DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੱਕਰ ਸ਼ਾਇਰ ਸਨ ਉਸਤਾਦ ਦੀਪਕ ਜੈਤੋਈ

ਪੰਜਾਬੀ ਸਾਹਿਤ ਦੇ ਵਿਸ਼ਾਲ ਆਕਾਸ਼ ’ਤੇ ਕੁਝ ਨਾਂ ਅਜਿਹੇ ਹਨ ਜੋ ਸਮੇਂ ਦੇ ਗੁਜ਼ਰ ਜਾਣ ਨਾਲ ਹੋਰ ਵੀ ਰੌਸ਼ਨ ਹੋ ਜਾਂਦੇ ਹਨ। ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਦਾ ਨਾਂ ਵੀ ਉਨ੍ਹਾਂ ਵਿੱਚ ਸ਼ਾਮਲ ਹੈ। ਉਹ ਕੇਵਲ ਇੱਕ ਮਹਾਨ ਕਵੀ ਜਾਂ...

  • fb
  • twitter
  • whatsapp
  • whatsapp
Advertisement

ਪੰਜਾਬੀ ਸਾਹਿਤ ਦੇ ਵਿਸ਼ਾਲ ਆਕਾਸ਼ ’ਤੇ ਕੁਝ ਨਾਂ ਅਜਿਹੇ ਹਨ ਜੋ ਸਮੇਂ ਦੇ ਗੁਜ਼ਰ ਜਾਣ ਨਾਲ ਹੋਰ ਵੀ ਰੌਸ਼ਨ ਹੋ ਜਾਂਦੇ ਹਨ। ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਦਾ ਨਾਂ ਵੀ ਉਨ੍ਹਾਂ ਵਿੱਚ ਸ਼ਾਮਲ ਹੈ। ਉਹ ਕੇਵਲ ਇੱਕ ਮਹਾਨ ਕਵੀ ਜਾਂ ਗੀਤਕਾਰ ਹੀ ਨਹੀਂ ਸਨ, ਸਗੋਂ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਗ਼ਜ਼ਲ ਦੀ ਇੱਕ ਜਿਉਂਦੀ ਜਾਗਦੀ ਸੰਸਥਾ ਸਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਾਂ-ਬੋਲੀ ਪੰਜਾਬੀ ਨੂੰ ਗ਼ਜ਼ਲ ਦੇ ਨਜ਼ਾਕਤ ਭਰੇ ਸੁਰਾਂ ਨਾਲ ਜੋੜਨ ਲਈ ਸਮਰਪਿਤ ਕਰ ਦਿੱਤੀ।

26 ਅਪਰੈਲ 1919 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿੱਚ ਜਨਮੇ ਗੁਰਚਰਨ ਸਿੰਘ ਜੋ ਬਤੌਰ ਸ਼ਾਇਰ ਦੀਪਕ ਜੈਤੋਈ ਬਣੇ, ਇੱਕ ਸਾਧਾਰਨ, ਪਰ ਸੰਸਕਾਰੀ ਪਰਿਵਾਰ ਵਿੱਚ ਪੈਦਾ ਹੋਏ ਸਨ। ਪਿਤਾ ਇੰਦਰ ਸਿੰਘ ਅਤੇ ਮਾਤਾ ਵੀਰ ਕੌਰ ਦੀ ਸਾਦਗੀ, ਸਹਿਣਸ਼ੀਲਤਾ ਅਤੇ ਨੈਤਿਕਤਾ ਉਨ੍ਹਾਂ ਦੇ ਸੁਭਾਅ ਵਿੱਚ ਰਚੀ ਹੋਈ ਸੀ। ਬਚਪਨ ਤੋਂ ਹੀ ਉਨ੍ਹਾਂ ਦੇ ਅੰਦਰ ਕਾਵਿ-ਰਸ ਛਲਕ ਉੱਠਿਆ। ਤੀਜੀ ਜਮਾਤ ਵਿੱਚ ਆਪਣੇ ਮਿੱਤਰ ਨੂੰ ਲਿਖੀ ਕਵਿਤਾਮਈ ਚਿੱਠੀ, ਅਸਲ ਵਿੱਚ ਪੰਜਾਬੀ ਗ਼ਜ਼ਲ ਦੇ ਇੱਕ ਉਸਤਾਦ ਸ਼ਾਇਰ ਦਾ ਆਗਾਜ਼ ਸੀ।

