ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਨਾਹਰ ਔਜਲਾ

ਕਿਊਬਾ ਇਕ ਅਜਿਹਾ ਦੇਸ਼ ਹੈ ਜੋ ਹਮੇਸ਼ਾਂ ਕਿਸੇ ਨਾ ਕਿਸੇ ਕਾਰਨ ਦੁਨੀਆਂ ਭਰ ਦੇ ਮੀਡੀਆ ’ਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਸੰਸਾਰ ਭਰ ਦੇ ਸੈਲਾਨੀਆਂ ਲਈ ਇਹ ਦੇਸ਼ ਉਨ੍ਹਾਂ ਦੀਆਂ ਪਹਿਲੀਆਂ ਪਸੰਦਾਂ ਵਿਚ ਆਉਂਦਾ ਹੈ। ਲੱਖਾਂ ਦੀ ਗਿਣਤੀ ’ਚ ਲੋਕ ਹਰ ਸਾਲ ਇਸ ਧਰਤੀ ’ਤੇ ਸੈਰ ਸਪਾਟੇ ਲਈ ਜਾਂਦੇ ਹਨ, ਜਿਨ੍ਹਾਂ ’ਚ 14 ਲੱਖ ਦੇ ਕਰੀਬ ਕੈਨੇਡੀਅਨ ਹੁੰਦੇ ਹਨ। ਠੰਢੇ ਮੁਲਕਾਂ ਤੋਂ ਜਾਣ ਵਾਲੇ ਸੈਲਾਨੀ ਤਾਂ ਇਸਨੂੰ ਸਵਰਗ ਹੀ ਮੰਨਦੇ ਹਨ। ਬਹੁਤੇ ਸੈਲਾਨੀ ਤਾਂ ਇਹੋ ਜਿਹੇ ਵੀ ਮਿਲਣਗੇ ਜੋ ਕਈ ਦਹਾਕਿਆਂ ਤੋਂ ਹਰ ਸਾਲ ਇਕ ਜਾਂ ਦੋ ਗੇੜੇ ਜ਼ਰੂਰ ਲਾਉਂਦੇ ਹਨ। ਥੋੜ੍ਹੇ ਲੋਕ ਉਹ ਵੀ ਹੁੰਦੇ ਹਨ ਜਿਨ੍ਹਾਂ ਨੇ ਇਨਕਲਾਬੀ ‘ਚੀ ਗਵੇਰਾ’ ਬਾਰੇ ਸੁਣਿਆ ਜਾਂ ਪੜ੍ਹਿਆ ਹੈ ਤੇ ਕੁਝ ਉਸ ਨਾਲ ਜਜ਼ਬਾਤੀ ਤੌਰ ’ਤੇ ਜੁੜੇ ਹੁੰਦੇ ਹਨ। ਕਾਫ਼ੀ ਲੋਕਾਂ ਦੇ ਮਨ ’ਚ ਫੀਡਲ ਕਾਸਤਰੋ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਰਾਜਸੀ ਪ੍ਰਬੰਧ ਨੂੰ ਦੇਖਣ ਦੀ ਖਾਹਿਸ਼ ਵੀ ਹੁੰਦੀ ਹੈ।

ਕਿਊਬਾ ਦੱਖਣੀ ਅਮਰੀਕਾ ਦੇ ਨਜ਼ਦੀਕ ਪੈਂਦਾ ਇਕ ਵੱਡਾ ਟਾਪੂ ਹੈ। ਇਹ ਅਮਰੀਕਾ ਤੋਂ 90 ਕੁ ਮੀਲ ਦੀ ਦੂਰੀ ’ਤੇ ਸਥਿਤ ਹੈ। 