ਤਿੰਨ ਡੀ. ਸੀ.
ਕਹਾਣੀ ਜੇਬੀ, ਦੀਪੀ ਅਤੇ ਸੇਮੀ ਨੇ ਸੱਤਰਵਿਆਂ ਦੇ ਅੱਧ ਵਿੱਚ ਐੱਮ. ਏ ਕੀਤੀ। ਜੇਬੀ ਤੇ ਦੀਪੀ ਨੇ ਨਾਗਰਿਕ ਸ਼ਾਸਤਰ ਵਿੱਚ ਤੇ ਸੇਮੀ ਨੇ ਇਤਿਹਾਸ ਵਿੱਚ। ਪਹਿਲੇ ਦੋਵੇਂ ਜਨਰਲ ਕੈਟੇਗਰੀ ਵਿੱਚ ਸਨ ਤੇ ਸੇਮੀ ਰਾਖਵੀਂ ਕੈਟਾਗਰੀ ’ਚੋਂ ਸੀ। ਸੇਮੀ ਇਕਦਮ ਸਟੇਟ...
ਕਹਾਣੀ
ਜੇਬੀ, ਦੀਪੀ ਅਤੇ ਸੇਮੀ ਨੇ ਸੱਤਰਵਿਆਂ ਦੇ ਅੱਧ ਵਿੱਚ ਐੱਮ. ਏ ਕੀਤੀ। ਜੇਬੀ ਤੇ ਦੀਪੀ ਨੇ ਨਾਗਰਿਕ ਸ਼ਾਸਤਰ ਵਿੱਚ ਤੇ ਸੇਮੀ ਨੇ ਇਤਿਹਾਸ ਵਿੱਚ। ਪਹਿਲੇ ਦੋਵੇਂ ਜਨਰਲ ਕੈਟੇਗਰੀ ਵਿੱਚ ਸਨ ਤੇ ਸੇਮੀ ਰਾਖਵੀਂ ਕੈਟਾਗਰੀ ’ਚੋਂ ਸੀ। ਸੇਮੀ ਇਕਦਮ ਸਟੇਟ ਬੈਂਕ ਆਫ ਇੰਡੀਆ ਵਿੱਚ ਕਲਰਕ ਲੱਗ ਗਿਆ। ਉਸ ਦੀ ਪੋਸਟਿੰਗ ਚੰਡੀਗੜ੍ਹ ਹੋ ਗਈ। ਜੇਬੀ ਤੇ ਦੀਪੀ ਦੀ ਐੱਮ. ਏ. ਵਿੱਚ ਮਸਾਂ ਮਸਾਂ ਸੈਕਿੰਡ ਡਿਵੀਜ਼ਨ ਤਾਂ ਬਣ ਗਈ, ਪ੍ਰੰਤੂ ਲੈਕਚਰਾਰ ਲੱਗਣ ਲਈ ਕਾਲਜਾਂ ਵਿੱਚ ਅਰਜ਼ੀ ਨਾ ਦੇ ਸਕੇ ਕਿਉਂਕਿ 1977 ਵਿੱਚ ਇਸ ਅਸਾਮੀ ’ਤੇ ਲੱਗਣ ਲਈ ਐੱਮ. ਫਿਲ ਦੀ ਯੋਗਤਾ ਹੋਣੀ ਜ਼ਰੂਰੀ ਹੋ ਗਈ ਸੀ। ਉਹ ਹੈਰਾਨ ਸਨ ਕਿ ਸੇਮੀ ਨੇ ਵੀ ਐੱਮ. ਏ. ਵਿੱਚ ਮਸਾਂ ਮਸਾਂ ਸੈਕਿੰਡ ਡਿਵੀਜ਼ਨ ਲਈ ਸੀ, ਉਹ ਫਿਰ ਵੀ ਬੈਂਕ ਵਿੱਚ ਕਲਰਕ ਚੁਣਿਆ ਗਿਆ ਸੀ। ਉਹ ਸੋਚੀ ਜਾਣ ਕਿ ਕਿਉਂ ਨਾ ਸੇਮੀ ਤੋਂ ਉੱਪਰਲੀ ਕੋਈ ਨੌਕਰੀ ਲੈ ਕੇ ਉਸ ਨੂੰ ਠਿੱਬੀ ਲਗਾਈ ਜਾਵੇ। ਉਂਜ ਤਿੰਨਾਂ ਨੇ ਇੱਕ ਹੀ ਕਾਲਜ ਵਿੱਚ ਐੱਮ. ਏ ਕੀਤੀ ਸੀ।
ਜੇਬੀ ਤੇ ਦੀਪੀ ਨੇ ਜਜ਼ਬਾਤੀ ਹੋ ਕੇ ਟੀਸੀ ਦੇ ਬੇਰ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਚਾਹੀ। ਉਨ੍ਹਾਂ ਨੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਦੇਣ ਬਾਰੇ ਸੋਚ ਲਿਆ। ਇਸ ਸਬੰਧ ਵਿੱਚ ਉਨ੍ਹਾਂ ਨੇ ਸੇਮੀ ਨਾਲ ਕੋਈ ਗੱਲ ਨਹੀਂ ਸੀ ਕੀਤੀ। 1977 ਤੋਂ ਪਹਿਲਾਂ ਪੰਜਾਬ ਵਿੱਚ ਇਸ ਪ੍ਰੀਖਿਆ ਦਾ ਕੇਂਦਰ ਸਿਰਫ਼ ਪਟਿਆਲਾ ਹੀ ਹੁੰਦਾ ਸੀ। ਹੁਣ 1978 ਵਿੱਚ ਚੰਡੀਗੜ੍ਹ ਵੀ ਇਸ ਪ੍ਰੀਖਿਆ ਦਾ ਕੇਂਦਰ ਬਣ ਚੁੱਕਾ ਸੀ। ਜੇਬੀ ਅਤੇ ਦੀਪੀ ਦੀ ਚੰਡੀਗੜ੍ਹ ਵਿਖੇ ਇਹ ਪ੍ਰੀਖਿਆ ਦੇਣ ਲਈ ਕੋਈ ਠਾਹਰ ਨਹੀਂ ਸੀ। ਉਨ੍ਹਾਂ ਨੇ ਸੋਚਿਆ ਕਿ ਸੇਮੀ ਹੁਣ ਇਸ ਸਾਲ ਇਸ ਪ੍ਰੀਖਿਆ ਲਈ ਅਰਜ਼ੀ ਤਾਂ ਨਹੀਂ ਦੇ ਸਕਦਾ ਸੀ ਕਿਉਂਕਿ ਤਾਰੀਖ ਕਾਫ਼ੀ ਪਹਿਲਾਂ ਹੀ ਲੰਘ ਚੁੱਕੀ ਸੀ। ਕਿਉਂ ਨਾ ਉਸ ਕੋਲ ਕੁਝ ਦਿਨਾਂ ਦੀ ਰਿਹਾਇਸ਼ ਕਰਕੇ ਉੱਥੇ ਪਰਚੇ ਦੇ ਲਏ ਜਾਣ। ਆਖਿਰ ਪਹਿਲਾਂ ਤਿੰਨਾਂ ਨੇ ਇੱਕ ਹੀ ਕਾਲਜ ਵਿੱਚ ਦੋ-ਤਿੰਨ ਸਾਲ ਬਿਤਾਏ ਸਨ।
ਜਦ ਪ੍ਰੀਖਿਆ ਨੇੜੇ ਆਈ ਤਾਂ ਜੇਬੀ ਦੀ ਸੇਮੀ ਨਾਲ ਫੋਨ ’ਤੇ ਗੱਲ ਹੋਈ।
‘‘ਕੀ ਹਾਲ ਏ, ਸੇਮੀ? ਨੌਕਰੀ ਕਿਵੇਂ ਚੱਲ ਰਹੀ ਏ?’’
