DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਲੋਕ ਕੀ ਕਹਿਣਗੇ’ ਸਮਾਗਮ ਯਾਦਗਾਰੀ ਹੋ ਨਿੱਬੜਿਆ

ਕੈਲਗਰੀ: ਪਰਿਵਾਰ ਦਿਵਸ ਵਾਲੇ ਦਿਨ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਆਪਣੀ ਦਸਵੀਂ ਵਰ੍ਹੇਗੰਢ ‘ਲੋਕ ਕੀ ਕਹਿਣਗੇ’ ਦੇ ਬੈਨਰ ਹੇਠ ਮਨਾਈ। ਪ੍ਰੋਗਰਾਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਭਾਗ ਵਿੱਚ ਇੱਕ ਵੱਡੇ ਹਾਲ ਵਿੱਚ ਕੈਲਗਰੀ ਦੇ ਲੇਖਕਾਂ ਦੀਆਂ ਪੁਸਤਕਾਂ...

  • fb
  • twitter
  • whatsapp
  • whatsapp
Advertisement

ਕੈਲਗਰੀ: ਪਰਿਵਾਰ ਦਿਵਸ ਵਾਲੇ ਦਿਨ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਆਪਣੀ ਦਸਵੀਂ ਵਰ੍ਹੇਗੰਢ ‘ਲੋਕ ਕੀ ਕਹਿਣਗੇ’ ਦੇ ਬੈਨਰ ਹੇਠ ਮਨਾਈ। ਪ੍ਰੋਗਰਾਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਭਾਗ ਵਿੱਚ ਇੱਕ ਵੱਡੇ ਹਾਲ ਵਿੱਚ ਕੈਲਗਰੀ ਦੇ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਪਾਠਕਾਂ ਨੇ ਲੇਖਕਾਂ ਅਤੇ ਕਿਤਾਬਾਂ ਨਾਲ ਸਿੱਧਾ ਸੰਪਰਕ ਕੀਤਾ। ਪ੍ਰਦਰਸ਼ਨੀ ਵਿੱਚ ਕੈਲੀਗ੍ਰਾਫ਼ੀ ਮਾਹਿਰ ਮਨਿੰਦਰ ਦੀਆਂ ਸੁੰਦਰ ਲਿਖਤਾਂ ਵੀ ਸਰੋਤਿਆਂ ਦੀ ਖਿੱਚ ਦਾ ਕੇਂਦਰ ਬਣੀਆਂ।

ਦੂਜੇ ਭਾਗ ਵਿੱਚ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਸਭਾ ਦੀ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਕੀਤਾ। ਉਸ ਨੇ ‘ਲੈਂਡ ਐਕਨੌਲੇਜਮੈਂਟ’ ਦੀ ਗੱਲ ਕਰਦਿਆਂ ਕੈਨੇਡਾ ਦੇ ਮੂਲ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ। ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਸਭਾ ਦੀਆਂ ਮਹੀਨਾਵਾਰ ਗਤੀਵਿਧੀਆਂ ’ਤੇ ਲਿਖੀ ਹੋਈ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ।

Advertisement

ਉਸ ਤੋਂ ਬਾਅਦ ਸਭਾ ਦੀ ਸਕੱਤਰ ਗੁਰਨਾਮ ਕੌਰ ਨੇ ਕਾਰਵਾਈ ਨੂੰ ਅੱਗੇ ਤੋਰਿਆ। ਜੋਗਿੰਦਰ ਪੁਰਬਾ, ਅਮਰਜੀਤ ਸੱਗੂ ਅਤੇ ਬਲਵੀਰ ਕੌਰ ਗਰੇਵਾਲ ਨੇ ਲੰਮੀ ਹੇਕ ਦੇ ਗੀਤ ਸੁਣਾ ਕੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਯਾਦ ਕੀਤਾ। ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਸਭਾ ਦੇ 10 ਸਾਲਾਂ ਦੇ ਸ਼ਾਨਾਮੱਤੇ ਸਫ਼ਰ ਬਾਰੇ ਲਿਖੀ ਵਿਸ਼ੇਸ਼ ਕਵਿਤਾ ਨੂੰ ਗੁਰਨਾਮ ਕੌਰ ਨਾਲ ਰਲ਼ ਕੇ ਗਾਇਆ ਅਤੇ ਸਰੋਤਿਆਂ ਦੀ ਪ੍ਰਸ਼ੰਸਾ ਖੱਟੀ।

