DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਸੀਂ ਜਾਣੀ ਜਾਣ ਹੁੰਦੇ ਹਾਂ

ਕਹਾਣੀ ਅੱਜ ਦਾ ਸ਼ਨਿਚਰਵਾਰ ਇੱਕ ਖ਼ਾਸ ਦਿਨ ਸੀ। ਅੱਜ ਸਵੇਰੇ ਪੰਜ ਵਜੇ ਹੀ ਸਤਵਿੰਦਰ ਕੌਰ ਜਾਗ ਪਈ। ਗੁਸਲਖ਼ਾਨੇ ਵਿੱਚ ਗਈ, ਫਿਰ ਰਸੋਈ ਵਿੱਚ ਜਾ ਕੇ ਚਾਹ ਤਿਆਰ ਕੀਤੀ ਅਤੇ ਚਾਹ ਲੈ ਕੇ ਵਾਪਸ ਕਮਰੇ ਵਿੱਚ ਆ ਗਈ। ‘‘ਮੈਂ ਕਿਹਾ ਜੀ!...

  • fb
  • twitter
  • whatsapp
  • whatsapp
Advertisement

ਕਹਾਣੀ

ਅੱਜ ਦਾ ਸ਼ਨਿਚਰਵਾਰ ਇੱਕ ਖ਼ਾਸ ਦਿਨ ਸੀ। ਅੱਜ ਸਵੇਰੇ ਪੰਜ ਵਜੇ ਹੀ ਸਤਵਿੰਦਰ ਕੌਰ ਜਾਗ ਪਈ। ਗੁਸਲਖ਼ਾਨੇ ਵਿੱਚ ਗਈ, ਫਿਰ ਰਸੋਈ ਵਿੱਚ ਜਾ ਕੇ ਚਾਹ ਤਿਆਰ ਕੀਤੀ ਅਤੇ ਚਾਹ ਲੈ ਕੇ ਵਾਪਸ ਕਮਰੇ ਵਿੱਚ ਆ ਗਈ।

Advertisement

‘‘ਮੈਂ ਕਿਹਾ ਜੀ! ਜਲਦੀ ਉੱਠੋ, ਚਾਹ ਪੀਓ ਅਤੇ ਨਹਾ ਧੋ ਕੇ ਜਲਦੀ ਤਿਆਰ ਹੋ ਜਾਓ। ਬਹੁਤ ਕੰਮ ਕਰਨ ਵਾਲੇ ਹਨ।’’ ਸਤਵਿੰਦਰ ਕੌਰ ਨੇ ਚਾਹ ਦੀ ਟਰੇਅ ਨੂੰ ਮੇਜ਼ ’ਤੇ ਰੱਖਦਿਆਂ ਕਿਹਾ।

Advertisement

‘‘ਤੂੰ ਮੇਰਾ ਫ਼ਿਕਰ ਨਾ ਕਰ। ਮੈਨੂੰ ਤਾਂ ਤੇਰਾ ਫ਼ਿਕਰ ਹੈ। ਤੂੰ ਅੱਜ ਦਾ ਸਾਰਾ ਕੰਮ ਮੇਰਾ ਮਤਲਬ ਹੈ ਕਿ ਸਾਰੀ ਸੰਗਤ ਦਾ ਲੰਗਰ ਕਿਵੇਂ ਤਿਆਰ ਕਰ ਲਏਂਗੀ।’’ ਜੋਗਿੰਦਰ ਸਿੰਘ ਨੇ ਫ਼ਿਕਰ ਜ਼ਾਹਰ ਕੀਤਾ।

‘‘ਤੁਸੀਂ ਬਿਲਕੁਲ ਫ਼ਿਕਰ ਨਾ ਕਰੋ ਜੀ। ਮੈਂ ਹੁਣ ਪਹਿਲਾਂ ਨਾਲੋਂ ਕਾਫ਼ੀ ਠੀਕ ਹਾਂ। ਵਾਹਿਗੁਰੂ ਜੀ ਮਿਹਰ ਕਰਨਗੇ ਅਤੇ ਸਭ ਠੀਕ ਹੋ ਜਾਏਗਾ। ਫਿਰ ਮੈਂ ਇਕੱਲੀ ਥੋੜ੍ਹੀ ਹਾਂ। ਮੇਰੀਆਂ ਦੋ ਸਹੇਲੀਆਂ ਵੀ ਤਾਂ ਮੇਰੀ ਮਦਦ ਕਰਨ ਆ ਰਹੀਆਂ ਹਨ। ਫਿਰ ਸੰਗਤ ਵੀ ਤਾਂ ਹੱਥ ਵਟਾਏਗੀ।’’ ਸਤਵਿੰਦਰ ਕੌਰ ਨੇ ਜੋਗਿੰਦਰ ਸਿੰਘ ਦੀ ਤਸੱਲੀ ਕਰਵਾਈ।

ਅੱਜ ਖ਼ਾਸ ਦਿਨ ਸੀ ਜਿਸ ਦਿਨ ਜੋਗਿੰਦਰ ਸਿੰਘ ਅਤੇ ਸਤਵਿੰਦਰ ਕੌਰ ਦੇ ਘਰ ਸੰਤ ਉਪਕਾਰ ਸਿੰਘ ਜੀ ਆਪਣੇ ਚਰਨ ਪਾਉਣਗੇ ਅਤੇ ਸਤਵਿੰਦਰ ਕੌਰ ਦੀ ਸਿਹਤ ਲਈ ਅਰਦਾਸ ਕਰਨਗੇ। ਪਿਛਲੇ ਐਤਵਾਰ ਜੋਗਿੰਦਰ ਸਿੰਘ ਅਤੇ ਸਤਵਿੰਦਰ ਕੌਰ ਕਾਫ਼ੀ ਅਰਸੇ ਦੇ ਬਾਅਦ ਗੁਰਦੁਆਰੇ ਗਏ ਸਨ। ਉਸ ਦਿਨ ਸੰਤ ਉਪਕਾਰ ਸਿੰਘ ਜੀ ਭਾਰਤ ਤੋਂ ਸਿਡਨੀ ਦੀਆਂ ਸੰਗਤਾਂ ਨੂੰ ਨਿਹਾਲ ਕਰਨ ਆਏ ਸਨ। ਸੰਗਤਾਂ ਦੇ ਦੁੱਖ ਕੱਟਣ ਆਏ ਸਨ। ਸੰਤ ਜੀ ਦਾ ਡੇਰਾ ਪੰਜਾਬ ਦੇ ਕਿਸੇ ਪਿੰਡ ਵਿੱਚ ਹੈ। ਉੱਥੋਂ ਸੰਤ ਜੀ ਸਾਲ ਵਿੱਚ ਇੱਕ ਵਾਰੀ ਜ਼ਰੂਰ ਆਸਟਰੇਲੀਆ ਆਉਂਦੇ ਹਨ। ਆਸਟਰੇਲੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਕਥਾ ਕਰਦੇ ਤੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਇਹ ਉਨ੍ਹਾਂ ਦਾ ਪੰਜਵਾਂ ਫੇਰਾ ਸੀ। ਹਰ ਸਾਲ ਆਸਟਰੇਲੀਆ ਦੀ ਸੰਗਤ ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾਂਦਾ ਸੀ। ਕਿਹੜੀ ਸੰਗਤ? ਕੋਈ ਨਹੀਂ ਸੀ ਜਾਣਦਾ। ਕਈਆਂ ਨੂੰ ਏਨਾ ਜ਼ਰੂਰ ਪਤਾ ਸੀ ਕਿ ਜਦੋਂ ਵੀ ਸੰਤ ਜੀ ਆਸਟਰੇਲੀਆ ਆਉਂਦੇ ਹਨ ਤਾਂ ਸਿਡਨੀ ਵਾਲੇ ਜੋਗਾ ਸਿੰਘ ਜੀ ਉਨ੍ਹਾਂ ਦੇ ਨਾਲ ਰਲ ਜਾਂਦੇ ਹਨ। ਉਦੋਂ ਤੱਕ ਉਹ ਉਨ੍ਹਾਂ ਦੇ ਨਾਲ ਰਹਿੰਦੇ ਹਨ ਜਦੋਂ ਤੱਕ ਕਿ ਸੰਤ ਜੀ ਵਾਪਸ ਭਾਰਤ ਨਹੀਂ ਚਲੇ ਜਾਂਦੇ। ਸੰਤ ਜੀ ਲਈ ਇਹ ਮਸ਼ਹੂਰ ਸੀ ਕਿ ਉਹ ਮਾਇਆ ਨੂੰ ਹੱਥ ਨਹੀਂ ਲਾਉਂਦੇ। ਉਨ੍ਹਾਂ ਨੂੰ ਜੋ ਵੀ ਮਾਇਆ ਮਿਲਦੀ, ਉਸ ਨੂੰ ਜੋਗਾ ਸਿੰਘ ਹੀ ਸੰਭਾਲਦੇ ਸਨ। ਜੋਗਾ ਸਿੰਘ ਜੀ ਜਿਸ ਨਾਲ ਵੀ ਗੱਲ ਕਰਦੇ, ਉਸ ਨੂੰ ਇਹ ਜ਼ਰੂਰ ਦੱਸਦੇ ਕਿ ਸੰਤ ਉਪਕਾਰ ਸਿੰਘ ਜੀ ਬਹੁਤ ਉਪਕਾਰਾਂ ਵਾਲੇ ਪਹੁੰਚੇ ਹੋਏ ਸੰਤ ਹਨ। ਉਹ ਜਾਣੀ ਜਾਣ ਹਨ। ਹਰ ਇੱਕ ਦੇ ਦਿਲ ਦੀ ਜਾਣ ਲੈਂਦੇ ਹਨ। ਪੰਜਾਬ ਵਿੱਚ ਸੰਤ ਜੀ ਨੇ ਕਈ ਸਕੂਲ ਅਤੇ ਕਿੰਨੇ ਹੀ ਹਸਪਤਾਲ ਬਣਵਾਏ ਹਨ। ਕਈ ਗ਼ਰੀਬ ਕੁੜੀਆਂ ਦੀ ਪੜ੍ਹਾਈ ਕਰਵਾਈ ਅਤੇ ਵਿਆਹ ਕਰਵਾ ਕੇ ਉਨ੍ਹਾਂ ਦੇ ਘਰ ਵਸਾਏ ਹਨ। ਸੰਤ ਜੀ ਨੇ ਵਿਧਵਾ ਔਰਤਾਂ ਦੇ ਦੁਬਾਰਾ ਵਿਆਹ ਕਰਵਾਏ ਅਤੇ ਉਨ੍ਹਾਂ ਦੇ ਘਰ ਵਸਾਏ ਹਨ। ਫਿਰ ਜੋਗਾ ਸਿੰਘ ਸਬੂਤ ਦੇ ਤੌਰ ’ਤੇ ਸੰਤ ਜੀ ਦੇ ਉਪਕਾਰਾਂ ਦੀਆਂ ਕੁਝ ਹੋਰ ਕਹਾਣੀਆਂ ਸੁਣਾ ਦਿੰਦੇ।