‘‘ਮੈਂ ਤਾਂ ਬਹੁਤ ਠੀਕ ਹਾਂ। ਸੋਹਣੀ ਤਨਖਾਹ ਮਿਲ ਜਾਂਦੀ ਏ। ਤੁਸੀਂ ਸੁਣਾਓ ਕੀ ਕਰ ਰਹੇ ਹੋ? ਨੌਕਰੀ ਲਈ ਕੋਈ ਕੋਸ਼ਿਸ਼ ਕੀਤੀ?’’
‘‘ਸੇਮੀ, ਸਾਧਾਰਨ ਐੱਮ. ਏ. ਨੂੰ ਨੌਕਰੀ ਕਿੱਥੇ ਮਿਲਦੀ ਏ। ਨਾ ਹੀ ਅਸੀਂ ਬੀ. ਐੱਡ ਕੀਤੀ ਤੇ ਨਾ ਹੀ ਸਾਨੂੰ ਐੱਮ. ਫਿਲ ਵਿੱਚ ਸੀਟ ਮਿਲੀ। ਸਾਡੇ ਮਜ਼ਮੂਨ ਵਿੱਚ ਤਾਂ ਬਹੁਤ ਲੋਕ ਐੱਮ. ਏ. ਕਰੀਂ ਫਿਰਦੇ ਨੇ।’’
‘‘ਖੇਤੀ ਦਾ ਕੰਮ ਕਿਵੇਂ? ਤੁਸੀਂ ਤਾਂ ਜੱਟ ਜ਼ਿਮੀਂਦਾਰ ਹੋ। ਛੇ-ਸੱਤ ਕਿੱਲੇ ਜ਼ਮੀਨ ਵੀ ਹੈ ਤੁਹਾਡੇ ਦੋਹਾਂ ਦੇ ਮਾਪਿਆਂ ਕੋਲ?’’
‘‘ਸੇਮੀ, ਏਨਾ ਪੜ੍ਹ ਕੇ ਖੇਤੀ ਕਰਨ ਨੂੰ ਦਿਲ ਹੀ ਨਹੀਂ ਕਰਦਾ। ਖੇਤੀ ’ਚੋਂ ਬਚਦਾ ਵੀ ਕੁਝ ਨਹੀਂ। ਬਾਪੂ ਹਮੇਸ਼ਾ ਕਰਜ਼ਾਈ ਹੀ ਰਿਹਾ ਏ। ਕਦੀ ਖਾਦ ਦਾ ਕਰਜ਼ਾ, ਕਦੀ ਬੀਜਾਂ ਦਾ ਕਰਜ਼ਾ, ਕਦੀ ਹੜ੍ਹਾਂ ਨਾਲ ਫ਼ਸਲ ਮਰ ਗਈ, ਕਦੀ ਔੜ ਲੱਗ ਗਈ, ਕਦੀ ਭੈਣ ਦਾ ਵਿਆਹ ਆ ਗਿਆ, ਕਦੀ ਕੁਝ, ਕਦੀ ਕੁਝ। ਮਸਾਂ ਤਾਂ ਐੱਮ. ਏ. ਕੀਤੀ ਏ। ਸਮਝ ਨਹੀਂ ਆਉਂਦਾ ਕੀ ਕਰੀਏ?’’
‘‘ਹੁਣ ਕੀ ਕਰ ਰਹੇ ਹੋ?’’
‘‘ਅਸੀਂ ਸੋਚ ਵਿਚਾਰ ਕਰਕੇ ਭਾਰਤੀ ਪ੍ਰਸ਼ਾਸਨਿਕ ਪ੍ਰੀਖਿਆ ਲਈ ਦਾਖਲਾ ਭਰ ਦਿੱਤਾ ਸੀ। ਇਸ ਦਾ ਪ੍ਰੀਲਿਮੀਨਰੀ ਹਿੱਸਾ ਅਸੀਂ ਪਾਸ ਕਰ ਲਿਆ ਏ। ਅਗਲੇ ਹਫ਼ਤੇ ਫਾਈਨਲ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਏ। ਸਾਡਾ ਪ੍ਰੀਖਿਆ ਕੇਂਦਰ ਚੰਡੀਗੜ੍ਹ ਏ। ਅਸੀਂ ਸੋਚਿਆ ਚੰਦ ਦਿਨ ਤੇਰੇ ਪਾਸ ਚੰਡੀਗੜ੍ਹ ਠਹਿਰ ਕੇ ਪਰਚੇ ਦੇ ਲਵਾਂਗੇ। ਕੀ ਖ਼ਿਆਲ ਏ? ਰਿਹਾਇਸ਼ ਤਾਂ ਤੇਰੇ ਪਾਸ ਚੰਗੀ ਏ। ਤੇਰੇ ਕਮਰੇ ਵਿੱਚ ਦੋ ਚਾਰਪਾਈਆਂ ਤਾਂ ਹਨ ਹੀ, ਇੱਕ ਚਾਰਪਾਈ ’ਤੇ ਬਿਸਤਰੇ ਦਾ ਪ੍ਰਬੰਧ ਅਸੀਂ ਖ਼ੁਦ ਕਰ ਲਵਾਂਗੇ। ਮੌਸਮ ਤਾਂ ਗਰਮੀਆਂ ਦਾ ਹੀ ਏ। ਰਜਾਈਆਂ ਦੀ ਤਾਂ ਲੋੜ ਨਹੀਂ। ਖਾਣਾ ਅਸੀਂ ਬਾਹਰ ਪ੍ਰਿੰਸ ਢਾਬੇ ’ਤੇ ਖਾ ਲਿਆ ਕਰਾਂਗੇ।’’
‘‘ਮੋਸਟ ਵੈਲਕਮ। ਜਦ ਮਰਜ਼ੀ ਆਓ, ਪਿਆਰਿਓ। ਮੈਂ ਬੈਂਕ ਹੀ ਜਾਂਦਾ ਹਾਂ। ਬਾਕੀ ਸਮਾਂ ਮੈਂ ਵਿਹਲਾ ਹੀ ਹੁੰਦਾ ਹਾਂ। ਮੈਂ ਆਪਣਾ ਖਾਣਾ ਆਪ ਬਣਾਉਂਦਾ ਹਾਂ। ਤੁਹਾਡੇ ਲਈ ਵੀ ਬਣਾ ਦਿਆ ਕਰਾਂਗਾ। ਦੱਸੋ, ਕਦੋਂ ਆ ਰਹੇ ਹੋ?’’
