DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੁਸੀਂ ਸਾਡੇ ਲਈ ਕੀਤਾ ਈ ਕੀ ਆ...

ਵੀਹ ਕੁ ਸਾਲ ਪੁਰਾਣੀ ਅਤੇ ਕਈ ਵਾਰ ਦੇਖੀ ਫਿਲਮ ‘ਬਾਗਬਾਨ’ ਮੁੜ ਦੇਖੀ ਤਾਂ ਮਨ ਦਹਿਲ ਗਿਆ। ਪਸੀਜੀ ਗਈ ਰੂਹ ਅਤੇ ਦਿਲ ਦਾ ਦਰਦ ਉਛਲ ਪਿਆ। ਅੱਖਾਂ ਨਮ ਹੋ ਗਈਆਂ ਅਤੇ ਸੋਚ ਸੁੰਨ ਹੋ ਗਈ ਕਿ ਕੋਈ ਔਲਾਦ ਆਪਣੇ ਮਾਪਿਆਂ ਨਾਲ...

  • fb
  • twitter
  • whatsapp
  • whatsapp
Advertisement

ਵੀਹ ਕੁ ਸਾਲ ਪੁਰਾਣੀ ਅਤੇ ਕਈ ਵਾਰ ਦੇਖੀ ਫਿਲਮ ‘ਬਾਗਬਾਨ’ ਮੁੜ ਦੇਖੀ ਤਾਂ ਮਨ ਦਹਿਲ ਗਿਆ। ਪਸੀਜੀ ਗਈ ਰੂਹ ਅਤੇ ਦਿਲ ਦਾ ਦਰਦ ਉਛਲ ਪਿਆ। ਅੱਖਾਂ ਨਮ ਹੋ ਗਈਆਂ ਅਤੇ ਸੋਚ ਸੁੰਨ ਹੋ ਗਈ ਕਿ ਕੋਈ ਔਲਾਦ ਆਪਣੇ ਮਾਪਿਆਂ ਨਾਲ ਇੰਝ ਵੀ ਕਰ ਸਕਦੀ ਹੈ ਜਿਨ੍ਹਾਂ ਨੇ ਆਪਣੀ ਉਮਰ ਅਤੇ ਸੁਮੱਚੀ ਕਮਾਈ ਆਪਣੀ ਔਲਾਦ ਦੇ ਪਾਲਣ-ਪੋਸ਼ਣ, ਪੜ੍ਹਾਈ ਅਤੇ ਸੁਪਨਸਾਜ਼ੀ ਲਈ ਅਰਪਿਤ ਕੀਤੀ ਹੋਵੇ। ਫਿਰ ਬਜ਼ੁਰਗ ਮਾਪਿਆਂ ਨੂੰ ਇਹ ਕਹੇ ਕਿ ਤੁਸੀਂ ਸਾਡੇ ਲਈ ਕੀਤਾ ਈ ਕੀ ਆ? ਅਸੀਂ ਤਾਂ ਆਪਣੀ ਮਿਹਨਤ, ਲਿਆਕਤ ਅਤੇ ਖੁਦ ਦੇ ਬਲਬੂਤੇ ’ਤੇ ਵੱਡੀਆਂ ਮੱਲਾਂ ਮਾਰੀਆਂ ਹਨ। ਤੁਸੀਂ ਆਪਣਾ ਖ਼ੁਦ ਸੋਚੋ। ਅਸੀਂ ਤੁਹਾਡੀ ਕੋਈ ਸੇਵਾ-ਸੰਭਾਲ ਨਹੀਂ ਕਰ ਸਕਦੇ?

ਮਨ ਬਹੁਤ ਉਦਾਸ ਤੇ ਹਤਾਸ਼ ਹੋ ਗਿਆ ਕਿ ਸਾਡੀਆਂ ਕਦਰਾਂ- ਕੀਮਤਾਂ ਨੇ ਇੰਝ ਦਫ਼ਨ ਹੋਣਾ ਸੀ? ਅਸੀਂ ਆਪਣੇ ਜਾਇਆਂ ਹੱਥੋਂ ਇੰਝ ਨਮੋਸ਼ੀ ਹੰਢਾਉਣੀ ਤੇ ਜਿਲਤ ਕਮਾਉਣੀ ਸੀ? ਬਹੁਤ ਸਾਰੇ ਪ੍ਰਸ਼ਨ ਮਨ ਵਿੱਚ ਪੈਦਾ ਹੋਏ ਜਿਸ ਦਾ ਜਵਾਬ ਸਮਾਜ ਨੂੰ ਆਪਣੀ ਔਲਾਦ ਕੋਲੋਂ ਮੰਗਣਾ ਚਾਹੀਦਾ ਹੈ। ਕੀ ਔਲਾਦ ਇੰਝ ਆਪਣੇ ਮਾਪਿਆਂ ਦੀ ਬੇਕਦਰੀ ਕਰਨ ਦੀ ਹੱਕਦਾਰ ਹੈ? ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵਲੂੰਧਰਨ ਦਾ ਹੱਕ ਕਿਸ ਨੇ ਔਲਾਦ ਨੂੰ ਦਿੱਤਾ? ਕਿਸ ਦਾਈਏ ਨਾਲ ਉਹ ਆਪਣੇ ਮਾਪਿਆਂ ਨੂੰ ਹੀਣਾ ਅਤੇ ਨਿੰਮੋਝੂਣਾ ਕਰਨ ਬਾਰੇ ਸੋਚ ਰਹੇ ਹਨ? ਕੁਝ ਕੁ ਪ੍ਰਸ਼ਨ ਸੰਵੇਦਨਸ਼ੀਲ ਮਨ ਵਿੱਚ ਪੈਦਾ ਹੋਣੇ ਸੁਭਾਵਕ ਹਨ;

