ਸੁਰਿੰਦਰ ਗੀਤ
ਗੱਲ 1992 ਦੀ ਹੈ। ਉਨ੍ਹਾਂ ਦਿਨਾਂ ‘ਚ ਮੇਰੀ ਪਹਿਲੀ ਪੁਸਤਕ ‘ਤੁਰੀ ਸਾਂ ਮੈਂ ਓਥੋਂ’ ਪ੍ਰਕਾਸ਼ਿਤ ਹੋਈ ਸੀ। ਮੈਂ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਅਤੇ ਮੇਰੀ ਬਹੁਤ ਹੀ ਸਤਿਕਾਰਯੋਗ ਅਧਿਆਪਿਕਾ ਨਿਰਮਲ ਰਿਸ਼ੀ ਨੂੰ ਆਪਣੀ ਕਿਤਾਬ ਦੀ ਕਾਪੀ ਦੇਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਗੁਰਦੇਵ ਨਗਰ, ਲੁਧਿਆਣਾ ਪੁੱਜ ਗਈ। ਮੈਂ ਖਾਲਸਾ ਕਾਲਜ ਫਾਰ ਵੂਮੈੱਨ ਤੋਂ ਬੀ.ਐੱਸਸੀ ਕੀਤੀ ਸੀ। ਨਿਰਮਲ ਰਿਸ਼ੀ ਉਨ੍ਹਾਂ ਦਿਨਾਂ ਵਿੱਚ ਉਸ ਕਾਲਜ ਵਿੱਚ ਫਿਜ਼ੀਕਲ ਡਿਪਾਰਟਮੈਂਟ ਵਿੱਚ ਬਤੌਰ ਅਧਿਆਪਕ ਕੰਮ ਕਰ ਰਹੇ ਸਨ ਅਤੇ ਉਹ ਇਸ ਸਮੇਂ ਤੱਕ ਵੀ ਉੱਥੇ ਤਾਇਨਾਤ ਸਨ। ਉਨ੍ਹਾਂ ਨੇ ਮੇਰੇ ਉੱਪਰ ਅੰਤਾਂ ਦਾ ਮੋਹ ਛਿੜਕਿਆ। ਮੈਨੂੰ ਮਿਲਵਾਉਣ ਵਾਸਤੇ ਉਨ੍ਹਾਂ ਨੇ ਆਪਣੀਆਂ ਕਈ ਵਿਦਿਆਰਥਣਾਂ ਨੂੰ ਆਪਣੇ ਘਰ ਸੱਦਾ ਦਿੱਤਾ। ਉਹ ਹਰ ਇੱਕ ਨੂੰ ਏਹੀ ਕਹੀ ਜਾਣ ਕਿ ਸੁਰਿੰਦਰ ਮੇਰੀ ਪੁਰਾਣੀ ਵਿਦਿਆਰਥਣ ਹੈ। ਦੇਖੋ ਹੁਣ ਲੇਖਿਕਾ ਬਣ ਗਈ ਹੈ। ਮੈਂ ਅੰਦਰੋਂ ਅੰਦਰ ਕੁਝ ਸ਼ਰਮ ਜਿਹੀ ਵੀ ਮਹਿਸੂਸ ਕਰ ਰਹੀ ਸਾਂ ਕਿ ਮੈਂ ਤਾਂ ਅਜੇ ਕੁਝ ਝਰੀਟਾਂ ਹੀ ਮਾਰੀਆਂ ਹਨ ਅਤੇ ਇਹ ਮੈਨੂੰ ਲੇਖਿਕਾ ਬਣਾਈ ਜਾ ਰਹੇ ਹਨ। ਖੈਰ ਉਸ ਰਾਤ ਮੈਂ ਨਿਰਮਲ ਰਿਸ਼ੀ ਕੋਲ ਹੀ ਠਹਿਰੀ।
