ਜਦੋਂ ਸਾਨੂੰ ‘ਇਮਾਨਦਾਰੀ’ ਦੇ ਭੂਤ ਨੇ ਢਾਹਿਆ
ਵਿਅੰਗ ਬੇਈਮਾਨ ਵਿੱਚ ਰੰਗੇ ਹੋਏ ਸਾਡੇ ਤਨ ਮਨ ਨੂੰ ਅਚਾਨਕ ਇਮਾਨਦਾਰੀ ਦੇ ਭੂਤ ਨੇ ਆਣ ਢਾਹਿਆ। ਬੇਈਮਾਨੀ ਦੀ ਪੂਰੀ ਕਿਰਪਾ ਦ੍ਰਿਸ਼ਟੀ ਹੋਣ ਦੇ ਬਾਵਜੂਦ ਸਾਡਾ ਸਰੀਰ ਬੇਸੁੱਧ ਹੋ ਕੇ ਭ੍ਰਿਸ਼ਟਾਚਾਰ ਦੇ ਚੌਕ ਵਿੱਚ ਚੌਫਾਲ ਡਿੱਗ ਪਿਆ। ‘ਜਦੋਂ ਮੇਰਾ ਲੱਕ ਹਿੱਲਦਾ,...
ਵਿਅੰਗ
ਬੇਈਮਾਨ ਵਿੱਚ ਰੰਗੇ ਹੋਏ ਸਾਡੇ ਤਨ ਮਨ ਨੂੰ ਅਚਾਨਕ ਇਮਾਨਦਾਰੀ ਦੇ ਭੂਤ ਨੇ ਆਣ ਢਾਹਿਆ। ਬੇਈਮਾਨੀ ਦੀ ਪੂਰੀ ਕਿਰਪਾ ਦ੍ਰਿਸ਼ਟੀ ਹੋਣ ਦੇ ਬਾਵਜੂਦ ਸਾਡਾ ਸਰੀਰ ਬੇਸੁੱਧ ਹੋ ਕੇ ਭ੍ਰਿਸ਼ਟਾਚਾਰ ਦੇ ਚੌਕ ਵਿੱਚ ਚੌਫਾਲ ਡਿੱਗ ਪਿਆ। ‘ਜਦੋਂ ਮੇਰਾ ਲੱਕ ਹਿੱਲਦਾ, ਹਿਲਦਾ ਸਾਰਾ ਪਟਿਆਲਾ...’ ਅਨੁਸਾਰ ਇਮਾਨਦਾਰੀ ਦੇ ਭੂਤ ਨੇ ਨਿਢਾਲ ਕਰਕੇ ਸਾਨੂੰ ਢਾਹਿਆ ਹੋਇਆ ਸੀ, ਪਰ ਵਖ਼ਤ ਆਲੇ ਦੁਆਲੇ ਨੂੰ ਪੈ ਗਿਆ। ਚੁਫ਼ੇਰੇ ਲਾ ਲਾ ਹੋ ਗਈ ਕਿ ਜੇ ਇਸ ਦੀ ਇਮਾਨਦਾਰੀ ਦੇ ਭੂਤ ਨੇ ਫੂਕ ਕੱਢਤੀ ਤਾਂ...ਓ ਕਿਤੇ ਇਸ ਬੰਧੂ ਦੀ ਭਟਕਦੀ ਰੂਹ ਸਾਡੇ ਵਿਹੜੇ...ਸਾਡੇ ਮਹਿਕਮੇ ਵਿੱਚ ਆ ਵੜੀ ਤਾਂ ਐਵੇਂ ਨਿੱਤ ਨਵਾਂ ਭੜਥੂ ਪਾਈ ਰੱਖੂ...।’’
