DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੈਨਕੂਵਰ ਵਿਚਾਰ ਮੰਚ ਵੱਲੋਂ ਸ਼ਾਇਰ ਪਾਲ ਢਿੱਲੋਂ ਨਾਲ ਰੂਬਰੂ

ਸਰੀ: ਬੀਤੇ ਦਿਨੀਂ ‘ਵੈਨਕੂਵਰ ਵਿਚਾਰ ਮੰਚ’ ਵੱਲੋਂ ਗੁਲਾਟੀ ਪਬਲਿਸ਼ਰਜ਼ ਲਿਮਿਟਡ, ਸਰੀ ਦੇ ਵਿਹੜੇ ਇੱਕ ਸੁਰਮਈ ਸ਼ਾਮ ਦੌਰਾਨ ਸ਼ਾਇਰ ਪਾਲ ਢਿੱਲੋਂ ਨਾਲ ਰੂਬਰੂ ਪ੍ਰੋਗਰਾਮ ਰਚਾਇਆ ਗਿਆ। ਪ੍ਰੋਗਰਾਮ ਦੇ ਆਗਾਜ਼ ਵਿੱਚ ਮੰਚ ਦੇ ਸੰਚਾਲਕ ਤੇ ਬੁਲਾਰੇ ਮੋਹਨ ਗਿੱਲ ਨੇ ਮੁੱਖ ਮਹਿਮਾਨ ਪਾਲ...

  • fb
  • twitter
  • whatsapp
  • whatsapp
Advertisement

ਸਰੀ: ਬੀਤੇ ਦਿਨੀਂ ‘ਵੈਨਕੂਵਰ ਵਿਚਾਰ ਮੰਚ’ ਵੱਲੋਂ ਗੁਲਾਟੀ ਪਬਲਿਸ਼ਰਜ਼ ਲਿਮਿਟਡ, ਸਰੀ ਦੇ ਵਿਹੜੇ ਇੱਕ ਸੁਰਮਈ ਸ਼ਾਮ ਦੌਰਾਨ ਸ਼ਾਇਰ ਪਾਲ ਢਿੱਲੋਂ ਨਾਲ ਰੂਬਰੂ ਪ੍ਰੋਗਰਾਮ ਰਚਾਇਆ ਗਿਆ। ਪ੍ਰੋਗਰਾਮ ਦੇ ਆਗਾਜ਼ ਵਿੱਚ ਮੰਚ ਦੇ ਸੰਚਾਲਕ ਤੇ ਬੁਲਾਰੇ ਮੋਹਨ ਗਿੱਲ ਨੇ ਮੁੱਖ ਮਹਿਮਾਨ ਪਾਲ ਢਿੱਲੋਂ ਦਾ ਸ਼ਬਦੀ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ।

ਉਨ੍ਹਾਂ ਸ਼ਾਇਰ ਦੀ ਸਿਰਜਣਾਤਮਕ ਪਰਵਾਜ਼ ਅਤੇ ਕਾਵਿ-ਯਾਤਰਾ ਬਾਰੇ ਸੰਖੇਪ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪਾਲ ਢਿੱਲੋਂ ਦੇ ਹੁਣ ਤੱਕ ਇੱਕ ਦਰਜਨ ਦੇ ਕਰੀਬ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪੈ ਚੁੱਕੇ ਹਨ, ਜਦੋਂਕਿ ਉਨ੍ਹਾਂ ਦੀ ਗੀਤਾਂ ਦੀ ਇੱਕੋ-ਇੱਕ ਸ਼ਾਹਕਾਰ ਕਿਤਾਬ ‘ਉੱਡਦੀਆਂ ਫੁਲਕਾਰੀਆਂ’ ਪਾਠਕਾਂ ਵਿੱਚ ਬੇਹੱਦ ਮਕਬੂਲ ਹੈ। ਉਨ੍ਹਾਂ ਕਿਹਾ ਕਿ ਢਿੱਲੋਂ ਦੀਆਂ ਰਚਨਾਵਾਂ ਕੁਦਰਤ ਦੇ ਅਨੇਕਾਂ ਰੰਗਾਂ ਨਾਲ ਸਰਸ਼ਾਰ ਹਨ ਅਤੇ ਉਨ੍ਹਾਂ ਦੇ ਗੀਤ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਸੱਚੇ ਤਰਜਮਾਨ ਹਨ। ਇਨ੍ਹਾਂ ਗੀਤਾਂ ਵਿੱਚ ਅਜਿਹੀ ਸੁਭਾਵਿਕ ਲੈਅਬੱਧਤਾ ਹੈ ਕਿ ਇਹ ਬੜੀ ਸਹਿਜਤਾ ਨਾਲ ਗਾਏ ਜਾ ਸਕਦੇ ਹਨ। ਮੋਹਨ ਗਿੱਲ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਅਜੋਕੇ ਦੌਰ ਦੇ ਗਾਇਕਾਂ ਦੀ ਬਦਕਿਸਮਤੀ ਹੈ ਕਿ ਉਹ ਅਜਿਹੇ ਸਾਹਿਤਕ ਖੁਸ਼ਬੂ ਅਤੇ ਉੱਚੇ ਮਿਆਰ ਨਾਲ ਗੜੁੱਚ ਗੀਤਾਂ ਨੂੰ ਗਾਉਣ ਤੋਂ ਖੁੰਝ ਗਏ ਹਨ।

Advertisement

ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪਾਲ ਢਿੱਲੋਂ ਦੀ ਸਿਰਜਣ-ਪ੍ਰਕਿਰਿਆ ’ਤੇ ਸੰਵਾਦ ਰਚਾਉਂਦਿਆਂ ਕਿਹਾ ਕਿ ਸ਼ਾਇਰ ਨੇ ਆਪਣੇ ਸਾਹਿਤਕ ਸਫ਼ਰ ਦਾ ਆਗਾਜ਼ ਗੀਤ-ਸਿਰਜਣਾ ਤੋਂ ਕੀਤਾ ਸੀ, ਜਿਨ੍ਹਾਂ ਵਿੱਚ ਪ੍ਰਕਿਰਤੀ ਦਾ ਗੂੜ੍ਹਾ ਰੰਗ ਅਤੇ ਕਮਾਲ ਦੀ ਰਵਾਨੀ ਉੱਭਰ ਕੇ ਸਾਹਮਣੇ ਆਈ। ਬਾਅਦ ਵਿੱਚ ਉੱਘੇ ਉਸਤਾਦ ਸ਼ਾਇਰ ਨਦੀਮ ਪਰਮਾਰ ਨਾਲ ਹੋਏ ਮੇਲ ਨੇ ਉਨ੍ਹਾਂ ਨੂੰ ਗ਼ਜ਼ਲ ਦੇ ਸੂਖ਼ਮ ਸੰਸਾਰ ਵੱਲ ਪ੍ਰੇਰਿਤ ਕੀਤਾ। ਸ੍ਰੀ ਸੇਖਾ ਨੇ ਕਿਹਾ ਕਿ ਇਹ ਢਿੱਲੋਂ ਦੀ ਵੱਡੀ ਪ੍ਰਾਪਤੀ ਹੈ ਕਿ ਉਨ੍ਹਾਂ ਦੀ ਹਰ ਨਵੀਂ ਕਿਤਾਬ ਵਿੱਚ ਪਹਿਲਾਂ ਨਾਲੋਂ ਵਧੇਰੇ ਪਰਿਪੱਕਤਾ ਅਤੇ ਖ਼ਿਆਲਾਂ ਦੀ ਉਡਾਰੀ ਵਿੱਚ ਗਹਿਰਾਈ ਆਈ ਹੈ। ਵਿਸ਼ੇ ਦੇ ਪੱਖ ਤੋਂ ਵੀ ਉਨ੍ਹਾਂ ਨੇ ਸਮਾਜਿਕ ਅਤੇ ਰਾਜਨੀਤਕ ਚੇਤਨਾ ਵਰਗੇ ਅਨੇਕਾਂ ਅਹਿਮ ਸਰੋਕਾਰਾਂ ’ਤੇ ਬਾਖ਼ੂਬੀ ਕਲਮ ਚਲਾਈ ਹੈ।

Advertisement

ਅੰਗਰੇਜ਼ ਬਰਾੜ ਨੇ ਸ਼ਾਇਰ ਦੇ ਗੀਤਾਂ ਦੀ ਖ਼ੂਬਸੂਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਰਚਨਾਵਾਂ ਵਿੱਚੋਂ ਸਾਡੇ ਆਪਣੇ ਅਮੀਰ ਵਿਰਸੇ ਦੀ ਮਹਿਕ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਇਹ ਤ੍ਰਾਸਦੀ ਹੈ ਕਿ ਅਜਿਹੇ ਉੱਚਪਾਏ ਦੇ ਸਾਹਿਤਕ ਅਤੇ ਸੱਭਿਆਚਾਰਕ ਗੀਤ ਅਕਸਰ ਕਿਤਾਬਾਂ ਦੇ ਪੰਨਿਆਂ ਵਿੱਚ ਹੀ ਬੰਦ ਰਹਿ ਜਾਂਦੇ ਹਨ। ਸਾਡੇ ਸਮਾਜ ਵਿੱਚ ਮਿਆਰੀ ਸਾਹਿਤਕ ਗੀਤਾਂ ਅਤੇ ਵਪਾਰਕ ਗਾਇਕੀ ਵਿਚਾਲੇ ਇੱਕ ਲੰਮੀ ਵਿੱਥ ਪੈ ਚੁੱਕੀ ਹੈ ਅਤੇ ਅੱਜ ਦੇ ਬਹੁਤੇ ਗਾਇਕ ਇਹੋ ਜਿਹੇ ਬਿਹਤਰੀਨ ਗੀਤਾਂ ਨੂੰ ਅੱਖੋਂ-ਪਰੋਖੇ ਕਰ ਰਹੇ ਹਨ।

