DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂ ਹੁਣ ਕਿਹਦੇ ਨਾਲ ਖੇਡਾਂਗੀ ?

ਕਹਾਣੀ ‘‘ਸਾਰੇ ਬੱਚੇ ਕਹਿੰਦੇ ਨੇ ਮੈਨੂੰ ਨਹੀਂ ਖਿਡਾਉਣਾ। ਪਾਪਾ! ਮੈਂ ਹੁਣ ਕਿਹਦੇ ਨਾਲ ਖੇਡਾਂਗੀ ?’’ ਮੇਰੀ ਛੇ ਸਾਲ ਦੀ ਬੱਚੀ ਰੋਂਦੀ ਹੋਈ ਬਾਹਰੋਂ ਆਈ ਤੇ ਗਲੀ ਦੇ ਬੱਚਿਆਂ ਦੀ ਸ਼ਿਕਾਇਤ ਕਰਨ ਲੱਗੀ। ਮੇਰੇ ਕੋਲ ਰਿਟਾਇਰਡ ਜਨਰਲ ਵਿਪਨ ਸ਼ਰਮਾ ਜੀ ਆਏ...

  • fb
  • twitter
  • whatsapp
  • whatsapp
Advertisement

ਕਹਾਣੀ

‘‘ਸਾਰੇ ਬੱਚੇ ਕਹਿੰਦੇ ਨੇ ਮੈਨੂੰ ਨਹੀਂ ਖਿਡਾਉਣਾ। ਪਾਪਾ! ਮੈਂ ਹੁਣ ਕਿਹਦੇ ਨਾਲ ਖੇਡਾਂਗੀ ?’’ ਮੇਰੀ ਛੇ ਸਾਲ ਦੀ ਬੱਚੀ ਰੋਂਦੀ ਹੋਈ ਬਾਹਰੋਂ ਆਈ ਤੇ ਗਲੀ ਦੇ ਬੱਚਿਆਂ ਦੀ ਸ਼ਿਕਾਇਤ ਕਰਨ ਲੱਗੀ।

Advertisement

ਮੇਰੇ ਕੋਲ ਰਿਟਾਇਰਡ ਜਨਰਲ ਵਿਪਨ ਸ਼ਰਮਾ ਜੀ ਆਏ ਬੈਠੇ ਸਨ, ਜੋ ਅੱਜ ਦੇ ਵਿਗੜ ਚੁੱਕੇ ਹਾਲਾਤ ’ਤੇ ਅੱਥਰੂ ਵਹਾ ਰਹੇ ਸਨ। ਕਿਉਂਕਿ ਮੇਰੀ ਦਿਲਚਸਪੀ ਜਨਰਲ ਸ਼ਰਮਾ ਜੀ ਦੀਆਂ ਗੱਲਾਂ ਵਿੱਚ ਵਧੇਰੇ ਸੀ, ਇਸ ਲਈ ਮੈਂ ਆਪਣੀ ਬੱਚੀ ਦੇ ਸਵਾਲ ਵੱਲ ਕੋਈ ਧਿਆਨ ਨਾ ਦਿੱਤਾ। ਬਸ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਫਿਰ ਜਨਰਲ ਸ਼ਰਮਾ ਦੀਆਂ ਗੱਲਾਂ ਵਿੱਚ ਮਸਤ ਹੋ ਗਿਆ।

Advertisement

ਜਨਰਲ ਸ਼ਰਮਾ ਜੀ ਦੱਸ ਰਹੇ ਸਨ ਕਿ ਉਨ੍ਹਾਂ ਦੇ ਮਾਂ-ਬਾਪ ਦੇ ਘਰ ਔਲਾਦ ਨਹੀਂ ਸੀ ਹੁੰਦੀ। ਉਨ੍ਹਾਂ ਨੇ ਬੜੇ ਹਵਨ ਕਰਾਏ, ਪਾਠ-ਪੂਜਾ ਕਰਵਾਏ, ਤੀਰਥ ਅਸਥਾਨਾਂ ’ਤੇ ਜਾ ਕੇ ਮੰਨਤਾਂ ਮੰਨੀਆਂ, ਪਰ ਔਲਾਦ ਫਿਰ ਵੀ ਨਾ ਹੋਈ। ਅਖ਼ੀਰ ਉਨ੍ਹਾਂ ਅੰਮ੍ਰਿਤਸਰ ਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ ਕਿ ਜੇ ਉਨ੍ਹਾਂ ਦੇ ਘਰ ਔਲਾਦ ਹੋਈ ਤਾਂ ਉਹ ਉਸ ਨੂੰ ਸਿੱਖੀ ਜਾਮਾ ਪਹਿਨਾਉਣਗੇ। ਵਾਹਿਗੁਰੂ ਨੇ ਉਨ੍ਹਾਂ ਦੀ ਅਰਦਾਸ ਕਬੂਲ ਕੀਤੀ ਜਾਂ ਇਹ ਇਤਫ਼ਾਕ ਹੀ ਹੋਇਆ ਕਿ ਉਨ੍ਹਾਂ ਦੇ ਘਰ ਜਨਰਲ ਸ਼ਰਮਾ ਜੀ ਦੇ ਵੱਡੇ ਭਰਾ ਨੇ ਜਨਮ ਲਿਆ। ਘਰ ਵਿੱਚ ਖ਼ੁਸ਼ੀਆਂ ਦਾ ਕੋਈ ਠਿਕਾਣਾ ਨਾ ਰਿਹਾ। ਬੱਚੇ ਦੇ ਨਾਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਗਿਆ। ਪਹਿਲਾ ਅੱਖਰ ‘ਗ’ ਨਿਕਲਿਆ। ਜਨਰਲ ਸ਼ਰਮਾ ਜੀ ਦੇ ਮਾਤਾ ਜੀ ਨੇ ਝੱਟ ਹੀ ਕਹਿ ਦਿੱਤਾ, ‘‘ਇਹ ਬੱਚਾ ਗੁਰੂ ਦੀ ਬਖ਼ਸ਼ਿਸ਼ ਹੈ, ਇਸ ਲਈ ਇਸ ਦਾ ਨਾਮ ਗੁਰਬਖ਼ਸ਼ ਸਿੰਘ ਰੱਖਿਆ ਜਾਏਗਾ।’’ ਸਾਰਿਆਂ ਨੇ ਮਨਜ਼ੂਰੀ ਵਿੱਚ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਜੈਕਾਰਾ ਛੱਡ ਦਿੱਤਾ।