Advertisement

ਕੀ ਮਾਪਿਆਂ ਤੋਂ ਬਗੈਰ ਬੱਚਿਆਂ ਦੀ ਹੋਂਦ ਸੰਭਵ ਏ? ਆਪਣੀ ਔਲਾਦ ਨੂੰ ਨੌਂ ਮਹੀਨੇ ਆਪਣੀ ਕੁੱਖ ਵਿੱਚ ਪਾਲਣ ਵਾਲੀ, ਸੌਂਦੇ ਜਾਗਦੇ ਕੁੱਖ ਵਿੱਚ ਪਲਣ ਵਾਲੇ ਬੱਚੇ ਨਾਲ ਲਾਡ ਲਡਾਉਣ ਅਤੇ ਉਸ ਦੀਆਂ ਸੋਚਾਂ ਵਿੱਚ ਲੀਨ ਰਹਿਣ ਵਾਲੀ ਮਾਂ ਦੀਆਂ ਆਂਦਰਾਂ ਕਿਵੇਂ ਵਲੂੰਧਰੀਆਂ ਜਾਣਗੀਆਂ? ਕੁੱਖ ਵਿੱਚ ਪਾਲਣ ਤੋਂ ਬਾਅਦ ਔਲਾਦ ਲਈ ਜੰਮਣ ਪੀੜਾਂ ਝੱਲੀਆਂ ਹੋਣ, ਪਰ ਇਸ ਪੀੜ ਤੋਂ ਵੱਡਾ ਦਰਦ ਉਸ ਦੀ ਝੋਲੀ ਵਿੱਚ ਔਲਾਦ ਪਾਵੇ ਕਿ ਤੁਸੀਂ ਸਾਡੇ ਲਈ ਕੀਤਾ ਈ ਕੀ ਆ?

Advertisement

ਆਪਣੇ ਮਾਸੂਮ ਜਿਹੇ ਬੱਚੇ ਦੀਆਂ ਲੋੜਾਂ ਲਈ ਹਰਦਮ ਅਰਪਿਤ ਹੋਣ ਵਾਲੀ ਮਾਂ। ਬੱਚੇ ਦੀ ਹੂੰਗਰ ਵਿੱਚ ਹਉਕਾ ਬਣ ਜਾਣ ਵਾਲੀ। ਉਸ ਦੀ ਲੇਰ ਵਿੱਚ ਖੁਦ ਵੀ ਲੇਰ ਬਣਨ ਵਾਲੀ। ਆਪਣੀ ਭੁੱਖ ਪਿਆਸ ਵਿਸਾਰ ਤੇ ਸੁੱਖ ਆਰਾਮ ਤਿਆਗ ਕੇ ਬੱਚੇ ਦੀ ਤਾਮੀਰਦਾਰੀ ਵਿੱਚ ਰੁੱਝੀ, ਆਪਣੀਆਂ ਨੀਂਦਾਂ ਨੂੰ ਅੱਖਾਂ ਤੋਂ ਛਿਛਕਾਰਨ ਵਾਲੀ ਮਾਂ, ਜਦ ਆਪਣੀ ਔਲਾਦ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਵੇ ਤਾਂ ਸਮਝੋ ਕਿ ਮਾਂ ਨਹੀਂ ਸਗੋਂ ਮਮਤਾ ਮਰਦੀ ਹੈ। ਤੇ ਜਦੋਂ ਮਮਤਾ ਮਰਦੀ ਹੈ ਤਾਂ ਮਨੁੱਖਤਾ ਦਾ ਮਰਨਾ ਤੈਅ ਹੋ ਜਾਂਦਾ ਹੈ।

ਬੱਚੇ ਦੀਆਂ ਬਿਨਾਂ ਬੋਲੀਆਂ ਗੱਲਾਂ ਦੇ ਅਰਥ ਜਾਣਨ ਵਾਲੀ, ਉਸ ਦੇ ਤੋਤਲੇ ਬੋਲਾਂ ਦੀ ਅਰਥਕਾਰੀ ਕਰਨ ਵਾਲੀ, ਉਸ ਦੀਆਂ ਚਾਹਤਾਂ ਨੂੰ ਪੂਰਨ ਵਾਲੀ, ਅਧੂਰੀਆਂ ਸੱਧਰਾਂ ਨੂੰ ਪੂਰਨ ਵਾਲੀ, ਉਸ ਦੇ ਚਾਵਾਂ ਨੂੰ ਨਵੀਂ ਪਰਵਾਜ਼ ਦੇਣ ਵਾਲੀ ਮਾਂ ਦੇ ਖੰਭਾਂ ਨੂੰ ਜੇਕਰ ਉਸ ਦੀ ਔਲਾਦ ਹੀ ਕੁਤਰ ਦੇਵੇ ਤਾਂ ਦੱਸਣਾ! ਮਾਂ ਕਿਸ ’ਤੇ ਨਾਜ਼ ਕਰੇ? ਕਿਹੜੇ ਅੰਬਰ ਨੂੰ ਤਲਾਸ਼ੇ? ਕਿਸ ਧਰਤ ਨੂੰ ਨਮਸਕਾਰੇ? ਕਿਸ ਪੈਗੰਬਰ ਅੱਗੇ ਫਰਿਆਦ ਕਰੇ?