‘‘ਅੱਜ ਵੀਰਵਾਰ ਏ। ਅਸੀਂ ਐਤਵਾਰ ਨੂੰ ਆ ਜਾਵਾਂਗੇ। ਮੰਗਲਵਾਰ ਨੂੰ ਪਹਿਲਾ ਪਰਚਾ ਏ।’’
‘‘ਨੋ ਪ੍ਰਾਬਲਮ। ਆ ਜਾਓ। ਤਿਆਰੀਆਂ ਕੈਸੀਆਂ ਹਨ?’’
‘‘ਤਿਆਰੀ ਬਸ ਚੱਲ ਹੀ ਰਹੀ ਏ। ਇੱਕ ਗੱਲ ਮਾਈਂਡ ਤਾਂ ਨਹੀਂ ਕਰੇਂਗਾ?’’
‘‘ਕੀ?’’
‘‘ਅਸੀਂ ਐੱਮ. ਏ. ਕਰਦੇ ਸਮੇਂ ਲੁਕ ਛਿਪ ਕੇ ਆਪਣੇ ਮਾਪਿਆਂ ਤੋਂ ਚੋਰੀ ਸਿਗਰਟ ਪੀਣ ਲੱਗ ਪਏ ਸਾਂ। ਇਹ ਆਦਤ ਹੁਣ ਵੀ ਬਰਕਰਾਰ ਏ। ਤੂੰ ਤਾਂ ਇਸ ਤੋਂ ਦੂਰ ਏਂ। ਭਾਵੇਂ ਆਪਾਂ ਤਿੰਨੇ ਮੋਨੇ ਹਾਂ, ਪਰ ਤੇਰਾ ਤੇ ਸਾਡਾ ਫ਼ਰਕ ਏ। ਕੀ ਇਵੇਂ ਤੇਰੀ ਸਾਡੇ ਨਾਲ ਦਾਲ ਗਲ਼ ਜਾਊਗੀ?’’
‘‘ਜੇਬੀ, ਕੋਈ ਫ਼ਿਕਰ ਨਾ ਕਰ। ਮੈਂ ਬੜਾ ਖੁੱਲ੍ਹਦਿਲਾ ਹਾਂ। ਮੈਨੂੰ ਕਿਸੇ ਦੇ ਖਾਣ ਪੀਣ ’ਤੇ ਕੋਈ ਇਤਰਾਜ਼ ਨਹੀਂ। ਵੈਸੇ ਇਸ ਪ੍ਰਕਾਰ ਦੀਆਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਏ। ਤੁਸੀਂ ਜੱਟ ਹੁੰਦੇ ਹੋਏ ਵੀ ਇਹ ਆਦਤ ਪਾ ਲਈ ਮਾੜੀ ਗੱਲ ਏ।’’
‘‘ਸੇਮੀ ਕਾਲਜ ਵਿੱਚ ਦੋ-ਤਿੰਨ ਹਿੰਦੂ ਮੁੰਡਿਆਂ ਦੇ ਨੇੜੇ ਆ ਗਏ ਸੀ। ਉਹ ਸਿਗਰਟ ਨੋਸ਼ੀ ਕਰਦੇ ਹੁੰਦੇ ਸਨ। ਦੂਜੀ ਗੱਲ ਫਿਲਮਾਂ ਵਿੱਚ ਕਈ ਐਕਟਰ ਜਦੋਂ ਸਿਗਰਟ ਲਗਾ ਕੇ ਘੈਂਟ ਜਿਹਾ ਡਾਇਲਾਗ ਬੋਲਦੇ ਹਨ ਤਾਂ ਉਹ ਬੜਾ ਵਧੀਆ ਪ੍ਰਭਾਵ ਛੱਡਦੇ ਹਨ। ਰਾਜਕੁਮਾਰ ਡਾਇਲਾਗ ਬੋਲ ਕੇ ਧਰਤੀ ਹਿਲਾ ਦਿੰਦਾ ਹੈ। ਅਸੀਂ ਪ੍ਰਭਾਵਿਤ ਹੋ ਕੇ ਸ਼ੁਗਲ ਸ਼ੁਗਲ ਵਿੱਚ ਸਿਗਰਟ ਪੀਣ ਲੱਗ ਪਏ।’’
‘‘ਕੋਈ ਗੱਲ ਨਹੀਂ, ਜੇਬੀ। ਜੀਵਨ ਸ਼ੈਲੀ ਹਰ ਇੱਕ ਦੀ ਆਪਣੀ ਆਪਣੀ ਏ। ਮੈਂ ਤਾਂ ਨੇਕ ਸਲਾਹ ਹੀ ਦੇ ਸਕਦਾ ਹਾਂ। ਬਾਕੀ ਤੁਸੀਂ ਆਪਣੀ ਮਰਜ਼ੀ ਕਰੋ। ਆ ਜਾਇਓ। ਕਦੀ ਕਦੀ ਮੈਂ ਵੀ ਤੁਹਾਡੇ ਆਮ ਗਿਆਨ ਦੇ ਪਰਚੇ ਦੀ ਤਿਆਰੀ ਤੋਂ ਕੁਝ ਨਾ ਕੁਝ ਸਿੱਖ ਲਿਆ ਕਰਾਂਗਾ।’’
ਐਤਵਾਰ ਨੂੰ ਜੇਬੀ ਤੇ ਦੀਪੀ ਦੋਵੇਂ ਚੰਡੀਗੜ੍ਹ ਸੇਮੀ ਦੇ ਕਮਰੇ ਵਿੱਚ 15 ਸੈਕਟਰ ਪਹੁੰਚ ਗਏ। ਉੱਥੇ ਜਾ ਕੇ ਉਨ੍ਹਾਂ ਨੇ ਚਾਰਪਾਈ ਖ਼ਰੀਦ ਲਈ। ਇੱਕ ਤਲਾਈ, ਦੋ ਚਾਦਰਾਂ ਤੇ ਦੋ ਖੇਸੀਆਂ ਉਹ ਆਪਣੇ ਨਾਲ ਆਪਣੇ ਘਰੋਂ ਲੈ ਗਏ। ਸੁਪਨਿਆਂ ਦੇ ਸੌਦਾਗਰ ਆਪਣੇ ਮੰਗਲਵਾਰ ਨੂੰ ਹੋਣ ਵਾਲੇ ਪਰਚੇ ਦੀ ਤਿਆਰੀ ਵੀ ਕਰੀ ਜਾਣ ਤੇ ਆਮ ਗਿਆਨ ਦੇ ਪਰਚੇ ਬਾਰੇ ਵੀ ਵਿਚਾਰ ਸਾਂਝੇ ਕਰੀ ਜਾਣ, ਨਾਲ ਨਾਲ ਸਿਗਰਟਾਂ ਸੁਲਘਾ ਕੇ ਮੂੰਹ ’ਚੋਂ ਧੂਏ ਦੇ ਵਰੋਲੇ ਵੀ ਕੱਢੀ ਜਾਣ। ਕਮਰੇ ਵਿੱਚ ਐਸ਼ ਟਰੇ ਤਾਂ ਹੈ ਹੀ ਨਹੀਂ ਸੀ। ਪਹਿਲਾਂ ਸੇਮੀ ਨੇ ਇੱਕ ਪਲੇਟ ਐਸ਼ ਟਰੇ ਦੇ ਤੌਰ ’ਤੇ ਰੱਖ ਦਿੱਤੀ। ਸੋਮਵਾਰ ਨੂੰ ਸੇਮੀ ਬੈਂਕ ਚਲਾ ਗਿਆ। ਇਹ ਟਰੇ ਦੋ ਦਿਨਾਂ ਵਿੱਚ ਹੀ ਭਰ ਗਈ। ਸੇਮੀ ਨੇ ਟਰੇ ਆਪ ਹੀ ਖਾਲੀ ਕਰ ਦਿੱਤੀ। ਵਾਰ ਵਾਰ ਟਰੇ ਰੱਖਣ ਦੀ ਘੌਲ ਕਰਦਿਆਂ ਸੇਮੀ ਨੇ ਰਸੋਈ ਦੇ ਕੋਨੇ ’ਤੇ ਪਈ ਇੱਕ ਪੁਰਾਣੀ ਪਲਾਸਟਿਕ ਦੀ ਬਾਲਟੀ ਹੀ ਟਰੇ ਦੇ ਤੌਰ ’ਤੇ ਵਰਤਣ ਲਈ ਰੱਖ ਦਿੱਤੀ। ਉਹ ਬਾਲਟੀ ਪੁਰਾਣੀ ਸੀ ਤੇ ਸੇਮੀ ਹੁਣ ਇਸ ਨੂੰ ਬਹੁਤ ਘੱਟ ਵਰਤਦਾ ਸੀ। ਬਾਕੀ ਮਾਹੌਲ ਵੀ ਅਜਿਹਾ ਸੀ ਕਿ ਪਰਚਿਆਂ ਦੀ ਤਿਆਰੀ ਘੱਟ ਹੋਵੇ ਸੁਪਨੇ ਵੱਧ ਸਿਰਜੇ ਜਾਣ ਤੇ ਧੂਏਂ ਦੇ ਵਰੋਲੇ ਵੱਧ ਕੱਢੇ ਜਾਣ। ਸੇਮੀ ਦੀਆਂ ਚੁਗਲੀਆਂ ਵੀ ਕੀਤੀਆਂ ਜਾਣ।
‘‘ਇੱਕ ਵਾਰ ਇਮਤਿਹਾਨ ਪਾਸ ਕਰ ਲਈਏ ਫਿਰ ਦੱਸਾਂਗੇ ਇਨ੍ਹਾਂ ਸਰਕਾਰ ਦੇ ਜਵਾਈ ਰਾਖਵੇਂਕਰਨ ਵਾਲਿਆਂ ਨੂੰ ਕਿ ਕਿਸ ਭਾਅ ਵਿਕਦੀ ਏ। ਇਹ ਰਾਖਵੇਂਕਰਨ ਲਈ ਜਾਤ ਦਾ ਸਰਟੀਫਿਕੇਟ ਮੂਹਰੇ ਕਰਕੇ ਨੌਕਰੀ ਲੈ ਲੈਂਦੇ ਨੇ ਤੇ ਘੱਟ ਸਕੋਰ ਲੈ ਕੇ ਵੀ ਨੌਕਰੀ ਵਾਸਤੇ ਚੁਣੇ ਜਾਂਦੇ ਨੇ। ਟਾਟ ਦੀਆਂ ਜੁੱਲੀਆਂ ਨੂੰ ਰੇਸ਼ਮ ਦੇ ਬਖੀਏ! ਹੁਣ ਅਸੀਂ ਵੀ ਇਨ੍ਹਾਂ ਨੂੰ ਡੀ. ਸੀ. ਬਣ ਕੇ ਦੱਸਾਂਗੇ। ਇਹ ਕਲਰਕੀਆਂ ਛਲਰਕੀਆਂ ਤਾਂ ਝੱਟ ਲੈ ਲੈਂਦੇ ਨੇ, ਪ੍ਰੰਤੂ ਵੱਡੇ ਇਮਤਿਹਾਨ ਇਨ੍ਹਾਂ ਤੋਂ ਵੀ ਬਹੁਤ ਘੱਟ ਪਾਸ ਹੁੰਦੇ ਨੇ...।’’ ਜੇਬੀ ਸਿਗਰਟ ਦੇ ਧੂੰਏ ਦੇ ਗੋਲੇ ਬਣਾਉਂਦਾ ਬੋਲਦਾ ਗਿਆ।
‘‘ਦੋਸਤਾ, ਸਾਡੀਆਂ ਬੇੜੀਆਂ ’ਚ ਵੱਟੇ ਸੰਵਿਧਾਨ ਨੇ ਪਾਏ ਨੇ। ਇਹ ਵੱਟੇ ਤਾਂ ਪਏ ਸਨ ਦਸ ਸਾਲ ਲਈ। ਫਿਰ ਸੰਨ 60 ਤੋਂ 70 ਤੱਕ ਲਈ ਕਰ ਦਿੱਤੇ ਗਏ। ਸਰਕਾਰ ਇਨ੍ਹਾਂ ਦੀ ਪੈਸੇ ਨਾਲ ਮਦਦ ਕਰਦੀ ਰਹਿੰਦੀ ਤਾਂ ਕੋਈ ਗੰਭੀਰ ਮਸਲਾ ਨਹੀਂ ਸੀ। ਜਿਹੜਾ ਮੈਰਿਟ ਵਿੱਚ ਰਿਆਇਤ ਦੇ ਕੇ ਦੇਸ਼ ਦਾ ਬੇੜਾ ਗਰਕ ਕੀਤਾ, ਇਹ ਨਾ ਕਾਬਲੇ ਬਰਦਾਸ਼ਤ ਏ। ਸਰਕਾਰਾਂ ਇਸ ਰਿਆਇਤ ਨੂੰ ਸਿਆਸੀ ਤੌਰ ’ਤੇ ਕੈਸ਼ ਕਰਦੀਆਂ ਰਹੀਆਂ। ਦੇਸ਼ ਦੀਆਂ ਉੱਚੀਆਂ ਪੋਸਟਾਂ ’ਤੇ ਘੱਟ ਮੈਰਿਟ ਵਾਲੇ ਬੰਦੇ ਬਿਰਾਜਮਾਨ ਹੁੰਦੇ ਗਏ...ਦੇਸ਼ ਦਾ ਸਿਸਟਮ ਨਿੱਘਰਦਾ ਗਿਆ। ਪਿੱਦੀਆਂ ਵੀ ਪੀਂਘਾਂ ਪਾਉਣ ਲਾ ਦਿੱਤੀਆਂ।’’ ਦੀਪੀ ਗੱਲਾਂ ਗੱਲਾਂ ਵਿੱਚ ਝਈਆਂ ਲੈਂਦਾ ਗਿਆ ਤੇ ਧੂੰਏਂ ਦੇ ਗੁਬਾਰੇ ਕੱਢਦਾ ਗਿਆ।
ਸਾਰੇ ਅੱਠ ਪਰਚੇ ਸਨ। ਜੇਬੀ ਤੇ ਦੀਪੀ ਪਰਚੇ ਦੇਣ ਜਾਂਦੇ ਰਹੇ। ਖਾਣਾ ਬਾਹਰ ਢਾਬੇ ’ਤੇ ਖਾਂਦੇ ਰਹੇ। ਸੇਮੀ ਇਨ੍ਹਾਂ ਨੂੰ ਚਾਹ ਬਣਾ ਕੇ ਦਿੰਦਾ ਸੀ। ਸੇਮੀ ਦੀ ਹਾਜ਼ਰੀ ਵਿੱਚ ਉਹ ਸੰਕੋਚ ਨਾਲ ਗੱਲ ਕਰਿਆ ਕਰਨ। ਜਦ ਉਹ ਬੈਂਕ ਗਿਆ ਹੋਵੇ ਤਾਂ ਖੁੱਲ੍ਹ ਕੇ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਭੰਡੀ ਕਰਿਆ ਕਰਨ। ਜਦ ਪਰਚਿਆਂ ਵਿੱਚ ਪਾੜਾ ਹੋਵੇ ਤਾਂ ਉਹ ਦਾਰੂ ਦੇ ਹਾੜੇ ਵੀ ਲਗਾ ਲਿਆ ਕਰਨ। ਦੋ ਕੁ ਵਾਰ ਤਾਂ ਉਹ ਸੇਮੀ ਤੋਂ ਸ਼ਰਾਬ ਦੀ ਪਾਰਟੀ ਲੈਣ ਲਈ ਵੀ ਪਿੱਛੇ ਪੈ ਗਏ। ਕਹਿਣ - ਤੂੰ ਤਾਂ ਨੌਕਰੀ ’ਤੇ ਲੱਗ ਕੇ ਕਦੀ ਸਾਡੀ ਸੇਵਾ ਹੀ ਨਹੀਂ ਕੀਤੀ। ਇੱਕ ਵਾਰ ਪਰਚਿਆਂ ਵਿੱਚ ਹਫ਼ਤੇ ਦਾ ਪਾੜਾ ਸੀ। ਦੋਵੇਂ ਸੇਮੀ ਨੂੰ ਪਿੰਜੌਰ ਗਾਰਡਨ ਲੈ ਗਏ। ਸੇਮੀ ਪੀਂਦਾ ਨਹੀਂ ਸੀ, ਪ੍ਰੰਤੂ ਜੇਬੀ ਤੇ ਦੀਪੀ ਸ਼ਰਾਬ ਨਾਲ ਰੱਜ ਕੇ ਵਾਪਸ ਆਏ। ਸਾਰੇ ਪਰਚੇ ਡੇਢ ਕੁ ਮਹੀਨੇ ਵਿੱਚ ਖ਼ਤਮ ਹੋ ਗਏ। ਫਿਰ ਉਹ ਵਾਪਸ ਆਪਣੇ ਘਰਾਂ ਨੂੰ ਚਲੇ ਗਏ। ਉਨ੍ਹਾਂ ਦਾ ਸੇਮੀ ਕੋਲ ਡੇਢ ਮਹੀਨਾ ਰਹਿਣਾ ਸੇਮੀ ਅੰਦਰ ਇੱਕ ਨਵਾਂ ਜਜ਼ਬਾ ਪੈਦਾ ਕਰ ਗਿਆ। ਉਸ ਨੇ ਪਹਿਲਾਂ ਕਦੀ ਵੀ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਦੇਣ ਬਾਰੇ ਨਹੀਂ ਸੀ ਸੋਚਿਆ। ਹੁਣ ਉਹ ਵੀ ਇਸ ਪ੍ਰੀਖਿਆ ਦੀ ਤਿਆਰੀ ਕਰਨ ਬਾਰੇ ਸੋਚਣ ਲੱਗ ਪਿਆ। ਆਖਿਰ ਉਹ ਵੀ ਇਤਿਹਾਸ ਦੀ ਐੱਮ. ਏ. ਸੀ।
ਜੇਬੀ ਅਤੇ ਦੀਪੀ ਮੂਹਰੇ ਮਨਚਾਹੇ ਦੋ ਵਿਕਲਪ ਹੀ ਸਨ-ਪ੍ਰਸ਼ਾਸਨਿਕ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਕੇ ਕਿਸੇ ਉੱਚੇ ਅਹੁਦੇ ’ਤੇ ਨਿਯੁਕਤ ਹੋਣਾ ਜਾਂ ਬਾਹਰਲੇ ਕਿਸੇ ਦੇਸ਼ ਵਿੱਚ ਪੱਕੇ ਤੌਰ ’ਤੇ ਸੈੱਟ ਹੋਣਾ। ਖੇਤੀ ਕਰਨ ਨਾਲ ਜਾਂ ਕਿਤੇ ਕਲਰਕੀ ਕਰਨ ਨਾਲ ਉਹ ਸੰਤੁਸ਼ਟ ਨਹੀਂ ਸਨ। ਕਾਲਜ ਅਧਿਆਪਕ ਬਣਨ ਦੇ ਉਹ ਯੋਗ ਨਹੀਂ ਸਨ।
***
ਆਖਰ ਜੇਬੀ ਅਤੇ ਦੀਪੀ ਦੁਆਰਾ ਦਿੱਤੀ ਇਸ ਪ੍ਰੀਖਿਆ ਦਾ ਨਤੀਜਾ ਆ ਗਿਆ। ਦੋਵਾਂ ਨੂੰ ਇੰਟਰਵਿਊ ਦੀ ਕਾਲ ਨਹੀਂ ਆਈ। ਜੇਬੀ ਦੇ ਨੰਬਰ 45 ਫੀਸਦੀ ਤੇ ਦੀਪੀ ਦੇ 40 ਫੀਸਦੀ ਸਨ। ਉਸ ਸਾਲ ਜਨਰਲ ਕੈਟਾਗਰੀ ਵਾਲਿਆਂ ਨੂੰ 52 ਫੀਸਦੀ ਜਾਂ ਇਸ ਤੋਂ ਉੱਪਰ ਵਾਲਿਆਂ ਨੂੰ ਹੀ ਇੰਟਰਵਿਊ ਦੀ ਕਾਲ ਆਈ ਸੀ। ਇਸ ਪਾਸਿਓਂ ਦੋਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਹੁਣ ਦੋਵੇਂ ਅਖ਼ਬਾਰਾਂ ਦੇ ਵਿਆਹਾਂ ਸਬੰਧੀ ਇਸ਼ਤਿਹਾਰ ਪੜ੍ਹਨ ਵਿੱਚ ਸਾਰਾ ਧਿਆਨ ਲਗਾਉਣ ਲੱਗ ਪਏ। ਇੰਗਲੈਂਡ ਅਤੇ ਕੈਨੇਡਾ ਵਿੱਚ ਰਹਿੰਦੇ ਮਾਪਿਆਂ ਵੱਲੋਂ 90 ਫੀਸਦੀ ਕੇਸਾਂ ਵਿੱਚ ਪੰਜਾਬ ’ਚੋਂ ਡਾਕਟਰਾਂ ਤੇ ਇੰਜਨੀਅਰਾਂ ਦੀ ਮੰਗ ਕੀਤੀ ਗਈ ਹੁੰਦੀ ਸੀ। 1970 ਤੋਂ ਲੈ ਕੇ 2000 ਤੱਕ ਪੰਜਾਬ ਵਿੱਚ ਖ਼ਾਸ ਕਰਕੇ ਦੁਆਬੇ ਵਿੱਚ ਵਿਆਹ ਦੇ ਆਧਾਰ ’ਤੇ ਕੈਨੇਡਾ ਤੇ ਇੰਗਲੈਂਡ ਨੂੰ ਜਾਣ ਦੀ ਪੂਰੀ ਹਨੇਰੀ ਝੁੱਲੀ ਹੋਈ ਸੀ। ਜਿਹੜਾ ਵਿਆਹ ਲੋਕਲ ਹੁੰਦਾ ਸੀ ਉਸ ਨੂੰ ਲੋਕ ਵਿਆਹ ਹੀ ਨਹੀਂ ਸਨ ਸਮਝਦੇ। ਬਾਹਰੋਂ ਆਏ ਘੱਟ ਪੜ੍ਹੇ ਜਾਂ ਨਾਂਮਾਤਰ ਪੜ੍ਹੇ ਮੁੰਡੇ ਤੇ ਮਰਦ ਪੰਜਾਬ ’ਚੋਂ ਬੀ.ਏ., ਐੱਮ. ਏ. ਪਾਸ ਕੁੜੀਆਂ ਆਰਾਮ ਨਾਲ ਵਿਆਹ ਕੇ ਲੈ ਜਾਇਆ ਕਰਦੇ ਸਨ। ਬਾਹਰੋਂ ਆਈਆਂ ਬਹੁਤ ਘੱਟ ਪੜ੍ਹੀਆਂ ਲਿਖੀਆਂ ਕੁੜੀਆਂ ਪੰਜਾਬ ਵਿੱਚੋਂ ਡਾਕਟਰ ਤੇ ਇੰਜਨੀਅਰ ਆਰਾਮ ਨਾਲ ਵਿਆਹ ਕੇ ਲੈ ਜਾਇਆ ਕਰਦੀਆਂ ਸਨ। ਜੇਬੀ ਅਤੇ ਦੀਪੀ ਵਿਆਹ ਲਈ ਅਰਜ਼ੀਆਂ ਪਾਈ ਜਾਣ, ਪਰ ਕੰਮ ਕਿਤੇ ਬਣੇ ਹੀ ਨਾ।
ਆਖਿਰ ਜੇਬੀ ਦਾ ਰਿਸ਼ਤਾ ਤਾਂ ਇੱਕ ਇੰਗਲੈਂਡ ਤੋਂ ਕਲਫ ਕਰੀਮਾਂ ਲਾ ਕੇ ਆਈ ਪੰਜ ਕੁ ਜਮਾਤਾਂ ਪੜ੍ਹੀ ਕੁੜੀ ਨਾਲ ਫਿੱਟ ਹੋ ਗਿਆ। ਉਹ ਤਾਂ ਇੰਗਲੈਂਡ ਪਹੁੰਚ ਗਿਆ। ਉਸ ਦੀ ਕਦੀ ਕਦਾਈਂ ਚਿੱਠੀ ਆਉਂਦੀ ਹੁੰਦੀ ਸੀ ਕਿਉਂਕਿ ਉਦੋਂ ਮੋਬਾਇਲ ਫੋਨ ਨਹੀਂ ਹੁੰਦੇ ਸਨ। ਚਿੱਠੀ ਵਿੱਚ ਉਸ ਨੇ ਆਪਣੇ ਨਾਮ ਨਾਲ ਡੀ. ਸੀ. ਲਿਖਿਆ ਹੁੰਦਾ ਸੀ। ਮੈਂ ਜਵਾਬੀ ਖ਼ਤ ਵਿੱਚ ਲਿਖਿਆ;
‘‘ਜੇਬੀ, ਤੂੰ ਹੁਣ ਆਪਣੇ ਆਪ ਨੂੰ ਅਜਾਇਬ ਸਿੰਘ ਡੀ. ਸੀ. ਕਹਿਲਾਉਣ ਲੱਗ ਪਿਆ ਏਂ। ਇਸ ਦਾ ਕੀ ਭਾਵ?’’
