ਗੁਰਮਲਕੀਅਤ ਸਿੰਘ ਕਾਹਲੋਂ
ਸਾਡੀ ਕੰਪਨੀ ਨੂੰ ਆਪਣੇ ਸਟਾਫ ਤੋਂ ਚੰਗਾ ਕੰਮ ਲੈਣਾ ਆਉਂਦਾ ਹੈ। ਕੰਪਨੀ ਦਾ ਐੱਚ ਆਰ ਵਿਭਾਗ ਇੰਜ ਦੇ ਹਾਲਾਤ ਵਿਉਂਤਣ ਵਿੱਚ ਮਾਹਿਰ ਹੈ। ਹਰ ਸਾਲ ਸਟਾਫ ਮੇਲਾ ਲਾਉਣਾ ਇਸੇ ਨੀਤੀ ਦਾ ਹਿੱਸਾ ਹੈ। ਸਟਾਫ ਦੀ ਰਾਇ ਨਾਲ ਹੀ ਮੇਲੇ ਦਾ ਦਿਨ ਤੈਅ ਕੀਤਾ ਜਾਂਦਾ ਹੈ। ਚਾਰ ਪੰਜ ਵਿਕਲਪ ਭੇਜ ਕੇ ਅੱਧੇ ਤੋਂ ਵੱਧ ਮੁਲਾਜ਼ਮਾਂ ਦੀ ਪਸੰਦ ਵਾਲਾ ਦਿਨ ਤੈਅ ਕੀਤਾ ਜਾਂਦਾ। ਇਸ ਨੂੰ ਬੋਨਸ ਕਹਿ ਲਓ ਜਾਂ ਪੁੱਜਣ ਦਾ ਲਾਲਚ, ਮੇਲੇ ਵਿੱਚ ਹਾਜ਼ਰੀ ਭਰਨ ਵਾਲਿਆਂ ਨੂੰ ਉਸ ਦਿਨ ਦੀ ਤਨਖਾਹ ਦਾ ਚੈੱਕ ਉਸੇ ਦਿਨ ਦੇ ਦਿੱਤਾ ਜਾਂਦਾ ਹੈ। ਤਨਖਾਹ ਸਮੇਤ ਮਨੋਰੰਜਨ ਨੂੰ ਕੌਣ ਖੁੰਝਾਉਣਾ ਚਾਹੇਗਾ ? ਖਾਸ ਮਜਬੂਰੀ ਕਾਰਨ ਹੀ ਕੋਈ ਪਹੁੰਚਣੋਂ ਰਹਿੰਦਾ ਹੈ। ਮੁਲਾਜ਼ਮ ਏਕਤਾ ਨੂੰ ਹੜਤਾਲ ਦਾ ਸੱਦਾ ਮੰਨਣ ਵਾਲੀਆਂ ਕੰਪਨੀਆਂ ਦੀ ਨੀਤੀ ਦੇ ਉਲਟ, ਸਾਡੀ ਕੰਪਨੀ ਸਟਾਫ ਵਿੱਚ ਮੇਲ ਮਿਲਾਪ ਅਤੇ ਭਾਈਚਾਰੇ ਉੱਤੇ ਜ਼ੋਰ ਦਿੰਦੀ ਹੈ। ਲੰਮੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮ ਦੱਸਦੇ ਹਨ ਕਿ ਇੱਥੇ ਕਦੇ ਹੜਤਾਲ ਨਹੀਂ ਹੋਈ। ਜਦੋਂ ਕਿ ਹੋਰਾਂ ਕੰਪਨੀਆਂ ਦੇ ਗੇਟਾਂ ਮੂਹਰੇ ਹਰ ਸਾਲ ਧਰਨੇ ਲੱਗਦੇ ਹਨ ਜਾਂ ਹੜਤਾਲ ਦੀ ਕਾਲ ਦੇ ਬੋਰਡ ਲੱਗੇ ਵੇਖੀਦੇ ਹਨ। ਮੇਲੇ ਕਾਰਨ ਕਾਮਿਆਂ ਦਾ ਮੇਲ ਮਿਲਾਪ ਵਧਦਾ ਹੈ ਤੇ ਉਹ ਨਿੱਜੀ ਸਮੱਸਿਆਵਾਂ ਸਾਂਝੀਆਂ ਕਰਕੇ ਹੱਲ ਲੱਭ ਲੈਂਦੇ ਹਨ। ਇੱਕ ਦੂਜੇ ਨੂੰ ਸਮਝ ਕੇ ਉਹ ਮਨਾਂ ਦੇ ਬੋਝ ਹਲਕੇ ਕਰ ਲੈਂਦੇ ਹਨ। ਸਟਾਫ ਮੀਟ ਮੌਕੇ ਕੰਪਨੀ ਉੱਚ ਕੋਟੀ ਦੇ ਖਾਣ ਪੀਣ ਦਾ ਪ੍ਰਬੰਧ ਕਰਦੀ ਹੈ। ਵੱਡੇ ਹਾਲ ਅਤੇ ਬਾਹਰ ਹਰੇ ਲਾਅਨ ਵਿੱਚ ਮੇਜ਼ ਲਵਾਏ ਜਾਂਦੇ ਹਨ। ਬਿਲਕੁਲ ਉਂਜ ਦਾ ਪ੍ਰਭਾਵ ਬਣਦਾ ਹੈ ਜਿਵੇਂ ਪੰਜਾਬ ਵਿੱਚ ਮੱਧਵਰਗ ਦੇ ਵਿਆਹ ਮੌਕੇ ਬਰਾਤ ਦੇ ਸਵਾਗਤ ਲਈ ਕੀਤਾ ਗਿਆ ਹੁੰਦਾ ਹੈ।
ਕੈਨੇਡਾ ਵਿੱਚ ਸਹਿ ਕਰਮੀਆਂ ਨੂੰ ਮੇਲ ਗੇਲ ਦੇ ਮੌਕੇ ਘੱਟ ਹੀ ਮਿਲਦੇ ਹਨ। ਕੰਪਨੀ ਦੀਆਂ ਵੱਖ ਵੱਖ ਥਾਵਾਂ ਉੱਤੇ ਡਿਊਟੀ ਕਰਦਿਆਂ ਫੁਰਸਤ ਦੀ ਘੜੀ ਅਸੀਂ ਟੈਲੀਫੋਨ ’ਤੇ ਗੱਲਬਾਤ ਕਰ ਲੈਂਦੇ ਹਾਂ। ਕਾਨਫਰੰਸ ਕਾਲ ਉੱਤੇ ਪੰਜ ਸੱਤ ਜਣੇ ਵੀ ਜੁੜ ਜਾਂਦੇ ਹਾਂ। ਕਦੇ ਕਦਾਈਂ ਦੂਜੇ ਦੇ ਮਨ ਦੀ ਟੋਹ ਲਾ ਲੈਣ ਵਾਲੀਆਂ ਗੱਲਾਂ ਕਰਦਿਆਂ ਸਾਡੇ ਵਿੱਚੋਂ ਕੋਈ ਸੁਣੀ ਸੁਣਾਈ ਉਦਾਹਰਣ ਦੇ ਦਿੰਦਾ ਹੈ, ਪਰ ਬਹੁਤਿਆਂ ਦਾ ਮੰਨਣਾ ਸੀ ਕਿ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਬਹੁਤਾ ਸੱਚ ਨਹੀਂ ਹੁੰਦਾ। ਇਹੋ ਜਿਹੀਆਂ ਗੱਲਾਂ ਨੂੰ ਦਿਲਚਸਪ ਬਣਾਉਣ ਲਈ ਵਧਾ ਚੜ੍ਹਾਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਪਿਛਲੇ ਸਾਲ ਸਟਾਫ ਮੇਲੇ ਮੌਕੇ ਜਿਗਰੀ ਯਾਰਾਂ ਨੇ ਟੋਲੀਆਂ ਬਣਾ ਕੇ ਮੇਜ਼ ਮੱਲ ਲਏ। ਹਰਜੀਤ, ਨੱਥਾ ਸਿੰਘ, ਬਲਬੀਰ, ਅਵਤਾਰ, ਰੌਬਰਟ ਤੇ ਮੈਂ ਨੁੱਕਰੇ ਜਿਹੇ ਲੱਗਾ ਮੇਜ਼ ਸਾਂਭ ਲਿਆ ਸੀ। ਦੇਰੀ ਨਾਲ ਆਏ ਐਰਿਕ ਲਈ ਅਸੀਂ ਹੋਰ ਕੁਰਸੀ ਮੰਗਵਾ ਲਈ। ਸਾਡਾ ਮੇਜ਼ ਐਂਟਰੀ ਗੇਟ ਦੇ ਨੇੜੇ ਹੋਣ ਕਰਕੇ ਆਉਣ ਵਾਲੇ ਵੀ ਨਜ਼ਰੇ ਚੜ੍ਹ ਜਾਂਦੇ ਸਨ। ਬੇਪਛਾਣਾਂ ਬਾਰੇ ਦੂਜਿਆਂ ਤੋਂ ਪੁੱਛ ਕੇ ਸਾਡੀ ਜਾਣਕਾਰੀ ਵਧ ਰਹੀ ਸੀ। ਸਾਲ ਬਾਅਦ ਮਿਲਦੇ ਇਸ ਮੌਕੇ ਨੂੰ ਯਾਦਗਾਰੀ ਬਣਾਉਣਾ ਸਾਰਿਆਂ ਦੀ ਖਾਹਿਸ਼ ਬਣ ਜਾਂਦੀ ਹੈ। ਹਾਸੇ ਮਖੌਲ ਤੇ ਆਮ ਗੱਲਾਂ ਵਿੱਚ ਸਾਡੇ ਡੇਢ ਦੋ ਘੰਟੇ ਲੰਘ ਗਏ ਸੀ।
ਸਾਡੇ ਨਾਲ ਬੈਠਾ ਰੌਬਰਟ ਬੜਾ ਜ਼ਿੰਦਾ ਦਿਲ ਤੇ ਮਜ਼ੇਦਾਰ ਇਨਸਾਨ ਹੈ। ਇਟਲੀ ਤੋਂ ਆਏ ਉਸ ਦੇ ਦਾਦੇ ਨੇ ਕੈਨੇਡਾ ਦੇ ਮੂਲ ਵਾਸੀਆਂ ਦੀ ਕੁੜੀ ਦਾ ਦਿਲ ਮੋਹ ਲਿਆ ਸੀ। ਤਿੰਨ ਭੈਣ ਭਰਾਵਾਂ ਵਿੱਚੋਂ ਵੱਡਾ ਰੌਬਰਟ ਬੜੇ ਸਾਲ ਕੋਸਟ ਗਾਰਡ ਨੌਕਰੀ ਕਰਕੇ ਰਿਟਾਇਰ ਹੋਇਆ ਸੀ। ਪਿਛਲੇ 13 ਸਾਲਾਂ ਤੋਂ ਉਹ ਸਾਡੀ ਕੰਪਨੀ ਵਿੱਚ ਕੰਮ ਕਰਦਾ ਹੈ। ਦੋ ਕੁ ਸਾਲ ਪਹਿਲਾਂ ਉਸ ਦੀ ਸਾਡੇ ਨਾਲ ਸਾਂਝ ਬਣੀ ਤਾਂ ਅਸੀਂ ਉਸ ਨੂੰ ਪੰਜਾਬੀ ਸਮਝਣ ਤੇ ਬੋਲ ਕੇ ਆਪਣੀ ਗੱਲ ਸਮਝਾਉਣ ਜੋਗਾ ਕਰ ਲਿਆ। ਹੁਣ ਉਸ ਦੀ ਗੱਲ ਸਮਝਣੀ ਤੇ ਉਸ ਨੂੰ ਆਪਣੀ ਸਮਝਾਉਣੀ ਸਾਨੂੰ ਔਖਾ ਨਹੀਂ ਲੱਗਦਾ। ਹੁਣ ਤਾਂ ਉਹ ਪਹਿਰਾਵਾ ਵੇਖ ਕੇ ਅਣਜਾਣ ਬੰਦਿਆਂ ਨੂੰ ਵੀ ਸਤਿ ਸ੍ਰੀ ਅਕਾਲ ਕਹਿਣ ਲੱਗ ਪਿਆ ਹੈ।
ਗੋਰੀ ਮਾਂ ਦੀ ਕੁੱਖੋਂ ਜਨਮੇ ਐਰਿਕ ਦੀਆਂ ਰਗਾਂ ਵਿੱਚ ਪੰਜਾਬੀ ਖੂਨ ਹੈ। ਅਸਲ ਨਾਂ ਅਮਰੀਕ ਚਾਨਾ ਤੋਂ ਸੰਖੇਪ ਹੋ ਕੇ ਹੁਣ ਐਰਿਕ ਉਸ ਦੀ ਪਛਾਣ ਬਣ ਗਈ ਹੈ। ਉਹ ਉਦੋਂ ਢਾਈ ਤਿੰਨ ਸਾਲ ਦਾ ਸੀ। ਸ਼ਰਾਬੀ ਹੋਏ ਬਾਪ ਪ੍ਰੀਤਮ ਸਿੰਘ ਨੇ ਕਸ ਕੇ ਥੱਪੜ ਜੜ ਦਿੱਤੇ। ਗੱਲ੍ਹਾਂ ਉੱਤੇ ਪਏ ਥੱਪੜਾਂ ਦੇ ਨਿਸ਼ਾਨ ਉਸ ਦੇ ਮਾਪਿਆਂ ਦੇ ਵਿਛੋੜੇ ਦਾ ਕਾਰਨ ਬਣ ਗਏ। ਅਸਲ ਵਿੱਚ ਐਰਿਕ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਹੱਥ ਪਿੱਛੇ ਕਰਕੇ ਬਾਪ ਦੇ ਲੱਗੀ ਹੱਥਕੜੀ ਐਰਿਕ ਦੇ ਮਨ ’ਤੇ ਉਕਰ ਗਈ। ਉਹ ਦੱਸਦਾ ਹੁੰਦਾ ਹੈ ਕਿ ਹੱਥਕੜੀ ਲੱਗੇ ਬਾਪ ਵੱਲ ਵੇਖ ਕੇ ਉਸ ਨੂੰ ਆਪਣੀ ਕੁੱਟ ਭੁੱਲ ਗਈ ਸੀ। ਉਸ ਨੂੰ ਯਾਦ ਤਾਂ ਨਹੀਂ, ਪਰ ਉਹ ਸਮਝਦਾ ਹੈ ਕਿ ਸ਼ਾਇਦ ਉਸ ਦੇ ਆਇਰਲੈਂਡ ਪੁਲੀਸ ਵਿੱਚ ਭਰਤੀ ਹੋਣ ਪਿੱਛੇ ਇਹੀ ਕਾਰਨ ਹੋਵੇ। 30 ਸਾਲ ਸੇਵਾਵਾਂ ਨਿਭਾ ਕੇ ਉਹ ਰਿਟਾਇਰ ਹੋਇਆ ਤੇ ਮਾਂ ਦੀ ਮੌਤ ਪਿੱਛੋਂ ਪਤਨੀ ਸਮੇਤ ਬੱਚਿਆਂ ਕੋਲ ਕੈਨੇਡਾ ਆ ਗਿਆ ਸੀ। ਇੱਕ ਵਾਰ ਉਸ ਨੇ ਮੈਨੂੰ ਦੱਸਿਆ ਸੀ ਕਿ ਮਾਂ ਨੇ ਬਿਨਾਂ ਕਿਸੇ ਹੋਰ ਵੱਲ ਝਾਕਿਆਂ ਇਕੱਲੀ ਰਹਿ ਕੇ ਉਸ ਨੂੰ ਪਾਲਿਆ ਸੀ। ਬਾਪ ਵੱਲੋਂ ਜੱਫੀ ਵਿੱਚ ਘੁੱਟੇ ਜਾਣ ਦੇ ਨਿੱਘ ਨੂੰ ਉਹ ਅਜੇ ਤੱਕ ਮਹਿਸੂਸ ਕਰਦਾ ਹੈ। ਸਰਕਾਰੀ ਰਿਕਾਰਡ ਵਿੱਚੋਂ ਉਸ ਨੇ ਪਿਤਾ ਦਾ ਨਾਂ ਲੱਥਣ ਨਹੀਂ ਦਿੱਤਾ। ਇੱਕ ਵਾਰ ਜਜ਼ਬਾਤੀ ਹੋ ਕੇ ਉਸ ਨੇ ਦੱਸਿਆ ਸੀ ਕਿ ਮੇਰੀ ਮਾਂ ਵੱਲੋਂ ਪਤੀ ਦੇ ਬਚਾਅ ਲਈ ਬੋਲਿਆ ਝੂਠ ਪੁਲੀਸ ਨੇ ਇਸ ਕਰਕੇ ਨਕਾਰ ਦਿੱਤਾ ਕਿ ਬੱਚੇ ਦੀਆਂ ਗੱਲ੍ਹਾਂ ਉੱਤੇ ਪਏ ਨਿਸ਼ਾਨ ਡਿੱਗ ਕੇ ਲੱਗੀ ਸੱਟ ਦੇ ਨਹੀਂ, ਬਲਕਿ ਥੱਪੜ ਦੇ ਹਨ, ਜੋ ਪਿਤਾ ਦੀਆਂ ਉਂਗਲਾਂ ਨਾਲ ਮੇਲ ਖਾਂਦੇ ਹਨ।
ਸਾਡੀ ਟੋਲੀ ਵਿੱਚੋਂ ਹਰਜੀਤ, ਅਵਤਾਰ ਤੇ ਬਲਬੀਰ ਚੀਮਾ ਪਿਆਕੜ ਤਾਂ ਨਹੀਂ, ਪਰ ਕਦੇ ਕਦਾਈਂ ਪੈੱਗ ਲਾ ਲੈਂਦੇ ਸਨ। ਹਰਜੀਤ ਨੇ ਤਾਂ ਦੋ ਪੈੱਗ ਲਾ ਲਏ ਸੀ, ਪਰ ਅਵਤਾਰ ਰਾਏ ਮੂੰਹ ਲਾਉਣ ਲਈ ਅਜੇ ਕੋਈ ਮੌਕਾ ਤਾੜ ਰਿਹਾ ਸੀ। ਬਲਬੀਰ ਚੀਮਾ ਬੀਅਰ ਤੱਕ ਸੀਮਤ ਰਹਿੰਦਾ ਸੀ। ਉਸ ਨੇ ਘੁੱਟ ਘੁੱਟ ਕਰਕੇ ਪਹਿਲਾ ਕੈਨ ਬੰਨੇ ਲਾ ਲਿਆ ਸੀ। ਤਿੰਨੇ ਬੈਠੇ ਵੀ ਨਾਲੋਂ ਨਾਲ ਸਨ। ਚੰਗੀ ਗੱਲ ਇਹ ਸੀ ਕਿ ਸਾਡੇ ਵਿੱਚੋਂ ਮਾਸ ਤੋਂ ਨੱਕ ਚੜ੍ਹਾਉਣ ਵਾਲਾ ਕੋਈ ਨਹੀਂ ਸੀ। ਹਾਂ, ਆਪਣੇ ਸਵਾਦ ਅਨੁਸਾਰ ਸੇਵਾਦਾਰਾਂ ਤੋਂ ਕੋਈ ਮੱਛੀ ਪਕੌੜੇ ਲੈ ਲੈਂਦਾ ਤੇ ਕੋਈ ਬਾਰ ਬੀ ਕਿਊ ਹੋਈਆਂ ਮੁਰਗੇ ਦੀਆਂ ਲੱਤਾਂ। ਕਦੇ ਕਦੇ ਥੋੜ੍ਹੀ ਦੂਰ ਪਏ ਸਪੀਕਰ ਵਿੱਚੋਂ ਉੱਠਦੀਆਂ ਸੰਗੀਤਕ ਧੁੰਨਾਂ ਵੱਲ ਕਿਸੇ ਦਾ ਧਿਆਨ ਚਲੇ ਜਾਂਦਾ ਤੇ ਕੋਈ ਗੌਲਦਾ ਈ ਨਾ। ਵਿਚਕਾਰ ਲੱਗਦੇ ਪੰਜਾਬੀ ਗੀਤ ਵੇਲੇ ਪੱਗਾਂ ਵਾਲਿਆਂ ਦੇ ਕੰਨ ਖੜ੍ਹੇ ਹੋ ਜਾਂਦੇ। ਦੁਪਹਿਰ ਤੱਕ ਕਈਆਂ ਦੇ ਲੱਕ ਹੁਲਾਰੇ ਖਾਣ ਲੱਗ ਪਏ ਸਨ।
ਰੌਬਰਟ ਦੇ ਦਾਰੂ ਨਾ ਪੀਣ ਤੋਂ ਇੱਕ ਦੋ ਜਣਿਆਂ ਨੂੰ ਹੈਰਾਨੀ ਹੋਈ। ਉਸ ਨੇ ਇਹ ਦੱਸ ਕੇ ਹੋਰ ਹੈਰਾਨ ਕੀਤਾ ਕਿ ਜਵਾਨੀ ਵੇਲੇ ਉਹ ਸ਼ਾਮ ਤੋਂ ਰਾਤ ਤੱਕ ਸਾਲਮ ਬੋਤਲ ਬੰਨੇ ਲਾ ਦਿੰਦਾ ਹੁੰਦਾ ਸੀ। ਗੱਲ ਸੁਣ ਕੇ ਸਾਡੇ ਕੰਨ ਖੜ੍ਹੇ ਹੋਣੇ ਹੀ ਸੀ। ਸਾਰਿਆਂ ਦੇ ਮਨ ਵਿੱਚ ਛੱਡਣ ਦੇ ਕਾਰਨ ਜਾਣਨ ਦਾ ਸਵਾਲ ਪੈਦਾ ਹੋਣਾ ਕੁਦਰਤੀ ਸੀ। ਉਹ ਅਵਤਾਰ ਰਾਏ ਦੇ ਸੱਜੇ ਪਾਸੇ ਬੈਠਾ ਸੀ। ਰਾਏ ਦੀ ਹੁੱਜ ਦਾ ਇਸ਼ਾਰਾ ਸਮਝ ਕੇ ਉਸ ਨੇ ਭੂਮਿਕਾ ਬੰਨ੍ਹਦਿਆਂ ਸਾਡੇ ਮਨਾਂ ਵਿੱਚ ਇੱਕ ਹੋਰ ਉਤਸੁਕਤਾ ਜਗਾ ਦਿੱਤੀ, ਜਿਸ ਕਾਰਨ ਸਾਡੀ ਮਹਿਫਲ ਕੁਦਰਤ ਦਾ ਉਹ ਗੁੱਝਾ ਭੇਦ ਸਮਝਣ ਵੱਲ ਕੇਂਦਰਤ ਹੋ ਗਈ। ਬੇਸ਼ੱਕ ਰੌਬਰਟ ਆਪਣੀ ਗੱਲ ਪੰਜਾਬੀ ਅੰਗਰੇਜ਼ੀ ਦੇ ਮਿਲਗੋਭੇ ਵਿੱਚ ਕਰ ਰਿਹਾ ਸੀ, ਪਰ ਕੰਨਾਂ ਰਾਹੀਂ ਵੜੇ ਉਸ ਦੇ ਸ਼ਬਦ ਸਾਡੇ ਦਿਮਾਗਾਂ ਤਕ ਪਹੁੰਚਦਿਆਂ ਆਪਣੇ ਆਪ ਪੰਜਾਬੀ ਵਿੱਚ ਟਰਾਂਸਲੇਟ ਹੋ ਰਹੇ ਸਨ।
ਰੌਬਰਟ ਨੇ ਮੂਹਰੇ ਪਈ ਪਲੇਟ ਖਾਲੀ ਕੀਤੀ ਤੇ ਕੁਰਸੀ ਪਿੱਛੇ ਨੂੰ ਖਿਸਕਾ ਕੇ ਸ਼ੁਰੂ ਹੋ ਗਿਆ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਦੇ ਚਿਹਰੇ ਦੀ ਮੁਸਕਰਾਹਟ ਸੰਜੀਦਗੀ ਵਿੱਚ ਬਦਲ ਗਈ। “ਡਿਊਟੀ ਵਾਲੇ ਪੰਜੇ ਦਿਨ ਮੈਨੂੰ ਕਦੇ ਵਿਸਕੀ ਦਾ ਚੇਤਾ ਨਾ ਆਉਂਦਾ, ਪਰ ਵੀਕਐੰਡ ਵਾਲੇ ਦੋ ਦਿਨਾਂ ਵਿੱਚ ਮੈਂ ਡੇਢ ਦੋ ਬੋਤਲਾਂ ਖਾਲੀ ਕਰ ਦਿੰਦਾ। ਮੇਰੀ ਪਤਨੀ ਬੜੀ ਸਾਊ ਔਰਤ ਹੈ। ਹੁਣ ਤੱਕ ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ। ਉਸ ਨੇ ਪੀਣ ਤੋਂ ਕਦੇ ਨਹੀਂ ਸੀ ਟੋਕਿਆ। ਮੇਰਾ ਮੂਡ ਵੇਖ ਕੇ ਉਹ ਆਪ ਈ ਸ਼ਰਾਬ ਨਾਲ ਖਾਣ ਪੀਣ ਵਾਲਾ ਨਿੱਕੜ ਸੁੱਕੜ ਮੇਜ਼ ’ਤੇ ਰੱਖ ਦਿੰਦੀ ਸੀ। ਮੈਂ ਹਰ ਵੀਕ ਬਰਾਂਡ ਬਦਲਕੇ ਪੀਂਦਾ ਸੀ। ਵਿਚਵਾਰ ਰੈੱਡ ਵਾਈਨ ਦੀ ਵਾਰੀ ਆ ਜਾਂਦੀ। ਉਸ ਵੀਕਐੰਡ ਤੋਂ ਡਿਊਟੀ ਤੋਂ ਘਰ ਆਉਂਦਿਆਂ ਮੈਂ ਨਵੇਂ ਬਰਾਂਡ ਦਾ ਘੜਾ ਚੁੱਕ ਲਿਆਇਆ ਸੀ। (ਘੜੇ ਵਰਗੀ ਪੌਣੇ ਦੋ ਲਿਟਰ ਬੋਤਲ)। ਸ਼ਨਿਚਰਵਾਰ ਨੂੰ ਮੈਂ ਬੜੀ ਦੇਰ ਨਾਲ ਉੱਠਿਆ ਸੀ। ਫੈਮਿਲੀ ਲੰਚ ਕਰ ਰਹੀ ਸੀ ਤੇ ਮੈਂ ਨਾਸ਼ਤਾ। ਬਾਅਦ ਵਿੱਚ ਪਾਰਕ ਵੱਲ ਨਿਕਲ ਗਿਆ, ਪਰ ਵਾਕਿਫ਼ ਕੋਈ ਨਾ ਟੱਕਰਿਆ। ਫਿਰਦੇ ਫਿਰਾਉਂਦੇ ਨਵੇਂ ਬਰਾਂਡ ਦਾ ਚੇਤਾ ਆ ਗਿਆ। ਮੇਰੀ ਲਲਕ ਭੜਕ ਪਈ। ਸ਼ਾਮ ਤਾਂ ਨਹੀਂ ਸੀ ਹੋਈ, ਪਰ ਮੈਂ ਕੱਲ੍ਹ ਵਾਲੀ ਬੋਤਲ ਮੇਜ਼ ’ਤੇ ਰੱਖ ਲਈ। ਕੁਝ ਮਿੰਟ ਉਡੀਕਿਆ, ਪਤਨੀ ਨੇ ਗਲਾਸ ਨਾ ਲਿਆਂਦਾ। ਬੋਤਲ ਦੀ ਸੀਲ ਤੋੜਨ ਈ ਲਗਾ ਸਾਂ, ਚੀਕਣ ਵਰਗੀ ਉੱਚੀ ਆਵਾਜ਼ ਵਿੱਚ ਪਤਨੀ ਦੇ ਮੂੰਹੋ, “ਅੱਜ ਨਹੀਂ।” ਸੁਣਕੇ ਮੈਂ ਪਹਿਲਾਂ ਡਰਿਆ ਤੇ ਫਿਰ ਹੈਰਾਨ ਹੋਇਆ। ਇੰਨੇ ਨੂੰ ਪਤਨੀ ਕੋਲ ਆ ਗਈ। ਉਸ ਨੇ ਤਰਲਾ ਮਾਰਿਆ, “ਅੱਜ ਤੇ ਕੱਲ੍ਹ ਨਹੀਂ ਪੀਣੀ, ਅਗਲੀ ਵਾਰ ਨਹੀਂ ਰੋਕਾਂਗੀ।’’ ਪਰ ਭਾਰੂ ਹੋਈ ਲਲਕ ਮੇਰੇ ਕਾਬੂ ਵਿੱਚ ਨਾ ਆਵੇ। ਕਹਿਰੀਆਂ ਜਿਹੀਆਂ ਅੱਖਾਂ ਕੱਢਕੇ ਪਤਨੀ ਵੱਲ ਝਾਕਿਆ। ਉਸ ਨੇ ਪਿਆਰ ਜਿਹਾ ਜਤਾ ਕੇ ਇੱਕ ਵੀਕਐੰਡ ਸੁੱਕਾ ਕੱਢਣ ਲਈ ਕਿਹਾ। ਮੈਂ ਖੁਦ ਹੈਰਾਨ, ਪਤਾ ਨਹੀਂ ਕਿਵੇਂ ਬੇਕਾਬੂ ਹੋਏ ਮੇਰੇ ਮਨ ਨੇ ਪਲਟੀ ਮਾਰ ਲਈ। ਮੈਂ ਉਸ ਨੂੰ ਬਾਂਹ ਤੋਂ ਖਿੱਚ ਕੇ ਕੋਲ ਬਹਾਉਣ ਲੱਗਾ। ਸਰੀਰ ਦੀ ਭਾਰੀ ਤੇ ਟੇਢੀ ਖੜੋਤੀ ਹੋਣ ਕਰਕੇ ਉਸ ਦਾ ਪੈਰ ਥਿੜਕ ਗਿਆ ਤੇ ਧੜੱਮ ਮੇਜ਼ ਉੱਤੇ ਉਲਰ ਗਈ। ਮੇਜ਼ ਦੇ ਇੱਕ ਪਾਸੇ ਭਾਰ ਪੈਣ ਕਾਰਨ ਟੇਢਾ ਹੋ ਗਿਆ ਤੇ ਉੱਤੇ ਪਿਆ ਸ਼ੀਸ਼ੇ ਦਾ ਘੜਾ (ਬੋਤਲ) ਫਰਸ਼ ’ਤੇ ਡਿੱਗ ਕੇ ਟੁੱਟ ਗਿਆ। ਬੋਤਲ ਟੁੱਟਣ ਤੇ ਪਤਨੀ ਦੇ ਮੂੰਹੋ ਸੌਰੀ ਦੀ ਥਾਂ “ਚੰਗਾ ਹੋਇਆ” ਨਿਕਲਿਆ। ਉਸ ਮੌਕੇ ਤਾਂ ਮੈਨੂੰ ਚੰਗਾ ਹੋਇਆ ਜ਼ਹਿਰ ਵਰਗਾ ਲੱਗਾ, ਪਰ ਮੈਥੋਂ ਗੁੱਸਾ ਜ਼ਰ ਹੋ ਗਿਆ। ਪਤਨੀ ਦਾ ਉਸ ਦਿਨ ਵਰਗਾ ਵਿਵਹਾਰ ਮੈਂ ਬਹੁਤ ਘੱਟ ਵੇਖਿਆ ਸੀ। ਪਤਾ ਨਹੀਂ ਕਿਉਂ, ਉਹ ਉਸ ਦਿਨ ਬਹੁਤ ਪਿਆਰ ਜਤਾ ਰਹੀ ਸੀ। ਮੈਨੂੰ ਘਰੋਂ ਬਾਹਰ ਵੀ ਨਹੀਂ ਸੀ ਜਾਣ ਦੇ ਰਹੀ। ਸ਼ਾਇਦ ਸੋਚਦੀ ਹੋਊ, ਕਿਤੇ ਫਿਰ ਘੜਾ ਨਾ ਚੁੱਕ ਲਿਆਵੇ।
ਅਗਲੀ ਸਵੇਰ ਮੈਂ ਆਮ ਤੋਂ ਥੋੜ੍ਹਾ ਪਹਿਲਾਂ ਉੱਠ ਬੈਠਾ ਤੇ ਹੇਠਾਂ ਜਾ ਕੇ ਪਤਨੀ ਦੇ ਉੱਠਣ ਦੀ ਉਡੀਕ ਵਿੱਚ ਟੀਵੀ ਲਾ ਲਿਆ। ਬ੍ਰੇਕਿੰਗ ਨਿਊਜ਼ ਸੀ, “ਜ਼ਹਿਰੀਲੀ ਸ਼ਰਾਬ ਪੀਣ ਕਾਰਨ 17 ਮੌਤਾਂ।’’ ਸਕਰੀਨ ’ਤੇ ਵਿਖਾਈ ਜਾ ਰਹੀ ਸ਼ਰਾਬ ਦਾ ਬਰਾਂਡ ਉਹੀ ਮੇਰੇ ਘੜੇ ਵਾਲਾ ਸੀ, ਜੋ ਰਾਤੀਂ ਮੈਂ ਪੀਣੀ ਸੀ। ਖ਼ਬਰ ਵਿੱਚ ਵਿਖਾਇਆ ਜਾ ਰਿਹਾ ਲਿਕਰ ਸਟੋਰ ਵੀ ਉਹੀ, ਜਿੱਥੋਂ ਮੈਂ ਉਹ ਬੋਤਲ ਖ਼ਰੀਦੀ ਸੀ। ਹੁਣ ਤੁਸੀਂ ਦੱਸੋ ਕਿ ਮੈਂ ਆਪਣੀ ਪਤਨੀ ਨੂੰ “ਜਾਣੀ ਜਾਣ” ਕਿਉਂ ਨਾ ਕਹਾਂ, ਜਿਸ ਨੇ ਉਸ ਦਿਨ ਪੀਣ ਤੋਂ ਰੋਕ ਕੇ ਆਪਣੇ ਆਪ ਨੂੰ ਵਿਧਵਾ ਹੋਣ ਤੋਂ ਬਚਾਅ ਲਿਆ ਸੀ?”
