DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚੀ ਜਦ ਸਕੂਲੋਂ ਨਹੀਂ ਪਰਤਦੀ

ਕਵਿਤਾ ਸਵੇਰੇ ਬੱਚੀ ਨੂੰ ਸਕੂਲੇ ਤੋਰ ਦਰਾਂ ’ਚ ਖੜ੍ਹੀ ਮਾਂ ਦੂਰ ਜਾਂਦੀਆਂ ਪੈੜਾਂ ਨਿਹਾਰਦੀ ਤੇ ਵਾਪਸ ਪਰਤਣ ਦੀ ਆਸ ’ਚ ਬੂਹੇ ’ਤੇ ਉਡੀਕ ਚਿਪਕਾ ਦਿੰਦੀ। ਸਕੂਲੋਂ ਪਰਤਣ ਦੀ ਉਮੀਦ ’ਚ ਧੀ ਲਈ ਸੁਪਨਕਾਰੀ ਕਰਦੀ ਦੁਪਹਿਰ ਢਲਣ ’ਤੇ ਦਰ ਮਲ ਲੈਂਦੀ।...

  • fb
  • twitter
  • whatsapp
  • whatsapp
Advertisement

ਕਵਿਤਾ

ਸਵੇਰੇ ਬੱਚੀ ਨੂੰ ਸਕੂਲੇ ਤੋਰ

Advertisement

ਦਰਾਂ ’ਚ ਖੜ੍ਹੀ ਮਾਂ

Advertisement

ਦੂਰ ਜਾਂਦੀਆਂ ਪੈੜਾਂ ਨਿਹਾਰਦੀ

ਤੇ ਵਾਪਸ ਪਰਤਣ ਦੀ ਆਸ ’ਚ

ਬੂਹੇ ’ਤੇ ਉਡੀਕ ਚਿਪਕਾ ਦਿੰਦੀ।

ਸਕੂਲੋਂ ਪਰਤਣ ਦੀ ਉਮੀਦ ’ਚ

ਧੀ ਲਈ ਸੁਪਨਕਾਰੀ ਕਰਦੀ

ਦੁਪਹਿਰ ਢਲਣ ’ਤੇ ਦਰ ਮਲ ਲੈਂਦੀ।

ਮਾਂ ਅੱਡੀਆਂ ਚੁੱਕ ਕੇ ਰਾਹ ਦੇਖਦੀ

ਦੂਰ ਤੀਕ ਧੀ ਦਾ ਝਾਉਲਾ ਨਾ ਪੈਂਦਾ

ਦਿਲ ’ਚ ਹੌਲ਼ ਉੱਠਦਾ

ਚਿੰਤਾ ’ਚ ਚੁੱਪ ਹੋ ਜਾਂਦੀ

ਤੇ ਦਰਾਂ ’ਚ ਬੁੱਤ ਬਣ ਜਾਂਦੀ।

ਬੱਚੀ ਦਾ ਸਕੂਲੋਂ ਨਾ ਪਰਤਣਾ

ਘਰ ਨੂੰ ਸੂਲੀ ’ਤੇ ਟੰਗਦਾ

ਤਿਲ ਤਿਲ ਮਰਦੀ ਮਾਂ

ਭਾਵੀ ਚਿਤਵਣ ਲੱਗਦੀ

ਦਿਲ ’ਚ ਖ਼ੌਫ਼ ਉੱਗਦਾ

ਹੱਥ ਜੋੜ ਕੇ ਕਹਿੰਦੀ

“ਐ ਖ਼ੁਦਾ!