1903 ’ਚ ਅਮਰੀਕਾ ਨੇ ਫ਼ੌਜੀ ਤਾਕਤ ਦੇ ਸਿਰ ’ਤੇ ਕਿਊਬਾ ਦਾ ਕੁਝ ਹਿੱਸਾ ਕਿਊਬਾ ਸਰਕਾਰ ਤੋਂ ਲੀਜ਼ ’ਤੇ ਲਿਖਵਾ ਲਿਆ ਸੀ ਜਿੱਥੇ ਇਕ ਜੇਲ੍ਹ ਨੁਮਾ ਤਸੀਹਾ ਕੇਂਦਰ ਸਥਾਪਤ ਕੀਤਾ ਹੋਇਆ ਹੈ। ਇਹ ਵੀ ਕਹਿਣਾ ਗ਼ਲਤ ਨਹੀਂ ਕਿ ਅਮਰੀਕਾ ਨਾਲ ਕਿਊਬਾ ਦੀ ਹੱਦ ਸਾਂਝੀ ਹੈ। 1959 ਤੋਂ ਫੀਡਲ ਕਾਸਤਰੋ ਦੀ ਸਰਕਾਰ ਨੇ ਦਹਾਕਿਆਂ ਤੋਂ ਕਦੇ ਵੀ ਕੋਈ ਲੀਜ਼ ਦਾ ਪੈਸਾ ਅਮਰੀਕਾ ਦੀ ਸਰਕਾਰ ਤੋਂ ਨਹੀਂ ਲਿਆ। ਕਿਊਬਾ ਦੀ ਸਰਕਾਰ ਇਸਨੂੰ ਕਬਜ਼ਾ ਮੰਨਦੀ ਹੈ।

ਖੇਤਰਫਲ ’ਚ ਕਿਊਬਾ ਅਮਰੀਕਾ ਦੀ ਇਕ ਹੀ ਸਟੇਟ ਪੈਨਸਲਵੇਨੀਆ ਤੋਂ ਵੀ ਛੋਟਾ ਹੈ। ਆਬਾਦੀ ਇਕ ਕਰੋੜ ਚੌਦਾਂ ਲੱਖ ਦੇ ਕਰੀਬ ਹੈ। ਵਸੋਂ ਦਾ ਵੱਡਾ ਹਿੱਸਾ ਸਪੈਨਿਸ਼ ਤੇ ਅਫ਼ਰੀਕੀ ਮੂਲ ਦੇ ਲੋਕਾਂ ਦਾ ਹੈ। ਮੂਲਵਾਸੀਆਂ ਦੀ ਗਿਣਤੀ ਕਾਫ਼ੀ ਘੱਟ ਹੈ। ਕੋਲੰਬਸ ਵੱਲੋਂ ਇਸ ਖਿੱਤੇ ਨੂੰ ਲੱਭਣ ਤੋਂ ਬਾਅਦ ਇੱਥੇ ਆ ਵਸੇ ਯੂਰੋਪੀਅਨਾਂ ਨੇ ਕਿਊਬਾ ਦੇ ਲੱਖਾਂ ਮੂਲਵਾਸੀਆਂ ਨੂੰ ਕਤਲ ਕਰ ਦਿੱਤਾ ਸੀ। ਮੈਨੂੰ ਵੀ ਕੁਝ ਮੂਲਵਾਸੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਅੱਜ ਵੀ ਟੇਨੋ ਕਬੀਲੇ ਦੇ ਲੋਕਾਂ ਦਾ ਪਹਿਰਾਵਾ ਆਮ ਲੋਕਾਂ ਨਾਲੋਂ ਕੁਝ ਵੱਖਰਾ ਹੀ ਹੈ।

ਦੁਨੀਆਂ ਭਰ ਦੇ ਲੇਖਕਾਂ ਅਤੇ ਮੀਡੀਆ ਵੱਲੋਂ ਨਵੇਂ ਪ੍ਰਬੰਧ ਹੇਠ ਉਸਰੇ ਕਿਊਬਾ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਅਣਗਿਣਤ ਦਸਤਾਵੇਜ਼ੀ ਫ਼ਿਲਮਾਂ ਬਣ ਕੇ ਸਾਹਮਣੇ ਆਈਆਂ ਹਨ। ਕੋਵਿਡ-19 ਦੇ ਸਮੇਂ ਵੀ ਜਦੋਂ ਸਾਰੀ ਦੁਨੀਆਂ ਦੀਆਂ ਸਰਕਾਰਾਂ ਆਪੋ-ਧਾਪੀ ’ਚ ਪਈਆਂ, ਇਕ ਦੂਜੇ ਮੁਲਕ ਨੂੰ ਬਦਨਾਮ ਕਰਕੇ ਆਪਣੀ ਲੁੱਟ ਖਸੁੱਟ ਨੂੰ ਕਾਇਮ ਰੱਖਣ ’ਚ ਰੁੱਝੀਆਂ ਹੋਈਆਂ ਹਨ, ਇਸ ਸੰਕਟ ਸਮੇਂ ਕਿਊਬਾ ਦੀ ਸੈਰ ਸਪਾਟਾ ਇੰਡਸਟਰੀ ਪੂਰੀ ਤਰ੍ਹਾਂ ਬੰਦ ਹੋਣ ’ਤੇ ਵੀ ਕਿਊਬਾ ਦੇ ਕੋਈ ਤੀਹ ਹਜ਼ਾਰ ਦੇ ਕਰੀਬ ਮੈਡੀਕਲ ਕਾਮੇ ਦੁਨੀਆਂ ਦੇ ਅੱਸੀ ਦੇ ਕਰੀਬ ਮੁਲਕਾਂ ’ਚ ਲੋੜਵੰਦਾਂ ਨੂੰ ਆਪਣੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਦੁਨੀਆਂ ਭਰ ਦੇ ਮੁਖ ਧਾਰਾਈ ਮੀਡੀਆ ’ਚ ਇਸਦੀ ਭਰਪੂਰ ਸ਼ਲਾਘਾ ਹੋਈ ਹੈ।

ਪਿਛਲੇ ਦੋ ਦਹਾਕਿਆਂ ’ਚ ਮੈਨੂੰ ਵੀ ਇਸ ਟਾਪੂ ’ਤੇ ਕਈ ਵਾਰ ਜਾਣ ਦਾ ਮੌਕਾ ਮਿਲਿਆ ਹੈ। ਕਿਊਬਾ ਦੀ ਧਰਤੀ, ਮੌਸਮ, ਪੌਣ-ਪਾਣੀ ਅਤੇ ਲੋਕਾਂ ਦੀਆਂ ਦਿਲਚਸਪ ਖ਼ੂਬੀਆਂ ਸੈਲਾਨੀਆਂ ਨੂੰ ਆਕਰਸ਼ਤ ਕਰਦੀਆਂ ਹਨ। ਦਸੰਬਰ ਤੋਂ ਮਾਰਚ ਦੇ ਮਹੀਨੇ ਤਕ ਤਾਂ ਭਾਂਤ-ਭਾਂਤ ਦੇ ਦੇਸ਼ਾਂ ਤੋਂ ਆਏ ਸੈਲਾਨੀ ਹੀ ਨਜ਼ਰ ਆਉਂਦੇ ਹਨ। ਕੁਝ ਲੋਕ ਇਹੋ ਜਿਹੇ ਵੀ ਪਹੁੰਚੇ ਹੁੰਦੇ ਹਨ ਜੋ ਭੀੜ-ਭੜੱਕਾ, ਤੇਜ਼ ਰੌਸ਼ਨੀਆਂ, ਮਸ਼ੀਨਾਂ ਦੀ ਖੜਖੜਾਹਟ ਅਤੇ ਤੇਜ਼ ਚੱਲਦੀਆਂ ਕਾਰਾਂ ਦਾ ਸ਼ੋਰ-ਸ਼ਰਾਬਾ ਸੁਣਨ ਦੇ ਆਦੀ ਹੋ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਕਿਊਬਾ ਪੱਛੜਿਆ ਹੋਇਆ ਤੇ ਗ਼ਰੀਬ ਮੁਲਕ ਲੱਗਦਾ ਹੈ। ਸ਼ਾਇਦ ਇਹ ਲੋਕ ਕਿਊਬਾ ਦੀ ਮੜ੍ਹਕ ਨਾਲ ਚੱਲਣ ਵਾਲੀ ਤੋਰ ਨੂੰ ਪਛਾਣਨ ’ਚ ਧੋਖਾ ਖਾ ਰਹੇ ਹੁੰਦੇ ਹਨ।

ਜੋ ਲੋਕ ਕੁਦਰਤ ਦੇ ਨੇੜੇ ਹੁੰਦੇ ਹਨ, ਉਨ੍ਹਾਂ ਲਈ ਇਸਦਾ ਹਰ ਕੋਨਾ ਹੀ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਉੱਥੋਂ ਦੀਆਂ ਮਨਮੋਹਣੀਆਂ ਬੀਚਾਂ, ਸੁਹਾਵਣਾ ਮੌਸਮ, ਮੀਲਾਂ ਤਕ ਨਜ਼ਰ ਪੈਂਦੀ ਹਰਿਆਵਲ, ਸ਼ਾਂਤ ਵਾਤਾਵਰਣ ਤੇ ਲੋਕਾਂ ਦਾ ਕੋਮਲ ਸੁਭਾਅ ਸੈਲਾਨੀਆਂ ਨੂੰ ਜਾਦੂ ਵਾਂਗ ਕੀਲ ਲੈਂਦਾ ਹੈ। ਹਵਾ ’ਚ ਉੱਡਦੇ ਰੂੰ ਵਰਗੇ ਬੱਦਲ ਇੰਜ ਜਾਪਦੇ ਹਨ ਜਿਵੇਂ ਪਰਵਾਜ਼ ਭਰਨ ਤੋਂ ਪਹਿਲਾਂ ਸਮੁੰਦਰ ’ਚ ਚੁੱਭੀ ਮਾਰ ਕੇ ਨਿੱਖਰੇ ਹੋਣ। ਚੰਨ-ਚਾਨਣੀ ਰਾਤ ’ਚ ਘਾਹ ’ਤੇ ਲੇਟ ਕੇ ਤਾਰਾ ਮੰਡਲ ਵੱਲ ਦੇਖਣਾ ਤੁਹਾਨੂੰ ਪੰਜਾਬ ਦੇ ਪੁਰਾਣੇ ਪਿੰਡਾਂ ਦੀਆਂ ਯਾਦਾਂ ਚੇਤੇ ਕਰਵਾ ਦਿੰਦਾ ਹੈ, ਜਦੋਂ ਛੋਟੇ ਹੁੰਦਿਆਂ ਕੋਠੇ ’ਤੇ ਮੰਜੇ ਡਾਹ ਕੇ ਆਕਾਸ਼ ਵੱਲ ਨੂੰ ਟਿਕਟਿਕੀ ਲਾ ਕੇ ਤੱਕਦੇ ਸੀ। ਅਸੀਂ ਨਵੰਬਰ ਦੇ ਮਹੀਨੇ ’ਚ ਗਏ ਸੀ। ਉਨ੍ਹਾਂ ਦਿਨਾਂ ’ਚ ਦਿਨ ਵੇਲੇ ਦਾ ਤਾਪਮਾਨ 25 ਤੋਂ 30 ਡਿਗਰੀ ਦੇ ਕਰੀਬ ਰਹਿੰਦਾ ਹੈ ਜਿਸ ਨਾਲ ਸੜਕਾਂ ਅਤੇ ਬੀਚ ਲਾਗੇ ਦਾ ਰੇਤਾ ਗਰਮ ਹੋ ਜਾਂਦਾ ਸੀ। ਜਿਸ ’ਤੇ ਨੰਗੇ ਪੈਰੀਂ ਤੁਰਨ ਵੇਲੇ ਉਹ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਸੀ ਜਦੋਂ ਬਚਪਨ ਵੇਲੇ ਗਰਮੀਆਂ ’ਚ ਟੁੱਟੇ ਜਿਹੇ ਛਿੱਤਰ ਪੈਰੀਂ ਪਾ ਕੇ ਮੱਝਾਂ ਚਾਰਦੇ ਹੁੰਦੇ ਸੀ। ਇਹੋ ਜਿਹੇ ਮੌਸਮ ’ਚ ਥੋੜ੍ਹਾ ਜਿਹਾ ਤੁਰਨ ਤੋਂ ਬਾਅਦ ਰੁਕ ਕੇ ਕਿਸੇ ਦਰੱਖਤ ਦੀ ਛਾਂ ਹੇਠ ਬੈਠਣਾ ਤੇ ਫੇਰ ਤੁਰਨਾ ਮਨ ਨੂੰ ਵੱਖਰਾ ਜਿਹਾ ਸਕੂਨ ਦਿੰਦਾ ਸੀ। ਕਿੰਨਾ ਦਿਲਚਸਪ ਲੱਗਦਾ ਸੀ ਕਿਸੇ ਦਰੱਖਤ ਦੀ ਛਾਂ ਹੇਠ ਕੁਰਸੀ ’ਤੇ ਬੈਠ ਕੇ ਕੁਦਰਤ ਦੇ ਅਨਮੋਲ ਨਜ਼ਾਰਿਆਂ ਨੂੰ ਤੱਕਣਾ।

ਕਿਊਬਾ ’ਚ ਸੈਲਾਨੀਆਂ ਦੀ ਖਿੱਚ ਦਾ ਇਕ ਕਾਰਨ ਇਹ ਵੀ ਹੈ ਕਿ ਉੱਥੇ ਅਪਰਾਧ ਨਹੀਂ ਹੈ। ਬਲਾਤਕਾਰੀਆਂ ਜਾਂ ਨਸ਼ਾ ਤਸਕਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਗ਼ੈਰ ਕਾਨੂੰਨੀ ਹਥਿਆਰ ਰੱਖਣ ਦਾ ਸ਼ੌਕ ਨਹੀਂ ਹੈ ਅਤੇ ਨਾ ਹੀ ਕਾਨੂੰਨ ਇਜ਼ਾਜਤ ਦਿੰਦਾ ਹੈ। ਕਿਸੇ ਵੀ ਨਾਗਰਿਕ ਦੇ ਕਤਲ ਨੂੰ ਇਕ ਵੱਡੀ ਤੇ ਹੈਰਾਨੀਜਨਕ ਘਟਨਾ ਸਮਝਿਆ ਜਾਂਦਾ ਹੈ।

ਕਿਊਬਾ ਦੀ ਸਿੱਖਿਆ ਤੇ ਸਿਹਤ ਪ੍ਰਣਾਲੀ ਦੁਨੀਆਂ ਦੇ ਕੁਝ ਸਿਖਰਲੇ ਗਿਣੇ ਚੁਣੇ ਦੇਸ਼ਾਂ ’ਚੋਂ ਆਉਂਦੀ ਹੈ। ਉੱਚ ਪੱਧਰ ਦੀ ਵਿੱਦਿਆ ਵੀ ਹਰ ਨਾਗਰਿਕ ਲਈ ਮੁਫ਼ਤ ਹੈ। ਖੇਡਾਂ ’ਚ ਦਿਲਚਸਪੀ ਰੱਖਣ ਵਾਲੇ ਖਿਡਾਰੀਆਂ ਦਾ ਖ਼ਰਚਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ। 1992 ਦੀਆਂ ਓਲੰਪਿਕ ਖੇਡਾਂ ਸਮੇਂ ਕਿਊਬਾਂ ਦੇ ਖਿਡਾਰੀਆਂ ਨੇ 30 ਮੈਡਲ ਜਿੱਤੇ ਸਨ ਜਿਨ੍ਹਾਂ ’ਚੋਂ 14 ਸੋਨੇ ਦੇ ਮੈਡਲ ਸਨ। ਕਿਊਬਾ ’ਚ ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਕਿਸੇ ਦਾ ਨਿੱਜੀ ਮਾਮਲਾ ਹੈ। ਸਿੱਖਿਆ ਜਾਂ ਰਾਜਨੀਤੀ ’ਚ ਧਰਮ ਲਈ ਕੋਈ ਥਾਂ ਨਹੀਂ ਹੈ। ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਹੈ। ਚਰਚ ਅਤੇ ਮਸਜਿਦਾਂ ਦੀਆਂ ਸੁੰਦਰ ਇਮਾਰਤਾਂ ’ਚ ਮੰਨਣ ਵਾਲਿਆਂ ਦੀ ਗਿਣਤੀ ਨਾਂ ਦੇ ਬਰਾਬਰ ਹੈ, ਪਰ ਦੇਖਣ ਵਾਲੇ ਸੈਲਾਨੀਆਂ ਦੀ ਕਾਫ਼ੀ ਜ਼ਿਆਦਾ ਹੁੰਦੀ ਹੈ। ਰੰਗ, ਨਸਲ ਅਤੇ ਧਰਮ ਦੇ ਆਧਾਰ ’ਤੇ ਕਿਸੇ ਨਾਗਰਿਕ ਨਾਲ ਕੋਈ ਵਿਤਕਰਾ ਨਹੀਂ ਹੈ।

