ਲੇਖਕ ਚੇਤਨਾ ਦਾ ਦਸਤਾਵੇਜ਼ ‘ਮੈਂ ਕਿਉਂ ਲਿਖਦਾ ਹਾਂ’
ਪੰਜਾਬੀ ਸਾਹਿਤ ਵਿੱਚ ਸੰਪਾਦਿਤ ਪੁਸਤਕਾਂ ਦੀ ਪਰੰਪਰਾ ਬਹੁਤ ਪੁਰਾਣੀ ਹੈ। ਕਵਿਤਾ, ਕਹਾਣੀ, ਲੇਖ, ਨਾਟਕ ਅਤੇ ਆਲੋਚਨਾ ਦੀਆਂ ਸੰਪਾਦਿਤ ਕਿਤਾਬਾਂ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ, ਪਰ ਕਿਸੇ ਇੱਕ ਪ੍ਰਸ਼ਨ ਨੂੰ ਕੇਂਦਰ ਵਿੱਚ ਰੱਖ ਕੇ ਵੱਖ-ਵੱਖ ਰਚਨਾਕਾਰਾਂ ਦੇ ਵਿਚਾਰ ਇਕੱਠੇ ਕਰਨ ਦੇ...
ਪੰਜਾਬੀ ਸਾਹਿਤ ਵਿੱਚ ਸੰਪਾਦਿਤ ਪੁਸਤਕਾਂ ਦੀ ਪਰੰਪਰਾ ਬਹੁਤ ਪੁਰਾਣੀ ਹੈ। ਕਵਿਤਾ, ਕਹਾਣੀ, ਲੇਖ, ਨਾਟਕ ਅਤੇ ਆਲੋਚਨਾ ਦੀਆਂ ਸੰਪਾਦਿਤ ਕਿਤਾਬਾਂ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ, ਪਰ ਕਿਸੇ ਇੱਕ ਪ੍ਰਸ਼ਨ ਨੂੰ ਕੇਂਦਰ ਵਿੱਚ ਰੱਖ ਕੇ ਵੱਖ-ਵੱਖ ਰਚਨਾਕਾਰਾਂ ਦੇ ਵਿਚਾਰ ਇਕੱਠੇ ਕਰਨ ਦੇ ਯਤਨ ਬਹੁਤ ਘੱਟ ਮਿਲਦੇ ਹਨ ਜਾਂ ਮਿਲਦੇ ਹੀ ਨਹੀਂ। ਇਸ ਦ੍ਰਿਸ਼ਟੀ ਤੋਂ ਸੁਖਿੰਦਰ ਵੱਲੋਂ ਸੰਪਾਦਿਤ ਪੁਸਤਕ ‘ਮੈਂ ਕਿਉਂ ਲਿਖਦਾ ਹਾਂ’ ਇੱਕ ਵਿਲੱਖਣ ਸੰਪਾਦਕੀ ਉਪਰਾਲਾ ਹੈ। ਇਸ ਦਾ ਕੇਂਦਰੀ ਪ੍ਰਸ਼ਨ ‘ਮੈਂ ਕਿਉਂ ਲਿਖਦਾ ਹਾਂ’ ਸਿਰਫ਼ ਇੱਕ ਨਿੱਜੀ ਸਵਾਲ ਨਹੀਂ, ਸਗੋਂ ਰਚਨਾ-ਪ੍ਰਕਿਰਿਆ, ਲੇਖਕ-ਚੇਤਨਾ, ਵਿਚਾਰਧਾਰਾ, ਸਮਾਜਿਕ ਜ਼ਿੰਮੇਵਾਰੀ ਅਤੇ ਸਾਹਿਤ ਦੇ ਉਦੇਸ਼ ਨਾਲ ਜੁੜਿਆ ਇੱਕ ਬੁਨਿਆਦੀ ਸਵਾਲ ਹੈ। ਇਸੇ ਕਾਰਨ ਇਹ ਪੁਸਤਕ ਸਿਰਫ਼ ਲੇਖਾਂ ਦਾ ਇਕੱਠ ਨਹੀਂ, ਬਲਕਿ ਪੰਜਾਬੀ ਦੇ ਸਮਕਾਲੀ ਸਾਹਿਤਕਾਰਾਂ ਦੀ ਸਿਰਜਣ-ਚੇਤਨਾ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਵੀ ਬਣ ਜਾਂਦੀ ਹੈ।
ਸੰਪਾਦਕ ਸੁਖਿੰਦਰ ਨੇ ਇਸ ਪੁਸਤਕ ਵਿਚ ਬਹੱਤਰ ਲੇਖਕਾਂ ਨੂੰ ਇਕੱਠਾ ਕੀਤਾ ਹੈ। ਇਨ੍ਹਾਂ ਵਿੱਚ ਭਾਰਤ ਦੇ ਨਾਲ-ਨਾਲ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਇਟਲੀ, ਗਰੀਸ ਅਤੇ ਆਸਟਰੇਲੀਆ ਵਿੱਚ ਵਸਦੇ ਪੰਜਾਬੀ ਲੇਖਕ ਵੀ ਸ਼ਾਮਲ ਹਨ। ਇਸ ਤਰ੍ਹਾਂ ਇਹ ਪੁਸਤਕ ਭੂਗੋਲਿਕ ਹੱਦਾਂ ਤੋਂ ਪਰੇ ਵਿਸ਼ਵ-ਪੰਜਾਬੀ ਸਾਹਿਤਕ ਸਿਰਜਣ-ਚੇਤਨਾ ਨੂੰ ਇੱਕ ਮੰਚ ’ਤੇ ਲਿਆਉਂਦੀ ਹੈ। ਇਹ ਸੰਪਾਦਕੀ ਮਿਹਨਤ ਆਪਣੇ ਆਪ ਵਿੱਚ ਸ਼ਲਾਘਾਯੋਗ ਹੈ।
ਪੁਸਤਕ ਦੀ ਭੂਮਿਕਾ ਪੜ੍ਹਦਿਆਂ ਸਪੱਸ਼ਟ ਹੁੰਦਾ ਹੈ ਕਿ ਇਸ ਪੁਸਤਕ ਦਾ ਜਨਮ ਕਿਸੇ ਪ੍ਰਕਾਸ਼ਕੀ ਯੋਜਨਾ ਨਾਲੋਂ ਵੱਧ ਇੱਕ ਬੌਧਿਕ ਜਗਿਆਸਾ ਵਿੱਚੋਂ ਹੋਇਆ ਹੈ। ਸੰਪਾਦਕ ਦੇ ਮਨ ਵਿੱਚ ਇਹ ਸਵਾਲ ਸੀ ਕਿ ਲੇਖਕ ਆਖ਼ਿਰ ਲਿਖਦਾ ਕਿਉਂ ਹੈ? ਕੀ ਉਹ ਆਪਣੇ ਲਈ ਲਿਖਦਾ ਹੈ, ਸਮਾਜ ਲਈ, ਵਿਚਾਰਧਾਰਾ ਲਈ, ਭਾਸ਼ਾ ਲਈ ਜਾਂ ਇਤਿਹਾਸ ਲਈ? ਇਹ ਪ੍ਰਸ਼ਨ ਜਿੰਨਾ ਸਾਧਾਰਨ ਲੱਗਦਾ ਹੈ, ਓਨਾ ਹੀ ਜਟਿਲ ਹੈ ਕਿਉਂਕਿ ਹਰ ਰਚਨਾਕਾਰ ਦਾ ਜਵਾਬ ਉਸ ਦੇ ਜੀਵਨ-ਅਨੁਭਵ, ਸਾਹਿਤਕ ਵਿਚਾਰਧਾਰਾ, ਉਸ ਦੇ ਜੀਵਨ ਅਤੇ ਸਾਹਿਤ ਸਿਰਜਣਾ ਦੇ ਸੰਘਰਸ਼ ਨਾਲ ਵੀ ਸਬੰਧਿਤ ਹੁੰਦਾ ਹੈ। ਇਸ ਪੁਸਤਕ ਦਾ ਮੂਲ ਮੰਤਵ ਪਾਠਕ ਨੂੰ ਸਾਹਿਤਕ ਰਚਨਾ ਤੋਂ ਪਹਿਲਾਂ ਸਾਹਿਤਕਾਰ ਦੇ ਮਨ ਤੱਕ ਲੈ ਜਾਣਾ ਹੈ।
