DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Canada Trade Dispute: ਟਰੰਪ ਦੇ ਅੜੀਅਲ ਰਵੱਈਏ ਕਾਰਨ ਟੁੱਟੀ ਕੈਨੇਡਾ ਤੇ ਅਮਰੀਕਾ ਵਪਾਰ ਸਮਝੌਤੇ ਦੀ ਗੱਲਬਾਤ

ਅਮਰੀਕਾ ਵੱਲੋਂ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਕੈਨੇਡਾ ਦਾ ਪਲਟਵਾਰ; ਓਟਾਵਾ ਨੇ ਆਪਣੀ ਵਾਰਤਾ ਟੀਮ ਵਾਪਸ ਬੁਲਾਈ

  • fb
  • twitter
  • whatsapp
  • whatsapp
featured-img featured-img
ਟਰੰਪ ਦੇ ਅੜੀਅਲ ਰਵੱਈਏ ਕਾਰਨ ਟੁੱਟੀ ਕੈਨੇਡਾ ਤੇ ਅਮਰੀਕਾ ਵਪਾਰ ਸਮਝੌਤੇ ਦੀ ਗੱਲਬਾਤ
Advertisement

ਦੋ ਹਫ਼ਤਿਆਂ ਤੋਂ ਕੈਨੇਡਾ ਤੇ ਅਮਰੀਕਾ ਵਿਚਾਲੇ ਆਪਸੀ ਵਪਾਰਕ ਸਮਝੌਤਾ ਨਵਿਆਉਣ ਨੂੰ ਲੈ ਕੇ ਚੱਲ ਰਹੀ ਗੱਲਬਾਤ ਆਖਰੀ ਮੌਕੇ ਟੁੱਟ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਮਝੌਤੇ ਦੇ ਵਿਚਾਰ-ਵਟਾਂਦਰੇ ਲਈ ਭੇਜੀ ਆਪਣੀ ਭਰੋਸੇਯੋਗ ਤੇ ਉੱਚ-ਸ਼ਕਤੀ ਟੀਮ ਵਾਪਸ ਓਟਾਵਾ ਬੁਲਾ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਦੇ ਡਾਲਰ ਨਾਲ ਡਾਲਰ ਦਾ ਹਿਸਾਬ ਕਰਕੇ ਹੀ ਵਪਾਰ ਅੱਗੇ ਵਧਾਇਆ ਜਾਵੇਗਾ ਅਤੇ ਸ਼ਰਤਾਂ ਅਧੀਨ ਕੋਈ ਗੱਲ ਨਹੀਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅੱਧੀ ਰਾਤ ਨੂੰ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ 50% ਟੈਰਿਫ ਨਾਲ ਸਿੱਝ ਲਿਆ ਜਾਵੇਗਾ।

ਕੁਝ ਸਾਲ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਹੋਇਆ ਵਪਾਰ ਸਮਝੌਤਾ ਲੰਘੇ ਮੰਗਲਵਾਰ ਤੱਕ ਸੀ, ਪਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਦੀ ਮਿਆਦ ਤਿੰਨ ਦਿਨ ਲਈ ਵਧਾਉਂਦੇ ਸਮੇਂ ਐਲਾਨ ਕੀਤਾ ਗਿਆ ਸੀ ਕਿ ਸਮਝੌਤਾ ਹੋ ਚੁੱਕਾ ਹੈ, ਪਰ ਉਸ ਨੂੰ ਲਿਖਤੀ ਰੂਪ ਵਿੱਚ ਲਿਆਉਣ ਲਈ ਇੱਕ-ਦੋ ਦਿਨ ਲੱਗ ਸਕਦੇ ਹਨ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿਹਾ ਸੀ ਕਿ ਉਹ ਸ਼ਰਾਬ ਠੇਕੇਦਾਰਾਂ ਨੂੰ ਹੁਕਮ ਦੇ ਕੇ ਅਮਰੀਕੀ ਸ਼ਰਾਬ ਵੇਚਣਾ ਸ਼ੁਰੂ ਕਰਨ। ਪਰ ਅੱਜ ਦੇਰ ਸ਼ਾਮ ਸਮਝੌਤੇ ਦੀਆਂ ਸਾਰੀਆਂ ਉਮੀਦਾਂ ਢਹਿ-ਢੇਰੀ ਹੋ ਗਈਆਂ ਹਨ।

