DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਗੜੀਧਾਰੀ ਨੌਜਵਾਨ ਨੇ ਪਾਇਲਟ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ

ਪੱਗ ਸਿਰ ’ਤੇ ਬੰਨ੍ਹਿਆ ਮਹਿਜ਼ ਕੱਪੜਾ ਨਹੀਂ, ਸਗੋਂ ਸਿੱਖ ਦੀ ਪਛਾਣ, ਸਵੈ-ਮਾਣ, ਅਨੁਸ਼ਾਸਨ, ਜ਼ਿੰਮੇਵਾਰੀ, ਸਵੈ-ਵਿਸ਼ਵਾਸ ਅਤੇ ਵਿਰਸੇ ਨਾਲ ਜੁੜੀ ਮਾਣਮੱਤੀ ਨਿਸ਼ਾਨੀ ਹੈ। ਇਹੀ ਕਾਰਨ ਹੈ ਕਿ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਵੱਸਦੇ ਸਿੱਖ ਨੌਜਵਾਨ ਪੱਗ ਸਜਾ ਕੇ ਆਪਣੀ ਮਿਹਨਤ, ਕਾਬਲੀਅਤ...

  • fb
  • twitter
  • whatsapp
  • whatsapp
Advertisement

ਪੱਗ ਸਿਰ ’ਤੇ ਬੰਨ੍ਹਿਆ ਮਹਿਜ਼ ਕੱਪੜਾ ਨਹੀਂ, ਸਗੋਂ ਸਿੱਖ ਦੀ ਪਛਾਣ, ਸਵੈ-ਮਾਣ, ਅਨੁਸ਼ਾਸਨ, ਜ਼ਿੰਮੇਵਾਰੀ, ਸਵੈ-ਵਿਸ਼ਵਾਸ ਅਤੇ ਵਿਰਸੇ ਨਾਲ ਜੁੜੀ ਮਾਣਮੱਤੀ ਨਿਸ਼ਾਨੀ ਹੈ। ਇਹੀ ਕਾਰਨ ਹੈ ਕਿ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਵੱਸਦੇ ਸਿੱਖ ਨੌਜਵਾਨ ਪੱਗ ਸਜਾ ਕੇ ਆਪਣੀ ਮਿਹਨਤ, ਕਾਬਲੀਅਤ ਅਤੇ ਹਿੰਮਤ ਦੇ ਝੰਡੇ ਬੁਲੰਦ ਕਰ ਰਹੇ ਹਨ।

ਦੁਨੀਆ ਭਰ ਵਿੱਚ ਸੜਕਾਂ ਤੋਂ ਲੈ ਕੇ ਹਵਾਈ ਜਹਾਜ਼ਾਂ ਦੇ ਕਾਕਪਿਟ ਤੱਕ, ਸੁਰੱਖਿਆ ਸੇਵਾਵਾਂ ਤੋਂ ਲੈ ਕੇ ਪ੍ਰਸ਼ਾਸਨਿਕ ਅਹੁਦਿਆਂ ਤੱਕ, ਇੰਜਨੀਅਰਿੰਗ, ਡਾਕਟਰੀ, ਵਪਾਰ, ਖੇਡਾਂ ਅਤੇ ਸਿਆਸਤ ਸਮੇਤ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਪੱਗਧਾਰੀ ਸਿੱਖਾਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦੀ ਛਾਪ ਨਾ ਛੱਡੀ ਹੋਵੇ।