ਇਸ ਸਾਹਿਤਕ ਉੱਦਮ ਨੂੰ ਪੜ੍ਹਦਿਆਂ ਸਭ ਤੋਂ ਪਹਿਲਾਂ ਜੋ ਗੱਲ ਪ੍ਰਭਾਵਿਤ ਕਰਦੀ ਹੈ, ਉਹ ਹੈ ਵਿਚਾਰਾਂ ਦੀ ਵਿਭਿੰਨਤਾ। ਵੱਖ-ਵੱਖ ਲੇਖਕਾਂ ਨੇ ਸਾਹਿਤਕ ਸਿਰਜਣਾ ਦੇ ਕਾਰਜ ਨੂੰ ਕਿਸੇ ਨਿਸ਼ਚਿਤ ਪਰਿਭਾਸ਼ਾ ਦੇ ਘੇਰੇ ਵਿੱਚ ਸੀਮਤ ਕਰਨ ਦਾ ਯਤਨ ਨਹੀਂ ਕੀਤਾ। ਕੋਈ ਲੇਖਕ ਲਿਖਣ ਨੂੰ ਅੰਦਰਲੀ ਬੇਚੈਨੀ ਤੋਂ ਮੁਕਤੀ ਦਾ ਸਾਧਨ ਮੰਨਦਾ ਹੈ, ਕੋਈ ਸਮਾਜਿਕ ਵਿਸੰਗਤੀਆਂ ਦੇ ਵਿਰੁੱਧ ਹਥਿਆਰ, ਕੋਈ ਮਨੁੱਖੀ ਕਰੁਣਾ ਦਾ ਪ੍ਰਗਟਾਵਾ, ਕੋਈ ਇਤਿਹਾਸ ਦੀ ਗਵਾਹੀ, ਕੋਈ ਲੇਖਣੀ ਦੇ ਪਿਛੋਕੜ ਵਿੱਚ ਕਿਸੇ ਅਦਿੱਖ ਸ਼ਕਤੀ ਦੀ ਹੋਂਦ ਅਤੇ ਕੋਈ ਸਿਰਫ਼ ਆਪਣੇ ਅੰਦਰਲੇ ਸੱਚ ਨੂੰ ਪ੍ਰਗਟ ਕਰਨ ਦਾ ਮਾਧਿਅਮ। ਵਿਚਾਰਾਂ ਦੀ ਇਹ ਵਿਭਿੰਨਤਾ ਦੱਸਦੀ ਹੈ ਕਿ ਸਾਹਿਤ ਦਾ ਕੋਈ ਇੱਕ ਕੇਂਦਰ ਨਹੀਂ ਹੁੰਦਾ; ਹਰ ਸਾਹਿਤ ਸਿਰਜਕ ਆਪਣਾ ਕੇਂਦਰ ਆਪ ਸਿਰਜਦਾ ਹੈ। ਇਹ ਪੁਸਤਕ ਲਿਖਣ ਕਲਾ ਦੇ ਅਨੇਕਾਂ ਸਰੋਤਾਂ ਅਤੇ ਦਿਸ਼ਾਵਾਂ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦੀ ਹੈ।
ਸੰਪਾਦਕ ਦੀ ਭੂਮਿਕਾ ਇਸ ਸੰਕਲਨ ਦਾ ਇੱਕ ਮਹੱਤਵਪੂਰਨ ਅੰਗ ਹੈ। ਉਹ ਕੇਵਲ ਇਸ ਹਵਾਲਾ ਗ੍ਰੰਥ ਦਾ ਪਿਛੋਕੜ ਹੀ ਨਹੀਂ ਦਿੰਦਾ, ਸਗੋਂ ਸਮਕਾਲੀ ਪੰਜਾਬੀ ਸਾਹਿਤ, ਵਿਚਾਰਧਾਰਕ ਰੁਝਾਨਾਂ ਅਤੇ ਕੁਝ ਸਾਹਿਤਕ ਪ੍ਰਵਿਰਤੀਆਂ ਬਾਰੇ ਆਪਣੇ ਸਪੱਸ਼ਟ ਵਿਚਾਰ ਵੀ ਪ੍ਰਗਟ ਕਰਦਾ ਹੈ। ਇਹ ਬੇਬਾਕੀ ਭੂਮਿਕਾ ਨੂੰ ਰੌਚਕ ਬਣਾਉਂਦੀ ਹੈ, ਪਰ ਕੁਝ ਥਾਵਾਂ ’ਤੇ ਕਈ ਵਿਚਾਰ ਵਿਸ਼ੇ ਤੋਂ ਬਾਹਰ ਜਾਂਦੇ ਪ੍ਰਤੀਤ ਹੁੰਦੇ ਹਨ। ਸੁਖਿੰਦਰ ਨੇ ਇੱਕ ਬਹੁਤ ਹੀ ਕਠੋਰ ਸੱਚਾਈ ਵੀ ਲਿਖੀ ਹੈ: ‘ਜਦੋਂ ਤੱਕ ਤੁਸੀਂ ਇਸ ਗੱਲ ਬਾਰੇ ਹੀ ਸਪੱਸ਼ਟ ਨਹੀਂ ਕਿ ਤੁਸੀਂ ਕਿਉਂ ਲਿਖਣਾ ਚਾਹੁੰਦੇ ਹੋ, ਉਦੋਂ ਤੱਕ ਤੁਸੀਂ ਇਸ ਗੱਲ ਬਾਰੇ ਵੀ ਸਪੱਸ਼ਟ ਨਹੀਂ ਹੋ ਸਕਦੇ ਕਿ ਤੁਸੀਂ ਕੀ ਲਿਖਣਾ ਚਾਹੁੰਦੇ ਹੋ?’
ਇਸ ਸੰਗ੍ਰਹਿ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕਿਸੇ ਇੱਕ ਪੀੜ੍ਹੀ, ਇੱਕ ਵਿਧਾ ਜਾਂ ਇੱਕ ਵਿਚਾਰਧਾਰਾ ਦੀ ਹੀ ਚਰਚਾ ਨਹੀਂ ਮਿਲਦੀ। ਪੰਜਾਬੀ ਅਦਬ ਦੇ ਕੁਝ ਸ਼ਾਹਸਵਾਰ, ਕੁਝ ਸਾਹਿਤਕ ਪਿੜ ਵਿੱਚ ਸਥਾਪਤੀ ਲਈ ਸਰਗਰਮ ਅਤੇ ਕੁਝ ਨਵੀਂ ਪੀੜ੍ਹੀ ਦੇ ਲੇਖਕ ਇਕੱਠੇ ਹੀ ਮੌਜੂਦ ਹਨ। ਪਾਠਕ ਇੱਕੋ ਥਾਂ ’ਤੇ ਵੱਖ-ਵੱਖ ਰਚਨਾਤਮਕ ਸੁਭਾਵਾਂ, ਵਿਚਾਰਧਾਰਕ ਝੁਕਾਵਾਂ ਅਤੇ ਜੀਵਨ-ਅਨੁਭਵਾਂ ਦੇ ਰੂ-ਬ-ਰੂ ਹੁੰਦਾ ਹੈ।
ਇਸ ਦੇ ਨਾਲ ਹੀ ਇਹ ਵੀ ਕਹਿਣਾ ਪਵੇਗਾ ਕਿ ਅਜਿਹੇ ਯਤਨ ਦੀ ਸਫਲਤਾ ਕੇਵਲ ਸੰਪਾਦਕੀ ਮਿਹਨਤ ’ਤੇ ਹੀ ਨਿਰਭਰ ਨਹੀਂ ਕਰਦੀ; ਇਹ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਲੇਖਕ ਦਿੱਤੇ ਗਏ ਪ੍ਰਸ਼ਨ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ। ਇਹੀ ਉਹ ਬਿੰਦੂ ਹੈ ਜਿੱਥੋਂ ਇਸ ਪੁਸਤਕ ਦਾ ਆਲੋਚਨਾਤਮਕ ਮੁਲਾਂਕਣ ਸ਼ੁਰੂ ਹੁੰਦਾ ਹੈ। ਸੱਚਾਈ ਇਹ ਹੈ ਕਿ ਸਾਰੇ ਲੇਖ ਇੱਕੋ ਪੱਧਰ ਦੇ ਨਹੀਂ ਹਨ। ਕੁਝ ਲੇਖ ਸੱਚਮੁੱਚ ਰਚਨਾ-ਪ੍ਰਕਿਰਿਆ ਦੀਆਂ ਅੰਦਰੂਨੀ ਪਰਤਾਂ ਖੋਲ੍ਹਦੇ ਹਨ, ਜਦਕਿ ਕੁਝ ਲੇਖ ਇਸ ਮੌਕੇ ਨੂੰ ਆਤਮ-ਪਛਾਣ ਜਾਂ ਸੰਖੇਪ ਜੀਵਨ-ਬਿਰਤਾਂਤ ਤੱਕ ਹੀ ਸੀਮਤ ਕਰ ਦਿੰਦੇ ਹਨ (ਇਸ ਤੱਥ ਦਾ ਪ੍ਰਗਟਾਵਾ ਸੁਖਿੰਦਰ ਨੇ ਆਪ ਵੀ ਕੀਤਾ ਹੈ)। ਇਸ ਲਈ ਇਸ ਪੁਸਤਕ ਨੂੰ ਇੱਕੋ ਮਾਪਦੰਡ ਨਾਲ ਨਹੀਂ ਪੜ੍ਹਿਆ ਜਾ ਸਕਦਾ; ਅਜਿਹਾ ਵੱਖਰੇਵਾਂ ਹੀ ਇਸ ਪੁਸਤਕ ਦੀ ਤਾਕਤ ਵੀ ਹੈ, ਚੁਣੌਤੀ ਵੀ ਅਤੇ ਕਿਤੇ-ਕਿਤੇ ਅਕੇਵਾਂ ਪੈਦਾ ਕਰਨ ਵਾਲੀ ਵੀ।
