਇਤਾਂ, ਇਨਕੁਆਰੀਆਂ ਨਾਲ ਫਾਈਲ ਭਾਰੀ ਹੁੰਦੀ ਗਈ। ਹਰ ਵਾਰ ਉੱਪਰਲੇ ਅਫ਼ਸਰ ਤਰਸ ਖਾ ਕੇ ਨਰਮ ਰੁਖ਼ ਅਖ਼ਤਿਆਰ ਕਰੀ ਰੱਖਦੇ, ਦੋ ਕੁੜੀਆਂ ਤੇ ਇੱਕ ਮੁੰਡਾ ਉਨ੍ਹਾਂ ਪ੍ਰਤੀ ਉਸ ਦੀ ਜ਼ਿੰਮੇਵਾਰੀ ਅਫ਼ਸਰਾਂ ਨੂੰ ਤਾਂ ਦਿਸ ਜਾਂਦੀ, ਪਰ ਉਹਦੀਆਂ ਅੱਖਾਂ ਨੂੰ ਨਾ ਦੀਂਹਦੀ। ਤਨਖਾਹ ਵੀ ਅਤੇ ਉੱਪਰਲੀ ਕਮਾਈ ਵੀ ਨਸ਼ਿਆਂ ਵਿੱਚ ਹੀ ਉੱਡ ਜਾਂਦੀ। ਉਹ ਤਾਂ ਧੰਨ ਸੀ ਵਿਚਾਰੀ ਪਰਮੋ: ਉਸ ਦੇ ਘਰਵਾਲੀ ਜੋ ਜਿਵੇਂ ਕਿਵੇਂ ਬੱਚਿਆਂ ਨੂੰ ਪੜ੍ਹਾਈ ਜਾਂਦੀ ਸੀ, ਪੜ੍ਹਾਈ ਵਿੱਚ ਮਦਦ ਤਾਂ ਉਸ ਦਾ ਪ੍ਰੋਫੈਸਰ ਲੱਗਿਆ ਭਰਾ ਵੀ ਕਰ ਰਿਹਾ ਸੀ। ਪਹਿਲਾਂ ਪਹਿਲ ਵੱਡਿਆਂ ਭਰਾਵਾਂ ਨੇ ਕੁਝ ਮਦਦ ਕੀਤੀ, ਪਰ ਕਿੰਨਾ ਕੁ ਚਿਰ ਕਰਦੇ? ਜ਼ਮੀਨ ਦੀ ਵੰਡ ਵੰਡਾਈ ਵੀ ਰੋਜ਼ ਦੇ ਕੰਜਰ ਕਲੇਸ਼ ਨੇ ਕਰਵਾ ਦਿੱਤੀ। ਜਿਹੜੀ ਗੱਲ ਦਾ ਡਰ ਪਰਮੋ ਅਤੇ ਉਸ ਦੇ ਸਹੁਰੇ ਪਰਿਵਾਰ ਨੂੰ ਸੀ, ਉਹੀ ਹੋ ਗਈ ਕਿ ਸ਼ੋਮੂ ਦੇ ਨਸ਼ੇ ਇੰਨੇ ਵਧ ਗਏ ਕਿ ਤਨਖਾਹ ਉਸ ਦੇ ਬਰਾਬਰ ਨਹੀਂ ਸੀ ਆ ਰਹੀ ਅਤੇ ਜ਼ਮੀਨ ’ਤੇ ਵਾਢਾ ਟਿਕ ਗਿਆ। ਵਿਕ ਤਾਂ ਘਰ ਵੀ ਜਾਂਦਾ, ਪਰ ਪਰਮੋ ਦੇ ਭਰਾ ਅਤੇ ਜੇਠ ਨੇ ਭੱਜ ਦੌੜ ਕਰ ਕੇ ਘਰ ਪਰਮੋ ਦੇ ਨਾਂ ਲਵਾ ਦਿੱਤਾ ਸੀ।
