DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਪਸਾ ਨੇ ਸ਼ਾਇਰ ਜਸਵਿੰਦਰ ਨਾਲ ਸੰਵਾਦ ਰਚਾਇਆ

ਹੇਵਰਡ: ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਭਾਰਤੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼ਾਇਰ ਜਸਵਿੰਦਰ ਨਾਲ ਭਾਵ-ਪੂਰਤ ਸੰਵਾਦ ਰਚਾਇਆ ਗਿਆ। ਹੇਵਰਡ ਵਿਖੇ ਹੋਏ ਇਸ ਸਮਾਗਮ ਨੇ ਕੈਲੀਫੋਰਨੀਆ ਦੇ ਸਾਹਿਤਕ ਮਾਹੌਲ ਵਿੱਚ ਨਵੀਂ ਰੂਹ ਫੂਕ...

  • fb
  • twitter
  • whatsapp
  • whatsapp
Advertisement

ਹੇਵਰਡ: ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਭਾਰਤੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼ਾਇਰ ਜਸਵਿੰਦਰ ਨਾਲ ਭਾਵ-ਪੂਰਤ ਸੰਵਾਦ ਰਚਾਇਆ ਗਿਆ। ਹੇਵਰਡ ਵਿਖੇ ਹੋਏ ਇਸ ਸਮਾਗਮ ਨੇ ਕੈਲੀਫੋਰਨੀਆ ਦੇ ਸਾਹਿਤਕ ਮਾਹੌਲ ਵਿੱਚ ਨਵੀਂ ਰੂਹ ਫੂਕ ਦਿੱਤੀ।

ਅਕਾਦਮੀ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਬੇਹੱਦ ਸੁਚੱਜੇ ਢੰਗ ਨਾਲ ਮੰਚ ਦਾ ਕਾਰਜ ਭਾਰ ਸੰਭਾਲਿਆ। ਉਨ੍ਹਾਂ ਨੇ ਮੁੱਖ ਮਹਿਮਾਨ ਜਸਵਿੰਦਰ, ਡਾ. ਪ੍ਰਿਥੀਪਾਲ ਸਿੰਘ ਸੋਹੀ, ਹਰਿੰਦਰ ਕੌਰ ਸੋਹੀ, ਕੁਲਵਿੰਦਰ ਅਤੇ ਹਰਜਿੰਦਰ ਕੰਗ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਨੇ ਸਭ ਦਾ ਸਵਾਗਤ ਕਰਦਿਆਂ ਜਸਵਿੰਦਰ ਨਾਲ ਆਪਣੀ ਦਹਾਕਿਆਂ ਪੁਰਾਣੀ ਸਾਂਝ ਦੇ ਪੰਨੇ ਫਰੋਲੇ। ਉਨ੍ਹਾਂ ਦੱਸਿਆ ਕਿ ਕਈ ਵਰ੍ਹੇ ਪਹਿਲਾਂ ਡਾ. ਜਗਤਾਰ ਨੇ ਉਨ੍ਹਾਂ ਦੀ ਮੁਲਾਕਾਤ ਰੋਪੜ ਵਿਖੇ ਕਰਵਾਈ ਸੀ। ਖ਼ਤਾਂ ਰਾਹੀਂ ਸ਼ੁਰੂ ਹੋਈ ਇਹ ਦੋਸਤੀ 2015 ਵਿੱਚ ਜਸਵਿੰਦਰ ਦੇ ਕੈਨੇਡਾ ਪਰਵਾਸ ਧਾਰਨ ਕਰਨ ਤੋਂ ਬਾਅਦ ਹੋਰ ਮਜ਼ਬੂਤ ਹੋਈ। ਉਨ੍ਹਾਂ ਕਿਹਾ ਕਿ ਜਸਵਿੰਦਰ ਪੰਜਾਬੀ ਸਾਹਿਤ ਗਗਨ ਦਾ ਉਹ ਚਮਕਦਾ ਤਾਰਾ ਹੈ ਜੋ ਬਾਕੀ ਤਾਰਿਆਂ ਨੂੰ ਵੀ ਆਪਣੇ ਨਾਲ ਚਮਕਾਉਣ ਦਾ ਜਿਗਰਾ ਰੱਖਦਾ ਹੈ।

