DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਦੋਂ ਜੀਵਨ ਹੀ ਇਲਾਜ ਬਣ ਜਾਂਦਾ ਹੈ

ਕਈ ਵਾਰ ਇਲਾਜ ਦੀ ਸ਼ੁਰੂਆਤ ਕਿਸੇ ਦਵਾਈ ਤੋਂ ਨਹੀਂ ਹੁੰਦੀ। ਕਈ ਵਾਰ ਇਹ ਕਿਸੇ ਬੰਦ ਕਮਰੇ ਵਿੱਚ ਬੈਠ ਕੇ ਕੀਤੀ ਗੱਲਬਾਤ ਤੋਂ ਵੀ ਸ਼ੁਰੂ ਨਹੀਂ ਹੁੰਦਾ। ਕਈ ਵਾਰ ਇਲਾਜ ਸਿਰਫ਼ ਇੰਨਾ ਹੁੰਦਾ ਹੈ ਕਿ ਧਰਤੀ ਉੱਤੇ ਬੈਠਿਆ ਜਾਵੇ, ਮਿੱਟੀ ਨੂੰ...

  • fb
  • twitter
  • whatsapp
  • whatsapp
Advertisement

ਕਈ ਵਾਰ ਇਲਾਜ ਦੀ ਸ਼ੁਰੂਆਤ ਕਿਸੇ ਦਵਾਈ ਤੋਂ ਨਹੀਂ ਹੁੰਦੀ। ਕਈ ਵਾਰ ਇਹ ਕਿਸੇ ਬੰਦ ਕਮਰੇ ਵਿੱਚ ਬੈਠ ਕੇ ਕੀਤੀ ਗੱਲਬਾਤ ਤੋਂ ਵੀ ਸ਼ੁਰੂ ਨਹੀਂ ਹੁੰਦਾ। ਕਈ ਵਾਰ ਇਲਾਜ ਸਿਰਫ਼ ਇੰਨਾ ਹੁੰਦਾ ਹੈ ਕਿ ਧਰਤੀ ਉੱਤੇ ਬੈਠਿਆ ਜਾਵੇ, ਮਿੱਟੀ ਨੂੰ ਛੂਹਿਆ ਜਾਵੇ, ਖੁੱਲ੍ਹੇ ਅਸਮਾਨ ਵੱਲ ਵੇਖਿਆ ਜਾਵੇ ਅਤੇ ਉਸ ਕੁਦਰਤੀ ਸਰੋਤ ਨਾਲ ਮੁੜ ਜੁੜਿਆ ਜਾਵੇ, ਜਿਸ ਨਾਲ ਮਨੁੱਖ ਦਾ ਰਿਸ਼ਤਾ ਕਦੇ ਬਹੁਤ ਗਹਿਰਾ ਹੁੰਦਾ ਸੀ।

ਮਿੱਟੀ ਸਿਰਫ਼ ਮਿੱਟੀ ਨਹੀਂ। ਇਹ ਯਾਦ ਹੈ। ਇਹ ਜੜ੍ਹ ਹੈ। ਇਹ ਉਹ ਸਪਰਸ਼ ਹੈ ਜੋ ਮਨੁੱਖ ਨੂੰ ਉਸ ਦੀ ਮੂਲ ਹੋਂਦ ਨਾਲ ਜੋੜਦਾ ਹੈ। ਜਿੱਥੋਂ ਸਰੀਰ ਬਣਿਆ, ਜਿੱਥੋਂ ਅੰਨ ਉੱਗਿਆ, ਜਿੱਥੋਂ ਸਾਹ ਲਈ ਹਵਾ ਮਿਲੀ ਅਤੇ ਜਿੱਥੇ ਆਖ਼ਰਕਾਰ ਸਰੀਰ ਨੇ ਵਾਪਸ ਜਾਣਾ ਹੈ, ਉਸੇ ਧਰਤੀ ਨਾਲ ਜੀਵਨ ਦਾ ਸਭ ਤੋਂ ਪੁਰਾਣਾ ਰਿਸ਼ਤਾ ਹੈ, ਪਰ ਆਧੁਨਿਕ ਜੀਵਨ ਨੇ ਇਸ ਰਿਸ਼ਤੇ ਵਿੱਚ ਇੱਕ ਵੱਡੀ ਦੂਰੀ ਪੈਦਾ ਕਰ ਦਿੱਤੀ ਹੈ।