ਉਸ ਨੇ ਜਵਾਬ ਦਿੱਤਾ, ‘‘ਮੈਂ ਇੰਗਲੈਂਡ ਵਿੱਚ ਇੱਕ ਕੈਬਜ਼ ਟੈਕਸੀ ਕੰਪਨੀ ਵਿੱਚ ਡਰਾਈਵਰ ਹਾਂ ਭਾਵ ਡਰਾਈਵਰ ਕੰਬਰਲੈਂਡ ਕੈਬਜ਼। ਸੰਖੇਪ ਰੂਪ ਵਿੱਚ ਸਾਡੇ ਟੈਕਸੀ ਲਾਇਸੈਂਸ ’ਤੇ ‘ਡੀ. ਸੀ.’ ਲਿਖਿਆ ਹੁੰਦਾ ਏ।’’
ਉਸ ਦੀ ਲਿਖਤ ਤੋਂ ਇਹ ਮਹਿਸੂਸ ਹੋਇਆ ਜਿਵੇਂ ਉਹ ਇੱਕ ਟੈਕਸੀ ਡਰਾਈਵਰ ਹੋ ਕੇ ਵੀ ਆਪਣੇ ਆਪ ਨੂੰ ਡੀ. ਸੀ. ਕਹਾ ਕੇ ਆਪਣੀ ਹਉਮੈ ਨੂੰ ਇਵੇਂ ਪੱਠੇ ਪਾ ਰਿਹਾ ਹੋਵੇ ਜਿਵੇਂ ਆਰ. ਐੱਮ. ਪੀ. ਆਪਣੇ ਆਪ ਨੂੰ ਡਾਕਟਰ ਅਖਵਾ ਕੇ ਪਾਉਂਦਾ ਹੈ। ਇੰਝ ਲੰਬਾ ਸਮਾਂ ਡੀ. ਸੀ. ਰਹਿਣ ਤੋਂ ਬਾਅਦ ਉਸ ਦੀ ਤਰੱਕੀ ਹੋ ਗਈ ਸੀ। ਹੁਣ ਉਹ ਟੈਕਸੀ ਦੇ ਔਖੇ ਅਤੇ ਜੋਖਮ ਭਰਪੂਰ ਕਿੱਤੇ ਤੋਂ ਮੁਕਤ ਹੋ ਕੇ ਇੱਕ ਡਾਕਖਾਨੇ ਵਿੱਚ ਚਿੱਠੀਆਂ ਛਾਂਟੀ ਕਰਨ ਦੀ ਨੌਕਰੀ ’ਤੇ ਲੱਗ ਗਿਆ।
ਦੀਪੀ ਦਾ ਬਾਹਰ ਜਾਣ ਦਾ ਕੰਮ ਰਾਸ ਆਇਆ ਹੀ ਨਾ। ਉਸ ਨੂੰ ਪੰਜਾਬ ਵਿੱਚ ਹੀ ਇੱਕ ਮੈਟ੍ਰਿਕ ਪਾਸ ਸਾਧਾਰਨ ਦਿਖ ਵਾਲੀ ਲੜਕੀ ਨਾਲ ਸ਼ਾਦੀ ਕਰਨੀ ਪਈ। ਇਨ੍ਹਾਂ ਦੋਹਾਂ ਨੇ ਮਿਲ ਕੇ ਲੜਕੀਆਂ ਦਾ ਇੱਕ ਨਿੱਜੀ ਕਾਲਜ ਖੋਲ੍ਹ ਲਿਆ ਸੀ ਕਿਉਂਕਿ ਲੜਕੀਆਂ ਕਿਸੇ ਮਾਨਤਾ ਪ੍ਰਾਪਤ ਕਾਲਜ ਵਿੱਚ ਪੜ੍ਹੇ ਬਗੈਰ ਪ੍ਰਾਈਵੇਟ ਤੌਰ ’ਤੇ ਯੂਨੀਵਰਸਿਟੀ ਇਮਤਿਹਾਨ ਦੇ ਸਕਦੀਆਂ ਹੁੰਦੀਆਂ ਸਨ। ਇਸ ਕਾਲਜ ਦਾ ਨਾਮ ਚਰਨ ਕਮਲ ਕਾਲਜ ਫਾਰ ਵਿਮੈੱਨ ਸੀ। ਇਸ ਪ੍ਰਕਾਰ ਦੀਆਂ ਪ੍ਰਾਈਵੇਟ ਸੰਸਥਾਵਾਂ ਪੰਜਾਬ ਵਿੱਚ ਅੰਤਾਂ ਦੀਆਂ ਖੁੱਲ੍ਹੀਆਂ ਹੁੰਦੀਆਂ ਸਨ। ਇਨ੍ਹਾਂ ਵਿੱਚ ਅੰਤਾਂ ਦਾ ਮੁਕਾਬਲਾ ਹੁੰਦਾ ਸੀ। ਦਾਖਲਿਆਂ ਸਮੇਂ ਅੰਤਾਂ ਦੀ ਖਿੱਚੋਤਾਣ ਹੋਇਆ ਕਰਦੀ ਸੀ। ਦੀਪੀ ਤੇ ਉਸ ਦੀ ਪਤਨੀ ਔਖੇ ਸੌਖੇ ਸੰਸਥਾ ਚਲਾਉਂਦੇ ਰਹੇ। ਉਂਜ ਦੀਪੀ ਵੀ ਆਪਣੇ ਆਪ ਨੂੰ ਇਸ ਕਾਲਜ ਦਾ ਡਾਇਰੈਕਟਰ ਕਹਾ ਕੇ ਹੀ ਸੰਤੁਸ਼ਟ ਹੁੰਦਾ ਸੀ, ਭਾਵੇਂ ਉਹ ਕਾਲਜ ਨਿਰੀ ਦੁਕਾਨਦਾਰੀ ਹੀ ਸੀ। ਡਾਇਰੈਕਟਰ ਚਰਨ ਕਮਲ ਕਾਲਜ ਕਹਿਲਾਉਣ ਨਾਲ ਵੀ ਦੋ ਅੱਖਰਾਂ ਡੀ. ਸੀ. ਦਾ ਭੁਚੱਕਾ ਪੈਂਦਾ ਏ। ਸ਼ਾਇਦ ਇਹ ਦੋ ਅੱਖਰ ਹੁਣ ਤੱਕ ਦੀਪੀ ਦੀ ਮਨੋਬਿਰਤੀ ਦਾ ਹਿੱਸਾ ਹੀ ਸਨ।
