ਲੰਡਨ ਤੋਂ

ਬਰਤਾਨਵੀਪਣ ਕੀ ਹੈ?

ਬਰਤਾਨਵੀਪਣ ਕੀ ਹੈ?

ਹਰਜੀਤ ਅਟਵਾਲ

ਜੇ ਤੁਹਾਨੂੰ ਬਰਤਾਨਵੀ ਸ਼ਹਿਰੀਅਤ ਚਾਹੀਦੀ ਹੈ ਤਾਂ ਤੁਹਾਨੂੰ ਬਰਤਾਨਵੀਪਣ (ਬ੍ਰਿਟਿਸ਼ਨੈੱਸ) ਦਾ ਇਮਤਿਹਾਨ ਦੇਣਾ ਪੈਂਦਾ ਹੈ ਕਿ ਕੀ ਤੁਹਾਡੇ ਅੰਦਰ ਬਰਤਾਨਵੀਪਣ ਵੀ ਹੈ ਕਿ ਨਹੀਂ। ਤੁਹਾਡੇ ਅੰਦਰਲੇ ਬਰਤਾਨਵੀਪਣ ਨੂੰ ਚੈੱਕ ਕਰਨ ਲਈ ‘ਲਾਈਫ ਇਨ ਦਾ ਯੂਕੇ ਟੈਸਟ’ ਨਾਮੀ ਇਮਤਿਹਾਨ ਲਿਆ ਜਾਂਦਾ ਹੈ। ਪਹਿਲਾਂ ਅਜਿਹਾ ਸਰਟੀਫਿਕੇਟ ਵਕੀਲ ਹੀ ਦੇ ਦਿੰਦੇ ਸਨ ਜਿਹੜਾ ਸਾਡੇ ਲੋਕਾਂ ਨੂੰ ਕੁਝ ਪੈਸੇ ਖ਼ਰਚ ਕੇ ਘਰ ਬੈਠਿਆਂ ਮਿਲ ਜਾਂਦਾ ਸੀ, ਪਰ ਹੁਣ ਇਹ ਇਮਤਿਹਾਨ ਔਖਾ ਹੋ ਗਿਆ ਹੈ। ਇਮਤਿਹਾਨ ਵੀ ਔਖਾ ਤੇ ਖ਼ਾਸ ਏਜੰਸੀਆਂ ਇਹ ਟੈਸਟ ਲੈਂਦੀਆਂ ਹਨ। ਬਰਤਾਨਵੀ ਸ਼ਹਿਰੀਅਤ ਲਈ ਮੁੱਖ ਦੋ ਗੱਲਾਂ ਦੇਖੀਆਂ ਜਾਂਦੀਆਂ ਹਨ, ਤੁਹਾਡੀ ਪੰਜ ਸਾਲ ਦੀ ਇਸ ਮੁਲਕ ਵਿਚ ਲਗਾਤਾਰ ਰਿਹਾਇਸ਼ ਤੇ ਇਹ ਟੈਸਟ। ਇਸ ਟੈਸਟ ਦਾ ਮਤਲਬ ਇਹੋ ਹੈ ਕਿ ਤੁਹਾਡੇ ਵਿਚ ਬਰਤਾਨਵੀਪਣ ਆ ਗਿਆ ਹੈ ਕਿ ਨਹੀਂ। ਜੇ ਨਹੀਂ ਤਾਂ ਤੁਹਾਨੂੰ ਬਰਤਾਨਵੀ ਸ਼ਹਿਰੀਅਤ ਕਿਉਂ ਦਿੱਤੀ ਜਾਵੇ? ਗੱਲ ਤਾਂ ਸਹੀ ਜਾਪਦੀ ਹੈ।

ਬਰਤਾਨਵੀਪਣ ਦੇ ਮੋਟੇ ਅਰਥ ਬਰਤਾਨੀਆ ਪ੍ਰਤੀ ਵਫ਼ਾਦਾਰੀ ਹੈ। ਵਫ਼ਾਦਾਰੀ ਬਹੁਤ ਮੋਟਾ ਸ਼ਬਦ ਹੈ, ਡਾਂਗ ਵਰਗਾ ਤੇ ਬਰਤਾਨਵੀਪਣ ਬਾਰੀਕ ਹੈ ਟੀਕੇ ਦੀ ਸੂਈ ਵਰਗਾ।

