ਜਦੋਂ ਮੈਂ ਲਾਵਾਰਿਸ ਲਾਸ਼ ਬਣਨ ਤੋਂ ਬਚਿਆ
ਕਰੀਬ 1980ਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਪੰਜਾਬ ਵਿੱਚ ਪੰਥਕ ਹਿੱਤਾਂ ਨੂੰ ਲੈ ਕੇ ਇੱਕ ਤਕੜੇ ਸੰਘਰਸ਼ ਦਾ ਮੁੱਢ ਬੱਝ ਚੁੱਕਾ ਸੀ। ਸਮੇਂ ਦੀ ਸਰਕਾਰ ਦੀਆਂ ਵਧੀਕੀਆਂ ਕਾਰਨ ਖਾੜਕੂਵਾਦ ਦੀ ਲਹਿਰ ਨੇ ਵੀ ਜ਼ੋਰ ਫੜ ਲਿਆ। ਖਾੜਕੂਵਾਦ ਵਿੱਚ ਘੁਸਪੈਠ ਕਰ ਚੁੱਕੀਆਂ...
ਕਰੀਬ 1980ਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਪੰਜਾਬ ਵਿੱਚ ਪੰਥਕ ਹਿੱਤਾਂ ਨੂੰ ਲੈ ਕੇ ਇੱਕ ਤਕੜੇ ਸੰਘਰਸ਼ ਦਾ ਮੁੱਢ ਬੱਝ ਚੁੱਕਾ ਸੀ। ਸਮੇਂ ਦੀ ਸਰਕਾਰ ਦੀਆਂ ਵਧੀਕੀਆਂ ਕਾਰਨ ਖਾੜਕੂਵਾਦ ਦੀ ਲਹਿਰ ਨੇ ਵੀ ਜ਼ੋਰ ਫੜ ਲਿਆ। ਖਾੜਕੂਵਾਦ ਵਿੱਚ ਘੁਸਪੈਠ ਕਰ ਚੁੱਕੀਆਂ ਕਾਲੀਆਂ ਭੇਡਾਂ ਦੇ ਕਾਲੇ ਕਾਰਨਾਮਿਆਂ ਨੇ ਸੰਘਰਸ਼ੀ ਲਹਿਰ ਨੂੰ ਡੂੰਘੀ ਸੱਟ ਮਾਰੀ ਤੇ ਇਨ੍ਹਾਂ ਦੇ ਘਿਨਾਉਣੇ ਕਾਰਨਾਮਿਆਂ ਦਾ ਠੀਕਰਾ ਖਾੜਕੂਵਾਦ ਦੇ ਸਿਰ ’ਤੇ ਹੀ ਭੰਨਣ ਲੱਗਾ। ਅਤਿਵਾਦ ਨਾਲ ਨਜਿੱਠਣ ਦੇ ਨਾਂ ਹੇਠ ਅਤਿਵਾਦੀ ਢੰਗ ਤਰੀਕਿਆਂ ਨੂੰ ਹੀ ਵਰਤਿਆ ਜਾਣ ਲੱਗਾ। ਪੰਜਾਬ ਦੇ ਆਮ ਲੋਕ ਅਤਿਵਾਦ ਦੇ ਦੋਹਾਂ ਪੁੜਾਂ ਵਿੱਚ ਪਿਸਣ ਲੱਗੇ। ਕਈ ਪੁਸ਼ਤਪਨਾਹ ਅਤੇ ਕਈ ਟਾਊਟ ਹੋਣ ਦੇ ਸ਼ੱਕ ਵਿੱਚ ਸਜ਼ਾ ਭੁਗਤਣ ਲੱਗੇ।
ਪੰਜਾਬ ਦੀ ਫ਼ਿਜ਼ਾ ’ਤੇ ਮੰਡਰਾਅ ਰਹੇ ਇਸ ਕਾਲੇ ਦੌਰ ਦੌਰਾਨ ਅਸਲੀ ਸਿਧਾਂਤਕ ਖਾੜਕੂਵਾਦ ਤੇ ਨਕਲੀ ਖਾੜਕੂਵਾਦ ਦੇ ਰੋਲ ਘਚੋਲੇ ਵਿੱਚ ਜ਼ਿਆਦਾ ਕਰਕੇ ਬਦਲੇ ਦੀ ਭਾਵਨਾ ਜਾਂ ਉੱਚ ਅਹੁਦਿਆਂ ’ਤੇ ਵੱਡੇ ਗੱਫਿਆਂ ਦੀ ਝਾਕ ਵਿੱਚ ਹੀ ਫੜੋ ਫੜਾਈ, ਅਗਵਾ, ਮਾਰ ਧਾੜ ਤੇ ਸੱਚੇ ਝੂਠੇ ਖ਼ੂਨੀ ਮੁਕਾਬਲਿਆਂ ਦਾ ਕਰੁਖ਼ਤ ਵਰਤਾਰਾ ਵਰਤਣ ਲੱਗਾ। ਪੰਜਾਬ ਦੀ ਇਸ ਤ੍ਰਾਸਦੀ ਦਾ ਵੱਡਾ ਦੁਖਾਂਤ ਇਹ ਸੀ ਕਿ ਵਧੇਰੇ ਕਰਕੇ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀ ਹੀ ਪੰਜਾਬੀਆਂ ਨੂੰ ਬੇਪਤ ਕਰਦੇ ਹੋਏ ਮਾਰ ਤੇ ਲੁੱਟ ਰਹੇ ਸਨ। ਭਾਵੇਂ ਇਸ ਸਭ ਕਾਸੇ ਲਈ ਪੰਜਾਬ ਦੇ ਇੱਕ ਖ਼ਾਸ ਧਰਮ ਦੇ ਅਨੁਯਾਈਆਂ ਨੂੰ ਪੂਰਾ ਬਦਨਾਮ ਕਰਕੇ ਪੰਜਾਬ ਦੀ ਅਣਖੀ ਜਵਾਨੀ ਦੀ ਹੀ ਵੱਡੀ ਪੱਧਰ ’ਤੇ ਨਸਲਕੁਸ਼ੀ ਕਰਨ ਦੇ ਮਨਸੂਬੇ ਘੜੇ ਜਾ ਚੁੱਕੇ ਸਨ। ਫਲਸਰੂਪ ਇੱਕ ਪਾਸੇ ਨਿੱਤ ਬੇਹਿਸਾਬੀਆਂ ਅਣਪਛਾਤੀਆਂ ਲਾਵਾਰਿਸ ਲਾਸ਼ਾਂ ਦੇ ਬਹੁਤ ਸਾਰੇ ਬਲਦੇ ਸਿਵਿਆਂ ਦੇ ਅੰਗਿਆਰ ਕੋਹਰਾਮ ਮਚਾ ਰਹੇ ਸਨ ਤੇ ਦੂਜੇ ਪਾਸੇ ਅਨੇਕਾਂ ਮਨੁੱਖੀ ਦੇਹਾਂ ਨਹਿਰਾਂ ਤੇ ਦਰਿਆਵਾਂ ਦੀਆਂ ਮੱਛੀਆਂ ਦਾ ਖਾਣਾ ਬਣ ਰਹੀਆਂ ਸਨ।
ਬਲੈਕ ਕੈਟਸ/ ਕਾਲੀਆਂ ਭੇਡਾਂ ਵੱਲੋਂ ਧੱਕੇ ਨਾਲ ਸ਼ਰ੍ਹੇਆਮ ਜਾਂ ਘਾਤ ਲਾ ਕੇ ਘਰੋਂ ਬਾਹਰੋਂ ਮਜ਼ਲੂਮਾਂ ਨੂੰ ਚੁੱਕਿਆ ਜਾਂਦਾ ਸੀ। ਉਨ੍ਹਾਂ ਦੇ ਬੇਵੱਸ ਮਾਪੇ, ਭੈਣ, ਭਰਾ ਤੇ ਬੱਚੇ ਆਪਣੇ ਦੇ ਮੁੜ ਪਰਤ ਆਉਣ ਦੀ ਅਮੁੱਕ ਉਡੀਕ ਵਿੱਚ ਕੁਝ ਮਰ ਮੁੱਕਦੇ ਜਾ ਰਹੇ ਸਨ ਤੇ ਕੁਝ ਥਾਣਿਆਂ ਤੇ ਕਚਹਿਰੀਆਂ ਦੇ ਧੱਕੇ ਖਾ ਖਾ ਕੇ ਮਰਿਆਂ ਵਰਗੇ ਹੁੰਦੇ ਜਾ ਰਹੇ ਸਨ। ਆਪਣੇ ਵਿੱਛੜਿਆਂ ਦੇ ਵਿਯੋਗ ਵਿੱਚ ਉਨ੍ਹਾਂ ਦੇ ਦਰਦਾਂ ਦੇ ਹਉਕੇ ਹਾਵਿਆਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ।
ਅਜਿਹੇ ਕਾਲੇ ਦੌਰ ਵਿੱਚ ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਿਹਾ ਸੀ। ਉਸ ਸਕੂਲ ਨੇ ਲੁਧਿਆਣਾ ਵਿੱਚ ਹੋ ਰਹੇ ਇੱਕ ਵਿਦਿਅਕ ਸੈਮੀਨਾਰ ਵਿੱਚ ਹਾਜ਼ਰ ਹੋਣ ਦੀ ਮੇਰੀ ਡਿਊਟੀ ਲਗਾਈ ਸੀ। ਉਹ ਡਿਊਟੀ ਕਰਨ ਤੋਂ ਬਾਅਦ ਅਗਲੇ ਦਿਨ ਮੈਂ ਆਪਣੇ ਉਸ ਸਕੂਲ ਦੀ ਮੁੜ ਡਿਊਟੀ ’ਤੇ ਅਜੇ ਹਾਜ਼ਰ ਹੋਇਆ ਸੀ ਕਿ ਚਿੱਟ ਕੱਪੜੀਏ ਗੁੰਡਿਆਂ ਦੀ ਧਾੜ ਨੇ ਮੈਨੂੰ ਆਣ ਦਬੋਚਿਆ। ਮੇਰਾ ਸਿੱਖੀ ਸਰੂਪ ਜ਼ਰੂਰ ਸੀ, ਪਰ ਖਾੜਕੂਵਾਦ ਦੇ ਢੰਗ ਤਰੀਕਿਆਂ ਨਾਲ ਤਾਂ ਮੇਰਾ ਨੇੜੇ ਤੇੜੇ ਦਾ ਵੀ ਕੋਈ ਵਾਹ ਵਾਸਤਾ ਨਹੀਂ ਸੀ। ਗੁੰਡਿਆਂ ਵੱਲੋਂ ਦਬੋਚਣ ਵੇਲੇ ਮੇਰੇ ਸਕੂਲ ਸਟਾਫ ਨੇ ਕਸੂਰ ਕੀ ਆ? ਕਸੂਰ ਕੀ ਆ? ਦਾ ਰੌਲਾ ਪਾਉਂਦਿਆਂ ਉਸ ਗੈਂਗ ਅੱਗੇ ਕੁਝ ਸਵਾਲ ਵੀ ਖੜ੍ਹੇ ਕੀਤੇ, ਪਰ ਭੂਤਰੇ ਗੈਂਗ ਨੇ ਸਵਾਲਾਂ ਦੇ ਜਵਾਬ ਦੇਣਾ ਵੀ ਵਾਜਬ ਨਾ ਸਮਝਿਆ। ਕਿਉਂਕਿ ਇਹ ਗੈਂਗ ਉਸ ਸਮੇਂ ਦੇ ਕੁਸ਼ਾਸਨ ਦੇ ਵਹਿਸ਼ੀਪੁਣੇ ਲਈ ਮਸ਼ਹੂਰ ਕੁਝ ਅਖੌਤੀ ਕਾਨੂੰਨ ਦੇ ਰਾਖੇ ਅਫ਼ਸਰਾਂ ਦੇ ‘ਖ਼ਾਸ’ ਸਨ। ਜਿਸ ਕਰਕੇ ਉਸ ਟੀਮ ਨੇ ਜ਼ੋਰ ਜਬਰੀ ਕਰਦਿਆਂ ਨਿਡਰ ਹੋ ਕੇ ਮੈਨੂੰ ਜੀਪ ਵਿੱਚ ਸੁੱਟਿਆ ਤੇ ਤੁਰ ਪਏ। ਰਾਹ ਵਿੱਚ ਜਾਂਦੇ ਹੋਏ ਉਹ ਲਲਕਾਰੇ ਮਾਰ ਮਾਰ ਕੇ ਇੰਜ ਚਾਂਭਲ ਰਹੇ ਸਨ ਜਿਵੇਂ ਮੈਨੂੰ ਇੱਕ ਸਾਧਾਰਨ ਵਿਅਕਤੀ ਨੂੰ ਨਹੀਂ ਸਗੋਂ ਇੱਕ ਵੱਡਾ ਖਾੜਕੂ ਦਬੋਚ ਲਿਆ ਹੋਵੇ
