ਹਰਜੀਤ ਅਟਵਾਲ
ਇੱਥੇ ਜਦੋਂ ਛੱਤਰੀ ਦੀ ਗੱਲ ਹੋ ਰਹੀ ਹੈ ਤਾਂ ਇਸ ਤੋਂ ਭਾਵ ਉਹ ਛੱਤਰੀ ਨਹੀਂ ਜੋ ਤੁਹਾਨੂੰ ਧੁੱਪ-ਮੀਂਹ ਤੋਂ ਬਚਾਉਂਦੀ ਹੈ, ਸਗੋਂ ਛੱਤਰੀ ਜਾਂ ਅੰਗਰੇਜ਼ੀ ਵਿਚ ਅੰਬਰੇਲਾ ਅੰਗਰੇਜ਼ੀ ਦੀ ਇਕ ਟਰਮ ਹੈ ਜਿਸ ਦਾ ਮਤਲਬ ਹੁੰਦਾ ਹੈ- ਗੁੰਬਦ, ਸਮਾਰਕ, ਮੌਨੂਮੈਂਟ। ਇਵੇਂ ਹੀ ਰਾਜਾ ਰਾਮ ਮੋਹਨ ਰਾਏ (1772-1833) ਦੀ ਕਬਰ ’ਤੇ ਬਣਾਏ ਹੋਏ ਗੁੰਬਦ ਨੂੰ ਰਾਜਾ ਰਾਮ ਮੋਹਨ ਰਾਏ ਦੀ ਛੱਤਰੀ ਕਿਹਾ ਜਾਂਦਾ ਹੈ। ਇਹ ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਦੇ ਆਰਨਸ ਵੇਲ ਸਮਿਟਰੀ ਨਾਮੀ ਕਬਰਸਤਾਨ ਵਿਚ ਸਥਿਤ ਹੈ। ਅਸਲ ਵਿਚ ਰਾਜਾ ਰਾਮ ਮੋਹਨ ਰਾਏ ਦੀ 27 ਸਤੰਬਰ 1833 ਨੂੰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਉਸ ਵੇਲੇ ਉਹ ਬੀਚ ਹਾਊਸ, ਸਟੈਪਲਟਨ ਗਰੋਵ, ਬ੍ਰਿਸਟਲ ਵਿਚ ਠਹਿਰੇ ਹੋਏ ਸਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਯੂਨੀਟੇਰੀਅਨ ਦੋਸਤਾਂ ਵੱਲੋਂ ਬੀਚ ਹਾਊਸ ਵਿਚ ਹੀ ਦਫ਼ਨਾ ਦਿੱਤਾ ਗਿਆ ਸੀ, ਪਰ ਸਾਢੇ ਨੌਂ ਸਾਲ ਬਾਅਦ ਉਨ੍ਹਾਂ ਦੀ ਦੇਹ ਨੂੰ ਉੱਪਰ ਦੱਸੇ ਕਬਰਸਤਾਨ ਵਿਚ ਲੈ ਜਾਇਆ ਗਿਆ ਸੀ ਕਿਉਂਕਿ ਉਨ੍ਹਾਂ ਦੀ ਯਾਦ ਵਿਚ ਸਮਾਰਕ ਬਣਾਉਣ ਲਈ ਪਹਿਲੀ ਥਾਂ ’ਤੇ ਘਾਟ ਸੀ।
ਜਦੋਂ ਮੈਂ ਇੰਗਲੈਂਡ ਵਿਚ ਆ ਕੇ ਇੱਥੇ ਵਸੇ ਪਹਿਲੇ ਭਾਰਤੀਆਂ ਦੀਆਂ ਪੈੜਾਂ ਦੱਬਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਵਿਚ ਰਾਜਾ ਰਾਮ ਮੋਹਨ ਰਾਏ ਦਾ ਨਾਂ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਉਂਦਾ ਸੀ। ਉਨ੍ਹਾਂ ਨੇ ਇੰਗਲੈਂਡ ਵਿਚ ਆਪਣੇ ਢਾਈ ਕੁ ਸਾਲ ਦੇ ਕਿਆਮ ਦੌਰਾਨ ਭਰਪੂਰ ਹਾਜ਼ਰੀ ਲਗਵਾਈ ਸੀ।