ਅੱਜ ਸਿਡਨੀ ਦੇ ਇਸ ਗੁਰਦੁਆਰੇ ਵਿੱਚ ਸੰਤ ਜੀ ਦਾ ਪਹਿਲਾ ਦਿਨ ਸੀ। ਉਨ੍ਹਾਂ ਦਾ ਨਾਮ ਸੁਣ ਕੇ ਸੰਗਤ ਵੀ ਕਾਫ਼ੀ ਆ ਗਈ ਸੀ, ਜਿਸ ਨਾਲ ਗੁਰਦੁਆਰੇ ਨੂੰ ਵੀ ਕਾਫ਼ੀ ਆਮਦਨ ਹੋ ਗਈ ਸੀ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬਾਕੀ ਮੈਂਬਰ ਬਹੁਤ ਖ਼ੁਸ਼ ਸਨ। ਅੱਜ ਜੋਗਿੰਦਰ ਸਿੰਘ ਅਤੇ ਉਸ ਦੀ ਪਤਨੀ ਸਤਵਿੰਦਰ ਕੌਰ ਕੋਈ ਦੋ ਕੁ ਮਹੀਨਿਆਂ ਬਾਅਦ ਗੁਰਦੁਆਰੇ ਆਏ ਸਨ। ਸੰਗਤ ਵਿੱਚ ਕੁਝ ਨੂੰ ਪਤਾ ਸੀ ਕਿ ਸਤਵਿੰਦਰ ਕੌਰ ਦਾ ਇੱਕ ਬਹੁਤ ਵੱਡਾ ਆਪਰੇਸ਼ਨ ਹੋਇਆ ਹੈ ਅਤੇ ਉਸ ਨੂੰ ਦੋ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ।

ਸਤਵਿੰਦਰ ਕੌਰ ਗੁਰਦੁਆਰੇ ਦੀ ਲੰਗਰ ਦੀ ਇੰਚਾਰਜ ਸੀ। ਲੰਗਰ ਤਿਆਰ ਕਰਨ ਲਈ ਬਹੁਤ ਸੇਵਾ ਕਰਦੀ ਸੀ। ਕਈ ਬੀਬੀਆਂ ਨੇ ਸਤਵਿੰਦਰ ਕੌਰ ਨਾਲ ਹਮਦਰਦੀ ਪ੍ਰਗਟਾਈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਕਈ ਬੀਬੀਆਂ ਨੇ ਸਿੱਧਾ ਹੀ ਪੁੱਛ ਲਿਆ,

‘‘ਭੈਣ ਜੀ! ਤੁਸੀਂ ਲੰਗਰ ਵਿੱਚ ਕਿਉਂ ਨਹੀਂ ਆਏ ?’’

‘‘ਭੈਣ ਜੀ! ਤੁਹਾਨੂੰ ਬੜੀ ਦੇਰ ਬਾਅਦ ਵੇਖਿਆ ਹੈ।’’

‘‘ਭੈਣ ਜੀ! ਤੁਸੀਂ ਇੰਡੀਆ ਤੋਂ ਵਾਪਸ ਕਦੋਂ ਆਏ ?’’

ਜੋਗਿੰਦਰ ਸਿੰਘ ਜੀ ਨੂੰ ਪਿਛਲੇ ਐਤਵਾਰ ਵਾਲਾ ਦਿਨ ਯਾਦ ਆ ਰਿਹਾ ਸੀ। ਉਹ ਸੰਗਤ ਵਿੱਚ ਬੈਠੇ ਸਨ। ਸਤਵਿੰਦਰ ਕੌਰ ਵੀ ਸੰਗਤ ਵਿੱਚ ਬੀਬੀਆਂ ਵਾਲੇ ਪਾਸੇ ਬੈਠੀ ਸੀ। ਉਸ ਵਿੱਚ ਅਜੇ ਏਨੀ ਹਿੰਮਤ ਨਹੀਂ ਸੀ ਕਿ ਉਹ ਲੰਗਰ ਹਾਲ ਵਿੱਚ ਜਾ ਕੇ ਲੰਗਰ ਬਣਾਉਣ ਦੀ ਸੇਵਾ ਕਰ ਸਕੇ। ਸਤਵਿੰਦਰ ਕੌਰ ਦੀ ਬਿਮਾਰੀ ਦੀ ਖ਼ਬਰ ਸੰਤ ਉਪਕਾਰ ਸਿੰਘ ਜੀ ਅਤੇ ਉਨ੍ਹਾਂ ਦੇ ਚੇਲੇ ਜੋਗਾ ਸਿੰਘ ਜੀ ਦੇ ਕੰਨਾਂ ਵਿੱਚ ਵੀ ਪੈ ਚੁੱਕੀ ਸੀ। ਜੋਗਿੰਦਰ ਸਿੰਘ ਨੂੰ ਯਾਦ ਆਇਆ ਕਿ ਉਸ ਐਤਵਾਰ ਵਾਲੇ ਦਿਨ ਰਾਗੀ ਜੱਥੇ ਨੇ ਸਿਰਫ਼ ਇੱਕੋ ਸ਼ਬਦ ਦਾ ਕੀਰਤਨ ਕੀਤਾ ਸੀ। ਫਿਰ ਸੰਤ ਉਪਕਾਰ ਸਿੰਘ ਜੀ ਨੇ ਕਥਾ ਸ਼ੁਰੂ ਕਰ ਦਿੱਤੀ। ਸੰਤ ਜੀ ਨੇ ਕਥਾ ਹੀ ਇਸੇ ਖ਼ਬਰ ਤੋਂ ਸ਼ੁਰੂ ਕੀਤੀ।

ਕਹਿਣ ਲੱਗੇ, ‘‘ਅਸੀਂ ਜਾਣੀ ਜਾਣ ਹੁੰਦੇ ਹਾਂ। ਸਾਨੂੰ ਗਿਆਨ ਹੋ ਗਿਆ ਹੈ ਕਿ ਬੀਬੀ ਸਤਵਿੰਦਰ ਕੌਰ ਦੀ ਸਿਹਤ ਠੀਕ ਨਹੀਂ ਰਹੀ। ਅਸੀਂ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਜਲਦੀ ਉਨ੍ਹਾਂ ਨੂੰ ਤੰਦਰੁਸਤੀ ਬਖ਼ਸ਼ਣ।’’ ਫਿਰ ਸੰਤ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਾਰੇ ਕਥਾ ਆਰੰਭ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਲ ਅਵਸਥਾ ਵਿੱਚ ਹੀ ਦਿੱਲੀ ਸ਼ਹਿਰ ਵਿੱਚ ਫੈਲੀ ਚੇਚਕ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਠੀਕ ਕੀਤਾ। ਕਿਵੇਂ ਮਰੀਜ਼ਾਂ ਨੂੰ ਜੀਵਨ ਦਾਨ ਬਖ਼ਸ਼ਿਆ। ਬਹੁਤ ਹੀ ਪ੍ਰਭਾਵਸ਼ਾਲੀ ਕਥਾ ਸੀ। ਸੰਗਤ ਵੀ ਬਹੁਤ ਪ੍ਰਭਾਵਿਤ ਹੋਈ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਕਰਦੀ ਰਹੀ। ਸੰਤ ਜੀ ਨੂੰ ਖ਼ੂਬ ਮਾਇਆ ਭੇਟ ਕੀਤੀ ਗਈ ਜਿਸ ਨੂੰ ਉਨ੍ਹਾਂ ਦੇ ਚੇਲੇ ਜੋਗਾ ਸਿੰਘ ਜੀ ਨੇ ਸੰਭਾਲ ਲਿਆ।