ਇੱਕ ਹਨੇਰੂ ਮੱਲ ਆਉਂਦਿਆਂ ਹੀ ਸਾਡੇ ਬੇਸੁਰਤ ਸਰੀਰ ਨੂੰ ਠੁੱਡੇ ਮਾਰਦਿਆਂ ਡੰਡ ਦੁਹਾਈ ਪਾਉਣ ਲੱਗ ਪਿਆ, ‘‘ਓਏ ਅਨਪੜ੍ਹ ਜਾਂ ਪੜ੍ਹੇ ਲਿਖੇ ਅਨਪੜ੍ਹ ਲੋਕਾਂ ਦਾ ਹਜ਼ੂਮ ਹੀ ਲੋਕਤੰਤਰ ਦਾ ਵੱਡਾ ਥੰਮ੍ਹ ਹੁੰਦਾ ਐ। ਇੱਕ ਵੱਡੀ ਵੋਟ ਬੈਂਕ ਹੁੰਦੀ ਹੈ, ਇਹੀ ਲਾਈਲੱਗ ਭੀੜ ਵੋਟਰ ਵੀ ਤੇ ਸਪੋਰਟਰ ਵੀ ਹੁੰਦੀ ਐ। ਓਏ ਜੇ ਕਿਤੇ ਇਸ ਦਾ ਭੂਤ ਸਿੱਖਿਆ ਦੇ ਖੇਤਰ ਵਿੱਚ ਵੜ ਗਿਆ ਤਾਂ ਪੜ੍ਹਨ ਪੜ੍ਹਾਉਣ ਦਾ ਕੰਮ ਇਮਾਨਦਾਰੀ ਨਾਲ ਚੱਲ ਪੈਣਾ, ਲੋਕਾਂ ਨੂੰ ਮਾੜਾ ਚੰਗਾ ਸਮਝ ਆਉਣ ਲੱਗ ਜਾਣਾ, ਫਿਰ ਲੋਟੂਮਲ ਤੇ ਲਾਰਾਲੱਪਾ ਸਿਹੁੰ ਵਰਗੇ ਨੇਤਾਵਾਂ ਦਾ ‘ਵੋਟ ਠੂਠਾ’ ਕਿਵੇਂ ਭਰੂ?’’
‘‘ਓਏ! ਜੇ ਕਿਤੇ ਇਹਦੀ ਰੂਹ ਕਾਨੂੰਨ ਰਾਖੇ ਮਹਿਕਮੇ ਵਿੱਚ ਜਾ ਵੜੀ ਤਾਂ ਸਭ ਚੋਰੀ ਯਾਰੀ ਖ਼ਤਮ...ਸਮਝੋ ਸਭ ਮਾਮਲੇ ਗੜਬੜ, ਟਾਊਟ ਵਿਚਾਰੇ ਨਾ ਘਰ ਦੇ ਨਾ ਘਾਟ ਦੇ ਰਹਿ ਜਾਣਗੇ।’’
‘‘ਓਏ! ਜੇ ਕਿਤੇ ਇਸ ਦਾ ਇਮਾਨਦਾਰੀ ਦਾ ਨਾਗ ਠੇਕੇਦਾਰੀ ਨੂੰ ਡੰਗ ਗਿਆ ਤਾਂ ਬਣੇ ਪੁਲ, ਸੜਕਾਂ, ਇਮਾਰਤਾਂ ਸਦੀਆਂ ਸਦੀਆਂ ਤੱਕ ਕਾਇਮ ਰਹਿਣਗੀਆਂ, ਜੇ ਇਹ ਛੇਤੀ ਕੀਤਿਆਂ ਢੱਠਿਆ/ ਮਲੀਆਮੇਟ ਨਹੀਂ ਹੋਇਆ ਕਰਨਗੇ ਤਾਂ ਛਕਣ-ਛਕਾਉਣ ਦੇ ਕਾਂ ਠੂੰਗੇ ਪ੍ਰਾਜੈਕਟ ਕਿਵੇਂ ਚੱਲਣਗੇ? ਆਹ ਸਭ ਠੱਪ ਹੋ ਜਾਣਗੇ।’’
‘‘ਓਏ! ਜੇ ਇਸ ਦਾ ਭੂਤ ਸਿਹਤ ਵਿਭਾਗ ਵਿੱਚ ਘੁਸਪੈਠ ਕਰ ਗਿਆ ਤਾਂ ਸਭ ਡਾਕਟਰਾਂ ਨੂੰ ਸੱਚੀਂ ਮੁੱਚੀਂ ਆਪਣਾ ਆਪ ‘ਰੱਬ ਦਾ ਰੂਪ’ ਹੋਣ ਦਾ ਅਹਿਸਾਸ ਹੋਣ ਲੱਗ ਪਿਆ ਤਾਂ ਲੋਕਾਂ ਦਾ ਇਲਾਜ ਸਹੀ ਮਾਅਨਿਆਂ ਵਿੱਚ ਹੋਣ ਲੱਗ ਜਾਊ, ਅਸਲ ਦਵਾ ਤੇ ਰੋਗ ਹਵਾ। ਫਿਰ ਪੁਰਾਣੇ ਜਾਣਗੇ ਨਹੀਂ ਤੇ ਨਵੇਂ ਤੁਰੇ ਆਉਣਗੇ। ਆਬਾਦੀ ਛਾਲਾਂ ਮਾਰਦੀ ਹੋਰ ਟੀਸੀ ’ਤੇ ਜਾ ਅੱਪੜੂ।’’