ਜਿਵੇਂ ਭਾਰਤ ਵਿਚ ਜੰਮੇ ਵਿਅਕਤੀ ਵਿਚ ਭਾਰਤੀਪੁਣਾ ਹੋਵੇਗਾ ਹੀ ਤੇ ਉਸ ਨੂੰ ਕੋਈ ਇਹ ਸਵਾਲ ਵੀ ਨਹੀਂ ਪੁੱਛੇਗਾ। ਬਰਤਾਨੀਆ ਵਿਚ ਪੈਦਾ ਹੋਇਆਂ ਨੂੰ ਵੀ ਇਹ ਸਵਾਲ ਨਹੀਂ ਪੁੱਛੇ ਜਾਂਦੇ। ਬਰਤਾਨਵੀ ਸ਼ਹਿਰੀਅਤ ਲੈਣ ਵਾਲਿਆਂ ਨੂੰ ਵੀ ਇਹ ਸਵਾਲ ਕੁਝ ਸਾਲਾਂ ਤੋਂ ਹੀ ਪੁੱਛੇ ਜਾਣੇ ਸ਼ੁਰੂ ਹੋਏ ਹਨ। ਖ਼ਾਸ ਤੌਰ ’ਤੇ ਜਦੋਂ ਬਰਤਾਨਵੀ ਸ਼ਹਿਰੀਅਤ ਵਾਲੇ ਲੋਕ ਬਰਤਾਨੀਆ ਖਿਲਾਫ਼ ਹੀ ਅਤਿਵਾਦੀ ਕਾਰਵਾਈਆਂ ਕਰਨ ਲੱਗੇ ਹਨ। ਖ਼ਾਸ ਤੌਰ ’ਤੇ ਅਮਰੀਕਾ ਵਿਚ ਹੋਏ ਨਾਈਨ ਇਲੈਵਨ ਅਤੇ ਇਰਾਕ, ਅਫ਼ਗਾਨਿਸਤਾਨ ਉੱਪਰ ਅਮਰੀਕਾ ਵੱਲੋਂ ਹੋਏ ਹਮਲਿਆਂ ਤੋਂ ਬਾਅਦ। ਇਸ ਤੋਂ ਬਹੁਤ ਸਾਲ ਪਹਿਲਾਂ ਟੋਰੀ ਪਾਰਟੀ ਦੇ ਨੇਤਾ ਨੌਰਮਨ ਟੈਬਿਟ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਲੋਕਾਂ ਦਾ ਬਰਤਾਨਵੀਪਣ ਦੇਖਣਾ ਹੈ ਤਾਂ ਇੰਗਲੈਂਡ-ਇੰਡੀਆ ਦੇ ਕ੍ਰਿਕਟ ਮੈਚ ਵੇਲੇ ਦੇਖੋ, ਇਨ੍ਹਾਂ ਲੋਕਾਂ ਕੋਲ ਪਾਸਪੋਰਟ ਤਾਂ ਬਰਤਾਨਵੀ ਹਨ ਤੇ ਇਹ ਸਪੋਰਟ ਭਾਰਤੀ ਟੀਮ ਨੂੰ ਕਰਦੇ ਹਨ। ਉਹ ਇਹ ਬਿਆਨ ਦੇਣ ਵੇਲੇ ਭੁੱਲ ਗਿਆ ਸੀ ਕਿ ਇਨਸਾਨ ਕੰਪਿਊਟਰ ਨਹੀਂ ਹੁੰਦਾ, ਉਸ ਦੇ ਅੰਦਰ ਦਿਲ ਹੁੰਦਾ ਹੈ, ਯਾਦਾਂ ਹੁੰਦੀਆਂ ਹਨ ਜੋ ਮਿਟਾਈਆਂ ਨਹੀਂ ਜਾ ਸਕਦੀਆਂ। ਕੋਈ ਪੰਜ ਸਾਲ ਇਸ ਮੁਲਕ ਵਿਚ ਰਹਿ ਕੇ ਇਸ ਨਾਲ ਸੌ ਫੀਸਦੀ ਨਹੀਂ ਜੁੜ ਸਕਦਾ। ਦੂਜੇ ਪਾਸੇ ਮੇਰੇ ਵਰਗਾ ਬੰਦਾ ਚਾਲੀ ਸਾਲ ਆਪਣੇ ਮੁਲਕ ਤੋਂ ਦੂਰ ਰਹਿ ਕੇ ਵੀ ਆਪਣੇ ਮੁਲਕ ਨੂੰ ਨਹੀਂ ਛੱਡ ਸਕਿਆ। ਤੁਹਾਡਾ ਦੇਸ਼ ਤੁਹਾਡੇ ਨਾਲ ਸੌਂਦਾ, ਜਾਗਦਾ, ਜਿਉਂਦਾ ਤੇ ਮਰਦਾ ਹੈ। ਇਕ ਵਾਰ ਭਾਰਤੀ, ਸਾਰੀ ਉਮਰ ਲਈ ਭਾਰਤੀ। ਤੁਸੀਂ ਸਭ ਕੁਝ ਛੱਡ ਸਕਦੇ ਹੋ; ਘਰ, ਦੋਸਤ, ਨੌਕਰੀ ਇੱਥੋਂ ਤਕ ਕਿ ਪਤਨੀ ਵੀ, ਪਰ ਆਪਣਾ ਦੇਸ਼ ਨਹੀਂ ਛੱਡ ਸਕਦੇ। ਉਹ ਤੁਹਾਡੇ ਅੰਦਰ ਸਾਹਾਂ ਵਾਂਗ ਵਸਦਾ ਹੁੰਦਾ ਹੈ। ਹਾਂ, ਸਾਡੀਆਂ ਅਗਲੀਆਂ ਪੀੜ੍ਹੀਆਂ ਭਾਵ ਸਾਡੇ ਬੱਚੇ ਜੋ ਇੱਥੇ ਜੰਮੇ ਹਨ, ਸਾਡੇ ਨਾਲੋਂ ਜ਼ਿਆਦਾ ਬਰਤਾਨਵੀ ਹਨ। ਭਾਰਤੀਪਣ ਵੀ ਉਨ੍ਹਾਂ ਅੰਦਰ ਸਾਡੇ ਰਾਹੀਂ ਸ਼ਾਮਲ ਹੋ ਗਿਆ ਹੈ, ਇਸ ਲਈ ਉਨ੍ਹਾਂ ਦੀ ਹਮਦਰਦੀ ਭਾਰਤ ਨਾਲ ਰਹੇਗੀ, ਪਰ ਉਹ ਬਰਤਾਨਵੀ ਹਨ। ਇਕ ਵਾਰ ਡਾਕਟਰ ਗੁਰਪਾਲ ਸੰਧੂ ਨੇ ਇੰਗਲੈਂਡ ਜੰਮੇ ਇਕ ਬੱਚੇ ਨੂੰ ਸਵਾਲ ਪੁੱਛਿਆ ਸੀ ਕਿ ਜੇ ਇੰਗਲੈਂਡ ਤੇ ਭਾਰਤ ਦੀ ਲੜਾਈ ਲੱਗ ਜਾਵੇ ਤਾਂ ਤੂੰ ਕਿਸ ਪਾਸੇ ਖੜ੍ਹੇਂਗਾ। ਉਸ ਬੱਚੇ ਨੇ ਬਹੁਤ ਦੇਰ ਸੋਚ ਕੇ ਕਿਹਾ ਸੀ ਕਿ ਭਾਰਤ ਵੱਲ, ਪਰ ਮੈਨੂੰ ਪਤਾ ਸੀ ਕਿ ਬੱਚਾ ਸਿਰਫ਼ ਸਾਨੂੰ ਖ਼ੁਸ਼ ਕਰਨ ਲਈ ਕਹਿ ਰਿਹਾ ਸੀ।

ਬਰਤਾਨਵੀਪਣ ਇਕ ਟਰਮ ਹੈ। ਇਹ ਟਰਮ ਕਿਸੇ ਵੀ ਮੁਲਕ ਵਿਚ ਵਸਦੇ ਲੋਕਾਂ ਦੇ ਸੁਭਾਅ, ਪਛਾਣ, ਆਦਤਾਂ, ਵਤੀਰਾ, ਸਲੂਕ, ਲੱਛਣ, ਚਰਿੱਤਰ, ਜਿਉਣ-ਢੰਗ ਆਦਿ ਵਿਚਲੇ ਏਕੇ ਦੇ ਪ੍ਰਗਟਾਅ ਦੇ ਤੌਰ ’ਤੇ ਵੀ ਵਰਤੀ ਜਾਂਦੀ ਹੈ। ਮੈਂ ਇਸ ਟਰਮ ਨੂੰ ਆਪਣੇ ਨਾਵਲ ‘ਬ੍ਰਿਟਿਸ਼ ਬੌਰਨ ਦੇਸੀ’ ਵਿਚ ਵਰਤਿਆ ਹੈ। ਬਰਤਾਨੀਆ ਦੀਆਂ ਯੂਨੀਵਰਸਿਟੀਆਂ ਵਿਚ ਇਕ ਸ਼ਬਦ ਆਮ ਸੁਣਨ ਨੂੰ ਮਿਲਦਾ ਹੈ, ਬੀ.