ਸੰਤ ਜੀ ਦੀ ਕਥਾ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਫਿਰ ਸੰਤ ਜੀ ਨੇ ਅਰਦਾਸ ਕੀਤੀ। ਉਨ੍ਹਾਂ ਨੇ ਖ਼ਾਸ ਤੌਰ ’ਤੇ ਵਾਹਿਗੁਰੂ ਅੱਗੇ ਬੇਨਤੀ ਕੀਤੀ ਕਿ ਸਤਵਿੰਦਰ ਕੌਰ ਦੀ ਸਿਹਤ ਜਲਦੀ ਠੀਕ ਹੋ ਜਾਏ। ਅਰਦਾਸ ਤੋਂ ਬਾਅਦ ਗਿਆਨੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਤੇ ਫਿਰ ਸੰਗਤ ਨੂੰ ਕੜਾਹ ਪ੍ਰਸ਼ਾਦਿ ਵਰਤਾਇਆ ਗਿਆ। ਪ੍ਰਸ਼ਾਦਿ ਲੈ ਕੇ ਸੰਗਤ ਨੇ ਲੰਗਰ ਹਾਲ ਵੱਲ ਜਾਣਾ ਸ਼ੁਰੂ ਕਰ ਦਿੱਤਾ।

ਜੋਗਿੰਦਰ ਸਿੰਘ ਨੇ ਆਪਣੀ ਪਤਨੀ ਸਤਵਿੰਦਰ ਕੌਰ ਨੂੰ ਸਲਾਹ ਦਿੱਤੀ ਕਿ ਉਹ ਇੱਥੇ ਹੀ ਗੁਰਦੁਆਰਾ ਹਾਲ ਵਿੱਚ ਬੈਠੀ ਰਹੇ ਕਿਉਂਕਿ ਉਹ ਅਜੇ ਬਹੁਤ ਕਮਜ਼ੋਰ ਹੈ। ਲੰਗਰ ਹਾਲ ਤੱਕ ਜਾਣਾ ਤੇ ਫਿਰ ਉੱਥੇ ਲੰਗਰ ਲੈਣ ਲਈ ਥਾਲੀ ਫੜ ਕੇ ਲਾਈਨ ਵਿੱਚ ਖੜ੍ਹੇ ਹੋਣਾ ਉਸ ਦੇ ਵੱਸ ਦੀ ਗੱਲ ਨਹੀਂ। ਸਤਵਿੰਦਰ ਕੌਰ ਉੱਥੇ ਹੀ ਬੈਠੀ ਰਹੀ ਅਤੇ ਜੋਗਿੰਦਰ ਸਿੰਘ ਉਸ ਲਈ ਲੰਗਰ ਦੀ ਥਾਲੀ ਲੈ ਆਇਆ। ਕੁਝ ਹੋਰ ਬੀਬੀਆਂ ਵੀ ਆਪਣੀ ਆਪਣੀ ਲੰਗਰ ਦੀ ਥਾਲੀ ਲਿਆ ਕੇ ਸਤਵਿੰਦਰ ਕੌਰ ਦੇ ਕੋਲ ਬੈਠ ਗਈਆਂ ਅਤੇ ਉਸ ਨਾਲ ਹਮਦਰਦੀ ਜਤਾਉਣ ਲੱਗ ਪਈਆਂ।

ਜੋਗਿੰਦਰ ਸਿੰਘ ਲੰਗਰ ਹਾਲ ਵਿੱਚ ਬੈਠਾ ਲੰਗਰ ਛਕ ਰਿਹਾ ਸੀ। ਸੰਤ ਜੀ ਦੇ ਚੇਲੇ ਜੋਗਾ ਸਿੰਘ ਜੀ ਉਸ ਕੋਲ ਆਏ ਤੇ ਸਤਵਿੰਦਰ ਕੌਰ ਦੀ ਸਿਹਤ ਬਾਰੇ ਹਮਦਰਦੀ ਪ੍ਰਗਟ ਕਰਨ ਲੱਗੇ। ਫਿਰ ਕਹਿਣ ਲੱਗੇ;

‘‘ਭਾਅ ਜੀ! ਤੁਸੀਂ ਸੰਤ ਜੀ ਦੇ ਚਰਨ ਆਪਣੇ ਘਰ ਵਿੱਚ ਪੁਆਓ। ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ।’’

‘‘ਚਰਨ ਪੁਆਉਣ ਦਾ ਕੀ ਮਤਲਬ ਹੋਇਆ ?’’ ਜੋਗਿੰਦਰ ਸਿੰਘ ਨੇ ਆਪਣੇ ਭੋਲੇਪਣ ਨਾਲ ਸਵਾਲ ਕੀਤਾ।

ਅੱਗੋਂ ਜੋਗਾ ਸਿੰਘ ਕਹਿਣ ਲੱਗੇ, ‘‘ਮੇਰੀ ਸਲਾਹ ਹੈ ਕਿ ਆਉਂਦੇ ਸ਼ਨਿਚਰਵਾਰ ਨੂੰ ਤੁਸੀਂ ਸੰਗਤ ਨੂੰ ਆਪਣੇ ਘਰ ਸੱਦ ਲਓ। ਕੀਰਤਨ ਤੇ ਲੰਗਰ ਦੀ ਸੇਵਾ ਕਰੋ। ਸੰਤ ਜੀ ਤੁਹਾਡੇ ਸੁੱਖਾਂ ਲਈ ਅਰਦਾਸ ਕਰਨਗੇ। ਵਾਹਿਗੁਰੂ ਸਭ ਦੁੱਖ ਕੱਟ ਦੇਣਗੇ।’’

‘‘ਜੋਗਾ ਸਿੰਘ ਜੀ! ਸਤਵਿੰਦਰ ਕੌਰ ਅਜੇ ਬਹੁਤ ਕਮਜ਼ੋਰ ਹੈ। ਉਸ ਦੀ ਸਿਹਤ ਇਹ ਸਭ ਕੁਝ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।’’ ਜੋਗਿੰਦਰ ਸਿੰਘ ਨੇ ਆਪਣੀ ਸ਼ੰਕਾ ਪ੍ਰਗਟਾਈ।

‘‘ਭਾਅ ਜੀ! ਜਦੋਂ ਸਾਰੀ ਸੰਗਤ ਸੇਵਾ ਕਰੇਗੀ ਤਾਂ ਸਤਵਿੰਦਰ ਕੌਰ ਭੈਣ ਜੀ ਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ।’’ ਜੋਗਾ ਸਿੰਘ ਨੇ ਥੋੜ੍ਹਾ ਜ਼ੋਰ ਪਾ ਕੇ ਕਿਹਾ। ‘‘ਮੈਂ ਸਤਵਿੰਦਰ ਨੂੰ ਪੁੱਛ ਕੇ ਦੱਸਦਾ ਹਾਂ।’’ ਇਹ ਕਹਿ ਕੇ ਜੋਗਿੰਦਰ ਸਿੰਘ ਲੰਗਰ ਹਾਲ ਵਿੱਚੋਂ ਉੱਠ ਕੇ ਗੁਰਦੁਆਰਾ ਹਾਲ ਵਿੱਚ ਸਤਵਿੰਦਰ ਕੌਰ ਕੋਲ ਆ ਗਿਆ ਅਤੇ ਉਸ ਨੂੰ ਜੋਗਾ ਸਿੰਘ ਜੀ ਦੀ ਕਹੀ ਹੋਈ ਸਾਰੀ ਗੱਲ ਦੱਸੀ। ਗੱਲ ਸੁਣ ਕੇ ਸਤਵਿੰਦਰ ਕੌਰ ਦੇ ਨਾਲ ਬੈਠੀਆਂ ਕੁਝ ਬੀਬੀਆਂ ਨੇ ਜੋਗਾ ਸਿੰਘ ਜੀ ਦੀ ਗੱਲ ਦੀ ਹਾਮੀ ਭਰ ਦਿੱਤੀ। ਸਤਵਿੰਦਰ ਕੌਰ ਨੇ ਵੀ ਕਹਿ ਦਿੱਤਾ;