ਰੌਬਰਟ ਦੇ ਸਵਾਲ ਨੇ ਸਾਡੀ ਮਹਿਫਲ ਨੂੰ ਸੰਜੀਦਾ ਬਣਾ ਦਿੱਤਾ। ਸਾਡੇ ਵਿੱਚੋਂ ਕੋਈ ਵੀ ਵਹਿਮ ਭਰਮਾਂ ਨੂੰ ਮੰਨਣ ਵਾਲਾ ਨਹੀਂ ਸੀ। ਪਰ ਸਭ ਦੀ ਉਤਸੁਕਤਾ ਇਸ ਜਾਣੀ-ਜਾਣ ਬੁਝਾਰਤ ਬੁੱਝਣ ਵੱਲ ਹੋ ਗਈ। ਅਸੀਂ ਸਾਰੇ ਆਪਣੀ ਯਾਦ ਦੇ ਘੋੜੇ ਦੌੜਾ ਕੇ ਉਹ ਘਟਨਾਵਾਂ ਚੇਤੇ ਕਰਨ ਲੱਗੇ ਜੋ ਉਦੋਂ “ਇੰਜ ਹੋ ਜਾਂਦਾ’’ ਦੇ ਖਾਤੇ ਪਾ ਕੇ ਵਸਾਰ ਦਿੱਤੀਆਂ ਸਨ। ਨੱਥਾ ਸਿੰਘ ਨੇ ਸ਼ਰਤ ਲਾ ਦਿੱਤੀ ਕਿ ਸਿਰਫ਼ ਹੱਡਬੀਤੀ ਦੱਸੀ ਜਾਵੇ, ਸੁਣੀ ਸੁਣਾਈ ਗੱਲ ਕਿਸੇ ਨਹੀਂ ਕਰਨੀ।
ਮੈਂ ਵੇਖਿਆ, ਰੌਬਰਟ ਦੇ ਸਵਾਲ ਤੋਂ ਬਾਅਦ ਚੀਮੇ ਦੀਆਂ ਅੱਖਾਂ ਮੁੰਦ ਸਨ। ਕਿਸੇ ਡੂੰਘੀ ਸੋਚ ਵਿੱਚ ਉਤਰਿਆ ਹੋਇਆ ਸੀ। “ਮੈਂ ਆਪਣੀਆਂ ਦੋ ਹੱਡਬੀਤੀਆਂ ਦੱਸਦਾਂ।’’ ਕਹਿ ਕੇ ਉਸ ਨੇ ਖਮੋਸ਼ੀ ਤੋੜੀ। ਸਾਰਿਆਂ ਹਾਂ ਵਿੱਚ ਸਿਰ ਹਿਲਾਏ ਤੇ ਉਹ ਸ਼ੁਰੂ ਹੋ ਗਿਆ।
“ਪਹਿਲੀ ਗੱਲ 1968 ਦੀ ਐ, ਮੈਂ ਆਈਟੀਆਈ ਕਰਦਾ ਸੀ। ਉਹ ਉਮਰ ਵਾਧੇ ਘਾਟੇ ਘੱਟ ਈ ਵੇਖਦੀ ਹੁੰਦੀ ਐ। ਉੱਥੇ ਈ ਬੜੀ ਸੋਹਣੀ ਕੁੜੀ ਪੜ੍ਹਦੀ ਸੀ। ਸੋਹਣੀ ਕਾਹਦੀ ਹੁਸਨ ਦੀ ਮਲਕਾ ਸੀ। ਕੋਲੋਂ ਲੰਘਦੀ ਹੋਈ ਗੱਭਰੂਆਂ ਨੂੰ ਡੰਗ ਲੈਂਦੀ ਸੀ। ਸਾਰੀ ਆਈਟੀਆਈ ਉਸ ’ਤੇ ਮਰਿਆ ਕਰਦੀ ਸੀ। ਪਰ ਜੀਤੀ ਕਿਸੇ ਨੂੰ ਟਿੱਚ ਨਹੀਂ ਸੀ ਜਾਣਦੀ। ਟੇਲਰਿੰਗ ਕੋਰਸ ਵਿੱਚ ਉਸੇ ਸਾਲ ਦਾਖਲ ਹੋਈ ਸੀ। ਮੇਰੇ ਮਨ ਵਿੱਚ ਉਦੋਂ ਅਜੇ ਇੰਜ ਦੀ ਅੱਗ ਨਹੀਂ ਸੀ ਧੁੱਖੀ। ਘਰੋਂ ਕਾਫ਼ੀ ਦੂਰੀ ਕਰਕੇ ਮੈਂ ਉੱਥੇ ਈ ਹੋਸਟਲ ਵਿੱਚ ਰਹਿੰਦਾ ਸੀ। ਉਹ ਕਿਸੇ ਨੇੜਲੇ ਪਿੰਡੋਂ ਸਾਈਕਲ ’ਤੇ ਆਉਂਦੀ ਸੀ। ਦੋ ਤਿੰਨ ਮਹੀਨੇ ਲੰਘੇ ਹੋਣਗੇ। ਸ਼ਾਮ ਵੇਲੇ ਅਸੀਂ ਦੋ ਤਿੰਨ ਜਣੇ ਸੈਰ ਕਰਨ ਜਾਂਦੇ ਸੀ। ਸਬੱਬ ਕਿ ਉਸ ਦਿਨ ਉਹ ਦੋਵੇਂ ਕੋਈ ਚੀਜ਼ ਲੈਣ ਸ਼ਹਿਰ ਚਲੇ ਗਏ ਤੇ ਮੈਂ ਨਾਗਾ ਨਹੀਂ ਪਾਉਣਾ ਚਾਹੁੰਦਾ ਸੀ। ਸੂਰਜ ਛਿਪ ਰਿਹਾ ਸੀ, ਮੈਂ ਇਕੱਲਾ ਸੜਕ ਵੱਲ ਨਿਕਲ ਗਿਆ। ਥੋੜ੍ਹੀ ਦੂਰ ਗਿਆ ਹੋਵਾਂਗਾ, ਮੇਰਾ ਜੀਤੀ ਨਾਲ ਟਾਕਰਾ ਹੋ ਗਿਆ। ਉਹ ਸ਼ਹਿਰੋਂ ਹੋ ਕੇ ਆਪਣੇ ਪਿੰਡ ਨੂੰ ਜਾ ਰਹੀ ਸੀ। ਉਸ ਦਾ ਸਾਈਕਲ ਪੈਂਚਰ ਹੋ ਗਿਆ ਤੇ ਭੌਂਚਲੀ ਜਿਹੀ ਸੜਕ ਦੀ ਪਟੜੀ ’ਤੇ ਖੜ੍ਹੀ ਸੀ। ਪੈਂਚਰਾਂ ਦੀ ਦੁਕਾਨ ਨੇੜੇ ਕੋਈ ਹੈ ਨਈ ਸੀ। ਮੈਂ ਅਜੇ ਉਸ ਤੋਂ ਥੋੜ੍ਹਾ ਪਿਛਾਂਹ ਸਾਂ। ਮੇਰੇ ਕੰਨੀ ਮੱਠੀ ਜਿਹੀ ਆਵਾਜ਼ ਪਈ।
“ਮੈਂ ਕਦੋਂ ਦੀ ਉਡੀਕਦੀ ਆਂ, ਤੁਸੀਂ ਪੈਰ ਈ ਬੜੇ ਮਟਕ ਮਟਕ ਪੁੱਟ ਰਹੇ ਹੋ। ਕਿਸੇ ਦੇ ਦੁੱਖ ਸੁੱਖ ਵੰਡਾਉਣੇ ਵੀ ਸਿੱਖ ਲਓ।’’ ਉਸ ਦੀ ਗੱਲ ਸੁਣ ਕੇ ਮੈਂ ‘ਕੀ ਹੋਇਆ’ ਘੱਟ ਪੁੱਛਿਆ, ਪਰ ਨਿਮਰਤਾ ਦੀ ਬੁੱਤ ਬਣੀ ਜੀਤੀ ਨੂੰ ਨਿਹਾਰਿਆ ਬਹੁਤਾ। ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹ ਜੀਤੀ ਜਿਸ ਨਾਲ ਇੱਕ ਬੋਲ ਸਾਂਝਾ ਕਰਨ ਲਈ ਮੁੰਡੇ ਮਰਦੇ ਸਨ, ਮੇਰੇ ਨਾਲ ਅਪਣੱਤ ਜਤਾ ਰਹੀ ਸੀ।
ਉਸ ਨੂੰ ਪਿੰਡ ਪੁੱਜਦਾ ਕਰਨ ਦਾ ਮੇਰੇ ਕੋਲ ਇੱਕੋ ਰਾਹ ਸੀ। ਉਸ ਦਾ ਸਾਈਕਲ ਫੜਿਆ ਤੇ ਆਪਣੇ ਕਮਰੇ ਵੱਲ ਚੱਲ ਪਿਆ। ਪਿੱਛੇ ਪਿੱਛੇ ਉਹ ਤੁਰ ਪਈ। ਪਤਾ ਨਹੀਂ ਸਾਨੂੰ ਕਿੰਨੀਆਂ ਨਜ਼ਰਾਂ ਚੀਰ ਰਹੀਆਂ ਹੋਣਗੀਆਂ। ਮੈਂ ਕਮਰੇ ਵਿੱਚੋਂ ਆਪਣਾ ਸਾਈਕਲ ਦੇ ਕੇ ਉਸ ਨੂੰ ਬਾਹਰੋਂ ਬਾਹਰ ਤੋਰ ਦਿੱਤਾ। ਸਮਝੋ ਸਾਡੇ ਪਿਆਰ ਦਾ ਮੁੱਢ ਬੱਝ ਗਿਆ। ਦਿਨ ਲੰਘਣ ਲੱਗੇ। ਸਾਰੀ ਆਈਟੀਆਈ ਹੈਰਾਨ। ਅਸੀਂ ਨੇੜੇ ਨੇੜੇ ਹੁੰਦੇ ਬੜੇ ਅਗਾਂਹ ਤੱਕ ਚਲੇ ਗਏ। ਜਦੋਂ ਪਤਾ ਲੱਗਾ ਕਿ ਉਹ ਸਿੱਧਵਾਂ ਦੇ ਮਾਰਖੋਰੇ ਲੰਬੜਾਂ ਦੀ ਧੀ ਹੈ ਤਾਂ ਮੇਰਾ ਮਨ ਥੋੜ੍ਹਾ ਡੋਲਿਆ ਵੀ। ਪਰ ਜੰਗ ਦੇ ਮੈਦਾਨ ਵਿੱਚ ਕੁੱਦ ਕੇ ਪਿੱਠ ਵਿਖਾਉਣ ਨੂੰ ਕੀਹਦਾ ਜੀਅ ਕਰਦਾ। ਜਵਾਨੀ ਦਾ ਪਿਆਰ ਤੇ ਉਹ ਵੀ ਪਹਿਲਾ, ਜੰਗ ਤੋਂ ਘੱਟ ਵੀ ਨਹੀਂ ਨਾ ਹੁੰਦਾ। ਮਸੀਂ ਸਾਲ ਕੁ ਲੰਘਿਆ ਹੋਊ। ਸਰਦੀਆਂ ਦੇ ਦਿਨ ਸੀ। ਉਸ ਦਿਨ ਬੁੱਧਵਾਰ ਸੀ। ਆਈਟੀਆਈ ਦਫ਼ਤਰ ਵਾਲੇ ਟੈਲੀਫੋਨ ਰਾਹੀਂ ਸਾਡੇ ਘਰੋਂ ਸੁਨੇਹਾ ਪੁੱਜਿਆ, ‘ਬੀਬੀ ਬਹੁਤ ਬਿਮਾਰ ਹੈ, ਹੁਣੇ ਘਰ ਪਹੁੰਚ ਜਾ।’ ਕਲਰਕ ਦੇ ਮੂੰਹੋਂ ਸੁਨੇਹਾ ਸੁਣਦਿਆਂ ਈ ਮੈਂ ਪ੍ਰੈਕਟੀਕਲ ਵਿੱਚੇ ਛੱਡਿਆ। ਸੜਕ ’ਤੇ ਜਾ ਕੇ ਰਿਕਸ਼ਾ ਲਿਆ ਤੇ ਅੱਡੇ ਤੋਂ ਬੱਸ ਲੈ ਕੇ ਆਪਣੇ ਪਿੰਡ ਪਹੁੰਚਿਆ। ਬਿਸਤਰੇ ਵਿੱਚ ਪਈ ਬੀਬੀ ਹੂੰਗ ਰਹੀ ਸੀ। ਮੈਂ ਜੱਫੀ ਪਾਉਣ ਲਈ ਹੱਥ ਫੜੇ ਤਾਂ ਉਹ ਠੰਢੀ ਠਾਰ। ਬਾਅਦ ਵਿੱਚ ਪਤਾ ਲੱਗਾ ਕਿ ਵਿਹੜੇ ਕੰਮ ਕਰਦਿਆਂ ਮੈਨੂੰ ਆਉਂਦਾ ਵੇਖ ਕੇ ਮੰਜੇ ’ਤੇ ਪਈ ਸੀ। ਠਰ੍ਹੇ ਹੱਥਾਂ ਨੇ ਐਨੀ ਛੇਤੀ ਨਿੱਘੇ ਥੋੜ੍ਹਾ ਹੋ ਜਾਣਾ ਸੀ। ਖੈਰ, ਬੀਬੀ ਨੇ ਪਿਆਰ ਨਾਲ ਆਪਣੇ ਉੱਤੇ ਘੁੱਟ ਲਿਆ ਤੇ ਦੋ ਚਾਰ ਦਿਨ ਰਹਿਣ ਲਈ ਮਨਾ ਲਿਆ। ਅਗਲੇ ਦਿਨ ਹਾਕਰ ਅਖ਼ਬਾਰ ਸੁੱਟ ਕੇ ਗਿਆ। ਮੋਟੀ ਸਾਰੀ ਸੁਰਖੀ ਪੜ੍ਹਦੇ ਈ ਲੱਗਿਆ ਜਿਵੇਂ ਮੇਰੇ ’ਤੇ ਬਿਜਲੀ ਡਿੱਗ ਪਈ ਹੋਵੇ “ਆਈਟੀਆਈ ਦੇ ਹੋਸਟਲ ਵਿੱਚ ਮੁੰਡੇ ਦਾ ਕਤਲ।’’ ਹੇਠਾਂ ਖ਼ਬਰ ਦੇ ਵਿਸਥਾਰ ਨੂੰ ਦੋ ਤਿੰਨ ਵਾਰ ਪੜ੍ਹਕੇ ਮੈਨੂੰ ਸਾਰੀ ਸਮਝ ਆ ਗਈ। ਜੀਤੀ ਵਾਲੇ ਲੰਬੜਾਂ ਵੱਲੋਂ ਭੇਜੇ ਭਾੜੇ ਦੇ ਕਾਤਲਾਂ ਹੱਥੋਂ ਮੇਰੇ ਭੁਲੇਖੇ ਹੋਰ ਮੁੰਡਾ ਮਰ ਗਿਆ ਸੀ। ਹਰ ਵਾਰ ਖ਼ਬਰ ਪੜ੍ਹਦਿਆਂ ਮੈਨੂੰ ਆਪਣੇ ਜ਼ਿੰਦਾ ਹੋਣ ’ਤੇ ਸ਼ੱਕ ਹੋਣ ਲੱਗਦਾ। ਸੱਚ ਦੱਸ ਰਿਹਾਂ, ਮੈਂ ਆਪਣੇ ਆਪ ਨੂੰ ਚੂੰਡੀ ਵੱਢ ਕੇ ਵੇਖਿਆ ਸੀ ਕਿ ਜ਼ਿੰਦਾ ਹਾਂ ਕਿ ਨਹੀਂ। ਉਸ ਕਮਰੇ ਵਿੱਚ ਮੈਂ ਤੇ ਕੁਲਬੀਰ ਰਹਿੰਦੇ ਸੀ। ਕਾਤਲਾਂ ਨੂੰ ਕਮਰੇ ਦਾ ਨੰਬਰ ਦੱਸਿਆ ਗਿਆ ਸੀ ਤੇ ਉਨ੍ਹਾਂ ਨੇ ਅੰਦਰ ਵੜ ਕੇ ਕੁਲਬੀਰ ਨੂੰ ਭੁੰਨ ਦਿੱਤਾ। ਮੈਨੂੰ ਹੁਣ ਵੀ ਸੀਨ ਚੇਤੇ ਕਰਕੇ ਕੰਬਣੀ ਆ ਜਾਂਦੀ ਐ।’’
ਅਸੀਂ ਵੇਖਿਆ, ਚੀਮੇ ਦਾ ਚਿਹਰਾ ਪੀਲਾ ਹੋ ਗਿਆ ਸੀ। ਲੰਮੇ ਲੰਮੇ ਸਾਹ ਲੈ ਕੇ ਆਪਣੇ ਆਪ ਵਿੱਚ ਆਉਂਦਿਆਂ ਉਸ ਨੇ ਗੱਲ ਅੱਗੇ ਤੋਰੀ, “ਜੇ ਮੇਰੀ ਮਾਂ ਜਾਣੀ-ਜਾਣ ਨਾ ਹੁੰਦੀ, ਬਿਮਾਰੀ ਦੇ ਬਹਾਨੇ ਮੈਨੂੰ ਨਾ ਸੱਦਦੀ, ਤਾਂ ਕੁਲਬੀਰ ਦੀ ਥਾਂ ਮੈਂ ਮਾਰੇ ਜਾਣਾ ਸੀ। ਕੀ ਇਹ ਮੇਰੀ ਮਾਂ ਦੀ ਅੰਤਰਆਤਮਾ ਨਹੀਂ ਸੀ ?’’
ਫਿਰ ਉਸ ਨੇ ਦੂਜੀ ਹੱਡਬੀਤੀ ਛੋਹੀ। “ਮੈਂ ਭਾਖੜਾ ਮੈਨੇਜਮੈਂਟ ਬੋਰਡ ਵਿੱਚ ਐੱਸਡੀਓ ਸੀ ਤੇ ਪਰਿਵਾਰ ਸਮੇਤ ਨੰਗਲ ਰਹਿੰਦਾ ਸੀ। ਉੱਪਰ ਡੈਮ ਵਾਲੇ ਪਾਵਰ ਹਾਊਸ ’ਤੇ ਡਿਊਟੀ ਜਾਣ ਆਉਣ ਲਈ ਡਰਾਈਵਰ ਤੇ ਜੀਪ ਮਿਲੇ ਹੋਏ ਸੀ। ਉਸ ਦਿਨ ਮੇਰੀ ਰਾਤ ਦੀ ਡਿਊਟੀ ਸੀ। ਸ਼ਾਮ ਤੋਂ ਹਨੇਰੀ ਵਰਗੀ ਹਵਾ ਚੱਲਦੀ ਸੀ। ਮੈਂ ਡਿਊਟੀ ਜਾਣ ਲਈ ਤਿਆਰ ਹੋ ਰਿਹਾ ਸੀ। ਬੇਟੀ ਨੇ ਸਿਨਮਾ ਲੈ ਕੇ ਜਾਣ ਦੀ ਜ਼ਿੱਦ ਫੜ ਲਈ। ਬਚਪਨ ਤੋਂ ਜਵਾਨ ਹੋਣ ਤੱਕ ਉਸ ਦੀ ਇਹ ਪਹਿਲੀ ਜ਼ਿੱਦ ਸੀ ਤੇ ਉਹ ਵੀ ਪੱਕੀ। ਬਥੇਰਾ ਕਿਹਾ ਕਿ ਮੌਕੇ ’ਤੇ ਛੁੱਟੀ ਲੈਣੀ ਔਖੀ ਹੁੰਦੀ ਐ, ਪਰ ਉਹ ਨਹੀਂ ਮੰਨੀ। ਹਾਰ ਕੇ ਮੈਂ ਅਚਾਨਕ ਹੋਈ ਤਬੀਅਤ ਨਾਸਾਜੀ ਦਾ ਬਹਾਨਾ ਬਣਾ ਕੇ ਛੁੱਟੀ ਲਈ। ਸਾਡੇ ਅਫ਼ਸਰ ਨੇ ਐਮਰਜੈਂਸੀ ਵਜੋਂ ਕਿਸੇ ਹੋਰ ਦੀ ਡਿਊਟੀ ਲਾ ਦਿੱਤੀ। ਮੇਰੇ ਵਾਲੀ ਜੀਪ ਅਤੇ ਉਹੀ ਡਰਾਈਵਰ ਐੱਸਡੀਓ ਵੇਦ ਪ੍ਰਕਾਸ਼ ਨੂੰ ਲੈ ਕੇ ਪਾਵਰ ਹਾਊਸ ਜਾ ਰਿਹਾ ਸੀ। ਉਹ ਡੈਮ ਤੋਂ ਮਸੀਂ ਕਿਲੋਮੀਟਰ ਪਿੱਛੇ ਹੋਣਗੇ, ਟਾਈਰਾਡ ਟੁੱਟ ਕੇ ਬੇਕਾਬੂ ਹੋਈ ਜੀਪ ਡੂੰਘੀ ਖੱਡ ਵਿੱਚ ਡਿੱਗੀ ਤੇ ਰਿੜ੍ਹਦੀ ਹੋਈ ਸਤਲੁਜ ਵਿੱਚ ਜਾ ਪਈ। ਦੋਹਾਂ ਦੀਆਂ ਲਾਸ਼ਾਂ ਨੰਗਲ ਝੀਲ ਵਿੱਚੋਂ ਚਾਰ ਦਿਨ ਬਾਅਦ ਲੱਭੀਆਂ। ਤੁਸੀਂ ਦੱਸੋ ਜੇ ਮੈਂ ਬੇਟੀ ਨੂੰ ਜਾਣੀ-ਜਾਣ ਨਾ ਮੰਨਾ ਤਾਂ ਕੀ ਸੱਚ ਤੋਂ ਅੱਖਾਂ ਨਹੀਂ ਮੀਟ ਰਿਹਾ ਹੋਵਾਂਗਾ?”