ਬੀ.ਸੀ.ਡੀ. ਜਿਸ ਦਾ ਮਤਲਬ ਹੈ- ‘ਬ੍ਰਿਟਿਸ਼ ਬੌਰਨ ਕਨਫਿਊਜ਼ਡ ਦੇਸੀ’। ਭਾਰਤ ਤੋਂ ਇੱਥੇ ਪੜ੍ਹਨ ਆਏ ਬੱਚੇ ਇਹ ਸ਼ਬਦ ਵਰਤਦੇ ਹਨ। ਉਹ ਇੱਥੇ ਦੇ ਜੰਮੇ ਬੱਚਿਆਂ ਨੂੰ ਕਨਫਿਊਜ਼ਡ ਆਖਦੇ ਹਨ ਕਿ ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਭਾਰਤੀ ਹਨ ਜਾਂ ਬ੍ਰਿਟਿਸ਼। ਮੇਰਾ ਨਾਵਲ ਮੇਰੀ ਆਪਣੀ ਬੇਟੀ ਰੀਝਾਂ ਨਾਲ ਵਾਪਰੀ ਅਜਿਹੀ ਹੀ ਛੋਟੀ ਜਿਹੀ ਇਕ ਘਟਨਾ ਵਿਚੋਂ ਨਿਕਲਿਆ ਹੈ। ਯੂਨੀਵਰਸਿਟੀ ਵਿਚ ਰੀਝਾਂ ਦੇ ਬਹੁਤੇ ਜਮਾਤੀ ਮੁੰਡੇ-ਕੁੜੀਆਂ ਭਾਰਤ ਤੋਂ ਪੜ੍ਹਨ ਆਏ ਹੋਏ ਸਨ। ਰੀਝਾਂ ਪੰਜਾਬੀ ਪੜ੍ਹ-ਲਿਖ-ਬੋਲ ਲੈਂਦੀ ਹੈ, ਪੰਜਾਬੀ ਖਾਣੇ ਬਣਾਉਂਦੀ ਹੈ। ਉਸ ਦਾ ਪਹਿਰਾਵਾ ਵੀ ਪੰਜਾਬੀ, ਪਰ ਉਹ ਆਪਣੇ ਆਪ ਨੂੰ ਬ੍ਰਿਟਿਸ਼ ਕਹਿੰਦੀ ਸੀ। ਉਸ ਦੇ ਜਮਾਤੀ ਉਸ ਨੂੰ ਕਹਿਣ ਕਿ ਤੂੰ ਭਾਰਤੀ ਹੈਂ, ਮੇਰੀ ਬੇਟੀ ਕਹੇ ਕਿ ਮੈਂ ਕਦੇ ਭਾਰਤ ਗਈ ਹੀ ਨਹੀਂ ਤਾਂ ਭਾਰਤੀ ਕਿਵੇਂ ਹੋਈ। ਮੈਂ ਯੂਨੀਵਰਸਿਟੀ ਰੀਝਾਂ ਨੂੰ ਮਿਲਣ ਗਿਆ ਤਾਂ ਸਾਰੇ ਬੱਚੇ ਮੇਰੇ ਤੋਂ ਇਹੋ ਸਵਾਲ ਪੁੱਛਣ ਲੱਗੇ। ਮੈਂ ਦੱਸਿਆ ਕਿ ਸਾਡੇ ਬੱਚੇ ਬ੍ਰਿਟਿਸ਼-ਇੰਡੀਅਨ ਹਨ, ਬ੍ਰਿਟਿਸ਼ ਵੀ ਤੇ ਭਾਰਤੀ ਵੀ। ਜਿੰਨਾ ਵੀ ਭਾਰਤੀ ਡਾਇਸਪੋਰਾ ਬਾਹਰ ਰਹਿ ਰਿਹਾ ਹੈ ਉਹ ਕਿਸੇ ਨਾ ਕਿਸੇ ਰੂਪ ਵਿਚ ਭਾਰਤ ਨਾਲ ਜੁੜ ਹੀ ਜਾਂਦਾ ਹੈ। ਅੱਜ ਵੀ ਭਾਰਤੀ ਡਾਇਸਪੋਰਾ ਭਾਰਤੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਦੀ ਕਿਸਾਨ ਲਹਿਰ ਵੇਲੇ ਭਾਰਤੀ ਡਾਇਸਪੋਰਾ ਦਾ ਰੋਲ ਸਾਫ਼ ਦੇਖਿਆ ਜਾ ਸਕਦਾ ਹੈ।