Advertisement

ਉਸਤਾਦ ਮੁਜਰਮ ਦਸੂਹੀ ਤੋਂ ਗ਼ਜ਼ਲ ਦੀ ਤਕਨੀਕੀ ਤਾਲੀਮ ਲੈ ਕੇ ਜਦੋਂ ਦੀਪਕ ਜੈਤੋਈ ਸਾਹਿਤਕ ਮੰਚ ’ਤੇ ਆਏ, ਉਹ ਸਮਾਂ ਪੰਜਾਬੀ ਲਈ ਆਸਾਨ ਨਹੀਂ ਸੀ। ਉਰਦੂ ਦੇ ਕਈ ਵਿਦਵਾਨ ਖੁੱਲ੍ਹੇਆਮ ਕਹਿੰਦੇ ਸਨ ਕਿ ਪੰਜਾਬੀ ‘ਗੰਵਾਰਾਂ ਦੀ ਭਾਸ਼ਾ’ ਹੈ ਅਤੇ ਇਸ ਵਿੱਚ ਗ਼ਜ਼ਲ ਸੰਭਵ ਹੀ ਨਹੀਂ। ਦੁੱਖ ਦੀ ਗੱਲ ਇਹ ਸੀ ਕਿ ਕੁਝ ਪੰਜਾਬੀ ਵਿਦਵਾਨ ਵੀ ਗ਼ਜ਼ਲ ਨੂੰ ਸਿਰਫ਼ ਉਰਦੂ ਦੀ ਜਾਇਦਾਦ ਮੰਨ ਕੇ ਪੰਜਾਬੀ ਤੋਂ ਦੂਰ ਰੱਖਣਾ ਚਾਹੁੰਦੇ ਸਨ, ਪਰ ਦੀਪਕ ਜੈਤੋਈ ਨੇ ਇਸ ਵਿਰੋਧ ਨੂੰ ਚੁਣੌਤੀ ਵਜੋਂ ਸਵੀਕਾਰਿਆ।

Advertisement

ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਦੀ ਧੜਕਣ ਵਿੱਚ ਸੰਗੀਤ ਵੀ ਹੈ, ਲਹਿਜਾ ਵੀ ਅਤੇ ਉਹ ਸੰਵੇਦਨਾ ਵੀ, ਜੋ ਗ਼ਜ਼ਲ ਦੀ ਰੂਹ ਹੈ। ਉਨ੍ਹਾਂ ਦੀ ਅਥਾਹ ਮਿਹਨਤ, ਦ੍ਰਿੜ ਇਰਾਦੇ ਅਤੇ ਕਲਾਤਮਕ ਸੱਚਾਈ ਸਦਕਾ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਬਣੀ ਅਤੇ ਅੱਜ ਕਵੀ ਦਰਬਾਰਾਂ ਦਾ ਅਟੱਲ ਅੰਗ ਬਣ ਚੁੱਕੀ ਹੈ। ਸਮਕਾਲੀ ਉਸਤਾਦ ਸ਼ਾਇਰਾਂ ਤੋਂ ਉਨ੍ਹਾਂ ਦੀ ਵੱਖਰੀ ਪਛਾਣ ਇਹ ਸੀ ਕਿ ਉਨ੍ਹਾਂ ਨੇ ‘ਦੀਪਕ ਗ਼ਜ਼ਲ ਸਕੂਲ’ ਦੀ ਸਥਾਪਨਾ ਕਰ ਕੇ ਗ਼ਜ਼ਲ ਨੂੰ ਇੱਕ ਵਿਧੀਬੱਧ ਤਾਲੀਮੀ ਰੂਪ ਦਿੱਤਾ। ਇੱਥੇ ਉਹ ਰੋਜ਼ਾਨਾ ਘੰਟਿਆਂ ਬੱਧੀ ਸ਼ਾਗਿਰਦਾਂ ਨੂੰ ਗ਼ਜ਼ਲ ਦੀ ਬਣਤਰ, ਬਹਿਰਾਂ, ਰੂਪਕ ਪੱਖ, ਲਫ਼ਜ਼ੀ ਸੁਹਜ ਅਤੇ ਸੰਗੀਤ-ਆਤਮਿਕਤਾ ਦੀ ਅਮਲੀ ਸਿੱਖਿਆ ਦਿੰਦੇ ਰਹੇ।

