ਗੋਰਿਆਂ ਵਿੱਚ ਵਿਚਰਦਿਆਂ
ਵਿਹਲਾ ਸਮਾਂ ਬਿਤਾਉਣਾ ਹਰ ਇੱਕ ਲਈ ਔਖਾ ਹੁੰਦਾ ਹੈ। ਪੰਜਾਬੀ ਕਿਵੇਂ ਵਿਹਲਾ ਸਮਾਂ ਬਿਤਾਉਂਦੇ ਹਨ, ਬਾਰੇ ਕਾਫ਼ੀ ਕੁਝ ਲਿਖਿਆ ਜਾਂਦਾ ਹੈ, ਪਰ ਗੋਰੇ ਕਿਵੇਂ ਵਿਹਲਾ ਸਮਾਂ ਬਿਤਾਉਂਦੇ ਹਨ, ਅੱਜ ਮੇੈਂ ਇਸ ਸਬੰਧੀ ਉਨ੍ਹਾਂ ਦੇ ਕਹੇ ਮੁਤਾਬਿਕ ਹੀ ਦੱਸਦਾ ਹਾਂ ਕਿ...
ਵਿਹਲਾ ਸਮਾਂ ਬਿਤਾਉਣਾ ਹਰ ਇੱਕ ਲਈ ਔਖਾ ਹੁੰਦਾ ਹੈ। ਪੰਜਾਬੀ ਕਿਵੇਂ ਵਿਹਲਾ ਸਮਾਂ ਬਿਤਾਉਂਦੇ ਹਨ, ਬਾਰੇ ਕਾਫ਼ੀ ਕੁਝ ਲਿਖਿਆ ਜਾਂਦਾ ਹੈ, ਪਰ ਗੋਰੇ ਕਿਵੇਂ ਵਿਹਲਾ ਸਮਾਂ ਬਿਤਾਉਂਦੇ ਹਨ, ਅੱਜ ਮੇੈਂ ਇਸ ਸਬੰਧੀ ਉਨ੍ਹਾਂ ਦੇ ਕਹੇ ਮੁਤਾਬਿਕ ਹੀ ਦੱਸਦਾ ਹਾਂ ਕਿ ਉਹ ਕਿਵੇਂ ਸਮਾਂ ਬਿਤਾਉਂਦੇ ਹਨ। ਆਮ ਤੌਰ ’ਤੇ ਅਸੀਂ ਗੋਰਿਆਂ ਤੋਂ ਦੂਰੀ ਬਣਾ ਕੇ ਰੱਖਦੇ ਹਾਂ। ਸ਼ਾਇਦ ਇਸ ਦਾ ਕਾਰਨ ਸਾਡੇ ਵਿੱਚ ਹੀਣ ਭਾਵਨਾ ਹੈ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਤੋਂ ਉੱਪਰ ਦਾ ਦਰਜਾ ਦਿੰਦੇ ਹਨ ਜਾਂ ਸਾਡੀ ਪਹਿਲੀ ਪੀੜ੍ਹੀ ਜਿਹੜੀ ਵਿਦੇਸ਼ਾਂ ਵਿੱਚ ਜਾਂਦੀ ਹੈ, ਉਸ ਦੀ ਅੰਗਰੇਜ਼ੀ ’ਤੇ ਪੂਰੀ ਕਮਾਂਡ ਨਹੀਂ ਹੁੰਦੀ। ਇਸ ਕਾਰਨ ਸਾਡੇ ਵਿੱਚ ਅਜਿਹੀ ਭਾਵਨਾ ਆ ਜਾਂਦੀ ਹੈ। ਸਾਡੇ ਬੱਚੇ ਜਿਹੜੇ ਭਾਰਤ ਤੋਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਕੇ ਜਾਂਦੇ ਹਨ, ਉਹ ਵੀ ਅੰਗਰੇਜ਼ੀ ਬੋਲਣ ਲੱਗਿਆਂ ਮਾਰ ਖਾ ਜਾਂਦੇ ਹਨ ਕਿਉਂਕਿ ਸਾਡਾ ਬੋਲਣ ਦਾ ਤਰੀਕਾ, ਗੋਰਿਆਂ ਨਾਲੋਂ ਵੱਖਰਾ ਹੈ।
ਇੱਕ ਦਿਨ ਮੈਂ ਘਰ ਦੇ ਗੇਟ ਤੋਂ ਬਾਹਰ ਨਿਕਲਿਆ ਤਾਂ ਨਾਲ ਦੇ ਘਰ ਵਿੱਚ ਰਹਿ ਰਹੀ ਗੋਰੀ ਨੇ ਹਾਏ ਹੈਲੋ ਕਹਿ ਦਿੱਤਾ। ਮੈਂ ਵੀ ਉਸ ਦਾ ਜਵਾਬ ਦੇ ਦਿੱਤਾ। ‘‘ਕਿਹੜੇ ਦੇਸ਼ ਤੋਂ ?’’ ਉਸ ਦਾ ਸਵਾਲ ਸੀ। “ਇੰਡੀਆ ਤੋਂ’’ ਮੇਰਾ ਜਵਾਬ ਸੀ। ਉਸ ਨੇ ਕੁਝ ਹੋਰ ਨਿੱਕੇ ਨਿੱਕੇ ਸਵਾਲ ਪੁੱਛੇ ਤੇ ਫਿਰ ਕਹਿਣ ਲੱਗੀ ਕਿ ਕਿਸੇ ਦਿਨ ਉਹ ਸਾਡੇ ਘਰ ਚਾਹ ਪੀਣ ਲਈ ਆਵੇਗੀ। ‘‘ਠੀਕ ਹੈ, ਜਦੋਂ ਮਰਜ਼ੀ ਆ ਜਾਣਾ।’’ ਮੈਂ ਆਖਿਆ। ਦੋ-ਤਿੰਨ ਦਿਨਾਂ ਬਾਅਦ ਸ਼ਾਮ ਦੇ ਪੰਜ ਕੁ ਵਜੇ ਮੈਂ ਸੈਰ ਲਈ ਘਰੋਂ ਨਿਕਲਿਆ ਤਾਂ ਉਹ ਵੀ ਆਪਣੇ ਘਰ ਦੇ ਗੇਟ ਅੱਗੇ ਖੜ੍ਹੀ ਸੀ।
‘‘ਹਾਏ, ਮੈਂ ਅੱਜ ਚਾਹ ਪੀਣ ਲਈ ਆ ਜਾਵਾਂ?’’ ਉਸ ਨੇ ਪੁੱਛਿਆ।
‘‘ਹਾਂ ਜੀ, ਆ ਜਾਓ।’’ ਮੈਂ ਆਖਿਆ।