Advertisement

ਸਮਾਗਮ ਦੌਰਾਨ ਲਾਜ ਨੀਲਮ ਸੈਣੀ ਨੇ ਜਸਵਿੰਦਰ ਦੀ ਸ਼ਾਇਰੀ ’ਤੇ ਗੰਭੀਰ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਗ਼ਜ਼ਲ ਵਿੱਚੋਂ ਉੱਠਦਾ ਧੂੰਆਂ ਅੱਖਾਂ ਵਿੱਚ ਜਲਣ ਨਹੀਂ, ਸਗੋਂ ਰੂਹ ਵਿੱਚ ਇਬਾਦਤ ਵਰਗੀ ਮਹਿਕ ਭਰਦਾ ਹੈ। ਉਨ੍ਹਾਂ ਨੇ ਜਸਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਕਾਲੇ ਹਰਫ਼ਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੁਸਤਕ ‘ਅਗਰਬੱਤੀ’ ਦਾ ਵਿਸ਼ੇਸ਼ ਜ਼ਿਕਰ ਕੀਤਾ। ਹਰਜਿੰਦਰ ਕੰਗ ਨੇ ਜਸਵਿੰਦਰ ਦੀ ਸ਼ਖ਼ਸੀਅਤ ਦੀ ਮਹਾਨਤਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਾਇਰੀ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੀ ਹੋਈ ਹੈ। ਉਨ੍ਹਾਂ ਨੇ ਰੋਪੜ ਵਿਖੇ ਆਪਣੀ ਕਿਤਾਬ ‘ਚੁੱਪ ਦੇ ਟੁਕੜੇ’ ਦੇ ਲੋਕ-ਅਰਪਣ ਮੌਕੇ ਜਸਵਿੰਦਰ ਵੱਲੋਂ ਦਿੱਤੇ ਹੌਸਲੇ ਨੂੰ ਯਾਦ ਕੀਤਾ। ਸੁਰਜੀਤ ਸਖੀ ਨੇ ਜਸਵਿੰਦਰ ਦੀਆਂ ਗ਼ਜ਼ਲਾਂ ਦੀ ਤੁਲਨਾ ਹਿਮਾਲਿਆ ਦੀਆਂ ਨਿਰਮਲ ਨਦੀਆਂ ਨਾਲ ਕੀਤੀ ਜੋ ਹਰ ਮਿੱਟੀ ਦੀ ਤਾਸੀਰ ਵਿੱਚੋਂ ਮੌਸਮਾਂ ਦੇ ਅਸਰ ਨਿਖੇੜਨ ਦੀ ਸਮਰੱਥਾ ਰੱਖਦੀਆਂ ਹਨ।

Advertisement

ਕਲਾਲ ਵਾਲਾ ਪਿੰਡ ਦੇ ਜੰਮਪਲ ਸ਼ਾਇਰ ਜਸਵਿੰਦਰ ਨੇ ਵਿਪਸਾ ਦਾ ਧੰਨਵਾਦ ਕਰਦਿਆਂ ਆਪਣੇ ਜੀਵਨ ਦੇ ਅਹਿਮ ਪੜਾਅ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮੋਗਾ ਪੜ੍ਹਦਿਆਂ ਉਹ ਖੱਬੇ-ਪੱਖੀ ਲਹਿਰ ਨਾਲ ਜੁੜੇ ਅਤੇ ਸੰਤ ਰਾਮ ਉਦਾਸੀ, ਜੈਮਲ ਪੱਡਾ, ਓਮ ਪ੍ਰਕਾਸ਼ ਸ਼ਰਮਾ ਅਤੇ ਮਹਿੰਦਰ ਸਾਥੀ ਵਰਗੇ ਸ਼ਾਇਰਾਂ ਦੀ ਸੰਗਤ ਮਿਲੀ। ਉਨ੍ਹਾਂ ਕਿਹਾ ਕਿ ਸ਼ਿਅਰ ਉਹ ਹੈ ਜੋ ਰੂਹ ’ਤੇ ਤੀਰ ਵਾਂਗ ਵੱਜੇ ਅਤੇ ਛੋਟੇ ਸ਼ਬਦਾਂ ਵਿੱਚ ਵੱਡੇ ਅਰਥ ਭਰਨੇ ਹੀ ਅਸਲੀ ਸ਼ਾਇਰੀ ਹੈ। ਉਨ੍ਹਾਂ ਨੇ ਰੋਪੜ ਥਰਮਲ ਪਲਾਂਟ ਤੋਂ ਸੇਵਾਮੁਕਤੀ ਅਤੇ ਕੈਨੇਡਾ ਵਿੱਚ ਆਪਣੀਆਂ ਬੇਟੀਆਂ ਕੋਲ ਵਸਣ ਦੇ ਸਫ਼ਰ ਨੂੰ ਵੀ ਸਾਂਝਾ ਕੀਤਾ।

ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਦੱਸਿਆ ਕਿ ਉਹ ਭਾਰਤ ਅਤੇ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਆਪਣੀਆਂ ਬੇਟੀਆਂ ਕੋਲ ਰਹਿ ਰਹੇ ਹਨ। ਉਨ੍ਹਾਂ ਨੇ ‘ਗ਼ਜ਼ਲ ਮੰਚ ਸਰੀ’ ਦੇ ਸ਼ਾਇਰਾਂ ਦਵਿੰਦਰ ਗੌਤਮ, ਰਾਜਵੰਤ ਰਾਜ ਅਤੇ ਪ੍ਰੀਤ ਮਨਪ੍ਰੀਤ ਦੇ ਸਾਹਿਤਕ ਕਾਰਜਾਂ ਦੀ ਸ਼ਲਾਘਾ ਕੀਤੀ। ਮੈਡਮ ਸੋਹੀ ਨੇ ਆਪਣੀਆਂ ਪੁਸਤਕਾਂ ‘ਹੌਲਾ ਫੁੱਲ’ ਅਤੇ ‘ਪੰਜਾਬੀ ਸਾਹਿਤ ਵਿੱਚ ਰਿਸ਼ਤਿਆਂ ਦਾ ਤਾਣਾ-ਬਾਣਾ’ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਮਾਗਮ ਦੇ ਦੂਜੇ ਪੜਾਅ ਵਿੱਚ ਅਕਾਦਮੀ ਦੇ ਸ਼ਾਇਰਾਂ ਮੁਕੇਸ਼ ਸ਼ਰਮਾ, ਸੰਤੋਖ ਸਿੰਘ ਮਿਨਹਾਸ, ਅਮਰ ਸੂਫ਼ੀ, ਗੁਰੂਤੇਜ ਪਾਰਸਾ, ਕਾਕਾ ਕਲੇਰ ਅਤੇ ਅਵਤਾਰ ਗੋਂਦਾਰਾ ਨੇ ਸ਼ਾਨਦਾਰ ਰਚਨਾਵਾਂ ਪੇਸ਼ ਕੀਤੀਆਂ। ਸੁਖਦੇਵ ਸਾਹਿਲ ਨੇ ਜਸਵਿੰਦਰ, ਕੁਲਵਿੰਦਰ ਅਤੇ ਹਰਜਿੰਦਰ ਕੰਗ ਦੀਆਂ ਰਚਨਾਵਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗਾ ਕੇ ਸ਼ਾਮ ਨੂੰ ਸੁਰਮਈ ਬਣਾ ਦਿੱਤਾ। ਆਸ਼ਾ ਸ਼ਰਮਾ ਨੇ ਸਭ ਦਾ ਸਵਾਗਤ ਕਰਦਿਆਂ ਜਸਵਿੰਦਰ ਦੀ ਸ਼ਾਇਰੀ ਦੀ ਤਾਰੀਫ਼ ਕੀਤੀ। ਸਮਾਗਮ ਵਿੱਚ ਸਾਹਿਤਕ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਜਸਵੰਤ ਸਿੰਘ ਖੰਨਾ, ਪ੍ਰੋ. ਬਲਜਿੰਦਰ ਸਿੰਘ ਸਵੈਚ, ਪੰਕਜ ਆਂਸਲ, ਅਵਤਾਰ ਲਾਖਾ, ਸੋਨੂੰ ਸਾਹਿਲ, ਲਖਬੀਰ ਸਿੰਘ, ਕਾਕਾ ਕਲੇਰ, ਅਜ਼ੀਮ ਤਤਲਾ, ਜਸਵੀਰ ਭੰਮਰਾ, ਜੋਤੀ, ਮਨਮੋਹਨ ਸ਼ਰਮਾ, ਰਵਿੰਦਰ ਕੌਰ, ਮਨਜੀਤ ਪਲਾਹੀ ਅਤੇ ਅਭੀਤਾਬ ਸੈਣੀ ਸ਼ਾਮਲ ਸਨ। ਸਮਾਗਮ ਦੇ ਅੰਤ ਵਿੱਚ ਵਿਪਸਾ ਵੱਲੋਂ ਜਸਵਿੰਦਰ ਅਤੇ ਸੋਹੀ ਜੋੜੇ ਦਾ ਸ਼ਾਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸੰਪਰਕ: +1 604 308 6663

Advertisement
×