ਉਸਤਾਦ ਦੀਪਕ ਜੈਤੋਈ ਦਾ ਮੰਨਣਾ ਸੀ ਕਿ ਸੰਗੀਤ ਤੋਂ ਬਿਨਾਂ ਕੋਈ ਵੀ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ। ਇਸੇ ਸੋਚ ਕਾਰਨ ਉਨ੍ਹਾਂ ਦੀ ਗ਼ਜ਼ਲ ਪੜ੍ਹੀ ਹੀ ਨਹੀਂ, ਸੁਣੀ ਵੀ ਜਾਂਦੀ ਹੈ। ਗੀਤਕਾਰੀ ਵਿੱਚ ਵੀ ਉਨ੍ਹਾਂ ਦੀ ਕਲਮ ਨੇ ਕਮਾਲ ਕੀਤਾ। ਪ੍ਰਸਿੱਧ ਗਾਇਕਾ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਗੂੰਜੇ ਉਨ੍ਹਾਂ ਦੇ ਗੀਤ ‘ਆਹ ਲੈ ਮਾਏ ਸਾਂਭ ਕੁੰਜੀਆਂ...’, ‘ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ...’ ਲੋਕਾਂ ਦੀ ਰੂਹ ਵਿੱਚ ਇਸ ਤਰ੍ਹਾਂ ਸਮਾ ਗਏ ਕਿ ਲੋਕ ਗੀਤ ਬਣ ਗਏ। ਪਰ ਜਦੋਂ ਦੀਪਕ ਸਾਹਿਬ ਨੇ ਵੇਖਿਆ ਕਿ ਗੀਤਕਾਰੀ ਵਪਾਰ ਬਣਦੀ ਜਾ ਰਹੀ ਹੈ ਤਾਂ ਉਹ ਚੁੱਪਚਾਪ ਇਸ ਰਸਤੇ ਤੋਂ ਪਾਸੇ ਹਟ ਗਏ।

ਦੀਪਕ ਜੈਤੋਈ ਨੇ ਆਪਣੇ ਜੀਵਨ ਕਾਲ ਦੌਰਾਨ ਪੰਜਾਬੀ ਸਾਹਿਤ ਦੀ ਝੋਲੀ ਅਨੇਕਾਂ ਮਕਬੂਲ ਪੁਸਤਕਾਂ ਨਾਲ ਭਰੀ। ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ‘ਦੀਪਕ ਦੀ ਲੋਅ’, ‘ਗ਼ਜ਼ਲ ਦੀ ਅਦਾ’, ‘ਗ਼ਜ਼ਲ ਦੀ ਖ਼ੁਸ਼ਬੂ’ ਅੱਜ ਵੀ ਨਵੇਂ ਲਿਖਾਰੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕਿਤਾਬ ‘ਇਬਾਦਤ’ ਨੂੰ ਗ਼ਜ਼ਲ ਪ੍ਰੇਮੀਆਂ ਵੱਲੋਂ ਇੱਕ ਸੰਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ। ਸਿਰਫ਼ ਸ਼ਾਇਰੀ ਹੀ ਨਹੀਂ ਸਗੋਂ ਦੀਪਕ ਜੈਤੋਈ ਨੇ ਨਵੇਂ ਸ਼ਾਇਰਾਂ ਨੂੰ ਗ਼ਜ਼ਲ ਦੀਆਂ ਬਾਰੀਕੀਆਂ ਸਿਖਾਉਣ ਲਈ ‘ਗ਼ਜ਼ਲ ਕੀ ਹੈ’ ਨਾਮਕ ਮਹੱਤਵਪੂਰਨ ਪੁਸਤਕ ਵੀ ਦਿੱਤੀ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ’ਤੇ ਆਧਾਰਿਤ ਉਨ੍ਹਾਂ ਦਾ ਮਹਾਂਕਾਵਿ ‘ਮਾਲਾ ਕਿਉਂ ਤਲਵਾਰ ਬਣੀ’ ਅਤੇ ਕਾਵਿ-ਨਾਟ ‘ਭਰਥਰੀ ਹਰੀ’ ਪੰਜਾਬੀ ਕਾਵਿ-ਜਗਤ ਦੀਆਂ ਲਾਸਾਨੀ ਰਚਨਾਵਾਂ ਹਨ। ਉਨ੍ਹਾਂ ਦੇ ਗੀਤਾਂ ਦੇ ਸੰਗ੍ਰਹਿ ‘ਆਹ ਲੈ ਮਾਏ ਸਾਂਭ ਕੁੰਜੀਆਂ’ ਅਤੇ ‘ਪੱਖੀ ਘੁੰਗਰੂਆਂ ਵਾਲੀ’ ਨੇ ਉਨ੍ਹਾਂ ਨੂੰ ਲੋਕ-ਪੱਖੀ ਗੀਤਕਾਰ ਵਜੋਂ ਸਥਾਪਿਤ ਕੀਤਾ। ਉਨ੍ਹਾਂ ਦੇ ਲਿਖੇ ਗੀਤ ਅੱਜ ਵੀ ਪੰਜਾਬ ਦੇ ਪਿੰਡਾਂ ਦੀ ਫ਼ਿਜ਼ਾ ਵਿੱਚ ਗੂੰਜਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਸਮਾਂ ਜ਼ਰੂਰ ਆਵੇਗਾ’ (ਨਾਟਕ) ਅਤੇ ‘ਭੁਲੇਖਾ ਪੈ ਗਿਆ’ (ਕਹਾਣੀਆਂ) ਰਾਹੀਂ ਵਾਰਤਕ ਦੇ ਖੇਤਰ ਵਿੱਚ ਵੀ ਆਪਣੀ ਮੋਹਰ ਲਵਾਈ।

ਸਰਕਾਰੀ ਦਰਬਾਰੋਂ ਭਾਵੇਂ ਉਨ੍ਹਾਂ ਨੂੰ ਉਹ ਮਾਣ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ, ਪਰ ਪੰਜਾਬ ਅਤੇ ਹਰਿਆਣਾ ਦੀ ਹਰ ਇੱਕ ਵੱਡੀ ਸਾਹਿਤਕ ਸੰਸਥਾ ਨੇ ਗ਼ਜ਼ਲ ਦੇ ਇਸ ਬਾਬਾ ਬੋਹੜ ਨੂੰ ਬਣਦਾ ਮਾਣ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ।

ਦੀਪਕ ਜੈਤੋਈ ਦੀ ਜ਼ਿੰਦਗੀ ਫਕੀਰੀ ਦੀ ਮਿਸਾਲ ਸੀ। ਤੰਗੀਆਂ, ਫਾਕੇ ਅਤੇ ਮੁਸ਼ਕਲਾਂ ਉਨ੍ਹਾਂ ਦੇ ਸਾਥੀ ਰਹੇ, ਪਰ ਉਨ੍ਹਾਂ ਦੀ ਅਣਖ, ਗ਼ੈਰਤ ਅਤੇ ਸਵੈ-ਸਨਮਾਨ ਕਦੇ ਡੋਲਿਆ ਨਹੀਂ। ਉਹ ਬਹੁਤ ਸਾਦਾ ਜੀਵਨ ਜਿਉਂਦੇ ਸਨ, ਘੱਟ ਬੋਲਦੇ ਸਨ ਅਤੇ ਵੱਧ ਲਿਖਦੇ ਸਨ। ਨਿੱਜੀ ਤੌਰ ’ਤੇ ਮੈਨੂੰ ਬੇਹੱਦ ਮਾਣ ਹੈ ਕਿ ਮੈਨੂੰ ਉਸਤਾਦ ਦੀਪਕ ਜੈਤੋਈ ਦਾ ਥਾਪੜਾ ਪ੍ਰਾਪਤ ਹੋਇਆ। ਮੈਂ ਉਨ੍ਹਾਂ ਨੂੰ ਬਹੁਤ ਨੇੜਿਓਂ ਦੇਖਿਆ। ਉਹ ਜਿਵੇਂ ਲਿਖਦੇ ਸਨ, ਓਹੋ ਜਿਹਾ ਹੀ ਜਿਉਂਦੇ ਸਨ। ਨਾ ਦਿਖਾਵਾ, ਨਾ ਹਉਮੇ। ਫੱਕਰ ਸੁਭਾਅ ਦੇ ਮਸਤ ਇਨਸਾਨ, ਜਿਨ੍ਹਾਂ ਦੀ ਸੰਗਤ ਮਨੁੱਖ ਨੂੰ ਅੰਦਰੋਂ ਰੌਸ਼ਨ ਕਰ ਦਿੰਦੀ ਸੀ। ਉਹ ਸ਼ਾਗਿਰਦਾਂ ਨੂੰ ਸਿਰਫ਼ ਸ਼ਾਇਰ ਨਹੀਂ, ਚੰਗਾ ਇਨਸਾਨ ਬਣਨ ਦੀ ਸਿੱਖਿਆ ਦਿੰਦੇ ਸਨ।