ਬੰਬਾਂ ਦੀ ਬਰਸਾਤੇ

ਮੇਰੀ ਧੀ ਲਈ ਛੱਤਰੀ ਬਣੀਂ”

ਬੱਚੀ ਜਦ ਸਕੂਲੋਂ ਨਹੀਂ ਪਰਤਦੀ

ਤਾਂ ਮਾਂ ਖਾਮੋਸ਼ ਹੋ ਜਾਂਦੀ

ਬਾਪ ਦੀਆਂ ਅੱਖਾਂ ’ਚ ਉਤਰਿਆ ਸੈਲਾਬ

ਦਰਾਂ ਨੂੰ ਭਿਉਂਦਾ

ਤੇ ਘਰ

ਮਕਾਨ ਲੱਗਣ ਲੱਗਦਾ।

ਬੱਚੀ ਜਦ ਸਕੂਲੋਂ ਨਹੀਂ ਪਰਤਦੀ

ਤਾਂ ਘਰ ਵੀ

ਘਰੇ ਨਾ ਪਰਤਦਾ

ਸਗੋਂ ਵਾਪਸ ਹੀ ਪਰਤ ਜਾਂਦੀਆਂ

ਘਰ ਨੂੰ ਆਉਂਦੀਆਂ

ਖੁਸ਼ੀ ਦੀਆਂ ਪੈੜਾਂ

ਖ਼ੁਆਬਾਂ ਦਾ ਕਾਫ਼ਲਾ

ਖ਼ੈਰ-ਸੁੱਖ ਦੀ ਕਾਮਨਾ।

ਬੱਚੀ ਜਦ ਸਕੂਲੋਂ ਨਹੀਂ ਪਰਤਦੀ

ਤਾਂ ਆਸ ਦੀ ਹਿੱਕ ’ਚ ਮੱਚਿਆ

ਅੱਗ ਦਾ ਭਾਂਬੜ

ਭਸਮ ਕਰ ਦਿੰਦਾ

ਬੱਚੀ ਨਾਲ ਲਾਡਾਂ ਦੀ ਚਾਹਤ।

ਬੱਚੀ ਜਦ ਸਕੂਲੋਂ ਨਹੀਂ ਪਰਤਦੀ

ਤਾਂ ਘਰ ਨੂੰ ਪਰਤਦੀ ਹੈ

ਮੂਕ ਵੇਦਨਾ

ਦਰਦਵੰਤੀ ਹੂਕ

ਹੰਝੂਆਂ ਦੀ ਇਬਾਰਤ

ਤੇ ਅੰਤਰੀਵ ਨੂੰ ਝੰਜੋੜਦੀ ਹਾਕ

ਜੋ ਅਵਾਕ ਹੁੰਦਿਆਂ ਵੀ

ਤਵਾਰੀਖ਼ ਦੇ ਪੰਨਿਆਂ ’ਤੇ

ਚਿਤਵ ਜਾਂਦੀ

ਇੱਕ ਰੱਤ-ਰੱਤਾ ਇਤਿਹਾਸ।

ਸਾਇਰਨ ਗੂੰਜਦਾ

ਬੰਬਾਂ ਦੀ ਗੜਗੜਾਹਟ ’ਚ ਡਰੀ ਮਾਂ

ਸੁੰਨੀਆਂ ਗ਼ਲੀਆਂ ’ਚ

ਧੀ ਦੀ ਪੈੜਚਾਲ ਭਾਲਦੀ

ਧੂੰਏਂ ਦੇ ਗੁਬਾਰ ’ਚੋਂ

ਧੀ ਦੇ ਚੀਥੜੇ ਚਿਤਵਦੀ

ਖੁਦ ਟੋਟੇ ਟੋਟੇ ਹੋਈ ਵੀ

ਆਸ ਦਾ ਪੱਲਾ ਨਹੀਂ ਛੱਡਦੀ।

ਕੁਝ ਦੇਰ ਬਾਅਦ

ਦਰਾਂ ’ਚੋਂ ਉੱਠਦੀ ਹੈ ਲੇਰ

ਘਰ ਦੀਆਂ ਕੰਧਾਂ ਭਰਦੀਆਂ ਹਉਕਾ