ਗੁਰਬਖ਼ਸ਼ ਸਿੰਘ ਦੇ ਜਨਮ ਤੋਂ ਬਾਅਦ ਸ਼ਰਮਾ ਜੀ ਦੇ ਮਾਤਾ-ਪਿਤਾ ਦਾ ਸਿੱਖੀ ਵਿੱਚ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ। ਹਰ ਰੋਜ਼ ਸਵੇਰੇ ਤੜਕੇ ਉੱਠ ਕੇ ਉਹ ਜਪੁਜੀ ਸਾਹਿਬ ਦਾ ਪਾਠ ਕਰ ਕੇ ਤੇ ਫਿਰ ਅਰਦਾਸ ਕਰ ਕੇ ਵਾਹਿਗੁਰੂ ਦਾ ਸ਼ੁਕਰ ਕਰਦੇ। ਗੁਰਬਖ਼ਸ਼ ਸਿੰਘ ਦੇ ਜਨਮ ਤੋਂ ਦੋ ਸਾਲ ਬਾਅਦ ਸ਼ਰਮਾ ਜੀ ਦਾ ਜਨਮ ਹੋਇਆ। ਭਾਵੇਂ ਸ਼ਰਮਾ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਹੁਕਮਨਾਮਾ ਲੈ ਕੇ ਨਹੀਂ ਸੀ ਰੱਖਿਆ ਗਿਆ, ਪਰ ਇਸ ਦਾ ਇਹ ਮਤਲਬ ਵੀ ਨਹੀਂ ਸੀ ਕਿ ਸ਼ਰਮਾ ਜੀ ਦੇ ਮਾਤਾ-ਪਿਤਾ ਦਾ ਸਿੱਖੀ ’ਚ ਵਿਸ਼ਵਾਸ ਨਹੀਂ ਸੀ ਰਿਹਾ। ਉਹ ਤਾਂ ਸਗੋਂ ਹੋਰ ਵੀ ਪੱਕਾ ਹੋ ਗਿਆ। ਘਰ ਵਿੱਚ ਕੋਈ ਵੀ ਖ਼ੁਸ਼ੀ ਜਾਂ ਗ਼ਮੀ ਦਾ ਮੌਕਾ ਹੁੰਦਾ, ਪਹਿਲਾਂ ਹਿੰਦੂ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਤੇ ਫਿਰ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਜਾਂਦਾ। ਕੀਰਤਨ ਕਰਵਾਇਆ ਜਾਂਦਾ ਤੇ ਲੰਗਰ ਵਰਤਾਇਆ ਜਾਂਦਾ। ਸ਼ਰਮਾ ਜੀ ’ਤੇ ਵੀ ਸਿੱਖੀ ਦਾ ਬਹੁਤ ਗਹਿਰਾ ਪ੍ਰਭਾਵ ਪਿਆ। ਸ਼ਰਮਾ ਜੀ ਦੇ ਕਹਿਣ ਮੁਤਾਬਕ ਇਹ ਸਿੱਖੀ ਦਾ ਪ੍ਰਭਾਵ ਹੀ ਸੀ ਜਿਸ ਸਦਕਾ ਉਹ ਫ਼ੌਜ ਵਿੱਚ ਸੈਕਿੰਡ ਲੈਫਟੀਨੈਂਟ ਭਰਤੀ ਹੋਏ ਤੇ ਫਿਰ ਤਰੱਕੀ ਕਰਦੇ ਕਰਦੇ ਜਨਰਲ ਦੇ ਅਹੁਦੇ ’ਤੇ ਪਹੁੰਚੇ ਤੇ ਫਿਰ ਬੜੀ ਸ਼ਾਨ ਤੇ ਸਨਮਾਨ ਨਾਲ ਰਿਟਾਇਰ ਹੋਏ।

