DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਆਹ ਦੀਆਂ ਰਸਮਾਂ

‘ਹੋਪ ਰੋਲਸਟਨ ਗਲੋਬਲ ਫਰੈਂਡਸ਼ਿਪ’ ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦਾ ਇੱਕ ਕਲੱਬ ਹੈ। ਇਸ ਦਾ ਉਦੇਸ਼ ਨਿਊਜ਼ੀਲੈਂਡ ਵਿੱਚ ਆਏ ਪਰਵਾਸੀਆਂ ਨਾਲ ਚੰਗੇ ਸਬੰਧ ਬਣਾਉਣਾ ਅਤੇ ਉਨ੍ਹਾਂ ਦੀ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਮਦਦ ਕਰਨਾ ਹੈ। ਹਰ ਬੁੱਧਵਾਰ ਰੋਲਸਟਨ ਵਿਖੇ ਚਰਚ...

  • fb
  • twitter
  • whatsapp
  • whatsapp
Advertisement

‘ਹੋਪ ਰੋਲਸਟਨ ਗਲੋਬਲ ਫਰੈਂਡਸ਼ਿਪ’ ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦਾ ਇੱਕ ਕਲੱਬ ਹੈ। ਇਸ ਦਾ ਉਦੇਸ਼ ਨਿਊਜ਼ੀਲੈਂਡ ਵਿੱਚ ਆਏ ਪਰਵਾਸੀਆਂ ਨਾਲ ਚੰਗੇ ਸਬੰਧ ਬਣਾਉਣਾ ਅਤੇ ਉਨ੍ਹਾਂ ਦੀ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਮਦਦ ਕਰਨਾ ਹੈ। ਹਰ ਬੁੱਧਵਾਰ ਰੋਲਸਟਨ ਵਿਖੇ ਚਰਚ ਦੇ ਇੱਕ ਹਾਲ ਵਿੱਚ ਵੱਖ ਵੱਖ ਦੇਸ਼ਾਂ ਤੋਂ ਆਏ ਪਰਵਾਸੀ ਸਵੇਰੇ 9.30 ਵਜੇ ਇਕੱਠੇ ਹੁੰਦੇ ਹਨ। ਚਰਚ ਵੱਲੋਂ ਚਾਹ ਅਤੇ ਕੌਫ਼ੀ ਦਿੱਤੀ ਜਾਂਦੀ ਹੈ। ਕਿਸੇ ਇੱਕ ਵਿਸ਼ੇ ’ਤੇ ਗੱਲਬਾਤ ਕੀਤੀ ਜਾਂਦੀ ਹੈ। ਵਿਸ਼ੇ ਸਬੰਧੀ ਜਾਣਕਾਰੀ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਜੋ ਉਹ ਤਿਆਰੀ ਕਰਕੇ ਆ ਸਕਣ। ਵਿਸ਼ੇ ਸਬੰਧੀ ਸਾਰੇ ਦੇਸ਼ਾਂ ਦੇ ਨਿਵਾਸੀ ਆਪਣੀ ਆਪਣੀ ਜਾਣਕਾਰੀ ਦਿੰਦੇ ਹਨ। ਇਸ ਵਾਰ ਦਾ ਵਿਸ਼ਾ ‘ਵਿਆਹ ਦੀ ਰਸਮ’ ਸੀ।