ਡਿਊਟੀ ’ਤੇ ਸ਼ਰਾਬ ਪੀਈ ਰੱਖਦਾ ਤੇ ਹਰ ਕਿਸਮ ਦਾ ਨਸ਼ਾ ਕਰੀ ਰੱਖਦਾ: ਚੱਲੀ ਜਾਂਦਾ ਸੀ, ਪਰ ਚੱਕਰ ਤਾਂ ਉਦੋਂ ਪਿਆ ਜਦੋਂ ਸ਼ੋਮੂ ਨੇ ਨਸ਼ਾ ਵੇਚਣਾ ਵੀ ਸ਼ੁਰੂ ਕਰ ਦਿੱਤਾ। ਲੋਕ ਚਰਚੇ ਸ਼ੁਰੂ ਹੋ ਗਏ। ਉੱਪਰ ਤੱਕ ਖ਼ਬਰਾਂ ਪਹੁੰਚ ਗਈਆਂ। ਮਹਿਕਮੇ ਵਿੱਚ ਮਿਹਰਬਾਨ ਅਫ਼ਸਰਾਂ-ਕਰਮਚਾਰੀਆਂ ਨੇ ਕੋਸ਼ਿਸ਼ ਕੀਤੀ ਕਿ ਕਿਵੇਂ ਨਾ ਕਿਵੇਂ ਇਸ ਦੇ ਪ੍ਰੋਮੋਸ਼ਨ ਵਾਲੇ ਕੇਸ ਦਾ ਫਾਈਨਲ ਹੋ ਜਾਵੇ ਇੱਕ ਵਾਰ ਤਾਂ ਇਹ ਡੀ.ਐੱਸ.ਪੀ. ਦੀ ਡਿਊਟੀ ਸ਼ੁਰੂ ਕਰ ਲਵੇ, ਫਿਰ ਇਸ ਨੂੰ ਕੱਢਣ ’ਤੇ ਵੀ ਬਕਾਏ ਸ਼ਕਾਏ ਚੰਗੇ ਮਿਲ ਜਾਣਗੇ, ਪਰ ਵੱਡੀ ਮਾਰ ਮਾਰਨ ਦੇ ਚੱਕਰ ਨੇ ਉਹ ਸਮਾਂ ਹੀ ਨਾ ਆਉਣ ਦਿੱਤਾ।
ਜਦ ਵੀ ਘਰੇ ਛੁੱਟੀ ’ਤੇ ਆਉਂਦਾ ਸੱਤਵੀਂ ’ਚ ਪੜ੍ਹਦੇ ਜੱਸੂ ਨੂੰ ਆਪਣੇ ਸ਼ਰਾਬ ਦੇ ਸ਼ੁਗਲ ਨੂੰ ਪੂਰਾ ਕਰਨ ਲਈ, ‘‘ਲੈ ਪੁੱਤ ਤੂੰ ਵੀ ਵੇਖ ਸੁਆਦ’’ ਮਾਂ- ਭੈਣ ਦੇ ਲੜਨ ’ਤੇ ਵੀ ਜੱਸੂ ਨੂੰ ਚਸਕਾ ਲਾ ਹੀ ਦਿੱਤਾ। ਫਿਰ ਜੱਸੂ ਵੀ ਪਿਓ ਦੇ ਆਏ ਤੇ ਕਈ ਕਈ ਦਿਨ ਸਕੂਲੇ ਹੀ ਨਾ ਜਾਂਦਾ। ਮਾਸਟਰਾਂ ਨੂੰ ਉਹਦੇ ਲੱਛਣ ਵਿਗੜਦੇ ਲੱਗਣ ਲੱਗ ਪਏ। ਬੱਚੇ ’ਤੇ ਕੋਈ ਸ਼ੱਕ ਨਹੀਂ ਕਰੇਗਾ, ਇਸ ਲਈ ਜੱਸੂ ਨੂੰ ਭੁੱਕੀ ਅਤੇ ਸ਼ਰਾਬ ਸਪਲਾਈ ਕਰਨ ਲਈ ਲਾਈ ਰੱਖਦਾ। ਕੁੜੀਆਂ ਜੇ ਰੋਕਦੀਆਂ ਤਾਂ ਉਨ੍ਹਾਂ ਨੂੰ ਝਿੜਕ ਦਿੰਦਾ। ਪਰਮੋ ਜੇ ਆਪਣੇ ਜੇਠਾਂ ਕੋਲ ਸ਼ਿਕਾਇਤ ਲਾਉਂਦੀ ਤਾਂ ਉਨ੍ਹਾਂ ਨਾਲ ਇੱਟ-ਖੜਿਕਾ। ਮਾਸਟਰਾਂ ਨੇ ਵੀ ਦੋ-ਚਾਰ ਮੁਹਤਬਰ ਬੰਦਿਆਂ ਰਾਹੀਂ ਸਮਝਾਉਣ ਦਾ ਯਤਨ ਕੀਤਾ, ਪਰ ਸਭ ਬੇਅਰਥ। ਪਹਿਲਾਂ ਜੱਸੂ ਸਕੂਲ ਲੇਟ ਹੋਣ ਲੱਗ ਪਿਆ, ਫਿਰ ਕਈ ਕਈ ਦਿਨ ਗਾਇਬ ਰਹਿਣ ਲੱਗ ਪਿਆ। ਜਿੰਨੀ ਕਿਸਮ ਦੇ ਨਸ਼ੇ ਪਿਓ ਨੇ ਕੀਤੇ ਸਨ, ਸਭ ਦਾ ਸੁਆਦ ਜੱਸੂ ਨੇ ਅਠਾਰਵੇਂ ਸਾਲ ਤੱਕ ਪਹੁੰਚਦਿਆਂ ਵੇਖ ਲਿਆ ਸੀ। ਜਵਾਨੀ ਵੇਲੇ ਸੋਹਣਾ ਸੁਨੱਖਾ ਗੱਭਰੂ ਬਣਨ ਦੀ ਬਜਾਇ ਉਸ ਨੇ ਆਪਣੀ ਸਿਹਤ ਨੂੰ ਨਸ਼ਿਆਂ ਦਾ ਗੁਲਾਮ ਬਣਾ ਲਿਆ।
ਉੱਧਰ ਹਾਲਾਤ ਨੂੰ ਵੇਖਦਿਆਂ ਬੇਵੱਸ ਹੋਏ ਅਫ਼ਸਰਾਂ ਨੂੰ ਵੀ ਹੂਲਾ ਫੱਕਣਾ ਪਿਆ। ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਅਖੀਰ ਉਨ੍ਹਾਂ ਨੇ ਠਾਣੇਦਾਰ ਸ਼ੋਮੂ ਨੂੰ ਡੀਐੱਸਪੀ ਦੀ ਤਰੱਕੀ ਦੇਣ ਦੀ ਬਜਾਇ ਬਰਖਾਸਤ ਕਰਕੇ ਘਰ ਭੇਜ ਦਿੱਤਾ। ਸਾਲ ਭਰ ਤਾਂ ਲੋਕਾਂ ਕੋਲ ਗੱਪ ਮਾਰਦੇ ਰਹੇ ਕਿ ਪੇਟ ’ਚ ਨੁਕਸ ਪੈ ਜਾਣ ਕਰਕੇ ਲੰਬੀ ਛੁੱਟੀ ਲੈਣੀ ਪੈ ਗਈ, ਪਰ ਝੂਠ ਕਿੰਨਾ ਕੁ ਚਿਰ ਛੁਪਿਆ ਰਹਿ ਸਕਦੈ, ਹੌਲੀ ਹੌਲੀ ਘਰੇ ਭੰਗ ਭੁੱਜਣ ਲੱਗੀ, ਉੱਧਰੋਂ ਕੁੜੀਆਂ ਵਿਆਹੁਣ ਜੋਗੀਆਂ ਹੋ ਗਈਆਂ। ਇਹ ਤਾਂ ਸ਼ੁਕਰ ਸੀ ਮਾਮੇ ਨੇ ਦੋਵਾਂ ਨੂੰ ਹਨੂੰਮਾਨਗੜ੍ਹ ਆਪਣੇ ਕੋਲ ਰੱਖ ਲਿਆ ਤੇ ਆਹ ਸੁਨੈਨਾ ਨੂੰ ਅਧਿਆਪਕ ਦਾ ਕੋਰਸ ਕਰਵਾ ਕੇ ਤੇਜੇਖੇੜੇ ਉਹਦੀ ਪੋਸਟਿੰਗ ਕਰਵਾ ਦਿੱਤੀ ਅਤੇ ਬਾਅਦ ਵਿੱਚ ਤੇਜੇਖੇੜੇ ਵੱਸਦੇ ਮੁਲਾਜ਼ਮ ਮੁੰਡੇ ਨਾਲ ਵਿਆਹ ਕਰ ਦਿੱਤਾ, ਪਰ ਦੂਸਰੀ ਕੰਚਨ ਨੂੰ ਪੜ੍ਹਨ ’ਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਉਹਦਾ ਵਿਆਹ ਹਰਿਆਣੇ ਦੇ ਪਿੰਡ ਟਿੱਬਿਆਂਵਾਲੀ ਵਿੱਚ ਦੁਕਾਨ ਕਰਦੇ ਕਿਸੇ ਮੁੰਡੇ ਨਾਲ ਕਰ ਦਿੱਤਾ।
ਕਿਸੇ ਸਮੇਂ ਸੁਚੇਤ ਨੇ ਸਲਾਹ ਵੀ ਦਿੱਤੀ ਸੀ ਕਿ ਮੇਰੀ ਨੌਕਰੀ ਹਰਿਆਣੇ ’ਚ ਲੱਗ ਗਈ ਐ, ਭਰਾ ਸਾਰੇ ਹੀ ਪਹਿਲਾਂ ਨੌਕਰੀਆਂ ’ਤੇ ਲੱਗੇ ਅੱਡ ਅੱਡ ਸ਼ਹਿਰੀ ਬੈਠੇ ਹਨ। ਅਸੀਂ ਇਹ ਘਰ ਛੱਡ ਕੇ ਚਲੇ ਜਾਣੈ, ਆਹ ਘਰ ਵਿਚਲੀ ਪ੍ਰਚੂਨ ਦੀ ਦੁਕਾਨ ਵੀ ਤੁਸੀਂ ਸੰਭਾਲ ਲਓ, ਕੰਮ ਚੱਲਦਾ ਹੈ, ਤੁਹਾਡਾ ਗੁਜ਼ਾਰਾ ਵਧੀਆ ਹੋ ਜਾਇਆ ਕਰੇਗਾ। ਪਰਮੋ ਤਾਂ ਤਿਆਰ ਸੀ, ਪਰ ਸ਼ੋਮੂ ਠਾਣੇਦਾਰ ਨੇ ਮੂੰਹ ’ਤੇ ਹੱਥ ਫੇਰਦਿਆਂ ਕਿਹਾ ਸੀ, ‘‘ਛੱਡ ਪਰਮੋ, ਆਪਾਂ ਤੋਂ ਦੁੱਕੀਆਂ ਤਿੱਕੀਆਂ ਦਾ ਕੰਮ ਨਹੀਂ ਹੋਣਾ, ਮੈਂ ਤਾਂ ਕੋਈ ਵੱਡੀ ਮਾਰ ਮਾਰਨੀ ਹੈ: ਮੈਂ ਤਾਂ ’ਕੱਲਾ ਹੀ ਦਵਾਲ ਨਹੀਂ ਸੀ ਹੁਣ ਤਾਂ ਮੇਰਾ ਸ਼ੇਰਬੱਗਾ ਜੱਸੂ ਵੀ ਨਾਲ ਹੈ, ਦੂਰ ਦੂਰ ਤੱਕ ਮਾਰ ਕਰਨ ’ਚ ਹੁਣ ਉਹ ਟਰੇਂਡ ਹੋ ਗਿਆ ਹੈ।’’ ਵਾਕਿਆ ਹੀ ਉਸ ਨੇ ਦੂਸਰੇ ਰਾਜਾਂ ’ਚੋਂ ਨਸ਼ਾ ਲਿਆ ਕੇ ਵੇਚਣ ਲਈ ਲਿਫਾਫਿਆਂ ਦੀ ਥਾਂ ਬੋਰੇ ਵਰਤਣੇ ਸ਼ੁਰੂ ਕਰ ਦਿੱਤੇ ਸਨ ਤੇ ਹੁਣ ਇੱਕ ਵੱਡੀ ਖੇਪ ਗੁਆਂਢੀ ਸੂਬੇ ’ਚੋਂ ਲਿਆ ਕੇ ਸਾਰੀਆਂ ਕਸਰਾਂ ਕੱਢਣਾ ਚਾਹੁੰਦਾ ਸੀ। ਕਾਮਯਾਬ ਵੀ ਹੋ ਗਿਆ ਸੀ, ਪਰ ਅਖ਼ਬਾਰਾਂ, ਟੀ.ਵੀ., ਪੱਤਰਕਾਰਾਂ ਦੀ ਦਖਲਅੰਦਾਜ਼ੀ ਨੇ ਸੇਵੀਆਂ ਵਿੱਚ ਲੂਣ ਹੀ ਪਾਤਾ। ਫੜਿਆ ਗਿਆ, ਜਾਣਾ ਸੀ ਉਮਰ ਕੈਦ ਲਈ ਅੰਦਰ, ਪਰ ਸ਼ੁਕਰ ਸੀ ਉਦੋਂ ਚੋਣਾਂ ਸਿਰ ’ਤੇ ਹੋਣ ਕਰਕੇ ਇਲਾਕੇ ਦੇ ਇੱਕ ਚੌਧਰੀ ਨੂੰ ਵੋਟਾਂ ਖਰੀਦਣ ਲਈ ਪੈਸਿਆਂ ਦੀ ਲੋੜ ਸੀ, ਆਪਣੇ ਅਸਰ ਰਸੂਖ ਨਾਲ ਉਸ ਨੇ ਸ਼ੋਮੂ ਦਾ ਖਹਿੜਾ ਛੁਡਵਾ ਦਿੱਤਾ, ਪਰ ਪਰਮੋ ਦੀਆਂ ਕੁੜੀਆਂ ਲਈ ਸੰਭਾਲੀਆਂ ਟੂਮਾਂ ਵੀ ਨਾਲ ਚਲੀਆਂ ਗਈਆਂ ਅਤੇ ਵੱਡੀ ਖੇਪ ’ਚੋਂ ਕਮਾਏ ਪੈਸੇ ਨੇਤਾ ਜੀ ਦੀ ਚੋਣ ਮੁਹਿੰਮ ਦੇ ਕੰਮ ਆ ਗਏ। ਆਪ ਤਾਂ ਡੁੱਬਣਾ ਹੀ ਸੀ, ਨਾਲ ਜਵਾਕ ਨੂੰ ਵੀ ਲੈ ਡੁੱਬਿਆ।
ਪਹਿਲਾਂ ਤਾਂ ਕੁੜੀਆਂ ਪਿਓ ਨਾਲ ਲੜਦੀਆਂ ਉਸ ਨੂੰ ਰੋਕਦੀਆਂ ਸਨ, ਪਰ ਹੁਣ ਉਸ ਨੂੰ ਕੋਈ ਰੋਕ-ਟੋਕ ਨਾ ਰਹਿ ਗਈ ਤੇ ਉੱਧਰੋਂ ਜੱਸੂ ਪਿਓ ਨਾਲ ਰਲ ਕੇ ਦੂਜੇ ਰਾਜਾਂ ਤੱਕ ਤੋਂ ਨਸ਼ੇ ਲਿਆ ਕੇ ਵੇਚਣ ਵੱਟਣ ਦੇ ਕੰਮ ਵਿੱਚ ਰੁੱਝ ਗਿਆ। ਕਈ ਵਾਰ ਕਾਬੂ ਵੀ ਆ ਗਿਆ, ਜਿਹੜੀ ਉਮਰ ਉਹਦੀ ਵਿਆਹ ਕਰਵਾ ਕੇ ਗ੍ਰਹਿਸਤੀ ਵਸਾਉਣ ਦੀ ਸੀ, ਉਹ ਉਸ ਨੇ ਨਸ਼ਿਆਂ ਦਾ ਗੁਲਾਮ ਬਣ ਕੇ ਕੱਢ ਦਿੱਤੀ। ਉੱਧਰ ਪਰਮੋਂ ਨੂੰ ਕੈਂਸਰ ਨੇ ਘੇਰ ਲਿਆ, ਇਲਾਜ ਕਿਸਨੇ ਕਰਵਾਉਣਾ ਸੀ? ਵਿਚਾਰਾ ਭਰਾ ਵੀ ਕੀ ਕਰਦਾ? ਜਿੰਨੀ ਕੁ ਪਹੁੰਚ ਸੀ ਉਸ ਨੇ ਹਨੂੰਮਾਨਗੜ੍ਹ ਲਿਜਾ ਕੇ ਦਵਾਈ ਦਿਵਾਈ, ਪਰ ਹੌਲੀ ਹੌਲੀ ਉਹ ਮੌਤ ਤੋਂ ਹਾਰ ਗਈ। ਪਿਓ-ਪੁੱਤ ਨੂੰ ਹੁਣ ਹੋਰ ਵੀ ਖੁੱਲ੍ਹ ਮਿਲ ਗਈ।
ਘਰੇ ਹੁਣ ਨਸ਼ੱਈਆਂ ਦੀਆਂ ਮਹਿਫਲਾਂ ਲੱਗਦੀਆਂ। ਪਿਉ-ਪੁੱਤ ਦਾ ਤੋਰੀ ਫੁਲਕਾ ਚੱਲਦਾ ਰਿਹਾ। ਕਿਸੇ ਵੇਲੇ ਅਰੋੜਾ ਬਘੇਲ ਸਿੰਘ ਦਾ ਮਹਿਲ ਵਰਗਾ ਘਰ ਹੁਣ ਖੰਡਰ ਜਿਹਾ ਬਣ ਗਿਆ ਕਿਉਂਕਿ ਘਰ ਦੀ ਸਾਫ਼-ਸਫ਼ਾਈ, ਮਿੱੱਟੀ ਪੋਚਾ ਕਿਹਨੇ ਕਰਨਾ ਸੀ, ਪਿਓ-ਪੁੱਤ ਦਾ ਕੰਮ ਤਾਂ ਭੁੱਕੀ ਖਾਣੀ, ਚਾਹ ਦਾ ਪਤੀਲਾ ਉਬਾਲੀ ਰੱਖਣਾ, ਸ਼ਰਾਬਾਂ ਪੀਣੀਆਂ, ਨਸ਼ੇ ਕਰਨੇ ਤੱਕ ਸੀਮਿਤ ਹੋ ਗਿਆ ਜਾਂ ਅਮਲੀਆਂ ਦੀਆਂ ਘਰਾਂ ’ਚੋਂ ਚੋਰੀਆਂ ਕਰਕੇ ਲਿਆਦੀਆਂ ਚੀਜ਼ਾਂ-ਵਸਤਾਂ ਨੂੰ ਨਸ਼ਿਆਂ ਦੇ ਵੱਡੇ ਵਪਾਰੀਆਂ ਕੋਲ ਪਹੁੰਚਾਉਣ ਦਾ ਕੰਮ ਰਹਿ ਗਿਆ ਸੀ। ਪੁਲੀਸ ਦੀਆਂ ਖੁਸ਼ਾਮਦਾਂ ਅਤੇ ਉਨ੍ਹਾਂ ਦੇ ਘਰ ਭਰਨੇ ਵੀ ਜ਼ਰੂਰੀ ਸਨ।