ਰਿਟਾਇਰ ਹੋ ਕੇ ਉਹ ਆਪਣੀ ਜੱਦੀ ਕੋਠੀ ਵਿੱਚ ਆ ਕੇ ਰਹਿਣ ਲੱਗੇ। ਉਨ੍ਹਾਂ ਦੇ ਵੱਡੇ ਭਰਾ ਜੋ ਡਾਕਟਰ ਬਣ ਚੁੱਕੇ ਸਨ ਅਤੇ ਡਾਕਟਰ ਗੁਰਬਖ਼ਸ਼ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਸਨ, ਦਰਬਾਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਸਨ। ਰੋਜ਼ ਸਵੇਰੇ ਤੜਕੇ ਉੱਠ ਕੇ ਇਸ਼ਨਾਨ ਕਰ ਕੇ, ਜਪੁਜੀ ਸਾਹਿਬ ਦਾ ਪਾਠ ਕਰ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ। ਪਵਿੱਤਰ ਸਰੋਵਰ ਦਾ ਅੰਮ੍ਰਿਤ ਲਿਆ ਕੇ ਆਪਣੇ ਕਲੀਨਿਕ ਵਿੱਚ ਤਰੌਂਕਦੇ ਤੇ ਫਿਰ ਸਾਰਾ ਦਿਨ ਰੋਗੀਆਂ ਦਾ ਇਲਾਜ ਕਰਦੇ ਰਹਿੰਦੇ। ਸ਼ਰਮਾ ਜੀ ਨੇ ਦੋ-ਚਾਰ ਵਾਰੀ ਉਨ੍ਹਾਂ ਨੂੰ ਕਿਹਾ ਕਿ ਉਹ ਕਿਉਂ ਨਹੀਂ ਜੱਦੀ ਕੋਠੀ ਵਿੱਚ ਆ ਕੇ ਉਨ੍ਹਾਂ ਦੇ ਨਾਲ ਰਹਿੰਦੇ ਤਾਂ ਉਹ ਸਿਰਫ਼ ਇਹੋ ਆਖ ਛੱਡਦੇ, ‘‘ਨਾ ਹੀ ਮੈਂ ਦਰਬਾਰ ਸਾਹਿਬ ਤੋਂ ਦੂਰ ਰਹਿ ਸਕਦਾ ਹਾਂ ਤੇ ਨਾ ਹੀ ਆਪਣੇ ਮਰੀਜ਼ਾਂ ਤੋਂ।’’

ਜਨਰਲ ਸ਼ਰਮਾ ਜੀ ਦੀ ਕੋਠੀ ਦੇ ਸਾਹਮਣੇ ਵਾਲੀ ਕੋਠੀ ਵਿੱਚ ਮੈਂ ਰਹਿੰਦਾ ਸਾਂ। ਸਾਰੀ ਕਲੋਨੀ ਵਿੱਚ ਸਿਰਫ਼ ਦੋ-ਚਾਰ ਘਰ ਹੀ ਸਿੱਖਾਂ ਦੇ ਸਨ, ਬਾਕੀ ਸਭ ਹਿੰਦੂ ਘਰਾਂ ਦਾ ਹੀ ਬੋਲ-ਬਾਲਾ ਸੀ। ਮੇਰੇ ਵਾਲੀ ਗਲੀ ਵਿੱਚ ਤਾਂ ਬਸ ਮੈਂ ਹੀ ਇੱਕ ਸਿੱਖ ਸਾਂ, ਜੋ ਆਪਣੀ ਪਤਨੀ ਤੇ ਆਪਣੀ ਛੇ ਸਾਲ ਦੀ ਬੱਚੀ ਨਾਲ ਰਹਿੰਦਾ ਸਾਂ। ਇਹ ਮੈਨੂੰ ਯਾਦ ਨਹੀਂ ਕਿ ਮੇਰੀ ਪਹਿਲੀ ਮੁਲਾਕਾਤ ਸ਼ਰਮਾ ਜੀ ਨਾਲ ਕਦੋਂ ਤੇ ਕਿਵੇਂ ਹੋਈ, ਪਰ ਇਹ ਜ਼ਰੂਰ ਯਾਦ ਹੈ ਕਿ ਸਾਡੀ ਸਾਂਝ ਬਹੁਤ ਗੂੜ੍ਹੀ ਪੈ ਚੁੱਕੀ ਸੀ। ਇਹ ਸਾਂਝ ਗੂੜ੍ਹੀ ਕਿਵੇਂ ਹੋਈ, ਇਹ ਵੀ ਇੱਕ ਦਿਲਸਚਪ ਕਹਾਣੀ ਹੈ।