ਵਿਆਹ ਸਿਰਫ਼ ਦੋ ਲੋਕਾਂ ਦਾ ਨਹੀਂ, ਸਗੋਂ ਦੋ ਪਰਿਵਾਰਾਂ ਅਤੇ ਕਈ ਵਾਰ ਦੋ ਸੱਭਿਆਚਾਰਾਂ ਦਾ ਮਿਲਾਪ ਵੀ ਹੁੰਦਾ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵਿਆਹ ਦੀਆਂ ਰਸਮਾਂ ਆਪਣੇ-ਆਪਣੇ ਇਤਿਹਾਸ, ਪਰੰਪਰਾਵਾਂ ਅਤੇ ਵਿਸ਼ਵਾਸਾਂ ਨੂੰ ਦਰਸਾਉਂਦੀਆਂ ਹਨ। ਕਿਤੇ ਲਾਲ ਜੋੜਾ ਸੁਭਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤਾਂ ਕਿਤੇ ਸਫ਼ੈਦ ਰੰਗ ਪਵਿੱਤਰਤਾ ਦਾ ਚਿੰਨ੍ਹ ਹੈ। ਇਨ੍ਹਾਂ ਵਿਲੱਖਣ ਰਸਮਾਂ ਵਿੱਚ ਹਰ ਸਮਾਜ ਦੀ ਸੋਚ, ਰੀਤੀ-ਰਿਵਾਜ ਅਤੇ ਖੁਸ਼ੀਆਂ ਮਨਾਉਣ ਦਾ ਅੰਦਾਜ਼ ਸਪੱਸ਼ਟ ਤੌਰ ’ਤੇ ਨਜ਼ਰ ਆਉਂਦਾ ਹੈ। ਕੱਲਬ ਦੀ ਮੀਟਿੰਗ ਦੌਰਾਨ ਵੱਖ ਵੱਖ ਦੇਸ਼ਾਂ ਦੇ ਵਸਨੀਕਾਂ ਨੇ ਆਪਣੇ ਦੇਸ਼ ਦੇ ਵਿਆਹ ਦੀਆਂ ਰਸਮਾਂ ਬਾਰੇ ਜਾਣਕਾਰੀ ਦਿੱਤੀ। ਜਿਨ੍ਹਾਂ ਵਿੱਚੋਂ ਕੁਝ ਦੀ ਚਰਚਾ ਇੱਥੇ ਕਰ ਰਿਹਾ ਹਾਂ।

Advertisement

ਟੀਵੀ ’ਤੇ ਸਲਾਈਡਾਂ ਰਾਹੀਂ ਨਿਊਜ਼ੀਲੈਂਡ ਵਿੱਚ ਵਿਆਹ ਦੀ ਰਸਮ ਬਾਰੇ ਜਾਣਕਾਰੀ ਦਿੱਤੀ ਗਈ। ਨਿਊਜ਼ੀਲੈਂਡ ਵਿੱਚ ਵਿਆਹ ਵਾਲੇ ਦਿਨ ਤੋਂ ਤਿੰਨ ਦਿਨ ਪਹਿਲਾਂ ਕੋਰਟ ਤੋਂ ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਇਸ ਦੀ ਫੀਸ 150 ਤੋਂ 170 ਡਾਲਰ ਤੱਕ ਹੁੰਦੀ ਹੈ। ਇਹ ਰਸਮ ਕਿਸੇ ਰਜਿਸਟਰਡ ਵਿਅਕਤੀ ਦੀ ਅਗਵਾਈ ਵਿੱਚ ਕੀਤੀ ਜਾਂਦੀ ਹੈ। ਪੇਪਰਾਂ ’ਤੇ ਦਸਤਖ਼ਤ ਕੀਤੇ ਜਾਂਦੇ ਹਨ ਅਤੇ ਦੋ ਗਵਾਹਾਂ ਦੀ ਗਵਾਹੀ ਪਾਈ ਜਾਂਦੀ ਹੈ। ਇੱਕ ਦੂਜੇ ਨੂੰ ਮੁੰਦਰੀਆਂ ਪਾਈਆਂ ਜਾਂਦੀਆਂ ਹਨ। ਵਿਆਹ ਤੋਂ ਬਾਅਦ ਲਾੜੇ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਇੱਕ ਸ਼ਰਾਬ ਦੀ ਬੋਤਲ ਲੈ ਕੇ ਛੱਡ ਦਿੱਤਾ ਜਾਂਦਾ ਹੈ ਜਾਂ ਲਾੜੇ ਨੂੰ ਲੋਕਾਂ ਸਾਹਮਣੇ ਡਾਂਸ ਕਰਨਾ ਪੈਂਦਾ ਹੈ। ਇਹ ਰਸਮ ਪੰਜਾਬ ਵਿੱਚ ਲਾੜੇ ਦੀ ਜੁੱਤੀ ਲੁਕਾਉਣ ਦੀ ਰਸਮ ਨਾਲ ਮਿਲਦੀ ਜੁਲਦੀ ਹੈ। ਫਿਰ ਆਪਣੀ ਵਿੱਤੀ ਸਮਰੱਥਾ ਮੁਤਾਬਿਕ ਕਿਸੇ ਹੋਟਲ ਜਾਂ ਬੀਚ ਆਦਿ ’ਤੇ ਮਹਿਮਾਨਾਂ ਨਾਲ ਪਾਰਟੀ ਕਰਕੇ ਵਿਆਹ ਦੀ ਰਸਮ ਨੂੰ ਮਨਾਇਆ ਜਾਂਦਾ ਹੈ। ਕਲੱਬ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ (ਪਤੀ-ਪਤਨੀ) ਇੱਕ ਹਫ਼ਤਾ ਡਾਂਸ ਦੀ ਤਿਆਰੀ ਕੀਤੀ ਤਾਂ ਜੋ ਵਿਆਹ ਦੇ ਦਿਨ ਡਾਂਸ ਕੀਤਾ ਜਾ ਸਕੇ।

Advertisement

ਫਿਲੀਪੀਨਜ਼ ਵਿੱਚ ਵਿਆਹ ਦੀ ਰਸਮ ਲੜਕੀਆਂ ਲਈ ਬਹੁਤ ਕਸ਼ਟਦਾਇਕ ਹੁੰਦੀ ਹੈ। ਉੱਥੋਂ ਦੀ ਇੱਕ ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਸਭ ਤੋਂ ਔਖਾ ਕੰਮ ਉਨ੍ਹਾਂ ਦੇ ਰੀਤੀ ਰਿਵਾਜ ਮੁਤਾਬਿਕ ਲਾੜੀ ਨੂੰ ਵਿਆਹ ਵਾਲੇ ਦਿਨ ਤਿੰਨ ਲਿਬਾਸ (ਵਾਰ ਵਾਰ ਬਦਲ ਕੇ) ਪਾਉਣੇ ਪੈਂਦੇ ਹਨ ਅਤੇ ਹਰ ਵਾਰ ਵੱਖਰੇ ਢੰਗ ਨਾਲ ਤਿਆਰ ਹੋਣਾ ਪੈਂਦਾ ਹੈ। ਮੇਰੇ ਕੋਲ ਵਿਆਹ ਵਾਲੇ ਦਿਨ ਰੋਟੀ ਖਾਣ ਦਾ ਸਮਾਂ ਵੀ ਨਹੀਂ ਸੀ। ਇਸ ਲਈ ਵਿਆਹ ਵਾਲੇ ਦਿਨ ਸਾਰੇ ਲੋਕਾਂ ਨੇ ਰੱਜ ਕੇ ਰੋਟੀ ਖਾਧੀ, ਪਰ ਮੈਂ ਭੁੱਖੀ ਹੀ ਰਹੀ। ਇਸ ਦਾ ਕਾਰਨ ਇਹ ਹੈ ਕਿ ਵਿਆਹ ਸਵੇਰੇ ਚਰਚ ਦੀਆਂ ਰਸਮਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਦੇਰ ਰਾਤ ਰਿਸੈਪਸ਼ਨ ਅਤੇ ਪਾਰਟੀ ਨਾਲ ਖ਼ਤਮ ਹੁੰਦਾ ਹੈ। ਇਸ ਲਈ ਸਵੇਰ ਤੋਂ ਦੇਰ ਰਾਤ ਤੱਕ ਇੱਕ ਸੂਟ ਵਿੱਚ ਵਿਆਹ ਤਾਂ ਨਹੀਂ ਹੋ ਸਕਦਾ। ਇਸ ਲਈ ਡਰੈੱਸ ਬਦਲਣੀ ਪੈਂਦੀ ਹੈ। ਖੈਰ! ਹੁਣ ਤਾਂ ਪੰਜਾਬ ਵਿੱਚ ਵੀ ਔਰਤਾਂ ਵੱਲੋਂ ਵਿਆਹ ਸਮੇਂ ਕੱਪੜੇ ਬਦਲਣ ਦਾ ਰੁਝਾਨ ਹੈ, ਪਰ ਪੰਜਾਬ ਵਿੱਚ ਇਹ ਮਜਬੂਰੀ ਨਹੀਂ, ਸਗੋਂ ਵਿਖਾਵਾ ਹੈ, ਜਦੋਂ ਕਿ ਫਿਲੀਪੀਨਜ਼ ਵਿੱਚ ਇਹ ਰਸਮ ਹੈ, ਜਿਸ ਦਾ ਪਾਲਣ ਲਾੜੀ ਨੁੂੰ ਕਰਨਾ ਹੀ ਪੈਂਦਾ ਹੈ। ਲਾੜਾ, ਲਾੜੀ ਨੂੰ 13 ਸਿੱਕੇ ਦਿੰਦਾ ਹੈ। ਜਿਸ ਦਾ ਮਤਲਬ ਲਾੜੇ ਦਾ ਲਾੜੀ ਪ੍ਰਤੀ ਵਿਸ਼ਵਾਸ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ।

ਚੀਨ ਵਿੱਚ ਵਿਆਹ ਦੀਆਂ ਰਸਮਾਂ ਪਰਿਵਾਰ ਦੀ ਖੁਸ਼ਹਾਲੀ ਅਤੇ ਮਾਂ-ਪਿਓ ਅਤੇ ਵੱਡਿਆਂ ਦੇ ਮਾਣ ਸਤਿਕਾਰ ਨਾਲ ਸਬੰਧਿਤ ਹਨ। ਲਾੜਾ-ਲਾੜੀ ਆਪਣੇ ਮਾਪਿਆਂ ਅਤੇ ਵੱਡਿਆਂ ਨੂੰ ਆਪ ਚਾਹ ਪਿਆਉਂਦੇ ਹਨ ਅਤੇ ਉਨ੍ਹਾਂ ਕੋਲੋਂ ਆਸ਼ੀਰਵਾਦ ਲੈਂਦੇ ਹਨ। ਵਿਆਹ ਤੋਂ ਪਹਿਲਾਂ ਲਾੜੇ ਦਾ ਪਰਿਵਾਰ ਲਾੜੀ ਦੇ ਪਰਿਵਾਰ ਨੂੰ ਤੋਹਫੇ ਭੇਜਦਾ ਹੈ। ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਵਿਆਹ ਤੋਂ ਪਹਿਲਾਂ ਤਿਉਹਾਰਾਂ ਦੇ ਮੌਕੇ ’ਤੇ ਮਠਿਆਈਆਂ ਆਦਿ ਭਜਦੇ ਹਾਂ। ਹਿੰਦੂ ਰੀਤੀ ਰਿਵਾਜਾਂ ਮੁਤਾਬਿਕ ਉਹ ਭਵਿੱਖ ਦੱਸਣ ਵਾਲੇ ਦੀ (ਪੰਡਿਤ) ਸਲਾਹ ਵੀ ਲੈਂਦੇ ਹਨ ਅਤੇ ਲੜਕੇ ਅਤੇ ਲੜਕੀ ਦੀ ਜਨਮ ਮਿਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸਾਡੇ ਵਾਂਗ ਲੜਕੀ ਨੂੰ ਵਿਦਾ ਕਰਨ ਸਮੇਂ ਪਟਾਕੇ ਚਲਾਏ ਜਾਂਦੇ ਹਨ। ਅਗਲੇ ਦਿਨ ਲਾੜੀ, ਲੜਕੇ ਦੇ ਪਰਿਵਾਰ ਨੂੰ ਜੀ ਆਇਆ ਕਹਿੰਦੀ ਹੈ ਅਤੇ ਉਨ੍ਹਾਂ ਲਈ ਨਾਸ਼ਤਾ ਤਿਆਰ ਕਰਦੀ ਹੈ। ਜਿਵੇਂ ਸਾਡੇ ਵਹੁਟੀ ਨੂੰ ਚੌਕੇ ਚੜ੍ਹਾਉਣਾ ਕਹਿੰਦੇ ਹਾਂ।