‘‘ਅੱਜ ਐਤਵਾਰ ਹੈ। ਆਉਂਦੇ ਸ਼ਨਿਚਰਵਾਰ ਤੱਕ ਤਾਂ ਮੈਂ ਬਹੁਤ ਠੀਕ ਹੋ ਜਾਣਾ ਹੈ। ਵਾਹਿਗੁਰੂ ਦਾ ਸ਼ੁਕਰ ਹੈ ਜਿਸਨੇ ਮੇਰੀ ਜਾਨ ਬਖ਼ਸ਼ੀ ਹੈ। ਵਾਹਿਗੁਰੂ ਹਿੰਮਤ ਦੇਵੇਗਾ ਅਤੇ ਸਾਰਾ ਕਾਰਜ ਠੀਕ ਠਾਕ ਹੋ ਜਾਏਗਾ। ਤੁਸੀਂ ਜੋਗਾ ਸਿੰਘ ਜੀ ਨੂੰ ਹਾਂ ਕਰ ਦਿਓ। ਉਹ ਸੰਤ ਜੀ ਨੂੰ ਸਾਡੇ ਘਰ ਲੈ ਆਉਣਗੇ।’’

ਜੋਗਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਯਾਦ ਆਇਆ ਕਿ ਸਤਵਿੰਦਰ ਕੌਰ ਦੇ ਕਹਿਣ ’ਤੇ ਉਸ ਨੇ ਜੋਗਾ ਸਿੰਘ ਜੀ ਨੂੰ ਹਾਂ ਕਰ ਦਿੱਤੀ ਸੀ ਅਤੇ ਜੋਗਾ ਸਿੰਘ ਜੀ ਨੇ ਸੰਤ ਜੀ ਨੂੰ ਆਉਂਦੇ ਸ਼ਨਿਚਰਵਾਰ ਦਾ ਸਾਰਾ ਪ੍ਰੋਗਰਾਮ ਦੱਸ ਦਿੱਤਾ। ਹੌਲੀ ਹੌਲੀ ਉਸ ਨੇ ਸਾਰੀ ਸੰਗਤ ਨੂੰ ਅਗਲੇ ਸ਼ਨਿਚਰਵਾਰ ਜੋਗਿੰਦਰ ਸਿੰਘ ਤੇ ਸਤਵਿੰਦਰ ਕੌਰ ਦੇ ਘਰ ਕੀਰਤਨ ਤੇ ਲੰਗਰ ਲਈ ਆਉਣ ਦਾ ਸੱਦਾ ਦੇ ਦਿੱਤਾ। ਸਤਵਿੰਦਰ ਕੌਰ ਨੇ ਆਪਣੀਆਂ ਵਾਕਫ਼ ਬੀਬੀਆਂ ਨੂੰ ਜਲਦੀ ਆਉਣ ਦਾ ਸੱਦਾ ਦੇ ਦਿੱਤਾ ਤਾਂ ਕਿ ਉਹ ਸਤਵਿੰਦਰ ਕੌਰ ਦੀ ਲੰਗਰ ਬਣਾਉਣ ਵਿੱਚ ਮਦਦ ਕਰ ਸਕਣ। ਜਦੋਂ ਤੱਕ ਲੰਗਰ ਖ਼ਤਮ ਹੋਇਆ, ਸਾਰੀ ਸੰਗਤ ਨੂੰ ਸੱਦਾ ਮਿਲ ਚੁੱਕਾ ਸੀ।

ਜੋਗਿੰਦਰ ਸਿੰਘ ਨੂੰ ਸੋਮਵਾਰ ਦੀ ਸ਼ਾਮ ਯਾਦ ਆਈ। ਫੋਨ ਦੀ ਘੰਟੀ ਵੱਜੀ। ਜੋਗਿੰਦਰ ਸਿੰਘ ਨੇ ਫੋਨ ਕੰਨ ਨਾਲ ਲਾਇਆ ਅਤੇ ਹੈਲੋ ਕਿਹਾ। ਅੱਗੋਂ ਆਵਾਜ਼ ਆਈ;

‘‘ਕੀ ਮੈਂ ਸਰਦਾਰ ਜੋਗਿੰਦਰ ਸਿੰਘ ਜੀ ਹੋਰਾਂ ਨਾਲ ਗੱਲ ਕਰ ਸਕਦਾ ਹਾਂ।’’

‘‘ਜੀ ਹਾਂ! ਮੈਂ ਜੋਗਿੰਦਰ ਸਿੰਘ ਹੀ ਬੋਲ ਰਿਹਾ ਹਾਂ।’’

‘‘ਮੈਂ ਸੰਤ ਉਪਕਾਰ ਸਿੰਘ ਬੋਲ ਰਿਹਾ ਹਾਂ।’’

‘‘ਮੱਥਾ ਟੇਕਦਾ ਹਾਂ ਸੰਤ ਜੀ! ਦੱਸੋ ਮੈਂ ਕੀ ਸੇਵਾ ਕਰ ਸਕਦਾ ਹਾਂ ?’’ ਜੋਗਿੰਦਰ ਸਿੰਘ ਨੇ ਬੜੀ ਹਲੀਮੀ ਨਾਲ ਪੁੱਛਿਆ।

‘‘ਦੇਖੋ ਸਰਦਾਰ ਜੀ! ਅਸੀਂ ਜਾਣੀ ਜਾਣ ਹੁੰਦੇ ਹਾਂ। ਤੁਹਾਡਾ ਦੁੱਖ ਅਸੀਂ ਖ਼ੂਬ ਸਮਝਦੇ ਹਾਂ। ਅਗਲੇ ਸ਼ਨਿਚਰਵਾਰ ਸੰਗਤ ਤੁਹਾਡੇ ਘਰ ਆ ਰਹੀ ਹੈ। ਤੁਸੀਂ ਭਾਗਾਂ ਵਾਲੇ ਹੋ। ਅਸੀਂ ਤੁਹਾਡੇ ਸੁੱਖਾਂ ਲਈ ਅਰਦਾਸ ਕਰਾਂਗੇ। ਵਾਹਿਗੁਰੂ ਤੁਹਾਡੇ ਸਭ ਦੁੱਖ ਦੂਰ ਕਰਨਗੇ। ਵਾਹਿਗੁਰੂ ਨੇ ਸਾਨੂੰ ਤੁਹਾਡੀ ਸੇਵਾ ਕਰਨ ਲਈ ਹੀ ਭੇਜਿਆ ਹੈ।’’ ਸੰਤ ਜੀ ਬੋਲੀ ਜਾ ਰਹੇ ਸਨ ਅਤੇ ਜੋਗਿੰਦਰ ਸਿੰਘ ਜੀ ਚੁੱਪ ਚਾਪ ਸੁਣੀ ਜਾ ਰਹੇ ਸਨ । ਸੰਤ ਜੀ ਫਿਰ ਬੋਲੇ;

‘‘ਹਾਂ ਸੱਚ! ਇੱਕ ਕੰਮ ਕਰੋ। ਕਾਪੀ ਪੈੱਨ ਫੜੋ। ਅਸੀਂ ਤੁਹਾਨੂੰ ਕੁਝ ਨਾਮ ਤੇ ਉਨ੍ਹਾਂ ਦੇ ਟੈਲੀਫੋਨ ਨੰਬਰ ਲਿਖਵਾਉਂਦੇ ਹਾਂ। ਉਹ ਸਾਰੇ ਸਾਡੇ ਭਗਤ ਹਨ। ਤੁਸੀਂ ਸਾਡੇ ਵੱਲੋਂ ਅਤੇ ਆਪਣੇ ਵੱਲੋਂ ਵੀ ਉਨ੍ਹਾਂ ਸਾਰਿਆਂ ਨੂੰ ਸ਼ਨਿਚਰਵਾਰ ਨੂੰ ਆਪਣੇ ਘਰ ਕੀਰਤਨ ਅਤੇ ਲੰਗਰ ਲਈ ਸੱਦਾ ਦਿਓ। ਵੈਸੇ ਜੋਗਾ ਸਿੰਘ ਵੀ ਉਨ੍ਹਾਂ ਨੂੰ ਫੋਨ ਕਰ ਦੇਵੇਗਾ।’’

ਜੋਗਿੰਦਰ ਸਿੰਘ ਜੀ ਨੇ ਕਾਪੀ ਪੈੱਨ ਤਿਆਰ ਕਰ ਲਿਆ। ਸੰਤ ਜੀ ਨੇ ਕੁਝ ਨਾਮ ਤੇ ਉਨ੍ਹਾਂ ਦੇ ਟੈਲੀਫੋਨ ਨੰਬਰ ਲਿਖਵਾ ਦਿੱਤੇ। ਇਹ ਸਾਰੇ ਨਾਮ ਸਿਡਨੀ ਸ਼ਹਿਰ ਦੇ ਕੁਝ ਮਸ਼ਹੂਰ ਡਾਕਟਰਾਂ ਅਤੇ ਕੁਝ ਵੱਡੇ ਵਪਾਰੀਆਂ ਦੇ ਸਨ। ਕੁਝ ਨੇ ਸੱਦਾ ਪ੍ਰਵਾਨ ਕਰ ਲਿਆ ਤੇ ਕੁਝ ਨੇ ਨਾ ਆਉਣ ਦੀ ਮਜਬੂਰੀ ਜ਼ਾਹਰ ਕਰ ਦਿੱਤੀ।