ਇਹ ਕਹਾਣੀ ਸਾਲ 1985 ਦੀ ਹੈ। ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਹੋਇਆ ਸੀ। ਉਸ ਤੋਂ ਬਾਅਦ ਦਿੱਲੀ ਵਿੱਚ ਅਤੇ ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ। ਸਾਰੇ ਦੇਸ਼ ਦੇ ਹਾਲਾਤ ਇੰਨੇ ਵਿਗੜ ਚੁੱਕੇ ਸਨ ਕਿ ਹਿੰਦੂ ਤੇ ਸਿੱਖਾਂ ਵਿਚਕਾਰ ਨਫ਼ਰਤ ਦੀ ਇੱਕ ਦੀਵਾਰ ਪੈਦਾ ਹੋ ਗਈ ਸੀ। ਜਿਸ ਗਲੀ ਵਿੱਚ ਮੈਂ ਰਹਿੰਦਾ ਸਾਂ, ਉਸ ਗਲੀ ਦੇ ਤਕਰੀਬਨ ਸਾਰੇ ਹਿੰਦੂਆਂ ਨੇ ਮੇਰੇ ਨਾਲ ਬੋਲਣਾ ਛੱਡ ਦਿੱਤਾ ਸੀ। ਬਸ ਇਹ ਜਨਰਲ ਸ਼ਰਮਾ ਜੀ ਹੀ ਸਨ ਜਿਹੜੇ ਮੇਰੇ ਨਾਲ ਥੋੜ੍ਹੀ ਬਹੁਤੀ ਗੱਲ ਕਰ ਲੈਂਦੇ ਸਨ।

ਅੱਧੀ ਕੁ ਰਾਤ ਦਾ ਵੇਲਾ ਹੋਏਗਾ। ਅਸੀਂ ਆਪਣੇ ਕਮਰੇ ਵਿੱਚ ਘੂਕ ਸੁੱਤੇ ਪਏ ਸਾਂ। ਅਚਾਨਕ ਮੇਰੀ ਜਾਗ ਖੁੱਲ੍ਹੀ। ਮੈਂ ਮਹਿਸੂਸ ਕੀਤਾ ਕਿ ਮੇਰੀ ਜਾਗ ਐਵੇਂ ਨਹੀਂ ਖੁੱਲ੍ਹੀ। ਕੋਈ ਬੜੇ ਚਿਰ ਤੋਂ ਕੋਠੀ ਦੀ ਘੰਟੀ ਵਜਾ ਰਿਹਾ ਸੀ। ਮੇਰੀ ਹਿਲਜੁਲ ਨਾਲ ਮੇਰੀ ਪਤਨੀ ਵੀ ਜਾਗ ਪਈ। ਅਸੀਂ ਦੋਵੇਂ ਹੈਰਾਨ ਸਾਂ ਕਿ ਇੰਨੀ ਅੱਧੀ ਰਾਤ ਵੇਲੇ ਇੰਨੇ ਵਿਗੜੇ ਹਾਲਾਤ ਵਿੱਚ ਕੌਣ ਆ ਸਕਦਾ ਹੈ। ਡਰ ਦਾ ਇੱਕ ਡਰਾਵਾ ਜਿਹਾ ਸਾਡੇ ਮੱਥੇ ਵਿੱਚੋਂ ਦੀ ਹੁੰਦਾ ਹੋਇਆ ਸਾਡੇ ਸਿਰਾਂ ’ਤੇ, ਫਿਰ ਸਾਡੇ ਸਰੀਰਾਂ ਵਿੱਚ ਸਮਾ ਗਿਆ। ਮੈਂ ਆਪਣੀ ਬੱਚੀ ਵੱਲ ਇੱਕ ਝਾਤ ਮਾਰੀ। ਉਹ ਘੂਕ ਸੁੱਤੀ ਪਈ ਸੀ। ਮੈਂ ਡਰਦਾ ਡਰਦਾ ਬਾਹਰ ਗੇਟ ਕੋਲ ਪਹੁੰਚਿਆ। ਘੰਟੀ ਬਾਰ ਬਾਰ ਵੱਜ ਰਹੀ ਸੀ। ਮੈਂ ਹੌਲੀ ਜਿਹੀ ਪੁੱਛਿਆ, ‘‘ਕੌਣ ਏ ਬਾਹਰ ?’’