ਕੁੜੀਆਂ ਪਿੰਡ ਆਉਂਦੀਆਂ, ਘਰ ਦੀ ਹਾਲਤ ਦੇਖ ਦੁਖੀ ਹੋਈਆਂ ਆਪਣੇ ਤਾਏ ਦੇ ਮੁੰਡਿਆਂ ਦੇ ਪਰਿਵਾਰਾਂ ਨੂੰ ਮਿਲ ਕੇ, ਅੱਖਾਂ ’ਚ ਅੱਥਰੂ ਲੈ ਕੇ ਵਾਪਸ ਚਲੀਆਂ ਜਾਂਦੀਆਂ ਜਾਂ ਪਿੰਡ ਦੀਆਂ ਉਨ੍ਹਾਂ ਬੁੱਢੀਆਂ ਦੀਆਂ ਸ਼ਿਕਾਇਤਾਂ ਸੁਣ ਕੇ ਜਿਨ੍ਹਾਂ ਦੇ ਮਰਦ ਮੈਂਬਰ ਨਸ਼ਿਆਂ ਨਾਲ ਆਪਣੇ ਸਰੀਰਾਂ ਨੂੰ ਸਿਵਿਆਂ ਦੇ ਰਾਹ ਪਾਉਣ ਲੱਗੇ ਹੋਏ ਸਨ।
ਨਾ ਤਾਂ ਹੁਣ ਪਿਓ-ਪੁੱਤ ਨੂੰ ਖਾਧੇ ਬਿਨਾਂ ਸਰਦਾ ਸੀ ਅਤੇ ਨਾ ਹੀ ਆਸੇ ਪਾਸੇ ਦੇ ਗਾਹਕ ਬਣੇ ਅਮਲੀਆਂ ਨੂੰ, ਕਿੱਥੇ ਬਹਿ ਕੇ ਟਿਕ ਹੋਣਾ ਸੀ? ਫਿਰ ਜਾ ਲਿਆ ਪੰਗਾ ਤੇ ਇਸ ਵਾਰ ਦੇ ਪੰਗੇ ਵਿੱਚ ਮਾਰ ਗੁਆਂਢੀ ਸੂਬੇ ਵਿੱਚ ਜਾ ਕੇ ਪੈ ਗਈ, ਸ਼ੋਮੂ ਉੱਥੇ ਅੜਿਕੇ ਆ ਗਿਆ। ਜੇਲ੍ਹ ਵਿੱਚ ਨਸ਼ਿਆਂ ਦੇ ਘੱਟ ਮਿਲਣ ਕਰਕੇ ਸਰੀਰ ਦਿਨੋਂ ਦਿਨ ਘਟਦਾ ਗਿਆ। ਬਿਮਾਰੀ ਦੇ ਉੱਪਰ ਦੀ ਪੈ ਜਾਣ ਕਰਕੇ ਤਰਸ ਦੇ ਆਧਾਰ ’ਤੇ ਜੇਲ੍ਹ ਤੋਂ ਭਾਵੇਂ ਮੁਕਤੀ ਮਿਲ ਗਈ, ਪਰ ਲਿਵਰ ਦੇ ਕੈਂਸਰ ਦੀ ਜਕੜ ਦਿਨੋਂ ਦਿਨ ਵਧਦੀ ਗਈ, ਇਲਾਜ ਕਿਹਨੇ ਕਰਵਾਉਣਾ ਸੀ, ਕੁੜੀਆਂ ਵਿਚਾਰੀਆਂ ਜਿੰਨਾ ਕੁ ਵਾਹ ਲੱਗਦਾ ਓਹੜ ਪੋਹੜ ਕਰਦੀਆਂ ਰਹੀਆਂ। ਜੱਸੂ ਨੂੰ ਤਾਂ ਆਪਣਾ ਨਸ਼ਾ ਕਰਨ ਅਤੇ ਬਾਹਰੋਂ ਲਿਆ ਕੇ ਚੋਰੀ ਛਪੋਰੀ ਵੇਚਣ ਤੋਂ ਵਿਹਲ ਨਾ ਲੱਗਦੀ। ਬੀਕਾਨੇਰ ਤੋਂ ਥੋੜ੍ਹਾ-ਬਹੁਤਾ ਇਲਾਜ ਕਰਵਾਇਆ। ਲੋਕਾਂ ਤੋਂ ਸੁਣ ਸੁਣ ਕੇ ਸੁਨੈਨਾ ਨੇ ਮੈਕਲੌਡਗੰਜ ਅਤੇ ਗਾਜ਼ੀਆਬਾਦ ਤੋਂ ਚਰਚਾ ਵਿੱਚ ਰਹੇ ਵੈਦਾਂ ਤੋਂ ਦਵਾਈਆਂ ਵੀ ਲਿਆ ਕੇ ਦਿੱਤੀਆਂ, ਪਰ ਕਰਵਾਏ ਟੈਸਟਾਂ ਦੀਆਂ ਰਿਪੋਰਟਾਂ ਨੂੰ ਇਹ ਦਵਾਈਆਂ ਪਲਟ ਨਾ ਸਕੀਆਂ। ਸ਼ਮਸ਼ੇਦ ਸਿੰਘ ਉਰਫ਼ ਸ਼ੋਮੂ ‘ਹੈ’ ਤੋਂ ‘ਸੀ’ ਬਣ ਗਿਆ।
ਇਕੱਲੇ ਰਹਿ ਗਏ ਜੱਸੂ ਦਾ ਪੁਲੀਸ ਨਾਲ ਕਈ ਸਾਲਾਂ ਤੱਕ ਬਿੱਲੀ ਚੂਹੇ ਦਾ ਖੇਡ ਚੱਲਦਾ ਰਿਹਾ। ਕਦੇ ਫੜਿਆ ਜਾਂਦਾ, ਕਦੇ ਛੁੱਟ ਜਾਂਦਾ। ਭੈਣ ਕੋਲ ਰਾਜਸਥਾਨ ਵਿੱਚ ਵੀ ਰਹਿੰਦਿਆਂ ਨਸ਼ੇ ਖਾਣ ਅਤੇ ਵੇਚਣ ਤੋਂ ਬਾਜ਼ ਨਾ ਆਇਆ ਤੇ ਹੁਣ ਹਰਿਆਣੇ ਵਿੱਚ ਹੋਈ ਸਰਕਾਰੀ ਸਖ਼ਤੀ ਨਾਲ ਅੜਿੱਕੇ ਆ ਗਿਆ। ਮਨ ਵਿੱਚ ਸਖ਼ਤ ਫੈਸਲਾ ਕਰਨ ਦਾ ਵਿਚਾਰ ਲਈ ਬੈਠਾ ਕੇਸ਼ਵ ਆਪਣੇ ਜਿਗਰੀ ਰਿਟਾਇਰ ਹੋ ਚੁੱਕੇ ਦੋਸਤ ਸੁਚੇਤ ਦੀ ਸਿਫਾਰਿਸ਼ ਨੂੰ ਜੱਕੋ-ਤੱਕੀ ਵਿੱਚ ਮੰਨ ਹੀ ਗਿਆ, ਇਸ ਸ਼ਰਤ ’ਤੇ ਕਿ ਸੁਨੈਨਾ ’ਤੇ ਜ਼ੋਰ ਪਾਇਆ ਜਾਵੇ ਕਿ ਉਹ ਆਪਣੇ ਭਰਾ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦੇਵੇ, ਅੱਜਕੱਲ੍ਹ ਤਾਂ ਪਿੰਡਾਂ-ਸ਼ਹਿਰਾਂ ਵਿੱਚ ਅਨੇਕਾਂ ਨਸ਼ਾ-ਰੋਕੂ ਸੰਸਥਾਵਾਂ, ਸਰਕਾਰ ਦੀ ਮਦਦ ਨਾਲ ਕੰਮ ਕਰ ਰਹੀਆਂ ਹਨ।
ਸੰਪਰਕ: +1 425 286 0163