ਚੀਮੇ ਤੋਂ ਬਾਅਦ ਐਰਿਕ ਦਾ ਇਸ਼ਾਰਾ ਸਭ ਨੇ ਸਮਝ ਲਿਆ ਸੀ। ਉਹ ਬੋਲਿਆ, “ਪੁਲੀਸ ਵੱਲੋਂ ਫੜੇ ਜਾਣ ਤੋਂ ਥੋੜ੍ਹੇ ਦਿਨ ਬਾਅਦ ਮੇਰਾ ਬਾਪੂ ਚਕਮਾ ਦੇ ਕੇ ਜੇਲ੍ਹ ਵਿੱਚੋਂ ਭੱਜ ਗਿਆ। ਮੰਮੀ ਦੀਆਂ ਕਈ ਸਹੇਲੀਆਂ ਨੇ ਕਿਹਾ ਕਿ ਪੰਜਾਬੀ ਇਹੋ ਜਿਹੇ ਈ ਹੁੰਦੇ ਨੇ, ਆਪਣਾ ਮਤਲਬ ਕੱਢਕੇ ਯਾਨੀ ਪੱਕੇ ਹੋ ਕੇ ਇੰਜ ਈ ਕਰਦੇ ਨੇ। ਉਹ ਮੰਮੀ ਨੂੰ ਹੋਰ ਵਿਆਹ ਲਈ ਕਹਿੰਦੀਆਂ। ਪਰ ਮੰਮੀ ਮੇਰੇ ਬਾਪੂ ਨੂੰ ਅਥਾਹ ਪਿਆਰ ਕਰਦੀ ਸੀ। ਉਸ ਦਾ ਮਨ ਗਵਾਹੀ ਦਿੰਦਾ ਸੀ ਕਿ ਉਸ ਦਾ ਪ੍ਰੀਤਮ ਜ਼ਰੂਰ ਘਰ ਪਰਤੇਗਾ। ਅਗਲੇ ਸਾਲ ਅਸੀਂ ਕਿਸੇ ਹੋਰ ਸ਼ਹਿਰ ਰਹਿਣ ਲੱਗੇ। ਸਾਲ ਚੜ੍ਹਦੇ ਤੇ ਲੰਘਦੇ ਗਏ। ਮੈਨੂੰ ਤੇਹਰਵਾਂ ਵਰ੍ਹਾ ਲੱਗ ਗਿਆ ਸੀ। ਉਸ ਦਿਨ ਮੰਮੀ ਨੇ ਬਿਨਾਂ ਕਾਰਨ ਕੰਮ ਤੋਂ ਛੁੱਟੀ ਕਰ ਲਈ। ਉਦੋਂ ਬਿਊਟੀ ਪਾਰਲਰਾਂ ਦਾ ਰੁਝਾਨ ਘੱਟ ਹੀ ਸੀ। ਸਾਡੇ ਘਰੋਂ ਕਾਫ਼ੀ ਦੂਰ ਫਰੈਂਚ ਲੇਡੀ ਦਾ ਪਾਰਲਰ ਹੁੰਦਾ ਸੀ। ਮੰਮੀ ਸਵੇਰੇ ਈ ਉੱਥੇ ਜਾ ਕੇ ਸੱਜ ਸੰਵਰ ਆਏ। ਮੈਂ ਉਸ ਦਿਨ ਕਈ ਸਾਲਾਂ ਬਾਅਦ ਮੰਮੀ ਨੂੰ ਸੱਜੀ ਸੰਵਰੀ ਵੇਖਿਆ ਸੀ। ਆਉਂਦੇ ਹੋਏ ਉਹ ਸਟੋਰ ਤੋਂ ਖਾਣ ਪੀਣ ਵਾਲਾ ਕਾਫ਼ੀ ਕੁਝ ਖ਼ਰੀਦ ਲਿਆਏ। ਮੇਰੀ ਸੋਝੀ ਵਿੱਚ ਜਲੇਬੀਆਂ ਤੇ ਸਮੋਸੇ ਪਹਿਲੀ ਵਾਰ ਸਾਡੇ ਘਰ ਆਏ ਸਨ। ਰਾਤ ਨੂੰ 9 ਵਜੇ ਬੈੱਡ ’ਤੇ ਪੈ ਜਾਣ ਵਾਲੀ ਮੰਮੀ ਦਸ ਵਜੇ ਤੱਕ ਟੀਵੀ ਮੂਹਰੇ ਬੈਠੀ ਸੀ। ਅੱਧੀ ਰਾਤ ਲੰਘੀ ਹੋਊ ਜਦੋਂ ਮੈਨੂੰ ਜਾਗ ਆਈ। ਲਿਵਿੰਗ ਰੂਮ ਵਿੱਚ ਮੰਮੀ ਨੂੰ ਕਿਸੇ ਮਰਦ ਨਾਲ ਬੈਠੀ ਵੇਖ ਕੇ ਮੈਂ ਹੈਰਾਨ ਪਰੇਸ਼ਾਨ। ਕੋਲ ਗਿਆ ਤਾਂ ਮਰਦ ਨੇ ਮੈਨੂੰ ਆਪਣੀਆਂ ਬਾਹਵਾਂ ਵਿੱਚ ਕਸ ਕੇ ਘੁੱਟ ਲਿਆ ਤੇ ਕਾਫ਼ੀ ਦੇਰ ਮੈਨੂੰ ਚੁੰਮਦਾ ਰਿਹਾ। ਮੈਂ ਵੇਖਿਆ, ਮੰਮੀ ਦੀਆਂ ਅੱਖਾਂ ਵਿੱਚੋਂ ਖੁਸ਼ੀ ਪਰਲ ਪਰਲ ਵਹਿ ਰਹੀ ਸੀ। ਉਹ ਸੀਨ ਮੇਰੀਆਂ ਅੱਖਾਂ ਮੂਹਰੇ ਹੁਣ ਵੀ ਤਰੋਤਾਜ਼ਾ ਹੋ ਜਾਂਦਾ। ਪਾਪਾ ਆਇਆਂ ਨੂੰ ਚਾਰ ਕੁ ਦਿਨ ਲੰਘੇ ਹੋਣਗੇ। ਪਤਾ ਨਹੀਂ ਕਿਸੇ ਦੱਸਿਆ ਜਾਂ ਪੁਲੀਸ ਨੇ ਆਪੇ ਸੂਹ ਕੱਢ ਲਈ, ਪਾਪਾ ਫੜੇ ਗਏ। ਜੀਪ ਵਿੱਚ ਬਹਾ ਕੇ ਲੈ ਜਾ ਰਹੇ ਸਨ। ਪਤਾ ਨਹੀਂ ਸੱਚ ਕੀ ਹੈ, ਪਰ ਪੁਲੀਸ ਨੇ ਕਿਹਾ ਕਿ ਪ੍ਰੀਤਮ ਛਾਲ ਮਾਰਕੇ ਭੱਜਿਆ ਤੇ ਪਿੱਛਾ ਕਰਦਿਆਂ ਉਸ ਦੇ ਸਿਰ ਵਿੱਚ ਗੋਲੀ ਵੱਜ ਗਈ ਤੇ ਮੇਰੀ ਮੰਮੀ ਵਿਧਵਾ ਹੋ ਗਈ। ਬਾਅਦ ਵਿੱਚ ਮੇਰੇ ਪੁੱਛਣ ਤੇ ਮੰਮੀ ਨੇ ਦੱਸਿਆ ਸੀ ਕਿ ਆਖਰੀ ਵਾਰ ਮਿਲਣ ਦੀ ਆਵਾਜ਼ ਉਸ ਤੋਂ ਪਹਿਲੇ ਦਿਨ ਉਸ ਦੇ ਮਨੋਂ ਆਈ ਸੀ। ਤਾਂ ਹੀ ਮੈਂ ਉਸ ਨੂੰ ਉਡੀਕਿਆ ਅਤੇ ਉਸ ਨੂੰ ਚੰਗੀ ਲੱਗਣ ਵਾਲੇ ਅਰਮਾਨ ਪੂਰੇ ਕੀਤੇ ਸਨ। ਸਮੋਸੇ ਤੇ ਜਲੇਬੀਆਂ ਪਾਪਾ ਦੀ ਪਸੰਦ ਸਨ। ਕੀ ਇੱਥੇ ਮੰਮੀ ਨੂੰ ਜਾਣੀ-ਜਾਣ ਕਹਿਣਾ ਬਣਦਾ ਕਿ ਨਹੀਂ ?”
ਮੈਂ ਸਾਰਿਆਂ ਵੱਲ ਵੇਖਿਆ, ਕਿਸੇ ਕੋਲ ਐਰਿਕ ਦੇ ਸਵਾਲ ਨੂੰ ਕੱਟਣ ਵਾਲੀ ਦਲੀਲ ਨਹੀਂ ਸੀ। ਹਾਂ ਵਿੱਚ ਹਿਲਦੇ ਸਿਰ ਉਸ ਨਾਲ ਸਹਿਮਤੀ ਜਤਾ ਰਹੇ ਸਨ। ਬਾਅਦ ਵਿੱਚ ਐਰਿਕ ਨੇ ਦੱਸਿਆ ਕਿ ਆਹ ਜੋ ਵਿਚਕਾਰ ਉਹ ਪੰਜਾਬੀ ਬੋਲਦਾ ਹੈ, ਇਹ ਉਸ ਨੇ ਆਪਣੇ ਬਾਪੂ ਤੋਂ ਈ ਚਾਰ ਦਿਨਾਂ ਵਿੱਚ ਸਿੱਖੀ ਸੀ। ਮਾਰੇ ਜਾਣ ਤੋਂ ਪਹਿਲੀ ਰਾਤ ਉਹ ਮੈਨੂੰ ਜ਼ਿੰਦਗੀ ਦੇ ਭੇਦ ਸਮਝਾਉਂਦਾ ਰਿਹਾ ਸੀ। ਅਸਲ ਵਿੱਚ ਉਹ ਸਾਨੂੰ ਕਿਸੇ ਹੋਰ ਸ਼ਹਿਰ ਲੈ ਕੇ ਜਾਣ ਦੀ ਤਿਆਰੀ ਕਰਕੇ ਆਇਆ ਸੀ ਤੇ ਚੰਗੇ ਮੌਕੇ ਦੀ ਉਡੀਕ ਵਿੱਚ ਸੀ। ਬੇਸ਼ੱਕ ਬਾਅਦ ਵਿੱਚ ਹੋਈ ਜਾਂਚ ਦੌਰਾਨ ਲੱਤਾਂ ਦੀ ਥਾਂ ਸਿਰ ਵਿੱਚ ਗੋਲੀ ਮਾਰੇ ਜਾਣ ਕਾਰਨ ਇੱਕ ਪੁਲੀਸ ਵਾਲੇ ਨੂੰ ਡਿਸਮਿਸ ਕਰਕੇ ਕੇਸ ਚੱਲਿਆ ਸੀ, ਪਰ ਲਾਸ਼ ਨਾ ਵੇਖੇ ਜਾਣ ਕਾਰਨ ਮੇਰਾ ਮਨ ਅਜੇ ਵੀ ਪਾਪਾ ਨੂੰ ਉਡੀਕਦਾ।’’ ਅਸੀਂ ਵੇਖਿਆ ਕਿ ਐਰਿਕ ਨੇ ਅੱਖਾਂ ਪੂੰਝ ਪੂੰਝ ਕੇ ਸਾਰਾ ਰੁਮਾਲ ਗਿੱਲਾ ਕਰ ਲਿਆ ਸੀ। ਉਸ ਕੋਲ ਬਸ ਕਹਿਣ ਦਾ ਹੌਸਲਾ ਵੀ ਨਹੀਂ ਸੀ ਬਚਿਆ। ਉਸ ਦੇ ਹੱਥ ਦਾ ਇਸ਼ਾਰਾ ਅਸੀਂ ਸਮਝ ਲਿਆ ਸੀ।
ਅਗਲੀ ਵਾਰੀ ਲੈਣ ਲਈ ਅਵਤਾਰ ਪਹਿਲਾਂ ਈ ਉਸਲਵੱਟੇ ਲੈ ਰਿਹਾ ਸੀ। ਸਭ ਦਾ ਇਸ਼ਾਰਾ ਸਮਝ ਕੇ ਉਹ ਸ਼ੁਰੂ ਹੋ ਗਿਆ।
