ਤਾਇਆ ਸ਼ਾਹ ਜੀ...
ਤਾਇਆ ਸ. ਸੰਤਾ ਸਿੰਘ ਜੀ ਉਰਫ਼ ਤਾਇਆ ਸ਼ਾਹ, ਗੋਰਾ ਚਿੱਟਾ, ਲਾਲ ਸੂਹਾ ਰੰਗ ਤੇ ਬਿੱਲੀਆਂ ਅੱਖਾਂ। ਉਸ ਦਾ ਅੱਡਾ ਨਵੇਂ ਖੂਹ ’ਤੇ ਸੀ ਜਿੱਥੇ ਵੱਡੀ ਸਾਰੀ ਛੰਨ ’ਚ ਉਹ ਡੰਗਰ ਰੱਖਦਾ ਸੀ। ਸਿਆਲ ਨੂੰ ਇੱਕ ਪਾਸੇ ਪਸ਼ੂ ਬੱਧੇ ਹੁੰਦੇ ਅਤੇ...
ਤਾਇਆ ਸ. ਸੰਤਾ ਸਿੰਘ ਜੀ ਉਰਫ਼ ਤਾਇਆ ਸ਼ਾਹ, ਗੋਰਾ ਚਿੱਟਾ, ਲਾਲ ਸੂਹਾ ਰੰਗ ਤੇ ਬਿੱਲੀਆਂ ਅੱਖਾਂ। ਉਸ ਦਾ ਅੱਡਾ ਨਵੇਂ ਖੂਹ ’ਤੇ ਸੀ ਜਿੱਥੇ ਵੱਡੀ ਸਾਰੀ ਛੰਨ ’ਚ ਉਹ ਡੰਗਰ ਰੱਖਦਾ ਸੀ। ਸਿਆਲ ਨੂੰ ਇੱਕ ਪਾਸੇ ਪਸ਼ੂ ਬੱਧੇ ਹੁੰਦੇ ਅਤੇ ਦੂਜੇ ਪਾਸੇ ਤਾਏ ਦਾ ਮੰਜਾ ਹੁੰਦਾ। ਬੀਤੇ ਸਮਿਆਂ ਵਿੱਚ ਅਕਸਰ ਹਵੇਲੀ ਜਾਂ ਖੂਹ ’ਤੇ ਹੀ ਸਾਡੇ ਬਜ਼ੁਰਗ ਆਪਣੇ ਪਸ਼ੂਆਂ ਨੂੰ ਰੱਖਦੇ ਸਨ ਅਤੇ ਉਨ੍ਹਾਂ ਦੇ ਕੋਲ ਡੰਗਰਾਂ ਦੇ ਨਿੱਘ ਵਿੱਚ ਹੀ ਸਿਆਲ ਦੀਆਂ ਠੰਢੀਆਂ ਰਾਤਾਂ ਕੱਟਦੇ ਸਨ। ਤਾਏ ਦਾ ਇੱਕ ਗੇੜਾ ਪਿੰਡ ਨੂੰ ਰੋਜ਼ ਵੱਜਦਾ ਤਾਂ ਉਸ ਦੇ ਕੱਪੜੇ ਬਹੁਤ ਸਾਫ਼ ਸੁੱਥਰੇ ਹੁੰਦੇ ਸਨ।
ਉਸ ਦੀਆਂ ਪਿੰਡ ਵਿੱਚ ਬੜੀਆਂ ਸਾਝਾਂ ਸਨ। ਉਹ ਲੋਕਾਂ ਨੂੰ ਵਿਆਜੂ ਪੈਸੇ ਦਿੰਦਾ ਸੀ। ਕਈ ਵਾਰ ਉਧਾਰ ਦਿੱਤੇ ਪੈਸਿਆਂ ਦੇ ਇਵਜ਼ ਵਿੱਚ ਜ਼ਮੀਨ ਗਹਿਣੇ ਲੈ ਲੈਂਦਾ ਸੀ। ਜੇਕਰ ਕਿਸੇ ਗ਼ਰੀਬ ਹਮਾਤੜ ਕੋਲੋਂ ਪੈਸੇ ਵਾਪਸ ਨਾ ਹੁੰਦੇ ਤਾਂ ਉਸ ਨੂੰ ਤਾਏ ਸ਼ਾਹ ਕੋਲ ਆਪਣੀ ਜ਼ਮੀਨ ਹੀ ਵੇਚਣੀ ਪੈਂਦੀ ਸੀ। ਦਰਅਸਲ, ਉਸ ਦਾ ਨਾਮ ਸ਼ਾਹ ਵੀ ਏਸੇ ਕਰਕੇ ਪਿਆ ਕਿਉਂਕਿ ਉਹ ਪਿੰਡ ਵਿੱਚ ਸ਼ਾਹੂਕਾਰੀ ਕਰਦਾ ਸੀ, ਪਰ ਉਹ ਪੈਸੇ ਆਦਿ ਦਾ ਭੇਤ ਕਿਸੇ ਨੂੰ ਨਹੀਂ ਸੀ ਦਿੰਦਾ।