ਅਗਲੀ ਸਵੇਰ ਉਹ ਤਿਆਰ ਹੋ ਕੇ ਕਾਲਜ ਚਲੇ ਗਏ। ਉਨ੍ਹਾਂ ਨੇ ਪਹਿਲਾ ਪੀਰੀਅਡ ਲਗਾਉਣਾ ਸੀ ਅਤੇ ਮੈਨੂੰ ਆਰਾਮ ਨਾਲ ਨਹਾ ਧੋ ਕੇ, ਖਾ ਪੀ ਕੇ ਬਾਰਾਂ ਕੁ ਵਜੇ ਕਾਲਜ ਆਉਣ ਲਈ ਕਹਿ ਗਏ। ਉਸ ਤੋਂ ਬਾਅਦ ਅਸੀਂ ਇਕੱਠਿਆਂ ਘੁਮਾਰ ਮੰਡੀ ਕੁਝ ਆਮਾਨ ਖਰੀਦਣ ਜਾਣਾ ਸੀ। ਮੈਂ ਕੀਤੇ ਵਾਅਦੇ ਅਨੁਸਾਰ ਕਾਲਜ ਪੁੱਜ ਗਈ। ਉੱਥੇ ਜਾ ਕੇ ਪਤਾ ਲੱਗਿਆ ਕਿ ਬਹੁਤ ਜ਼ਰੂਰੀ ਸਟਾਫ ਮੀਟਿੰਗ ਚੱਲ ਰਹੀ ਹੈ। ਮਸਲਾ ਬਹੁਤ ਗੰਭੀਰ ਸੀ। ਹੋਸਟਲ ਵਿੱਚ ਇੱਕ ਕੁੜੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਮੈਡਮ ਨਿਰਮਲ ਰਿਸ਼ੀ ਇਸੇ ਮਾਮਲੇ ਵਿੱਚ ਹੀ ਉਲਝੇ ਹੋਏ ਸਨ। ਉਹ ਮੈਨੂੰ ਦੇਖ ਕੇ ਬਾਹਰ ਆਏ ਤੇ ਕਹਿਣ ਲੱਗੇ ਕਿ ਮੈਂ ਕੁਝ ਚਿਰ ਉਨ੍ਹਾਂ ਦੀ ਉਡੀਕ ਕਰਾਂ। ਮੈਂ ਸੱਤ- ਬਚਨ ਆਖ ਕਾਲਜ ਵਿੱਚ ਏਧਰ ਓਧਰ ਘੁੰਮ ਕੇ ਸਮਾਂ ਬਿਤਾਉਣ ਲੱਗੀ।
ਉੱਥੇ ਬਹੁਤ ਕੁਝ ਨਵਾਂ ਸੀ। ਸਭ ਕੁਝ ਮੈਨੂੰ ਓਪਰਾ ਓਪਰਾ ਜਿਹਾ ਲੱਗ ਰਿਹਾ ਸੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਾਲਜ ਦੀ ਇਮਾਰਤ ਦੀਆਂ ਇੱਟਾਂ ਕੁਝ ਕਹਿਣਾ ਚਾਹੁੰਦੀਆਂ ਸਨ, ਪਰ ਕਹਿ ਨਹੀਂ ਸਨ ਸਕਦੀਆਂ। ਪਰ ਫਿਰ ਵੀ ਮੈਂ ਬੇਜ਼ਾਨ ਇੱਟਾਂ ਦੀ ਭਾਸ਼ਾ ਸਮਝ ਰਹੀ ਸਾਂ। ਮੈਂ ਹੋਸਟਲ ਵੱਲ ਨੂੰ ਹੋ ਤੁਰੀ। ਹੁਣ ਉੱਥੇ ਵੀ ਦੋ ਨਵੇਂ ਹੋਸਟਲਾਂ ਦੀਆਂ ਦੋ ਨਵੀਆਂ ਇਮਾਰਤਾਂ ਬਣ ਗਈਆਂ ਸਨ। ਮੇਰੇ ਸਮਿਆਂ ਦਾ ਹੋਸਟਲ ਤਾਂ ਹੁਣ ਇਨ੍ਹਾਂ ਇਮਾਰਤਾਂ ਵਿੱਚ ਲੁਕਿਆ ਪਿਆ ਸੀ। ਮੇਰੀਆਂ ਅੱਖਾਂ ‘ਚੋਂ ਪਾਣੀ ਵਹਿ ਰਿਹਾ ਸੀ। ਮੈਂ ਜਿਉਂ ਜਿਉਂ ਏਧਰ ਓਧਰ ਤੱਕ ਰਹੀ ਸਾਂ, ਭਾਵੁਕ ਹੋ ਰਹੀ ਸਾਂ। ਜੀਅ ਕਰਦਾ ਸੀ ਕਿ ਮੈਂ ਕਾਲਜ ਦੇ ਸਾਰੇ ਕਲਾਸ ਕਮਰਿਆਂ ਵਿੱਚ ਜਾਵਾਂ। ਕਾਲਜ ਦੀ ਇੱਟ-ਇੱਟ ਨਾਲ ਮੇਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਨ। ਏਸੇ ਭਾਵਨਾ ਅਧੀਨ ਮੈਂ ਸਾਇੰਸ ਬਲਾਕ ਵੱਲ ਹੋ ਤੁਰੀ।
ਕਿਸੇ ਲੜਕੀ ਤੋਂ ਪੁੱਛਿਆ ਕਿ ਡਾਕਟਰ ਹਰਸ਼ਰਨ ਸਿੰਘ ਦਾ ਦਫ਼ਤਰ ਕਿੱਥੇ ਹੈ। ਉਹ ਲੜਕੀ ਮੇਰੇ ਨਾਲ ਹੋ ਤੁਰੀ ਅਤੇ ਡਾਕਟਰ ਹਰਸ਼ਰਨ ਸਿੰਘ ਹੋਰਾਂ ਦੇ ਦਫ਼ਤਰ ਕੋਲ ਮੈਨੂੰ ਛੱਡ ਵਾਪਸ ਮੁੜ ਗਈ।
ਮੈਂ ਪਰਦੇ ਵਿੱਚੋਂ ਦੀ ਕਮਰੇ ਦੇ ਅੰਦਰ ਝਾਤੀ ਮਾਰੀ। ਕੋਈ ਅੰਦਰ ਬੈਠਾ ਦਿਖਾਈ ਦਿੱਤਾ। ਮੈਂ ਪਰਦਾ ਚੁੱਕਿਆ ਤਾਂ ਦੇਖਿਆ ਕਿ ਡਾਕਟਰ ਹਰਸ਼ਰਨ ਸਿੰਘ ਹੋਰੀਂ ਬੈਠੇ ਸਨ। ਉਹ ਪਹਿਲਾਂ ਨਾਲੋਂ ਕਾਫ਼ੀ ਬਿਰਧ ਜੋ ਚੁੱਕੇ ਸਨ, ਪਰ ਮੈਨੂੰ ਪਹਿਚਾਨਣ ਵਿੱਚ ਦੇਰ ਨਾ ਲੱਗੀ। ਪਰਦਾ ਖਿਸਕਣ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਉੱਪਰ ਸਿਰ ਚੁੱਕਿਆ ਅਤੇ ਮੈਨੂੰ ਦਰਵਾਜ਼ੇ ‘ਤੇ ਖੜ੍ਹੀ ਦੇਖ ਇਕਦਮ ਬੋਲ ਪਏ, “ਆਓ ਆਓ! ਬੇਟਾ ਸੁਰਿੰਦਰ।”
ਇੱਕ ਅਜੀਬ ਜਿਹੀ ਚਮਕ ਮੈਨੂੰ ਉਨ੍ਹਾਂ ਦੇ ਚਿਹਰੇ ‘ਤੇ ਦਿਖਾਈ ਦਿੱਤੀ। ਉਹ ਮੈਨੂੰ ਦੇਖ ਕੇ ਕਾਫ਼ੀ ਹੈਰਾਨ ਅਤੇ ਭਾਵੁਕ ਹੋ ਗਏ ਜਾਪਦੇ ਸਨ। ਕੁਰਸੀ ਤੋਂ ਉੱਠ ਕੇ ਉਨ੍ਹਾਂ ਮੈਨੂੰ ਪਿਆਰ ਦਿੱਤਾ, ਬਿਲਕੁਲ ਓਸੇ ਤਰ੍ਹਾਂ ਜਿਵੇਂ ਇੱਕ ਬਾਪ ਆਪਣੀ ਚਿਰਾਂ ਤੋਂ ਵਿੱਛੜੀ ਧੀ ਨੂੰ ਪਿਆਰਦਾ ਹੈ। ਮੈਂ ਉਨ੍ਹਾਂ ਦੇ ਸਾਹਮਣੇ ਵਾਲੀ ਕੁਰਸੀ ‘ਤੇ ਬੈਠ ਗਈ। ਉਨ੍ਹਾਂ ਨੇ ਮੇਰਾ ਹਾਲ ਚਾਲ ਪੁੱਛਿਆ। ਤਿੰਨ ਚਾਰ ਮਿੰਟ ਚੁੱਪ ਛਾਈ ਰਹੀ। ਨਾ ਉਹ ਕੁਝ ਬੋਲੇ ਅਤੇ ਨਾ ਹੀ ਮੇਰੇ ਤੋਂ ਕੁਝ ਕਹਿ ਹੋਇਆ। ਫਿਰ ਉਨ੍ਹਾਂ ਨੇ ਨੌਕਰ ਨੂੰ ਬੁਲਾਇਆ ਤੇ ਚਾਹ ਲਿਆਉਣ ਲਈ ਕਿਹਾ।
ਆਖ਼ਿਰ ਉਨ੍ਹਾਂ ਪੁੱਛ ਲਿਆ,”ਬੇਟਾ! ਕਿਹੜੇ ਮੁਲਕ ‘ਚ ਹੋ ਅੱਜਕਲ੍ਹ?”
ਮੈਂ ਜੋ ਹੁਣ ਤੱਕ ਲਗਾਤਾਰ ਹੇਠਾਂ ਵੱਲ ਦੇਖ ਰਹੀ ਸਾਂ, ਅੱਖਾਂ ਉਤਾਂਹ ਚੁੱਕੀਆਂ ਤੇ ਕਿਹਾ,”ਸਰ! ਕੈਨੇਡਾ।”
“ਵੈਨਕੂਵਰ।” ਉਨ੍ਹਾਂ ਕਿਹਾ।
“ਨਹੀਂ ਸਰ, ਮੈਂ ਕੈਲਗਰੀ ਹਾਂ।” ਮੈਂ ਜਵਾਬ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਕਿੰਨੇ ਸਾਰੇ ਸਵਾਲ ਮੇਰੇ ‘ਤੇ ਕਰ ਦਿੱਤੇ। ਕੈਲਗਰੀ, ਵੈਨਕੂਵਰ ਤੋਂ ਕਿੰਨੀ ਦੂਰ ਹੈ? ਕੀ ਕੰਮ ਕਰਦੇ ਹੋ ਆਦਿ? ਦਰਅਸਲ ਉਹ ਮੇਰੇ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਸਨ। ਮੈਨੂੰ ਬਹੁਤ ਚੰਗਾ ਚੰਗਾ ਲੱਗ ਰਿਹਾ ਸੀ। ਮੈਂ ਉਨ੍ਹਾਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਪਰ ਮੇਰਾ ਸਵਾਲ ਅਜੇ ਖੜ੍ਹਾ ਸੀ। ਮੈਂ ਕਈ ਵਾਰੀ ਪੁੱਛਣਾ ਚਾਹਿਆ, ਪਰ ਉਹ ਮੇਰੇ ਬੋਲਣ ਤੋਂ ਪਹਿਲਾਂ ਕੋਈ ਹੋਰ ਗੱਲ ਛੇੜ ਲੈਂਦੇ।
ਆਖਿਰ ਮੈਂ ਪੁੱਛ ਹੀ ਲਿਆ, “ਸਰ ! ਮੈਂ ਤੁਹਾਨੂੰ ਬਹੁਤ ਸਾਲਾਂ ਬਾਅਦ ਮਿਲੀ ਹਾਂ, ਏਨੇ ਸਮੇਂ ‘ਚ ਹਜ਼ਾਰਾਂ ਕੁੜੀਆਂ ਤੁਹਾਡੇ ਤੋਂ ਪੜ੍ਹ ਕੇ ਚਲੀਆਂ ਗਈਆਂ ਹੋਣਗੀਆਂ। ਮੈਨੂੰ ਹੈਰਾਨੀ ਹੈ ਕਿ ਤੁਹਾਨੂੰ ਮੇਰਾ ਨਾਮ ਤੱਕ ਯਾਦ ਹੈ?”
ਉਹ ਕੁਝ ਪਲ ਖਾਮੋਸ਼ ਰਹੇ। ਫਿਰ ਲੰਬਾ ਸਾਹ ਲੈ ਕੇ ਆਖਣ ਲੱਗੇ, “ਬੇਟਾ ! ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਆਪਣੀ ਅਮਿੱਟ ਛਾਪ ਛੱਡ ਜਾਂਦੇ ਹਨ।”
“ਮੇਰੀ ਅਜਿਹੀ ਖਾਸ ਗੱਲ ਕਿਹੜੀ ਸੀ, ਜਿਸ ਕਰਕੇ ਤੁਸੀਂ ਮੈਨੂੰ ਯਾਦ ਰੱਖਿਆ?” ਮੈਂ ਬੜੇ ਭਾਵਨਾਤਮਕ ਢੰਗ ਨਾਲ ਪੁੱਛਿਆ।
“ਬੇਟਾ! ਇੱਕ ਦੋ ਗੱਲਾਂ ਹਨ ਤੇਰੇ ਬਾਰੇ ਜੋ ਮੇਰੇ ਜ਼ਿਹਨ ‘ਚ ਬੈਠੀਆਂ ਹੋਈਆਂ ਹਨ।” ਉਨ੍ਹਾਂ ਨੇ ਮੇਰੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ।
“ਉਹ ਕਿਹੜੀਆਂ ?” ਮੈਂ ਬੜੀ ਉਤਸੁਕਤਾ ਨਾਲ ਕਿਹਾ।
ਉਹ ਹੱਸ ਪਏ ਤੇ ਕਹਿਣ ਲੱਗੇ, “ਇਕ ਗੱਲ ਤਾਂ ਇਹ ਕਿ ਤੂੰ ਕਮਿਸਟਰੀ ਵਿੱਚ ਬਹੁਤ ਚੰਗੀ ਸੀ। ਮੈਂ ਹਮੇਸ਼ਾਂ ਇਹ ਸੋਚਦਾ ਸੀ ਕਿ ਜੇਕਰ ਤੂੰ ਹੋਰ ਮਿਹਨਤ ਕਰੇਂ ਤਾਂ ਚੰਗੇ ਤਾਂ ਕੀ ਬਹੁਤ ਚੰਗੇ ਨੰਬਰ ਲੈ ਸਕਦੀ ਸੈਂ।”
ਮੈਨੂੰ ਯਾਦ ਆ ਗਿਆ ਕਿ ਕਿਵੇਂ ਇਹ ਮੇਰਾ ਮਨ-ਭਾਉਂਦਾ ਵਿਸ਼ਾ ਸੀ।
“ਤੇ ਸਰ ਦੂਸਰੀ ਗੱਲ ਕਿਹੜੀ ਸੀ ਜੋ ਤੁਹਾਨੂੰ ਅਜੇ ਤੱਕ ਯਾਦ ਹੈ!” ਮੈਂ ਫਿਰ ਭਾਵੁਕ ਹੁੰਦੇ ਹੋਏ ਪੁੱਛਿਆ।
ਉਨ੍ਹਾਂ ਨੇ ਫਿਰ ਲੰਬਾ ਸਾਰਾ ਸਾਹ ਅੰਦਰ ਖਿੱਚਿਆ। ਕੁਝ ਚੁੱਪ ਹੋ ਗਏ। ਮੈਂ ਸੋਚਿਆ ਕਿ ਕੋਈ ਮਾੜੀ ਗੱਲ ਹੋਣੀ ਹੈ ਜੋ ਇਹ ਕਹਿਣਾ ਨਹੀਂ ਚਾਹੁੰਦੇ।