ਭਾਰਤ ਦੇ ਦੱਖਣ ਦੀ ਵਸਨੀਕ ਔਰਤ ਆਪਣੇ ਨਾਲ ਆਪਣੀ ਬੇਟੀ ਦੀ ਵਿਆਹ ਦੀ ਐਲਬਮ ਹੀ ਲੈ ਆਈ। ਉਸ ਨੇ ਦੱਸਿਆ ਕਿ ਦੱਖਣੀ ਭਾਰਤ ਵਿੱਚ ਵਿਆਹ ਇੱਕ ਮਹਿੰਗੀ ਰਸਮ ਹੈ। ਵਿਆਹ ਵਿੱਚ ਲਗਭਗ 1500 ਤੋਂ 2000 ਵਿਅਕਤੀ ਸ਼ਾਮਲ ਹੁੰਦੇ ਹਨ। ਇੱਕ ਮਜ਼ਾਕੀਆ ਰਿਵਾਜ ਅਨੁਸਾਰ ਲਾੜਾ ਵਿਆਹ ਤੋਂ ਪਹਿਲਾਂ ਹੱਥ ਵਿੱਚ ਛੱਤਰੀ ਲੈ ਕੇ ਐਲਾਨ ਕਰਦਾ ਹੈ ਕਿ ਉਹ ਦੁਨੀਆ ਦਾ ਤਿਆਗ ਕਰਕੇ ਕਾਸ਼ੀ ਜਾ ਰਿਹਾ ਹੈ। ਲਾੜੀ ਦੇ ਪਿਤਾ ਵੱਲੋਂ ਉਸ ਨੂੰ ਮਨਾਉਣ ਤੋਂ ਬਾਅਦ ਵਿਆਹ ਦੀ ਰਸਮ ਸ਼ੁਰੁੂ ਹੋ ਜਾਂਦੀ ਹੈ। ਗਣੇਸ਼ ਪੁੂਜਾ, ਪਾਡਾ ਪੂਜਾ (ਲੜਕੀ ਦੇ ਮਾਤਾ-ਪਿਤਾ, ਲੜਕੇ ਦੇ ਪੈਰ ਧੋ ਕੇ ਉਸ ਨੂੰ ਜੀ ਆਇਆ ਆਖਦੇ ਹਨ) ਕਰਦੇ ਹਨ।

ਤਾਇਵਾਨ ਦੇ ਇੱਕ ਵਸਨੀਕ ਨੇ ਜਿਹੜੀ ਜਾਣਕਾਰੀ ਦਿੱਤੀ, ਉਹ ਚੀਨ ਦੇ ਨਾਲ ਕਾਫ਼ੀ ਮਿਲਦੀ ਜੁਲਦੀ ਸੀ। ਫਿਰ ਵੀ ਕੁਝ ਫ਼ਰਕ ਸਨ। ਇੱਥੇ ਸਿਵਿਲ ਵਿਆਹ ਨੂੰ ਹੀ ਕਾਨੂੰਨੀ ਤੌਰ ’ਤੇ ਮਾਨਤਾ ਹੈ। ਜੋੜੇ ਨੂੰ ਕਚਹਿਰੀ ਵਿੱਚ ਵਿਆਹ ਰਜਿਸਟਰਡ ਕਰਾਉਣਾ ਪੈਂਦਾ ਹੈ, ਜਿਹੜਾ ਸੌਖਾ ਹੈ ਅਤੇ ਰੀਤੀ ਰਿਵਾਜ ਨਾਲ ਕੀਤੇ ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋ ਸਕਦਾ ਹੈ। ਲਾੜੇ-ਲਾੜੀ ਵੱਲੋਂ ਮਾਪਿਆਂ ਨੂੰ ਚਾਹ ਪਿਆਉਣ ਦੀ ਰਸਮ ਚੀਨ ਨਾਲ ਮਿਲਦੀ ਜੁਲਦੀ ਹੈ। ਜ਼ਿਆਦਾਤਰ ਜੋੜੇ ਲੇਟ ਵਿਆਹ ਕਰਵਾ ਰਹੇ ਹਨ। ਇਸ ਦਾ ਕਾਰਨ ਵਿੱਤੀ ਹਾਲਾਤ ਹਨ। ਸਾਡੇ ਵਾਂਗ ਲਾੜਾ ਵਿਆਹ ਤੋਂ ਪਹਿਲਾਂ ਆਪਣਾ ਘਰ ਅਤੇ ਕਾਰ ਖ਼ਰੀਦਣੀ ਚਾਹੁੰਦਾ ਹੈ। ਸਾਡੇ ਵਾਂਗ ਹੀ ਵਿਆਹ ਦਾ ਜ਼ਿਆਦਾ ਖ਼ਰਚਾ ਲਾੜੀ ਦੇ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ।

ਜਪਾਨ ਵਿੱਚ ਲਾੜਾ ਕਾਲਾ ਸੂਟ ਅਤੇ ਲਾੜੀ ਚਿੱਟੀ ਡਰੈੱਸ ਪਾਉਂਦੀ ਹੈ। ਮੰਦਿਰ ਦਾ ਪੁਜਾਰੀ ਮੰਦਿਰ ਜਾਂ ਕਿਸੇ ਛੱਤੀ (ਕਵਰਡ) ਥਾਂ ’ਤੇ ਵਿਆਹ ਦੀ ਰਸਮ ਕਰਦਾ ਹੈ। ਵਿਆਹਿਆ ਜੋੜਾ ਤਿੰਨ ਕੱਪਾਂ ਵਿੱਚੋਂ ਤਿੰਨ ਵਾਰ ਚੁਸਕੀਆਂ ਲੈਂਦਾ ਹੈ। ਜਿਸ ਦਾ ਮਤਲਬ ਇੱਕ-ਦੂਜੇ ਪ੍ਰਤੀ ਵਫ਼ਾਦਾਰੀ ਅਤੇ ਸਮਰਪਣ ਹੁੰਦਾ ਹੈ। ਬੋਲ ਕੇ ਸਹੁੰ ਖਾਣ ਦੀ ਬਜਾਏ ਜੋੜਾ ਝੁਕ ਕੇ ਇਹ ਰਸਮ ਪੂਰੀ ਕਰਦਾ ਹੈ। ਰਿਸੈਪਸ਼ਨ ਸਮੇਂ ਰੋਟੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸ਼ਗਨ ਨਕਦ ਦਿੱਤਾ ਜਾਂਦਾ ਹੈ। ਮਹਿਮਾਨਾਂ ਨੂੰ ਵਾਪਸੀ ਸਮੇਂ ਤੋਹਫ਼ੇ ਦਿੱਤੇ ਜਾਂਦੇ ਹਨ। ਜਿਵੇਂ ਸਾਡੇ ਜਾਣ ਵੇਲੇ ਮਹਿਮਾਨਾਂ ਨੂੰ ਕੱਪੜੇ ਲੀੜੇ ਅਤੇ ਬੂੰਦੀ-ਮੱਠੀ ਆਦਿ ਦਿੱਤਾ ਜਾਂਦਾ ਹੈ।

ਜਦੋਂ ਮੇਰੀ ਵਾਰੀ ਆਈ ਤਾਂ ਮੈਂ ਪੰਜਾਬੀਆਂ ਦੇ ਵਿਆਹਾਂ ਦੀਆਂ ਰੀਤਾਂ ਬਾਰੇ ਜਾਣਕਾਰੀ ਦਿੱਤੀ ਤਾਂ ਸਭ ਤੋਂ ਜ਼ਿਆਦਾ ਹੈਰਾਨ, ਉਹ ਅਰੇਂਜਡ ਵਿਆਹ ਤੋਂ ਹੋਏੇੇ। ਸਾਰੀ ਉਮਰ ਇੱਕ ਵਿਅਕਤੀ ਨਾਲ ਬੱਝੇ ਰਹਿਣ ਅਤੇ ਕਦੀ ਵੀ ਤਲਾਕ ਨਾ ਦੇਣ ’ਤੇ ਹੈਰਾਨ ਹੋਏੇ। ਜਦੋਂ ਮੈਂ ਇਹ ਦੱਸਿਆ ਕਿ ਲੜਕਾ ਘੋੜੀ ’ਤੇ ਬੈਠ ਕੇ, ਹੱਥ ਵਿੱਚ ਕਿਰਪਾਨ ਲੈ ਕੇ ਲੜਕੀ ਨੂੰ ਵਿਹਾਉਣ ਜਾਂਦਾ ਹੈ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਲੋਕਾਂ ਨੇ ਇਸ ਦਾ ਕਾਰਨ ਪੁੱਛਿਆਂ ਤਾ ਮੈਂ ਦੱਸਿਆ ਕਿ ਪੰਜਾਬ ਹਮੇਸ਼ਾਂ ਜੰਗਾਂ/ਯੁੱਧਾਂ ਦਾ ਅਖਾੜਾ ਬਣਿਆ ਰਿਹਾ ਹੈ। ਜਿਹੜਾ ਵੀ ਹਮਲਾਵਾਰ ਹਿੰਦੂਸਤਾਨ ’ਤੇ ਹਮਲਾ ਕਰਦਾ ਸੀ, ਉਸ ਨੂੰ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ। ਪੰਜਾਬੀ ਉਸ ਦਾ ਰਾਹ ਰੋਕ ਲੈਂਦੇ ਸਨ। ਜੇਕਰ ਉਹ ਪੰਜਾਬ ਲੰਘ ਵੀ ਜਾਂਦਾ ਤਾ ਵਾਪਸੀ ’ਤੇ ਉਸ ਦਾ ਲੁੱਟਿਆ ਮਾਲ ਖੋਹ ਲੈਂਦੇ ਸਨ।