ਮੈਨੂੰ ਦਬੋਚੇ ਜਾਣ ਦਾ ਨਾ ਮੇਰੇ ਅਗਲਿਆਂ ਨੂੰ ਪਤਾ ਸੀ ਨਾ ਪਿੱਛਲਿਆਂ ਨੂੰ ਕਿ ਮੈਨੂੰ ਕਿੱਥੇ ਲਿਜਾਇਆ ਜਾ ਰਿਹਾ ਏ? ਕਦੇ ਕਦੇ ਡਰ ਵੀ ਲੱਗਦਾ ਸੀ, ਪਰ ਮਨ ਨੂੰ ਤਸੱਲੀ ਜ਼ਰੂਰ ਸੀ ਕਿ ਮੈਂ ਕੋਈ ਗੁਨਾਹ ਤਾਂ ਕੀਤਾ ਨਹੀਂ, ਜੋ ਹੋਊ ਦੇਖੀ ਜਾਊ। ਭਲੀ ਕਰੂ ਕਰਤਾਰ। ਹੂਟਰ ਮਾਰਦੀ ਜੀਪ ਭਜਾਈ ਨਹੀਂ ਉਡਾਈ ਜਾ ਰਹੀ ਸੀ। ਰਾਹ ਵਿੱਚੋਂ ਮੇਰੇ ਵਰਗੇ ਇੱਕ-ਦੋ ਹੋਰ ਵੀ ਦਬੋਚ ਲਏ ਤੇ ਆਖਰ ਉਹ ਜੀਪ ਪੁਲੀਸ ਜ਼ਿਲ੍ਹਾ ਬਟਾਲਾ ਦੇ ਇੱਕ ਮਸ਼ਹੂਰ ਇੰਟੈਰੋਗੇਸ਼ਨ ਸੈਂਟਰ ਦੇ ਉਸ ਅਹਾਤੇ ਵਿੱਚ ਸਿੱਧੀ ਜਾ ਵਾੜੀ, ਜਿੱਥੇ ਪਹਿਲਾਂ ਹੀ ਬਹੁਤ ਸਾਰੇ ਸਾਡੇ ਵਰਗੇ ਤਾੜੇ ਹੋਏ ਸਨ। ਜਿਨ੍ਹਾਂ ਦਾ ਖਾੜਕੂ ਗਤੀਵਿਧੀਆਂ ਨਾਲ ਸਿੱਧਾ ਕੋਈ ਸਬੰਧ ਨਹੀਂ ਸੀ, ਪਰ ਕਸੂਰ ਇਹ ਸੀ ਕਿ ਇਹ ਸਭ ਨਾਮੀ ਗਰਾਮੀ ਖਾੜਕੂਆਂ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਸਨ। ਪੁਲੀਸ ਤੇ ਪ੍ਰਸ਼ਾਸਨ ਦੀ ਬਦਨੀਤੀ ਇਹ ਸੀ ਕਿ ਖਾੜਕੂਆਂ ਦਾ ਮਨੋਬਲ ਡੇਗਣ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਤੰਗ ਪਰੇਸ਼ਾਨ ਕੀਤਾ ਜਾਵੇ ਤਾਂ ਕਿ ਉਹ ਖਾੜਕੂ ਹਥਿਆਰ ਸੁੱਟਣ ਲਈ ਮਜਬੂਰ ਹੋ ਸਕਣ।
ਇਸ ਇੰਟੈਰੋਗੇਸ਼ਨ ਦੇ ਇੱਕ ਵਿਸ਼ੇਸ਼ ਸੈੱਲ ਵਿੱਚ ਵੀ ‘ਸੇਵਾ ਪਾਣੀ’ ਦਾ ਜੁਗਾੜ ਪੂਰਾ ਫਿੱਟ ਕਰ ਕੇ ਰੱਖਿਆ ਹੋਇਆ ਸੀ। ‘ਸੇਵਾ ਪਾਣੀ ਵਾਲੇ ਸੰਦਾਂ ’ਤੇ ‘ਮੰਨ ਜਾਓ ਯਾਰ, ਨਹੀਂ ਤਾਂ ਸਾਨੂੰ ਮਨਾਉਣਾ ਆਉਂਦੈ’ ਵਰਗੇ ਲਿਖੇ ਸਲੋਗਨ ਪੜ੍ਹਨ ਨੂੰ ਮਿਲ ਰਹੇ ਸਨ। ਮਨ ਵਿੱਚ ਡਰ ਸੀ ਕਿ ਪਤਾ ਨਹੀਂ ਕਿਹੜੇ ਵੇਲੇ ਸਾਡੀ ਵੀ ‘ਸੇਵਾ ਪਾਣੀ’ ਸ਼ੁਰੂ ਹੋ ਜਾਣੀ ਏ। ਇਸ ਨਾਲ ਦਿਲ ਘਾਊਂ ਮਾਊਂ ਜ਼ਰੂਰ ਕਰਨ ਲੱਗ ਜਾਂਦਾ, ਪਰ ਉੱਥੇ ਘਿਰੇ ਲੋਕਾਂ ਦੀ ਚੜ੍ਹਦੀਕਲਾ ਵੇਖ ਮਨ ਨੂੰ ਕੁਝ ਧਰਵਾਸ ਜ਼ਰੂਰ ਆ ਜਾਂਦਾ।
ਉਂਜ ਕੁਦਰਤ ਦਾ ਨਿਯਮ ਵੀ ਹੈ ਕਿ ਜਿੱਥੇ ਦੁਸ਼ਟ ਚੰਡਾਲ ਚੌਂਕੜੀ ਦਾ ਜ਼ੋਰ ਜਬਰ ਹੋਵੇ, ਉੱਥੇ ਕੁਝ ਰਹਿਮਦਿਲ ਨੇਕ ਇਨਸਾਨ ਵੀ ਹੁੰਦੇ ਹਨ ਜੋ ਸੱਚ ਝੂਠ ਦੀ ਪਰਖ ਕਰਨ ਦੀ ਸੋਝੀ ਰੱਖਦੇ ਹੋਏ ਇਨਸਾਫ਼ ਕਰਨ ਦੇ ਹੱਕ ਵਿੱਚ ਹੀ ਭੁਗਤਦੇ ਹਨ। ਉਹ ਚਾਹੇ ਆਪਣੇ ਜ਼ਾਲਮ ਆਕਾਵਾਂ ਦੇ ਨਾਜਾਇਜ਼ ਸਖ਼ਤ ਹੁਕਮ ਤੋਂ ਸ਼ਰੇਆਮ ਬਾਗ਼ੀ ਹੋ ਕੇ ਜਾਂ ਫਿਰ ਗੁਪਤ ਤਰੀਕੇ ਨਾਲ ਇਨਸਾਫ਼ ਦੀ ਹਾਮੀ ਭਰਨ ਦਾ ਯਤਨ ਜ਼ਰੂਰ ਕਰਦੇ ਹਨ। ਭਾਵੇਂ ਕਿ ਕਈ ਅਜਿਹੇ ਇਨਸਾਫ਼ ਪਸੰਦਾਂ ਨੂੰ ਆਪਣੇ ਇਸ ਪਰਉਪਕਾਰੀ ਕਰਮ ਬਦਲੇ ਭਾਰੀ ਕੀਮਤ ਚੁਕਾਉਣੀ ਹੀ ਪੈਂਦੀ ਰਹੀ ਹੈ, ਪਰ ਫਿਰ ਵੀ ਇਹ ਪਰਉਪਕਾਰੀ ਜਨ ਆਪਣੇ ਭਲੇ ਕਰਮ ਤੋਂ ਪਿੱਛੇ ਨਹੀਂ ਹਟਦੇ। ਉਸ ਇੰਟੈਰੋਗੇਸ਼ਨ ਵਿੱਚ ਵੀ ਅਜਿਹੇ ਇਨਸਾਫ਼ ਪਸੰਦ ਪੁਲੀਸ ਅਫ਼ਸਰ ਸਨ। ਜੋ ਜਾਣਦੇ ਸਨ ਕਿ ਅਖੌਤੀ ਤਰੱਕੀਆਂ ਦੀਆਂ ਫੀਤੀਆਂ ਲਵਾਉਣ ਜਾਂ ਫਿਰ ਫਿਰੌਤੀਆਂ ਉਗਰਾਹੁਣ ਆਦਿ ਦੇ ਕਿਸੇ ਵੱਡੇ ਲਾਲਚ ਅਧੀਨ ਹੀ ਚੰਡਾਲ ਚੌਂਕੜੀ ਦੇ ਗੁੰਡਿਆਂ ਨੇ ਬੇਕਸੂਰ ਲੋਕਾਂ ਨੂੰ ਜਬਰੀ ਚੁੱਕਿਆ ਹੈ। ਸੋ ਅਜਿਹੀ ਇਨਸਾਨੀਅਤ ਸੋਚ ਦੇ ਮਾਲਕ ਅਫ਼ਸਰਾਂ ਨੇ ਸਾਡੇ ਨਾਲ ਦਿਲੋਂ ਹਮਦਰਦੀ ਜ਼ਰੂਰ ਰੱਖੀ ਹੋਈ ਸੀ, ਪਰ ਜ਼ੁਬਾਨੀ ਕਲਾਮੀ ਉਨ੍ਹਾਂ ਦਾ ਸਖ਼ਤ ਰਵੱਈਆ ਵੀ ਅਪਣਾਇਆ ਹੋਇਆ ਸੀ। ਉਨ੍ਹਾਂ ਦੇ ਸਖ਼ਤੀ ਵਾਲੇ ਦਬਕੇ ਜਾਨ ਕੱਢਣ ਵਾਲੇ ਹੀ ਹੁੰਦੇ।
ਪੰਜਾਬ ਭਰ ਵਿੱਚ ਵੱਖ ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਤੇ ਸੁਚੇਤ ਮੀਡੀਆ ਵੱਲੋਂ ਵੀ ਵੱਡੀ ਪੱਧਰ ’ਤੇ ਬੇਗੁਨਾਹਾਂ ’ਤੇ ਹੋ ਰਹੇ ਅਜਿਹੇ ਧੱਕਿਆਂ ਵਿਰੁੱਧ ਬੜੇ ਜ਼ੋਰ ਸ਼ੋਰ ਨਾਲ ਢਿੰਢੋਰਾ ਪਿੱਟਿਆ ਜਾ ਰਿਹਾ ਸੀ। ਅਦਾਲਤਾਂ ਦੇ ਦਰਵਾਜ਼ੇ ਵੀ ਖੜਕਾਏ ਜਾ ਰਹੇ ਸਨ। ਜਿਸ ਕਰਕੇ ਕਿਤੇ ਕਿਤੇ ਪੁਲੀਸ ਪ੍ਰਸ਼ਾਸਨ ਬੇਗੁਨਾਹਾਂ ਨੂੰ ਰਿਹਾਅ ਕਰਨ ਲਈ ਮਜਬੂਰ ਹੋ ਹੀ ਜਾਂਦਾ ਸੀ। ਇਸ ਲਈ ਬਗੈਰ ਕਿਸੇ ਤਸ਼ੱਦਦ ਦੇ ਸਾਡੀ ਵੀ ਬੰਦਖੁਲਾਸੀ ਹੋ ਗਈ। ਜਾਨ ਤਾਂ ਭਾਵੇਂ ਜ਼ਰੂਰ ਛੁੱਟ ਗਈ ਸੀ, ਪਰ ਉਸ ਸਮੇਂ ਮਾਰ ਮੁਕਾਉਣ ਦੇ ਸਹਿਮ ਦੀ ਚਿੰਤਾ ਹੇਠ ਬਿਤਾਏ 10-12 ਦਿਨਾਂ ਦੀ ਪੀੜ ਤੇ ਡਰ ਵਾਲੇ ਮਾਹੌਲ ਦਾ ਉਹ ਵੇਲਾ ਯਾਦ ਆਉਂਦਿਆਂ ਅਜੇ ਵੀ ਕੰਬਣੀ ਛਿੜ ਜਾਂਦੀ ਹੈ। ਜੇ ਕਿਤੇ ਉਸ ਇੰਟੈਰੋਗੇਸ਼ਨ ਸੈਂਟਰ ਵਿੱਚ ਮੇਰੇ ’ਤੇ ਤਸ਼ੱਦਦ ਹੋ ਜਾਂਦਾ ਤਾਂ ਹੋ ਸਕਦਾ ਸੀ ਸ਼ਾਇਦ ਮੇਰੇ ਅੰਦਰ ਵੀ ਇਸ ਧੱਕੇ ਵਿਰੁੱਧ ਬਗ਼ਾਵਤ ਜਾਗ ਪੈਣੀ ਸੀ ਤਾਂ ਫਿਰ ਜ਼ੁਲਮ ਨਾਲ ਲੋਹਾ ਲੈਂਦੇ ਬਾਗ਼ੀ ਰੂਪ ਵਿੱਚ ਸੱਚ ਜਾਂ ਝੂਠੇ ਮੁਕਾਬਲੇ ਦਾ ਸ਼ਿਕਾਰ ਬਣ ਕੇ ਲਾਵਾਰਿਸ ਲਾਸ਼ਾਂ ਵਿੱਚ ਰੁਲ-ਖੁਲ ਜਾਣਾ ਸੀ।
ਸੰਪਰਕ: 98764-74858