ਰਾਜਾ ਰਾਮ ਮੋਹਨ ਰਾਏ ਬਾਰੇ ਅਸੀਂ ਸਕੂਲਾਂ ਦੀਆਂ ਕਿਤਾਬਾਂ ਵਿਚ ਪੜ੍ਹਦੇ ਆਏ ਹਾਂ ਕਿ ਉਨ੍ਹਾਂ ਨੇ ਸਤੀ ਦੀ ਰਸਮ ਤੇ ਬਾਲ ਵਿਆਹ ਵਿਰੁੱਧ ਆਵਾਜ਼ ਉਠਾਈ ਸੀ ਤੇ ਵਿਧਵਾ ਦੇ ਦੁਬਾਰਾ ਵਿਆਹ ਦੀ ਪ੍ਰੋੜਤਾ ਕੀਤੀ ਸੀ ਔਰਤਾਂ ਦੇ ਜਾਇਦਾਦ ਵਿਚ ਹੱਕ ਦੀ ਗੱਲ ਕੀਤੀ, ਪਰ ਇੱਥੋਂ ਦਾ ਉਨ੍ਹਾਂ ਦਾ ਇਤਿਹਾਸ ਫਰੋਲੀਏ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਹੋਰ ਅਹਿਮ ਪਹਿਲੂ ਸਾਹਮਣੇ ਆਉਂਦੇ ਹਨ। ਉਹ ਪਹਿਲੇ ਇੰਨੇ ਪੜ੍ਹੇ ਲਿਖੇ ਭਾਰਤੀ ਸਨ ਜਿਨ੍ਹਾਂ ਨੂੰ ਕਈ ਭਾਸ਼ਾਵਾਂ ਵਿਚ ਮੁਹਾਰਤ ਸੀ ਤੇ ਕਈ ਵਿਸ਼ਿਆਂ ਦੇ ਮਾਹਿਰ ਸਨ। ਉਨ੍ਹਾਂ ਨੇ ਭਾਰਤੀ ਸਮਾਜ ਨਾਲ ਆਧੁਨਿਕਤਾ ਦੀ ਜਾਣ-ਪਛਾਣ ਕਰਾਈ। ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਉਹ 1831 ਵਿਚ ਇੰਗਲੈਂਡ ਆਏ ਸਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਇੰਗਲੈਂਡ ਦੇ ਕਈ ਹਲਕਿਆਂ ਵਿਚ ਉਨ੍ਹਾਂ ਦੀ ਖੂਬ ਚਰਚਾ ਚੱਲ ਰਹੀ ਸੀ। ਇਸੇ ਲਈ ਇੰਗਲੈਂਡ ਪੁੱਜਣ ’ਤੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਸੀ। ਸਵਾਗਤ ਕਰਨ ਵਾਲਿਆਂ ਵਿਚ ਉਸ ਵੇਲੇ ਦਾ ਰਾਜਾ ਕਿੰਗ ਵਿਲੀਅਮ ਚੌਥਾ ਤੇ ਯੂਨੀਟੇਰੀਅਨਜ਼ ਸ਼ਾਮਲ ਸਨ। ਯੂਨੀਟੇਰੀਅਨ ਇਸਾਈਆਂ ਦੀ ਉਹ ਸ਼ਾਖਾ ਹੈ ਜੋ ਕਹਿੰਦੇ ਹਨ ਕਿ ਰੱਬ ਇਕ ਹੈ। ਨਹੀਂ ਤਾਂ ਬਹੁਤੇ ਇਸਾਈ ਰੱਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਦੇਖਦੇ ਹਨ- ਪਿਤਾ, ਪੁੱਤਰ ਤੇ ਹੋਲੀ ਸਪਿਰਟ।