ਇਸ ਤੋਂ ਪਹਿਲਾਂ ਕਿ ਮੈਂ ਇਸ ਪੁਸਤਕ ਦੇ ਕੁਝ ਲੇਖਾਂ ’ਤੇ ਚਰਚਾ ਕਰਾਂ, ਪਹਿਲਾਂ ਪੇਸ਼ ਕੀਤੇ ਵਿਸ਼ੇ ਉੱਤੇ ਵਿਸ਼ਵ-ਪੱਧਰ ’ਤੇ ਹੋਏ ਕਾਰਜਾਂ ਸਬੰਧੀ ਵੀ ਸੰਖੇਪ ਵਿੱਚ ਲਿਖਣਾ ਚਾਹੁੰਦਾ ਹਾਂ। ਪ੍ਰੋ. ਜਸਪਾਲ ਸਿੰਘ ਨੇ ਆਪਣੇ ਲੇਖ ’ਤੇ ਇਹ ਦਰਜ ਕੀਤਾ ਹੈ ਕਿ 1946 ਵਿੱਚ ਇੰਗਲੈਂਡ ਤੋਂ ਪ੍ਰਕਾਸ਼ਿਤ ‘ਗਾਂਗਰੇਲ’ ਮੈਗਜ਼ੀਨ ਵਿੱਚ ਇਸ ਵਿਸ਼ੇ ’ਤੇ ਕਈ ਲੇਖ ਛਪੇ ਸਨ। ਇਨ੍ਹਾਂ ਵਿੱਚੋਂ ਜਾਰਜ ਓਰਵੈੱਲ ਦਾ ਲੇਖ ਸਭ ਤੋਂ ਵੱਧ ਚਰਚਿਤ ਹੋਇਆ। ਇਸ ਵਿਸ਼ੇ ’ਤੇ ਹੋਰ ਘੋਖਣ ਤੋਂ ਬਾਅਦ ਮੈਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ‘ਗਾਂਗਰੇਲ’ ਮੈਗਜ਼ੀਨ ਵਿੱਚ ਸਿਰਫ਼ ਚਾਰ ਲੇਖ ਸ਼ਾਮਲ ਸਨ। ਉਸ ਤੋਂ ਬਾਅਦ 1998 ਵਿੱਚ ਵਿਲ ਬਲਾਇਥ ਨੇ ਇੱਕ ਪੁਸਤਕ ‘ਵਾਏ ਆਈ ਰਾਈਟ: ਥੌਟਸ ਆਨ ਦਿ ਕਰਾਫਟ ਆਫ ਫਿਕਸ਼ਨ’ ਦੀ ਸੰਪਾਦਨਾ ਕੀਤੀ, ਜਿਸ ਵਿੱਚ 26 ਅਮਰੀਕੀ ਗਲਪਕਾਰਾਂ ਦੇ ਲੇਖ ਸ਼ਾਮਲ ਸਨ। ਹਿੰਦੀ ਭਾਸ਼ਾ ਵਿੱਚ ਵੀ ਇਸ ਵਿਸ਼ੇ ’ਤੇ ਇੱਕ-ਦੋ ਕਿਤਾਬਾਂ ਦਾ ਹਵਾਲਾ ਮਿਲਦਾ ਹੈ। ਇਸ ਤੋਂ ਇਲਾਵਾ ਮਰਾਠੀ, ਬੰਗਾਲੀ ਅਤੇ ਉਰਦੂ ਵਿੱਚ ਵੀ ਕੁਝ ਲੇਖਕਾਂ ਨੇ ਇਸ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟਾਏ ਹਨ, ਪਰ ਇਸ ਗੱਲ ਦਾ ਸਿਹਰਾ ਹਥਲੀ ਪੁਸਤਕ ਦੇ ਸੰਪਾਦਕ ਸੁਖਿੰਦਰ ਨੂੰ ਹੀ ਜਾਂਦਾ ਹੈ ਕਿ ਉਸ ਨੇ ਇਸ ਵੱਡ ਅਕਾਰੀ ਪੁਸਤਕ ਵਿੱਚ 72 ਪੰਜਾਬੀ ਲੇਖਕਾਂ ਨੂੰ ਇੱਕ ਹੀ ਮੰਚ ’ਤੇ ਇਕੱਠਾ ਕੀਤਾ ਹੈ।
ਅਤਰਜੀਤ ਦੇ ਲੇਖ ਵਿੱਚ ਸਿਰਜਣ-ਪ੍ਰਕਿਰਿਆ ਦਾ ਸਬੰਧ ਜੀਵਨ ਦੀਆਂ ਗੁੰਝਲਾਂ ਅਤੇ ਮਨੁੱਖ ਦੇ ਅੰਦਰਲੇ ਸੰਸਾਰ ਨਾਲ ਜੁੜਦਾ ਹੈ। ਉਨ੍ਹਾਂ ਲਈ ਲਿਖਣਾ ਕਿਸੇ ਬਾਹਰੀ ਆਦੇਸ਼ ਦਾ ਨਤੀਜਾ ਨਹੀਂ, ਸਗੋਂ ਅੰਦਰੋਂ ਉੱਠਣ ਵਾਲੀ ਅਜਿਹੀ ਲੋੜ ਹੈ ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਰਚਨਾਤਮਕ ਚੇਤਨਾ ਇਹ ਸੰਕੇਤ ਦਿੰਦੀ ਹੈ ਕਿ ਸਾਹਿਤਕਾਰ ਆਪਣੇ ਸਮੇਂ ਅਤੇ ਸਮਾਜ ਤੋਂ ਵੱਖ ਹੋ ਕੇ ਨਹੀਂ ਲਿਖਦਾ; ਉਸ ਦੇ ਨਿੱਜੀ ਅਨੁਭਵ ਵੀ ਸਮਾਜਿਕ ਅਰਥ ਗ੍ਰਹਿਣ ਕਰ ਲੈਂਦੇ ਹਨ। ਉਨ੍ਹਾਂ ਲਈ ‘ਦਲਿਤ ਜਾਤਾਂ ਹੀ ਦਲਿਤ ਸਮਾਜ ਨਹੀਂ, ਹਰ ਲੁੱਟਿਆ ਜਾ ਰਿਹਾ ਬਸ਼ਰ ਹੀ ਦਲਿਤ ਹੈ।’
ਅਰਤਿੰਦਰ ਸੰਧੂ ਦੀ ਰਚਨਾ ਵਿੱਚ ਲਿਖਣ ਦਾ ਸਰੋਤ ਸੰਵੇਦਨਾ ਅਤੇ ਜੀਵਨ ਦੀਆਂ ਅੰਦਰੂਨੀ ਉਥਲ-ਪੁਥਲਾਂ ਹਨ। ਉਨ੍ਹਾਂ ਦੇ ਅਨੁਭਵ ਵਿੱਚ ਸ਼ਬਦ ਕੇਵਲ ਵਿਚਾਰ ਪ੍ਰਗਟ ਕਰਨ ਦਾ ਮਾਧਿਅਮ ਨਹੀਂ ਰਹਿੰਦੇ, ਸਗੋਂ ਉਹ ਮਨੁੱਖ ਨੂੰ ਉਸ ਦੇ ਆਪਣੇ ਅੰਦਰ ਨਾਲ ਮਿਲਾਉਂਦੇ ਹਨ। ਇਸ ਦ੍ਰਿਸ਼ਟੀ ਤੋਂ ਉਨ੍ਹਾਂ ਦਾ ਲੇਖ ਲਿਖਣ ਦੇ ਮਨੋਵਿਗਿਆਨਕ ਪੱਖ ਨੂੰ ਉਭਾਰਦਾ ਹੈ।