ਗੁੱਡੀਆਂ ਪਟੋਲੇ ਸਿਸਕਦੇ

ਤੇ ਕੰਧਾਂ ’ਤੇ ਉੱਕਰੀ ਬਚਪਨੀ ਚਿੱਤਰਕਾਰੀ

ਮਾਰਨ ਲੱਗਦੀ ਹੈ ਧਾਹਾਂ

ਜਦ ਲਾਸ਼ ਬਣ ਕੇ ਪਰਤਦੀ ਹੈ

ਸਕੂਲੇ ਪੜ੍ਹਨ ਗਈ ਬੱਚੀ।

ਉਸ ਦੇ ਹੱਥ ਵਿੱਚ ਹੈ ਰੋਂਦੀ ਕਲਮ

ਨੈਣਾਂ ’ਚ ਸੁਪਨਿਆਂ ਦੀ ਬੁਝੀ ਲੋਅ

ਮੁੱਖ ’ਤੇ ਕੁਰੱਖਤਾ ਦੀਆਂ ਝਰੀਟਾਂ

ਬਾਲਮਨ ’ਤੇ ਖੁੰਖਾਰੀ ਦੇ ਚਿੰਨ੍ਹ

ਬਸਤੇ ਦਾ ਚੀਖ਼-ਚਿਹਾੜਾ

ਤੇ ਵਾਲਾਂ ’ਚੋਂ ਚੋਂਦੀ ਰੱਤ

ਜੋ ਲਿਖਦੀ ਹੈ

ਘਰ ਦੇ ਵਿਹੜੇ ’ਤੇ

ਕਹਿਰਵਾਨ ਸਮਿਆਂ ਦੀ ਤਰਾਸਦੀ।

ਫੁੱਲਾਂ ਵਰਗੀ ਬੱਚੀ

ਪੱਤੀ ਪੱਤੀ ਹੋਈ ਪਈ ਹੈ

ਉੱਡੀ ਹੋਈ ਬਚਪਨੀ ਟਹਿਕ

ਘਸਮੈਲ਼ਾ ਚਿਹਰੇ ਦਾ ਰੰਗ

ਤੇ ਧੁਆਂਖੇ ਮੱਥੇ ਨੇ

ਘਰ ਦੀਆਂ ਬਰੂਹਾਂ ’ਤੇ

ਲਿਖ ਦਿੱਤਾ ਉਮਰਾਂ ਦਾ ਸੋਗ

ਜਿਸ ਨੇ ਭਰ ਲਿਆ

ਫਿਜ਼ਾ ਦਾ ਕਲਾਵਾ।

ਪੱਥਰ ਹੋਈ ਮਾਂ

ਧੀ ਦੀ ਲਾਸ਼ ’ਚੋਂ ਸੁਣਦੀ ਹੈ

ਤੋਤਲੀਆਂ ਗੱਲਾਂ

ਅੱਖਾਂ ’ਚੋਂ ਪੜ੍ਹਦੀ ਹੈ

ਦਫ਼ਨ ਹੋ ਗਏ ਸੁਪਨੇ

ਤੇ ਮਾਸੂਮੀਅਤ ਨੂੰ ਪਲੋਸਦੀ

ਸਿੱਲ ਪੱਥਰ ਹੀ ਹੋ ਗਈ।

ਬੱਚੀ ਜਦੋਂ ਇੰਝ ਘਰ ਪਰਤੀ

ਤਾਂ ਲਾਸ਼ ਲਲਕਾਰ ’ਚ ਬਦਲੀ

ਧਰਤੀ ਦੀ ਹਿੱਕ ਪਾਟੀ

ਹਰਖ਼ੇ ਹਰਫ਼ਾਂ ਨੇ

’ਵਾ ’ਤੇ ਕੀਤੀ ਰੋਹ ਦੀ ਸ਼ਬਦਕਾਰੀ

ਅੰਬਰ ਦੀ ਚਾਦਰ ’ਤੇ

ਲਿਖੀ ਗਈ ਬਗਾਵਤ।

ਸੰਪਰਕ: 216-556-2080

Advertisement
×