ਰਾਜਾ ਰਾਮ ਮੋਹਨ ਰਾਏ ਦਾ ਜਨਮ 22 ਮਈ 1772 ਨੂੰ ਬੰਗਾਲ ਵਿਚ ਹੋਇਆ, ਪਰ ਉਨ੍ਹਾਂ ਦੀ ਕਬਰ ਉੱਪਰ ਇਹ ਵਰ੍ਹਾ 1774 ਲਿਖਿਆ ਹੋਇਆ ਹੈ। ਉਨ੍ਹਾਂ ਦਾ ਵਾਹ ਅਖੌਤੀ ਉੱਚੀ ਬ੍ਰਾਹਮਣ ਜਾਤੀ ਨਾਲ ਸੀ, ਪਰ ਜਿਵੇਂ ਜਿਵੇਂ ਉਹ ਵਿਦਿਆ ਹਾਸਲ ਕਰਦੇ ਗਏ, ਉਹ ਜਾਤ-ਪਾਤ ਤੋਂ ਮੁਕਤ ਹੁੰਦੇ ਗਏ। ਉਹ ਗਿਆਨ ਹਾਸਲ ਕਰਨ ਲਈ ਪੂਰਾ ਭਾਰਤ ਘੁੰਮੇ। ਉਸ ਵੇਲੇ ਬੰਗਾਲ ਸਮੇਤ ਭਾਰਤ ਦੇ ਵੱਡੇ ਹਿੱਸੇ ਉੱਪਰ ਅੰਗਰੇਜ਼ਾਂ ਦਾ ਰਾਜ ਸੀ। ਬੰਗਾਲੀ ਤੇ ਹਿੰਦੀ ਤਾਂ ਉਨ੍ਹਾਂ ਦੀਆਂ ਮੁੱਢਲੀਆਂ ਬੋਲੀਆਂ ਸਨ, ਪਰ ਉਨ੍ਹਾਂ ਨੇ ਸੰਸਕ੍ਰਿਤ, ਅਰਬੀ, ਪਰਸ਼ੀਅਨ ਤੇ ਅੰਗਰੇਜ਼ੀ ਜ਼ੁਬਾਨਾਂ ਦਾ ਵੀ ਨਿੱਠ ਕੇ ਅਧਿਐਨ ਕੀਤਾ। ਉਨ੍ਹਾਂ ਨੇ ਬਾਣੀਆਂਗਿਰੀ (ਪੈਸੇ ਉਧਾਰ ਦੇਣ) ਵਾਲਾ ਕਿੱਤਾ ਅਪਣਾਇਆ ਜਿਸ ਵਿਚ ਉਨ੍ਹਾਂ ਨੇ ਕਾਫ਼ੀ ਨਾ ਬਣਾ ਲਿਆ ਸੀ ਤੇ ਉਨ੍ਹਾਂ ਦੇ ਸਬੰਧ ਈਸਟ ਇੰਡੀਆ ਕੰਪਨੀ ਨਾਲ ਬਣ ਗਏ। 1805 ਵਿਚ ਈਸਟ ਇੰਡੀਆ ਕੰਪਨੀ ਦੇ ਇਕ ਅਫ਼ਸਰ ਜੌਹਨ ਡਿਗਬੀ ਨੇ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਰੱਖ ਲਿਆ। ਇੱਥੇ ਕੰਮ ਕਰਦਿਆਂ ਉਨ੍ਹਾਂ ਦਾ ਵਾਹ ਇਸਾਈ ਧਰਮ ਤੇ ਪੱਛਮੀ ਸੱਭਿਆਚਾਰ ਨਾਲ ਪਿਆ। ਉਨ੍ਹਾਂ ਦੀ ਦਿਲਚਸਪੀ ਇਸਾਈਮੱਤ ਵਿਚ ਪੈਦਾ ਹੋ ਗਈ। ਉਨ੍ਹਾਂ ਨੇ ਹੈਬਰਿਊ ਤੇ ਗਰੀਕ ਭਾਸ਼ਾਵਾਂ ਸਿੱਖੀਆਂ ਤਾਂ ਜੋ ਬਾਈਬਲ ਦੀਆਂ ਓਲਡ ਤੇ ਨਿਊ ਟੈਸਟਸਮੈਂਟਸ ਨੂੰ ਚੰਗੀ ਤਰ੍ਹਾਂ ਸਮਝ ਸਕੇ। 1820 ਵਿਚ ਉਨ੍ਹਾਂ ਨੇ ਇਸਾਈਮੱਤ ਬਾਰੇ ਕਿਤਾਬ ਵੀ ਛਪਵਾਈ। ਉਨ੍ਹਾਂ ਨੇ ਹਿੰਦੂ ਧਰਮ ਵਿਚ ਵਹਿਮਾਂ ਭਰਮਾਂ ਖਿਲਾਫ਼ ਆਵਾਜ਼ ਉਠਾਈ। ਉਨ੍ਹਾਂ ਨੇ ਵੇਦਾਂ, ਉਪਨਿਸ਼ਦਾਂ ਦਾ ਬੰਗਾਲੀ ਤੇ ਅੰਗਰੇਜ਼ੀ ਵਿਚ ਸੰਖੇਪ ਤਰਜਮਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਵੇਦ ਤੇ ਉਪਨਿਸ਼ਦ ਇਕੋ ਗੱਲ ਕਹਿੰਦੇ ਹਨ ਕਿ ਉਸ ਰੱਬ ਦੀ ਪੂਜਾ ਕਰੋ ਜੋ ਇਸ ਬ੍ਰਹਿਮੰਡ ਨੂੰ ਚਲਾਉਂਦਾ ਹੈ। ਇਕ ਰੱਬ ਵਾਲੀ ਉਸ ਦੀ ਥਿਊਰੀ ਕਾਰਨ ਹੀ ਯੂਨੀਟੇਰੀਅਨਜ਼ ਉਨ੍ਹਾਂ ਦੇ ਨੇੜੇ ਹੋਏ ਸਨ। ਉਨ੍ਹਾਂ ਦੇ ਇਸ ਤਰਜਮੇ ਕਾਰਨ ਉਨ੍ਹਾਂ ਨੂੰ ਇਕ ਫਰਾਂਸੀਸੀ ਸੁਸਾਇਟੀ ਨੇ ਮੈਂਬਰਸ਼ਿਪ ਵੀ ਦਿੱਤੀ ਸੀ।
ਉਹ ਭਾਰਤ ਦੀਆਂ ਪਹਿਲੀਆਂ ਦੋ ਹਫ਼ਤਾਵਾਰੀ ਅਖ਼ਬਾਰਾਂ ਦੇ ਸੰਪਾਦਕ ਬਣੇ। 1823 ਵਿਚ ਜਦੋਂ ਪ੍ਰੈੱਸ ਉੱਪਰ ਸੈਂਸਰਸ਼ਿਪ ਲਾਈ ਸੀ ਤਾਂ ਰਾਜਾ ਰਾਮ ਮੋਹਨ ਰਾਏ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਕਿ ਬੋਲਣ ਤੇ ਧਰਮ ਨੂੰ ਮੰਨਣਾ ਮਨੁੱਖ ਦਾ ਕੁਦਰਤੀ ਹੱਕ ਹੈ। ਇਸ ਵਿਰੋਧ ਨੇ ਉਨ੍ਹਾਂ ਦੇ ਜੀਵਨ ਵਿਚ ਵੱਡਾ ਮੋੜ ਲਿਆਂਦਾ। ਉਨ੍ਹਾਂ ਦਾ ਝੁਕਾਅ ਧਰਮ ਤੋਂ ਹਟ ਕੇ ਸਮਾਜਿਕ ਕੰਮਾਂ ਵੱਲ ਹੋ ਗਿਆ। ਉਹ ਅੰਗਰੇਜ਼ ਰਾਜ ਦਾ ਵਿਰੋਧ ਨਹੀਂ ਸੀ ਕਰਦੇ, ਪਰ ਇਸ ਦੇ ਕੰਮਾਂ ਬਾਰੇ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਪੁਰਾਣੇ ਬਰਤਾਨਵੀ ਰੈਵੇਨਿਉ ਸਿਸਟਮ ਨੂੰ ਭਾਰਤ ਉੱਪਰ ਲਾਗੂ ਕਰਨ ਦਾ ਵਿਰੋਧ ਵੀ ਕੀਤਾ। ਉਨ੍ਹਾਂ ਨੇ ਹਿਸਾਬ-ਕਿਤਾਬ ਲਾ ਕੇ ਦੱਸਿਆ ਕਿ ਅੰਗਰੇਜ਼ ਸਰਕਾਰ ਹਰ ਸਾਲ ਤਿੰਨ ਮਿਲੀਅਨ ਪੌਂਡ ਭਾਰਤ ਵਿਚੋਂ ਕੱਢ ਕੇ ਇੰਗਲੈਂਡ ਲੈ ਜਾ ਰਹੀ ਹੈ ਜਦੋਂ ਕਿ ਇਹ ਪੈਸਾ ਭਾਰਤ ਵਿਚ ਹੀ ਖ਼ਰਚਿਆ ਜਾਣਾ ਚਾਹੀਦਾ ਹੈ। ਜਦੋਂ ਸਰਕਾਰ ਨੇ ਸੰਸਕ੍ਰਿਤ ਨੂੰ ਬੰਗਾਲ ਵਿਚ ਲਾਗੂ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਇਸ ਖਿਲਾਫ਼ ਬੋਲਦਿਆਂ ਕਿਹਾ ਕਿ ਕਲਾਸੀਕਲ ਭਾਰਤੀ ਸਾਹਿਤ ਨਾਲ ਬੰਗਾਲੀ ਨੌਜਵਾਨ ਪੀੜ੍ਹੀ ਉਲਝ ਜਾਵੇਗੀ ਕਿਉਂਕਿ ਉਸ ਵੇਲੇ ਬੰਗਾਲੀ ਜ਼ੁਬਾਨ ਹਾਲੇ ਏਨੀ ਉੱਨਤ ਨਹੀਂ ਸੀ ਹੋਈ। ਉਨ੍ਹਾਂ ਨੇ ਅੰਗਰੇਜ਼ ਰਾਜ ਵਿਚ ਆਮ ਭਾਰਤੀ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਉੱਪਰ ਉਂਗਲ ਰੱਖੀ। ਉਨ੍ਹਾਂ ਦੀ ਆਲਚੋਨਾ ਨੂੰ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨਿਰਾਰਥਕ ਤਰੀਕੇ ਨਾਲ ਨਹੀਂ ਸੀ ਦੇਖਦੀ ਸਗੋਂ ਸਲਾਹ ਵਾਂਗ ਲਿਆ ਕਰਦੀ ਸੀ।
1928 ਵਿਚ ਉਨ੍ਹਾਂ ਨੇ ਬ੍ਰਹਮੋ ਸਮਾਜ ਨਾਂ ਦੀ ਸੰਸਥਾ ਬਣਾਈ ਸੀ ਜਿਸ ਦਾ ਮਕਸਦ ਹਿੰਦੂ ਧਰਮ ਵਿਚ ਸੁਧਾਰ ਕਰਨਾ ਸੀ। ਅਸਲ ਵਿਚ ਉਨ੍ਹਾਂ ਦਾ ਮਕਸਦ ਇਸਾਈਮਤ ਤੇ ਹਿੰਦੂ ਧਰਮ ਦੇ ਗੁਣਾਂ ਨੂੰ ਇਕ ਥਾਂ ਰੱਖ ਕੇ ਦੇਖਣਾ ਸੀ। ਉਨ੍ਹਾਂ ਨੇ ਐਂਗਲੋ-ਹਿੰਦੂ ਸਕੂਲ ਵੀ ਖੋਲ੍ਹਿਆ ਤੇ ਚਾਰ ਸਾਲ ਬਾਅਦ ਵੇਦਾਂਤਾ ਕਾਲਜ ਵੀ ਚਲਾਇਆ ਜਿਸ ਵਿਚ ਹਿੰਦੂਮਤ ਸਿਧਾਂਤਾਂ ਨੂੰ ਆਧੁਨਿਕ ਤਰੀਕੇ ਨਾਲ ਪੜ੍ਹਾਇਆ ਜਾਂਦਾ ਸੀ। ਉਹ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਫਰਾਂਸੀਸੀ ਤੇ ਅਮਰੀਕਨ ਇਨਕਲਾਬ ਨੂੰ ਭਾਰਤ ਦੀ ਸਥਿਤੀ ਉੱਪਰ ਲਾਗੂ ਹੁੰਦਾ ਸਾਬਤ ਕੀਤਾ। ਉਨ੍ਹਾਂ ਦੀ ਵਿਦਵਤਾ ਦੇ ਚਰਚੇ ਚਾਰੇ ਪਾਸੇ ਹੋਣ ਲੱਗੇ। ਉਨ੍ਹਾਂ ਦਾ ਨਾਂ ਦਿੱਲੀ ਦਰਬਾਰ ਤਕ ਵੀ ਪੁੱਜ ਗਿਆ। ਦਿੱਲੀ ਦੇ ਤਖ਼ਤ ’ਤੇ ਉਨ੍ਹਾਂ ਦਿਨਾਂ ਵਿਚ ਅਕਬਰ ਸ਼ਾਹ ਦੂਜਾ, ਬਹਾਦਰ ਸ਼ਾਹ ਜ਼ਫਰ ਦਾ ਪਿਓ ਰਾਜ ਕਰ ਰਿਹਾ ਸੀ। ਉਂਜ ਸੀ ਉਹ ਅੰਗਰੇਜ਼ਾਂ ਅਧੀਨ ਹੀ। ਰਾਜਾ ਰਾਮ ਮੋਹਨ ਰਾਏ ਨੂੰ ਰਾਜੇ ਦੀ ਉਪਾਧੀ ਅਕਬਰ ਸ਼ਾਹ ਨੇ ਹੀ ਦਿੱਤੀ ਸੀ ਹਾਲਾਂਕਿ ਅੰਗਰੇਜ਼ ਇਸ ਉਪਾਧੀ ਨੂੰ ਨਹੀਂ ਸਨ ਮੰਨਦੇ। ਅਕਬਰ ਸ਼ਾਹ ਦਾ ਲੌਰਡ ਵੈਲਜ਼ਲੀ ਨਾਲ ਪੈਨਸ਼ਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬਾਰਾਂ ਲੱਖ ਸਾਲਾਨਾ ਪੈਨਸ਼ਨ ਦਾ ਵਾਅਦਾ ਕੀਤਾ ਹੋਇਆ ਸੀ ਜੋ ਪੂਰਾ ਨਹੀਂ ਸੀ ਕੀਤਾ ਜਾ ਰਿਹਾ। ਅਕਬਰ ਸ਼ਾਹ ਨੇ ਆਪਣੀ ਸ਼ਿਕਾਇਤ ਲੰਡਨ ਦੀ ਕੋਰਟ ਆਫ ਡਾਇਰੈਕਟਰਜ਼ ਕੋਲ ਦਰਜ ਕਰਾਈ ਹੋਈ ਸੀ। ਅਕਬਰ ਸ਼ਾਹ ਨੇ ਰਾਜਾ ਰਾਮ ਮੋਹਨ ਰਾਏ ਨੂੰ ਇੰਗਲੈਂਡ ਭੇਜਿਆ ਕਿ ਉਹ ਕੋਰਟ ਆਫ ਡਾਇਰੈਕਟਰਜ਼ ਸਾਹਮਣੇ ਪੇਸ਼ ਹੋਵੇਗਾ। ਰਾਜਾ ਰਾਮ ਮੋਹਨ ਰਾਏ ਨੇ ਕਰਾਮਾਤ ਇਹ ਕੀਤੀ ਕਿ ਲੰਡਨ ਪੁੱਜ ਕੇ ਕਿੰਗ ਵਿਲੀਅਮ ਚੌਥੇ ਨੂੰ ਮਨਾ ਲਿਆ ਕਿ ਉਹ ਉਸ ਦੀ ਗੱਲ ਸੁਣੇ ਤੇ ਬਰਤਾਨਵੀ ਸਰਕਾਰ ਤੀਹ ਹਜ਼ਾਰ ਸਾਲਾਨਾ ਪੈਨਸ਼ਨ ਵਧਾਉਣ ਲਈ ਮੰਨ ਗਈ। ਲਗਭਗ ਏਨੀ ਕੁ ਪੈਨਸ਼ਨ ਦੇ ਵਾਧੇ ਦੀ ਅਕਬਰ ਸ਼ਾਹ ਮੰਗ ਕਰ ਰਿਹਾ ਸੀ।
