ਸੰਸਾਰ ਦੀ ਪਹਿਲੀ ਫ਼ਰੀ ਯੂਨੀਵਰਸਿਟੀ ਸਥਾਪਿਤ ਕਰਨ ਵਾਲੇ ਉਬਰਾਏ ਦਾ ਕੈਨੇਡਾ ਪੁੱਜਣ ’ਤੇ ਸ਼ਾਨਦਾਰ ਸਵਾਗਤ
ਉਬਰਾਏ ਦੇ ਮਨੁੱਖਵਾਦੀ ਭਾਸ਼ਣ ’ਤੇ ਕੈਨੇਡਾ ਵਾਸੀ ਹੋਏ ਭਾਵੁਕ
ਵਿਸ਼ਵ ਪੰਜਾਬੀ ਸਭਾ ਵੱਲੋਂ ਪੰਜਾਬੀ ਭਵਨ ਬਰੈਂਪਟਨ ਵਿਖੇ ਉੱਘੇ ਸਮਾਜ ਸੇਵੀ ਐੱਸ. ਪੀ. ਸਿੰਘ ਉਬਰਾਏ ਦਾ ਕੈਨੇਡਾ ਪੁੱਜਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਕੈਨੇਡਾ ਦੇ ਸਾਬਕਾ ਐੱਮ.ਪੀ. ਗੁਰਬਖਸ਼ ਸਿੰਘ ਮੱਲੀ, ਜਗੀਰ ਸਿੰਘ ਕਾਹਲੋਂ, ਦਰਸ਼ਨਦੀਪ ਅਰੋੜਾ, ਅਜਾਇਬ ਸਿੰਘ ਸੰਘਾ, ਹਰਜੀਤ ਸਿੰਘ ਬਾਜਵਾ, ਚੌਧਰੀ ਮਕਸੂਦ, ਗਿਆਨ ਸਿੰਘ ਘਈ, ਪ੍ਰਿੰਸੀਪਲ ਡਾ. ਜਗਦੀਪ ਕੌਰ, ਇਕਬਾਲ ਸਿੰਘ ਬਰਾੜ, ਰਾਜਿੰਦਰ ਪਾਲ ਧਾਲੀਵਾਲ, ਕੰਵਲਜੀਤ ਕੌਰ ਢਿੱਲੋਂ, ਸੁਰਜੀਤ ਕੌਰ ਕੁਦੋਵਾਲ, ਗਿਆਨ ਸਿੰਘ ਕੰਗ, ਸੁਰਿੰਦਰ ਪਾਲ ਕੌਰ ਰਾਜਾਸਾਂਸੀ, ਪਾਲ ਸਿੰਘ ਨੌਲੀ ਆਦਿ ਸ਼ਖ਼ਸੀਅਤਾਂ ਉਚੇਚੇ ਤੌਰ ’ਤੇ ਮੌਜੂਦ ਸਨ।
ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਨੇ ਉਬਰਾਏ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪੰਜਾਬੀ ਭਵਨ ਵਿੱਚ ਅੱਜ ਸੱਚਮੁੱਚ ਇਨਸਾਨੀ ਜਾਮੇ ਵਾਲਾ ਫ਼ਰਿਸ਼ਤਾ ਆਇਆ ਹੈ। ਉਨ੍ਹਾਂ ਦਾ ਪੁੱਜਣਾ ਸਭਾ ਦੇ ਧੰਨਭਾਗ ਹਨ। ਉਨ੍ਹਾਂ ਨੂੰ ਸਨਮਾਨ ਦੇ ਕੇ ਅਸੀਂ ਅੱਜ ਖ਼ੁਦ ਵੱਡੇ ਹੋਣ ਜਾ ਰਹੇ ਹਾਂ। ਕਥੂਰੀਆ ਨੇ ਕਿਹਾ ਕਿ ਉਬਰਾਏ ਸਾਹਿਬ ਨੇ ਪੰਜਾਬ ਅੰਦਰ ਫ਼ਰੀ ਹੈਲਥ ਸੇਵਾ ਅਤੇ ਐਜੂਕੇਸ਼ਨ ਸੇਵਾਵਾਂ ਪ੍ਰਦਾਨ ਕਰਕੇ ਲਾਸਾਨੀ ਕਾਰਜਾਂ ਦੀ ਨੀਂਹ ਹੀ ਨਹੀਂ ਰੱਖੀ, ਸਗੋਂ ਸੇਵਾ ਦਾ ਵੱਡ-ਆਕਾਰੀ ਭਵਨ ਉਸਾਰ ਦਿੱਤਾ ਹੈ।
ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਉਬਰਾਏ ਜੀ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ, ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਪੰਜਾਬ ਦੀ ਤਵਾਰੀਖ਼ ਦਾ ਇੱਕ ਹਿੱਸਾ ਬਣਦੇ ਜਾ ਰਹੇ ਹਨ। ਕੈਨੇਡਾ ਦੇ ਉਹ ਦੋ ਦਿਨ ਦੇ ਦੌਰੇ 'ਤੇ ਆਏ ਹਨ। ਘੱਟ ਸਮੇਂ ਵਿੱਚ ਉਨ੍ਹਾਂ ਸਾਡੇ ਵਿੱਚ ਬੈਠਣ ਦੀ ਸਹਿਮਤੀ ਦਿੱਤੀ ਹੈ, ਇਹ ਉਨ੍ਹਾਂ ਦੀ ਦਰਿਆਦਿਲੀ ਹੈ। ਅੱਜ ਅਸੀਂ ਸਾਰੇ ਉਨ੍ਹਾਂ ਦੇ ਨਿੱਘੇ ਸਵਾਗਤ ਵਿੱਚ ਇਕੱਠੇ ਹੋਏ ਹਾਂ ਅਤੇ ਉਨ੍ਹਾਂ ਨੂੰ ਸੁਣਨ ਆਏ ਹਾਂ। ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ਼੍ਰੀ ਉਬਰਾਏ ਨੇ ਦੱਸਿਆ ਕਿ 14 ਸਾਲ ਪਹਿਲਾਂ ਉਨ੍ਹਾਂ ਨੇ ਪਟਿਆਲਾ ਵਿੱਚ ਵੱਡੇ ਪੈਮਾਨੇ 'ਤੇ ਅੱਖਾਂ ਦਾ ਕੈਂਪ ਲਗਾਇਆ, ਜਿਸ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਨੂੰ ਸ਼ਾਮਲ ਕੀਤਾ ਗਿਆ। ਕੈਂਪ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੱਕ ਦੇ ਮਰੀਜ਼ ਵੀ ਪਹੁੰਚੇ ਸਨ। ਫਿਰ ਇਹ ਕੈਂਪ ਲਗਾਤਾਰ ਸਾਲੋ-ਸਾਲ ਲਗਾਏ ਗਏ। ਉਨ੍ਹਾਂ ਦੱਸਿਆ ਕਿ ਗ਼ਰੀਬ ਪਰਿਵਾਰਾਂ ਨੂੰ ਪੈਨਸ਼ਨਾਂ, ਲੋੜਵੰਦਾਂ ਦੀ ਮੁਫ਼ਤ ਪੜ੍ਹਾਈ, ਅਤੇ 150 ਲੈਬਾਰਟਰੀਆਂ ਦਾ ਨੈੱਟਵਰਕ ਚਲਾਇਆ ਜਾ ਰਹਾ ਹੈ।
ਉਨ੍ਹਾਂ ਦੱਸਿਆ ਕਿ 'ਸਰਬੱਤ ਦਾ ਭਲਾ ਟਰੱਸਟ' ਅਧੀਨ ਹੁਣ ਪੰਜਾਬ ਵਿੱਚ ਦੋ ਵੱਡੇ ਪ੍ਰੋਜੈਕਟ ਦਿੱਤੇ ਜਾ ਰਹੇ ਹਨ। ਅਨੰਦਪੁਰ ਸਾਹਿਬ ਵਿੱਚ ਫ਼ਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਵਿੱਚ 105 ਕੋਰਸ ਕਰਵਾਏ ਜਾਣਗੇ। ਜਿਨ੍ਹਾਂ ਵਿੱਚੋਂ 27 ਕੋਰਸ ਆਰੰਭ ਹੋ ਚੁੱਕੇ ਹਨ। ਪਤੇ ਦੀ ਗੱਲ ਦੱਸੀ ਕਿ ਜਿਸ ਦਿਨ ਦਾਖ਼ਲੇ ਦੀ ਨੈੱਟ ਐਡ ਕੀਤੀ ਗਈ, ਤਾਂ ਪਹਿਲੇ ਦੋ ਘੰਟਿਆਂ ਵਿੱਚ ਹੀ ਦਾਖ਼ਲੇ ਹੋ ਗਏ ਅਤੇ ਪ੍ਰਕਿਰਿਆ ਰੋਕਣੀ ਪਈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਵਿੱਦਿਆ, ਹੋਸਟਲ ਅਤੇ ਮੈਡੀਕਲ ਦੀ ਸਹੂਲਤ 'ਸਰਬੱਤ ਦਾ ਭਲਾ ਟਰੱਸਟ' ਵੱਲੋਂ ਮੁਫ਼ਤ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਸਕਿਲਡ ਅਤੇ ਪ੍ਰੋਫੈਸ਼ਨਲ ਦੇ ਨਾਲ-ਨਾਲ ਸੰਸਾਰ ਪੱਧਰ ਦੇ ਕੋਰਸ ਰੱਖੇ ਗਏ ਹਨ।