ਉਹ ਮੇਰੇ ਵੱਲ ਦੇਖ ਕੇ ਹੱਸ ਪਏ ਤੇ ਕਹਿਣ ਲੱਗੇ, “ਸੁਰਿੰਦਰ ਬੇਟਾ, ਤੂੰ ਬਿਨਾਂ ਕਾਰਨ ਤੋਂ ਹੱਸਿਆ ਕਰਦੀ ਸੈਂ। ਏਸੇ ਕਰਕੇ ਦੋ ਤਿੰਨ ਵਾਰ ਮੈਂ ਤੈਨੂੰ ਕਲਾਸ ‘ਚੋਂ ਬਾਹਰ ਕੱਢਿਆ ਸੀ। ਤੂੰ ਹੱਸਦੀ ਬਹੁਤ ਸੀ, ਮੈਂ ਵਾਰ ਵਾਰ ਤੈਨੂੰ ਟੋਕਦਾ ਸਾਂ, ਪਰ ਕਦੇ ਵੀ ਮੈਂ ਤੇਰੇ ਹੱਸਣ ਦਾ ਕਾਰਨ ਨਹੀਂ ਜਾਣ ਸਕਿਆ। ਸ਼ਾਇਦ ਅੱਜ ਜਾਣ ਲਵਾਂ!”
ਮੈਂ ਸੁੰਨ੍ਹ ਜਿਹੀ ਹੋ ਗਈ। ਡਾਕਟਰ ਸਾਹਿਬ ਦੀਆਂ ਅੱਖਾਂ ‘ਚ ਉਨ੍ਹਾਂ ਦਾ ਸਵਾਲ ਚਮਕ ਰਿਹਾ ਸੀ।
ਸਰ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਿਉਂ ਹੱਸਦੀ ਸੀ, ਪਰ ਮੈਂ ਇਹ ਗੱਲ ਮੰਨਦੀ ਹਾਂ ਕਿ ਮੈਂ ਬਹੁਤ ਹੱਸਿਆ ਕਰਦੀ ਸੀ।” ਕਹਿੰਦੀ ਕਹਿੰਦੀ ਦੀਆਂ ਮੇਰੀਆਂ ਅੱਖਾਂ ਭਰ ਆਈਆਂ।
ਡਾਕਟਰ ਹਰਸ਼ਰਨ ਸਿੰਘ ਆਪਣੀ ਕੁਰਸੀ ਤੋਂ ਉੱਠੇ ਤੇ ਬੜੇ ਹੀ ਪਿਆਰ ਨਾਲ ਉਨ੍ਹਾਂ ਨੇ ਮੇਰੇ ਸਿਰ ‘ਤੇ ਹੱਥ ਧਰਿਆ।
“ਸਰ! ਇੱਕ ਗੱਲ ਕਹਾਂ ?” ਮੈਂ ਕਿਹਾ।
“ਹਾਂ, ਕਹੋ ਬੇਟਾ, ਜ਼ਰੂਰ ਕਹੋ।” ਡਾਕਟਰ ਹਰਸ਼ਰਨ ਸਿੰਘ ਬੋਲੇ।