‘‘ਪੁੱਤ ਜਲਦੀ ਬੂਹਾ ਖੋਲ੍ਹ। ਮੈਂ ਹਾਂ ਕਮਲਾ।’’

‘‘ਕਮਲਾ ਕੌਣ ?’’ ਮੇਰੀ ਸਮਝ ਵਿੱਚ ਕੁਝ ਨਹੀਂ ਸੀ ਪੈ ਰਿਹਾ।

‘‘ਮੈਂ ਪੁੱਤ ! ਤੁਹਾਡੀ ਕਮਲਾ ਆਂਟੀ।’’

ਮੈਂ ਝੱਟ ਬੂਹਾ ਖੋਲ੍ਹ ਦਿੱਤਾ। ਸਾਹਮਣੇ ਮਿਸਿਜ਼ ਕਮਲਾ ਸ਼ਰਮਾ ਖੜ੍ਹੇ ਸਨ। ਮੈਂ ਹੈਰਾਨ ਪਰੇਸ਼ਾਨ ਉਨ੍ਹਾਂ ਵੱਲ ਵੇਖਣ ਲੱਗਾ।

‘‘ਪੁੱਤ ! ਜ਼ਰਾ ਜਲਦੀ ਆ। ਤੁਹਾਡੇ ਅੰਕਲ ਦੀ ਤਬੀਅਤ ਬਹੁਤ ਖ਼ਰਾਬ ਹੈ।’’

‘‘ਤੁਸੀਂ ਚੱਲੋ ਆਂਟੀ ਜੀ! ਮੈਂ ਹੁਣੇ ਆਇਆ।’’ ਮੈਂ ਵਾਪਸ ਆ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਤੇ ਆਪ ਦੌੜ ਕੇ ਸ਼ਰਮਾ ਜੀ ਦੀ ਕੋਠੀ ’ਚ ਵੜ ਗਿਆ। ਮਿਸਿਜ਼ ਕਮਲਾ ਸ਼ਰਮਾ ਮੈਨੂੰ ਇੱਕ ਕਮਰੇ ਵਿੱਚ ਲੈ ਗਏ ਜਿੱਥੇ ਜਨਰਲ ਸ਼ਰਮਾ ਜੀ ਛਾਤੀ ਦੀ ਦਰਦ ਨਾਲ ਤੜਪ ਰਹੇ ਸਨ।

‘‘ਕਿਸੇ ਡਾਕਟਰ ਨੂੰ ਬੁਲਾਇਆ ਜੇ ?’’ ਮੈਂ ਮਿਸਿਜ਼ ਕਮਲਾ ਸ਼ਰਮਾ ਨੂੰ ਪੁੱਛਿਆ।

‘‘ਬੇਟਾ! ਕਈ ਡਾਕਟਰਾਂ ਨੂੰ ਫੋਨ ਕੀਤੇ ਨੇ। ਕੋਈ ਫੋਨ ਹੀ ਨਹੀਂ ਚੁੱਕਦਾ। ਸ਼ਹਿਰ ਦੇ ਅੰਦਰ ਵਾਲੇ ਪਾਸੇ ਕਰਫ਼ਿਊ ਲੱਗਾ ਹੋਇਆ ਏ, ਨਹੀਂ ਤਾਂ ਭਾਵੇਂ ਇਨ੍ਹਾਂ ਦੇ ਵੱਡੇ ਵੀਰ ਜੀ ਹੀ ਆ ਜਾਂਦੇ। ਸ਼ਹਿਰ ਦੇ ਬਾਹਰ ਵਾਲੇ ਪਾਸੇ ਕਰਫ਼ਿਊ ਨਹੀਂ ਹੈ, ਪਰ ਡਾਕਟਰ ਐਨੀ ਰਾਤ ਗਏ ਆਉਣੋਂ ਡਰਦੇ ਨੇ।’’

ਮੈਂ ਇੱਕ ਨਜ਼ਰ ਟੈਲੀਫੋਨ ’ਤੇ ਮਾਰੀ ਤੇ ਫਿਰ ਮੇਰੀਆਂ ਉਂਗਲਾਂ ਆਪਣੇ ਦੋਸਤ ਡਾਕਟਰ ਕੁਲਦੀਪ ਸਿੰਘ ਦਾ ਨੰਬਰ ਮਿਲਾਉਣ ਲੱਗੀਆਂ। ਖ਼ੁਸ਼ਕਿਸਮਤੀ ਨਾਲ ਡਾਕਟਰ ਕੁਲਦੀਪ ਸਿੰਘ ਘਰ ਹੀ ਮਿਲ ਪਿਆ ਤੇ ਅੱਧੇ ਘੰਟੇ ਵਿੱਚ ਹੀ ਉਹ ਸਾਡੇ ਕੋਲ ਪਹੁੰਚ ਵੀ ਗਿਆ। ਸ਼ਰਮਾ ਜੀ ਦਾ ਮੁਆਇਨਾ ਕੀਤਾ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰ ਕੁਲਦੀਪ ਸਿੰਘ ਕਹਿਣ ਲੱਗਾ, ‘‘ਬਹੁਤ ਵੇਲੇ ਸਿਰ ਆ ਗਿਆ ਹਾਂ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ।’’ ਡਾਕਟਰ ਕੁਲਦੀਪ ਸਿੰਘ ਨੇ ਇੱਕ-ਦੋ ਟੀਕੇ ਸ਼ਰਮਾ ਜੀ ਨੂੰ ਲਾਏ ਤੇ ਫਿਰ ਫੋਨ ਕਰ ਕੇ ਆਪਣੇ ਪ੍ਰਾਈਵੇਟ ਹਸਪਤਾਲ ਤੋਂ ਐਂਬੂਲੈਂਸ ਮੰਗਵਾ ਲਈ ਤੇ ਸ਼ਰਮਾ ਜੀ ਨੂੰ ਹਸਪਤਾਲ ਲੈ ਗਏ।