ਬਰਤਾਨਵੀਪਣ ਬਰਤਾਨਵੀ ਹੋਣ ਦੀ ਸਥਿਤੀ ਹੈ। ਬਰਤਾਨਵੀਪਣ ਦੀ ਹੋਂਦ ਬਰਤਾਨਵੀ ਲੋਕਾਂ ਨੂੰ ਬਾਕੀ ਕੌਮਾਂ ਨਾਲੋਂ ਅੱਡ ਕਰਨ ਦੀ ਦਸ਼ਾ ਵੀ ਹੈ। ਬਰਤਾਨਵੀਪਣ ਦਾ ਭਾਵ ਇਸ ਮੁਲਕ ਦੇ ਬੋਲੀ, ਧਰਮ, ਸਮਾਜ, ਸਿਆਸਤ, ਰਾਜਨੀਤੀ, ਭੂਗੋਲ, ਇਤਿਹਾਸ, ਖੇਡਾਂ, ਫ਼ੌਜ ਦੀ ਬਣਤਰ, ਪੌਣਪਾਣੀ ਆਦਿ ਨੂੰ ਸਮਝਣਾ ਤੇ ਇਸ ਦੇ ਗੁਣ ਗਾਉਣ ਤੋਂ ਹੈ। ਬਰਤਾਨਵੀਪਣ ਅਜਿਹੀ ਚੀਜ਼ ਨਹੀਂ ਹੈ ਕਿ ਜੋ ਤੁਹਾਡੇ ਮਨ ਵਿਚ ਪਾ ਦਿੱਤੀ ਜਾਵੇ ਜਾਂ ਇਸ ਦੀ ਕੋਈ ਗੋਲ਼ੀ ਖਵਾ ਦਿੱਤੀ ਜਾਵੇ ਜਾਂ ਤੁਸੀਂ ਕਹਿ ਦੇਵੋ ਕਿ ਮੈਂ ਬ੍ਰਿਟਿਸ਼ ਪਾਸਪੋਰਟ ਲੈ ਲਿਆ ਤੇ ਹੁਣ ਮੈਂ ਬਰਤਾਨਵੀਪਣ ਨਾਲ ਭਰ ਗਿਆ ਹਾਂ। ਇਹ ਹੌਲੀ ਹੌਲੀ ਤੁਹਾਨੂੰ ਬਿਨਾਂ ਦੱਸੇ ਤੁਹਾਡੀ ਜੀਵਨ-ਜਾਚ ਵਿਚ ਸ਼ਾਮਲ ਹੁੰਦਾ ਜਾਂਦਾ ਹੈ। ਇਸ ਸਮਾਜ ਦੀਆਂ ਜਿਹੜੀਆਂ ਗੱਲਾਂ ਮੈਨੂੰ ਕਦੇ ਓਪਰੀਆਂ ਜਾਂ ਬੁਰੀਆਂ ਲੱਗਦੀਆਂ ਸਨ, ਉਹੀ ਹੁਣ ਚੰਗੀਆਂ ਲੱਗਣ ਲੱਗ ਪਈਆਂ ਹਨ ਜਿਵੇਂ ਇੱਥੋਂ ਦਾ ਰਹਿਣਾ-ਸਹਿਣਾ-ਖਾਣਾ। ਸਾਡੇ ਘਰ ਹਰ ਰੋਜ਼ ਇਕ ਵਾਰ ਦੇਸੀ ਖਾਣਾ ਤੇ ਇਕ ਡੰਗ ਬਰਤਾਨਵੀ ਖਾਣਾ ਬਣਦਾ ਹੈ। ‘ਫਿਸ਼ ਐਂਡ ਚਿਪਸ’ ਮੈਨੂੰ ਸਾਗ ਜਿੰਨੇ ਹੀ ਪਸੰਦ ਹਨ। ਜਦੋਂ ਕਦੇ ਮੈਂ ਭਾਰਤ ਜਾਵਾਂ ਤਾਂ ਸਭ ਤੋਂ ਵੱਧ ਮੈਂ ਬ੍ਰਿਟਿਸ਼ ਨਾਸ਼ਤੇ ਨੂੰ ਮਿਸ ਕਰਦਾ ਹਾਂ- ਐਗ, ਬੇਕਨ, ਸੋਸੇਜ਼, ਟੋਸਟ ਐਂਡ ਬੀਨਜ਼। ਇੱਥੋਂ ਦੇ ਲਤੀਫੇ, ਸੰਗੀਤ, ਨਾਟਕ ਆਦਿ ਸਭ ਪਸੰਦ ਹਨ। ਹੋਰ ਵੀ ਸਭ ਕੁਝ ਜੋ ਬਰਤਾਨਵੀਪਣ ਲਈ ਚਾਹੀਦਾ ਹੈ, ਪਰ ਇਹ ਹਾਲੇ ਵੀ ਮੇਰੇ ਵਿਚ ਊਣਾ ਹੈ।