Advertisement

ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਵਪਾਰਕ ਟੈਰਿਫਾਂ ਕਾਰਨ ਖ਼ਰਾਬ ਹੋਏ ਆਪਸੀ ਸਬੰਧ ਸੁਧਾਰਨਾ ਚਾਹੁੰਦੇ ਸਨ, ਪਰ ਉਹ ਇੰਨੇ ਵੀ ਮਜਬੂਰ ਨਹੀਂ ਹਨ ਕਿ ਅਮਰੀਕਾ ਦੀ ਹਰ ਸ਼ਰਤ ਅੱਗੇ ਗੋਡੇ ਟੇਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਹੁੰਦੇ ਰਹੇ 28 ਅਰਬ ਡਾਲਰ ਦੇ ਵਪਾਰ ਨੂੰ ਹੋਰ ਦੇਸ਼ਾਂ ਤੱਕ ਫੈਲਾ ਕੇ ਆਪਣੇ ਦੇਸ਼ ਦੀ ਇੰਡਸਟਰੀ ਅਤੇ ਕਾਮਿਆਂ ਦੀ ਹਰ ਪੱਖੋਂ ਬਾਂਹ ਫੜਨਗੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਹੁਣ ਅਮਰੀਕਾ ਨਾਲ ਡਾਲਰ-ਡਾਲਰ ਦਾ ਹਿਸਾਬ ਕੀਤਾ ਜਾਵੇਗਾ।

Advertisement

ਵਪਾਰਕ ਗੱਲਬਾਤ ਮੁਅੱਤਲ

ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਬਿਆਨ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵਪਾਰਕ ਗੱਲਬਾਤ ਹਾਲ ਦੀ ਘੜੀ ਮੁਅੱਤਲ ਕਰ ਰਿਹਾ ਹੈ ਅਤੇ ਸਮਝੌਤਾ ਟੀਮ ਨੂੰ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਤੈਅਸ਼ੁਦਾ ਸਮਝੌਤੇ ਵਿੱਚ ਐਨ ਮੌਕੇ ’ਤੇ ਪੇਸ਼ ਕੀਤੀਆਂ ਸੋਧਾਂ ਗ਼ੈਰ-ਜ਼ਰੂਰੀ ਅਤੇ ਆਰਥਿਕ ਪੱਖੋਂ ਕੈਨੇਡਾ ਲਈ ਨੁਕਸਾਨਦੇਹ ਤਾਂ ਹਨ ਹੀ, ਨਾਲ ਦੀ ਨਾਲ ਇਹ ਸਮਝੌਤੇ ਦੀ ਭਰੋਸੇਯੋਗਤਾ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਂਦੀਆਂ ਹਨ।

ਪ੍ਰਧਾਨ ਮੰਤਰੀ ਮਾਰਕ ਕਾਰਨੀ, ਜੋ ਖ਼ੁਦ ਵੱਡੇ ਅਰਥਸ਼ਾਸਤਰੀ ਹਨ, ਨੇ ਕਿਹਾ ਕਿ ਕੁਝ ਮਹੀਨਿਆਂ ਵਿੱਚ ਹੋਈ ਅਰਥਚਾਰੇ ਦੀ ਤਰੱਕੀ ਕੈਨੇਡਾ ਦੇ ਉਦੇਸ਼ ਪੂਰੇ ਕਰਨ ਲਈ ਕਾਫ਼ੀ ਨਹੀਂ ਸੀ। ਸੋ ਉਨ੍ਹਾਂ ਦੀ ਸਰਕਾਰ ਉਕਤ ਉਦੇਸ਼ਾਂ ਲਈ ਅਮਰੀਕੀ ਬਾਜ਼ਾਰ ਤੱਕ ਵਿਆਪਕ ਪਹੁੰਚ ਬਰਕਰਾਰ ਰੱਖਣਾ ਚਾਹੁੰਦੀ ਸੀ, ਜਿਸ ਵਿੱਚ ਮੁੱਖ ਖੇਤਰਾਂ ’ਤੇ ਟੈਰਿਫ ਘਟਾਉਣਾ ਅਤੇ ਕੈਨੇਡੀਅਨ ਕਾਰੋਬਾਰਾਂ ਦੀ ਸੁਰੱਖਿਆ ਕਰਨਾ ਸ਼ਾਮਲ ਸੀ, ਪਰ ਤਮਾਮ ਯਤਨਾਂ ਦੇ ਬਾਵਜੂਦ ਇੰਜ ਨਹੀਂ ਹੋ ਸਕਿਆ। ਉਨ੍ਹਾਂ ਕੈਨੇਡਿਆਈ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕੈਨੇਡਾ ਜਲਦੀ ਹੀ ਆਲਮੀ ਪੱਧਰ ’ਤੇ ਹੋਰ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਰਕੇ ਇਹ ਘਾਟ ਪੂਰੀ ਕਰ ਲਵੇਗਾ।

Advertisement
×