ਵਿਨੀਪੈਗ ਦੀ ਟੋਬਾ ਵਾਰੀਅਰਜ਼ ਨੇ ਕੈਲਗਰੀ ਵਿੱਚ ਜਿੱਤਿਆ ਹਾਕਸ ਗੋਲਡ ਕੱਪ
ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ 14ਵਾਂ ਹਾਕਸ ਗੋਲਡ ਕੱਪ 2026 ਫ਼ੀਲਡ ਹਾਕੀ ਟੂਰਨਾਮੈਂਟ ਖੇਡ ਉਤਸ਼ਾਹ ਅਤੇ ਸ਼ਾਨਦਾਰ ਮੁਕਾਬਲਿਆਂ ਦੇ ਨਾਲ ਸਮਾਪਤ ਹੋ ਗਿਆ। 31 ਜੁਲਾਈ ਤੋਂ 2 ਅਗਸਤ ਤੱਕ ਯੂਨੀਵਰਸਿਟੀ ਆਫ਼ ਕੈਲਗਰੀ ਦੇ ਹਾਕਿੰਗਜ਼ ਟਰਫ਼...
ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ 14ਵਾਂ ਹਾਕਸ ਗੋਲਡ ਕੱਪ 2026 ਫ਼ੀਲਡ ਹਾਕੀ ਟੂਰਨਾਮੈਂਟ ਖੇਡ ਉਤਸ਼ਾਹ ਅਤੇ ਸ਼ਾਨਦਾਰ ਮੁਕਾਬਲਿਆਂ ਦੇ ਨਾਲ ਸਮਾਪਤ ਹੋ ਗਿਆ। 31 ਜੁਲਾਈ ਤੋਂ 2 ਅਗਸਤ ਤੱਕ ਯੂਨੀਵਰਸਿਟੀ ਆਫ਼ ਕੈਲਗਰੀ ਦੇ ਹਾਕਿੰਗਜ਼ ਟਰਫ਼ ਫ਼ੀਲਡ ਵਿਖੇ ਕਰਵਾਏ ਗਏ ਇਸ ਤਿੰਨ ਰੋਜ਼ਾ ਟੂਰਨਾਮੈਂਟ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਟੀਮਾਂ ਨੇ ਭਾਗ ਲਿਆ।
ਇਸ ਸਾਲ ਖਿੱਚ ਦਾ ਕੇਂਦਰ ਵਿਨੀਪੈਗ, ਮੈਨੀਟੋਬਾ ਦੀ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਰਹੀ, ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਵਰਗ (11-ਏ-ਸਾਈਡ) ਦਾ ਖ਼ਿਤਾਬ ਆਪਣੇ ਨਾਮ ਕੀਤਾ। ਟੋਬਾ ਵਾਰੀਅਰਜ਼ ਨੇ ਪੂਰੇ ਟੂਰਨਾਮੈਂਟ ਦੌਰਾਨ ਹਮਲਾਵਰ ਖੇਡ, ਮਜ਼ਬੂਤ ਡਿਫੈਂਸ ਅਤੇ ਬਿਹਤਰੀਨ ਟੀਮ ਤਾਲਮੇਲ ਦਾ ਪ੍ਰਦਰਸ਼ਨ ਕੀਤਾ।
ਸੈਮੀਫਾਈਨਲ ਵਿੱਚ ਟੋਬਾ ਵਾਰੀਅਰਜ਼ ਨੇ ਆਪਣੇ ਵਿਰੋਧੀ ਨੂੰ 4-0 ਨਾਲ ਹਰਾ ਕੇ ਫ਼ਾਈਨਲ ਵਿੱਚ ਦਾਖ਼ਲਾ ਕੀਤਾ। ਫ਼ਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ, ਜਿੱਥੇ ਦੋਵਾਂ ਟੀਮਾਂ ਨੇ ਜਿੱਤ ਲਈ ਪੂਰਾ ਜ਼ੋਰ ਲਗਾਇਆ। ਆਖ਼ਰਕਾਰ ਟੋਬਾ ਵਾਰੀਅਰਜ਼ ਨੇ 2-1 ਨਾਲ ਜਿੱਤ ਦਰਜ ਕਰਦਿਆਂ ਹਾਕਸ ਗੋਲਡ ਕੱਪ ਦੀ ਟਰਾਫ਼ੀ ਆਪਣੇ ਨਾਮ ਕੀਤੀ। ਇਸ ਇਤਿਹਾਸਕ ਜਿੱਤ ਨਾਲ ਵਿਨੀਪੈਗ ਦੀ ਟੀਮ ਨੇ ਮੈਨੀਟੋਬਾ ਅਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਟੂਰਨਾਮੈਂਟ ਦੇ ਮੁੱਖ ਨਤੀਜਿਆਂ ਵਿੱਚ ਪੁਰਸ਼ ਵਰਗ (11-ਏ-ਸਾਈਡ) ਵਿੱਚ ਵਿਨੀਪੈਗ ਦੀ ਟੋਬਾ ਵਾਰੀਅਰਜ਼ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਹਾਕਸ ਗੋਲਡ ਕੱਪ ਆਪਣੇ ਨਾਮ ਕੀਤਾ, ਜਦਕਿ ਐਡਮਿੰਟਨ ਟਾਈਟਨਜ਼ ਉਪ ਜੇਤੂ ਰਹੀ। 45+ ਮਾਸਟਰਜ਼ ਵਰਗ ਵਿੱਚ ਪੰਜਾਬ ਸਪੋਰਟਸ ਕੈਲਗਰੀ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਅਤੇ ਯੂਨਾਈਟਿਡ ਕੈਲਗਰੀ ਹਾਕੀ ਕਲੱਬ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਵਰਗ ਵਿੱਚ ਵੂਲਵਰੀਨ ਐਬਸਫੋਰਡ ਨੇ ਖ਼ਿਤਾਬ ਜਿੱਤਿਆ, ਜਦਕਿ ਪੰਜਾਬ ਸਪੋਰਟਸ ਕੈਲਗਰੀ ਨੇ ਉਪ ਜੇਤੂ ਟਰਾਫ਼ੀ ਹਾਸਲ ਕੀਤੀ। ਗਰਲਜ਼ ਵਰਗ ਵਿੱਚ ਵੀ ਵੂਲਵਰੀਨ ਕਲੱਬ ਐਬਸਫੋਰਡ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬ ਸਪੋਰਟਸ ਕਲੱਬ ਕੈਲਗਰੀ ਦੂਜੇ ਸਥਾਨ ’ਤੇ ਰਹੀ। ਅੰਡਰ-12 ਲੜਕਿਆਂ ਦੇ ਮੁਕਾਬਲੇ ਵਿੱਚ ਪੰਜਾਬ ਸਪੋਰਟਸ ਕੈਲਗਰੀ ਨੇ ਚੈਂਪੀਅਨਸ਼ਿਪ ਜਿੱਤੀ, ਜਦਕਿ ਵੂਲਵਰੀਨ ਕਲੱਬ ਐਬਸਫੋਰਡ ਨੇ ਉਪ ਜੇਤੂ ਰਹਿ ਕੇ ਮੁਕਾਬਲਾ ਸਮਾਪਤ ਕੀਤਾ।
ਪੁਰਸ਼ ਵਰਗ ਦਾ ਸਰਵੋਤਮ ਖਿਡਾਰੀ ਬਰਿੰਦਰ ਢੁੱਡੀਕੇ (ਬਾਬਾ) ਚੁਣਿਆ ਗਿਆ, ਜਦਕਿ ਗੁਰਕਮਲ ਬਰਾੜ ਨੂੰ ਸਰਵੋਤਮ ਗੋਲ-ਕੀਪਰ ਦਾ ਐਵਾਰਡ ਮਿਲਿਆ। 45+ ਮਾਸਟਰਜ਼ ਵਰਗ ਵਿੱਚ ਗੁਰਪ੍ਰੀਤ ਸੱਗੂ ਸਰਵੋਤਮ ਖਿਡਾਰੀ ਰਹੇ। ਅੰਡਰ-14 ਵਿੱਚ ਆਰਵ ਪੁਰੀ ਅਤੇ ਅੰਡਰ-12 ਵਿੱਚ ਏਕ ਬੀਰ ਗਿੱਲ ਨੂੰ ਸਭ ਤੋਂ ਕੀਮਤੀ ਖਿਡਾਰੀ (MVP) ਐਲਾਨਿਆ ਗਿਆ। ਉੱਥੇ ਹੀ ਅਭਿਰਾਜ ਬਰਾੜ ਨੂੰ ਜੂਨੀਅਰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।