ਬਾਪ ਦੀ ਉਂਗਲ ਫੜ ਕੇ ਤੁਰਨਾ ਸਿੱਖਣ ਵਾਲਾ ਜਵਾਕ ਜਦ ਦੁੜੰਗੇ ਮਾਰਦਾ ਬਾਪ ਦੀ ਥਿੜ੍ਹਕਦੀ ਤੋਰ ਦਾ ਮਜ਼ਾਕ ਬਣਾਵੇ, ਬਾਪ ਦੀ ਉਸ ਉਂਗਲ ਨੂੰ ਉਂਗਲ ਦਿਖਾਵੇ ਅਤੇ ਬਾਪ ਦੀ ਮਾਣੀ ਅਪਣੱਤ, ਮੋਹ ਅਤੇ ਪਿਆਰ ਦਾ ਮਜ਼ਾਕ ਬਣਾਵੇ ਤਾਂ ਦੱਸਣਾ ਬਾਪ ਕਿੰਝ ਉਸ ਔਲਾਦ ਨੂੰ ਆਪਣਾ ਕਹਿਣ ਦਾ ਹੱਕ ਜਤਾਵੇ ? ਜਦ ਬਾਪ ਨੂੰ ਕਿਸੇ ਹੱਥ ਦੀ ਲੋੜ ਹੋਵੇ, ਕਿਸੇ ਮੋਢੇ ਦਾ ਆਸਰਾ ਲੋੜੀਂਦਾ ਹੋਵੇ ਤਾਂ ਉਹ ਕਿਹੜੇ ਮੋਢੇ ’ਤੇ ਸਿਰ ਰੱਖ ਕੇ ਆਪਣਾ ਦੁੱਖੜਾ ਸੁਣਾਵੇ? ਸਭ ਤੋਂ ਕਹਿਰ ਤਾਂ ਔਲਾਦ ਉਸ ਵੇਲੇ ਕਮਾਵੇ ਜਦ ਮਾਪਿਆਂ ਦੀ ਅਰਥੀ ਨੂੰ ਆਪਣਿਆਂ ਦਾ ਮੋਢਾ ਵੀ ਨਾ ਥਿਆਵੇ ਅਤੇ ਉਹ ਬਿਗਾਨੇ ਮੋਢਿਆਂ ’ਤੇ ਸਿਵਿਆਂ ਨੂੰ ਜਾਵੇ, ਪਰ ਔਲਾਦ ਨੂੰ ਇਸ ਦਾ ਕੋਈ ਹਿਰਖ਼ ਵੀ ਨਾ ਹੋਵੇ।

ਧੁੱਪੇ ਤੁਰੇ ਜਾਂਦੇ ਜਾਂਦੇ ਜਵਾਕ ਨੂੰ ਦੇਖ ਕੇ ਬਾਪ ਦਾ ਮਨ ਪਸੀਜ਼ ਜਾਵੇ। ਉਹ ਸਿਰੋਂ ਪਰਨਾ ਲਾਹਵੇ ਅਤੇ ਉਸ ਦੀ ਛਾਂ ਕਰਕੇ ਆਪਣੇ ਲਾਡਲੇ ਨੂੰ ਤਿੱਖੜ ਦੁਪਹਿਰ ਤੋਂ ਬਚਾਵੇ ਅਤੇ ਬਾਪ ਬਿਰਖ਼ ਹੋਣ ਦਾ ਫ਼ਰਜ਼ ਅਦਾ ਕਰਕੇ ਮਾਣਮੱਤਾ ਹੋ ਜਾਵੇ, ਪਰ ਮਾਪਿਆਂ ਨੂੰ ਸੜਦੀ ਲੂੰਹਦੀ ਧੁੱਪ ਜਾਂ ਕੱਕਰ ਦੇ ਕਹਿਰ ਤੋਂ ਬਚਾਉਣ ਦੀ ਬਜਾਏ ਔਲਾਦ ਉਨ੍ਹਾਂ ਨੂੰ ਭੁੱਲ ਹੀ ਜਾਵੇ। ਸੱਚ ਤਾਂ ਇਹ ਹੈ ਕਿ ਜਦ ਲੋੜ ਖਤਮ ਹੋ ਜਾਂਦੀ ਹੈ ਤਾਂ ਮਾਪਿਆਂ ਦੇ ਅਣਗੌਲੇ ਜਾਣ ਦੀ ਚਸਕ ਹਰਦਮ ਸਾਹਾਂ ਨੂੰ ਖਾਵੇ। ਉਨ੍ਹਾਂ ਦੀ ਰੂਹ ਕਬਰਾਂ ਨੂੰ ਜਾਣ ਲਈ ਤਰਸ ਜਾਵੇ, ਪਰ ਔਲਾਦ ਨੂੰ ਰਤਾ ਵੀ ਇਸ ਦਾ ਅਹਿਸਾਸ ਨਾ ਹੋਵੇ ਕਿ ਮਾਪਿਆਂ ਦੀ ਸਾਰ ਲੈਣ ਦਾ ਕਦੇ ਤਾਂ ਧਰਮ ਨਿਭਾਵੇ।