ਸ੍ਰੀ ਉਬਰਾਏ ਨੇ ਦੱਸਿਆ ਕਿ ਅਗਲਾ ਪ੍ਰੋਜੈਕਟ ਹੈਲਥ ਦਾ ਹੈ, ਜੋ ਪਟਿਆਲਾ-ਸਰਹੰਦ ਰੋਡ 'ਤੇ ਪਿੰਡ ਫੱਗਣ ਮਾਜਰਾ ਵਿੱਚ 14 ਏਕੜ ਵਿੱਚ ਉਸਾਰਿਆ ਜਾ ਰਿਹਾ ਹੈ, ਜਿਸ ਵਿੱਚ ਹੈਲਥ ਨਾਲ ਸੰਬੰਧਤ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਸਪਤਾਲ ਦਾ ਡਿਜ਼ਾਈਨ ਅਮਰੀਕਾ ਦੇ ਮਾਹਰਾਂ ਵੱਲੋਂ ਤਿਆਰ ਕਰਵਾਇਆ ਗਿਆ ਹੈ। ਹੈਲਥ ਨਾਲ ਸਬੰਧਤ ਮਸ਼ੀਨਾਂ ਇੰਪੋਰਟ ਕਰਵਾਈਆਂ ਜਾ ਰਹੀਆਂ ਹਨ। ਮਰੀਜ਼ਾਂ ਦੇ ਰੁਕਣ ਲਈ ਸਰਾਂਵਾਂ ਅਤੇ ਹੋਰ ਸਾਮਾਨ ਖ਼ਰੀਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਅਨੰਦਪੁਰ ਅਤੇ ਫੱਗਣ ਮਾਜਰਾ ਵਾਲੇ ਦੋਵੇਂ ਪ੍ਰੋਜੈਕਟ ਪਹਿਲੇ ਹੋਣਗੇ ਜਿੱਥੇ ਸਭ ਕੁਝ ਫ਼ਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਰੀ ਹੈਲਥ ਅਤੇ ਐਜੂਕੇਸ਼ਨ ਨਾਲ ਪੰਜਾਬ ਦੇ ਗ਼ਰੀਬ ਵਰਗ ਦੀ ਤੌਰ ਬਦਲੇਗੀ।
ਉਨ੍ਹਾਂ ਗ਼ਰੀਬ ਵਿਦਿਆਰਥੀਆਂ ਅਤੇ ਮਰੀਜ਼ਾਂ ਦੀਆਂ ਬਹੁਤ ਸਾਰੀਆਂ ਅਨੁਭਵ ਵਿੱਚ ਆਈਆਂ ਕਹਾਣੀਆਂ ਸੁਣਾਈਆਂ, ਜਿਸ ਨਾਲ ਹਾਲ ਵਿੱਚ ਬੈਠੇ ਲੋਕ ਬਹੁਤ ਭਾਵੁਕ ਹੋ ਗਏ। ਇੱਕ ਸਵਾਲ ਜੋ ਹਾਲ ਵਿੱਚ ਤੈਰ ਰਿਹਾ ਸੀ ਕਿ ਐਨੇ ਫੰਡ ਕਿੱਥੋਂ ਆਉਣਗੇ? ਇਸ ਦਾ ਜਵਾਬ ਉਨ੍ਹਾਂ ਇਹ ਕਹਿ ਕੇ ਦਿੱਤਾ ਕਿ ਪਰਮਾਤਮਾ ਦੀ ਮਿਹਰ ਨਾਲ ਇਹ ਪ੍ਰੋਜੈਕਟ ਪੂਰੇ ਹੋਣਗੇ, ਤੁਸੀਂ ਕੇਵਲ ਦੁਆ ਕਰੋ। ਲੋਕਾਂ ਨੇ ਕੁਝ ਸਵਾਲ ਕੀਤੇ, ਜਿਨ੍ਹਾਂ ਦੇ ਉਨ੍ਹਾਂ ਇੱਕ-ਇੱਕ ਕਰਕੇ ਪੂਰੇ ਤਹੰਮੁਲ (ਸਬਰ) ਵਿੱਚ ਜਵਾਬ ਦਿੱਤੇ।
ਸਭਾ ਵੱਲੋਂ ਇਸ ਮੌਕੇ ਪੰਜਾਬ ਤੋਂ ਆਏ ਪੱਤਰਕਾਰ ਪਾਲ ਸਿੰਘ ਨੌਲੀ ਅਤੇ ਰਾਜਿੰਦਰ ਪਾਲ ਸਿੰਘ ਧਾਲੀਵਾਲ ਦਾ ਵੀ ਸਨਮਾਨ ਕੀਤਾ ਗਿਆ। ਕੈਨੇਡਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਸ. ਗੁਰਬਖਸ਼ ਸਿੰਘ ਮੱਲੀ ਨੇ ਐੱਸ. ਪੀ. ਸਿੰਘ ਉਬਰਾਏ ਸਮੇਤ ਵੱਡੀ ਗਿਣਤੀ ਵਿੱਚ ਸਵਾਗਤੀ ਸਮਾਰੋਹ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ।