ਜੋਗਿੰਦਰ ਸਿੰਘ ਜੀ ਸਮਝ ਗਏ ਸਨ ਕਿ ਸਾਰੀ ਅਮੀਰ ਸੰਗਤ ਕਿਉਂ ਬੁਲਾਈ ਜਾ ਰਹੀ ਹੈ। ਅਗਲੇ ਦਿਨ ਜੋਗਾ ਸਿੰਘ ਜੀ ਦਾ ਫੋਨ ਆ ਗਿਆ। ਉਹ ਪੁੱਛਣ ਲੱਗੇ ਕਿ ਜਿਹੜੇ ਨਾਮ ਸੰਤ ਜੀ ਨੇ ਲਿਖਵਾਏ ਸਨ, ਉਹ ਸਾਰੇ ਆ ਰਹੇ ਹਨ ਕਿ ਨਹੀਂ।

ਆਖ਼ਰ ਸ਼ਨਿਚਰਵਾਰ ਦਾ ਦਿਹਾੜਾ ਆ ਹੀ ਗਿਆ। ਰਾਤੀਂ ਸੌਣ ਤੋਂ ਪਹਿਲਾਂ ਜੋਗਿੰਦਰ ਸਿੰਘ ਨੇ ਆਪਣੇ ਘਰ ਦਾ ਲਾਊਂਜ ਰੂਮ ਖਾਲੀ ਕਰ ਕੇ ਉਸ ਵਿੱਚ ਗੁਰਦੁਆਰੇ ਤੋਂ ਲਿਆਂਦੀਆਂ ਹੋਈਆਂ ਦਰੀਆਂ ਤੇ ਚਾਦਰਾਂ ਵਿਛਾ ਦਿੱਤੀਆਂ ਸਨ। ਇੱਥੇ ਹੀ ਗੁਰਦੁਆਰੇ ਦੇ ਗਿਆਨੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀ। ਜਦੋਂ ਜੋਗਿੰਦਰ ਸਿੰਘ ਅਤੇ ਸਤਵਿੰਦਰ ਕੌਰ ਸ਼ਨਿਚਰਵਾਰ ਦੀ ਸਵੇਰ ਨੂੰ ਤਿਆਰ ਹੋ ਕੇ ਇੱਥੇ ਆਏ ਤਾਂ ਉਨ੍ਹਾਂ ਅੰਦਰ ਇੱਕ ਅਜੀਬ ਜਿਹਾ ਸੇਵਾ ਕਰਨ ਦਾ ਜੋਸ਼ ਸੀ। ਸਤਵਿੰਦਰ ਕੌਰ ਤਾਂ ਆਪਣੇ ਆਪ ਨੂੰ ਬਹੁਤ ਤੰਦਰੁਸਤ ਮਹਿਸੂਸ ਕਰ ਰਹੀ ਸੀ। ਬੜੀ ਸ਼ਰਧਾ ਨਾਲ ਰਸੋਈ ਵਿੱਚ ਚਾਹ ਪਾਣੀ ਤੇ ਲੰਗਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਦਾ ਹੱਥ ਵਟਾਉਣ ਲਈ ਉਸ ਦੀਆਂ ਦੋ ਸਹੇਲੀਆਂ ਵੀ ਪਹੁੰਚ ਗਈਆਂ। ਸੰਤ ਉਪਕਾਰ ਸਿੰਘ ਤੇ ਜੋਗਾ ਸਿੰਘ ਜੀ ਅੱਠ ਕੁ ਵਜੇ ਪਹੁੰਚ ਗਏ।

ਜੋਗਿੰਦਰ ਸਿੰਘ, ਸਤਵਿੰਦਰ ਕੌਰ ਤੇ ਉਸ ਦੀਆਂ ਸਹੇਲੀਆਂ ਨੇ ਸੰਤ ਜੀ ਤੇ ਜੋਗਾ ਸਿੰਘ ਜੀ ਦੀ ਆਲੂ ਵਾਲੇ ਪਰਾਂਠੇ ਅਤੇ ਚਾਹ ਨਾਲ ਸੇਵਾ ਕੀਤੀ। ਉਸ ਤੋਂ ਬਾਅਦ ਸੰਤ ਜੀ ਨੇ ਇੱਕ ਮੰਗ ਕੀਤੀ ਕਿ ਉਨ੍ਹਾਂ ਨੂੰ ਇੱਕ ਕਮਰਾ ਦਿੱਤਾ ਜਾਵੇ ਜਿਸ ਵਿੱਚ ਸਿਰਫ਼ ਪਲੰਘ ਹੋਵੇ। ਜੇ ਉਸ ਕਮਰੇ ਵਿੱਚ ਕੋਈ ਕੁਰਸੀ ਹੋਵੇ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ। ਇਸ ਤਰ੍ਹਾਂ ਹੀ ਕੀਤਾ ਗਿਆ। ਸੰਤ ਜੀ ਨੂੰ ਉਨ੍ਹਾਂ ਦੀ ਮੰਗ ਮੁਤਾਬਕ ਇੱਕ ਕਮਰਾ ਦੇ ਦਿੱਤਾ ਗਿਆ। ਸੰਤ ਜੀ ਬੈੱਡ ’ਤੇ ਚੌਂਕੜੀ ਮਾਰ ਕੇ ਬਿਰਾਜਮਾਨ ਹੋ ਗਏ। ਉਨ੍ਹਾਂ ਦੇ ਚੇਲੇ ਜੋਗਾ ਸਿੰਘ ਜੀ ਲਾਊਂਜ ਰੂਮ ਵਿੱਚ ਹੀ ਬੈਠੇ ਰਹੇ।

ਥੋੜ੍ਹੀ ਦੇਰ ਬਾਅਦ ਹੀ ਗੁਰਦੁਆਰੇ ਦੇ ਗਿਆਨੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਪਹੁੰਚ ਗਏ। ਉਨ੍ਹਾਂ ਤੋਂ ਕੁਝ ਮਿੰਟਾਂ ਬਾਅਦ ਹੀ ਰਾਗੀ ਸਿੰਘ ਵੀ ਆਪਣੇ ਜੱਥੇ ਨਾਲ ਸਾਜ਼ੋ ਸਾਮਾਨ ਲੈ ਕੇ ਆ ਗਏ। ਉਨ੍ਹਾਂ ਦੀ ਵੀ ਬੜੀ ਸ਼ਰਧਾ ਨਾਲ ਸੇਵਾ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਸੰਗਤ ਵੀ ਆਉਣੀ ਸ਼ੁਰੂ ਹੋ ਗਈ। ਜੋਗਾ ਸਿੰਘ ਜੀ ਹਰ ਇੱਕ ਨੂੰ ਕਹਿਣ ਕਿ ਉਹ ਪਹਿਲਾਂ ਸੰਤ ਜੀ ਨੂੰ ਕਮਰੇ ਵਿੱਚ ਜਾ ਕੇ ਮੱਥਾ ਟੇਕ ਆਉਣ।

ਸੰਤ ਜੀ ਕਮਰੇ ਵਿੱਚ ਬੈੱਡ ਉਪਰ ਚੌਂਕੜੀ ਮਾਰ ਕੇ ਬੈਠੇ ਹੋਏ ਸਨ। ਉਨ੍ਹਾਂ ਦੇ ਨਾਲ ਹੀ ਇੱਕ ਅੰਬਾਂ ਦਾ ਟੋਕਰਾ ਪਿਆ ਸੀ। ਇਹ ਟੋਕਰਾ ਸ਼ਾਇਦ ਉਹ ਆਪਣੇ ਨਾਲ ਲੈ ਕੇ ਆਏ ਸਨ। ਇੱਕ ਇੱਕ ਕਰਕੇ ਸੱਜਣ ਅਤੇ ਬੀਬੀਆਂ ਕਮਰੇ ਵਿੱਚ ਆਈ ਜਾਣ। ਸੰਤ ਜੀ ਨੂੰ ਮੱਥਾ ਟੇਕੀ ਜਾਣ। ਕੁਝ ਡਾਲਰ ਵੀ ਸੰਤ ਜੀ ਨੂੰ ਭੇਂਟ ਕਰਨੀ ਚਾਹੁਣ ਤਾਂ ਸੰਤ ਜੀ ਕਹਿਣ, ‘‘ਜੋਗਾ ਸਿੰਘ ਨੂੰ ਫੜਾ ਦਿਓ।’’’ ਅਤੇ ਇੱਕ ਅੰਬ ਪ੍ਰਸ਼ਾਦਿ ਵਜੋਂ ਮੱਥਾ ਟੇਕਣ ਵਾਲੇ ਨੂੰ ਦੇ ਦੇਣ। ਮੱਥਾ ਟੇਕਣ ਵਾਲਾ ਥੋੜ੍ਹੀ ਦੇਰ ਲਈ ਸੰਤ ਜੀ ਕੋਲ ਫਰਸ਼ ’ਤੇ ਬੈਠ ਕੇ ਆਪਣੀ ਹਾਜ਼ਰੀ ਭਰੇ। ਫਿਰ ਸੰਤ ਜੀ ਆਪ ਹੀ ਉਸ ਨੂੰ ਸੰਗਤ ਵਿੱਚ ਜਾ ਕੇ ਕੀਰਤਨ ਦਾ ਆਨੰਦ ਮਾਣਨ ਲਈ ਕਹਿ ਦੇਣ।