ਆਪਣੇ ਸੁਪਨਿਆਂ ਨੂੰ ਉਗਮਣ ਤੋਂ ਪਹਿਲਾਂ ਹੀ ਦਫ਼ਨ ਕਰਕੇ ਆਪਣੇ ਬੱਚਿਆਂ ਨੂੰ ਸੁਪਨਾ ਦੇਣ ਵਾਲੇ, ਉਨ੍ਹਾਂ ਦੇ ਸੁਪਨਿਆਂ ਦੀ ਤਾਮੀਰਦਾਰੀ ਲਈ ਖੁਦ ਦਾ ਹਰ ਸਾਹ, ਸਰੋਤ, ਸਮਰੱਥਾ ਅਤੇ ਸਾਧਨ ਅਰਪਿਤ ਕਰਨ ਵਾਲੇ ਮਾਪਿਆਂ ਦੀਆਂ ਅੱਖਾਂ ਵਿੱਚ ਸੂਲੀ ’ਤੇ ਲਟਕਦੇ ਖ਼ੁਦ ਦੇ ਸੁਪਨਿਆਂ ਨੂੰ ਦੇਖਣ ਤੋਂ ਆਕੀ ਔਲਾਦ ਨੂੰ ਕੌਣ ਸਮਝਾਵੇ ਕਿ ਤੁਹਾਡੇ ਸੁਪਨਿਆਂ ਦੇ ਸੱਚ ਵਿੱਚ ਮਾਪਿਆਂ ਦੀਆਂ ਰੀਝਾਂ, ਸੱਧਰਾਂ ਅਤੇ ਅਣਪੂਰੇ ਚਾਵਾਂ ਦੀ ਮਜ਼ਬੂਤ ਨੀਂਹ ਹੈ ਜਿਸ ’ਤੇ ਤੁਸੀਂ ਆਪਣੇ ਸੁਪਨਿਆਂ ਦੀ ਉਸਾਰੀ ਕੀਤੀ ਹੈ। ਜਦ ਬੱਚੇ ਮਾਪਿਆਂ ਦੇ ਸੁਪਨਿਆਂ ਦੀ ਧੂਣੀ ਦੇ ਸੇਕ ਵਿੱਚੋਂ ਆਪਣੀ ਨਿੱਜ-ਪ੍ਰਸਤੀ ਦੇਖਣ ਲੱਗ ਪੈਣ ਤਾਂ ਯਾਦ ਰੱਖਣਾ! ਇਹ ਮਾਨਵੀ ਕਦਰਾਂ ਕੀਮਤਾਂ ਨੂੰ ਜਿਉਂਦੇ ਜੀਅ ਦਫ਼ਨਾਉਣਾ ਹੁੰਦਾ ਹੈ ਜਿਸ ਦੀਆਂ ਲੇਰਾਂ ਫ਼ਿਜ਼ਾ ਨੂੰ ਚਾਕ ਚਾਕ ਕਰ ਦਿੰਦੀਆਂ ਹਨ।

ਬਾਪ ਦੇ ਘਸੇ ਹੋਏ ਝੱਗੇ ਦੀ ਪਾਟੀ ਜੇਬ ਵੀ ਆਪਣੀ ਔਲਾਦ ਲਈ ਹਮੇਸ਼ਾਂ ਭਰੀ ਰਹਿੰਦੀ ਸੀ ਭਾਵੇਂ ਖ਼ੁਦ ਨੂੰ ਵੀ ਕਿਉਂ ਨਾ ਨਿਲਾਮ ਕਰਨਾ ਪਵੇ। ਬੱਚਿਆਂ ਨੂੰ ਕਦੇ ਨਾਂਹ ਨਹੀਂ ਸੀ ਹੁੰਦੀ। ਉਹ ਵੱਡੇ ਦਾਈਏ ਨਾਲ ਆਪਣੀ ਹਰ ਮੰਗ ਮੰਨਵਾ ਲੈਂਦੇ ਸਨ। ਮਾਪਿਆਂ ਦੇ ਮਨਾਂ ਵਿੱਚ ਇਹ ਨਹੀਂ ਸੀ ਆਉਂਦਾ ਕਿ ਅਸੀਂ ਕਿਵੇਂ ਇਸ ਦੀ ਪੂਰਤੀ ਕਰਾਂਗੇ? ਕੀ ਕਾਰਨ ਹੈ ਕਿ ਬੁੱਢੇ ਹੋ ਗਏ ਮਾਪੇ ਆਪਣੀ ਕਿਸੇ ਵੀ ਚਾਹਤ ਦੀ ਪੂਰਤੀ ਲਈ ਆਪਣੇ ਬੱਚਿਆਂ ਨੂੰ ਨਹੀਂ ਕਹਿ ਸਕਦੇ? ਕੀ ਔਲਾਦ ਨੂੰ ਕਦੇ ਇਹ ਅਹਿਸਾਸ ਹੋਇਆ ਕਿ ਬਜ਼ੁਰਗ ਅਵਸਥਾ ਵਿੱਚ ਮਾਪਿਆਂ ਦੇ ਬਹੁਤ ਹੀ ਸੀਮਤ ਹੋ ਗਏ ਆਰਥਿਕ ਸਰੋਤ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ? ਸਾਰੀ ਉਮਰ ਦੀ ਕਮਾਈ ਬੱਚਿਆਂ ’ਤੇ ਖ਼ਰਚਣ ਵਾਲੇ ਅਤੇ ਖਾਲੀ ਹੱਥ ਰਹਿ ਗਏ ਮਾਪਿਆਂ ਨੂੰ ਮਜਬੂਰੀ ਵੱਸ ਆਖਰੀ ਸਾਹ ਤੱਕ ਮਿਹਨਤ ਮੁਸ਼ੱਕਤ ਕਰਨ ਦੀ ਲੋੜ ਕਿਉਂ ਪੈਂਦੀ ਹੈ? ਕੀ ਉਨ੍ਹਾਂ ਨੂੰ ਜੀਵਨ ਦੇ ਕੁਝ ਪਲ ਆਪਣੀ ਮਰਜ਼ੀ ਅਨੁਸਾਰ ਬਿਨਾਂ ਕਿਸੇ ਫ਼ਿਕਰ ਜਾਂ ਚਿੰਤਾ ਤੋਂ ਜਿਉਣ ਦਾ ਹੱਕ ਹੈ? ਉਨ੍ਹਾਂ ਦਾ ਹਾਸਾ ਤੇ ਸੁੱਖ-ਆਰਾਮ ਕਿਸ ਨੇ ਖੋਹ ਲਿਆ? ਉਹ ਕਿਹੜੀ ਸਜ਼ਾ ਭੁਗਤ ਰਹੇ ਹਨ ਕਿ ਉਸ ਦੀ ਔਲਾਦ ਇਸ ਵੱਲ ਧਿਆਨ ਹੀ ਨਹੀਂ ਦਿੰਦੀ? ਕੀ ਕਦੇ ਔਲਾਦ ਨੇ ਇਹ ਨਹੀਂ ਸੀ ਦੇਖਿਆ ਕਿ ਉਨ੍ਹਾਂ ਦੇ ਮਾਪੇ ਆਪਣੇ ਮਾਪਿਆਂ ਦਾ ਕਿਵੇਂ ਖ਼ਿਆਲ ਰੱਖਦਿਆਂ, ਆਪਣੀ ਔਲਾਦ ਦੀ ਹਰ ਲੋੜ ਅਤੇ ਜ਼ਰੂਰਤ ਤੋਂ ਕਦੇ ਬੇਧਿਆਨੇ ਨਹੀਂ ਸੀ ਹੋਏ? ਉਨ੍ਹਾਂ ਦੇ ਰਿਆੜ ਕਰਨ ਤੋਂ ਬਗੈਰ ਹੀ ਹਨੇਰੇ-ਸਵੇਰੇ ਸਭ ਕੁਝ ਉਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਸੀ। ਮਾਪਿਆਂ ਨੂੰ ਕਿਸ ਕਰਮ ਦੀ ਸਜ਼ਾ ਮਿਲੀ ਕਿ ਉਨ੍ਹਾਂ ਨੇ ਔਲਾਦ ਨੂੰ ਜਨਮ ਦਿੱਤਾ? ਸ਼ਾਇਦ ਇਸ ਕਰਕੇ ਹੀ ਨਵੀਂ ਪੀੜ੍ਹੀ ਵਿਆਹ ਤੋਂ ਉਪਰਾਮ ਹੋ ਰਹੀ ਏ ਅਤੇ ਔਲਾਦ ਪੈਦਾ ਕਰਨ ਤੋਂਂ ਵੀ ਬੇਮੁੱਖ ਜਿਹੀ ਹੋ ਰਹੀ ਏ ਕਿ ਜਦ ਔਲਾਦ ਨੇ ਉਨ੍ਹਾਂ ਨੂੰ ਬੁੱਢੇਵਾਰੇ ਸੰਭਾਲਣਾ ਹੀ ਨਹੀਂ। ਸਭ ਕੁੱਝ ਆਪ ਹੀ ਕਰਨਾ ਪੈਣਾ ਹੈ ਤਾਂ ਕਾਹਤੋਂ ਔਲਾਦ ਦੇ ਚੱਕਰ ਵਿੱਚ ਪਈਏ। ਆਪਣੀ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਨਾਲ ਜੀਓ।