‘ਬ੍ਰਿਟਿਸ਼ਨੈੱਸ’ ਟਰਮ ਭਾਵੇਂ ਵੀਹਵੀਂ ਸਦੀ ਵਿਚ ਬਹੁਤੀ ਵਰਤੀ ਜਾਣ ਲੱਗੀ ਹੈ, ਪਰ ਇਹ ਕਾਫ਼ੀ ਪੁਰਾਣੀ ਹੈ। ਇਹ ਪਹਿਲੀ ਵਾਰ ਉਦੋਂ ਵਰਤੀ ਗਈ ਜਦੋਂ ਬ੍ਰਿਟਿਸ਼ ਆਇਜ਼ਲ ਯੂਨਾਈਟਿਡ ਕਿੰਗਡਮ ਬਣਿਆ। ਜਾਣੀ ਕਿ ਵੇਲਜ਼, ਸਕੌਟਲੈਂਡ ਤੇ ਇੰਗਲੈਂਡ ਇਕੱਠੇ ਹੋ ਗਏ। ਇਨ੍ਹਾਂ ਮੁਲਕਾਂ ਨੂੰ ਇਕ ਥਾਂ ਜੋੜਨ ਲਈ ‘ਐਕਟ ਔਫ ਯੂਨੀਅਨ 1707’ ਬਣਿਆ ਸੀ। ਔਕਸਫੌਰਡ ਯੂਨੀਵਰਸਿਟੀ ਦੀ ਡਿਕਸ਼ਨਰੀ ਦੇ ਹਿਸਾਬ ਨਾਲ ਬ੍ਰਿਟਿਸ਼ਨੈੱਸ ਪਹਿਲੀ ਵਾਰ 1857 ਵਿਚ ‘ਪੁਟਨੈਮ’ਜ਼ ਮੰਥਲੀ’ ਮੈਗਜ਼ੀਨ ਵਿਚ ਵਰਤਿਆ ਗਿਆ ਸੀ। ਬ੍ਰਿਟਿਸ਼ ਆਈਜ਼ਲ ਵਿਚ ਭਾਵੇਂ ਮੁਲਕ ਤਾਂ ਇਹ ਚਾਰ ਹਨ, ਇੰਗਲੈਂਡ, ਆਇਰਲੈਂਡ, ਸਕੌਟਲੈਂਡ ਤੇ ਵੇਲਜ਼, ਪਰ ਇੰਗਲਿਸ਼ ਸਦਾ ਹੀ ਭਾਰੂ ਰਹੇ ਹਨ। ਜਿਵੇਂ ਪੰਜਾਬੀ ਸੱਭਿਆਚਾਰ ਵਿਚ ਕੁਝ ਲੋਕਾਂ ਨੂੰ ਜੱਟ ਕਹਾ ਕੇ ਬਹੁਤ ਖ਼ੁਸ਼ੀ ਹੁੰਦੀ ਹੈ, ਇਹੀ ਹਾਲ ਇੰਗਲਿਸ਼ ਲੋਕਾਂ ਦਾ ਵੀ ਹੈ। ਬਾਕੀ ਦੀਆਂ ਕੌਮਾਂ ਘੱਟ-ਗਿਣਤੀ ਵਿਚ ਆ ਜਾਂਦੀਆਂ ਹਨ। ਯੂਨਾਈਟਿਡ ਕਿੰਗਡਮ ਬਣਨ ਨਾਲ ਲੋਕ ਇਕ ਥਾਂ ਇਕੱਠੇ ਹੋ ਗਏ ਕਿ ਸਾਰੇ ਹੀ ਬ੍ਰਿਟਿਸ਼ ਬਣ ਗਏ। ਭਾਵੇਂ ਹਾਲੇ ਵੀ ਸਕੌਟਿਸ਼, ਵੈਲਸ਼ ਜਾਂ ਆਇਰਸ਼ ਲੋਕਾਂ ਦੇ ਸੁਭਾਅ, ਬੋਲਣ ਦੇ ਲਹਿਜ਼ੇ ਕਾਫ਼ੀ ਅਲੱਗ ਹਨ, ਪਰ ਇਹ ਸਾਡੇ ਮਾਲਵੇ, ਦੁਆਬੇ, ਮਾਝੇ ਵਾਂਗ ਹੀ ਹਨ, ਸਾਰੇ ਅੰਗਰੇਜ਼ੀ ਹੀ ਬੋਲਦੇ ਹਨ, ਭਾਵੇਂ ਵੱਖਰੇ ਲਹਿਜ਼ੇ ਵਿਚ।