Advertisement

ਅਸੀਂ ਕੁਦਰਤ ਤੋਂ ਦੂਰ ਹੋ ਗਏ ਹਾਂ। ਅਸੀਂ ਮਿੱਟੀ ਤੋਂ ਦੂਰ ਹੋ ਗਏ ਹਾਂ। ਅਸੀਂ ਇੱਕ-ਦੂਜੇ ਤੋਂ ਵੀ ਦੂਰ ਹੋ ਗਏ ਹਾਂ। ਚਾਰ ਦੀਵਾਰਾਂ, ਸਕਰੀਨਾਂ, ਲਗਾਤਾਰ ਦੌੜ ਅਤੇ ਅੰਦਰਲੀ ਬੇਚੈਨੀ ਨੇ ਜੀਵਨ ਨੂੰ ਇਸ ਤਰ੍ਹਾਂ ਘੇਰ ਲਿਆ ਹੈ ਕਿ ਕਈ ਵਾਰ ਮਨੁੱਖ ਆਪਣੇ ਹੀ ਅੰਦਰੋਂ ਅਜਨਬੀ ਹੋ ਜਾਂਦਾ ਹੈ। ਇਸ ਟੁੱਟਣ ਨੂੰ ਸਿਰਫ਼ ਇੱਕ ਮਨੋਵਿਗਿਆਨਕ ਸਮੱਸਿਆ ਵਜੋਂ ਦੇਖਣਾ ਸ਼ਾਇਦ ਕਾਫ਼ੀ ਨਹੀਂ। ਇਸ ਨੂੰ ਇੱਕ ਵਿਛੋੜੇ ਵਜੋਂ ਵੀ ਸਮਝਣ ਦੀ ਲੋੜ ਹੈ। ਕੁਦਰਤ ਤੋਂ ਵਿਛੋੜਾ, ਸਬੰਧਾਂ ਤੋਂ ਵਿਛੋੜਾ, ਸਰੀਰ ਤੋਂ ਵਿਛੋੜਾ ਅਤੇ ਆਪਣੇ ਅੰਦਰਲੇ ਜੀਵੰਤ ਅਨੁਭਵ ਤੋਂ ਵਿਛੋੜਾ।

Advertisement

ਇਸੇ ਥਾਂ ਹੋਲਿਸਟਿਕ ਸੋਚ ਇੱਕ ਨਵਾਂ ਦਰਵਾਜ਼ਾ ਖੋਲ੍ਹਦੀ ਹੈ। ਹੋਲਿਸਟਿਕ ਦ੍ਰਿਸ਼ਟੀ ਇਹ ਨਹੀਂ ਪੁੱਛਦੀ ਕਿ ‘ਸਮੱਸਿਆ ਕਿੱਥੇ ਹੈ?’ ਇਹ ਪੁੱਛਦੀ ਹੈ ਕਿ ‘ਜੀਵਨ ਕਿੱਥੇ ਟੁੱਟਿਆ ਹੈ?’ ਕਈ ਵਾਰ ਮਨ ਦੀ ਬੇਚੈਨੀ ਨੂੰ ਸਮਝਣ ਲਈ ਸ਼ਬਦਾਂ ਦੀ ਲੋੜ ਹੁੰਦੀ ਹੈ। ਕਈ ਵਾਰ ਚੁੱਪ ਦੀ। ਕਈ ਵਾਰ ਸੰਗੀਤ ਦੀ। ਕਈ ਵਾਰ ਰੰਗਾਂ ਦੀ। ਕਈ ਵਾਰ ਕਵਿਤਾ ਦੀ ਅਤੇ ਕਈ ਵਾਰ ਸਿਰਫ਼ ਕਿਸੇ ਦੇ ਕੋਲ ਜ਼ਮੀਨ ਉੱਤੇ ਬੈਠ ਜਾਣ ਦੀ।