ਮਾਪਿਆਂ ਦੀ ਟੁੱਟੀ ਹੋਈ ਐਨਕ, ਦੁਖਦੇ ਦੰਦ, ਦਰਦਾਂ ਆਦਿ ਅਲਾਮਤਾਂ ਵੱਲ ਬੱਚੇ ਅਕਸਰ ਕਹਿ ਛੱਡਦੇ ਹਨ ਕਿ ਇਹ ਅਲਾਮਤਾਂ ਤਾਂ ਬੁੱਢੇਵਾਰੇ ਹੋਣੀਆਂ ਹੀ ਨੇ। ਕੀ ਮਾਪਿਆਂ ਨੇ ਬੱਚੇ ਦੇ ਤਪਦੇ ਮੱਥੇ, ਢਿੱਡ ਵਿੱਚ ਹੋਈ ਪੀੜ, ਦੁਖਦੇ ਦੰਦ, ਡਿੱਗ ਕੇ ਲੱਗੀ ਸੱਟ ਜਾਂ ਉਸ ਦੀ ਕਿਸੇ ਵੀ ਸਰੀਰਕ ਅਲਾਮਤ ਨੂੰ ਅਣਗੌਲਿਆ ਕੀਤਾ ਸੀ? ਮਾਂ ਨੇ ਪਤਾ ਨਹੀਂ ਕਿੰਨੇ ਜਗਰਾਤੇ ਕੱਟੇ ਹੋਣਗੇ ਜਦੋਂ ਉਸ ਨੇ ਲਾਡਲੇ ਦੀ ਹੁੰਗਰ ਸੁਣੀ ਹੋਵੇਗੀ। ਫਿਰ ਮਾਪਿਆਂ ਨਾਲ ਹੀ ਅਜਿਹਾ ਕਿਉਂ? ਕੀ ਬਜ਼ੁਰਗੀ ਵਿੱਚ ਮਾਪਿਆਂ ਨੂੰ ਸਿਰਫ਼ ਮਰਨ ਲਈ ਛੱਡ ਦਿੰਦੇ ਹਨ ਕਿ ਕਦੋਂ ਇਸ ਜ਼ਹਾਲਤ ਤੋਂ ਛੁਟਕਾਰਾ ਹੋਵੇਗਾ? ਹੁਣ ਹੱਦ ਤਾਂ ਇਹ ਵੀ ਹੋ ਗਈ ਕਿ ਕਈ ਵਾਰ ਔਲਾਦ ਆਪਣੇ ਮਾਪਿਆਂ ਦੀ ਮੌਤ ਦੀਆਂ ਮੰਨਤਾਂ ਵੀ ਮੰਗਣ ਲੱਗ ਪੈਂਦੀ ਹੈ?