ਬਰਤਾਨਵੀਪਣ ਟਰਮ ਵਿਵਾਦਤ ਵੀ ਹੈ। ਕਮਿਸ਼ਨ ਫਾਰ ਰੇਸ਼ੀਅਲ ਇਕੁਐਲਿਟੀ ਵਾਲੇ ਇਸ ਨੂੰ ਨਸਲਵਾਦੀ ਟਰਮ ਮੰਨਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਬਰਤਾਨਵੀਪਣ ਅੰਗਰੇਜ਼ਪੁਣੇ ਦਾ ਹੀ ਰਾਜਨੀਤਕ ਖੁਲਾਸਾ ਹੈ ਜੋ ਸਕੌਟਿਸ਼, ਵੈਲਸ਼ ਤੇ ਆਇਰਸ਼ ਸੱਭਿਆਚਾਰ ਉੱਪਰ ਹਾਵੀ ਹੋਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਜਦੋਂ ਤੋਂ ਪੱਛਮੀ ਦੁਨੀਆਂ ਨੇ ਇਸਲਾਮਿਕ ਦੁਨੀਆਂ ਨਾਲ ਜੰਗ ਛੇੜੀ ਹੈ, ਉਦੋਂ ਤੋਂ ਬਰਤਾਨਵੀ ਸਰਕਾਰ ਨੂੰ ਬਰਤਾਨਵੀ ਲੋਕਾਂ ਦੀ ਮੁਲਕ ਪ੍ਰਤੀ ਵਫ਼ਾਦਾਰੀ ਦਾ ਫ਼ਿਕਰ ਪਿਆ ਹੋਇਆ ਹੈ। 2006 ਵਿਚ ਵਿੱਤ ਮੰਤਰੀ ਗੋਰਡਨ ਬਰਾਊਨ ਨੇ ਬਰਤਾਨਵੀਪਣ ਨੂੰ ਉਤਸ਼ਾਹ ਦੇਣ ਲਈ ਖ਼ਾਸ ਭਾਸ਼ਨ ਦਿੱਤਾ ਸੀ। ਅਖ਼ਬਾਰਾਂ ਨੇ ਵੀ ਇਸ ਗੱਲ ਨੂੰ ਵਾਹਵਾ ਉਛਾਲਿਆ। ਨਵੰਬਰ 2007 ਵਿਚ ਲੰਡਨ ਦੀ ਅਖ਼ਬਾਰ ‘ਦਿ ਟਾਈਮਜ਼’ ਨੇ ਇਕ ਮੁਕਾਬਲਾ ਕਰਾਇਆ ਜਿਸ ਅਨੁਸਾਰ ਪਾਠਕਾਂ ਨੂੰ ਕਿਹਾ ਗਿਆ ਕਿ ਪੰਜ ਸ਼ਬਦਾਂ ਵਿਚ ਕੋਈ ਮੋਟੋ ਭੇਜਿਆ ਜਾਵੇ ਜਿਸ ਵਿਚ ਬਰਤਾਨਵੀਪਣ ਨੂੰ ਪਰਿਭਾਸ਼ਿਤ ਕੀਤਾ ਹੋਵੇ। ਜਿਸ ਕੈਪਸ਼ਨ ਨੇ ਇਹ ਮੁਕਾਬਲਾ ਜਿੱਤਿਆ ਉਹ ਸੀ, ‘ਨੋ ਮੋਟੋ ਪਲੀਜ਼, ਵੀ ਆਰ ਬ੍ਰਿਟਿਸ਼’। ਬਰਤਾਨਵੀਪਣ ਨੂੰ ਸਕੂਲਾਂ ਵਿਚ ਪੜ੍ਹਾਉਣ ਦੀ ਵੀ ਗੱਲ ਹੁੰਦੀ ਰਹਿੰਦੀ ਹੈ। ਉਂਜ ‘ਐਜੂਕੇਸ਼ਨ ਐਕਟ 2002’ ਅਨੁਸਾਰ ਸਕੂਲਾਂ ਵਿਚ ਬਰਤਾਨਵੀ ਕਦਰਾਂ-ਕੀਮਤਾਂ ਨੂੰ ਮੌਲਿਕ ਰੂਪ ਵਿਚ ਪੜ੍ਹਾਇਆ ਜਾਣਾ ਜ਼ਰੂਰੀ ਹੈ। ਇਤਿਹਾਸਕਾਰ ਡੇਵਿਡ ਸਟਾਰਕੇ ਦੇ ਵਿਚਾਰ ਹਨ ਕਿ ਬਰਤਾਨਵੀਪਣ ਨੂੰ ਪੜ੍ਹਾਇਆ ਨਹੀਂ ਜਾ ਸਕਦਾ ਕਿਉਂਕਿ ਬ੍ਰਿਟਿਸ਼ ਰਾਸ਼ਟਰ ਨਹੀਂ ਹੈ।

2011 ਦੀ ਜਨ-ਗਣਨਾ ਅਨੁਸਾਰ ਬਰਤਾਨੀਆ ਵਿਚ ਤਕਰੀਬਨ 85% ਲੋਕ ਗੋਰੇ ਹਨ ਯਾਨੀ ਕਿ ਅੰਗਰੇਜ਼, ਸਕੌਟਿਸ਼, ਵੈਲਸ਼ ਤੇ ਆਇਰਸ਼ ਆਦਿ। 8% ਏਸ਼ੀਅਨ ਹਨ- ਭਾਰਤੀ ਉਪਮਹਾਂਦੀਪ ਵਿਚੋਂ, ਸਾਢੇ ਤਿੰਨ ਫੀਸਦੀ ਕਾਲ਼ੇ ਹਨ ਤੇ ਬਾਕੀ ਦੇ ਰਲ਼ਵੇਂ ਮਿਲ਼ਵੇਂ। ਇਹ ਸਭ ਹੀ ਆਪਣੇ ਆਪ ਨੂੰ ਬ੍ਰਿਟਿਸ਼ ਅਖਵਾਉਂਦੇ ਹਨ। ਬਰਤਾਨਵੀਪਣ ਨੂੰ ਲੈ ਕੇ ਕਈ ਵਾਰ ਮੁਸਲਿਮ ਲੋਕਾਂ ਦੀ ਵਫ਼ਾਦਾਰੀ ਉੱਪਰ ਹਮਲੇ ਕੀਤੇ ਜਾਂਦੇ ਹਨ। ਖੈਰ, ਬਰਤਾਨੀਆ ਹੁਣ ਬਹੁ-ਧਰਮੀ, ਬਹੁ-ਸੱਭਿਆਚਾਰਕ ਹੈ, ਇੰਜ ਕਹਿ ਲਓ ਕਿ ਬਹੁ-ਰੰਗਾ ਦੇਸ਼ ਹੈ ਤੇ ਰਹੇਗਾ ਤੇ ਇਸ ਦੇ ਕੁਝ ਮਸਲੇ ਵੀ ਹਾਜ਼ਰ ਰਹਿਣਗੇ। ਮੇਰੇ ਹਿਸਾਬ ਨਾਲ ਸਰਕਾਰਾਂ ਨੂੰ ਫ਼ਿਕਰ ਦੀ ਲੋੜ ਨਹੀਂ ਹੈ, ਸਮੇਂ ਨਾਲ ਇੱਥੇ ਵਸਣ ਵਾਲੇ ਲੋਕਾਂ ਵਿਚ ਬਰਤਾਨਵੀਪਣ ਭਰਦਾ ਜਾਵੇਗਾ। ਹਾਂ, ਬਰਤਾਨਵੀਪਣ ਦੇ ਅਰਥ ਵੀ ਵਸੀਹ ਹੁੰਦੇ ਜਾਣਗੇ।
ਈਮੇਲ : harjeetatwal@hotmail.co.uk

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All