“ਸਰਕਾਰੀ ਨੌਕਰੀ ਲਈ ਮੇਰੀ ਪਟਿਆਲੇ ਇੰਟਰਵਿਊ ਸੀ। ਚੁਣੇ ਜਾਣ ਵਾਲਾ ਜੁਗਾੜ ਮੈਂ ਪਹਿਲਾਂ ਈ ਫਿੱਟ ਕਰਵਾ ਲਿਆ ਸੀ। ਲੁਧਿਆਣਿਓਂ ਬੱਸ ’ਤੇ ਜਾ ਰਿਹਾ ਸੀ। ਖੰਨੇ ਤੋਂ ਮੇਰੀ ਨਾਲ ਦੀ ਸੀਟ ਉੱਤੇ ਬਜ਼ੁਰਗ ਔਰਤ ਆ ਬੈਠੀ। ਮੈਨੂੰ ਉਸ ਵਿੱਚੋਂ ਚਾਰ ਸਾਲ ਪਹਿਲਾਂ ਮਰੀ ਆਪਣੀ ਮਾਂ ਦਾ ਧੌਲਾ ਜਿਹਾ ਪਵੇ। ਉਹੋ ਜਿਹੀ ਦਿੱਖ, ਆਵਾਜ਼ ਤੇ ਗੱਲ ਕਰਨ ਦਾ ਢੰਗ। ਬੈਠਦਿਆਂ ਈ ਮੋਹ ਜਤਾ ਕੇ ਗੱਲੀਂ ਲੱਗ ਗਈ। ਬੱਸ ਸਰਹਿੰਦ ਅੱਡੇ ਵਿੱਚ ਰੁਕੀ ਤਾਂ ਉਤਰਨ ਤੋਂ ਪਹਿਲਾਂ ਕਹਿੰਦੀ ਪੁੱਤ ਮੈਨੂੰ ਫੜ ਕੇ ਉਤਾਰ ਦੇ, ਕਿਤੇ ਡਿੱਗ ਕੇ ਸੱਟ ਨਾ ਲਵਾ ਲਵਾਂ। ਅਸੀਂ ਬੈਠੇ ਵੀ ਮੂਹਰਲੀ ਬਾਰੀ ਦੇ ਕੋਲ ਸੀ। ਮੈਂ ਸਰਟੀਫਿਕੇਟਾਂ ਵਾਲਾ ਬੈਗ ਪਾਸੇ ਰੱਖ ਕੇ ਸੀਟ ਤੋਂ ਉੱਠਿਆ। ਉਸ ਨੂੰ ਉਠਾਉਣ ਲੱਗਾ ਤਾਂ ਬੈਗ ਵੱਲ ਇਸ਼ਾਰਾ ਕਰਕੇ ਕਹਿੰਦੀ, ਪੁੱਤ ਆਪਣੀਆਂ ਚੀਜ਼ਾਂ ਕੋਲ ਰੱਖੀਦੀਆਂ, ਤੇ ਉਸ ਨੇ ਬੈਗ ਮੇਰੇ ਵੱਲ ਖਿਸਕਾ ਦਿੱਤਾ। ਮੈਨੂੰ ਯਾਦ ਆਇਆ, “ਆਪਣੀਆਂ ਚੀਜ਼ਾਂ ਕੋਲ ਰੱਖੀਦੀਆਂ।” ਇਹ ਗੱਲ ਤਾਂ ਮੇਰੀ ਮਾਂ ਨੇ ਕਈ ਵਾਰ ਕਹੀ ਸੀ। ਮੇਰਾ ਮੋਹ ਹੋਰ ਉਮੜ ਆਇਆ। ਮਨ ਵਿੱਚੋਂ ਇੰਟਰਵਿਊ ਦਾ ਖਿਆਲ ਵਿਸਰ ਗਿਆ। ਮਾਤਾ ਨੂੰ ਹੇਠਾਂ ਉਤਾਰ ਕੇ ਆਸਰਾ ਦਿੰਦੇ ਹੋਏ ਥੋੜ੍ਹੀ ਦੂਰ ਪਏ ਬੈਂਚ ’ਤੇ ਬੈਠਾਉਣ ਤੁਰ ਪਿਆ। ਬੈਂਚ ਸਾਫ਼ ਨਹੀਂ ਸੀ, ਕਹਿੰਦੀ ਪੁੱਤ ਕੱਪੜਾ ਤਾਂ ਮਾਰਦੇ। ਬੈਂਚ ਸਾਫ਼ ਕਰਕੇ ਬਹਾਉਂਦਿਆਂ ਮੇਰੀ ਬੱਸ ਚਲ ਪਈ। ਦੂਰ ਚਲੇ ਗਈ ਬੱਸ ਵੇਖ ਕੇ ਕਹਿੰਦੀ ਜਾ ਹੁਣ ਲੇਟ ਨਾ ਹੋਜੀਂ। ਮੈਂ ਥੋੜ੍ਹੀ ਦੇਰ ਬਾਅਦ ਆਈ ਪਟਿਆਲੇ ਵਾਲੀ ਬੱਸ ਚੜ੍ਹਿਆ। ਜੀਟੀ ਰੋਡ ਤੋਂ ਸੱਜੇ ਮੁੜ ਕੇ ਸਾਡੀ ਬੱਸ ਭਾਖੜਾ ਨਹਿਰ ਦੀ ਨਰਵਾਣਾ ਬਰਾਂਚ ਦੇ ਪੁੱਲ ਤੱਕ ਪਹੁੰਚੀ ਤਾਂ ਉੱਥੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੇਰੇ ਵਾਲੀ ਉਹ ਪਹਿਲੀ ਬੱਸ ਨਹਿਰ ਵਿੱਚ ਡਿੱਗ ਗਈ ਸੀ। ਸਾਰੀਆਂ ਸਵਾਰੀਆਂ ਬੱਸ ਦੇ ਵਿੱਚ ਹੀ ਡੁੱਬ ਗਈਆਂ ਸਨ।
ਮੈਨੂੰ ਉਸ ਮਾਤਾ ਵਾਲੀ ਬੁਝਾਰਤ ਸਮਝਣ ਵਿੱਚ ਦੇਰ ਨਾ ਲੱਗੀ। ਕਿਸੇ ਸਕੂਟਰ ਵਾਲੇ ਦਾ ਤਰਲਾ ਕਰਕੇ ਵਾਪਸ ਸਰਹਿੰਦ ਅੱਡੇ ’ਤੇ ਆਇਆ। ਮਾਤਾ ਨੂੰ ਬੜਾ ਲੱਭਿਆ। ਹੁਲੀਆ ਦੱਸ ਕੇ ਕਈਆਂ ਨੂੰ ਪੁੱਛਿਆ। ਸਾਰੇ ਸਿਰ ਫੇਰੀ ਜਾਣ ਕਿ ਇੰਜ ਦੀ ਔਰਤ ਅਸੀਂ ਸਵੇਰ ਦੀ ਨਈਂ ਦੇਖੀ। ਹੁਣ ਤੁਸੀਂ ਦੱਸੋ ਡੁੱਬਣ ਵਾਲੀ ਬੱਸ ਵਿੱਚੋਂ ਉਤਾਰਕੇ ਮੇਰੀ ਜਾਨ ਬਚਾਉਣ ਵਾਲੀ ਉਹ ਕੌਣ ਸੀ ? ਜੇ ਬੈਗ ਫੜਨ ਲਈ ਨਾ ਕਹਿੰਦੀ ਤਾਂ ਸ਼ਾਇਦ ਡਰਾਈਵਰ ਲਾਵਾਰਸ ਬੈਗ ਕਰਕੇ ਮੇਰੀ ਉਡੀਕ ਕਰਦਾ। ਜਾਂ ਡੁਪਲੀਕੇਟ ਸਰਟੀਫਿਕਟ ਬਣਾਉਣ ਵਿੱਚ ਮੇਰੇ ਦੋ ਸਾਲ ਨਿਕਲ ਜਾਂਦੇ। ਮੈਂ ਤਾਂ ਇਹੀ ਮੰਨਦਾ ਹਾਂ ਕਿ ਕਿ ਮੇਰੀ ਮਾਂ ਜਾਣੀ-ਜਾਣ ਬਣ ਕੇ ਉਸ ਰੂਪ ਵਿੱਚ ਪ੍ਰਗਟ ਹੋਈ ਸੀ।’’
ਰਾਏ ਦੀ ਗੱਲ ਤੋਂ ਮੈਨੂੰ ਵੀ ਯਾਦ ਆ ਗਿਆ ਕਿ 1985-86 ਦੇ ਨਵੰਬਰ ਮਹੀਨੇ ਇੱਕ ਬੱਸ ਉਸ ਨਹਿਰ ਵਿੱਚ ਡਿੱਗੀ ਸੀ, ਜਿਸ ਵਿੱਚੋਂ ਦੋ ਤਿੰਨ ਸਵਾਰੀਆਂ ਹੀ ਬਚੀਆਂ ਸਨ। ਬਾਅਦ ਵਿੱਚ ਉੱਥੇ ਹੁਣ ਵਾਲਾ ਨਵਾਂ ਉੱਚਾ ਤੇ ਡਬਲ ਪੁਲ ਬਣਿਆ।
ਮੈਂ ਸੋਚੀਂ ਪਏ ਹਰਜੀਤ ਨੂੰ ਹੁੱਝ ਮਾਰੀ। ਗੱਲਾਂ ਸੁਣਦੇ ਸੁਣਦੇ ਉਸ ਦਾ ਨਸ਼ਾ ਲੱਥ ਚੁੱਕਾ ਸੀ। ਕਹਿੰਦਾ “ਮੇਰੀ ਗੱਲ ਦਾ ਯਕੀਨ ਸ਼ਾਇਦ ਤੁਸੀਂ ਨਾ ਕਰੋ, ਪਰ ਹੈ ਇਹ ਚਿੱਟੇ ਦਿਨ ਵਰਗਾ ਸੱਚ। 1974 ਦੀ ਗੱਲ ਆ। ਮੈਂ ਦਸਵੀਂ ਕਲਾਸ ਵਿੱਚ ਸੀ। ਚੌਥੇ ਪੀਰੀਅਡ ਵਿੱਚ ਚਾਚਾ ਮੈਨੂੰ ਲੈਣ ਆਇਆ ਸੀ। ਬਿਜਲੀ ਬੋਰਡ ਵਿੱਚ ਲਾਈਨਮੈਨ ਲੱਗੇ ਹੋਏ ਡੈਡੀ ਨੂੰ ਖੰਬੇ ’ਤੇ ਚੜ੍ਹਿਆਂ ਕਰੰਟ ਲੱਗਾ ਤੇ ਉਹ ਧੜੱਮ ਹੇਠਾਂ ਆ ਡਿੱਗੇ। ਸਾਥੀ ਚੁੱਕ ਕੇ ਹਸਪਤਾਲ ਲੈ ਗਏ, ਡਾਕਟਰ ਚੈੱਕ ਕਰਕੇ ਕਹਿੰਦਾ ਹੈਨੀ ਇਹ ਹੁਣ। ਅਸੀਂ ਲਾਸ਼ ਘਰ ਲਿਆ ਕੇ ਸੂਰਜ ਅਸਤ ਤੋਂ ਪਹਿਲਾਂ ਸਸਕਾਰ ਦੀ ਤਿਆਰੀ ਕਰਨ ਲੱਗੇ। ਫੱਟੇ ’ਤੇ ਪਾ ਕੇ ਮੜ੍ਹੀਆਂ ਵਿੱਚ ਲੈ ਗਏ। ਕਿਆਸ ਕੀਤਾ ਜਾ ਸਕਦਾ ਕਿ ਉਦੋਂ ਮੰਮੀ ਦਾ ਕੀ ਹਾਲ ਹੋਊ। ਕਿਸੇ ਓਪਰੀ ਜਨਾਨੀ ਨੇ ਮੰਮੀ ਨੂੰ ਜੱਫੀ ਵਿੱਚ ਲਿਆ ਤੇ ਕਹਿੰਦੀ ਮੂੰਹ ਵੇਖਣ ਲੱਗਿਆਂ ਉਸ ਦੀ ਛਾਤੀ ’ਤੇ ਜ਼ੋਰ ਜ਼ੋਰ ਦੀ ਹੱਥ ਮਾਰ ਮਾਰ ਕੇ ਪੁੱਛੀਂ ਕਿ ਉਹ ਤੈਨੂੰ ਕਿਸ ਦੇ ਆਸਰੇ ਛੱਡ ਗਿਆ। ਮੰਮੀ ਨੇ ਉਂਜ ਈ ਕੀਤਾ। ਆਪਾ ਪਿੱਟਦੀ ਪਿੱਟਦੀ ਦੇ ਹੱਥ ਡੈਡੀ ਦੀ ਛਾਤੀ ’ਤੇ ਵੱਜਣ ਲੱਗ ਪਏ। ਯਕੀਨ ਕਰਿਓ, ਡੈਡੀ ਦਾ ਸਾਹ ਚੱਲ ਪਿਆ। ਅੱਖਾਂ ਖੁੱਲ੍ਹ ਗਈਆਂ। ਕਹਿੰਦੇ ਆਹ ਕੀ ਆ, ਲੱਕੜਾਂ ’ਤੇ ਕਿਉਂ ਪਾਇਆ ਮੈਨੂੰ ? ਤੂੰ ਰੋਂਦੀ ਕਿਉਂ ਆਂ ? ਘੜੀ ਪਲ ਤਾਂ ਸਾਰੇ ਡਰ ਗਏ। ਉਦੋਂ ਤੱਕ ਪਿੰਡਾਂ ਵਿੱਚ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਅਜੇ ਚੱਲਦੀਆਂ ਸਨ। ਮੈਂ ਕੋਲ ਈ ਖੜ੍ਹੀ ਸੀ, ਉਹ ਦ੍ਰਿਸ਼ ਅਜੇ ਵੀ ਮੇਰੀਆਂ ਅੱਖਾਂ ਮੂਹਰੇ ਆ ਜਾਂਦਾ। ਡੈਡੀ ਹੁਣ 93 ਸਾਲਾਂ ਦੇ ਹਨ। ਚੰਗੇ ਭਲੇ ਸਿਹਤਮੰਦ ਤੇ ਚੱਲਦੇ ਫਿਰਦੇ ਹਨ। ਡਾਕਟਰੀ ਲਿਹਾਜ਼ ਨਾਲ ਅਸੀਂ ਸਮਝਦੇ ਆਂ, ਮੰਮੀ ਦੇ ਹੱਥ ਡੈਡੀ ਦੀ ਛਾਤੀ ਉੱਤੇ ਵੱਜਣ ਕਰਕੇ ਕਰੰਟ ਦੇ ਝਟਕੇ ਨਾਲ ਰੁਕਿਆ ਦਿਲ ਹਰਕਤ ਵਿੱਚ ਆ ਗਿਆ ਹੋਊ, ਪਰ ਉਹ ਓਪਰੀ ਔਰਤ ਕੌਣ ਸੀ, ਕਿੱਥੋਂ ਆਈ ਤੇ ਬਾਅਦ ਵਿੱਚ ਕਿੱਥੇ ਗਈ, ਇਹ ਬੁਝਾਰਤ ਅਸੀਂ ਅੱਜ ਤੱਕ ਨਹੀਂ ਬੁੱਝ ਸਕੇ?