Advertisement

ਇਸੇ ਮਾਣਮੱਤੀ ਪਰੰਪਰਾ ਨੂੰ ਹੋਰ ਉੱਚਾ ਚੁੱਕਣ ਵਾਲਾ ਇੱਕ ਨੌਜਵਾਨ ਚਿਹਰਾ ਅੱਜ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ। ਇਹ ਨੌਜਵਾਨ ਹੈ 17 ਸਾਲਾ ਕਰਨ ਪ੍ਰਤਾਪ ਸਿੰਘ, ਜਿਸ ਨੇ ਛੋਟੀ ਉਮਰ ਵਿੱਚ ਹੀ ਅਜਿਹੀ ਉਪਲੱਬਧੀ ਹਾਸਲ ਕੀਤੀ ਹੈ, ਜਿਸ ’ਤੇ ਉਸ ਦਾ ਪਰਿਵਾਰ ਹੀ ਨਹੀਂ, ਸਗੋਂ ਪੰਜਾਬੀ ਅਤੇ ਸਿੱਖ ਭਾਈਚਾਰਾ ਵੀ ਮਾਣ ਮਹਿਸੂਸ ਕਰ ਸਕਦਾ ਹੈ।

Advertisement

ਪੱਗ ਸਜਾ ਕੇ ਪਾਇਲਟ ਬਣਨ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਵਾਲੇ ਕਰਨ ਪ੍ਰਤਾਪ ਸਿੰਘ ਨੇ ਐਡਮਿੰਟਨ ਦੀ ਧਰਤੀ ’ਤੇ ਪੱਗ ਦੀ ਸ਼ਾਨ ਨੂੰ ਅਸਮਾਨ ਦੀਆਂ ਉੱਚਾਈਆਂ ਤੱਕ ਪਹੁੰਚਾ ਦਿੱਤਾ ਹੈ। ਜਦੋਂ ਇੱਕ ਨੌਜਵਾਨ ਪੱਗ ਸਜਾ ਕੇ ਹਵਾਈ ਜਹਾਜ਼ ਦੇ ਕਾਕਪਿਟ ਵਿੱਚ ਬੈਠਦਾ ਹੈ ਤਾਂ ਇਹ ਸਿਰਫ਼ ਉਸ ਦੀ ਨਿੱਜੀ ਪ੍ਰਾਪਤੀ ਨਹੀਂ ਰਹਿੰਦੀ, ਸਗੋਂ ਇਹ ਉਸ ਸੋਚ ਦੀ ਜਿੱਤ ਬਣ ਜਾਂਦੀ ਹੈ ਜੋ ਆਖਦੀ ਹੈ ਕਿ ਪੱਗ ਕਿਸੇ ਵੀ ਮੰਜ਼ਿਲ ਦੇ ਰਾਹ ਵਿੱਚ ਰੁਕਾਵਟ ਨਹੀਂ, ਬਲਕਿ ਮਾਣ ਨਾਲ ਅੱਗੇ ਵਧਣ ਦੀ ਪਛਾਣ ਹੈ।

ਕਰਨ ਪ੍ਰਤਾਪ ਸਿੰਘ, ਸਤਿੰਦਰ ‘ਸੁਕਰਾਤ’ ਦਾ ਵੱਡਾ ਸਪੁੱਤਰ ਹੈ। ਕਰਨ ਪ੍ਰਤਾਪ ਅਤੇ ਉਸ ਦਾ ਪਰਿਵਾਰ ਕੈਨੇਡਾ ਦੇ ਨਾਗਰਿਕ ਹਨ, ਜਦੋਂਕਿ ਉਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਨਾਲ ਡੂੰਘੀ ਤਰ੍ਹਾਂ ਜੁੜੀਆਂ ਹੋਈਆਂ ਹਨ। ਕਰਨ ਪ੍ਰਤਾਪ ਦੇ ਦਾਦਾ ਸਾਹਿਤਕਾਰ ਬਲਵਿੰਦਰ ਬਾਲਮ ਗੁਰਦਾਸਪੁਰ ਤੋਂ ਹਨ, ਜੋ ਗੁਰਦਾਸਪੁਰ ਦੇ ਮੁਹੱਲਾ ਉਂਕਾਰ ਨਗਰ ਨਾਲ ਸਬੰਧਤ ਹਨ। ਇਸ ਤਰ੍ਹਾਂ ਪੰਜਾਬੀ ਵਿਰਸੇ ਅਤੇ ਸਾਹਿਤ ਨਾਲ ਜੁੜੀ ਇਹ ਪਰਿਵਾਰਕ ਵਿਰਾਸਤ ਹੁਣ ਅਲਬਰਟਾ ਦੇ ਅਸਮਾਨਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ।