‘‘ਠੀਕ ਹੈ, ਮੈਂ ਪੰਦਰਾ ਮਿੰਟ ਤੱਕ ਆਉਂਦੀ ਹਾਂ।’’ ਉਹ ਆਖ ਕੇ ਘਰ ਅੰਦਰ ਚਲੀ ਗਈ। ਮੈਂ ਫਟਾਫਟ ਆਪਣੇ ਘਰ ਅੰਦਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਨਾਲ ਦੀ ਗੁਆਂਢਣ ਪੰਦਰਾਂ ਮਿੰਟ ਤੱਕ ਚਾਹ ਪੀਣ ਲਈ ਆ ਰਹੀ ਹੈ। ਸਾਰਿਆਂ ਨੂੰ ਹਫੜਾ ਦਫੜੀ ਪੈ ਗਈ। ਸਾਡਾ ਕਿਸੇ ਗੋਰੇ ਨਾਲ ਚਾਹ ਪੀਣ ਦਾ ਪਹਿਲਾ ਮੌਕਾ ਸੀ। ਗਰੋਸਰੀ ਲੈਣ ਲਈ 7 ਕਿਲੋਮੀਟਰ ਦੂਰ ਜਾਣਾ ਸੀ। ਇਸ ਲਈ ਚਾਹ ਦੇ ਨਾਲ ਖਾਣ ਨੂੰ ਲਿਆਉਣ ਲਈ ਸਮਾਂ ਨਹੀਂ ਸੀਂ। ਫਟਾਫਟ ਬਰੈੱਡ ਪਕੌੜਾ ਤਿਆਰ ਕਰਨ ਲੱਗ ਪਏ। ਘਰ ਵਿੱਚ ਨਕਮੀਨ ਅਤੇ ਡਰਾਈ ਫਰੂਟ ਟਰੇਅ ਵਿੱਚ ਰੱਖ ਕੇ ਚਾਹ ਦੀ ਤਿਆਰੀ ਕਰ ਲਈ। ਪੂਰੇ ਪੰਦਰਾਂ ਮਿੰਟਾਂ ਬਾਅਦ ਉਹ ਆ ਗਈ। ਉਸ ਦੀ ਉਮਰ 78 ਸਾਲ ਸੀ। ਇਕੱਲੀ ਇੱਥੇ ਰਹਿ ਰਹੀ ਹੈ। ਪੋਤੇ-ਪੋਤੀਆਂ ਐਤਵਾਰ ਨੂੰ ਆਉਂਦੇ ਹਨ। ਘਰ ਦਾ ਕੰਮ ਜੋ ਵੀ ਹੋਵੇ ਉਹ ਕਰ ਕੇ ਚਲੇ ਜਾਂਦੇ ਹਨ। ਉਹ ਦੋ ਪੈਨਸ਼ਨਾਂ ਲੈ ਰਹੀ ਸੀ। ਦੋਵੇਂ ਪੈਨਸ਼ਨਾਂ ਉਸ ਦੀ ਲੋੜ ਤੋਂ ਵੱਧ ਹਨ। ਇਸ ਲਈ ਉਹ ਪੁੂਰੀ ਤਰ੍ਹਾਂ ਸੰਤੁਸ਼ਟ ਹੈ। ਹੁਣ ਸਿਰਫ਼ ਲੋਕ ਸੇਵਾ ਹੀ ਕਰਦੀ ਹੈ। ਬਰੈੱਡ ਪਕੌੜੇ ਉਸ ਨੂੰ ਬਹੁਤ ਪਸੰਦ ਆਏ। ਇੱਕ ਨਮਕੀਨ, ਕੁਝ ਜ਼ਿਆਦਾ ਤੇਜ਼ (ਸਪਾਈਸੀ ) ਸੀ। ਜਦੋਂ ਉਸ ਨੇ ਖਾਧੀ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੁੂ ਆ ਗਏ। ਫਟਾਫਟ ਉਸ ਨੂੰ ਪਾਣੀ ਪਿਆਇਆ ਤਾਂ ਸਹਿਜ ਹੋਈ।
‘‘ਮੈਂ ਮਹਿਸੂਸ ਕੀਤਾ ਹੈ ਕਿ ਤੁਸੀਂ ਮੇਰੇ ਨਾਲ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਸਹਿਜ ਨਹੀਂ ਹੋ।’’ ਉਸ ਨੇ ਆਖਿਆ। ਇਸ ਗੱਲ ਨੂੰ ਮੈਂ ਖੁੱਲ੍ਹੇ ਦਿਲ ਨਾਲ ਸਵੀਕਾਰ ਕਰ ਲਿਆ।
‘‘ਮੈਂ ਸਮਾਜ ਸੇਵਾ ਕਰਦੀ ਹਾਂ। ਮੈਂ ਵੇਖਿਆ ਹੈ ਕਿ ਦੂਜੇ ਦੇਸ਼ਾਂ ਤੋਂ ਆਏ ਵਿਅਕਤੀ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਸਹਿਜ ਨਹੀਂ ਹੁੰਦੇ। ਅਸੀਂ ਇੱਕ ਗਰੁੱਪ ਬਣਾਇਆ ਹੈ। ਜਿਸ ਦਾ ਨਾਂ ਹੈ, ‘ਹੋਪ ਰੋਲਸਟਨ ਗਲੋਬਲ ਫਰੈਂਡਸ਼ਿਪ’। ਇਹ ਛੋਟਾ ਜਿਹਾ ਗਰੁੱਪ ਹੈ। ਜਿਸ ਦਾ ਉਦੇਸ਼ ਹੈ ਨਿਊਜ਼ੀਲੈਂਡ ਵਿੱਚ ਬਾਹਰਲੇ ਦੇਸ਼ਾਂ ਤੋਂ ਆਏ ਲੋਕਾਂ ਦੀ ਕਿਸ ਤਰ੍ਹਾਂ ਮਦਦ ਕਰਨੀ ਹੈ। ਕੀ ਤੁਸੀਂ ਜਦੋਂ ਇੱਥੇ ਆਏ, ਤੁਹਾਨੂੰ ਜੀ ਆਇਆ ਨੂੰ ਆਖਿਆ ਗਿਆ ? ਕੀ ਤੁਸੀਂ ਇੱਥੇ ਆ ਕੇ ਜ਼ਿੰਦਗੀ ਦਾ ਆਨੰਦ ਮਾਣਿਆ ? ਅਸੀਂ ਇਸ ਤੋਂ ਬਿਹਤਰ ਹੋਰ ਕੀ ਤੁਹਾਡੇ ਲਈ ਕਰ ਸਕਦੇ ਹਾਂ? ਬੁੱਧਵਾਰ ਅਸੀਂ 16 ਮੈਂਬਰ ਇਕੱਠੇ ਹੁੰਦੇ ਹਾਂ, ਉੱਥੇ ਆਪਣੇ ਦੇਸ਼ ਬਾਰੇ ਅਤੇ ਬਾਹਰੋਂ ਆਏ ਲੋਕਾਂ ਨਾਲ ਇਕੱਠੇ ਹੁੰਦੇ ਹਾਂ। ਆਪਣੇ ਦੇਸ਼, ਸੱਭਿਆਚਾਰ ਅਤੇ ਸੀਨੀਅਰ ਸਿਟੀਜ਼ਨ ਆਪਣਾ ਵਿਹਲਾ ਸਮਾਂ ਕਿਵੇਂ ਸਹੀਂ ਢੰਗ ਨਾਲ ਬਤੀਤ ਕਰ ਸਕਦੇ ਹਾਂ, ਬਾਰੇ ਵਿਚਾਰ ਵਟਾਂਦਰਾ ਕਰਦੇ ਹਾਂ। ਜੇਕਰ ਤੁਸੀਂ ਚਾਹਵਾਨ ਹੋਵੋ ਤਾਂ ਤੁਸੀਂ ਮੇਰੇ ਨਾਲ ਜਾ ਸਕਦੇ ਹੋ। ਮੈਂ ਇਕੱਲੀ ਨੇ ਜਾਣਾ ਹੁੰਦਾ ਹੈ।’’
ਅੰਨ੍ਹਾ ਕੀ ਭਾਲੇ ਦੋ ਅੱਖਾਂ। ਮੈਂ ਫਟਾਫਟ ਹਾਂ ਕਰ ਦਿੱਤੀ। ਅਗਲੇ ਬੁੱਧਵਾਰ ਸਵੇਰੇ 9 ਵਜੇ ਦਾ ਸਮਾਂ ਦੇ ਕੇ ਉਹ ਚਲੀ ਗਈ। ਬੁੱਧਵਾਰ ਸਵੇਰੇ 9 ਵਜੇ ਅਸੀਂ ਬਾਹਰ ਖੜ੍ਹੇ ਸੀ। ਪੂਰੇ 9 ਵਜੇ ਉਸ ਨੇ ਗੱਡੀ ਗਰਾਜ ਵਿੱਚੋਂ ਕੱਢੀ। ਅਸੀਂ ਗੱਡੀ ਵਿੱਚ ਬੈਠ ਗਏ। ਇੱਕ 78 ਸਾਲ ਦੀ ਔਰਤ ਹਾਈਵੇ ’ਤੇ 100 ਦੀ ਸਪੀਡ ’ਤੇ ਗੱਡੀ ਚਲਾ ਰਹੀ ਸੀ। ਇੱਥੇ ਗੱਡੀ ਦੀ ਸਪੀਡ, ਸਪੀਡ ਜ਼ੋਨ ਮੁਤਾਬਿਕ ਚਲਾਉਣੀ ਪੈਂਦੀ ਹੈ। ਜੇਕਰ ਜ਼ੋਨ 120 ਦਾ ਹੈ ਤਾਂ ਸਪੀਡ 10 ਉੱਪਰ ਥੱਲੇ ਹੋ ਸਕਦੀ ਹੈ, ਜ਼ਿਆਦਾ ਨਹੀਂ। ਅੱਧੇ ਘੰਟੇ ਬਾਅਦ ਅਸੀਂ ਆਪਣੇ ਟਿਕਾਣੇ ’ਤੇ ਪਹੁੰਚ ਗਏ। ਉਹ ਪਿਛਲੇ 40 ਸਾਲਾਂ ਤੋਂ ਗੱਡੀ ਚਲਾ ਰਹੀ ਹੈ। ਉਸ ਦਾ ਪਿਛੋਕੜ ਸਪੇਨ ਦਾ ਹੈ। (ਇੱਥੇ ਸ੍ਰੀਮਤੀ ਜਾਂ ਸ੍ਰੀਮਾਨ ਕਹਿਣ ਦਾ ਰਿਵਾਜ ਨਹੀਂ, ਸਿੱਧਾ ਨਾਂ ਹੀ ਲਿਆ ਜਾਂਦਾ ਹੈ) ਉਸ ਨੇ ਕਾਰ ਦੀ ਡਿੱਕੀ ਵਿੱਚੋਂ ਇੱਕ ਵੱਡੀ ਟਰੇਅ ਕੱਢੀ ਜਿਸ ਵਿੱਚ ਬਿਸਕੁਟ, ਪਨੀਰ, ਨਮਕੀਨ ਅਤੇ ਨਾਨ ਵੈੱਜ ਪਕੌੜੇ ਸਨ। ਵੱਡਾ ਹਾਲ ਸੀ, ਜਿਸ ਵਿੱਚ ਚਾਹ ਅਤੇ ਕੌਫ਼ੀ ਮੁਫ਼ਤ ਦਿੱਤੀ ਜਾ ਰਹੀ ਸੀ। ਸਾਰੇ ਇੱਕ ਕਮਰੇ ਵਿੱਚ ਬੈਠ ਗਏ ਅਤੇ ਲਿਆਂਦਾ ਸਾਮਾਨ ਸਾਰਿਆਂ ਨੂੰ ਖਵਾਇਆ ਗਿਆ।
ਦਸ ਕੁ ਮਿੰਟ ਬਾਅਦ ਕਾਰਵਾਈ ਸ਼ੁਰੂ ਹੋ ਗਈ। ਸਾਰਿਆਂ ਨੇ ਆਪਣਾ ਨਾਂ, ਦੇਸ਼ ਦਾ ਨਾਂ ਅਤੇ ਆਪਣੇ ਬਾਰੇ ਥੋੜ੍ਹੀ ਥੋੜ੍ਹੀ ਜਾਣਕਾਰੀ ਦਿੱਤੀ। ਇਸ ਦਾ ਸੰਚਾਲਨ ਨਿਊਜ਼ੀਲੈਂਡ ਦੇ ਵਸਨੀਕ ਇੱਕ ਮੀਆਂ ਬੀਵੀ ਕਰ ਰਹੇ ਸਨ। ਸਾਰਿਆਂ ਨੂੰ ਇੱਕ ਇੱਕ ਪੇਪਰ ਦਿੱਤਾ ਗਿਆ, ਜਿਸ ਵਿੱਚ ਅੱਜ ਦੀ ਹੋਣ ਵਾਲੀ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਸੀ। ਸੰਚਾਲਕ ਨੇ ਤਾਰਿਆਂ ਦੇ ਸਮੂਹ-ਮਾਤਾ ਰਿਕੀ ਬਾਰੇ ਜਾਣਕਾਰੀ ਦਿੱਤੀ। ਇਹ ਤਾਰਿਆਂ ਦਾ ਇਕੱਠ ਹੈ, ਜਿਹੜਾ ਲਗਭਗ ਸਾਰਾ ਸਾਲ ਅਸਮਾਨ ਵਿੱਚ ਵੇਖਿਆ ਜਾ ਸਕਦਾ ਹੈ, ਪਰ ਸਾਲ ਦੇ ਸ਼ੁਰੁੂ ਵਿੱਚ ਇਸ ਦੀ ਪੁਜੀਸ਼ਨ ਸੂਰਜ ਦੇ ਕਾਫ਼ੀ ਨੇੜੇ ਹੁੰਦੀ ਹੈ, ਇਸ ਲਈ ਇਸ ਨੂੰ ਦੇਖਣਾ ਔਖਾ ਹੁੰਦਾ ਹੈ। ਮਾਤਾ ਰਿਕੀ 500 ਤਾਰਿਆਂ ਦਾ ਇਕੱਠ ਹੈ ਅਤੇ ਧਰਤੀ ਤੋਂ 400 ਪ੍ਰਕਾਸ਼ ਵਰ੍ਹੇ ਦੂਰ ਹੈ। ਨੰਗੀ ਅੱਖ ਨਾਲ ਅਸੀਂ ਸਿਰਫ਼ 7 ਚਮਕਦੇ ਤਾਰੇ ਵੇਖ ਸਕਦੇ ਹਾਂ। ਇਹ ਬਹੁਤ ਸੁੰਦਰ ਹਨ। ਅਸਮਾਨ ਵਿੱਚ ਤਾਰੇ ਨੀਲੇ, ਲਾਲ, ਪੀਲੇ, ਚਿੱਟੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ। ਸੰਚਾਲਕ ਨੇ ਇਨ੍ਹਾਂ ਰੰਗਾਂ ਦੀਆਂ ਫੋਟੋਆਂ ਸਾਰਿਆਂ ਨੁੂੰ ਵਿਖਾਈਆਂ। ਜਿਨ੍ਹਾਂ ਨੂੰ ਵੇਖ ਕੇ ਬਾਬਾ ਨਾਨਕ ਦੀ ਵਿਸਮਾਦ ਵਾਲੀ ਸਥਿਤੀ ਯਾਦ ਆ ਗਈ।
ਮੇਰੀ ਲਈ ਇਹ ਨਵੀਂ ਗੱਲ ਸੀ ਕਿਉਂਕਿ ਹੁਣ ਤੱਕ ਮੈਂ ਤਾਰਿਆਂ ਦਾ ਰੰਗ ਸਿਰਫ਼ ਚਿੱਟਾ ਹੀ ਸਮਝਦਾ ਸੀ। ਮਾਤਾ ਰਿਕੀ ਸਿਆਲ ਵਿੱਚ ਫਿਰ ਦਿਖਾਈ ਦੇਣ ਲੱਗ ਪੈਂਦਾ ਹੈ ਅਤੇ ਇਸ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਦੇਖਿਆ ਜਾ ਸਕਦਾ ਹੈ। ਮਾਤਾ ਰਿਕੀ ਨੂੰ ਜਪਾਨ ਵਿੱਚ ਸੋਬਾਰੂ ਕਿਹਾ ਜਾਂਦਾ ਹੈ। ਚੀਨ ਵਿੱਚ ਮਾਓ ਕਹਿੰਦੇ ਹਨ। ਇਸ ਦਿਨ ਮਾਉਰੀ ਲੋਕਾ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ। ਨਿਊਜ਼ੀਲੈਂਡ ਵਿੱਚ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਅਸਲ ਵਿੱਚ ਗੋਰੇ ਨਿਊਜ਼ੀਲੈਂਡ ਦੇ ਅਸਲ ਵਾਸੀ ਨਹੀਂ ਹਨ। ਸਾਡੇ ਲੋਕਾਂ ਵਾਂਗ ਇਹ ਵੀ ਪਰਵਾਸੀ ਹਨ। ਨਿਉੂਜ਼ੀਲੈਂਡ ਦੇ ਅਸਲ ਵਾਸੀ ਮਾਉਰੀ ਹਨ। ਇਹ 13ਵੀਂ ਸਦੀ ਵਿੱਚ ਨਿਊਜ਼ੀਲੈਂਡ ਆਏ ਸਨ। ਇਹ ਕਬੀਲੇ ਸਨ ਅਤੇ ਮੱਛੀਆਂ ਫੜਨਾ, ਸ਼ਿਕਾਰ ਕਰਨਾ ਅਤੇ ਬਾਗਬਾਨੀ ਆਦਿ ਕਰਦੇ ਸਨ। ਅਠਾਰਵੀਂ ਸਦੀ ਵਿੱਚ ਬ੍ਰਿਟਿਸ਼ ਤੇ ਮਾਉਰੀਆਂ ਵਿਚਕਾਰ ਹਥਿਆਰਬੰਦ ਸੰਘਰਸ਼ ਹੋਇਆ। ਮਾਉਰੀ ਹਾਰ ਗਏ ਅਤੇ 1840 ਵਿੱਚ 500 ਮਾਉਰੀ ਮੁਖੀਆਂ ਨੇ ਅੰਗਰੇਜ਼ਾਂ ਨਾਲ ਇੱਕ ਸੰਧੀ ਕਰ ਲਈ ਜਿਸ ਨੂੰ ਟਰੀਟੀ ਆਫ ਵੇਟੰਗੀ ਕਿਹਾ ਜਾਂਦਾ ਹੈੇ। ਇਸ ਮੁਤਾਬਿਕ ਮਾਉਰੀਆਂ ਦੇ ਹੱਕ ਸੁਰੱਖਿਅਤ ਕੀਤੇ ਗਏ। ਇਸ ਵੇਲੇ ਇਨ੍ਹਾਂ ਦੀ ਗਿਣਤੀ ਵਸੋਂ ਦਾ 17 ਪ੍ਰਤੀਸ਼ਤ ਹੈ ਅਤੇ ਇਹ ਰਾਜਨੀਤੀ, ਬਿਜ਼ਨਸ, ਪੜ੍ਹਾਈ, ਆਰਟ ਅਤੇ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਇਸ ਉਪਰੰਤ ਸਾਡੇ ਤਿੰਨ-ਤਿੰਨ ਦੇ ਗਰੁੱਪ ਬਣਾ ਦਿੱਤੇ ਗਏ। ਮੇਰੇ ਗਰੁੱਪ ਵਿੱਚ ਇੱਕ ਨਿਉੂਜ਼ੀਲੈਂਡ ਤੇ ਦੂਸਰੀ ਸਿੰਗਾਪੁਰ ਦੀ ਰਹਿਣ ਵਾਲੀ ਔਰਤ ਸੀ। ਪਹਿਲਾ ਸਵਾਲ ਸੀ ਕਿ ਨਵਾਂ ਸਾਲ ਤੁਹਾਡੇ ਦੇਸ਼ ਵਿੱਚ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ? ਨਿਊਜ਼ੀਲੈਂਡ ਦੀ ਵਸਨੀਕ ਨੇ ਆਖਿਆ ਕਿ ਉਹ ਨਵਾਂ ਸਾਲ ਧੂਮਧਾਮ ਨਾਲ ਮਨਾਉਂਦੇ ਹਨ। ਨਵੇਂ ਸਾਲ ਦੀ ਛੁੱਟੀ ਦਾ ਪੂਰਾ ਆਨੰਦ ਮਾਣਦੇ ਹਨ। ਬਾਹਰੋਂ ਖਾਣਾ ਖਾਂਦੇ ਹਨ। ਚਰਚ ਜਾਂਦੇ ਹਨ। ਰਾਤ ਨੂੰ ਬੀਚ ’ਤੇ ਜਾ ਕੇ ਆਤਿਸ਼ਬਾਜ਼ੀ ਚਲਾਉਂਦੇ ਹਨ। ਨਵੇਂ ਸਾਲ ਦਾ ਰੈਜੂਲਿਉਸ਼ਨ ਬਣਾਉਂਦੇ ਹਾਂ, ਭਾਵੇਂ ਉਹ ਪੂਰਾ ਹੋਵੇ ਜਾਂ ਨਾ। ਸਿੰਗਾਪੁਰ ਵਾਲੀ ਦਾ ਜਟਕਾ ਜਵਾਬ ਸੀ ਕਿ ਨਵੇਂ ਸਾਲ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਕੀ ਛੁੱਟੀਆਂ ਵਾਂਗ ਮੇਰੇ ਲਈ ਇਹ ਇੱਕ ਛੁੱਟੀ ਹੈ। ਮੈਂ ਆਰਾਮ ਕਰਦੀ ਹਾਂ। ਮੇਰੀ ਵਾਰੀ ਆਈ ਅਤੇ ਮੈਂ ਆਖਿਆ ਕਿ ਵੈਸੇ ਤਾਂ ਸਾਡੇ ਦੇਸ਼ ਵਿੱਚ ਪਹਿਲੀ ਜਨਵਰੀ ਨੂੰ ਹੀ ਨਵਾਂ ਸਾਲ ਮਨਾਇਆ ਜਾਂਦਾ ਹੈ, ਪਰ ਹੁਣ ਭਾਰਤੀ ਪਰੰਪਰਾ ਮੁਤਾਬਿਕ ਮਾਰਚ ਵਿੱਚ ਨਵਾਂ ਸਾਲ ਮਨਾਉਂਦੇ ਹਨ। ਧਾਰਮਿਕ ਸਥਾਨਾਂ ’ਤੇ ਜਾ ਕੇ ਮੱਥਾ ਟੇਕਦੇ ਹਨ। ਨੌਜਵਾਨ ਕਿਸੇ ਖਾਸ ਥਾਂ ਇਕੱਠੇ ਹੋ ਕੇ ਖਰਮਸਤੀ ਕਰਦੇੇ ਹਨ। ਪੁਲੀਸ ਉਨ੍ਹਾਂ ’ਤੇ ਨਜ਼ਰ ਰੱਖਦੀ ਹੈ ਆਦਿ ਆਦਿ।
ਫਿਰ ਸਵਾਲ ਸੀ ਕਿ ਤੁਸੀਂ ਆਪਣੇ ਦੇਸ਼ ਵਿੱਚ ਰਾਤ ਨੂੰ ਤਾਰੇ ਵੇਖਦੇ ਹੋ? ਨਿਊਜ਼ੀਲੈਂਡ ਦੀ ਔਰਤ ਨੇ ਦੱਸਿਆ ਕਿ ਉਹ ਤੜਕੇ ਸਵੇਰੇ ਕਦੀ ਕਦੀ ਆਪਣੇ ਲਾਅਨ ਵਿੱਚ ਆਰਾਮ ਕੁਰਸੀ ’ਤੇ ਬੈਠਦੀ ਹੈ। ਇੱਕ ਵੱਡਾ ਕੌਫ਼ੀ ਦਾ ਕੱਪ ਹੌਲੀ ਹੌਲੀ ਪੀਂਦੀ ਹੈ ਅਤੇ ਅਸਮਾਨ ਵਿੱਚ ਰੰਗ ਬਿਰੰਗੇ ਤਾਰਿਆਂ ਨੂੰ ਵੇਖਣ ਲਈ ਦਿਨ ਚੜ੍ਹਦੇ ਤੱਕ ਇੰਤਜ਼ਾਰ ਕਰਦੀ ਹੈ। ਸਿੰਗਾਪੁਰ ਦੀ ਔਰਤ ਨੇ ਦੱਸਿਆ ਕਿ ਉਹ ਵੀ ਤਾਰੇ ਵੇਖਦੀ ਹੈ, ਪਰ ਉਸ ਕੋਲ ਅਸਮਾਨ ਵਿੱਚ ਵਾਪਰ ਰਹੇ ਚਮਤਮਾਰ ਦੇਖਣ ਲਈ ਸਬਰ ਨਹੀਂ ਹੁੰਦਾ। ਮੈਂ ਆਖਿਆ ਕਿ ਅਸੀਂ ਬਚਪਨ ਵਿੱਚ ਕੋਠਿਆਂ ਦੀਆਂ ਛੱਤਾਂ ’ਤੇ ਸੌਂਦੇ ਸੀ। ਇੱਕ ਲਾਈਨ ਵਿੱਚ ਮੰਜੀਆਂ ਡਾਹੀਆਂ ਜਾਂਦੀਆਂ ਸਨ। ਸਭ ਤੋਂ ਪਹਿਲੀ ਮੰਜੀ ’ਤੇ ਪੱਖਾ ਲੱਗਾ ਹੁੰਦਾ ਸੀ ਅਤੇ ਉਸ ਮੰਜੀ ’ਤੇ ਸੌਣ ਲਈ ਲੜਾਈ ਹੁੰਦੀ ਸੀ। ਤਾਰਿਆਂ ਅਤੇ ਚੰਦਰਮਾ ਦੀਆਂ ਲੋਕ ਕਹਾਣੀਆਂ ਸੁਣੀਆਂ ਜਾਂਦੀਆਂ ਸਨ, ਪਰ ਹੁਣ ਅਜਿਹਾ ਨਹੀਂ। ਹੁਣ ਅਸੀਂ ਏਸੀ ਕਮਰਿਆਂ ਵਿੱਚ ਸੌਂਦੇ ਹਾਂ। ਹੁਣ ਸਿਰਫ਼ ਬੰਦ ਕਮਰਿਆਂ ਵਿੱਚ ਮੋਬਾਈਲ ਦੀਆਂ ਲਾਈਟਾਂ ਅਤੇ ਘੰਟੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ।