ਐੱਚ. ਮਾਨ ਨੇ ਪਾਲ ਢਿੱਲੋਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਦਿਆਂ ਕਿਹਾ ਕਿ ਉਹ ਇੱਕ ਅਜ਼ੀਮ, ਮਿਲਾਪੜੇ ਅਤੇ ਬੇਹੱਦ ਨਿੱਘੇ ਇਨਸਾਨ ਹਨ। ਉਨ੍ਹਾਂ ਦੀ ਗ਼ਜ਼ਲ-ਗੋਈ ਵਿੱਚ ਹਰ ਪੱਖੋਂ ਤਕਨੀਕੀ ਅਤੇ ਸਿਧਾਂਤਕ ਪਰਿਪੱਕਤਾ ਦੇਖੀ ਜਾ ਸਕਦੀ ਹੈ। ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਬੜੇ ਗਹਿਰੇ ਅਤੇ ਗੁੰਝਲਦਾਰ ਖ਼ਿਆਲਾਂ ਨੂੰ ਬਹੁਤ ਹੀ ਸਾਦਾ, ਸਪੱਸ਼ਟ ਅਤੇ ਸਰਲ ਸ਼ਬਦਾਵਲੀ ਰਾਹੀਂ ਪਾਠਕ ਦੇ ਦਿਲ ਵਿੱਚ ਉਤਾਰਨ ਦੀ ਅਦਭੁੱਤ ਮੁਹਾਰਤ ਰੱਖਦੇ ਹਨ।

ਮੁੱਖ ਮਹਿਮਾਨ ਪਾਲ ਢਿੱਲੋਂ ਨੇ ਆਪਣੇ ਲਿਖਣ-ਕਾਰਜ ਦੀਆਂ ਯਾਦਾਂ ਦੇ ਪੰਨੇ ਫਰੋਲਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 1988 ਵਿੱਚ ਗੀਤ ਲਿਖਣੇ ਸ਼ੁਰੂ ਕੀਤੇ ਸਨ ਅਤੇ ਹੁਣ ਤੱਕ ਲਗਭਗ 2000 ਗੀਤਾਂ ਦੀ ਸਿਰਜਣਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇੱਕ ਦੌਰ ਅਜਿਹਾ ਸੀ ਜਦੋਂ ਲਿਖਣ ਦਾ ਅਥਾਹ ਚਾਅ ਹੁੰਦਾ ਸੀ ਅਤੇ ਉਹ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿਰਜਦੇ ਸਨ, ਪਰ ਹੁਣ ਵਕਤ ਦੇ ਨਾਲ ਲਿਖਣ ਦੀ ਰਫ਼ਤਾਰ ਮੱਠੀ ਪੈ ਗਈ ਹੈ।

ਇਸ ਸਾਹਿਤਕ ਮਿਲਣੀ ਦੌਰਾਨ ਪਾਲ ਢਿੱਲੋਂ ਨੇ ਆਪਣੀਆਂ ਬਿਹਤਰੀਨ ਗ਼ਜ਼ਲਾਂ ਦੇ ਸ਼ਿਅਰ ਸੁਣਾ ਕੇ ਪੂਰੀ ਮਹਿਫ਼ਲ ਨੂੰ ਕੀਲ ਲਿਆ। ਉਨ੍ਹਾਂ ਦੀ ਸ਼ਾਇਰੀ ਦਾ ਇੱਕ ਰੂਹਾਨੀ ਸ਼ਿਅਰ ਏ;

ਗੁਨਾਹ ਕਰ ਯਾਦ ਆਪਣੇ ਰੋ ਲਿਆ ਕਰ।

ਤੇ ਹੌਲਾ ਫੁੱਲ ਵਰਗਾ ਹੋ ਲਿਆ ਕਰ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਇੱਕ ਹੋਰ ਗ਼ਜ਼ਲ ਦੇ ਇਸ ਖ਼ੂਬਸੂਰਤ ਸ਼ਿਅਰ ਨਾਲ ਵਾਹ-ਵਾਹ ਖੱਟੀ;

ਸਫ਼ਰ ਵਿੱਚ ਆਰ ਹਾਂ ਜਾਂ ਪਾਰ ਹਾਂ ਅੱਜਕੱਲ੍ਹ ਅਸੀਂ ਦੋਨੋਂ

ਕਿਤੇ ਪਹੁੰਚੇ ਨਹੀਂ ਵਿਚਕਾਰ ਹਾਂ ਅੱਜਕੱਲ੍ਹ ਅਸੀਂ ਦੋਨੋਂ।

ਅਖੀਰ ਵਿੱਚ ਮੋਹਨ ਗਿੱਲ ਨੇ ਇਸ ਯਾਦਗਾਰੀ ਸਾਹਿਤਕ ਇਕੱਤਰਤਾ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

Advertisement
×