ਸੁਖਿੰਦਰ ਦੇ ਲੇਖ ਵਿੱਚ ਲਿਖਣ ਨੂੰ ਇੱਕ ਲੰਬੀ ਰਚਨਾਤਮਕ ਯਾਤਰਾ ਦੇ ਰੂਪ ਵਿੱਚ ਦੇਖਿਆ ਗਿਆ ਹੈ। ਪੜ੍ਹਨ, ਜੀਵਨ-ਅਨੁਭਵ ਅਤੇ ਸਾਹਿਤਕ ਸੰਪਰਕ ਨੇ ਉਨ੍ਹਾਂ ਦੀ ਲਿਖਤ ਨੂੰ ਕਿਵੇਂ ਰੂਪ ਦਿੱਤਾ, ਇਹ ਉਨ੍ਹਾਂ ਦੀ ਸਿਰਜਣ-ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੈ। ਇਸ ਪੁਸਤਕ ਦੇ ਸੰਪਾਦਕ ਹੋਣ ਦੇ ਨਾਤੇ ਵੀ ਉਨ੍ਹਾਂ ਦਾ ਆਪਣਾ ਲੇਖ ਅਤੇ ਸੰਪਾਦਕੀ ਯਤਨ ਮਿਲ ਕੇ ਇਹ ਸਾਬਤ ਕਰਦੇ ਹਨ ਕਿ ਲਿਖਣਾ ਕੇਵਲ ਇਕੱਲੇ ਵਿਅਕਤੀ ਦੀ ਕਿਰਿਆ ਨਹੀਂ, ਸਗੋਂ ਇੱਕ ਸਾਹਿਤਕ ਪਰੰਪਰਾ ਅਤੇ ਸਾਂਝੀ ਸੱਭਿਆਚਾਰਕ ਚੇਤਨਾ ਨਾਲ ਜੁੜਿਆ ਕਾਰਜ ਵੀ ਹੈ। ਉਹ ਸਿਰਫ਼ ਸੁਹਜ ਲਈ ਹੀ ਨਹੀਂ ਲਿਖਦਾ ਬਲਕਿ ਹਰ ਤਰ੍ਹਾਂ ਦੀਆਂ ਜਿਆਦਤੀਆਂ ਵਿਰੁੱਧ ਲਿਖਣ ਵੱਲ ਪ੍ਰੇਰਿਤ ਹੁੰਦਾ ਹੈ।
ਸੁਖਪਾਲ ਸੰਘੇੜਾ ਦੇ ਲੇਖ ਵਿੱਚ ਲਿਖਣ ਦੀ ਪ੍ਰੇਰਣਾ ਦਾ ਸਰੋਤ ਸਮਾਜਿਕ ਅਤੇ ਰਾਜਨੀਤਕ ਚੇਤਨਾ ਹੈ। ਉਨ੍ਹਾਂ ਦੀ ਸ਼ੁਰੂਆਤੀ ਰਚਨਾ ਉੱਤੇ ਪੰਜਾਬ ਦੇ ਸਮਾਜਿਕ-ਰਾਜਨੀਤਕ ਮਾਹੌਲ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਅਤੇ ਉਨ੍ਹਾਂ ਦੀ ਕਵਿਤਾ ਹੌਲੀ-ਹੌਲੀ ਨਿੱਜੀ ਭਾਵੁਕਤਾ ਤੋਂ ਅੱਗੇ ਵਧ ਕੇ ਸਮਾਜਿਕ ਸਮੱਸਿਆਵਾਂ ਅਤੇ ਆਦਰਸ਼ ਮਨੁੱਖ ਦੀ ਸਿਰਜਣਾ ਨਾਲ ਜੁੜਦੀ ਹੈ। ਉਨ੍ਹਾਂ ਲਈ ਸਾਹਿਤ ਕੇਵਲ ਸੁੰਦਰਤਾ ਦਾ ਖੇਤਰ ਨਹੀਂ, ਸਗੋਂ ਲੋਕ-ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਮਾਧਿਅਮ ਵੀ ਹੈ। ਉਹ ਲਿਖਣ ਨੂੰ ਇੱਕ ਕਿਸਮ ਦੀ ਮਿਸ਼ਨਰੀ ਜ਼ਿੰਮੇਵਾਰੀ ਮੰਨਦੇ ਹਨ।
ਇਸੇ ਵਿਚਾਰਧਾਰਕ ਦਿਸ਼ਾ ਨੂੰ ਪਰਗਟ ਸਿੰਘ ਸਤੌਜ ਦੇ ਲੇਖ ਵਿੱਚ ਹੋਰ ਸਪੱਸ਼ਟ ਰੂਪ ਮਿਲਦਾ ਹੈ। ਉਨ੍ਹਾਂ ਦੇ ਲਿਖਣ ਦੇ ਪਿੱਛੇ ਸਮਾਜਵਾਦੀ ਸੁਪਨੇ ਅਤੇ ਮਨੁੱਖੀ ਬਰਾਬਰੀ ਦੀ ਇੱਛਾ ਮੌਜੂਦ ਹੈ। ਉਨ੍ਹਾਂ ਦੀ ਬੇਚੈਨੀ ਇਸ ਗੱਲ ਤੋਂ ਪੈਦਾ ਹੁੰਦੀ ਹੈ ਕਿ ਉੱਚੇ ਵਿਚਾਰ ਕਈ ਵਾਰ ਵਿਵਹਾਰਕ ਜੀਵਨ ਵਿੱਚ ਆਪਣੀ ਅਸਲ ਸ਼ਕਤੀ ਗੁਆ ਬੈਠਦੇ ਹਨ। ਇਸ ਲਈ ਉਨ੍ਹਾਂ ਦਾ ਲਿਖਣਾ ਕੇਵਲ ਵਿਚਾਰਾਂ ਦਾ ਪ੍ਰਚਾਰ ਨਹੀਂ, ਸਗੋਂ ਵਿਚਾਰ ਅਤੇ ਜੀਵਨ ਵਿਚਕਾਰ ਪੈਦਾ ਹੋਏ ਅੰਤਰ ਨੂੰ ਪਛਾਣਨ ਦੀ ਕੋਸ਼ਿਸ਼ ਵੀ ਹੈ।
ਨਿਰੰਜਣ ਬੋਹਾ ਦੀ ਰਚਨਾਤਮਕ ਦ੍ਰਿਸ਼ਟੀ ਵਿੱਚ ਸਮਾਜਿਕ ਯਥਾਰਥ ਅਤੇ ਮਨੁੱਖੀ ਮੁੱਲਾਂ ਦੀ ਚਿੰਤਾ ਪ੍ਰਮੁੱਖ ਹੈ। ਉਹ ਲਿਖਣ ਨੂੰ ਆਪਣੇ ਸਮੇਂ ਦੀਆਂ ਵਿਸੰਗਤੀਆਂ ਪ੍ਰਤੀ ਸੰਵੇਦਨਸ਼ੀਲ ਪ੍ਰਤੀਕਿਰਿਆ ਵਜੋਂ ਦੇਖਦੇ ਹਨ। ਉਨ੍ਹਾਂ ਦੇ ਲੇਖ ਵਿੱਚ ਇਹ ਚੇਤਨਾ ਉੱਭਰਦੀ ਹੈ ਕਿ ਪਦਾਰਥਵਾਦੀ ਦੌੜ ਨੇ ਮਨੁੱਖੀ ਰਿਸ਼ਤਿਆਂ, ਸੱਭਿਆਚਾਰਕ ਅਤੇ ਨੈਤਿਕ ਮੁੱਲਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਥਿਤੀ ਵਿੱਚ ਸਾਹਿਤਕਾਰ ਦੀ ਭੂਮਿਕਾ ਕੇਵਲ ਦਰਸ਼ਕ ਦੀ ਨਹੀਂ ਰਹਿ ਸਕਦੀ। ਉਸ ਨੂੰ ਮਨੁੱਖੀ ਸੰਵੇਦਨਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਪੱਖ ਵਿੱਚ ਆਪਣੀ ਆਵਾਜ਼ ਉਠਾਉਣੀ ਪੈਂਦੀ ਹੈ।
ਧਰਮਪਾਲ ਸਾਹਿਲ ਦੇ ਲੇਖ ਵਿੱਚ ਲਿਖਣ ਦੀ ਪ੍ਰੇਰਣਾ ਮਨੁੱਖੀ ਪੀੜ ਅਤੇ ਸਮਾਜਿਕ ਬੇਇਨਸਾਫ਼ੀ ਦੇ ਅਨੁਭਵ ਨਾਲ ਜੁੜਦੀ ਹੈ। ਉਹ ਸਾਹਿਤਕਾਰ ਨੂੰ ਸਮਾਜ ਦੇ ਪ੍ਰਤੀ ਜਵਾਬਦੇਹ ਮੰਨਦੇ ਹਨ। ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਲੇਖਕ ਭਾਵੇਂ ਸਾਰੀ ਅੱਗ ਨਾ ਬੁਝਾ ਸਕੇ, ਪਰ ਉਸ ਨੂੰ ਆਪਣੇ ਹਿੱਸੇ ਦਾ ਪਾਣੀ ਅੱਗ ਉੱਤੇ ਜ਼ਰੂਰ ਛਿੜਕਣਾ ਚਾਹੀਦਾ ਹੈ।