ਜਦੋਂ ਕਿਸੇ ਦੇ ਨਾਲ ਉਸੇ ਧਰਤੀ ਉੱਤੇ ਬੈਠ ਕੇ ਗੱਲ ਕੀਤੀ ਜਾਂਦੀ ਹੈ, ਜਿਸ ਧਰਤੀ ਨੇ ਉਸ ਨੂੰ ਪਾਲਿਆ ਹੈ ਤਾਂ ਗੱਲਬਾਤ ਸਿਰਫ਼ ਸ਼ਬਦਾਂ ਤੱਕ ਸੀਮਤ ਨਹੀਂ ਰਹਿੰਦੀ। ਉੱਥੇ ਇੱਕ ਅਨੁਭਵ ਪੈਦਾ ਹੁੰਦਾ ਹੈ-ਬਰਾਬਰੀ ਦਾ, ਨੇੜਤਾ ਦਾ ਅਤੇ ਸਵੀਕਾਰਤਾ ਦਾ। ਉੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਸਿਰਫ਼ ਦੋ ਜੀਵਨ ਇੱਕੋ ਧਰਤੀ ਨੂੰ ਛੂਹ ਰਹੇ ਹੁੰਦੇ ਹਨ। ਸ਼ਾਇਦ ਇੱਥੋਂ ਹੀ ਅਸਲ ਸਬੰਧ ਦੀ ਸ਼ੁਰੂਆਤ ਹੁੰਦੀ ਹੈ।

ਇਸ ਦਾ ਅਰਥ ਇਹ ਨਹੀਂ ਕਿ ਮਨੋਚਿਕਿਤਸਾ, ਕਾਊਂਸਲਿੰਗ ਜਾਂ ਬੰਦ ਕਮਰੇ ਵਿੱਚ ਹੋਣ ਵਾਲੀ ਥੈਰੇਪੀ ਦੀ ਕੋਈ ਮਹੱਤਤਾ ਨਹੀਂ। ਇਹ ਸਾਰੇ ਮਹੱਤਵਪੂਰਨ ਸਾਧਨ ਹੋ ਸਕਦੇ ਹਨ, ਪਰ ਹਰ ਮਨੁੱਖ ਦੀ ਪੀੜ ਨੂੰ ਸਿਰਫ਼ ਇੱਕੋ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ। ਕੁਝ ਅਨੁਭਵ ਅਜਿਹੇ ਹੁੰਦੇ ਹਨ ਜੋ ਗੱਲਬਾਤ ਤੋਂ ਅੱਗੇ ਜਾਂਦੇ ਹਨ। ਜਿੱਥੇ ਸ਼ਬਦ ਰੁਕ ਜਾਂਦੇ ਹਨ, ਉੱਥੇ ਕਲਾ ਬੋਲ ਸਕਦੀ ਹੈ। ਜਿੱਥੇ ਅੱਖਾਂ ਰੋ ਨਹੀਂ ਸਕਦੀਆਂ, ਉੱਥੇ ਸੰਗੀਤ ਵਹਿ ਸਕਦਾ ਹੈ। ਜਿੱਥੇ ਸਰੀਰ ਜਕੜ ਜਾਂਦਾ ਹੈ, ਉੱਥੇ ਨਾਚ ਮੁੜ ਗਤੀ ਪੈਦਾ ਕਰ ਸਕਦਾ ਹੈ। ਜਿੱਥੇ ਅੰਦਰਲੀ ਆਵਾਜ਼ ਦੱਬ ਜਾਂਦੀ ਹੈ, ਉੱਥੇ ਕਵਿਤਾ ਉਸ ਨੂੰ ਦੁਬਾਰਾ ਜਗਾ ਸਕਦੀ ਹੈ ਅਤੇ ਜਿੱਥੇ ਜੀਵਨ ਬੇਰੰਗ ਹੋ ਜਾਂਦਾ ਹੈ, ਉੱਥੇ ਇੱਕ ਪੇਂਟਿੰਗ ਰੰਗਾਂ ਰਾਹੀਂ ਉਹ ਕੁਝ ਕਹਿ ਸਕਦੀ ਹੈ ਜੋ ਸ਼ਬਦ ਨਹੀਂ ਕਹਿ ਸਕਦੇ।