ਜਨਰਲ ਸ਼ਰਮਾ ਜੀ ਤਕਰੀਬਨ ਪੰਦਰਾਂ ਕੁ ਦਿਨ ਹਸਪਤਾਲ ਰਹੇ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਤੰਦਰੁਸਤ ਹੁੰਦੇ ਗਏ। ਮੇਰੀ ਗਲੀ ਦੇ ਸਾਰੇ ਹਿੰਦੂ, ਜਿਨ੍ਹਾਂ ਨੇ ਮੇਰੇ ਨਾਲ ਬੋਲਣਾ ਛੱਡ ਦਿੱਤਾ ਸੀ, ਮੇਰੇ ਨਾਲ ਗੱਲਬਾਤ ਕਰਨ ਲੱਗ ਪਏ। ਸਾਰੇ ਹਿੰਦੂ ਇਹ ਸਮਝ ਰਹੇ ਸਨ ਕਿ ਸ਼ਰਮਾ ਜੀ ਦੀ ਜਾਨ ਮੈਂ ਬਚਾਈ ਹੈ। ਜਦੋਂ ਵੀ ਸ਼ਰਮਾ ਜੀ ਕੋਲ ਥੋੜ੍ਹਾ ਬਹੁਤ ਵਕਤ ਹੁੰਦਾ, ਉਹ ਮੇਰੇ ਕੋਲ ਆ ਜਾਂਦੇ ਜਾਂ ਮੈਨੂੰ ਆਪਣੇ ਕੋਲ ਬੁਲਾ ਲੈਂਦੇ। ਅਸੀਂ ਕਿੰਨਾ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ। ਪੰਜਾਬ ਦੇ ਵਿਗੜੇ ਹਾਲਾਤ ’ਤੇ ਰੋਂਦੇ ਰਹਿੰਦੇ। ਗੰਦੀ ਰਾਜਨੀਤੀ ਨੂੰ ਕੋਸਦੇ ਰਹਿੰਦੇ। ਕਦੇ ਕਦੇ ਜਨਰਲ ਸ਼ਰਮਾ ਜੀ ਆਪਣੇ ਫ਼ੌਜੀ ਤਜਰਬੇ ਦੱਸਦੇ ਰਹਿੰਦੇ।

ਅੱਜ ਵੀ ਸ਼ਰਮਾ ਜੀ ਸਾਡੇ ਘਰ ਆਏ ਹੋਏ ਸਨ। 1971 ਦੀ ਪਾਕਿਸਤਾਨ ਨਾਲ ਹੋਈ ਜੰਗ ਬਾਰੇ ਆਪਣੇ ਤਜਰਬੇ ਦੱਸ ਰਹੇ ਸਨ। ਮੇਰਾ ਸਾਰਾ ਧਿਆਨ ਉਨ੍ਹਾਂ ਦੇ ਤਜਰਬੇ ਸੁਣਨ ਵੱਲ ਸੀ ਕਿ ਮੇਰੀ ਛੇ ਸਾਲ ਦੀ ਬੱਚੀ ਸਵੀਟੀ ਰੋਂਦੀ ਹੋਈ ਬਾਹਰੋਂ ਆਈ ਤੇ ਗਲੀ ਦੇ ਬੱਚਿਆਂ ਦੀ ਸ਼ਿਕਾਇਤ ਕਰਨ ਲੱਗੀ, ‘‘ਸਾਰੇ ਬੱਚੇ ਕਹਿੰਦੇ ਨੇ ਮੈਨੂੰ ਨਹੀਂ ਖਿਡਾਉਣਾ। ਪਾਪਾ! ਮੈਂ ਹੁਣ ਕਿਹਦੇ ਨਾਲ ਖੇਡਾਂਗੀ?’’

ਕਿਉਂਕਿ ਮੇਰੀ ਦਿਲਚਸਪੀ ਜਨਰਲ ਸ਼ਰਮਾ ਦੇ ਜੰਗੀ ਤਜਰਬੇ ਵੱਲ ਵਧੇਰੇ ਸੀ, ਇਸ ਲਈ ਮੈਂ ਆਪਣੀ ਬੱਚੀ ਦੀ ਸ਼ਿਕਾਇਤ ਵੱਲ ਕੋਈ ਧਿਆਨ ਨਾ ਦਿੱਤਾ। ਬਸ...ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ। ਕੁਝ ਦੇਰ ਬਾਅਦ ਮੇਰੀ ਪਤਨੀ ਜਨਰਲ ਸ਼ਰਮਾ ਤੇ ਮੇਰੇ ਲਈ ਗਰਮ ਗਰਮ ਚਾਹ ਤੇ ਗਰਮ ਗਰਮ ਪਕੌੜੇ ਲੈ ਕੇ ਆ ਗਈ। ਮੇਰੀ ਬੱਚੀ ਸਵੀਟੀ ਮੇਰੀ ਗੋਦ ਵਿੱਚੋਂ ਉਤਰ ਕੇ ਆਪਣੀ ਮੰਮੀ ਕੋਲ ਚਲੀ ਗਈ ਤੇ ਉਸ ਨੂੰ ਬੱਚਿਆਂ ਦੀ ਸ਼ਿਕਾਇਤ ਕਰਨ ਲੱਗੀ;

‘‘ਮੰਮੀ! ਸਾਰੇ ਬੱਚੇ ਕਹਿੰਦੇ ਨੇ ਮੈਨੂੰ ਨਹੀਂ ਖਿਡਾਉਣਾ। ਮੈਂ ਹੁਣ ਕਿਹਦੇ ਨਾਲ ਖੇਡਾਂਗੀ?’’

‘‘ਤੂੰ ਮੇਰੇ ਨਾਲ ਆ ਕੇ ਖੇਡ...’’ ਤੇ ਮੇਰੀ ਪਤਨੀ ਬੱਚੀ ਦਾ ਹੱਥ ਫੜ ਕੇ ਆਪਣੇ ਨਾਲ ਦੂਜੇ ਕਮਰੇ ਵਿੱਚ ਲੈ ਗਈ।

ਮੈਂ ਤੇ ਸ਼ਰਮਾ ਜੀ ਨੇ ਅਜੇ ਚਾਹ ਦੇ ਇੱਕ-ਦੋ ਘੁੱਟ ਹੀ ਭਰੇ ਹੋਣਗੇ ਕਿ ਗਲੀ ਦੇ ਅੱਠ-ਦਸ ਬੱਚੇ ਦਗੜ ਦਗੜ ਕਰਦੇ ਸਾਡੀ ਕੋਠੀ ਦੀ ਛੱਤ ’ਤੇ ਚੜ੍ਹ ਗਏ। ਮੇਰੀ ਬੱਚੀ ਦੌੜੀ ਦੌੜੀ ਦੂਜੇ ਕਮਰੇ ’ਚੋਂ ਆਈ ਤੇ ਮੈਨੂੰ ਕਹਿਣ ਲੱਗੀ;

‘‘’ਪਾਪਾ! ਇਨ੍ਹਾਂ ਸਾਰਿਆਂ ਬੱਚਿਆਂ ਨੂੰ ਸਾਡੀ ਛੱਤ ਤੋਂ ਉਤਾਰੋ। ਜੇ ਇਨ੍ਹਾਂ ਨੇ ਮੈਨੂੰ ਨਹੀਂ ਖਿਡਾਉਣਾ ਤਾਂ ਇਹ ਸਾਡੀ ਛੱਤ ’ਤੇ ਕਿਉਂ ਚੜ੍ਹੇ ਨੇ ?’’

ਛੱਤ ’ਤੇ ਬੱਚਿਆਂ ਦਾ ਦੌੜਨਾ ਮੈਨੂੰ ਵੀ ਪਸੰਦ ਨਹੀਂ ਸੀ। ਮੈਂ ਚਾਹ ਦਾ ਕੱਪ ਮੇਜ਼ ’ਤੇ ਰੱਖ ਕੇ ਬਾਹਰ ਆ ਗਿਆ। ਮੇਰੇ ਪਿੱਛੇ ਪਿੱਛੇ ਸ਼ਰਮਾ ਜੀ ਵੀ ਆ ਗਏ। ਛੱਤ ’ਤੇ ਬੱਚੇ ਬੜੇ ਜ਼ੋਰ ਸ਼ੋਰ ਨਾਲ ਖੇਡ ਰਹੇ ਸਨ। ਮੈਂ ਉਨ੍ਹਾਂ ’ਚੋਂ ਇੱਕ ਬੱਚੇ ਨੂੰ ਆਵਾਜ਼ ਦੇ ਕੇ ਹੇਠਾਂ ਬੁਲਾਇਆ, ‘‘ਗੀਤੂ ! ਜ਼ਰਾ ਥੱਲੇ ਆਉਣਾ ਬੇਟੇ।’’