ਫਿਰ ਸਵਾਲ ਸੀ ਕਿ ਤੁਸੀਂ ਆਪਣੇ ਦੇਸ਼ ਵਿੱਚ ਸਰਦੀਆਂ ਕਿਵੇਂ ਮਨਾਉਂਦੇ ਹੋ ? ਨਿਊਜ਼ੀਲੇੈਂਡ ਦੀ ਵਸਨੀਕ ਨੇ ਦੱਸਿਆ ਕਿ ਇੱਥੇ ਠੰਢ ਬਹੁਤ ਹੁੰਦੀ ਹੈ। ਅਸੀਂ ਠੰਢ ਵਿੱਚ ਬੱਚਿਆਂ ਨਾਲ ਇਨਡੋਰ ਗੇਮ ਖੇਡਦੇ ਹਾਂ। ਸਪੈਸ਼ਲ ਖਾਣੇ ਬਣਾਉਂਦੇ ਹਾਂ। ਨੌਜਵਾਨ ਹਾਕੀ, ਬੇਸ ਬਾਲ ਆਦਿ ਖੇਡਾਂ ਖੇਡਦੇ ਹਨ। ਕੀ ਤੁਸੀਂ ਨਿਉੂਜ਼ੀਲੈਂਡ ਵਿੱਚ ਤਾਰੇ ਵੇਖੇ ਹਨ ? ਕੀ ਅਸਮਾਨ ਵਿੱਚ ਆਉਰਾ ਵੇਖਿਆ ਹੈ ? ਮੈਂ ਨਿਊਜ਼ੀਲੈਂਡ ਵਿੱਚ ਤਾਰੇ ਨਹੀਂ ਵੇਖੇ। ਬਸ ਜਦੋਂ ਕਦੀ ਲੇਟ ਘਰ ਆਉਂਦਾ ਹਾਂ ਅਤੇ ਅਸਮਾਨ ਵਿੱਚ ਚਮਕਦੇ ਤਾਰੇ ਵੇਖਦਾ ਹਾਂ। ਆਉਰਾ ਨਹੀਂ ਵੇਖਿਆ। ਚਲੋ ਪਹਿਲਾਂ ਥੋੜ੍ਹੀ ਜਿਹੀ ਗੱਲ ਆਉਰੇ ਦੀ ਕਰ ਲੈਂਦੇ ਹਾਂ। ਨਿਊਜ਼ੀਲੈਂਡ ਦੀ ਭੂਗੋਲਿਕ ਸਥਿਤੀ, ਅਸਮਾਨ ਵਿੱਚ ਆਉਰਾ ਦੇਖਣ ਲਈ ਉੱਤਮ ਹੈ। ਇਹ ਕੁਦਰਤੀ ਲਾਈਟਾਂ ਦਾ ਸਮੂਹ ਹੈ। ਇਹ ਨਿਊਜ਼ੀਲੈਂਡ ਦੀਆਂ ਸਾਫ਼ ਰਾਤਾਂ ਵਿੱਚ ਮਾਰਚ ਤੋਂ ਸਤੰਬਰ ਮਹੀਨੇ ਵੇਖੇ ਜਾ ਸਕਦੇ ਹਨ, ਪਰ ਸਭ ਤੋਂ ਵਧੀਆ ਸਮਾਂ ਜੂਨ ਅਤੇ ਜੁਲਾਈ ਦੀਆਂ ਕਾਲੀਆਂ ਰਾਤਾਂ ਹਨ। ਇਹ ਦੇਖਣ ਲਈ ਠਰੰਮੇ ਦੀ ਲੋੜ ਪੈਂਦੀ ਹੈ, ਪਰ ਹਰਾ, ਗੁਲਾਬੀ, ਲਾਲ ਅਤੇ ਜਾਮਣੀ ਰੰਗ ਵੇਖ ਕੇ ਬੰਦਾ ਵਿਸਮਾਦ ਦੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ। ਨਿਊਜ਼ੀਲੈਂਡ ਅਤੇ ਸਿੰਗਾਪੁਰ ਦੀਆਂ ਬੀਬੀਆਂ ਨੇ ਆਪਣੇ ਮੋਬਾਈਲ ਵਿੱਚ ਖਿੱਚੀਆਂ ਤਸਵੀਰਾਂ ਦਿਖਾਈਆਂ। ਇਹ ਵੇਖ ਕੇ ਕੁਦਰਤ ਦੀ ਅਸੀਮਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਨਸਾਨ ਭਾਵੇਂ ਕਿੰਨੀ ਤਰੱਕੀ ਕਰ ਜਾਵੇ, ਕੁਦਰਤ ਦੀ ਵਿਸ਼ਾਲਤਾ ਦਾ ਥਾਹ ਪਾਉਣਾ ਅਜੇ ਉਸ ਦੇ ਵੱਸ ਦੀ ਗਲ ਨਹੀਂ ਹੈ।
ਇਸ ਸਭ ਕੁਝ ਤੋਂ ਉਤਸ਼ਾਹਿਤ ਹੋ ਕੇ ਅਸੀਂ ਅਗਲੇ ਬੁੱਧਵਾਰ, ਉਸ ਨਾਲ ਜਾਣਾ ਪੱਕਾ ਕਰ ਲਿਆ। ਇੱਕ ਦਿਨ ਮੈਂ ਰਾਤ 9 ਵਜੇ ਬਾਹਰ ਗਿਆ ਅਤੇ ਅਸਮਾਨ ਵੱਲ ਨਜ਼ਰ ਮਾਰੀ ਤਾਂ ਚੰਦਰਮਾ ਦੇ ਦੁਆਲੇ ਰੰਗ ਬਿਰੰਗੇ ਚੱਕਰ ਦੇਖ ਕੇ ਹੈਰਾਨ ਰਹਿ ਗਿਆ। ਮੈਂ ਇਸ ਨਜ਼ਾਰੇ ਦੀਆਂ ਫੋਟੋਆਂ ਖਿੱਚੀਆਂ। ਦੂਜਾ ਬੁੱਧਵਾਰ ਨਿਊਜ਼ੀਲੈਂਡ ਵਿੱਚ ਸਰਦੀਆਂ ਦਾ ਮੌਸਮ ਜੂਨ ਤੋਂ ਸਤੰਬਰ ਤੱਕ ਦਾ ਹੁੰਦਾ ਹੈੇੇ। ਏਜੰਡਾ ਸੀ ਕਿ ਸਰਦੀਆਂ ਸਮੇਂ ਲੋਕ ਘਰ ਅਤੇ ਬਾਹਰ ਕੀ ਕਰਦੇ ਹਨ? ਸਪੀਕਰ ਦਾ ਜਵਾਬ ਸੀ। ਪੁਰਾਣੇ ਘਰਾਂ ਵਿੱਚ ਅੱਗ ਬਾਲਣ ਲਈ ਅੰਗੀਠੀਆਂ ਬਣੀਆਂ ਹੁੰਦੀਆਂ ਹਨ। ਜਿਸ ਦੇ ਨਜ਼ਦੀਕ ਬੈਠ ਦੇ ਲੋਕ ਕਿਤਾਬਾਂ ਪੜ੍ਹਦੇ ਹਨ, ਕੈਰਮ ਬੋਰਡ ਖੇਡਦੇ ਹਨ, ਟੀਵੀ ’ਤੇ ਫਿਲਮਾਂ ਅਤੇ ਖੇਡਾਂ ਦਾ ਅਨੰਦ ਮਾਣਦੇ ਹਨ। ਨਿਊਜ਼ੀਲੈਂਡ ਦੇ ਕਰਾਈਸਟ ਚਰਚ ਵਿੱਚ ਭੂਚਾਲ ਦਾ ਡਰ ਬਣਿਆ ਰਹਿੰਦਾ। 