Advertisement

ਬਜ਼ੁਰਗਾਂ ਨੂੰ ਜਾਗਰੂਕ ਕਰਨ ਅਤੇ ਸ਼ਕਤੀਸ਼ਾਲੀ ਬਣਾਉਣ ਅਤੇ ਪ੍ਰੇਰਿਤ ਕਰਨ ਲਈ ਦੋ ਸਪੀਕਰ ਸਰਬਜੀਤ ਕੌਰ ਸੋਢੀ ਅਤੇ ਨਵੀਂ ਪੀੜ੍ਹੀ ਵੱਲੋਂ ਅਮਰੀਤ ਗਿੱਲ ਨੇ ਲੈਕਚਰ ਦਿੱਤੇ ਅਤੇ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਦੋਵਾਂ ਬੁਲਾਰਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਰਾਜਨੀਤਿਕ ਨੇਤਾਵਾਂ ਵਿੱਚ ਐੱਮ.ਐੱਲ.ਏ. ਗੁਰਿੰਦਰ ਸਿੰਘ ਬਰਾੜ, ਕੌਂਸਲਰ ਰਾਜ ਧਾਲੀਵਾਲ ਅਤੇ ਚੈਸਟਮੇਅਰ ਤੋਂ ਕੌਂਸਲਰ ਕਿਰਨ ਰੰਧਾਵਾ ਨੇ ਵੀ ਹਾਜ਼ਰੀ ਭਰੀ। ਸਭਾ ਦੀਆਂ ਮੈਂਬਰ ਭੈਣਾਂ ਕਿਰਨ ਕਲਸੀ, ਚਰਨਜੀਤ ਕੌਰ ਅਤੇ ਸਾਊਥ ਵਿੰਗ ਦੀ ਇੰਚਾਰਜ ਤਮੰਨਾ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ।

ਵਿਸ਼ੇਸ਼ ਮਹਿਮਾਨ ਕੈਨੇਡਾ ਦੀ ਮੂਲ ਨਿਵਾਸੀ ਲੇਡੀ ਆਉਟਮ ਈਗਲ ਨੇ ਆਪਣੇ ਤਜਰਬੇ ਸਾਂਝੇ ਕੀਤੇ। ਸਭਾ ਵੱਲੋਂ ਉਸ ਨੂੰ ਫੁਲਕਾਰੀ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੀ ਸੀਨੀਅਰ ਮੈਂਬਰ ਡਾਕਟਰ ਰਾਜਵੰਤ ਕੌਰ ਮਾਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਫੁਲਕਾਰੀ ਅਤੇ ਸ਼ੀਲਡ ਦੇ ਕੇ ਨਿਵਾਜਿਆ। ਪੰਜਾਬੀ ਵਿਰਸੇ ਨਾਲ ਜੁੜੀ ਨਰਿੰਦਰ ਕੌਰ ਗਿੱਲ ਨੂੰ ਵੀ ਸ਼ਾਲ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ। ਸਭਾ ਵੱਲੋਂ ਵਾਲੰਟੀਅਰ ਸੇਵਾਵਾਂ ਪ੍ਰਦਾਨ ਕਰਨ ਲਈ ਗੁਰਨਾਮ ਕੌਰ, ਕਿਰਨ ਕਲਸੀ ਸਮੇਤ ਨੌਜਵਾਨ ਮੈਂਬਰ ਤਮੰਨਾ ਅਤੇ ਮਨਿੰਦਰ ਚਾਨੇ ਨੂੰ ਵੀ ਸਨਮਾਨ ਪੱਤਰ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਬਲਵਿੰਦਰ ਕੌਰ ਬਰਾੜ ਦੀ ਲਿਖੀ ਸਕਿੱਟ ਨੂੰ ਬਲਬੀਰ ਕੌਰ ਹਜ਼ੂਰੀਆ, ਅਮਰਜੀਤ ਸੱਗੂ, ਕਿਰਨ ਕਲਸੀ ਅਤੇ ਦੋ ਬੱਚੀਆਂ ਪਰਵਾਨ ਅਤੇ ਬਾਣੀ ਕਲਸੀ ਨੇ ਖੇਡ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ।

ਤੀਜੇ ਭਾਗ ਵਿੱਚ ਸੁਖਵੀਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਯੰਗਸਤਾਨ ਫੋਰਮ ਵੱਲੋਂ ‘ਬੋਲਦੇ ਅੱਖਰ’ ਦੇ ਨਾਂ ਹੇਠ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ। ਪਹਿਲਾਂ ਸੀਨੀਅਰ ਲੇਡੀਜ਼ ਦਾ ਮੁਕਾਬਲਾ ਤੇ ਫਿਰ ਬੱਚਿਆਂ ਦੀਆਂ ਟੀਮਾਂ ਬਣਾ ਕੇ ਸੁਆਲ ਜਵਾਬ ਦਾ ਦਿਲਚਸਪ ਮੁਕਾਬਲਾ ਕਰਵਾਇਆ ਗਿਆ। ਜੇਤੂਆਂ ਨੂੰ ਤਗਮੇ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਸੀਨੀਅਰ ਟੀਮਾਂ ਨੂੰ ਕਿਤਾਬਾਂ ਦੇ ਤੋਹਫੇ ਵੀ ਦਿੱਤੇ ਗਏ। ਅਖੀਰ ਵਿੱਚ ਸਭਾ ਦੀਆਂ ਮੈਂਬਰ ਭੈਣਾਂ ਨੇ ਗਿੱਧਾ ਪਾ ਕੇ ਪੂਰਾ ਰੰਗ ਬੰਨ੍ਹਿਆ।

ਸੰਪਰਕ: 825 735 4550

Advertisement
×