ਰਾਜਾ ਰਾਮ ਮੋਹਨ ਰਾਏ ਲਈ ਇੰਗਲੈਂਡ ਜਾਣਾ ਇਕ ਤੀਰਥ ਯਾਤਰਾ ਵਾਂਗ ਸੀ। ਉਨ੍ਹਾਂ ਦਿਨਾਂ ਵਿਚ ਇਕ ਹਿੰਦੂ ਲਈ ਸਮੁੰਦਰ ਪਾਰ ਦਾ ਸਫ਼ਰ ਵਰਜਿਤ ਸੀ। ਉਹ ਆਪਣੇ ਪੰਜ ਹਿੰਦੂ ਨੌਕਰਾਂ ਤੇ ਮੁਤਵੰਨੇ ਪੁੱਤਰ ਰਾਜਾ ਰਾਮ ਨਾਲ ਇੰਗਲੈਂਡ ਪੁੱਜੇ। ਉਨ੍ਹਾਂ ਦਾ ਇੰਗਲੈਂਡ ਆਉਣਾ ਅਹਿਮ ਘਟਨਾ ਸੀ। ਉਹ ਬਹੁਤ ਸਾਰੇ ਲੋਕਾਂ ਨੂੰ ਮਿਲੇ। ਬਹੁਤ ਸਾਰੀਆਂ ਥਾਵਾਂ ’ਤੇ ਭਾਸ਼ਨ ਦਿੱਤੇ। ਉਨ੍ਹਾਂ ਦੀ ਗੱਲ ਸੁਣਨ ਲਈ ਵੱਡੇ ਵੱਡੇ ਵਿਦਵਾਨ ਇਕੱਠੇ ਹੋ ਜਾਂਦੇ। ਕਲਾਕਾਰ ਉਨ੍ਹਾਂ ਦੀਆਂ ਤਸਵੀਰਾਂ ਬਣਾਉਣ ਲਈ ਕਾਹਲੇ ਪੈਂਦੇ। ਉਹ ਜਿੱਥੇ ਵੀ ਜਾਂਦੇ, ਇੰਗਲੈਂਡ ਦੇ ਸਮਾਜ, ਸੱਭਿਆਚਾਰ ਤੇ ਲੋਕਾਂ ਦੀਆਂ ਤਾਰੀਫ਼ਾਂ ਕਰਦੇ। ਉਹ ਬਹੁਤ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਮਿਲੇ। ਹਾਊਸ ਆਫ ਕਾਮਨਜ਼ ਨੇ ਇਕ ਚੋਣ ਕਮੇਟੀ ਬਣਾਈ ਜਿਸ ਅੱਗੇ ਪੇਸ਼ ਹੋ ਕੇ ਰਾਜਾ ਰਾਮ ਮੋਹਨ ਰਾਏ ਨੇ ਈਸਟ ਇੰਡੀਆ ਕੰਪਨੀ ਦੇ ਰਾਜ ਹੇਠ ਭਾਰਤੀਆਂ ਦੀਆਂ ਮੁਸੀਬਤਾਂ ਨੂੰ ਰੱਖਿਆ। ਉਨ੍ਹਾਂ ਨੇ ਭਾਰਤ ਵਿਚਲੇ ਅੰਗਰੇਜ਼ ਅਫ਼ਸਰਾਂ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਸਿਸਟਮ ਵਿਚ ਸੁਧਾਰਾਂ ਦੀ ਮੰਗ ਕੀਤੀ। ਉਨ੍ਹਾਂ ਨੇ ਭਾਰਤ ਵਿਚਲੇ ਭੈੜੇ ਜੁਡੀਸ਼ੀਅਲ ਤੇ ਰੈਵੇਨਿਊ ਸਿਸਟਮ ਦਾ ਸੱਚ ਵੀ ਪਾਰਲੀਮੈਂਟ ਸਾਹਮਣੇ ਰੱਖਿਆ। ਜਿਸ ਕਾਰਨ ਪਾਰਲੀਮੈਂਟ ਵਿਚ ਬਹਿਸ ਛਿੜ ਪਈ ਕਿ ਈਸਟ ਇੰਡੀਆ ਕੰਪਨੀ ਦਾ ਚਾਰਟਰ ਰੀਨਿਊ ਹੋਣਾ ਚਾਹੀਦਾ ਹੈ ਕਿ ਨਹੀਂ। ਕਿਉਂਕਿ ਈਸਟ ਇੰਡੀਆ ਕੰਪਨੀ ਇਕ ਚਾਰਟਰ ਅਧੀਨ ਹੀ ਭਾਰਤ ਉੱਪਰ ਰਾਜ ਕਰ ਰਹੀ ਸੀ ਤੇ ਬਰਤਾਨਵੀ ਸਰਕਾਰ ਕੰਪਨੀ ਦੇ ਕੰਮਾਂ ਦਾ ਜਾਇਜ਼ਾ ਲੈ ਕੇ ਇਸ ਚਾਰਟਰ ਨੂੰ ਨਵਿਆਉਂਦੀ ਸੀ। ਉਨ੍ਹਾਂ ਦੇ ਬਿਆਨਾਂ ਦਾ ਚਾਰਟਰ ਐਕਟ 1833 ਉੱਪਰ ਅਸਰ ਪਿਆ ਜਿਸ ਵਿਚ ਇਹ ਵੀ ਇਕ ਧਾਰਾ ਸੀ ਕਿ ਯੂਰੋਪ ਦੇ ਹੋਰ ਦੇਸ਼ ਵੀ ਭਾਰਤ ਵਿਚ ਬਿਨਾਂ ਕਿਸੇ ਲਾਇਸੈਂਸ ਦੇ ਸੈਟਲ ਹੋ ਸਕਦੇ ਹਨ। ਉਨ੍ਹਾਂ ਨੇ ਪਾਰਲੀਮੈਂਟ ਨੂੰ ਇਸ ਗੱਲ ਲਈ ਵੀ ਮਨਾ ਲਿਆ ਕਿ ਭਾਰਤ ਵਿਚ ਵਿਦੇਸ਼ੀ ਲੂਣ ਦੇ ਮੁਕਾਬਲੇ ਸਥਾਨਕ ਲੂਣ ਦੀ ਬਿਨਾਂ ਮੁਕਾਬਲਾ ਵਿਕਰੀ ਹੋਣੀ ਚਾਹੀਦੀ ਹੈ। 1829 ਵਿਚ ਬਰਤਾਨਵੀ ਸਰਕਾਰ ਨੇ ਸਤੀ ਦੀ ਰਸਮ ਖਿਲਾਫ਼ ਕਾਨੂੰਨ ਬਣਾਇਆ ਸੀ ਜਿਸ ਨੂੰ ਕੱਟੜ ਹਿੰਦੂ ਖ਼ਤਮ ਕਰਨ ਦੀ ਮੰਗ ਕਰ ਰਹੇ ਸਨ, ਰਾਜਾ ਰਾਮ ਮੋਹਨ ਰਾਏ ਨੇ ਆਪਣੀ ਰਾਏ ਰੱਖੀ ਕਿ ਇਹ ਕਾਨੂੰਨ ਕਿਸੇ ਵੀ ਹਾਲਤ ਵਿਚ ਖ਼ਤਮ ਨਹੀਂ ਹੋਣਾ ਚਾਹੀਦਾ। ਜਿੰਨਾ ਚਿਰ ਉਹ ਜਿਉਂਦੇ ਰਹੇ, ਉਨ੍ਹਾਂ ਤੋਂ ਭਾਰਤੀ ਮਾਮਲਿਆਂ ਵਿਚ ਸਲਾਹ ਲਈ ਜਾਂਦੀ ਰਹੀ। ਰਾਜਾ ਰਾਮ ਮੋਹਨ ਰਾਏ ਫਰਾਂਸ ਵੀ ਗਏ। ਉਨ੍ਹਾਂ ਨੇ ਇੰਗਲੈਂਡ ਵਿਚ ਰਹਿੰਦਿਆਂ ਭਾਰਤ ਦੀ ਆਰਥਿਕਤਾ ਤੇ ਕਾਨੂੰਨ ਬਾਰੇ ਕਿਤਾਬਾਂ ਵੀ ਛਪਵਾਈਆਂ। ਸੋਫੀਆ ਡੋਬਸਨ ਕੋਲਿਟ ਨਾਂ ਦੀ ਔਰਤ ਉਨ੍ਹਾਂ ਦੀ ਜੀਵਨਗਾਥਾ ਲਿਖਦੀ ਸੀ।
ਰਾਜਾ ਰਾਮ ਮੋਹਨ ਰਾਏ ਦੀ ਛੱਤਰੀ ’ਤੇ ਅਕਸਰ ਉਨ੍ਹਾਂ ਦੀ ਯਾਦ ਵਿਚ ਇਕੱਠ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਭਾਰਤੀ ਅੱਜ ਵੀ ਇਸ ਥਾਂ ਦੀ ਜ਼ਿਆਰਤ ਕਰਨ ਜਾਂਦੇ ਹਨ। ਮੈਂ ਕਦੇ ਵੀ ਬ੍ਰਿਸਟਲ ਜਾਵਾਂ ਤਾਂ ਇਸ ਛੱਤਰੀ ’ਤੇ ਜਾਣਾ ਨਹੀਂ ਭੁੱਲਦਾ। ਹਾਂ, ਬ੍ਰਿਸਟਲ ਵਿਚ ਉਨ੍ਹਾਂ ਦਾ ਬੁੱਤ ਵੀ ਲੱਗਾ ਹੈ।
ਈ-ਮੇਲ : harjeetatwal@hotmail.co.uk