ਇਹ ਸੱਜਣ ਸੰਤ ਜੀ ਤੋਂ ਥੋੜ੍ਹਾ ਦੂਰ ਕੰਧ ਨਾਲ ਢੋਅ ਲਾ ਕੇ ਫਰਸ਼ ’ਤੇ ਬੈਠੇ ਸਨ। ਸੰਤ ਜੀ ਨੇ ਪੁੱਛਿਆ;

‘‘ਡਾਕਟਰ ਬਲਦੇਵ ਸਿੰਘ ਜੀ! ਕੀ ਹਾਲ ਚਾਲ ਹੈ ?’’

‘‘ਤੁਹਾਡੀ ਕ੍ਰਿਪਾ ਹੈ ਸੰਤ ਜੀ। ਸਭ ਠੀਕ ਠਾਕ ਹੈ।’’ ਡਾਕਟਰ ਬਲਦੇਵ ਸਿੰਘ ਨੇ ਜਵਾਬ ਦਿੱਤਾ।

‘‘ਤੁਹਾਡੇ ਕਿੰਨੇ ਮਕਾਨ ਬਣ ਗਏ ਹਨ ?’’ ਸੰਤ ਜੀ ਨੇ ਪੁੱਛਿਆ।

‘‘ਬਾਬਾ ਜੀ! ਤੁਹਾਡੀ ਕ੍ਰਿਪਾ ਨਾਲ ਚਾਰ ਬਣ ਗਏ ਹਨ।’’ ਡਾਕਟਰ ਬਲਦੇਵ ਸਿੰਘ ਜੀ ਨੇ ਜਵਾਬ ਦਿੱਤਾ।

‘‘ਡਾਕਟਰ ਜੀ! ਅਸੀਂ ਜਾਣੀ ਜਾਣ ਹੁੰਦੇ ਹਾਂ। ਸਾਨੂੰ ਗਿਆਨ ਹੋਇਆ ਹੈ ਕਿ ਤੁਸੀਂ ਕਿਸੇ ਇੰਡੀਅਨ ਰੈਸਟੋਰੈਂਟ ਵਿੱਚ ਭਾਈਵਾਲੀ ਪਾਈ ਹੈ।’’

‘‘ਬਾਬਾ ਜੀ! ਸਭ ਤੁਹਾਡੀ ਕ੍ਰਿਪਾ ਨਾਲ ਹੋ ਰਿਹੈ।’’ ਡਾਕਟਰ ਬਲਦੇਵ ਸਿੰਘ ਨੇ ਦੋਵੇਂ ਹੱਥ ਜੋੜ ਕੇ ਕਿਹਾ।

‘‘ਤੁਸੀਂ ਆਪਣਾ ਇੱਕ ਮਕਾਨ ਸਾਡੇ ਨਾਮ ਕਰ ਦਿਓ। ਅਸੀਂ ਪੰਜਾਬ ਵਿੱਚ ਇੱਕ ਹਸਪਤਾਲ ਬਣਾ ਰਹੇ ਹਾਂ। ਤੁਹਾਡਾ ਮਕਾਨ ਸਾਨੂੰ ਹਸਪਤਾਲ ਬਣਾਉਣ ਵਿੱਚ ਮਦਦ ਕਰੇਗਾ। ਤੁਸੀਂ ਵੀ ਉੱਥੇ ਆ ਕੇ ਮਰੀਜ਼ਾਂ ਦੀ ਸੇਵਾ ਕਰਿਆ ਕਰਨਾ।’’ ਸੰਤ ਜੀ ਨੇ ਇੱਕ ਮੰਗ ਕੀਤੀ।

ਡਾਕਟਰ ਬਲਦੇਵ ਸਿੰਘ ਕਹਿਣ ਲੱਗੇ, ‘‘ਬਾਬਾ ਜੀ! ਇਹ ਚਾਰੇ ਮਕਾਨ ਤੁਹਾਡੇ ਹੀ ਹਨ। ਭਾਵੇਂ ਸਾਰੇ ਲੈ ਲਓ।’’

ਸੰਤ ਜੀ ਨੇ ਫਿਰ ਕਿਹਾ, ‘‘ਨਹੀਂ...ਨਹੀਂ...! ਸਾਨੂੰ ਐਸ ਵੇਲੇ ਇੱਕੋ ਹੀ ਬਹੁਤ ਹੈ। ਇੱਥੇ ਇਸ ਨੂੰ ਵੇਚ ਕੇ ਪੈਸੇ ਸਾਡੇ ਖਾਤੇ ਵਿੱਚ ਜਮਾਂ ਕਰਵਾ ਦਿਓ। ਅਸੀਂ ਇਹ ਸਾਰਾ ਪੈਸਾ ਹਸਪਤਾਲ ਵਿੱਚ ਲਾਵਾਂਗੇ।’’

‘‘ਸਤਿ ਬਚਨ ਬਾਬਾ ਜੀ। ਇਸ ਤਰ੍ਹਾ ਹੀ ਹੋਵੇਗਾ।’’ ਡਾਕਟਰ ਬਲਦੇਵ ਸਿੰਘ ਨੇ ਵਾਅਦਾ ਕੀਤਾ।

‘‘ਅਸੀਂ ਜਾਣੀ ਜਾਣ ਹੁੰਦੇ ਹਾਂ। ਵਾਹਿਗੁਰੂ ਨੇ ਤੁਹਾਨੂੰ ਹੋਰ ਵੀ ਕਈ ਮਕਾਨ ਦੇਣੇ ਹਨ।’’ ਸੰਤ ਜੀ ਨੇ ਇੱਕ ਅੰਬ ਡਾਕਟਰ ਬਲਦੇਵ ਸਿੰਘ ਨੂੰ ਫੜਾਇਆ ਤੇ ਸੰਗਤ ਵਿੱਚ ਹਾਜ਼ਰੀ ਭਰ ਕੇ ਕੀਰਤਨ ਸੁਣਨ ਲਈ ਕਿਹਾ। ਡਾਕਟਰ ਸਾਹਿਬ ਨੇ ਹੱਥ ਜੋੜ ਕੇ ਅਤੇ ਸਿਰ ਨਿਵਾ ਕੇ ਅੰਬ ਦਾ ਪ੍ਰਸ਼ਾਦਿ ਲਿਆ ਤੇ ਕਮਰੇ ਵਿੱਚੋਂ ਬਾਹਰ ਆ ਗਏ। ਕੀਰਤਨ ਹੋ ਰਿਹਾ ਸੀ। ਰਾਗੀ ਸਿੰਘ ਦੂਸਰਾ ਸ਼ਬਦ ਪੜ੍ਹ ਰਹੇ ਸਨ। ਸੰਤ ਜੀ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਸੰਗਤ ਨੂੰ ਆਪਣੀ ਕਥਾ ਨਾਲ ਨਿਹਾਲ ਕਰਨ, ਪਰ ਉਹ ਨਾ ਆਏ। ਉਹ ਆਪਣੇ ਅਮੀਰ ਚੇਲੇ ਡਾਕਟਰਾਂ ਅਤੇ ਵਪਾਰੀਆਂ ਨਾਲ ਗੱਲਬਾਤ ਵਿੱਚ ਰੁੱਝੇ ਹੋਏ ਸਨ। ਰਾਗੀ ਸਿੰਘਾਂ ਨੇ ਕੁਝ ਸ਼ਬਦ ਹੋਰ ਪੜ੍ਹੇ।