‘‘ਇਸ ਦਾ ਮਤਲਬ ਤੁਸੀਂ ਯੋਧੇ ਹੋ?’’

‘‘ਹਾਂ ਜੀ। ਕਿਰਪਾਨ ਉਸ ਸਮੇਂ ਦਾ ਹਥਿਆਰ ਸੀ। ਜਿਹੜੀ ਲਾੜਾ ਆਪਣੇ ਨਾਲ ਰੱਖਦਾ ਸੀ ਅਤੇ ਲੋੜ ਪੈਣ ’ਤੇ ਇਸ ਦੀ ਵਰਤੋਂ ਕਰਦਾ ਸੀ ਤਾਂ ਜੋ ਲਾੜੀ ਨੂੰ ਸੁਰੱਖਿਅਤ ਵਿਆਹ ਕੇ ਲਿਆ ਸਕੇ। ਵਿਆਹ ਸਮੇਂ ਕਿਰਪਾਨ ਨਾਲ ਲੈ ਕੇ ਜਾਣੀ, ਉਸ ਸਮੇਂ ਦੀ ਲੋੜ ਸੀ ਜੋ ਅੱਜ ਰਵਾਇਤ ਬਣ ਗਈ ਹੈ।’’ ਮੇਰੇ ਕੋਲੋਂ ਪ੍ਰਬੰਧਕਾਂ ਨੇ ਅਜਿਹੀ ਕੋਈ ਫੋਟੋ ਦੀ ਮੰਗ ਕੀਤੀ ਅਤੇ ਮੈਂ ਅਗਲੇ ਹਫ਼ਤੇ ਅਜਿਹੀਆਂ ਤਸਵੀਰਾਂ ਮੁਹੱਈਆ ਕਰਵਾਉਣਾ ਸਵੀਕਾਰ ਕਰ ਲਿਆ, ਬਸ਼ਰਤੇ ਉਹ ਇਨ੍ਹਾਂ ਤਸਵੀਰਾਂ ਨੂੰ ਟੀਵੀ ’ਤੇ ਦਿਖਾਈਆਂ ਸਲਾਈਡਾਂ ਵਿੱਚ ਸ਼ਾਮਲ ਕਰਨ। ਉਨ੍ਹਾਂ ਨੇ ਮੇਰੀ ਮੰਗ ਸਵੀਕਾਰ ਕਰ ਲਈ।

ਮੁੱਕਦੀ ਗੱਲ ਇਹ ਹੈ ਕਿ ਲਗਭਗ ਹਰ ਦੇਸ਼ ਵਿੱਚ ਵਿਆਹ ਦੀਆਂ ਰਸਮਾਂ ਕਾਫ਼ੀ ਹੱਦ ਤੱਕ ਰਲਦੀਆਂ ਮਿਲਦੀਆਂ ਹਨ। ਵਿਆਹ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਜਿਸ ਲਈ ਰਸਮ ਰਿਵਾਜ ਜ਼ਰੂਰੀ ਹਨ।

ਸੰਪਰਕ: 64274791038

Advertisement
×