ਤਾਏ ਸ਼ਾਹ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਸਨ। ਇੱਕ ਵਿਆਹੀ ਹੋਈ ਧੀ ਦਾ ਦੇਹਾਂਤ ਹੋ ਚੁੱਕਾ ਸੀ। ਦੂਸਰੀ ਆਪਣੇ ਘਰ ਰੰਗੀਂ ਵੱਸਦੀ ਸੀ। ਵੱਡੇ ਦੋਵੇਂ ਪੁੱਤਰਾਂ ਦੇ ਵਿਅਹ ਵੀ ਜਲਦੀ ਹੀ ਕਰ ਦਿੱਤੇ ਸਨ, ਪਰ ਉਸ ਨੂੰ ਆਪਣੇ ਪੁੱਤਰਾਂ ਦੀ ਪੜ੍ਹਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਵੱਡਾ ਬੇਟਾ ਥੋੜ੍ਹਾ ਜਿਹਾ ਪੜ੍ਹ ਕੇ ਪੁਲਾਂ ’ਤੇ ਕੰਮ ਕਰਨ ਲਈ ਅਸਾਮ ਚਲੇ ਗਿਆ। ਉਸ ਨੇ ਸਾਰੀ ਉਮਰ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਹੀ ਜ਼ਿੰਦਗੀ ਗੁਜ਼ਾਰੀ ਅਤੇ ਉਮਰ ਦੀ ਢਲਦੀ ਸ਼ਾਮ ਵੇਲੇ ਘਰ ਪਰਤਿਆ। ਉਹ ਆਪਣੇ ਪਰਿਵਾਰ ਲਈ ਉਹ ਕੁਝ ਨਾ ਕਰ ਸਕਿਆ ਜਿਸ ਦੀ ਤਾਏ ਨੇ ਆਸ ਕੀਤੀ ਸੀ। ਗਭਲਾ ਮੁੰਡਾ ਤਾਂ ਸਕੂਲ ਗਿਆ ਹੀ ਨਹੀਂ। ਉਹ ਬੜੀ ਜਲਦੀ ਵਾਹੀ ਦੇ ਕੰਮ ਅਤੇ ਗੱਡਾ ਵਾਹੁਣ ਵਿੱਚ ਮਾਹਰ ਹੋ ਗਿਆ ਜਿਸਦੇ ਸਿਰ ’ਤੇ ਵਾਹੀ ਦਾ ਸਮੁੱਚਾ ਭਾਰ ਸੀ। ਸਭ ਤੋਂ ਛੋਟਾ ਬੇਟਾ ਮੇਰੇ ਤੋਂ ਇੱਕ ਸਾਲ ਪਿੱਛੇ ਸਕੂਲ ਵਿੱਚ ਪੜ੍ਹਦਾ ਸੀ। ਉਹ ਨੌਂਵੀ ਜਮਾਤ ਵਿੱਚੋਂ ਫੇਲ੍ਹ ਹੋ ਗਿਆ ਤਾਂ ਤਾਏ ਨੇ ਉਸ ਨੂੰ ਪੜ੍ਹਨੋਂ ਹੀ ਹਟਾ ਲਿਆ ਅਤੇ ਵਾਹੀ ਕਰਨ ਲਾ ਲਿਆ। ਕੁਝ ਸਮੇਂ ਤੋਂ ਬਾਅਦ ਉਹ ਵੀ ਪੁਲਾਂ ’ਤੇ ਚਲਾ ਗਿਆ। ਮੈਂ ਤਾਏ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਕਿ ਉਸ ਨੂੰ ਦੁਬਾਰਾ ਸਕੂਲ ਪੜ੍ਹਨ ਲਾ ਦਿਓ। ਅਗਲੀ ਵਾਰ ਉਸ ਨੇ ਪਾਸ ਤਾਂ ਹੋ ਹੀ ਜਾਣਾ ਏ, ਪਰ ਤਾਏ ਨੂੰ ਤਾਂ ਕੰਮ ਦਾ ਲਾਲਚ ਸੀ, ਇਸ ਲਈ ਉਹ ਬਿਲਕੁਲ ਨਾ ਮੰਨਿਆ। ਉਹ ਚਾਹੁੰਦਾ ਸੀ ਕਿ ਉਹ ਵੀ ਜਲਦੀ ਕਮਾਈ ਕਰਨ ਲੱਗੇ। ਪੜ੍ਹ ਕੇ ਕਿਹੜਾ ਇਸ ਨੇ ਅਫ਼ਸਰ ਬਣਨਾ ਏ? ਤਾਏ ਨੇ ਤਾਂ ਮੇਰੇ ਪਿਤਾ ਜੀ ਨੂੰ ਵੀ ਕਿਹਾ ਸੀ ਕਿ ਬਖ਼ਸ਼ੀ ਨੂੰ ਹਲ਼ ਫੜਾ ਅਤੇ ਆਪਣੇ ਆਪ ਨੂੰ ਸੌਖਾ ਕਰ। ਜੱਟਾਂ ਦੇ ਮੁੰਡੇ ਨਹੀਂ ਪੜ੍ਹਦੇ ਹੁੰਦੇ। ਆਖਰ ਨੂੰ ਹਲ਼ ਹੀ ਵਾਹੁਣਾ ਏ। ਦਰਅਸਲ, ਇਹੀ ਵੱਡਾ ਫ਼ਰਕ ਸੀ ਮੇਰੇ ਪਿਤਾ ਜੀ ਅਤੇ ਤਾਏ ਵਿੱਚ। ਮੇਰੇ ਪਿਤਾ ਜੀ ਨੇ ਮੇਰੇ ਪ੍ਰੈਪ ਵਿੱਚੋਂ ਫੇਲ੍ਹ ਹੋਣ ’ਤੇ ਕਿਹਾ ਸੀ ਕਿ ਤੂੰ ਕਿਹੜਾ ਬੁੱਢਾ ਹੋ ਗਿਆ ਏਂ? ਅਗਲੇ ਸਾਲ ਪਾਸ ਹੋ ਜਾਵੇਂਗਾ। ਦਰਅਸਲ, ਮਾਪਿਆਂ ਦੀ ਇਹੀ ਹੱਲਾਸ਼ੇਰੀ ਹੁੰਦੀ ਹੈ ਜੋ ਔਲਾਦ ਨੂੰ ਅੱਗੇ ਵਧਣ ਅਤੇ ਨਵੀਆਂ ਮੰਜ਼ਲਾਂ ਦਾ ਸਿਰਨਾਵਾਂ ਦਿੰਦੀ ਹੈ।
ਤਾਈ ਦਾ ਦੇਹਾਂਤ ਤਾਂ ਸਭ ਤੋਂ ਛੋਟੇ ਬੇਟੇ ਦੇ ਜਨਮ ਤੋਂ ਬਾਅਦ ਜਲਦੀ ਹੀ ਹੋ ਗਿਆ ਸੀ। ਬੱਚੇ ਮੇਰੀ ਦਾਦੀ ਨੇ ਹੀ ਪਾਲੇ ਸਨ। ਤਾਏ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਜਾਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਬਜਾਏ ਉਨ੍ਹਾਂ ਨੂੰ ਜਲਦੀ ਕੰਮ ਧੰਦੇ ’ਤੇ ਲਾ ਕੇ ਖ਼ੁਦ ਸੁਰਖਰੂ ਹੋਣ ਦੀ ਕਾਹਲ ਸੀ।
ਤਾਇਆ ਸ਼ਾਹ ਜੀ ਦੇ ਮੁਕਲਾਵੇ ਨਾਲ ਜੁੜੀ ਬੜੀ ਦਿਲਚਸਪ ਗੱਲ ਰਾਜੇ ਕਿਹਰ ਸਿੰਘ ਨੇ ਸੁਣਾਈ ਸੀ। ਜਦੋਂ ਤਾਇਆ ਸਹੁਰਿਆਂ ਦੇ ਪਿੰਡ ਸੰਗੋਜਲਾ ਮੁਕਲਾਵਾ ਲੈਣ ਗਿਆ ਤਾਂ ਉਸ ਨਾਲ ਰਾਜਾ ਕਿਹਰ ਸਿੰਘ ਵੀ ਗਿਆ। ਸ਼ਾਮ ਨੂੰ ਜਦੋਂ ਉਹ ਜੰਗਲ ਪਾਣੀ ਲਈ ਬਾਹਰ ਖੇਤਾਂ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਚੋਬਰ ਛਾਲਾਂ ਮਾਰ ਰਹੇ ਸਨ। ਉਨ੍ਹਾਂ ਨੇ ਟਿੱਚਰ ਨਾਲ ਕਿਹਾ, ‘‘ਪ੍ਰਾਹੁਣਿਆ ਆ। ਸਾਡੇ ਨਾਲ ਛਾਲ ਮਾਰ ਕੇ ਦਿਖਾ ਕਿ ਤੂੰ ਕਿੰਨੀ ਵੱਡੀ ਛਾਲ ਮਾਰ ਲੈਂਨਾ?’’ ਇਹ ਸੁਣ ਕੇ ਤਾਇਆ ਤਾਂ ਕੁਝ ਨਾ ਬੋਲਿਆ, ਪਰ ਰਾਜਾ ਬੋਲਿਆ, ‘‘ਜਵਾਨੋ! ਪ੍ਰਾਹੁਣੇ ਨੇ ਤਾਂ ਸਹੁਰੀਂ ਆਉਂਦੇ ਹੀ ਰਹਿਣਾ। ਅੱਜ ਤੁਸੀਂ ਮੇਰੇ ਨਾਲ ਛਾਲ ਮਾਰ ਕੇ ਦੇਖ ਲਓ।’’ ਤੇ ਉਹ ਕੱਪੜੇ ਲਾਹ ਕੇ ਛਾਲ ਮਾਰਨ ਲਈ ਤਿਆਰ ਹੋ ਗਿਆ। ਜਦ ਰਾਜੇ ਨੇ ਛਾਲ ਮਾਰੀ ਤਾਂ ਛਾਲ ਚੋਬਰਾਂ ਨਾਲੋਂ ਹੱਥ ਭਰ ਅੱਗੇ ਸੀ। ਚੋਬਰ ਦੇਖਦੇ ਰਹਿ ਗਏ। ਰਾਜੇ ਨੇ ਆਪਣੇ ਕੱਪੜੇ ਚੁੱਕੇ ਅਤੇ ਕਹਿਣ ਲੱਗਾ, ‘‘ਭਲਵਾਨੋ! ਛੇ ਕੁ ਮਹੀਨੇ ਹੋਰ ਘਿਓ ਖਾਓ ਤੇ ਮਿਹਨਤ ਕਰੋ। ਫਿਰ ਪ੍ਰਾਹੁਣੇ ਨਾਲ ਛਾਲ ਮਾਰ ਲੈਣੀ।’’ ਛਿੱਥੇ ਹੋਏ ਪਿੰਡ ਦੇ ਮੁੰਡੇ ਆਪਣੀ ਟਿੱਚਰ ’ਤੇ ਖ਼ੁਦ ਹੀ ਸ਼ਰਮਿੰਦਾ ਹੋ ਗਏ।
ਤਾਇਆ ਸ਼ਾਹ ਬੜਾ ਅੜਬ ਅਤੇ ਗੁੱਸੇਖੋਰ ਸੀ। ਪਤਾ ਨਹੀਂ ਕਿਹੜੀ ਗੱਲ ਤੋਂ ਉਹ ਆਪਣੇ ਸਹੁਰਿਆਂ ਨਾਲ ਨਾਰਾਜ਼ ਹੋਇਆ ਕਿ ਉਹ ਸਾਰੀ ਉਮਰ ਆਪਣੇ ਸਹੁਰਿਆਂ ਦੇ ਘਰ ਨਾ ਵੜਿਆ ਅਤੇ ਨਾ ਹੀ ਉਨ੍ਹਾਂ ਨੂੰ ਦੋਹਤੇ/ਦੋਹਤੀਆਂ ਦੇ ਵਿਆਹ ਜਾਂ ਕਿਸੇ ਸਮਾਗਮ ’ਤੇ ਘਰ ਵੜਨ ਦਿੱਤਾ। ਉਸ ਦੇ ਪਰਿਵਾਰ ਦਾ ਕੋਈ ਵੀ ਜੀਅ ਉਸ ਦੀ ਅਵੱਗਿਆ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ। ਉਸ ਦਾ ਕੋਈ ਬੱਚਾ ਉਸ ਦੇ ਜਿਊਂਦੇ ਜੀਅ ਨਾਨਕੇ ਨਹੀਂ ਸੀ ਗਿਆ ਜਦੋਂ ਕਿ ਉਸ ਦੀ ਮੌਤ ਤੋਂ ਬਾਅਦ ਦੋਹਤਿਆਂ ਦਾ ਆਪਣੇ ਨਾਨਕੇ ਪਰਿਵਾਰ ਨਾਲ ਆਮ ਵਰਗਾ ਵਰਤਾਰਾ ਹੈ। ਤਾਇਆ ਸਿਰਫ਼ ਕਦੇ ਕਦਾਈਂ ਮੇਰੀ ਭੂਆ ਦੀ ਗੱਲ ਜ਼ਰੂਰ ਮੰਨਦਾ ਸੀ ਕਿਉਂਕਿ ਉਹ ਪਰਿਵਾਰ ਵਿੱਚ ਸਭ ਤੋਂ ਵੱਡੀ ਸੀ, ਪਰ ਜ਼ਰੂਰੀ ਨਹੀਂ ਕਿ ਉਸ ਦੀ ਹਰ ਗੱਲ ਹੀ ਮੰਨ ਲੈਂਦਾ ਸੀ।
ਪਿੰਡ ਵਿੱਚ ਅਕਸਰ ਵੱਟ ਬੰਨੇ ਜਾਂ ਖੂਹ ਦੀ ਵਾਰੀ ਤੋਂ ਨਿੱਕਾ ਮੋਟਾ ਬੋਲ-ਬੁਲਾਰਾ ਜਾਂ ਮਨ-ਮੁਟਾਵ ਹੋ ਜਾਣਾ ਸੁਭਾਵਿਕ ਹੀ ਹੁੰਦਾ ਹੈ ਕਿਉਂਕਿ ਖੇਤ ਤਾਂ ਨਾਲੋ-ਨਾਲ ਹੀ ਸਨ। ਫਿਰ ਤਾਏ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੁੰਦਾ ਸੀ। ਉਹ ਸਾਡੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਕੋਰੀ ਨਾਂਹ ਕਰਦਾ ਅਤੇ ਆਪਣੇ ਘਰ ਦੇ ਸਾਰੇ ਜੀਆਂ ਨੂੰ ਵੀ ਜਾਣ ਤੋਂ ਵਰਜਿਤ ਕਰ ਦਿੰਦਾ। ਦਰਅਸਲ, ਉਸ ਦਾ ਪਰਿਵਾਰ ’ਤੇ ਪੂਰਾ ਕੰਟਰੋਲ ਸੀ ਅਤੇ ਉਸ ਦੀ ਹੁਕਮ-ਅਦੂਲੀ ਕਰਨ ’ਤੇ ਬੇਦਖਲੀ ਦੀ ਧਮਕੀ ਅਕਸਰ ਹੀ ਦੇ ਦਿੰਦਾ। ਇਹ ਵੀ ਕਮਾਲ ਸੀ ਕਿ ਜਦੋਂ ਵੀ ਕਿਧਰੇ ਜ਼ੱਦੀ ਜ਼ਮੀਨ ਨੂੰ ਮਿਣਨ ਜਾਂ ਵੰਡ ਵੰਡਾਈ ਦੀ ਗੱਲ ਹੁੰਦੀ ਤਾਂ ਮੈਨੂੰ ਆਵਾਜ਼ ਮਾਰਦਾ। ਮੇਰੀ ਗਿਣਤੀ ਮਿਣਤੀ ’ਤੇ ਉਹ ਕੋਈ ਉਜਰ ਨਾ ਕਰਦਾ ਅਤੇ ਜਿਵੇਂ ਮੈਂ ਦੱਸਦਾ ਉਵੇਂ ਹੀ ਮੰਨ ਲੈਂਦਾ। ਸ਼ਾਇਦ ਉਸ ਨੂੰ ਮੇਰੇ ’ਤੇ ਵਿਸ਼ਵਾਸ ਸੀ ਕਿ ਬਖ਼ਸ਼ੀ ਕੁਝ ਗ਼ਲਤ ਨਹੀਂ ਕਰੇਗਾ।
ਮੇਰੇ ਵਿਆਹ ਵੇਲੇ ਉਹ ਕਿਸੇ ਗੱਲੋਂ ਮੇਰੇ ਪਿਤਾ ਜੀ ਨਾਲ ਨਾਰਾਜ਼ ਸੀ ਅਤੇ ਉਸ ਦੀ ਅੜੀ ਸੀ ਕਿ ਉਹ ਅਤੇ ਉਸ ਦੇ ਪਰਿਵਾਰ ਦਾ ਕੋਈ ਵੀ ਜੀਅ ਵਿਆਹ ਵਿੱਚ ਨਹੀਂ ਜਾਵੇਗਾ। ਭੂਆ ਨੇ ਵੀ ਬਥੇਰਾ ਜ਼ੋਰ ਲਾਇਆ, ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਭਾਈਚਾਰੇ ਦੇ ਵੀ ਕੁਝ ਸਿਆਣੇ ਲੋਕਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਜ਼ਿੱਦ ’ਤੇ ਕਾਇਮ ਸੀ। ਆਖਰ ਨੂੰ ਜੰਝ ਜਾਣ ਤੋਂ ਇੱਕ ਦਿਨ ਪਹਿਲਾਂ ਹਨੇਰੇ ਪਏ ਮੈਂ ਸਕੂਟਰ ’ਤੇ ਆਪਣੇ ਤਾਏ ਕੋਲ ਉਸ ਦੇ ਡੇਰੇ ’ਤੇ ਗਿਆ ਅਤੇ ਮਿੰਨਤ ਕੀਤੀ ਕਿ ‘‘ਤੁਸੀਂ ਵੱਡੇ ਹੋ। ਇੰਝ ਨਾ ਕਰੋ। ਮੇਰੇ ਵਾਸਤੇ ਮੇਰੇ ਵਿਆਹ ਵਿੱਚ ਤਾਂ ਸ਼ਾਮਲ ਹੋਵੇ। ਸ਼ਰੀਕੇ ਵਿੱਚ ਅਤੇ ਨਵੇਂ ਬਣੇ ਰਿਸ਼ਤੇਦਾਰਾਂ ਨੂੰ ਚੰਗਾ ਲੱਗੇਗਾ।’’ ਬੜੇ ਤਰਲੇ ਕੀਤੇ, ਪਰ ਉਹ ਬਿਲਕੁਲ ਨਾ ਮੰਨਿਆ। ਸਗੋਂ ਡੇਰੇ ਤੋਂ ਘਰ ਆਉਂਦੇ ਹੋਏ ਸਕੂਟਰ ਦਾ ਐਕਸੀਡੈਂਟ ਹੋ ਗਿਆ। ਮੈਂ ਡਿੱਗ ਪਿਆ ਅਤੇ ਸੱਜਾ ਗੁੱਟ ਠੁਕ ਗਿਆ। ਕਈ ਦਿਨਾਂ ਤੱਕ ਦਰਦ ਕਰਦਾ ਗੁੱਟ, ਆਪਣੇ ਤਾਏ ਦੀ ਜ਼ਿੱਦ ਦੇ ਸਾਹਮਣੇ ਮੈਨੂੰ ਠਿੱਠ ਕਰਦਾ ਰਿਹਾ।
ਤਾਇਆ ਸ਼ਾਹ ਖੂਹ ’ਤੇ ਹੀ ਦਿਨ-ਰਾਤ ਰਹਿੰਦਾ ਸੀ। ਉੱਥੇ ਕਈ ਵਾਰ ਮੈਂ ਮਾਹਲ ਸਿੰਘ ਉਰਫ਼ ਮਾਹਲੇ ਨੂੰ ਦੇਖਣਾ। ਉਹ ਤਾਏ ਦਾ ਯਾਰ ਸੀ। ਮਾਹਲਾ ਸਾਡੇ ਪਿੰਡ ਦਾ ਵੈਲੀ ਦਸ ਨੰਬਰੀਆ ਬੰਦਾ ਅਤੇ ਇਲਾਕੇ ਵਿੱਚ ਉਸ ਦੀ ਬਦਮਾਸ਼ੀ ਦੇ ਚਰਚੇ ਪ੍ਰਚੱਲਿਤ ਸਨ। ਉਸ ਦਾ ਆਉਣਾ ਮੇਰੇ ਲਈ ਅਚੰਭਾ ਸੀ, ਪਰ ਪਤਾ ਨਹੀਂ ਤਾਏ ਅਤੇ ਮਾਹਲੇ ਦੀ ਕਿਹੜੀ ਆੜੀ ਸੀ? ਮਾਹਲਾ ਦੀ ਆਪਣੀ ਢਾਣੀ ਵੀ ਖੂਹ ’ਤੇ ਹੀ ਸੀ। ਤਾਏ ਦੀ ਮਾਹਲੇ ਨਾਲ ਨੇੜਤਾ ਇੱਕ ਰਹੱਸ ਸੀ ਜੋ ਮੇਰੇ ਲਈ ਹੁਣ ਤੀਕ ਵੀ ਬਣਿਆ ਹੋਇਆ ਹੈ।
ਤਾਏ ਨੇ ਸ਼ਾਹੂਕਾਰੀ ਰਾਹੀਂ ਬਹੁਤ ਕਮਾਈ ਕੀਤੀ। ਬੁਢਾਪੇ ਵੇਲੇ ਉਸ ਨੇ ਆਪਣੀ ਜੋੜੀ ਹੋਈ ਕਮਾਈ ਤਾਂ ਇੱਕ ਪੁੱਤ ਨੂੰ ਦੇ ਦਿੱਤੀ ਜਦੋਂ ਕਿ ਜ਼ਮੀਨ ਤਿੰਨਾਂ ਪੁੱਤਾਂ ਵਿੱਚ ਵੰਡ ਦਿੱਤੀ। ਉਸ ਨੂੰ ਆਸ ਸੀ ਕਿ ਇੱਕ ਹੀ ਪੁੱਤ ਨੂੰ ਦਿੱਤੇ ਪੈਸੇ ਕਾਰਨ ਉਸ ਦਾ ਬੁਢਾਪਾ ਬਹੁਤ ਸੁਖਾਲਾ ਹੋਵੇਗਾ, ਪਰ ਹੋਇਆ ਇਸ ਦੇ ਉਲਟ। ਜੀਵਨ ਦੇ ਆਖਰੀ ਪਹਿਰ ਵਿੱਚ ਉਸ ਵੱਲੋਂ ਬਹੁਤ ਅਣਗੌਲਿਆ ਜਾਣ ਲੱਗਾ ਜਿਸ ਨੂੰ ਉਹ ਆਪਣਾ ਸਭ ਤੋਂ ਨੇੜਲਾ ਸਮਝਦਾ ਸੀ। ਉਹ ਅਕਸਰ ਮੇਰੇ ਪਿਤਾ ਜੀ ਯਾਨੀ ਆਪਣੇ ਛੋਟੇ ਭਰਾ ਨਾਲ ਮਨ ਦਾ ਭਾਰ ਹਲਕਾ ਕਰਦਾ। ਭਲੇ ਸਮਿਆਂ ਵਿੱਚ ਇੱਕ ਦੂਜੇ ਨੂੰ ਦੇਖ ਕੇ ਨਾ ਸੁਖਾਣ ਵਾਲੇ ਭਰਾਵਾਂ ਦੀ ਸਾਂਝ ਆਖਰੀ ਉਮਰੇ ਪੀਢੀ ਹੋ ਗਈ ਜਦੋਂ ਤਾਏ ਕੋਲੋਂ ਉਸ ਦੇ ਆਪਣਿਆਂ ਨੇ ਮੋਢਾ ਖਿਸਕਾ ਲਿਆ ਜਿਸ ’ਤੇ ਸਿਰ ਰੱਖ ਕੇ ਉਹ ਆਪਣਾ ਦੁੱਖੜਾ ਸੁਣਾ ਸਕਦਾ ਸੀ। ਉਸ ਨੇ ਆਪਣੇ ਜੀਵਨ ਦੀਆਂ ਆਖਰੀ ਘੜੀਆਂ ਉਸ ਪੁੱਤ ਕੋਲੋਂ ਸੇਵਾ ਕਰਵਾ ਕੇ ਲੰਘਾਈਆਂ ਜਿਸ ਨੂੰ ਉਹ ਸਾਰੀ ਉਮਰ ਹੀ ਨਕਾਰਦਾ ਰਿਹਾ।
ਜੀਵਨ ਦੀਆਂ ਰੰਗ-ਬਿਰੰਗੀਆਂ ਰੁੱਤਾਂ ਮਾਣ, ਸ਼ਾਹ ਜੀ ਵੱਜੋਂ ਨਾਮਣਾ ਖੱਟਣ ਵਾਲੇ, ਸਾਰੀ ਉਮਰ ਮਨਮਰਜ਼ੀ ਕਰਨ ਵਾਲੇ ਅਤੇ ਆਪਣੀ ਜ਼ਿੱਦ ਪੁਗਾਉਣ ਵਾਲੇ ਤਾਏ ਸ਼ਾਹ ਨੂੰ ਜਦੋਂ ਹੁਣ ਵੀ ਯਾਦ ਕਰਦਾ ਹਾਂ ਤਾਂ ਸੱਜੇ ਗੁੱਟ ਦੀ ਪੀੜ ਫਿਰ ਜਾਗ ਪੈਂਦੀ ਹੈ ਜੋ ਤਾਏ ਦੀ ਜ਼ਿੱਦ ਨੇ ਮੈਨੂੰ ਉਸ ਵਕਤ ਦਿੱਤੀ ਜਦੋਂ ਮੈਂ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰਨ ਲਈ, ਉਸ ਦੀ ਅਸੀਸ ਲੈਣ ਵਾਸਤੇ, ਉਸ ਦੇ ਸਾਹਵੇਂ ਬਹਿ ਕੇ ਮਿੰਨਤਾਂ ਕੀਤੀਆਂ ਸਨ। ਖ਼ੈਰ! ਤਾਇਆ ਸ਼ਾਹ ਜਿੱਥੇ ਵੀ ਹੋਵੇ ਰੱਬ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਬੱਚੇ ਤਾਂ ਆਪਣੇ ਵਡੇਰਿਆਂ ਦੀਆਂ ਅਰਦਾਸਾਂ ਦਾ ਹੀ ਖੱਟਿਆ ਖਾਂਦੇ ਹਨ।
ਸੰਪਰਕ: 216-556-2080