ਸੰਤ ਜੀ ਨੂੰ ਫਿਰ ਸੁਨੇਹਾ ਭੇਜਿਆ ਗਿਆ ਕਿ ਅਨੰਦੁ ਸਾਹਿਬ ਦਾ ਪਾਠ ਸ਼ੁਰੂ ਹੋਣ ਵਾਲਾ ਹੈ। ਸੰਤ ਜੀ ਨੇ ਆ ਕੇ ਸਤਵਿੰਦਰ ਕੌਰ ਦੀ ਸਿਹਤ ਲਈ ਅਰਦਾਸ ਕਰਨੀ ਹੈ। ਸੰਤ ਜੀ ਸੰਗਤ ਵਿੱਚ ਆ ਕੇ ਸਭ ਤੋਂ ਅੱਗੇ ਰਾਗੀ ਸਿੰਘਾਂ ਦੇ ਜੱਥੇ ਕੋਲ ਬੈਠ ਗਏ। ਅਨੰਦੁ ਸਾਹਿਬ ਦਾ ਪਾਠ ਖ਼ਤਮ ਹੋਇਆ। ਸਾਰੀ ਸੰਗਤ ਇਹ ਸ਼ਬਦ ਗਾਉਂਦੀ ਹੋਈ ਖੜ੍ਹੀ ਹੋ ਗਈ;

ਤੂ ਠਾਕੁਰੁ ਤੁਮ ਪਹਿ ਅਰਦਾਸਿ।।

ਜੀਉ ਪਿੰਡੁ ਸਭੁ ਤੇਰੀ ਰਾਸਿ।।

ਸ਼ਬਦ ਖ਼ਤਮ ਹੋਇਆ ਤਾਂ ਸੰਤ ਜੀ ਨੇ ਅਰਦਾਸ ਕਰ ਦਿੱਤੀ ਤੇ ਫਿਰ ਕਮਰੇ ਵਿੱਚ ਚਲੇ ਗਏ। ਸੰਗਤ ਹੈਰਾਨ ਹੋ ਗਈ ਕਿ ਸੰਤ ਜੀ ਨੇ ਅਰਦਾਸ ਵਿੱਚ ਸਤਵਿੰਦਰ ਕੌਰ ਦੀ ਸਿਹਤ ਲਈ ਕੁਝ ਨਹੀਂ ਕਿਹਾ ਤੇ ਨਾ ਹੀ ਸੰਤ ਜੀ ਹੁਕਮਨਾਮਾ ਸੁਣਨ ਲਈ ਸੰਗਤ ਵਿੱਚ ਬੈਠੇ। ਗਿਆਨੀ ਜੀ ਨੇ ਹੁਕਮਨਾਮਾ ਲਿਆ, ਕੜਾਹ ਪ੍ਰਸ਼ਾਦਿ ਵਰਤਾਇਆ ਗਿਆ ਅਤੇ ਲੰਗਰ ਸ਼ੁਰੂ ਹੋ ਗਿਆ।

ਸਤਵਿੰਦਰ ਕੌਰ ਨੇ ਬੜੀ ਸ਼ਰਧਾ ਨਾਲ ਆਪ ਲੰਗਰ ਦੀ ਥਾਲੀ ਤਿਆਰ ਕੀਤੀ ਤੇ ਕਮਰੇ ਵਿੱਚ ਸੰਤ ਜੀ ਨੂੰ ਲੰਗਰ ਛਕਾਉਣ ਚਲੀ ਗਈ। ਸੰਤ ਜੀ ਨੂੰ ਥਾਲੀ ਫੜਾ ਕੇ ਆਪ ਉਨ੍ਹਾਂ ਦੇ ਕੋਲ ਫਰਸ਼ ’ਤੇ ਬੈਠ ਗਈ। ਸੰਗਤ ਵਿੱਚੋਂ ਇੱਕ ਬੀਬੀ ਕਮਰੇ ਵਿੱਚ ਆਈ ਤੇ ਸਤਵਿੰਦਰ ਕੌਰ ਨੂੰ ਸਲਾਹ ਦਿੱਤੀ ਕਿ ਉਹ ਸੰਤ ਜੀ ਕੋਲੋਂ ਕੋਈ ਸ਼ਬਦ ਮੰਗ ਲੈਣ। ਬਾਅਦ ਵਿੱਚ ਉਹ ਸ਼ਬਦ ਪੜ੍ਹਨ ਨਾਲ ਸਤਵਿੰਦਰ ਕੌਰ ਦੀ ਸਿਹਤ ਜਲਦੀ ਠੀਕ ਹੋ ਜਾਏਗੀ। ਸੰਤ ਜੀ ਨੇ ਲੰਗਰ ਛਕਦਿਆਂ ਇਹ ਸਭ ਸੁਣਿਆ ਤੇ ਸਤਵਿੰਦਰ ਕੌਰ ਨੂੰ ਕਹਿਣ ਲੱਗੇ;

‘‘ਅਸੀਂ ਜਾਣੀ ਜਾਣ ਹੁੰਦੇ ਹਾਂ। ਵਾਹਿਗੁਰੂ ਨੇ ਸਾਨੂੰ ਤੁਹਾਡੀ ਸੇਵਾ ਕਰਨ ਲਈ ਭੇਜਿਆ ਹੈ। ਤੁਸੀਂ ਇੱਕ ਕਾਪੀ ਤੇ ਪੈੱਨ ਲੈ ਕੇ ਆਓ। ਅਸੀਂ ਤੁਹਾਨੂੰ ਸ਼ਬਦ ਲਿਖਵਾਵਾਂਗੇ।’’

ਸੰਤ ਜੀ ਲੰਗਰ ਛਕਦੇ ਰਹੇ। ਸਤਵਿੰਦਰ ਕੌਰ ਕਾਪੀ ਪੈੱਨ ਲੈਣ ਲਈ ਕਮਰੇ ਵਿੱਚੋਂ ਬਾਹਰ ਆਈ। ਬਾਹਰ ਜੋਗਿੰਦਰ ਸਿੰਘ ਜੀ ਮਿਲ ਗਏ। ਉਨ੍ਹਾਂ ਨੂੰ ਸੰਤ ਜੀ ਕੋਲੋਂ ਸ਼ਬਦ ਲੈਣ ਵਾਲੀ ਗੱਲ ਦੱਸੀ। ਜੋਗਿੰਦਰ ਸਿੰਘ ਆਪ ਕਾਪੀ ਤੇ ਪੈੱਨ ਲੈ ਕੇ ਸੰਤ ਜੀ ਕੋਲ ਚਲੇ ਗਏ। ਸਤਵਿੰਦਰ ਕੌਰ ਰਸੋਈ ਦਾ ਕੰਮ ਸੰਭਾਲਣ ਲੱਗ ਪਈ।

ਸੰਤ ਜੀ ਨੇ ਲੰਗਰ ਛਕ ਲਿਆ ਸੀ। ਜੋਗਿੰਦਰ ਸਿੰਘ ਉਨ੍ਹਾਂ ਦੇ ਕੋਲ ਫਰਸ਼ ’ਤੇ ਕਾਪੀ ਪੈੱਨ ਲੈ ਕੇ ਬੈਠ ਗਏ। ਸੰਤ ਜੀ ਨੇ ਪਲੰਘ ’ਤੇ ਬੈਠਿਆਂ ਹੀ ਸ਼ਬਦ ਲਿਖਾਉਣਾ ਸ਼ੁਰੂ ਕਰ ਦਿੱਤਾ। ਸੰਤ ਜੀ ਬੋਲਦੇ ਗਏ ਤੇ ਜੋਗਿੰਦਰ ਸਿੰਘ ਜੀ ਲਿਖਦੇ ਗਏ। ਸੰਤ ਜੀ ਪਲੰਘ ’ਤੇ ਬੈਠੇ ਬੈਠੇ ਜੋਗਿੰਦਰ ਸਿੰਘ ਦੀ ਕਾਪੀ ’ਤੇ ਨਜ਼ਰ ਰੱਖਦੇ। ਜੇ ਕੋਈ ਗ਼ਲਤੀ ਹੁੰਦੀ ਤਾਂ ਉਸ ਨੂੰ ਠੀਕ ਕਰਨ ਲਈ ਕਹਿੰਦੇ।

‘‘ਇੱਥੇ ਬਿਹਾਰੀ ਨਹੀਂ ਸਿਹਾਰੀ ਚਾਹੀਦੀ ਹੈ।’’

‘‘ਇੱਥੇ ਔਂਕੜ ਚਾਹੀਦਾ ਹੈ।’’

‘‘ਇੱਥੇ ਲਾਵਾਂ ਨਹੀਂ ਦੁਲਾਵਾਂ ਚਾਹੀਦੀਆਂ ਹਨ।’’

‘‘ਇੱਥੇ ਜੱਜਾ ਨਹੀਂ ਝੱਝਾ ਚਾਹੀਦਾ ਹੈ।’’