ਗੁਰਦਾਸਪੁਰ ਦੀਆਂ ਗਲੀਆਂ ਤੋਂ ਅਲਬਰਟਾ ਦੇ ਅਸਮਾਨ ਤੱਕ ਪਹੁੰਚੀ ਇਹ ਪੱਗ ਮਾਨੋ ਇੱਕ ਸੁਨੇਹਾ ਦੇ ਰਹੀ ਹੈ—ਸਿੱਖ ਦੀ ਪਛਾਣ ਸਿਰ ’ਤੇ ਸਜਦੀ ਹੈ, ਪਰ ਉਸ ਦੀ ਕਾਬਲੀਅਤ ਉਸ ਨੂੰ ਅਸਮਾਨਾਂ ਤੱਕ ਲੈ ਜਾਂਦੀ ਹੈ। ਕਰਨ ਪ੍ਰਤਾਪ ਸਿੰਘ ਦੇ ਪਿਤਾ ਸਤਿੰਦਰ ‘ਸੁਕਰਾਤ’ ਨੇ ਦੱਸਿਆ ਕਿ ਕਰਨ ਨੇ ਮਹਿਜ਼ 14 ਸਾਲ ਦੀ ਉਮਰ ਵਿੱਚ ਕੈਡੇਟ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ। ਕੈਡੇਟ ਵਜੋਂ ਉਸ ਨੇ ਆਪਣੀ ਮਿਹਨਤ, ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਕਈ ਤਰੱਕੀਆਂ ਹਾਸਲ ਕੀਤੀਆਂ।

ਉਸ ਦੀਆਂ ਪ੍ਰਾਪਤੀਆਂ ਅਤੇ ਅਗਵਾਈ ਦੀਆਂ ਯੋਗਤਾਵਾਂ ਨੂੰ ਮਾਨਤਾ ਦਿੰਦਿਆਂ ਉਸ ਨੂੰ ਲਾਰਡ ਸਟ੍ਰੈਥਕੋਨਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਕੈਨੇਡਾ ਦੇ ਕੈਡੇਟਾਂ ਨੂੰ ਦਿੱਤਾ ਜਾਣ ਵਾਲਾ ਵੱਕਾਰੀ ਸਨਮਾਨ ਹੈ, ਜੋ ਸ਼ਾਨਦਾਰ ਪ੍ਰਦਰਸ਼ਨ, ਅਗਵਾਈ ਅਤੇ ਸਮਰਪਣ ਵਰਗੀਆਂ ਯੋਗਤਾਵਾਂ ਲਈ ਪ੍ਰਦਾਨ ਕੀਤਾ ਜਾਂਦਾ ਹੈ।

ਕੈਡੇਟ ਸਿਖਲਾਈ ਦੌਰਾਨ ਮਿਲੇ ਤਜਰਬੇ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨੇ ਕਰਨ ਦੇ ਪਾਇਲਟ ਬਣਨ ਦੇ ਸੁਪਨੇ ਨੂੰ ਹੋਰ ਮਜ਼ਬੂਤ ਕੀਤਾ। ਉਸ ਨੇ ਪਾਇਲਟ ਲਾਇਸੈਂਸ ਲਈ ਲੋੜੀਂਦੇ ਟੈਸਟ ਅਤੇ ਇੰਟਰਵਿਊ ਸਫਲਤਾਪੂਰਵਕ ਪਾਸ ਕੀਤੇ ਅਤੇ ਮਹਿਜ਼ 17 ਸਾਲ ਦੀ ਉਮਰ ਵਿੱਚ ਪਾਇਲਟ ਲਾਇਸੈਂਸ ਹਾਸਲ ਕਰ ਲਿਆ। ਇਹ ਉਪਲੱਬਧੀ ਆਪਣੇ ਆਪ ਵਿੱਚ ਇਸ ਲਈ ਵੀ ਵਿਲੱਖਣ ਹੈ ਕਿ ਜਿਸ ਉਮਰ ਵਿੱਚ ਬਹੁਤੇ ਨੌਜਵਾਨ ਆਪਣੇ ਭਵਿੱਖ ਦੀ ਦਿਸ਼ਾ ਤੈਅ ਕਰਨ ਬਾਰੇ ਸੋਚ ਰਹੇ ਹੁੰਦੇ ਹਨ, ਉਸ ਉਮਰ ਵਿੱਚ ਕਰਨ ਪ੍ਰਤਾਪ ਨੇ ਆਪਣੇ ਸੁਪਨੇ ਨੂੰ ਉਡਾਣ ਦੇ ਦਿੱਤੀ। ਉਸ ਦੇ ਸਿਰ ’ਤੇ ਪੱਗ ਹੈ, ਹੱਥਾਂ ਵਿੱਚ ਜਹਾਜ਼ ਦਾ ਕੰਟਰੋਲ ਹੈ ਅਤੇ ਅੱਖਾਂ ਵਿੱਚ ਭਵਿੱਖ ਦੇ ਹੋਰ ਵੀ ਵੱਡੇ ਸੁਪਨੇ।

ਕਰਨ ਪ੍ਰਤਾਪ ਦੀ ਉਡਾਣ ਸਿਰਫ਼ ਹਵਾਬਾਜ਼ੀ ਤੱਕ ਸੀਮਤ ਨਹੀਂ। ਉਹ ਇੱਕ ਵਧੀਆ ਬਾਸਕਟਬਾਲ ਖਿਡਾਰੀ ਵੀ ਹੈ। ਬਾਸਕਟਬਾਲ ਦੀ ਗੁੜਤੀ ਉਸ ਨੂੰ ਆਪਣੇ ਦਾਦਾ ਜੀ ਤੋਂ ਮਿਲੀ ਹੈ। ਬਲਵਿੰਦਰ ਬਾਲਮ ਆਪਣੀ ਜਵਾਨੀ ਦੇ ਖੇਡ ਦਿਨਾਂ ਦੌਰਾਨ ਪ੍ਰੀ-ਏਸ਼ੀਆ ਤੋਂ ਇਲਾਵਾ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਵੀ ਸੋਨੇ ਦੇ ਤਗ਼ਮੇ ਹਾਸਲ ਕਰ ਚੁੱਕਾ ਹੈ। ਕਰਨ ਪ੍ਰਤਾਪ ਬਾਸਕਟਬਾਲ ਤੋਂ ਇਲਾਵਾ ਵਾਲੀਬਾਲ ਅਤੇ ਜੈਵਲਿਨ ਥਰੋ ਦਾ ਵੀ ਦਮਦਾਰ ਖਿਡਾਰੀ ਹੈ। ਉਹ ਸ਼ਹਿਰ ਪੱਧਰੀ ਭੰਗੜਾ ਟੀਮ ਦਾ ਹਿੱਸਾ ਵੀ ਰਹਿ ਚੁੱਕਾ ਹੈ। ਇਸ ਤਰ੍ਹਾਂ ਖੇਡਾਂ ਅਤੇ ਪੰਜਾਬੀ ਸੱਭਿਆਚਾਰ ਦੋਵਾਂ ਨਾਲ ਉਸ ਦਾ ਗੂੜ੍ਹਾ ਨਾਤਾ ਬਣਿਆ ਹੋਇਆ ਹੈ। ਐਰੋਰਾ ਚਾਰਟਰ ਸਕੂਲ ਵਿੱਚ ਪੜ੍ਹਾਈ ਦੌਰਾਨ ਵੀ ਕਰਨ ਪ੍ਰਤਾਪ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਵਾਰ ਸਨਮਾਨ ਹਾਸਲ ਕੀਤੇ। ਪੜ੍ਹਾਈ, ਖੇਡਾਂ, ਸੱਭਿਆਚਾਰ ਅਤੇ ਹਵਾਬਾਜ਼ੀ-ਇਨ੍ਹਾਂ ਸਾਰੇ ਖੇਤਰਾਂ ਵਿੱਚ ਸਰਗਰਮ ਰਹਿਣਾ ਉਸ ਦੀ ਬਹੁਪੱਖੀ ਸ਼ਖ਼ਸੀਅਤ ਦੀ ਝਲਕ ਪੇਸ਼ ਕਰਦਾ ਹੈ।