‘‘ਓਏ! ਜੇ ਕਿਤੇ ਇਸ ਦੀ ਇਮਾਨਦਾਰੀ ਦੇ ਜਰਮ ਧਾਰਮਿਕ ਆਸਥਾ ਵਿੱਚ ਰਲ ਗਏ ਤਾਂ ‘ਨੇਕ ਕੰਮਾਂ ਦੇ ਅਮਲਾਂ ਨਾਲ ਈ ਹੋਣੇ ਨਿਬੇੜੇ’ ਦਾ ਅੰਦਰੂਨੀ ਚਾਨਣ ਹੋ ਜਾਣਾ। ਇਨਸਾਨੀਅਤ ਅਸਲ ਧਰਮ ਐ ਤਾਂ ਦੁਨੀਆ ਵਿੱਚ ਭਲਾਈ ਦੇ ਕੰਮਾਂ ਦਾ ਪ੍ਰਚਲਨ ਆਪਣੇ ਆਪ ਹੀ ਵਧ ਜਾਣਾ। ਫਿਰ ਅਖੌਤੀ ਪਾਖੰਡੀ ਸਾਧ-ਸਾਧਣੀਆਂ, ਬਾਬਿਆਂ, ਮਾਂਦਰੀਆਂ, ਜੋਤਸ਼ੀਆਂ ਤੇ ਵਹਿਮਾਂ ਭਰਮਾਂ ਦਾ ਧੰਦਾ ਚੌਪਟ ਤੇ ਖੀਰ ਪੂੜਿਆਂ ਦੀ ਕੜਾਹੀ ਮੂਧੀ ਵੱਜ ਜਾਣੀ ਆ। ਦੰਗੇ ਫਸਾਦ ਸਭ ਛੂੰ ਮੰਤਰ ਹੋ ਜਾਣੇ ਆ।’’
‘‘ਓਏ! ਜੇ ਇਸ ਦੀ ਬਿਮਾਰੀ ਦੇ ਕੀਟਾਣੂ ਕੋਰਟ ਕਚਿਹਰੀਆਂ ਤੱਕ ਫੈਲ ਗਏ ਤਾਂ ਨਿਆਂ ਪ੍ਰਣਾਲੀ ਚੁਸਤੀ ਫੜ ਲਊ। ਜੇ ਏਦਾਂ ਹੋ ਗਿਆ ਤਾਂ ਸਾਲਾਂਬੱਧੀ ਲਮਕਦੇ ਮੁਕੱਦਮੇ ਝੱਟ ਦੇਣੀ ਖ਼ਤਮ ਹੋਣ ਲੱਗਣਗੇ। ਇਨਸਾਫ਼ ਲਈ ਫਿਰ ਕਚਿਹਰੀਆਂ ਵਿੱਚ ਲੱਗਦੇ ਮੇਲਿਆਂ ਦਾ ਕੀ ਬਣੂੰ? ਮਾਂ ਬੋਲੀ ਸੇਵਾਦਾਰਾਂ ਦੇ ਬੋਲ, ‘ਜਦੋਂ ਪੈਂਦੀ ਏ ਤਰੀਕ ਕਿਸੇ ਜੱਟ ਦੀ, ਕਚਹਿਰੀਆਂ ’ਚ ਮੇਲੇ ਲੱਗਦੇ’ ਝੂਠੇ ਨਾ ਪੈ ਜਾਣਗੇ? ਇਨਸਾਫ਼ ਬੱਲੇ ਬੱਲੇ ਤੇ ਬੇਇਨਸਾਫ਼ੀ ਥੱਲੇ ਥੱਲੇ।’’