ਸਤਪਾਲ ਭੀਖੀ ਦੀ ਰਚਨਾਤਮਕ ਸੋਚ ਵਿੱਚ ਲੋਕ-ਜੀਵਨ, ਲੋਕ-ਭਾਸ਼ਾ ਅਤੇ ਮਨੁੱਖੀ ਰਿਸ਼ਤਿਆਂ ਦੀ ਮਹੱਤਤਾ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਲੇਖ ਵਿੱਚ ਸਿਰਜਣ ਦੀ ਪ੍ਰਕਿਰਿਆ ਨੂੰ ਹੱਸਣ ਅਤੇ ਰੋਣ, ਖ਼ੁਸ਼ੀ ਅਤੇ ਪੀੜ, ਯਾਦ ਅਤੇ ਅਨੁਭਵ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੀ ਰਚਨਾ-ਦ੍ਰਿਸ਼ਟੀ ਇਹ ਸਪੱਸ਼ਟ ਕਰਦੀ ਹੈ ਕਿ ਸਾਹਿਤ ਦੀਆਂ ਜੜਾਂ ਜੀਵਨ ਦੀ ਮਿੱਟੀ ਵਿੱਚ ਹੁੰਦੀਆਂ ਹਨ ਅਤੇ ਲੋਕ-ਅਨੁਭਵ ਸਿਰਜਣ ਨੂੰ ਸਦੀਵਤਾ ਪ੍ਰਦਾਨ ਕਰਦਾ ਹੈ।
ਸੁਹਿੰਦਰ ਬੀਰ ਅਤੇ ਸੁਰਜੀਤ ਸਿੰਘ ਫਲੋਰਾ ਦੇ ਲੇਖਾਂ ਵਿੱਚ ਪਰਵਾਸੀ ਜੀਵਨ ਦੇ ਅਨੁਭਵਾਂ ਅਤੇ ਪੰਜਾਬੀ ਪਛਾਣ ਦੀ ਚਿੰਤਾ ’ਤੇ ਵੀ ਚਰਚਾ ਕੀਤੀ ਗਈ ਹੈ। ਪਰਵਾਸ ਵਿੱਚ ਰਹਿੰਦੇ ਲੇਖਕ ਲਈ ਲਿਖਣਾ ਕੇਵਲ ਯਾਦਾਂ ਨੂੰ ਸੰਭਾਲਣਾ ਨਹੀਂ, ਸਗੋਂ ਆਪਣੇ ਸੱਭਿਆਚਾਰਕ ਅਸਤਿਤਵ ਨੂੰ ਬਚਾਈ ਰੱਖਣ ਦਾ ਯਤਨ ਵੀ ਹੈ।
ਜੀ. ਐੱਸ. ਨਕਸ਼ਦੀਪ ਪੰਜਕੋਹਾ ਦੇ ਲੇਖ ਵਿੱਚ ਭਾਸ਼ਾ ਅਤੇ ਸਾਹਿਤ ਪ੍ਰਤੀ ਸਰੋਕਾਰ ਵਿਸ਼ੇਸ਼ ਰੂਪ ਵਿੱਚ ਸਾਹਮਣੇ ਆਉਂਦਾ ਹੈ। ਉਨ੍ਹਾਂ ਦੀ ਰਚਨਾਤਮਕ ਯਾਤਰਾ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਅਤੇ ਸ਼ੁੱਧਤਾ ਬਾਰੇ ਕੰਮ ਕਰਨ ਦੀ ਪ੍ਰੇਰਣਾ ਵੀ ਮਿਲਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਲਈ ਲਿਖਣਾ ਕੇਵਲ ਕਲਪਨਾ ਜਾਂ ਭਾਵਨਾ ਦਾ ਪ੍ਰਗਟਾਵਾ ਨਹੀਂ, ਸਗੋਂ ਭਾਸ਼ਾ ਦੀ ਸੰਭਾਲ ਅਤੇ ਵਿਕਾਸ ਨਾਲ ਜੁੜੀ ਸੱਭਿਆਚਾਰਕ ਜ਼ਿੰਮੇਵਾਰੀ ਵੀ ਹੈ।
ਤ੍ਰੈਲੋਚਨ ਲੋਚੀ ਦੇ ਲੇਖ ਵਿੱਚ ਸ਼ਬਦ ਦੀ ਪਵਿੱਤਰਤਾ ਅਤੇ ਰਚਨਾ ਦੀ ਅੰਦਰੂਨੀ ਲੋੜ ਉੱਭਰ ਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਲਈ ਸ਼ਬਦ ਕੋਈ ਸਾਧਾਰਨ ਸਾਧਨ ਨਹੀਂ, ਸਗੋਂ ਬਹੁਤ ਕੀਮਤੀ ਅਤੇ ਪਵਿੱਤਰ ਅਨੁਭਵ ਹੈ। ਉਨ੍ਹਾਂ ਦੀ ਰਚਨਾਤਮਕ ਦ੍ਰਿਸ਼ਟੀ ਵਿੱਚ ਲਿਖਣਾ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਆਪਣੇ ਅੰਦਰਲੇ ਸੰਸਾਰ ਨੂੰ ਸ਼ਬਦਾਂ ਰਾਹੀਂ ਅਰਥ ਦਿੰਦਾ ਹੈ।
ਤੇਜਿੰਦਰ ਚੰਡਿਹੋਕ ਦੇ ਲੇਖ ਵਿੱਚ ਲਿਖਣਾ ਹੌਲੀ-ਹੌਲੀ ਇੱਕ ਆਦਤ, ਮਜਬੂਰੀ ਅਤੇ ਇਬਾਦਤ ਦਾ ਰੂਪ ਧਾਰ ਲੈਂਦਾ ਹੈ। ਉਹ ਲਿਖਣ ਨੂੰ ਪਹਿਲਾਂ ਮਨ ਦੀ ਸੰਤੁਸ਼ਟੀ ਨਾਲ ਜੋੜਦੇ ਹਨ, ਪਰ ਸਮੇਂ ਦੇ ਨਾਲ ਇਹ ਉਨ੍ਹਾਂ ਦੇ ਜੀਵਨ ਦਾ ਅਟੁੱਟ ਹਿੱਸਾ ਬਣ ਜਾਂਦਾ ਹੈ। ਇਹ ਵਿਚਾਰ ਕਈ ਹੋਰ ਲੇਖਕਾਂ ਨਾਲ ਵੀ ਸਾਂਝਾ ਹੈ। ਲਿਖਣਾ ਇੱਥੇ ਕਿਸੇ ਬਾਹਰੀ ਇਨਾਮ ਜਾਂ ਪ੍ਰਸਿੱਧੀ ਦੀ ਉਮੀਦ ਤੋਂ ਨਹੀਂ, ਸਗੋਂ ਅੰਦਰਲੀ ਲੋੜ ਤੋਂ ਜਨਮ ਲੈਂਦਾ ਹੈ।
ਦਰਸ਼ਨ ਸਿੰਘ ਆਸ਼ਟ ਦੇ ਲੇਖ ਵਿੱਚ ਲਿਖਣ ਦੀ ਪ੍ਰੇਰਣਾ ਜੀਵਨ-ਅਨੁਭਵਾਂ, ਪੜ੍ਹਨ ਦੀ ਆਦਤ ਅਤੇ ਸਾਹਿਤਕ ਸੰਵੇਦਨਾ ਦੇ ਵਿਕਾਸ ਨਾਲ ਜੁੜਦੀ ਹੈ। ਉਨ੍ਹਾਂ ਦੀ ਰਚਨਾਤਮਕ ਯਾਤਰਾ ਦਿਖਾਉਂਦੀ ਹੈ ਕਿ ਲੇਖਕ ਅਚਾਨਕ ਨਹੀਂ ਬਣਦਾ; ਉਸ ਦੇ ਪਿੱਛੇ ਲੰਬਾ ਪਾਠਕੀ ਅਨੁਭਵ, ਜੀਵਨ ਦੇ ਵੱਖ-ਵੱਖ ਪੜਾਅ ਅਤੇ ਲਗਾਤਾਰ ਸਿਰਜਣਾਤਮਕ ਅਭਿਆਸ ਹੁੰਦਾ ਹੈ।