ਔਲਾਦ ਦੇ ਹਰ ਉੱਦਮ, ਸੰਘਰਸ਼ ਅਤੇ ਪ੍ਰਾਪਤੀਆਂ ਦਾ ਥੰਮ੍ਹ ਬਣਨ ਵਾਲੇ, ਉਨ੍ਹਾਂ ਦੀ ਹਰਦਮ ਹੌਸਲਾ ਅਫ਼ਜ਼ਾਈ ਕਰਨ ਵਾਲੇ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਖ਼ੁਦ ਝੱਲਣ ਵਾਲੇ ਮਾਪਿਆਂ ਦੀਆਂ ਪਰੇਸ਼ਾਨੀਆਂ ਨੂੰ ਕੌਣ ਸਮਝੇਗਾ, ਖ਼ਾਸ ਕਰ ਜਦੋਂ ਉਹ ਜੀਵਨ ਦੇ ਆਖਰੀ ਪਹਿਰ ਵਿੱਚ ਹੁੰਦੇ ਹਨ? ਉਨ੍ਹਾਂ ਦੀ ਮੱਠੀ ਹੋ ਗਈ ਤੋਰ, ਕੰਮ ਕਰਨ ਦੀ ਘਟ ਗਈ ਸਮਰੱਥਾ, ਸਰੀਰਕ ਥਕਾਵਟ, ਕਮਜ਼ੋਰੀ ਅਤੇ ਲੱਤਾਂ-ਬਾਹਾਂ ਦੇ ਸਤਹੀਣ ਹੋਣ ਕਾਰਨ ਵੀ ਉਹ ਆਪਣੀ ਔਲਾਦ ਦੀ ਕਿਸੇ ਵੀ ਕੰਮ ਵਿੱਚ ਅਵੱਗਿਆ ਨਹੀਂ ਕਰਦੇ ਸਗੋਂ ਹੱਸ ਹੱਸ ਕੇ ਸਹਿਯੋਗ ਦਿੰਦੇ ਹਨ, ਪਰ ਔਲਾਦ ਇਹ ਕਿਉਂ ਭੁੱਲ ਜਾਂਦੀ ਹੈ ਕਿ ਮਾਪਿਆਂ ਦੀ ਹਾਕ ਦਾ ਵੀ ਹੁੰਗਾਰਾ ਦੇਣਾ ਹੁੰਦਾ ਹੈ। ਉਨ੍ਹਾਂ ਦੀ ਹੂੰਗਰ ਨੂੰ ਸੁਣਨਾ ਹੁੰਦਾ ਹੈ। ਉਨ੍ਹਾਂ ਦੀ ਚੁੱਪ ਨੂੰ ਪੜ੍ਹਨਾ ਹੁੰਦਾ ਹੈ। ਦਿਲ ਦੀ ਵੇਦਨਾ ਦਾ ਕੋਈ ਉਪਾਅ ਕਰਨਾ ਹੁੰਦਾ ਹੈ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ। ਉਹ ਵੀ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਕੋਲ ਬੈਠੇ, ਦੁੱਖ-ਸੁਖ ਸੁਣੇ। ਉਨ੍ਹਾਂ ਦੇ ਦਰਦਾਂ ਦਾ ਦਰਦੀ ਹੋਵੇ। ਉਨ੍ਹਾਂ ਨੂੰ ਅਪਣੱਤ ਅਤੇ ਮੋਹ ਨਾਲ ਵਰਸੋਵੇ। ਉਨ੍ਹਾਂ ਦੇ ਦਿਲਾਂ ਨੂੰ ਠੰਢ ਪਾਵੇ। ਉਨ੍ਹਾਂ ਨੂੰ ਲੱਗੇ ਕਿ ਕੋਈ ਤਾਂ ਅਜਿਹਾ ਹੈ ਜਿਹੜਾ ਉਨ੍ਹਾਂ ਦਾ ਆਪਣੇ ਤੋਂ ਵੱਧ ਖ਼ਿਆਲ ਰੱਖਦਾ ਹੈ। ਉਨ੍ਹਾਂ ਦੀ ਚਿੰਤਾ ਕਰਦਿਆਂ ਅਚੇਤ ਤੇ ਸੁਚੇਤ ਰੂਪ ਵਿੱਚ ਜੁੜਿਆ ਹੋਇਆ ਹੈ। ਇਹ ਮੋਹ ਦੀਆਂ ਮਹੀਨ ਤੰਦਾਂ ਹੀ ਹੁੰਦੀਆਂ ਹਨ ਜੋ ਮਾਪਿਆਂ ਨੂੰ ਸੁਖਨ, ਸੰਤੋਖ ਅਤੇ ਸਕੂਨ ਦਿੰਦੀਆਂ ਹਨ ਅਤੇ ਉਨ੍ਹਾਂ ਦਾ ਆਖਰੀ ਸਾਹ ਬਹੁਤ ਸੁਖਾਲਾ ਨਿਕਲਦਾ ਹੈ। ਔਲਾਦ ਦੀ ਅਣਦੇਖੀ ਹੇਠ ਮਾਪਿਆਂ ਦੀ ਹਿੱਕ ਵਿੱਚ ਉੱਗੀ ਸਿਸਕੀ ਨੂੰ ਅਣਸੁਣਿਆ ਕਰਨ ਵਾਲਿਓ! ਕਦੇ ਤੁਹਾਨੂੰ ਵੀ ਉਮਰ ਦੇ ਆਖਰੀ ਪਹਿਰ ਵਿੱਚ ਅਜਿਹੀ ਤਰਾਸਦੀ ਹੰਢਾਉਂਂਦਿਆਂ ਇਨ੍ਹਾਂ ਪਲਾਂ ਦਾ ਚੇਤਾ ਆਇਆ ਤਾਂ ਬਹੁਤ ਦੇਰ ਹੋ ਜਾਣੀ ਹੈ। ਵਕਤ ਰਹਿੰਦੇ ਕੋਈ ਵੀ ਕੋਸ਼ਿਸ ਤੁਹਾਡੀ ਰੂਹ ਨੂੰ ਵੀ ਸਕੂਨ ਦੇਵੇਗੀ ਅਤੇ ਅੱਖਾਂ ਮੀਟਣ ਵਾਲੇ ਮਾਪਿਆਂ ਨੂੰ ਇਹ ਤਸੱਲੀ ਹੋਵੇਗੀ ਕਿ ਉਹ ਨੇਕ ਔਲਾਦ ਸਮਾਜ ਨੂੰ ਅਰਪਿਤ ਕਰਕੇ ਜਾ ਰਹੇ ਹਨ ਜਿਹੜੀ ਮਾਨਵੀ ਕਦਰਾਂ ਕੀਮਤਾਂ ਦੀ ਪਹਿਰੇਦਾਰ ਹੈ।