‘‘ਓਏ ਜੇ ਇਮਾਨਦਾਰੀ ਪੱਤਰਕਾਰੀ ਦੇ ਮੋਢਿਆਂ ’ਤੇ ਜਾ ਚੜ੍ਹੀ ਤਾਂ ਪੀਲੀ ਪੱਤਰਕਾਰੀ ਦੀ ਚਮਚਾਗਿਰੀ ਦਾ ਕੀ ਬਣੂੰ? ਸੱਚੀਆਂ ਖ਼ਬਰਾਂ ਦੇ ਬੋਲਬਾਲੇ ਨਾਲ ਝੂਠ ਦੇ ਖੜਪਚੇ ਉੱਡ ਜਾਣੇ ਆ।’’ ਸਾਡੇ ਬੇਸੁੱਧ ਸਰੀਰ ਦੁਆਲੇ ਅਜਿਹੇ ਵੰਨੇ ਸੁਵੰਨੇ ਕੀਰਨੇ ਪੈ ਰਹੇ ਸਨ।
‘ਨੱਚਾਂ ਮੈਂ ਲੁਧਿਆਣੇ, ਧਮਕ ਜਲੰਧਰ ਪੈਂਦੀ’ ਅਨੁਸਾਰ ਤਾਂ ਡਿੱਗੇ ਅਸੀਂ ਭ੍ਰਿਸ਼ਟਾਚਾਰ ਦੇ ਚੌਕ ਵਿੱਚ ਸਾਂ, ਪਰ ਧਮਕ ਸਾਡੇ ਘਰ ਜਾ ਪਈ। ਸਾਡੇ ‘ਬੇਸੁੱਧ’ ਹੋਣ ਦੀ ਭਿਣਕ ਸਾਡੀ ਫੂਲਾਂ ਰਾਣੀ ਨੂੰ ਪੈ ਗਈ। ਉਹ ਵੀ ਵਾਹੋ ਦਾਹੀ ਡਿੱਗਦੀ ਢਹਿੰਦੀ ਸਾਡੀ ਬੇਸੁਰਤ ਦੇਹੀ ਕੋਲ ਆ ਪਹੁੰਚੀ। ਸਾਡਾ ਸਿਰ ਗੋਦੀ ਵਿੱਚ ਲੈ ਕੇ ਦੁਹੱਥੜ ਮਾਰਦੀ ਹੋਈ ਰੋਣ ਪਿੱਟਣ ਲੱਗ ਪਈ, ‘ਵੇ ਤੋਤਿਆ ਮਨ ਮੋਤਿਆ! ਤੈਨੂੰ ਬਥੇਰਾ ਵਰਜਿਆ ਸੀ, ਵੇ ਕਿਤੇ ਇਮਾਨਦਾਰੀ ਦੀ ਚੂਰੀ ਨਾ ਖਾ ਬਹੀਂ, ਪਰ ਤੂੰ ਨਾ ਟਲਿਆ, ਕੀਤੀ ਮਨਮਰਜ਼ੀ ਤੇ ਇਮਾਨਦਾਰੀ ਦਾ ਅਵੱਲਾ ਰੋਗ ਲਵਾ ਕੇ ਬਹਿ ਗਿਓਂ। ਵੇ ਤੇਰੀ ਅਗਲੀ ਪਿਛਲੀ ਪੀੜ੍ਹੀ ਵਿੱਚ ਇਮਾਨਦਾਰੀ ਦਾ ਇਹ ਨਾਮੁਰਾਦ ਰੋਗ ਉੱਕਾ ਹੀ ਨਹੀਂ ਸੀ। ਤੇਰੀ ਇਸ ਆਪਹੁਦਰੀ ਨੇ ਸਭ ਭੱਠਾ ਬਿਠਾ ਦੇਣਾ। ਤੇਰੀ ਤਨਖਾਹ ਦੇ ਚਾਰ ਛਿੱਲੜਾਂ ਨਾਲ ਮਸਾਂ ਲੂਣ ਤੇਲ ਈ ਚੱਲਦੈ, ਹੁਣ ਐਸ਼ਪ੍ਰਸਤੀ ਵਾਲੀ ਗੱਡੀ ਵਿੱਚ ਤੇਲ ਕਿੱਥੋਂ ਪਊ? ਵੰਨ-ਸੁਵੰਨੇ ਸੂਟ ਤੇ ਟਸ਼ਨ ਬਾਜ਼ੀਆਂ ਕਿਵੇਂ ਪੂਰੀਆਂ ਹੋਣਗੀਆਂ?’ ਫੂਲਾਂ ਰਾਣੀ ਦੇ ਕੀਰਨਿਆਂ ਨੂੰ ਸੁਣ ਕੇ ਆਲੇ ਦੁਆਲੇ ਭੀੜ ਵਿੱਚੋਂ ਕੋਈ ਸਾਡੀਆਂ ਲੱਤਾਂ ਬਾਹਾਂ ਘੁੱਟਣ, ਕੋਈ ਤਲੀਆਂ, ਕੋਈ ਹਥੇਲੀਆਂ ਝੱਸਣ ਲੱਗ ਪਿਆ ਤੇ ਕੋਈ ਉੱਚੀ ਉੱਚੀ ਭ੍ਰਿਸ਼ਟਾਚਾਰੀ ਦੇ ਮੰਤਰਾਂ ਦੇ ਜਾਪ ਕਰਨ ਲੱਗ ਪਿਆ, ‘ਲੁੱਟੀ ਜਾ ਬਈ ਲੁੱਟੀ ਜਾ, ਜਣੇ ਖਣੇ ਨੂੰ ਕੁੱਟੀ ਜਾ ਬਈ ਕੁੱਟੀ ਜਾ, ਜੇ ਕੋਈ ਡੱਬੂ ਭੌਂਕੇ ਤਾਂ ਉਹਦੇ ਅੱਗੇ ਬੁਰਕੀ ਸੁੱਟੀ ਜਾ ਬਈ ਸੁੱਟੀ ਜਾ।’ ਬੇਈਮਾਨੀ ਦੇ ਫਾਂਡਿਆਂ ਤੇ ਮੰਤਰਾਂ ਦੇ ਜਾਪ ਦੇ ਨਾਲ ਨਾਲ ਸਾਡੇ ’ਤੇ ਸਵਾਰ ਇਮਾਨਦਾਰੀ ਦਾ ਭੂਤ ਛੂੰ ਮੰਤਰ ਹੋ ਗਿਆ ਤੇ ਸਾਨੂੰ ਹੋਸ਼ ਆਉਣ ਲੱਗ ਪਈ। ਸਾਨੂੰ ਹੋਸ਼ ਵਿੱਚ ਆਇਆ ਵੇਖ ਕੇ ਭ੍ਰਿਸ਼ਟੂ ਲੋਟੂਆਂ ਦੇ ਛੁੱਟੇ ਪਸੀਨੇ ਸੁੱਕਣ ਲੱਗੇ। ਉਨ੍ਹਾਂ ਦੇ ਸਾਹਾਂ ਵਿੱਚ ਸਾਹ ਆਉਣ ਲੱਗ ਪਿਆ। ਸਾਡੇ ਦੁਆਲੇ ਇਕੱਤਰ ਭੀੜ ਖਿਸਕਣ ਲੱਗੀ ਤੇ ਅਸੀਂ ਵੀ ਲੜਖੜਾਉਂਦੇ ਹੋਏ ਘਰ ਪਹੁੰਚ ਗਏ। ਸਹਿਜੇ ਸਹਿਜੇ ਦਿਲ ਧਰਦਿਆਂ ਉਨ੍ਹਾਂ ਪੁਰਾਣੇ ਕੰਮ ਧੰਦਿਆਂ ਵਿੱਚ ਰੁੱਝ ਜ਼ਰੂਰ ਗਏ ਸਾਂ, ਪਰ ਸਾਨੂੰ ਅਜੇ ਵੀ ਕਦੇ ਕਦੇ ਇਹ ‘ਇਮਾਨਦਾਰੀ’ ਦਾ ਭੂਤ ਹੁੱਝ ਮਾਰ ਕੇ ਜਗਾ ਹੀ ਜਾਂਦਾ ਹੈ;
ਓ ਭਾਵੇਂ ਚਾਂਦੀ ਤੇ ਭਾਵੇਂ ਸੋਨੇ ਦੇ ਬਣਾ ਬੰਗਲੇ
ਓ ਜਾਂਦੀ ਵਾਰ ਏਥੇ ਈ ਛੱਡ ਜਾਣੇ ਆਹ ਬੰਗਲੇ।
ਸੰਪਰਕ: 98764-74858