ਉਹ ਜਦੋਂ ਘਰੋਂ ਨਿਕਲਦੇ ਤਾਂ ਲੱਗਦਾ ਸੀ ਜਿਵੇਂ ਕੋਈ ਦਰਵੇਸ਼ ਆਪਣੇ ਅੰਦਰਲੇ ਸਫ਼ਰ ’ਤੇ ਰਵਾਨਾ ਹੋਇਆ ਹੋਵੇ। ਗਰਮੀ ਦੀ ਤਪਦੀ ਧੁੱਪ ਹੋਵੇ ਜਾਂ ਸਰਦੀ ਦੀ ਠੰਢੀ ਚੁੱਪ, ਮੀਂਹ ਝੜੀ ਲੱਗੀ ਹੋਵੇ ਜਾਂ ਨੀਲੇ ਅਸਮਾਨ ਦੀ ਖਾਮੋਸ਼ ਰੌਸ਼ਨੀ ਹੋਵੇ, ਉਨ੍ਹਾਂ ਲਈ ਮੌਸਮ ਸਿਰਫ਼ ਇੱਕ ਪਰਦਾ ਹੁੰਦਾ ਸੀ। ਸਰੀਰ ’ਤੇ ਸਾਦਾ ਕੁੜਤਾ-ਪਜਾਮਾ, ਜਿਵੇਂ ਸਾਦਗੀ ਦੀ ਚਾਦਰ ਓੜ੍ਹੀ ਹੋਵੇ ਅਤੇ ਹੱਥ ਵਿੱਚ ਛੱਤਰੀ ਜਿਵੇਂ ਫਕੀਰੀ ਦੀ ਲਾਠੀ ਹੋਵੇ ਜੋ ਧੁੱਪ ਤੇ ਮੀਂਹ ਦੋਵਾਂ ਨਾਲ ਗੱਲਾਂ ਕਰਦੀ ਸੀ। ਬਾਜ਼ਾਰਾਂ ਦੀ ਭੀੜ ਵਿੱਚੋਂ ਲੰਘਦੇ ਹੋਏ ਵੀ ਉਹ ਭੀੜ ਦਾ ਹਿੱਸਾ ਨਹੀਂ ਬਣਦੇ ਸਨ। ਲੋਕਾਂ ਦੀ ਆਵਾਜਾਈ ਆਪਣੇ ਵੇਗ ਵਿੱਚ ਵਹਿੰਦੀ ਰਹਿੰਦੀ, ਪਰ ਉਹ ਆਪਣੀ ਧੁਨ ਵਿੱਚ ਆਪਣੇ ਅੰਦਰਲੇ ਸੁਰਾਂ ਦੇ ਨਾਲ ਕਦਮ ਮਿਲਾਉਂਦੇ ਹੋਏ ਚੁੱਪਚਾਪ ਤੁਰੇ ਜਾਂਦੇ। ਲੱਗਦਾ ਸੀ ਜਿਵੇਂ ਹਰ ਕਦਮ ’ਤੇ ਕੋਈ ਅਣਕਹੀ ਗ਼ਜ਼ਲ ਉਨ੍ਹਾਂ ਦੇ ਅੰਦਰ ਉਗ ਰਹੀ ਹੋਵੇ ਅਤੇ ਸ਼ਹਿਰ ਦਾ ਸ਼ੋਰ-ਸ਼ਰਾਬਾ ਉਨ੍ਹਾਂ ਦੇ ਅੰਦਰਲੀ ਚੁੱਪ ਅੱਗੇ ਹੌਲੀ ਹੌਲੀ ਮਿਟਦਾ ਜਾ ਰਿਹਾ ਹੋਵੇ।

12 ਫਰਵਰੀ 2005 ਨੂੰ ਜਦੋਂ ਪੰਜਾਬੀ ਗ਼ਜ਼ਲ ਦਾ ਇਹ ਦੀਪਕ ਬੁਝਿਆ ਤਾਂ ਲੱਗਾ ਜਿਵੇਂ ਸਾਹਿਤ ਦਾ ਇਕ ਯੁੱਗ ਅਸਤ ਹੋ ਗਿਆ ਹੋਵੇ, ਪਰ ਅਜਿਹੇ ਦੀਵੇ ਬੁੱਝਦੇ ਨਹੀਂ ਹੁੰਦੇ, ਉਹ ਚੁੱਪਚਾਪ ਅਗਲੀ ਪੀੜ੍ਹੀ ਦੇ ਹੱਥਾਂ ਵਿੱਚ ਰੌਸ਼ਨੀ ਸੌਂਪ ਜਾਂਦੇ ਹਨ। ਨਿਰਸੰਦੇਹ ਉਸਤਾਦ ਸ਼ਾਇਰ ਦੀਪਕ ਜੈਤੋਈ ਅਜੇ ਵੀ ਆਪਣੀ ਗ਼ਜ਼ਲ, ਆਪਣੇ ਸ਼ਾਗਿਰਦਾਂ ਅਤੇ ਪੰਜਾਬੀ ਜ਼ੁਬਾਨ ਦੀ ਧੜਕਣ ਵਿੱਚ ਜਿਉਂਦੇ ਹਨ।

ਸੰਪਰਕ:+1-604-308-6663

Advertisement
×