ਸਮਝ ਨਹੀਂ ਆਉਂਦੀ ਕਿ ਉਮਰ ਦੇ ਆਖਰੀ ਪਹਿਰ ਮਾਪਿਆਂ ਨੂੰ ਦੁਰਕਾਰਨ, ਉਨ੍ਹਾਂ ਨੂੰ ਨਮੋਸ਼ੀ ਤੇ ਹਤਾਸ਼ਾ ਭਰੀ ਨਰਕ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਨ ਵਾਲੀ ਔਲਾਦ, ਉਨ੍ਹਾਂ ਦੀ ਅਰਥੀ ਦੀਆਂ ਵੰਡੀਆਂ ਕਿਉਂ ਪਾਉਣ ਲੱਗਦੀ ਹੈ? ਬਲਦੇ ਸਿਵੇ ਦੀ ਲੋਅ ਵਿੱਚ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਲਣ ਵਾਲੀ ਮਾਪਿਆਂ ਦੀ ਜਾਇਦਾਦ ਦੀ ਚਮਕ ਆ ਜਾਂਦੀ ਹੈ। ਉਹ ਮਾਪਿਆਂ ਦੇ ਫੁੱਲਾਂ ਦੀਆਂ ਵੰਡੀਆਂ ਪਾਉਣ ਲੱਗਦੇ ਹਨ। ਉਨ੍ਹਾਂ ਦੀਆਂ ਆਖਰੀ ਰਸਮਾਂ ਦੀ ਕਾਹਲ ਵਿੱਚ ਸਾਰੀਆਂ ਹੱਦਾਂ ਟੱਪ ਜਾਂਦੇ ਹਨ ਕਿਉਂਕਿ ਮਾਪਿਆਂ ਨੂੰ ਨਕਾਰਨ ਵਾਲੀ ਔਲਾਦ ਨੂੰ ਇਸ ਗੱਲ ਦੀ ਤਤਪਰਤਾ ਹੁੰਦੀ ਹੈ ਕਿ ਮਾਪੇ ਕਿੰਨਾ ਧਨ ਬੈਂਕ ਵਿੱਚ ਛੱਡ ਗਏ ਹਨ? ਪਿੱਤਰੀ ਘਰ ਨੂੰ ਵੇਚ ਕੇ ਕਿੰਨੀ ਕਮਾਈ ਹੋਵੇਗੀ? ਜਾਇਦਾਦ ਦੀਆਂ ਵੰਡੀਆਂ ਵਿੱਚ ਕਿਸ ਨੂੰ ਕਿੰਨਾ ਹਿੱਸਾ ਮਿਲੇਗਾ? ਉਨ੍ਹਾਂ ਦੀਆਂ ਆਖਰੀ ਰਸਮਾਂ ਦੌਰਾਨ ਹੋਏ ਖ਼ਰਚ ਨੂੰ ਕਿਵੇਂ ਘਟਾਉਣਾ ਅਤੇ ਆਪਣਾ ਹਿੱਸਾ ਬਚਾਉਣਾ ਹੈ? ਪਤਾ ਨਹੀਂ ਕਿਉਂ ਮਾਪਿਆਂ ਨੂੰ ਸਾਰੀ ਉਮਰ ਨਕਾਰਨ ਵਾਲੀ ਔਲਾਦ ਉਨ੍ਹਾਂ ਦੀ ਜਾਇਦਾਦ ਨੂੰ ਹੜੱਪਣ ਲਈ ਸਭ ਤੋਂ ਜ਼ਿਆਦਾ ਕਾਹਲੀ ਹੁੰਦੀ ਹੈ। ਬੱਚਿਆਂ ਨੂੰ ਕਿਉਂ ਯਾਦ ਨਹੀਂ ਰਹਿੰਦਾ ਕਿ ਮਾਪੇ ਵੀ ਸੰਭਾਲਣ ਲਈ ਵਿਰਾਸਤੀ ਜਾਇਦਾਦ ਸਨ। ਬਹੁਤ ਦਰਦ ਦਿੰਦਾ ਹੈ ਜਦੋਂ ਮਾਪਿਆਂ ਦੇ ਨਵੇਂ/ਪੁਰਾਣੇ ਕੱਪੜੇ ਆਦਿ ਤਾਂ ਲਾਗੀਆਂ ਆਦਿ ਵਿੱਚ ਵੰਡ ਦਿੱਤੇ ਜਾਂਦੇ ਹਨ, ਪਰ ਉਨ੍ਹਾਂ ਦੀ ਜ਼ਮੀਨ/ਜਾਇਦਾਦ ’ਤੇ ਆਪਣਾ ਹੱਕ ਜਤਾਇਆ ਜਾਂਦਾ ਹੈ। ਜੇ ਔਲਾਦ ਮਾਪਿਆਂ ਦੀ ਸੇਵਾ ਦੇ ਫ਼ਰਜ਼ ਨਹੀਂ ਜਾਣਦੀ ਤਾਂ ਉਨ੍ਹਾਂ ਦੀ ਜਾਇਦਾਦ ਦੀ ਹੱਕਦਾਰ ਕਿਵੇਂ ਬਣ ਗਈ?