ਪਵਨ ਕੁਮਾਰ ਦੇ ਲੇਖ ਵਿੱਚ ਲਿਖਣਾ ਆਪਣੇ ਅੰਦਰਲੇ ਭਾਵਾਂ ਅਤੇ ਤਜਰਬਿਆਂ ਨੂੰ ਪ੍ਰਗਟ ਕਰਨ ਦਾ ਸਾਧਨ ਬਣਦਾ ਹੈ। ਉਹ ਇਸ ਨੂੰ ਕੇਵਲ ਸ਼ੌਕ ਨਹੀਂ, ਸਗੋਂ ਇੱਕ ਮਿਸ਼ਨ ਮੰਨਦੇ ਹਨ। ਉਨ੍ਹਾਂ ਲਈ ਲਿਖਣਾ ਅਣਕਹੇ ਜਜ਼ਬਾਤਾਂ ਨੂੰ ਬਾਹਰ ਲਿਆਉਣ ਅਤੇ ਅੰਦਰਲੇ ਦਵੰਦ ਨੂੰ ਸ਼ਬਦ ਦੇਣ ਦੀ ਪ੍ਰਕਿਰਿਆ ਹੈ।
ਪਿਆਰਾ ਸਿੰਘ ਕੂਦੋਵਾਲ ਅਨੁਸਾਰ ਸ਼ਬਦ, ਜੀਵਨ ਦੀ ਜੱਦੋ ਜਹਿਦ ਵਿੱਚ ਸਹਾਰਾ ਅਤੇ ਢਾਲ ਬਣ ਕੇ ਸਾਹਮਣੇ ਆਉਂਦੇ ਹਨ। ਉਨ੍ਹਾਂ ਦੀ ਰਚਨਾਤਮਕ ਅਨੁਭੂਤੀ ਵਿੱਚ ਸ਼ਬਦ ਮਨੁੱਖ ਨੂੰ ਦੁੱਖ, ਅੰਦਰਲੇ ਸ਼ੋਰ ਅਤੇ ਸਮੇਂ ਦੀ ਤ੍ਰਾਸਦੀ ਦਾ ਸਾਹਮਣਾ ਕਰਨ ਦਾ ਹੌਸਲਾ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਲਈ ਲਿਖਣਾ ਸਿਰਫ਼ ਵਿਚਾਰਾਂ ਦੀ ਅਭਿਵਿਅਕਤੀ ਨਹੀਂ, ਸਗੋਂ ਜੀਵਨ ਨਾਲ ਸੰਘਰਸ਼ ਕਰਨ ਦੀ ਸ਼ਕਤੀ ਵੀ ਹੈ।
ਮਲਵਿੰਦਰ ਅਤੇ ਮਲਵਿੰਦਰ ਸ਼ਾਇਰ ਦੇ ਲੇਖਾਂ ਵਿੱਚ ਨਿੱਜੀ ਅਨੁਭਵ, ਭਾਵੁਕਤਾ ਅਤੇ ਸ਼ਾਇਰਾਨਾ ਸੁਭਾਅ ਦੇ ਵੱਖਰੇ ਪੱਖਾਂ ਦੀ ਗੱਲ ਕੀਤੀ ਹੈ। ਇਨ੍ਹਾਂ ਲੇਖਾਂ ਵਿੱਚ ਲਿਖਣ ਦੀ ਸ਼ੁਰੂਆਤ ਜੀਵਨ ਦੇ ਅਨੁਭਵਾਂ, ਸੰਵੇਦਨਸ਼ੀਲ ਮਨ ਅਤੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਲੋੜ ਨਾਲ ਜੁੜਦੀ ਹੈ। ਮਲਵਿੰਦਰ ਸ਼ਾਇਰ ਦੇ ਅਨੁਭਵ ਵਿੱਚ ਦੁੱਖ, ਦਰਦ, ਗ਼ਮ ਅਤੇ ਵਿਛੋੜੇ ਵਰਗੀਆਂ ਭਾਵਨਾਵਾਂ ਸ਼ਾਇਰੀ ਵੱਲ ਲੈ ਜਾਂਦੀਆਂ ਹਨ। ਇਸ ਤੋਂ ਇਹ ਗੱਲ ਉੱਭਰਦੀ ਹੈ ਕਿ ਕਈ ਵਾਰ ਰਚਨਾ ਜੀਵਨ ਦੀ ਪੀੜ ਨੂੰ ਕੇਵਲ ਬਿਆਨ ਨਹੀਂ ਕਰਦੀ, ਸਗੋਂ ਉਸ ਨੂੰ ਕਲਾਤਮਕ ਰੂਪ ਦੇ ਕੇ ਇੱਕ ਨਵਾਂ ਅਰਥ ਵੀ ਦਿੰਦੀ ਹੈ।
ਮੋਹਨ ਬੇਗੋਵਾਲ ਦੇ ਵਿਚਾਰ ਵਿੱਚ ਲਿਖਣ ਦੀ ਪ੍ਰਕਿਰਿਆ ਮਨੁੱਖੀ ਰਿਸ਼ਤਿਆਂ, ਲੋਕ-ਅਨੁਭਵ ਅਤੇ ਸਮਾਜਿਕ ਚੇਤਨਾ ਨਾਲ ਜੁੜਦੀ ਹੈ। ਉਨ੍ਹਾਂ ਦੀ ਰਚਨਾ ਵਿੱਚ ਨੈਤਿਕਤਾ ਅਤੇ ਮਨੁੱਖੀ ਮਰਿਆਦਾ ਦੀ ਚਿੰਤਾ ਪ੍ਰਗਟ ਹੁੰਦੀ ਹੈ। ਉਨ੍ਹਾਂ ਲਈ ਲਿਖਣਾ ਜੀਵਨ ਦੀਆਂ ਸਾਧਾਰਨ ਦਿਖਾਈ ਦੇਣ ਵਾਲੀਆਂ ਘਟਨਾਵਾਂ ਵਿੱਚ ਲੁਕੇ ਮਨੁੱਖੀ ਸੱਚ ਨੂੰ ਪਛਾਣਨ ਦਾ ਯਤਨ ਹੈ।
ਲਖਵਿੰਦਰ ਜੌਹਲ ਦੇ ਲੇਖ ਵਿੱਚ ਕਵਿਤਾ ਨਿੱਜੀ ਬੇਚੈਨੀ ਨੂੰ ਸ਼ਬਦ ਦੇਣ ਦਾ ਸਾਧਨ ਹੈ। ਉਹ ਆਪਣੀ ਕਵਿਤਾ ਨੂੰ ਕਿਸੇ ਮਿੱਥ ਜਾਂ ਵਾਦ ਦੀ ਵਿਰੋਧਤਾ ਲਈ ਲਿਖੀ ਹੋਈ ਰਚਨਾ ਨਹੀਂ ਮੰਨਦੇ, ਸਗੋਂ ਆਪਣੇ ਅੰਦਰਲੇ ਸੱਚ ਅਤੇ ਬੇਚੈਨੀ ਦੀ ਅਭਿਵਿਅਕਤੀ ਵਜੋਂ ਦੇਖਦੇ ਹਨ। ਇਹ ਦ੍ਰਿਸ਼ਟੀ ਸਾਹਿਤਕ ਸੁਤੰਤਰਤਾ ਨੂੰ ਮਹੱਤਵ ਦਿੰਦੀ ਹੈ ਅਤੇ ਇਹ ਵੀ ਦੱਸਦੀ ਹੈ ਕਿ ਸੱਚੀ ਰਚਨਾ ਪਹਿਲਾਂ ਲੇਖਕ ਦੇ ਅੰਦਰਲੇ ਅਨੁਭਵ ਵਿੱਚੋਂ ਜਨਮ ਲੈਂਦੀ ਹੈ।
ਲਾਜ ਨੀਲਮ ਸੈਣੀ ਦਾ ਮੰਨਣਾ ਹੈ ਕਿ ਲਿਖਣਾ ਆਪਣੇ ਆਪ ਨਾਲ ਸੰਵਾਦ ਕਰਨ ਅਤੇ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਪ੍ਰਕਿਰਿਆ ਹੈ। ਉਨ੍ਹਾਂ ਦੇ ਅਨੁਭਵ ਵਿੱਚ ਸ਼ਬਦ ਕਈ ਵਾਰ ਆਪਣੇ ਆਪ ਤੋਂ ਮੁਕਤੀ ਦਾ ਸਾਧਨ ਬਣਦੇ ਹਨ ਅਤੇ ਕਈ ਵਾਰ ਮਨੁੱਖ ਨੂੰ ਉਸ ਦੀ ਅੰਦਰੂਨੀ ਪਛਾਣ ਨਾਲ ਮਿਲਾਉਂਦੇ ਹਨ। ਉਨ੍ਹਾਂ ਦੀ ਰਚਨਾਤਮਕ ਯਾਤਰਾ ਵਿੱਚ ਇੱਕ ਸੁੰਦਰ ਅਤੇ ਮਨੁੱਖੀ ਸੰਸਾਰ ਦੀ ਇੱਛਾ ਵੀ ਮੌਜੂਦ ਹੈ।
ਡਾ. ਦਵਿੰਦਰ ਪਾਲ ਸਿੰਘ ਅਨੁਸਾਰ ‘ਵਿਗਿਆਨਕ ਸਾਖਰਤਾ ਸਿਰਫ਼ ਇੱਕ ਵਿੱਦਿਅਕ ਯੋਗਤਾ ਨਹੀਂ ਬਲਕਿ ਲੋਕਤੰਤਰੀ ਪ੍ਰਣਾਲੀ ਵਿੱਚ ਜੀਵਨ ਬਤੀਤ ਕਰ ਰਹੇ ਲੋਕਾਂ ਲਈ ਅਤਿ-ਲੋੜੀਂਦਾ ਗੁਣ ਹੈ।’ ਗੁਰਪ੍ਰੀਤ ਕੌਰ ਗੈਦੂ ਨੇ ਆਪਣੇ ਸੰਖੇਪ ਲੇਖ ਵਿੱਚ ਛੇ ਨੁਕਤਿਆਂ ਦਾ ਜ਼ਿਕਰ ਕੀਤਾ ਹੈ।