ਇਸ ਲਈ ਰਚਨਾਤਮਕਤਾ ਨੂੰ ਸਿਰਫ਼ ਮਨੋਰੰਜਨ ਸਮਝਣਾ ਠੀਕ ਨਹੀਂ। ਰਚਨਾਤਮਕਤਾ ਜੀਵਨ ਦੀ ਇੱਕ ਕੁਦਰਤੀ ਭਾਸ਼ਾ ਹੈ। ਨਾਚ ਸਿਰਫ਼ ਸਰੀਰ ਦੀ ਹਰਕਤ ਨਹੀਂ ਬਲਕਿ ਇਹ ਅੰਦਰਲੀ ਰੁਕਾਵਟ ਨੂੰ ਗਤੀ ਵਿੱਚ ਬਦਲ ਸਕਦਾ ਹੈ। ਸੰਗੀਤ ਸਿਰਫ਼ ਆਵਾਜ਼ ਨਹੀਂ, ਇਹ ਅੰਦਰਲੇ ਬਿੱਖਰੇ ਹੋਏ ਤਾਲ ਨੂੰ ਇੱਕ ਲੈਅ ਦੇ ਸਕਦਾ ਹੈ। ਕਵਿਤਾ ਸਿਰਫ਼ ਸ਼ਬਦਾਂ ਦੀ ਸਜਾਵਟ ਨਹੀਂ, ਇਹ ਅਣਕਹੇ ਅਨੁਭਵ ਨੂੰ ਆਵਾਜ਼ ਦੇ ਸਕਦੀ ਹੈ। ਪੇਂਟਿੰਗ ਸਿਰਫ਼ ਰੰਗ ਨਹੀਂ, ਇਹ ਅੰਦਰਲੇ ਸੰਸਾਰ ਦਾ ਇੱਕ ਦਰਪਣ ਬਣ ਸਕਦੀ ਹੈ।

ਮਨੁੱਖੀ ਰਿਸ਼ਤੇ ਸਿਰਫ਼ ਸਮਾਜਿਕ ਲੋੜ ਨਹੀਂ, ਇਹ ਮਾਨਸਿਕ ਸਿਹਤ ਦੀਆਂ ਬੁਨਿਆਦੀ ਜੜ੍ਹਾਂ ਵਿੱਚੋਂ ਇੱਕ ਹਨ। ਜਦੋਂ ਕਿਸੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਸੁਣਿਆ ਜਾ ਰਿਹਾ ਹੈ, ਸਮਝਿਆ ਜਾ ਰਿਹਾ ਹੈ ਅਤੇ ਬਿਨਾਂ ਫ਼ੈਸਲਾ ਕੀਤੇ ਸਵੀਕਾਰਿਆ ਜਾ ਰਿਹਾ ਹੈ ਤਾਂ ਅੰਦਰ ਕੁਝ ਹੌਲੀ-ਹੌਲੀ ਨਰਮ ਹੋਣ ਲੱਗਦਾ ਹੈ। ਸ਼ਾਇਦ ਹੀਲਿੰਗ ਦਾ ਸਭ ਤੋਂ ਡੂੰਘਾ ਅਰਥ ਇਹੀ ਹੈ-ਟੁੱਟੇ ਹੋਏ ਸਬੰਧਾਂ ਨੂੰ ਮੁੜ ਜੀਵੰਤ ਕਰਨਾ। ਇਹ ਕੁਦਰਤ ਨਾਲ ਸਬੰਧ, ਸਰੀਰ ਨਾਲ ਸਬੰਧ, ਭਾਵਨਾਵਾਂ ਨਾਲ ਸਬੰਧ, ਦੂਜਿਆਂ ਨਾਲ ਸਬੰਧ ਅਤੇ ਆਖ਼ਰਕਾਰ ਜੀਵਨ ਨਾਲ ਸਬੰਧ ਹੈ।