ਸਾਰਿਆਂ ਨੂੰ ਆਪਣੇ ਵੱਲ ਵੇਖਦਿਆਂ ਮੈਂ 50 ਸਾਲ ਪਹਿਲਾਂ ਵਾਲੀ ਹੱਡਬੀਤੀ ਦਾ ਬਿਰਤਾਂਤ ਸੰਖੇਪ ਕਰਕੇ ਦੱਸਣਾ ਸ਼ੁਰੂ ਕੀਤਾ।
ਬੜੇ ਸਾਲ ਪਹਿਲਾਂ ਦੀ ਗੱਲ ਐ, ਕਾਫ਼ੀ ਦੂਰ ਦੇ ਜ਼ਿਲ੍ਹੇ ਤੋਂ ਬਣੇ ਮੇਰੇ ਦੋਸਤ ਦੀ ਮੰਮੀ ਨੂੰ ਮੈਂ ਇੱਕ ਵਾਰ ਹੀ ਮਿਲਿਆ ਸੀ। ਉਸ ਨੇ ਮਾਂ ਵਰਗੀ ਹੀ ਮਮਤਾ ਜਤਾਈ ਸੀ। ਮੈਨੂੰ ਉਹ ਬੜੀ ਪਿਆਰੀ ਤੇ ਰੱਜੀ ਹੋਈ ਰੂਹ ਲੱਗੀ ਸੀ। ਕੁਝ ਮਹੀਨੇ ਬਾਅਦ ਦੋਸਤ ਦੀ ਮੌਤ ਹੋ ਗਈ। ਕੁਦਰਤੀ ਹੈ, ਕੜੀ ਟੁੱਟਣ ਨਾਲ ਜੋੜ ਟੁੱਟ ਤੇ ਵਿਸਰ ਜਾਂਦੇ ਹਨ। ਸਾਨੂੰ ਇੱਕ ਦੂਜੇ ਨਾਲੋਂ ਟੁੱਟਿਆਂ ਤਿੰਨ ਸਾਲ ਹੋ ਗਏ ਸਨ। ਉਦੋਂ ਕਿਹੜਾ ਹੁਣ ਵਾਂਗ ਫੋਨ ਹੁੰਦੇ ਸਨ। ਸ਼ਾਮ ਵੇਲੇ ਮੈਂ ਜਲੰਧਰ ਬੱਸ ਅੱਡੇ ਤੋਂ ਬਟਾਲੇ ਜਾਣ ਵਾਲੀ ਬੱਸ ਉਡੀਕਦਾ ਸੀ। ਅਚਾਨਕ ਕੋਈ ਅਜਨਬੀ ਮੁੰਡਾ, ਉਸੇ ਮਾਤਾ ਦੀ ਬਿਮਾਰੀ ਤੇ ਦਿੱਲੀ ਦੇ ਹਸਪਤਾਲ ਦਾ ਨਾਂ ਤੇ ਕਮਰਾ ਨੰਬਰ ਦੱਸ ਕੇ ਔਹ ਗਿਆ। ਜਾਂਦਾ ਹੋਇਆ “ਮਾਸੀ ਤੈਨੂੰ ਬੜਾ ਯਾਦ ਕਰਦੇ ਸੀ, ਮਿਲ ਆਵੀਂ, ਮੌਤ ਦਾ ਪਤਾ ਨਈਂ ਹੁੰਦਾ” ਕਹਿ ਕੇ ਮੇਰੇ ਮਨ ਵਿੱਚ ਮਿਲਣ ਵਾਲੀ ਜਗਿਆਸਾ ਦਾ ਦੀਵਾ ਬਾਲ ਗਿਆ। ਆਪਣੀ ਬੱਸ ਆਉਣ ਤੱਕ ਮੈਂ ਦਿੱਲੀ ਜਾਣ ਦਾ ਮਨ ਬਣਾ ਲਿਆ। ਦਿੱਲੀ ਵਾਲੀ ਰਾਤ ਦੀ ਬੱਸ ਫੜੀ ਤੇ ਸਵੇਰ ਹੁੰਦੇ ਈ ਹਸਪਤਾਲ ਦੇ ਉਸ ਨੰਬਰ ਵਾਲੇ ਕਮਰੇ ਦਾ ਦਰਵਾਜ਼ਾ ਜਾ ਖੜਕਾਇਆ। ਮੈਨੂੰ ਵੇਖਦਿਆਂ ਮਾਤਾ ਦਾ ਚਿਹਰਾ ਖਿੜ ਗਿਆ। 10-15 ਮਿੰਟ ਦੀ ਗੱਲਬਾਤ ਵਿੱਚ ਅਸੀਂ ਤਿੰਨ ਸਾਲਾਂ ਦੀ ਹੋਈ ਬੀਤੀ ਸਾਂਝੀ ਕਰ ਲਈ। ਬੈੱਡ ਉੱਤੇ ਬੈਠੇ ਬੈਠੇ ਮਾਤਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਰੂਹ ਉਡਾਰੀ ਮਾਰ ਗਈ। ਮੈਂ ਮਾਤਾ ਤੋਂ ਵੀ ਪੁੱਛ ਲਿਆ ਸੀ ਤੇ ਬਾਅਦ ਵਿੱਚ ਪਰਿਵਾਰ ਤੋਂ ਪਤਾ ਕੀਤਾ, ਮਾਤਾ ਦੀ ਆਖਰੀ ਇੱਛਾ ਪੁਗਾਉਣ ਦਾ ਸੁਨੇਹਾ ਦੇਣ ਵਾਲਾ ਉਹ ਅਜਨਬੀ ਉਨ੍ਹਾਂ ਦਾ ਕੋਈ ਦੂਰ ਦਾ ਵੀ ਜਾਣਕਾਰ ਨਹੀਂ ਸੀ। ਫਿਰ ਕੌਣ ਸੀ ਉਹ ? ਇਹ ਸਵਾਲ ਕਈ ਸਾਲ ਮੇਰੇ ਮਨ ’ਤੇ ਛਾਇਆ ਰਿਹਾ। ਇਹ ਗੱਲ ਕਈਆਂ ਨਾਲ ਸਾਂਝੀ ਕੀਤੀ। ਇਸ ਬੁਝਾਰਤ ਨੂੰ ਤਰਕਸ਼ੀਲ ਸੋਚ ਵਾਲਿਆਂ ਨੇ ਇਤਫਾਕ ਦੇ ਖਾਤੇ ਪਾ ਕੇ ਨਿਪਟਾਉਣ ਦੇ ਯਤਨ ਕੀਤੇ, ਪਰ ਮੇਰਾ ਮਨ ਇਸ ਨੂੰ ਇਹ ਕਹਿ ਕੇ ਨਕਾਰ ਦਿੰਦਾ ਹੈ ਕਿ ਇਸ ਵਿੱਚ ਇਤਫਾਕ ਦੇ ਤਰਕ ਨੂੰ ਕਿਹੜੇ ਆਧਾਰ ’ਤੇ ਘੁਸੇੜਿਆ ਜਾ ਸਕਦਾ, ਜਦੋਂ ਕਿ ਸਪੱਸ਼ਟ ਹੋ ਗਿਆ ਸੀ ਕਿ ਨਾ ਮਾਤਾ ਨੇ ਕਿਸੇ ਨਾਲ ਮੇਰੀ ਗੱਲ ਕੀਤੀ ਸੀ ਤੇ ਨਾਂ ਹੀ ਉਨ੍ਹਾਂ ਦਾ ਦੁਆਬੇ ਮਾਝੇ ਵਿੱਚ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਸੀ ?’’
ਮੇਰੀ ਗੱਲ ਖ਼ਤਮ ਹੋਈ ਤਾਂ ਸਾਰੇ ਨਿਰਉੱਤਰ ਹੋਏ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸਨ। ਤਦੇ ਹੀ ਸਾਰਿਆਂ ਦੇ ਕੋਲ ਜਾ ਕੇ ਹਾਲ ਅੰਦਰ ਜਾਣ ਲਈ ਕਹਿੰਦੇ ਹੋਏ ਕੰਪਨੀ ਦੇ ਚੇਅਰਮੈਨ ਸਾਡੇ ਕੋਲ ਆ ਖੜੋਏ। ਸਾਨੂੰ ਮਾਲਕ ਦਾ ਆਪਣੇ ਕੋਲ ਆਉਣਾ ਚੰਗਾ ਲੱਗਣਾ ਕੁਦਰਤੀ ਸੀ। ਸਭ ਨੂੰ ਖਾਣ ਪੀਣ ਤੇ ਮਸਤੀ ਕਰਨ ਬਾਰੇ ਪੁੱਛਣ ਤੋਂ ਬਾਅਦ ਚੇਅਰਮੈਨ ਨੇ ਦੱਸਿਆ ਕਿ ਇਸ ਸਾਲ ਤੋਂ ਮਾਅਰਕੇ ਮਾਰਨ ਵਾਲੇ ਕਾਮਿਆਂ ਨੂੰ ਐਵਾਰਡ ਦਿੱਤੇ ਜਾਣੇ ਸ਼ੁਰੂ ਕੀਤੇ ਹਨ, ਇਸ ਲਈ ਆਓ ਸਾਰੇ ਹਾਲ ਵਿੱਚ ਇਕੱਠੇ ਹੋਈਏ।
ਉਸ ਸਟਾਫ ਮੀਟ ਨੂੰ ਕਈ ਸਾਲ ਹੋ ਗਏ ਹਨ, ਪਰ ਉਸ ਦਿਨ ਸਾਂਝੀਆਂ ਕੀਤੀਆਂ ਹੱਡਬੀਤੀਆਂ ਸਾਡੇ ਲਈ ਅਜੇ ਬੁਝਾਰਤਾਂ ਹਨ। ਹਾਂ, ਬੁਝਾਰਤਾਂ ਬੁੱਝਦੇ ਬੁੱਝਦੇ ਅਸੀਂ ਬਾਬੇ ਨਾਨਕ ਵੱਲੋਂ ਬਾਣੀ ਰਾਹੀਂ ਸਮਝਾਈ ਗਈ ਕਰਤਾਰ ਦੀ ਅਨੰਤਤਾ ਦੇ ਸਦੈਵ ਵਰਤਾਰੇ ਤੱਕ ਪਹੁੰਚਕੇ ਆਪਣੀ ਵਿਗਿਆਨਕ ਸੋਚ ਵਾਲੇ ਹਥਿਆਰ ਸੁੱਟ ਦਿੰਦੇ ਹਾਂ। ਪਰ ਅਗੰਮ ਤੇ ਅਭੇਤ ਤੱਕ ਸਾਡੇ ਮਨਾਂ ਦੀ ਪਹੁੰਚ ਤੇ ਸਮਝ ਦਾ ਸਵਾਲ ਉਵੇਂ ਹੀ ਬਣਿਆ ਰਹਿੰਦਾ ਹੈ।
ਸੰਪਰਕ +16044427676