ਬਜ਼ੁਰਗ ਮਾਪਿਆਂ ਦੀ ਹਿੱਕ ਵਿੱਚ ਉੱਗੀ ਆਹ, ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਧੁੰਧਲਕਾ, ਉਨ੍ਹਾਂ ਦੇ ਮੱਥਿਆਂ ਵਿੱਚ ਪੀੜਾਂ ਦੇ ਨਕਸ਼, ਉਨ੍ਹਾਂ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਉਮਰਾਂ ਦੀ ਘਾਲਣਾ ਦੇ ਰੱਟਨਾਂ ਦਾ ਦਰਦ, ਉਨ੍ਹਾਂ ਦੀਆਂ ਪਾਟੀਆਂ ਬਿਆਈਆਂ ਦਾ ਗ਼ਮ, ਉਨ੍ਹਾਂ ਦੇ ਨਿਸਲ ਹੋ ਗਏ ਅੰਗਾਂ ਦੀ ਅਵਾਜ਼ਾਰਤਾ, ਉਨ੍ਹਾਂ ਦੀਆਂ ਸੋਚਾਂ ਵਿੱਚ ਚਿੰਤਾਵਾਂ ਦਾ ਸੰਘਣਾਪਣ, ਉਨ੍ਹਾਂ ਦੇ ਸਾਹਾਂ ਵਿੱਚ ਸੋਗ ਦੀ ਧੁਨ, ਉਨ੍ਹਾਂ ਦੇ ਬੋਲਾਂ ਵਿੱਚ ਬੈਠੀ ਹੋਈ ਚੁੱਪ, ਉਨ੍ਹਾਂ ਦੇ ਬੁੱਲ੍ਹਾਂ ’ਤੇ ਜੰਮੀ ਹੋਈ ਸਿੱਕਰੀ, ਉਨ੍ਹਾਂ ਦੇ ਬਿਖਰੇ ਹੋਏ ਵਾਲਾਂ ਦੀਆਂ ਜਟਾਵਾਂ, ਢਿਲਕੀ ਹੋਈ ਪੱਗ ਦੇ ਲੜ ਦੀ ਗ਼ਮਗੀਨਤਾ, ਮਾਂ ਦੀ ਸਿਰ ’ਤੇ ਲਈ ਪਾਟੀ ਚਿੱਟੀ ਚੁੰਨੀ ਦੀ ਵੇਦਨਾ ਅਤੇ ਉਨ੍ਹਾਂ ਦੇ ਹਿੱਕ ਵਿੱਚ ਪੈਦਾ ਹੋਏ ਮੂਕ ਵਿਰਲਾਪ ਨੂੰ ਸੁਣਨ ਤੋਂ ਅਵੇਸਲੀ ਔਲਾਦ ਨੂੰ ਵੀ ਇਹ ਸਭ ਕੁਝ ਹੰਢਾਉਣਾ ਪਵੇਗਾ, ਸ਼ਾਇਦ ਇਸ ਦਾ ਔਲਾਦ ਨੂੰ ਇਲਮ ਨਹੀਂਂ? ਤੁਸੀਂ ਜੋ ਵੀ ਕਰਦੇ ਹੋ, ਇਸ ਨੇ ਮੋੜਵੇਂ ਰੂਪ ਵਿੱਚ ਤੁਹਾਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ ’ਤੇ ਜ਼ਰੂਰ ਟੱਕਰਨਾ ਹੈ, ਇਹ ਯਾਦ ਰੱਖਿਓ।

ਮਾਪਿਆਂ ਨੇ ਬੱਚਿਆਂ ਨੂੰ ਸਾਹ, ਸਿਹਤ, ਸਮਾਂ, ਸੁਮੱਤ, ਸੰਪਤੀ, ਸੁਪਨੇ, ਸੰਭਾਵਨਾਵਾਂ, ਸਮਰੱਥਾ ਤੇ ਸਹਿਯੋਗ ਦਿੱਤਾ ਤਾਂ ਹੀ ਉਹ ਕਿਸੇ ਮੁਕਾਮ ’ਤੇ ਪਹੁੰਚੇ। ਕੀ ਮਾਪਿਆਂ ਨੂੰ ਤੁਸੀਂ ਸਮਾਂ ਵੀ ਨਹੀਂ ਦੇ ਸਕਦੇ? ਜਦ ਉਹ ਤੁਰ ਗਏ ਤਾਂ ਸ਼ਇਦ ਤੁਹਾਨੂੰ ਚੇਤੇ ਆਉਣ, ਪਰ ਫਿਰ ਤਾਂ ਇੱਕ ਪਛਤਾਵਾ ਤੁਹਾਡੇ ਪੱਲੇ ਵਿੱਚ ਰਹਿ ਜਾਵੇਗਾ।

ਸਮਾਂ ਮਿਲੇ ਤਾਂ ਫਿਲਮ ‘ਬਾਗਬਾਨ’ ਜ਼ਰੂਰ ਦੇਖਣਾ। ਮੇਰੇ ਵਾਂਗ ਬਹੁਤ ਸਾਰੇ ਪ੍ਰਸ਼ਨ ਤੁਹਾਡੇ ਮਨ ਵਿੱਚ ਵੀ ਜ਼ਰੂਰ ਪੈਦਾ ਹੋਣਗੇ, ਜੇਕਰ ਤੁਹਾਡੀ ਸੰਵੇਦਨਾ ਜਿਉਂਦੀ ਹੋਈ ਤਾਂ। ਇੱਕ ਜਾਣਕਾਰ ਨੇ ਜਦ ਪਹਿਲੀ ਵਾਰ ਇਹ ਫਿਲਮ ਦੇਖੀ ਤਾਂ ਉਹ ਇੰਨਾ ਜ਼ਿਆਦਾ ਭਾਵੁਕ ਹੋ ਗਿਆ ਕਿ ਉਸ ਨੂੰ ਹਸਤਪਾਲ ਵੀ ਜਾਣਾ ਪਿਆ। ਆਪਣੀ ਔਲਾਦ ਨਾਲ ਇਹ ਫਿਲਮ ਦੇਖਣ ਨਾਲ ਸ਼ਾਇਦ ਨਵੀਂ ਨਸਲ ਦੀ ਸੋਚ ਵਿੱਚ ਕੋਈ ਸੁਚਾਰੂ ਬਦਲਾਅ ਲਿਆ ਸਕੇ ਅਤੇ ਬਜ਼ੁਰਗ ਜ਼ਿੰਦਗੀ ਸੁਖਨਵਰ ਹੋ ਜਾਵੇ।

ਸੰਪਰਕ: 216-556-2080

Advertisement
×