ਕਿਊਬਾ ’ਚ ਬਹੁਤੇ ਵੱਡੇ ਬਿਜ਼ਨਸ ਸਰਕਾਰੀ ਕੰਟਰੋਲ ਅਧੀਨ ਹੀ ਹਨ। ਆਰਥਿਕਤਾ ਵੀ ਬੜੀ ਯੋਜਨਾਬੱਧ ਢੰਗ ਨਾਲ ਤਿਆਰ ਕੀਤੀ ਹੋਈ ਹੈ ਜਿਸ ਕਾਰਨ ਬੇਰੁਜ਼ਗਾਰੀ ਦੀ ਦਰ ਆਮ ਤੌਰ ’ਤੇ ਨੀਵੇਂ ਪੱਧਰ ਦੀ ਹੀ ਰਹਿੰਦੀ ਹੈ। ਬਹੁਤੇ ਕੰਮ ਵੱਡੀਆਂ ਮਸ਼ੀਨਾਂ ਦੀ ਵਜਾਏ ਵਰਕਰਾਂ ਵੱਲੋਂ ਹੀ ਕੀਤੇ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲਿਆ ਰਹੇ। ਲੋਕਾਂ ਦੀਆਂ ਤਨਖਾਹਾਂ ਪੱਛਮੀ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹਨ, ਪਰ ਖ਼ਰਚੇ ਵੀ ਘੱਟ ਹਨ। ਘੱਟ ਆਮਦਨ ਵਾਲੇ ਲੋਕਾਂ ਨੂੰ ਭੋਜਨ ਵੀ ਸਰਕਾਰੀ ਸਬਸਿਡੀ ’ਤੇ ਮਿਲਦਾ ਹੈ। ਲੋਕ ਭੁੱਖੇ ਜਾਂ ਸੜਕਾਂ ਅਤੇ ਪੁਲਾਂ ਹੇਠ ਸੁੱਤੇ ਨਹੀਂ ਮਿਲਣਗੇ। ਲੋਕੀਂ ਬੱਚੇ ਘੱਟ ਪੈਦਾ ਕਰਦੇ ਹਨ ਜਿਸ ਕਾਰਨ ਸੇਵਾਮੁਕਤੀ ਦੀ ਉਮਰ ਮਰਦਾਂ ਲਈ 65 ਅਤੇ ਔਰਤਾਂ ਲਈ 60 ਸਾਲ ਤਕ ਕਰ ਦਿੱਤੀ ਹੈ।

ਬਹੁਤ ਕੁਝ ਚੰਗਾ ਹੋਣ ਦੇ ਬਾਵਜੂਦ ਸਿਸਟਮ ’ਚ ਕਾਫ਼ੀ ਘਾਟਾਂ ਵੀ ਨਜ਼ਰ ਆਉਣ ਲੱਗੀਆਂ ਹਨ। ਕਿਊਬਾ ਸਰਕਾਰ ਨੇ ਚੀਨ ਦੀ ਤਰ੍ਹਾਂ ਆਰਥਿਕਤਾ ’ਚ ਨਿੱਜੀ ਪੂੰਜੀ ਲਾਉਣ ਦੀਆਂ ਰਿਆਇਤਾਂ ਦੇ ਦਿੱਤੀਆਂ ਹਨ ਜਿਸ ਨਾਲ ਲੋਕਾਂ ’ਚ ਪੈਸਾ ਇਕੱਠਾ ਕਰਨ ਦਾ ਰੁਝਾਨ ਕਾਫ਼ੀ ਵਧ ਗਿਆ ਹੈ। ਹੁਣ ਕਾਮਿਆਂ ਵੱਲੋਂ ਸੈਲਾਨੀਆਂ ’ਚੋਂ ਵੱਧ ਟਿੱਪ ਦੇਣ ਵਾਲਿਆਂ ਨੂੰ ਵੱਧ ਸਹੂਲਤਾਂ ਦੇਣ ਦਾ ਰੁਝਾਨ ਪਨਪਣ ਲੱਗਾ ਹੈ। ਇਸ ਇਕੱਠੇ ਕੀਤੇ ਧਨ ਨਾਲ ਲੋਕੀਂ ਕੋਈ ਛੋਟਾ ਮੋਟਾ ਬਿਜ਼ਨਸ ਸ਼ੁਰੂ ਲੈਂਦੇ ਹਨ। ਵੱਡੇ ਵੱਡੇ ਰਿਜ਼ੋਰਟਾਂ ’ਚ ਵੀ ਵੱਡੀਆਂ ਕੰਪਨੀਆਂ ਨੇ ਆਪਣੇ ਸ਼ੇਅਰ ਖ਼ਰੀਦ ਲਏ ਹਨ। ਅਮੀਰ-ਗ਼ਰੀਬ ਦਾ ਪਾੜਾ ਵੀ ਨਜ਼ਰ ਆਉਣ ਲੱਗਾ ਹੈ। ਸਭ ਕੁਝ ਦੇ ਬਾਵਜੂਦ ਆਰਥਿਕਤਾ ਦਾ ਵੱਡਾ ਹਿੱਸਾ ਸਰਕਾਰ ਆਪਣੇ ਕੰਟਰੋਲ ਅਧੀਨ ਹੀ ਰੱਖਦੀ ਹੈ। ਜਦੋਂ ਤੋਂ ਕਿਊਬਾ ’ਚ ਫੀਡਲ ਕਾਸਤਰੋ ਦੀ ਸਰਕਾਰ ਬਣੀ ਸੀ ਅਤੇ ਉਸਦੀ ਮੌਤ ਤੋਂ ਬਾਅਦ ਵੀ ਅਮਰੀਕਾ ਦੀ ਸਰਕਾਰ ਕਿਊਬਾ ਦੀ ਆਰਥਿਕਤਾ ਨੂੰ ਡੇਗਣ ਲਈ ਉਸ ਦੀ ਘੇਰਾਬੰਦੀ ਕਰੀ ਰੱਖਦੀ ਹੈ। ਬਹੁਤੇ ਦੇਸ਼ ਅਮਰੀਕਾ ਦੇ ਦਬਾਅ ਅਧੀਨ ਕਿਊਬਾ ਨਾਲ ਵਪਾਰ ਕਰਨ ਤੋਂ ਕਤਰਾਉਂਦੇ ਹਨ ਜਦੋਂ ਕਿ ਉਹ ਦੇਸ਼ ਇਨ੍ਹਾਂ ਪਾਬੰਦੀਆਂ ਨੂੰ ਜਾਇਜ਼ ਵੀ ਨਹੀਂ ਮੰਨਦੇ। ਅਮਰੀਕਾ ਭਾਵੇਂ ਕੁਝ ਵੀ ਕਰਦਾ ਰਹੇ, ਪਰ ਕਿਊਬਾ ਉਸ ਅੱਗੇ ਝੁਕਣ ਦੀ ਬਜਾਏ ਦੁਨੀਆਂ ਦੇ ਹਰ ਮੰਚ ’ਤੇ ਉਸ ਦੀਆਂ ਜੰਗੀ ਨੀਤੀਆਂ ਦਾ ਡਟਵਾਂ ਵਿਰੋਧ ਕਰਦਾ ਹੈ। ਕਿਊਬਾ ਬਾਰੇ ਜਾਣਨ ਤੋਂ ਬਾਅਦ ਇਕ ਗੱਲ ਸਾਫ਼ ਸਮਝ ਆਉਂਦੀ ਹੈ ਕਿ ਜੇਕਰ ਸਰਕਾਰ ਲੋਕ ਪੱਖੀ ਹੋਵੇ ਤਾਂ ਇਕ ਟਾਪੂ ’ਤੇ ਵਸਣ ਵਾਲੇ ਲੋਕ ਵੀ ਵਧੀਆ ਜ਼ਿੰਦਗੀ ਜੀਅ ਸਕਦੇ ਹਨ। ਜੇ ਇਕ ਮੁਲਕ ਦਾ ਬੁਨਿਆਦੀ ਪ੍ਰਬੰਧ ਅਤੇ ਸਰਕਾਰ ਮਾੜੀ ਹੋਵੇ ਤਾਂ ਇਕ ਵੱਡੇ ਮੁਲਕ ਦੇ ਕਰੋੜਾਂ ਲੋਕ ਢਿੱਡੋਂ ਭੁੱਖੇ ਸੜਕਾਂ ’ਤੇ ਸੌਣ ਲਈ ਵੀ ਮਜਬੂਰ ਹੋ ਸਕਦੇ ਹਨ।
ਸੰਪਰਕ : 416-728-5686

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All