ਸ਼ਿਆਮ ਸੁੰਦਰ ਦੀਪਤੀ ਦਾ ਲੇਖ ਇੱਕ ਵਿਸ਼ੇਸ਼ ਦਾਰਸ਼ਨਿਕ ਅਤੇ ਮਨੁੱਖ-ਕੇਂਦਰਿਤ ਦ੍ਰਿਸ਼ਟੀ ਪੇਸ਼ ਕਰਦਾ ਹੈ। ਉਨ੍ਹਾਂ ਲਈ ਲਿਖਣਾ ਆਪਣੇ ਵਿਅਕਤੀਤਵ ਅਤੇ ਅੰਦਰਲੇ ਸੰਸਾਰ ਨੂੰ ਸਮਾਜ ਨਾਲ ਸਾਂਝਾ ਕਰਨ ਦੀ ਲੋੜ ਹੈ। ਉਹ ਆਪਣੇ ਪਾਠਕਾਂ ਨੂੰ ਆਪਣੇ ਸਮਾਜ ਦਾ ਹਿੱਸਾ ਮੰਨਦੇ ਹਨ ਅਤੇ ਆਪਣੇ ਅੰਦਰਲੇ ਵਿਚਾਰਾਂ, ਸੁਪਨਿਆਂ ਅਤੇ ਇਰਾਦਿਆਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਲਿਖਣਾ ਆਪਣੇ ਆਪ ਦੀ ਵਿਆਖਿਆ ਕਰਨ ਅਤੇ ਆਪਣੀ ਹੋਂਦ ਨੂੰ ਵਿਸਤਾਰ ਦੇਣ ਦਾ ਯਤਨ ਹੈ।
ਉਜਾਗਰ ਸਿੰਘ ਦੇ ਲੇਖ ਵਿੱਚ ਲਿਖਣਾ ਨਿੱਜੀ ਰੁਚੀ ਤੋਂ ਅੱਗੇ ਵਧ ਕੇ ਇੱਕ ਉਦੇਸ਼ਪੂਰਨ ਕਾਰਜ ਦਾ ਰੂਪ ਧਾਰ ਲੈਂਦਾ ਹੈ। ਉਨ੍ਹਾਂ ਦੀ ਰਚਨਾਤਮਕ ਯਾਤਰਾ ਵਿੱਚ ਅਤੀਤ ਦੇ ਅਨੁਭਵਾਂ, ਸਮਾਜਿਕ ਘਟਨਾਵਾਂ ਅਤੇ ਜੀਵਨ ਵਿੱਚੋਂ ਸਿੱਖਣ ਦੀ ਪ੍ਰਵਿਰਤੀ ਨੂੰ ਮਹੱਤਵ ਮਿਲਦਾ ਹੈ। ਉਹ ਲਿਖਣ ਨੂੰ ਸਿਰਫ਼ ਆਪਣੀ ਗੱਲ ਕਹਿਣ ਦਾ ਸਾਧਨ ਨਹੀਂ ਮੰਨਦੇ, ਸਗੋਂ ਅਨੁਭਵਾਂ ਵਿੱਚੋਂ ਨਵੇਂ ਰਾਹ ਲੱਭਣ ਦੀ ਕੋਸ਼ਿਸ਼ ਵਜੋਂ ਦੇਖਦੇ ਹਨ।
ਬਹੁਤੇ ਲੇਖਕਾਂ ਨੇ ‘ਕਿਉਂ ਲਿਖਦਾ ਹਾਂ’ ਦੇ ਨਾਲ-ਨਾਲ ਕਿਵੇਂ ਲਿਖਦਾ ਹਾਂ ਅਤੇ ਆਪਣੇ ਸਾਹਿਤਕ ਸਫ਼ਰ ਦਾ ਜ਼ਿਕਰ ਵੀ ਕੀਤਾ ਹੈ। ਅਸਲ ਵਿੱਚ ਇਹ ਤਿੰਨੋਂ ਵਿਸ਼ੇ ਅਲੱਗ-ਅਲੱਗ ਹੁੰਦੇ ਹੋਏ ਵੀ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਕੁਝ ਲੇਖਾਂ ਵਿੱਚ ਕਵਿਤਾਵਾਂ ਦੀਆਂ ਲੰਬੀਆਂ ਟੂਕਾਂ ਲੇਖ ਨੂੰ ਬੋਝਲ ਬਣਾਉਂਦੀਆਂ ਹਨ, ਜਿਨ੍ਹਾਂ ਤੋਂ ਬਚਣਾ ਚਾਹੀਦਾ ਸੀ। ਕੁਝ ਲੇਖਾਂ ਦੇ ਸਿਰਲੇਖ ਦਿਲ ਟੁੰਬਵੇਂ ਹਨ; ਕਵਿਤਾ ਮੇਰੇ ਲਈ ਜ਼ਹਿਰ ਨੂੰ ਊਰਜਾ ਵਿੱਚ ਬੰਨ੍ਹਣ ਦਾ ਹੁਨਰ ਹੈ (ਅਮਰਜੀਤ ਕੌਂਕੇ), ਮੇਰਾ ਲਿਖਣਾ: ਸ਼ੌਕ ਤੋਂ ਜਨੂੰਨ ਤੱਕ (ਸੁਖਮਿੰਦਰ ਸੇਖੋਂ), ਅੱਖਾਂ ਲੜੀਆਂ ਪਤਾ ਨਹੀਂ ਕੋਈ ਸੁਰਮਾ ਪਿਘਲ ਗਿਆ (ਡਾ. ਹਰਨੇਕ ਸਿੰਘ ਕਲੇਰ), ਲਿਖ ਸਕਦਾ ਹਾਂ, ਇਸ ਲਈ ਲਿਖਦਾ ਹਾਂ (ਪ੍ਰੇਮ ਸਾਹਿਲ), ਲਿਖਣਾ ਮੇਰੇ ਲਈ ਸਾਹ ਵੈਣ ਵਾਂਗ ਹੈ (ਡਾ. ਗੁਰਮਿੰਦਰ ਸਿੱਧੂ) ਆਦਿ।
ਇਨ੍ਹਾਂ ਸਾਰੇ ਲੇਖਾਂ ਨੂੰ ਇਕੱਠੇ ਪੜ੍ਹਨ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਲਿਖਣ ਦੇ ਕਾਰਨ ਭਾਵੇਂ ਵੱਖਰੇ ਹਨ, ਪਰ ਉਨ੍ਹਾਂ ਦੇ ਅੰਦਰ ਕੁਝ ਸਾਂਝੇ ਤੱਤ ਵੀ ਮੌਜੂਦ ਹਨ। ਲਗਭਗ ਹਰ ਲੇਖਕ ਲਿਖਣ ਨੂੰ ਆਪਣੇ ਜੀਵਨ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਮੰਨਦਾ ਹੈ। ਕਈਆਂ ਲਈ ਇਹ ਅੰਦਰਲੀ ਮਜਬੂਰੀ ਹੈ, ਕਈਆਂ ਲਈ ਮਨ ਦੀ ਸ਼ਾਂਤੀ, ਕਈਆਂ ਲਈ ਸਮਾਜਿਕ ਜ਼ਿੰਮੇਵਾਰੀ ਅਤੇ ਕਈਆਂ ਲਈ ਮਨੁੱਖੀ ਪੀੜ ਦੇ ਵਿਰੁੱਧ ਪ੍ਰਤੀਰੋਧ। ਇਸ ਪੁਸਤਕ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਲਿਖਣ ਨੂੰ ਕੇਵਲ ਸਾਹਿਤਕ ਕਿਰਿਆ ਵਜੋਂ ਨਹੀਂ, ਸਗੋਂ ਜੀਵਨ-ਜਾਚ, ਸੱਭਿਆਚਾਰਕ ਜ਼ਿੰਮੇਵਾਰੀ ਅਤੇ ਮਨੁੱਖੀ ਸੰਵਾਦ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਕਈ ਲੇਖਕਾਂ ਨੇ ਸਕੂਲੀ ਜੀਵਨ ਵਿੱਚ ਬਾਲ ਸਭਾਵਾਂ ਦੇ ਵਿਸ਼ੇਸ਼ ਯੋਗਦਾਨ ਦੀ ਗੱਲ ਕੀਤੀ ਹੈ।