ਮਨੁੱਖ ਨੂੰ ਸਿਰਫ਼ ਉਸ ਦੇ ਲੱਛਣਾਂ ਰਾਹੀਂ ਨਹੀਂ ਸਮਝਿਆ ਜਾ ਸਕਦਾ। ਇੱਕ ਉਦਾਸੀ ਦੇ ਪਿੱਛੇ ਇੱਕ ਕਹਾਣੀ ਹੋ ਸਕਦੀ ਹੈ। ਇੱਕ ਗੁੱਸੇ ਦੇ ਪਿੱਛੇ ਕੋਈ ਅਣਸੁਣੀ ਪੀੜ ਹੋ ਸਕਦੀ ਹੈ। ਇੱਕ ਇਕੱਲੇਪਣ ਦੇ ਪਿੱਛੇ ਸਬੰਧਾਂ ਦੀ ਕਮੀ ਹੋ ਸਕਦੀ ਹੈ ਅਤੇ ਕਈ ਵਾਰ ਇੱਕ ਬੇਚੈਨ ਮਨ ਦੇ ਪਿੱਛੇ ਕੁਦਰਤ ਤੋਂ ਲੰਬੇ ਸਮੇਂ ਦਾ ਵਿਛੋੜਾ ਵੀ ਹੋ ਸਕਦਾ ਹੈ। ਇਸ ਲਈ ਸਵਾਲ ਸਿਰਫ਼ ਇਹ ਨਹੀਂ ਹੋਣਾ ਚਾਹੀਦਾ ਕਿ ‘ਇਸ ਨੂੰ ਕਿਵੇਂ ਠੀਕ ਕੀਤਾ ਜਾਵੇ?’ ਸਵਾਲ ਇਹ ਹੋਣਾ ਚਾਹੀਦਾ ਹੈ, ‘ਇਸ ਨੂੰ ਮੁੜ ਜੀਵਨ ਨਾਲ ਕਿਵੇਂ ਜੋੜਿਆ ਜਾਵੇ?’ ਇਹ ਜੋੜ ਕਿਸੇ ਇੱਕ ਤਕਨੀਕ ਦਾ ਨਾਮ ਨਹੀਂ। ਇਹ ਜੀਵਨ ਜਿਊਣ ਦਾ ਢੰਗ ਹੈ।

ਕਦੇ ਸਵੇਰੇ ਨੰਗੇ ਪੈਰ ਘਾਹ ਉੱਤੇ ਤੁਰਨਾ। ਕਦੇ ਮਿੱਟੀ ਨੂੰ ਹੱਥਾਂ ਨਾਲ ਛੂਹਣਾ। ਕਦੇ ਰੁੱਖ ਹੇਠ ਬੈਠ ਕੇ ਚੁੱਪ ਰਹਿਣਾ। ਕਦੇ ਕਿਸੇ ਨਾਲ ਬਿਨਾਂ ਕਿਸੇ ਮਕਸਦ ਦੇ ਗੱਲ ਕਰਨੀ। ਕਦੇ ਗਾਉਣਾ। ਕਦੇ ਨੱਚਣਾ। ਕਦੇ ਲਿਖਣਾ। ਕਦੇ ਰੰਗ ਭਰਨਾ। ਕਦੇ ਹੱਸਣਾ ਅਤੇ ਕਦੇ ਸਿਰਫ਼ ਸਾਹ ਨੂੰ ਮਹਿਸੂਸ ਕਰਨਾ।

ਇਹ ਛੋਟੀਆਂ ਲੱਗਣ ਵਾਲੀਆਂ ਕਰਿਆਵਾਂ ਜੀਵਨ ਦੇ ਵੱਡੇ ਟੁੱਟੇ ਹੋਏ ਪੁਲਾਂ ਨੂੰ ਦੁਬਾਰਾ ਬਣਾਉਣ ਵਿੱਚ ਸਹਾਇਕ ਹੋ ਸਕਦੀਆਂ ਹਨ।

ਦਰਅਸਲ, ਸਵਾਲ ਸ਼ਾਇਦ ਇਹ ਨਹੀਂ ਕਿ ਹੀਲਿੰਗ ਕਿੱਥੇ ਹੁੰਦੀ ਹੈ। ਅਸਲ ਸਵਾਲ ਇਹ ਹੈ ਕਿ ਹੀਲਿੰਗ ਲਈ ਜੀਵਨ ਵਿੱਚ ਕਿੰਨੀ ਥਾਂ ਛੱਡੀ ਗਈ ਹੈ। ਜੇ ਜੀਵਨ ਵਿੱਚ ਸਿਰਫ਼ ਕੰਮ ਹੈ, ਪਰ ਖੇਡ ਨਹੀਂ, ਸਿਰਫ਼ ਜਾਣਕਾਰੀ ਹੈ, ਪਰ ਅਨੁਭਵ ਨਹੀਂ, ਸਿਰਫ਼ ਸਫਲਤਾ ਹੈ, ਪਰ ਸਬੰਧ ਨਹੀਂ, ਸਿਰਫ਼ ਦੌੜ ਹੈ, ਠਹਿਰਾਅ ਨਹੀਂ ਤਾਂ ਅੰਦਰਲਾ ਸੰਤੁਲਨ ਹੌਲੀ-ਹੌਲੀ ਕਮਜ਼ੋਰ ਹੋ ਸਕਦਾ ਹੈ।

ਹੋਲਿਸਟਿਕ ਹੀਲਿੰਗ ਦਾ ਰਸਤਾ ਸ਼ਾਇਦ ਮਨੁੱਖ ਨੂੰ ‘ਠੀਕ’ ਕਰਨ ਤੋਂ ਪਹਿਲਾਂ ਉਸ ਨੂੰ ਮੁੜ ਜਿਊਣ ਦੀ ਯਾਦ ਦਿਵਾਉਂਦਾ ਹੈ। ਇਸ ਲਈ ਮਿੱਟੀ ਨਾਲ ਬੈਠੋ। ਅਸਮਾਨ ਵੱਲ ਵੇਖੋ। ਸਾਹ ਨੂੰ ਸੁਣੋ। ਕਿਸੇ ਦਾ ਹੱਥ ਫੜੋ। ਕੋਈ ਧੁਨ ਗਾਓ। ਕੋਈ ਕਵਿਤਾ ਲਿਖੋ। ਕੋਈ ਰੰਗ ਭਰੋ। ਥੋੜ੍ਹਾ ਨੱਚੋ। ਥੋੜ੍ਹਾ ਹੱਸੋ ਅਤੇ ਸਭ ਤੋਂ ਵੱਧ ਜੀਵਨ ਨੂੰ ਆਪਣੇ ਅੰਦਰੋਂ ਮੁੜ ਵਹਿਣ ਦਿਓ। ਕਿਉਂਕਿ ਜਦੋਂ ਮਨੁੱਖ ਕੁਦਰਤ ਤੋਂ ਟੁੱਟਦਾ ਹੈ ਤਾਂ ਸਿਰਫ਼ ਬਾਹਰਲਾ ਸਬੰਧ ਨਹੀਂ ਟੁੱਟਦਾ; ਕਈ ਵਾਰ ਅੰਦਰਲੀ ਲੈਅ ਵੀ ਖੋ ਜਾਂਦੀ ਹੈ ਅਤੇ ਜਦੋਂ ਉਹੀ ਲੈਅ ਮੁੜ ਮਿਲ ਜਾਂਦੀ ਹੈ ਤਾਂ ਕਈ ਵਾਰ ਇਲਾਜ ਕਿਸੇ ਬਾਹਰਲੀ ਥਾਂ ਤੋਂ ਨਹੀਂ ਆਉਂਦਾ। ਜੀਵਨ ਆਪ ਇਲਾਜ ਬਣ ਜਾਂਦਾ ਹੈ।

ਸੰਪਰਕ: +12792453149

Advertisement
×