ਸੰਤ ਜੀ ਗ਼ਲਤੀਆਂ ਕੱਢਦੇ, ਠੀਕ ਕਰਾਉਂਦੇ ਤੇ ਜੋਗਿੰਦਰ ਸਿੰਘ ਉਵੇਂ ਕਰੀ ਜਾਂਦੇ ਜਿਵੇਂ ਸੰਤ ਜੀ ਕਰਵਾਈ ਜਾਂਦੇ। ਸੰਤ ਜੀ ਸ਼ਬਦ ਲਿਖਵਾ ਰਹੇ ਸਨ ਕਿ ਜੋਗਾ ਸਿੰਘ ਜੀ ਕਮਰੇ ਵਿੱਚ ਦਾਖਲ ਹੋਏ। ਕਹਿਣ ਲੱਗੇ, ‘‘ਸੰਤ ਜੀ! ਸਾਰਾ ਕਾਰਜ ਪੂਰਾ ਹੋ ਗਿਆ।’’ ਜੋਗਾ ਸਿੰਘ ਜੀ ਦੇ ਮੋਢੇ ’ਤੇ ਇੱਕ ਥੈਲਾ ਲਟਕ ਰਿਹਾ ਸੀ। ਸੰਤ ਜੀ ਨੇ ਇੱਕ ਝਾਤੀ ਉਸ ਥੈਲੇ ਵੱਲ ਮਾਰੀ ਤੇ ਕਹਿਣ ਲੱਗੇ, ‘‘ਇੱਕ ਮਿੰਟ ਠਹਿਰ ਜੋਗਾ ਸਿੰਘ! ਇਹ ਸ਼ਬਦ ਵੀ ਪੂਰਾ ਹੋ ਜਾਏ।’’

ਜੋਗਾ ਸਿੰਘ ਜੀ ਇੱਕ ਪਾਸੇ ਹੋ ਕੇ ਕਮਰੇ ਦੇ ਫਰਸ਼ ’ਤੇ ਬੈਠ ਗਏ। ਸ਼ਬਦ ਪੂਰਾ ਹੋ ਗਿਆ। ਜੋਗਿੰਦਰ ਸਿੰਘ ਨੇ ਹੌਸਲਾ ਕਰ ਕੇ ਸੰਤ ਜੀ ਨੂੰ ਪੁੱਛ ਹੀ ਲਿਆ;

‘‘ਸੰਤ ਜੀ! ਆਪ ਜੀ ਨੇ ਅਰਦਾਸ ਤਾਂ ਕੀਤੀ, ਪਰ ਸਤਵਿੰਦਰ ਕੌਰ ਦੀ ਸਿਹਤ ਬਾਰੇ ਅਰਦਾਸ ਵਿੱਚ ਕਹਿਣਾ ਭੁੱਲ ਹੀ ਗਏ।’’

ਸੰਤ ਜੀ ਕਹਿਣ ਲੱਗੇ, ‘‘ਮੈਂ ਕਿਸੇ ਦਾ ਨਾਮ ਅਰਦਾਸ ਵਿੱਚ ਲੈਣ ਵਿੱਚ ਯਕੀਨ ਨਹੀਂ ਰੱਖਦਾ। ਜਦ ਅਰਦਾਸ ਵਿੱਚ ਆ ਹੀ ਜਾਂਦਾ ਹੈ ਕਿ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਫਿਰ ਕਿਸੇ ਦਾ ਨਾਮ ਲੈਣ ਦੀ ਕੀ ਲੋੜ ਹੈ?’’ ਜੋਗਿੰਦਰ ਸਿੰਘ ਚੁੱਪ ਕਰ ਗਏ।

ਸੰਤ ਜੀ ਆਪਣੀ ਅਰਦਾਸ ਦਾ ਮਤਲਬ ਸਮਝਾਉਣ ਤੋਂ ਬਾਅਦ ਫਿਰ ਜੋਗਿੰਦਰ ਸਿੰਘ ਨੂੰ ਪੁੱਛਣ ਲੱਗੇ;

‘‘ਜੋਗਿੰਦਰ ਸਿੰਘ ਜੀ ! ਤੁਹਾਡਾ ਕੋਈ ਐਸਾ ਬੰਦਾ ਵਾਕਫ਼ ਹੈ ਜਿਹੜਾ ਡਾਲਰਾਂ ਦੇ ਰੁਪਏ ਬਣਾ ਕੇ ਭਾਰਤ ਭੇਜ ਦੇਵੇ।’’

‘‘ਨਹੀਂ ਬਾਬਾ ਜੀ! ਮੇਰਾ ਤਾਂ ਕੋਈ ਵਾਕਫ਼ ਨਹੀਂ। ਤੁਸੀਂ ਬੈਂਕ ਰਾਹੀਂ ਕਿਉਂ ਨਹੀਂ ਭੇਜ ਦਿੰਦੇ?’’ ਜੋਗਿੰਦਰ ਸਿੰਘ ਨੇ ਸਲਾਹ ਦਿੱਤੀ।

‘‘ਨਹੀਂ ਜੋਗਿੰਦਰ ਸਿੰਘ! ਬੈਂਕਾਂ ਵਾਲੇ ਤਾਂ ਚੋਰ ਨੇ। ਇੱਕ ਤਾਂ ਰੇਟ ਬਹੁਤ ਘੱਟ ਦਿੰਦੇ ਹਨ, ਉੱਪਰੋਂ ਕਮਿਸ਼ਨ ਵੀ ਬਹੁਤ ਕੱਟ ਲੈਂਦੇ ਹਨ। ਚੱਲ ਕੋਈ ਨਾ... ਮੈਂ ਡਾਕਟਰ ਬਲਦੇਵ ਸਿੰਘ ਨੂੰ ਕਹਾਂਗਾ, ਉਹ ਮੇਰਾ ਕੰਮ ਕਰ ਦੇਵੇਗਾ।’’ ਸੰਤ ਜੀ ਨੇ ਜੋਗਾ ਸਿੰਘ ਵੱਲ ਇਸ਼ਾਰਾ ਕੀਤਾ ਤੇ ਕਿਹਾ, ‘‘ਚੱਲ ਜੋਗਾ ਸਿੰਘ ਚੱਲੀਏ...।’’

ਜੋਗਾ ਸਿੰਘ ਨੇ ਆਪਣਾ ਥੈਲਾ ਸੰਭਾਲਿਆ। ਸੰਤ ਜੀ ਅਤੇ ਜੋਗਾ ਸਿੰਘ ਜੀ ਨੇ ਜੋਗਿੰਦਰ ਸਿੰਘ ਦਾ ਧੰਨਵਾਦ ਕੀਤਾ, ਫ਼ਤਹਿ ਬੁਲਾਈ ਅਤੇ ਦੋਵੇਂ ਕਮਰੇ ਵਿੱਚੋਂ ਬਾਹਰ ਨਿਕਲ ਆਏ। ਜੋਗਿੰਦਰ ਸਿੰਘ ਵੀ ਉਨ੍ਹਾਂ ਦੇ ਮਗਰ ਮਗਰ ਬਾਹਰ ਆ ਗਿਆ।

ਸੰਤ ਉਪਕਾਰ ਸਿੰਘ ਜੀ ਅਤੇ ਜੋਗਾ ਸਿੰਘ ਕਿਸੇ ਨੂੰ ਮਿਲੇ ਬਗੈਰ ਹੀ ਘਰ ਵਿੱਚੋਂ ਬਾਹਰ ਜਾਣ ਲੱਗੇ। ਬਾਹਰ ਡਰਾਈਵੇ ’ਤੇ ਜੋਗਾ ਸਿੰਘ ਜੀ ਦੀ ਕਾਰ ਖੜ੍ਹੀ ਸੀ। ਜਿਉਂ ਹੀ ਸਤਵਿੰਦਰ ਕੌਰ ਨੇ ਸੰਤ ਜੀ ਨੂੰ ਘਰੋਂ ਬਾਹਰ ਜਾਂਦਿਆਂ ਵੇਖਿਆ, ਉਹ ਰਸੋਈ ਦਾ ਕੰਮ ਛੱਡ ਕੇ ਦੌੜੀ ਆਈ ਤੇ ਸੰਤ ਜੀ ਦੇ ਪੈਰਾਂ ਨੂੰ ਹੱਥ ਲਾਉਂਦਿਆਂ ਮੱਥਾ ਟੇਕਿਆ।

‘‘ਸਤਵਿੰਦਰ ਬੀਬੀ ਜੀ! ਵਾਹਿਗੁਰੂ ਤੁਹਾਡੇ ਸਭ ਦੁੱਖ ਦੂਰ ਕਰੇਗਾ। ਤੁਹਾਡੇ ਘਰ ਵਿੱਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਆਉਣਗੀਆਂ। ਸਾਨੂੰ ਸਭ ਪਤਾ ਹੈ। ਅਸੀਂ ਜਾਣੀ ਜਾਣ ਹੁੰਦੇ ਹਾਂ।’’ ਸੰਤ ਜੀ ਇਹ ਕਹਿੰਦੇ ਹੋਏ ਘਰ ਤੋਂ ਬਾਹਰ ਹੋ ਗਏ ਤੇ ਜੋਗਾ ਸਿੰਘ ਦੀ ਕਾਰ ਵਿੱਚ ਜਾ ਬੈਠੇ।

Advertisement
×