“ਸਰ! ਹੱਸਣ ਦਾ ਵੀ ਕੋਈ ਸਮਾਂ ਹੀ ਹੁੰਦਾ ਹੈ। ਸਰ, ਜਦੋਂ ਕੋਈ ਹੱਸੇ ਉਸ ਨੂੰ ਟੋਕਣਾ ਨਹੀਂ ਚਾਹੀਂਦਾ। ਖਾਸ ਕਰਕੇ ਕਿਸੇ ਕੁੜੀ ਨੂੰ। ਹੋ ਸਕਦਾ ਹੈ ਵਾਹਿਗੁਰੂ ਵੱਲੋਂ ਉਸ ਦੇ ਹੱਸਣ ਲਈ ਉਹ ਹੀ ਸਮਾਂ ਰੱਖਿਆ ਗਿਆ ਹੋਵੇ ਤੇ ਉਸ ਤੋਂ ਬਾਅਦ ਉਹ ਕੁੜੀ ਕਦੇ ਵੀ ਨਾ ਹੱਸੇ।” ਮੈਂ ਭਰੇ ਗਲੇ ਨਾਲ ਕਿਹਾ।
ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਡਾਕਟਰ ਸਾਹਿਬ ਕੁਝ ਭਾਵੁਕ ਜਿਹੇ ਹੋ ਗਏ।
“ਠੀਕ ਹੈ ਬੇਟਾ, ਮੈਂ ਖਿਆਲ ਰੱਖਾਂਗਾ। ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਕਦੇ ਵੀ ਕਿਸੇ ਕੁੜੀ ਨੂੰ ਹੱਸਣ ਤੋਂ ਨਾ ਰੋਕਾਂ।”
ਕਾਫ਼ੀ ਦੇਰ ਤੱਕ ਏਧਰ ਓਧਰ ਦੀਆਂ ਗੱਲਾਂ ਕਰਨ ਉਪਰੰਤ ਮੈਂ ਉੱਠਣਾ ਚਾਹਿਆ। ਡਾਕਟਰ ਸਾਹਿਬ ਨੇ ਵੀ ਪੀਰੀਅਡ ਲੈਣਾ ਸੀ।
ਡਾਕਟਰ ਸਾਹਿਬ ਮੇਰੇ ਨਾਲ ਹੀ ਆਪਣੇ ਦਫ਼ਤਰ ਤੋਂ ਬਾਹਰ ਆ ਗਏ। ਬਹੁਤ ਸਾਰੀਆਂ ਅਸੀਸਾਂ ਤੇ ਮਣਾਂ ਮੂੰਹੀ ਪਿਆਰ ਦਿੰਦੇ ਹੋਏ ਬੋਲੇ, “ਬੇਟਾ ਇੱਕ ਵਾਰ ਉਸੇ ਤਰ੍ਹਾਂ ਹੱਸ ਕੇ ਦਿਖਾਓ। ਹੁਣ ਮੈਂ ਬਿਲਕੁਲ ਵੀ ਨਹੀਂ ਟੋਕਾਂਗਾ।”
ਮੈਂ ਖਿੜ ਖਿੜ ਕਰਕੇ ਹੱਸ ਪਈ। ਡਾਕਟਰ ਸਾਹਿਬ ਨੇ ਮੈਨੂੰ ਘੁੱਟ ਕੇ ਆਪਣੇ ਨਾਲ ਲਗਾ ਲਿਆ। ਸਿਰ ‘ਤੇ ਹੱਥ ਰੱਖਿਆ ਤੇ ਕਿਹਾ,”ਸਦਾ ਖੁਸ਼ ਰਹੋ। ਹੱਸਦੇ ਵੱਸਦੇ ਰਹੋ!”
ਮੈਂ ਢੇਰ ਸਾਰਾ ਪਿਆਰ ਤੇ ਅਸੀਸਾਂ ਲੈ ਕੇ ਹੱਸਦੀ ਹੱਸਦੀ ਡਾ. ਸਾਹਿਬ ਦੇ ਕਮਰੇ ‘ਚੋਂ ਆ ਰਹੀ ਸਾਂ।