ਮਿੰਟ ਕੁ ਬਾਅਦ ਗੀਤੂ ਮੇਰੇ ਸਾਹਮਣੇ ਖੜ੍ਹੀ ਸੀ। ਉਸ ਦੇ ਪਿੱਛੇ ਪਿੱਛੇ ਬਾਕੀ ਬੱਚੇ ਵੀ ਆ ਗਏ। ਮੇਰੇ ਨਾਲ ਮੇਰੀ ਬੱਚੀ ਤੇ ਸ਼ਰਮਾ ਜੀ ਖੜ੍ਹੇ ਸਨ। ਮੈਂ ਬੜੇ ਪਿਆਰ ਨਾਲ ਪੁੱਛਿਆ, ‘‘ਬੇਟੇ ! ਤੁਸੀਂ ਸਵੀਟੀ ਨੂੰ ਆਪਣੇ ਨਾਲ ਕਿਉਂ ਨਹੀਂ ਖਿਡਾਉਂਦੇ ?’’ ਗੀਤੂ ਨੇ ਇੱਕ ਨਜ਼ਰ ਸ਼ਰਮਾ ਜੀ ਵੱਲ ਵੇਖਿਆ ਤੇ ਚੁੱਪ ਰਹੀ।

ਫਿਰ ਸ਼ਰਮਾ ਜੀ ਨੇ ਕਿਹਾ, ‘‘ਬੇਟੇ ! ਸਭ ਬੱਚਿਆਂ ਨਾਲ ਰਲ-ਮਿਲ ਕੇ ਖੇਡਿਆ ਕਰੋ।’’

‘‘ਅਸੀਂ ਤਾਂ ਅੰਕਲ ਜੀ ਸਾਰੇ ਰਲ ਕੇ ਖੇਡ ਰਹੇ ਸਾਂ, ਪਰ ਕਮਲਾ ਆਂਟੀ ਕਹਿਣ ਲੱਗੇ ਕਿ ਇਸ ਸਿੱਖਾਂ ਦੀ ਕੁੜੀ ਨੂੰ ਨਾ ਖਿਡਾਉਣਾ ਕਿਉਂਕਿ ਇਨ੍ਹਾਂ ਸਿੱਖਾਂ ਨੇ ਸਾਡੇ ਪ੍ਰਧਾਨ ਮੰਤਰੀ ਦਾ ਕਤਲ ਕੀਤਾ ਏ।’’ ਗੀਤੂ ਫਟਾਫਟ ਸ਼ਰਮਾ ਜੀ ਨੂੰ ਸੰਬੋਧਨ ਕਰ ਕੇ ਉੱਥੋਂ ਦੌੜ ਗਈ।

ਸਾਰੇ ਬੱਚੇ ਜਾ ਚੁੱਕੇ ਸਨ। ਸ਼ਰਮਾ ਜੀ ਵੀ ਆਪਣੇ ਘਰ ਚਲੇ ਗਏ। ਮੈਂ ਗੁੰਮ ਸੁੰਮ ਜਿਹਾ ਹੋਇਆ ਅੰਦਰ ਪਲੰਘ ’ਤੇ ਆਣ ਡਿੱਗਾ। ਮੈਂ ਅੱਜ ਦੀ ਵਾਪਰੀ ਘਟਨਾ ਬਾਰੇ ਸੋਚਣ ਲੱਗਾ। ਮੇਰੀ ਕਲਪਨਾ ਦੇ ਸਾਹਮਣੇ ਸ਼ਰਮਾ ਜੀ ਆਣ ਖੜ੍ਹੇ ਹੋਏ। ਇਕਦਮ ਜਨਰਲ ਦੀ ਵਰਦੀ ਵਿੱਚ ਜਨਰਲ ਵਿਪਨ ਸ਼ਰਮਾ, ਪਰ ਚਿਹਰੇ ’ਤੇ ਇਕਦਮ ਉਦਾਸੀ ਛਾਈ ਹੋਈ। ਇੱਕ ਹਾਰੇ ਹੋਏ ਜਨਰਲ ਵਾਂਗ ਸ਼ਰਮਾ ਜੀ ਕਹਿ ਰਹੇ ਸਨ, ‘‘ਮੈਂ ਦੇਸ਼ ਦੇ ਬਾਹਰਲੇ ਦੁਸ਼ਮਣਾਂ ਨਾਲ ਤਾਂ ਲੜ ਸਕਦਾ ਹਾਂ, ਪਰ ਇਨ੍ਹਾਂ ਅੰਦਰਲੇ ਦੁਸ਼ਮਣਾਂ ਨਾਲ ਨਹੀਂ ਲੜ ਸਕਦਾ ਜੋ ਸਾਡੇ ਸੰਸਕਾਰਾਂ ਦਾ ਕਤਲ ਕਰ ਰਹੇ ਹਨ। ਅੱਜ ਮੈਂ ਇਸ ਅਹੁਦੇ ਤੋਂ ਰਿਟਾਇਰ ਹੋ ਰਿਹਾ ਹਾਂ ਤੇ ਫਿਰ ਮੇਰੀ ਰੂਹ ਵਿੱਚ ਮੇਰੀ ਬੱਚੀ ਦਾ ਸਵਾਲ ਗੂੰਜਿਆ, ‘‘ਮੈਂ ਹੁਣ ਕਿਹਦੇ ਨਾਲ ਖੇਡਾਂਗੀ ?’’

ਸੰਪਰਕ: 61403125209

Advertisement
×