ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਰਾਣੇ ਵਿਦਿਆਰਥੀ ਮਿਲੇ...
ਸਰੀ: ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਨੀ ਬੀਸੀ ਚੈਪਟਰ ਵੱਲੋਂ ਬੀਤੇ ਦਿਨੀਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠੇ ਹੋਏ...
ਸਰੀ: ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਨੀ ਬੀਸੀ ਚੈਪਟਰ ਵੱਲੋਂ ਬੀਤੇ ਦਿਨੀਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠੇ ਹੋਏ ਮੈਂਬਰਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਮੀਰਾ ਗਿੱਲ ਵੱਲੋਂ ਸਭਨਾਂ ਦਾ ਸਵਾਗਤ ਕਰਨ ਨਾਲ ਹੋਈ। ਉਪਰੰਤ ਚੈਪਟਰ ਦੇ ਪ੍ਰਧਾਨ ਪਰਮਿੰਦਰ ਸਿੰਘ ਭਾਟੀਆ ਅਤੇ ਪਲੈਨਿੰਗ ਕਮੇਟੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਰੰਗਮੰਚ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਵਿੱਚ ਰੇਡੀਓ ਮੇਜ਼ਬਾਨ ਜੈਸਮੀਨ, ਡਾ. ਅਮਰਜੀਤ ਭੁੱਲਰ ਤੇ ਡਾ. ਜੈਸਮੀਨ ਸਿੰਘ, ਸਕਿੱਟ ਡਾਇਰੈਕਟਰ ਰੂਪੀ ਸ਼ਰਮਾ ਅਤੇ ਪੰਜਾਬੀ ਥੀਏਟਰ ਤੇ ਮਨੋਰੰਜਨ ਜਗਤ ਦੇ ਪ੍ਰਸਿੱਧ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਸ਼ਾਮਲ ਸਨ।
ਸਾਹਿਤ ਅਤੇ ਸੱਭਿਆਚਾਰ ਦੇ ਨਾਲ-ਨਾਲ ਸਮਾਗਮ ਵਿੱਚ ਸਮਾਜਿਕ ਜਾਗਰੂਕਤਾ ਨੂੰ ਵੀ ਅਹਿਮ ਸਥਾਨ ਦਿੱਤਾ ਗਿਆ। ਅੰਗ ਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਰੀਤਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਅੰਗ ਦਾਨ ਅਤੇ ਕਿਡਨੀ ਟ੍ਰਾਂਸਪਲਾਂਟ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਰਾ ਗਿੱਲ ਨੇ ਵੀ ਸਾਰਿਆਂ ਨੂੰ ਬੀਸੀ ਆਰਗਨ ਡੋਨਰ ਪ੍ਰੋਗਰਾਮ ਨਾਲ ਜੁੜਨ ਅਤੇ ਇਸ ਮਨੁੱਖੀ ਕਾਰਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੂਬੀਸੀ ਦੀ ਵਿਦਿਆਰਥਣ ਗੁਨੀਤ ਕੌਰ ਨੇ ਆਪਣੇ ਪਰਿਵਾਰ ਦਾ ਭਾਵੁਕ ਅਤੇ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਕਿਡਨੀ ਟ੍ਰਾਂਸਪਲਾਂਟ ਨੇ ਨਾ ਸਿਰਫ਼ ਉਨ੍ਹਾਂ ਦੇ ਪਿਤਾ ਨੂੰ ਨਵਾਂ ਜੀਵਨ ਦਿੱਤਾ, ਸਗੋਂ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਉਨ੍ਹਾਂ ਨੂੰ ਨਵੀਂ ਉਮੀਦ ਅਤੇ ਖੁਸ਼ੀਆਂ ਬਖਸ਼ੀਆਂ।
ਸਮਾਗਮ ਦੇ ਅਖੀਰਲੇ ਪੜਾਅ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਗਿਆ। ਸਮਾਗਮ ਦੌਰਾਨ ਗੁਲਾਟੀ ਪਬਲਿਸ਼ਰਜ਼ ਵੱਲੋਂ ਪੰਜਾਬੀ ਕਿਤਾਬਾਂ ਦਾ ਵਿਸ਼ੇਸ਼ ਸਟਾਲ ਲਾਇਆ ਗਿਆ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੁਲਦੀਪ ਸਿੰਘ ਸਿੱਧੂ, ਕੁਲਦੀਪ ਸਿੰਘ ਅਤੇ ਵਿੱਕ ਥਿੰਦ ਨੇ ਬਾਖੂਬੀ ਕੀਤਾ।