2011 ਵਿੱਚ ਇੱਥੇ ਜਬਰਦਸਤ ਭੂਚਾਲ ਆਇਆ, ਜਿਸ ਕਾਰਨ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਡਿੱਗ ਪਈਆਂ। ਸੜਕਾਂ ਟੁੱਟ ਗਈਆਂ। ਸ਼ਹਿਰ ਬਾਕੀ ਦੇਸ਼ ਨਾਲੋਂ ਤਿੰਨ ਦਿਨ ਕੱਟਿਆ ਰਿਹਾ। ਇਹ ਇੱਕ ਭਿਆਨਕ ਅਤੇ ਡਰਾਉਣਾ ਦ੍ਰਿਸ਼ ਸੀ। ਇਸ ਲਈ ਅੱਜ ਵੀ ਇੱਥੇ ਰਿਹਾਇਸ਼ੀ ਇਮਾਰਤਾਂ ਇੱਕ ਮੰਜ਼ਿਲ ਹੀ ਹਨ ਅਤੇ ਲੱਕੜ ਦੀਆਂ ਬਣੀਆਂ ਹੋਈਆਂ ਹਨ। ਅੱਗ ਦੇੇ ਡਰ ਕਾਰਨ ਅੰਗੀਠੀਆਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਪਰ ਫਿਰ ਵੀ ਸ਼ਹਿਰ ਤੋਂ ਬਾਹਰ ਪੁਰਾਣੇ ਇਲਾਕਿਆਂ ਵਿੱਚ ਇਸ ਦੀ ਇਜ਼ਾਜਤ ਹੈ। ਲੋਕ ਸਿਆਲ ਆਉਣ ਤੋਂ ਪਹਿਲਾਂ ਬਾਲਣ ਇਕੱਠਾ ਕਰ ਲੈਂਦੇ ਹਨ ਅਤੇ ਘਰਾਂ ਦੀਆਂ ਚਿਮਨੀਆਂ ਵਿੱਚੋਂ ਧੁੂੰਆਂ ਨਿਕਲਦਾ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਲੋਕ ਗਰਮ ਗਰਮ ਖਾਣਾ, ਸੂਪ, ਗਰਮ ਚਾਕਲੇਟ ਆਦਿ ਖਾਂਦੇ ਹਨ।
ਬਾਹਰ ਜਾਣ ਵਾਲੇ ਇੱਥੋਂ ਦੀਆਂ ਮਸ਼ਹੂਰ ਥਾਵਾਂ ਜਿਵੇਂ ਕੈਸਲ ਹਿੱੱਲ, ਲਿੰਡਨ ਲੇਕ ਆਦਿ ਦਾ ਆਨੰਦ ਮਾਣਦੇ ਹਨ। ਬਰਫ਼ੀਲੇ ਪਹਾੜਾਂ ’ਤੇ ਜਾਣ ਲਈ ਆਪਣੀਆਂ ਗੱਡੀਆਂ ’ਤੇ ਚੇਨ ਚੜ੍ਹਾ ਲੈਂਦੇ ਹਨ ਤਾਂ ਜੋ ਗੱਡੀਆਂ ਸਲਿਪ ਨਾ ਕਰਨ। ਕੈਨੇਡਾ ਵਿੱਚ ਇਸ ਦੇ ਉਲਟ ਗਰਮੀਆਂ ਅਤੇ ਸਰਦੀਆਂ ਦੇ ਟਾਇਰ ਵੱਖਰੇ ਹਨ ਅਤੇ ਲਾਜ਼ਮੀ ਵੀ ਹਨ। ਦੋਵਾਂ ਦੇਸ਼ਾਂ ਵਿੱਚ ਲੋਕ ਇਹ ਕੰਮ ਲਗਭਗ ਆਪ ਹੀ ਕਰਦੇ ਹਨ। ਬੀਚਾ ’ਤੇ ਜਾਂਦੇ ਹਨ ਅਤੇ ਗਰਮ ਪਾਣੀ ਦੇ ਚਸ਼ਮਿਆਂ ਦਾ ਆਨੰਦ ਮਾਣਦੇ ਹਨ। ਬਰਫ਼ ਲੱਦੀਆਂ ਪਹਾੜੀਆਂ ’ਤੇ ਸਕੀ ਕਰਦੇ ਹਨ। ਨੈੱਟ ਬਾਲ, ਰਗ ਬੀ, ਹਾਕੀ ਅਤੇ ਫੁੱਟਬਾਲ ਖੇਡਦੇ ਹਨ।
ਫਿਰ ਸਾਰਿਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਦਿੱਤਾ ਗਿਆ ਅਤੇ ਸਵਾਲ ਸਨ। ਤੁਹਾਡੇ ਦੇਸ਼ ਵਿੱਚ ਠੰਢ ਕਿੰਨੀ ਹੁੰਦੀ ਹੈ, ਤੁਸੀਂ ਇਸ ਦਾ ਕਿਸ ਤਰ੍ਹਾਂ ਆਨੰਦ ਮਾਣਦੇ ਹੋ ਅਤੇ ਕਿਹੜਾ ਸਪੈਸ਼ਲ ਕੰਮ ਕਰਦੇ ਹੋ? ਮੇਰੇ ਗਰੁੱਪ ਦੇ ਨਿਊਜ਼ੀਲੈਂਡ ਦੇ ਵਸਨੀਕ ਨੇ ਉੱਪਰ ਦਰਸਾਈਆਂ ਗਤੀਵਿਧੀਆਂ ਦੁਹਰਾਈਆਂ। ਦੂਜਾ ਵਿਅਕਤੀ ਚੀਨ ਦਾ ਸੀ। ਉਸ ਮੁਤਾਬਿਕ ਜ਼ਿਅਦਾਤਰ ਲੋਕ ਪਹਾੜਾਂ ’ਤੇ ਪਈ ਬਰਫ਼ ’ਤੇ ਆਈਸ ਸਕੇਟਿੰਗ, ਸਕੀਇੰਗ ਕਰਕੇ ਆਨੰਦ ਮਾਣਦੇ ਹਨ। ਠੰਢ ਕਾਰਨ ਬਰਫ਼ ਲੱਦੀਆਂ ਪਹਾੜੀਆਂ ’ਤੇ ਭੀੜ ਘੱਟ ਹੁੰਦੀ ਹੈ, ਇਸ ਲਈ ਵੇਖਣ ਦਾ ਆਪਣਾ ਆਨੰਦ ਹੈ। ਸੇਲ ’ਤੇ ਲੱਗੀਆਂ ਚੀਜ਼ਾਂ ਵੀ ਖ਼ਰੀਦੀਆਂ ਜਾਂਦੀਆਂ ਹਨ। ਫਿਰ ਮੇਰੀ ਵਾਰੀ ਆਈ। ਮੈਂ ਦੱਸਿਆ ਕਿ ਅਸੀਂ ਸਰਦੀਆਂ ਵਿੱਚ ਸਿਰਫ਼ ਸਰਦੀ ਤੋਂ ਬਚਾਅ ਕਰਦੇ ਹਾਂ ਅਤੇ ਠੰਢ ਨਾਲ ਪੰਗਾ ਲੈਣ ਤੋਂ ਗੁਰੇਜ਼ ਕਰਦੇ ਹਨ ਅਤੇ ਸਰਦੀਆਂ ਦੇ ਅਖੀਰ ’ਤੇ ਅੱਗ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਰਿਊੜੀਆਂ ਤੇ ਖਾਣ ਵਾਲੀਆਂ ਚੀਜ਼ਾਂ ਵੰਡਦੇ ਹਾਂ। ਨਵੇਂ ਜੰਮੇ ਬੱਚਿਆਂ ਦੀ ਪਹਿਲੀ ਲੋਹੜੀ ਧੂਮਧਾਮ ਨਾਲ ਮਨਾਉਂਦੇ ਹਾਂ ਆਦਿ।
ਫਿਰ ਸਾਰਿਆਂ ਨੂੰ ਇੱਕ ਪੇਪਰ ਦਿੱਤਾ, ਜਿਸ ’ਤੇ ਸਵਾਲ ਸਨ, ਕੀ ਤੁਸੀਂਂ ਰੋਸਟ ਡਿਨਰ ਬਣਾਇਆ ਹੈ? ਕੀਵੀ ਖਾਣਾ ਖਾਧਾ ਹੈ? ਆਪਣੀ ਕਾਰ ਦੇ ਫਰੰਟ ਸ਼ੀਸ਼ੇ ਤੋਂ ਕੋਰਾ ਸਾਫ਼ ਕੀਤਾ ਹੈ? ਕੀ ਸੂਪ ਬਣਾ ਸਕਦੇ ਹੋ? ਕੀ ਤੁਸੀਂ ਉਸ ਘਰ ਵਿੱਚ ਰਹੇ ਹੋ ਜਿੱਥੇ ਅੱਗ ਬਾਲਣ ਲਈ ਅੰਗੀਠੀ ਬਣੀ ਹੋਵੇ? ਕੀ ਰਗ ਬੀ ਜਾਂ ਸਕੀ ਗੇਮ ਖੇਡੀ ਹੈ? ਜਿਸ ਨੇ ਜਿਹੜਾ ਕੰਮ ਕੀਤਾ ਹੈ, ਉਸ ਸਵਾਲ ਦੇ ਅੱਗੇ ਨਾਂ ਲਿਖ ਦੇਵੇ। ਮੈਂ ਉਪਰੋਕਤ ਵਿੱਚੋਂ ਕੋਈ ਕੰਮ ਨਹੀਂ ਸੀ ਕੀਤਾ, ਇਸ ਲਈ ਉਸ ਪੇਪਰ ’ਤੇ ਮੇਰਾ ਨਾਂ ਕਿਤੇ ਵੀ ਨਹੀਂ ਸੀ। ਬਾਕੀ ਸਾਰਿਆਂ ਨੇ ਆਪੋ ਆਪਣੇ ਨਾਂ, ਕੀਤੇ ਕੰਮਾਂ ਦੇ ਅੱਗੇ ਲਿਖ ਦਿੱਤੇ। ਅਖੀਰ ਵਿੱਚ ਹਰੇਕ ਵਿਅਕਤੀ ਨੂੰ ਇੱਕ ਪੇਪਰ ਦਿੱਤਾ ਗਿਆ, ਜਿਸ ’ਤੇ ਵੱਖ ਵੱਖ ਤਸਵੀਰਾਂ ਬਣੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਲੱਭਣਾ ਸੀ ਕਿ ਤਸਵੀਰ ਵਿੱਚ ਵਿਅਕਤੀ, ਪੰਛੀ, ਜਾਨਵਰ ਆਦਿ ਕੀ ਕਰ ਰਹੇ ਹਨ। ਸਾਰਿਆਂ ਨੇ ਤਸਵੀਰ ਦੇ ਉੱਤੇ ਹੀ ਗਤੀਵਿਧੀਆਂ ਲਿਖ ਦਿੱਤੀਆਂ।
ਸਪੀਕਰ ਨੇ ਸਾਰਿਆਂ ਦਾ ਧੰਨਵਾਦ ਕਰਕੇ ਮੀਟਿੰਗ ਖ਼ਤਮ ਕਰ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਹੁਣ ਅਗਲੇ ਦੋ ਹਫ਼ਤੇ ਠੰਢ ਕਾਰਨ ਛੁੱਟੀਆਂ ਹਨ। ਇਸ ਲਈ ਸਾਰੇ ਦੋ ਹਫ਼ਤਿਆਂ ਤੋਂ ਬਾਅਦ ਮਿਲਣਗੇੇੇ। ਜੇਕਰ ਮੌਕਾ ਮਿਲਿਆ ਤਾਂ ਆਉਣ ਵਾਲੇ ਸਮੇਂ ਹੋਈ ਕਾਰਵਾਈ ਤੁਹਾਡੇ ਨਾਲ ਸਾਂਝੀ ਕਰਾਂਗਾ। ਮੇਰੇ ਲਈ ਇਹ ਨਵਾਂ ਤਜਰਬਾ ਸੀ। ਇਸ ਤੋਂ ਪਹਿਲਾਂ ਮੈਂ ਕਦੀ ਵੀ ਏਨਾ ਸਮਾਂ ਗੋਰੇ ਲੋਕਾਂ ਵਿੱਚ ਨਹੀਂ ਬਿਤਾਇਆ ਸੀ।
ਸੰਪਰਕ: 92177-01415