ਮੈਂ ਕਿਉਂ ਲਿਖਦਾ ਹਾਂ ਦੀ ਮਹੱਤਤਾ ਕੇਵਲ ਇਸ ਗੱਲ ਵਿੱਚ ਨਹੀਂ ਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ ਨੇ ਆਪਣੇ ਲਿਖਣ ਦੇ ਕਾਰਨਾਂ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਇਸ ਦੀ ਅਸਲ ਮਹੱਤਤਾ ਇਹ ਹੈ ਕਿ ਇਹ ਪੁਸਤਕ ਪੰਜਾਬੀ ਲੇਖਕਾਂ ਦੀ ਸਿਰਜਣਾਤਮਕ ਸਵੈ-ਚੇਤਨਾ ਦਾ ਇੱਕ ਦਸਤਾਵੇਜ਼ ਬਣ ਜਾਂਦੀ ਹੈ। ਆਮ ਤੌਰ ’ਤੇ ਕਿਸੇ ਲੇਖਕ ਦੀ ਰਚਨਾ ਦਾ ਮੁਲਾਂਕਣ ਆਲੋਚਕ ਕਰਦਾ ਹੈ; ਪਰ ਹਥਲੀ ਪੁਸਤਕ ਵਿੱਚ ਲੇਖਕ ਖ਼ੁਦ ਆਪਣੇ ਰਚਨਾਤਮਕ ਸਰੋਤਾਂ, ਪ੍ਰੇਰਨਾਵਾਂ, ਸੰਘਰਸ਼ਾਂ ਅਤੇ ਉਦੇਸ਼ਾਂ ਬਾਰੇ ਗੱਲ ਕਰਦੇ ਹਨ। ਇਸ ਲਈ ਇਹ ਪੁਸਤਕ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਅਤੇ ਖੋਜਕਾਰਾਂ ਲਈ ਵੀ ਮਹੱਤਵਪੂਰਨ ਸਰੋਤ ਬਣ ਸਕਦੀ ਹੈ।
ਇਸ ਸੰਕਲਨ ਨੂੰ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਇੱਕ ਸਹਾਇਕ ਅਤੇ ਸੰਦਰਭ-ਪੁਸਤਕ ਵਜੋਂ ਦੇਖਿਆ ਜਾ ਸਕਦਾ ਹੈ। ਇਸ ਵਿੱਚ ਮੌਜੂਦ ਲੇਖਾਂ ਦੇ ਆਧਾਰ ’ਤੇ ਪੰਜਾਬੀ ਲੇਖਕ ਦੀ ਸਮਾਜਿਕ ਚੇਤਨਾ, ਵਿਚਾਰਧਾਰਕ ਪ੍ਰਤੀਬੱਧਤਾ, ਭਾਸ਼ਾਈ ਸਰੋਕਾਰ, ਪਰਵਾਸੀ ਅਨੁਭਵ, ਨਿੱਜੀ ਸੰਵੇਦਨਾ ਅਤੇ ਰਚਨਾਤਮਕ ਪ੍ਰਕਿਰਿਆ ਬਾਰੇ ਵੱਖ-ਵੱਖ ਪੱਧਰਾਂ ਉੱਤੇ ਅਧਿਐਨ ਕੀਤਾ ਜਾ ਸਕਦਾ ਹੈ। ਇਹ ਪੁਸਤਕ ਪੰਜਾਬੀ ਸਾਹਿਤ ਦੇ ਇੱਕ ਅਜਿਹੇ ਪੱਖ ਨੂੰ ਸਾਹਮਣੇ ਲਿਆਉਂਦੀ ਹੈ ਜਿਸ ਉੱਤੇ ਵਿਸਤ੍ਰਿਤ ਆਲੋਚਨਾਤਮਕ ਕੰਮ ਦੀ ਲੋੜ ਹੈ।
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ‘ਮੈਂ ਕਿਉਂ ਲਿਖਦਾ’ ਹਾਂ ਪੰਜਾਬੀ ਸਾਹਿਤ ਵਿੱਚ ਲੇਖਕ ਦੀ ਰਚਨਾਤਮਕ ਪਛਾਣ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਅਤੇ ਵਿਲੱਖਣ ਯਤਨ ਹੈ। ਇਹ ਪੁਸਤਕ ਸਾਨੂੰ ਦੱਸਦੀ ਹੈ ਕਿ ਲਿਖਣਾ ਕਿਸੇ ਇੱਕ ਕਾਰਨ ਦਾ ਨਤੀਜਾ ਨਹੀਂ ਹੁੰਦਾ। ਇਸ ਦੇ ਪਿੱਛੇ ਯਾਦਾਂ ਵੀ ਹੁੰਦੀਆਂ ਹਨ, ਪੀੜ ਵੀ, ਸੁਪਨੇ ਵੀ, ਸਮਾਜਿਕ ਬੇਚੈਨੀ ਵੀ, ਭਾਸ਼ਾ ਨਾਲ ਪਿਆਰ ਵੀ ਅਤੇ ਮਨੁੱਖੀ ਭਵਿੱਖ ਲਈ ਚਿੰਤਾ ਵੀ। ਇਸ ਦੇ ਲੇਖਕ ਆਪਣੇ-ਆਪਣੇ ਢੰਗ ਨਾਲ ਇਹੀ ਸੱਚ ਪ੍ਰਗਟ ਕਰਦੇ ਹਨ ਕਿ ਲਿਖਣਾ ਉਨ੍ਹਾਂ ਲਈ ਜੀਵਨ ਤੋਂ ਵੱਖ ਕੋਈ ਕਿਰਿਆ ਨਹੀਂ; ਇਹ ਜੀਵਨ ਨੂੰ ਸਮਝਣ, ਉਸ ਦੀ ਵਿਆਖਿਆ ਕਰਨ ਅਤੇ ਉਸ ਨੂੰ ਹੋਰ ਮਨੁੱਖੀ ਬਣਾਉਣ ਦਾ ਯਤਨ ਹੈ।
ਇਸ ਦ੍ਰਿਸ਼ਟੀ ਤੋਂ ਇਹ ਪੁਸਤਕ ਕੇਵਲ ‘ਮੈਂ ਕਿਉਂ ਲਿਖਦਾ ਹਾਂ’ ਦਾ ਜਵਾਬ ਨਹੀਂ ਦਿੰਦੀ, ਸਗੋਂ ਇਹ ਸਵਾਲ ਵੀ ਪਾਠਕ ਦੇ ਸਾਹਮਣੇ ਰੱਖਦੀ ਹੈ ਕਿ ਸਾਹਿਤਕਾਰ ਆਪਣੇ ਸਮੇਂ, ਸਮਾਜ ਅਤੇ ਮਨੁੱਖਤਾ ਪ੍ਰਤੀ ਕਿੰਨਾ ਜਵਾਬਦੇਹ ਹੈ। ਇਹੀ ਇਸ ਪੁਸਤਕ ਦੀ ਸਭ ਤੋਂ ਵੱਡੀ ਤਾਕਤ ਅਤੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਇਸ ਦੀ ਸਥਾਈ ਮਹੱਤਤਾ ਹੈ। ਜੇ ਇਸ ਪੁਸਤਕ ਦਾ ਸੰਪਾਦਕ ਜ਼ਿਆਦਾ ਲੇਖ ਸ਼ਾਮਿਲ ਕਰਨ ਦਾ ਮੋਹ ਤਿਆਗ ਕੇ ਕੁਝ ਲੇਖਾਂ ਨੂੰ ਪੁਸਤਕ ਦਾ ਹਿੱਸਾ ਨਾ ਬਣਾਉਂਦਾ ਤਾਂ ਨਿਸ਼ਚੇ ਹੀ ਇਸ ਕਿਤਾਬ ਦਾ ਸਾਹਿਤਕ ਮੁੱਲ ਹੋਰ ਵਧ ਜਾਂਦਾ।