ਹੁਣ ਕਰਨ ਪ੍ਰਤਾਪ ਸਿੰਘ ਦੀਆਂ ਨਜ਼ਰਾਂ ਇੱਕ ਹੋਰ ਵੱਡੇ ਸੁਪਨੇ ’ਤੇ ਹਨ। ਉਹ ਅਲਬਰਟਾ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਕਰਕੇ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦਾ ਹੈ। ਅਰਥਾਤ ਅਸਮਾਨਾਂ ਨੂੰ ਛੂਹਣ ਤੋਂ ਬਾਅਦ ਹੁਣ ਉਸ ਦਾ ਸੁਪਨਾ ਮਨੁੱਖਤਾ ਦੀ ਸੇਵਾ ਨਾਲ ਜੁੜਿਆ ਹੋਇਆ ਹੈ।

17 ਸਾਲ ਦੀ ਉਮਰ ਵਿੱਚ ਪਾਇਲਟ ਲਾਇਸੈਂਸ, ਕੈਡੇਟ ਵਜੋਂ ਵੱਕਾਰੀ ਸਨਮਾਨ, ਖੇਡਾਂ ਅਤੇ ਭੰਗੜੇ ਵਿੱਚ ਸਰਗਰਮੀ, ਨਾਲ ਹੀ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਇਹ ਯਾਤਰਾ ਨੌਜਵਾਨਾਂ ਨੂੰ ਇੱਕ ਵੱਡਾ ਸੁਨੇਹਾ ਦਿੰਦੀ ਹੈ ਕਿ ਜੇ ਸੁਪਨਾ ਵੱਡਾ ਹੋਵੇ, ਮਿਹਨਤ ਲਗਾਤਾਰ ਹੋਵੇ ਅਤੇ ਅਨੁਸ਼ਾਸਨ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਛੋਟੀ ਉਮਰ ਹੋਣ ਦੇ ਬਾਵਜੂਦ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

ਅੱਜ ਜਦੋਂ ਨਵੀਂ ਪੀੜ੍ਹੀ ਸਾਹਮਣੇ ਆਪਣੇ ਵਿਰਸੇ ਅਤੇ ਆਧੁਨਿਕਤਾ ਵਿਚਕਾਰ ਸੰਤੁਲਨ ਬਣਾਉਣ ਦੀ ਚੁਣੌਤੀ ਹੈ, ਕਰਨ ਪ੍ਰਤਾਪ ਸਿੰਘ ਵਰਗੇ ਨੌਜਵਾਨ ਇੱਕ ਸੁੰਦਰ ਅਤੇ ਮਾਣਮੱਤੀ ਉਦਾਹਰਨ ਪੇਸ਼ ਕਰਦੇ ਹਨ। ਸਿਰ ’ਤੇ ਪੱਗ, ਦਿਲ ਵਿੱਚ ਪੰਜਾਬ, ਮਨ ਵਿੱਚ ਸਿੱਖੀ ਦੀ ਪਛਾਣ ਅਤੇ ਅੱਖਾਂ ਵਿੱਚ ਅਸਮਾਨ ਨੂੰ ਛੂਹਣ ਦੇ ਸੁਪਨੇ—ਇਹ ਸੁਮੇਲ ਹੀ ਨਵੀਂ ਪੀੜ੍ਹੀ ਦੀ ਅਸਲ ਤਾਕਤ ਬਣ ਸਕਦਾ ਹੈ।

ਸੰਪਰਕ: 9417427656

Advertisement
×