ਹੱਦ ਤਾਂ ਉਦੋਂ ਹੋ ਗਈ ਜਦ ਮੈਂ ਇੱਕ ਵਾਰ ਦੀਪੀ ਨੂੰ ਮਿਲਿਆ ਤੇ ਕਿਹਾ, ‘‘ਕੀ ਤੇਰਾ ਕੋਈ ਬਿਜ਼ਨਸ ਕਾਰਡ ਵੀ ਏ?’’
ਉਹ ਮੈਨੂੰ ਕਹਿੰਦਾ, ‘‘ਤੂੰ, ਯਾਰ, ਕਾਲਜ ਨੂੰ ਬਿਜ਼ਨਸ ਕਹੀ ਜਾਂਦਾ ਏਂ। ਕਾਲਜ ਇੱਕ ਅਕਾਦਮਿਕ ਸੰਸਥਾ ਹੁੰਦੀ ਏ, ਨਾ ਕਿ ਕਾਰੋਬਾਰ।’’
ਮੈਂ ਇਸ ਬਾਰੇ ਉਸ ਨਾਲ ਬਹੁਤੀ ਬਹਿਸ ਨਹੀਂ ਕੀਤੀ। ਖੈਰ ਉਸ ਨੇ ਆਪਣਾ ਕਾਰਡ ਮੈਨੂੰ ਦੇ ਦਿੱਤਾ। ਇਹ ਇੱਕ ਮੁਲਾਇਮ ਜਿਹੇ ਖੂਬਸੂਰਤ ਕਾਗਜ਼ ਦੇ ਰੂਪ ਵਿੱਚ ਸੀ। ਉੱਪਰ ਲਿਖਿਆ ਸੀ ਹਰਦੀਪ ਸਿੰਘ ਡੀ. ਸੀ.।
ਮੈਂ ਪੁੱਛਿਆ, ‘‘ਇਸ ਡੀਸੀ ਦਾ ਕੀ ਮਤਲਬ ਏ?’’
ਕਹਿੰਦਾ, ‘‘ਡਾਇਰੈਕਟਰ ਕਾਲਜ।’’
ਸੇਮੀ ਲਈ ਜੇਬੀ ਅਤੇ ਦੀਪੀ ਦਾ ਉਸ ਕੋਲ ਚੰਡੀਗੜ੍ਹ ਠਹਿਰਨਾ ਵਰਦਾਨ ਸਾਬਤ ਹੋਇਆ ਸੀ। ਉਹ ਇਨ੍ਹਾਂ ਤੋਂ ਭਾਰਤੀ ਪ੍ਰਸ਼ਾਸਨਿਕ ਪ੍ਰੀਖਿਆ ਦੇ ਕਈ ਰਾਜ ਜਾਣ ਗਿਆ ਸੀ। ਉਹ ਪੂਰਾ ਅਨੁਸ਼ਾਸਿਤ ਸੀ। ਉਸ ਕੋਲ ਰਾਂਖਵੇਂਕਰਨ ਦੀ ਜਾਤ ਦਾ ਪ੍ਰਮਾਣ ਪੱਤਰ ਤਾਂ ਹੈ ਹੀ ਸੀ।
ਕੁਝ ਮਹੀਨਿਆਂ ਲਈ ਉਸ ਨੇ ਚੰਡੀਗੜ੍ਹ ਵਿੱਚ ਸ਼ਾਮ ਦੇ ਵੇਲੇ ਇੱਕ ਸਿਖਲਾਈ ਸੰਸਥਾ ਵਿੱਚ ਵੀ ਦਾਖਲਾ ਲੈ ਲਿਆ ਸੀ। ਉਸ ਦੀ ਬੈਂਕ ਦੇ ਦੋ ਕੁ ਹੋਰ ਕਰਮਚਾਰੀ ਵੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ। ਉਹ ਵੀ ਰਾਖਵੀਂ ਕੈਟਾਗਰੀ ਦੇ ਹੀ ਸਨ। ਇਨ੍ਹਾਂ ਦੀ ਆਪਸੀ ਗੱਲਬਾਤ ਨਾਲ ਇਨ੍ਹਾਂ ਦੀ ਆਮ ਗਿਆਨ ਦੇ ਪਰਚੇ ਦੀ ਤਿਆਰੀ ਬਹੁਤ ਵਧੀਆ ਹੁੰਦੀ ਗਈ। ਸੇਮੀ ਕੋਲ ਪੜ੍ਹਨ ਲਈ ਸਮਾਂ ਵੀ ਕਾਫ਼ੀ ਹੁੰਦਾ ਸੀ ਕਿਉਂਕਿ ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਸ ਨੂੰ ਕਿਸੇ ਨਸ਼ੇ ਦਾ ਵੀ ਐਬ ਨਹੀਂ ਸੀ। ਉਹ ਆਰਥਿਕ ਤੌਰ ’ਤੇ ਵੀ ਚੰਗਾ ਹੋਈ ਜਾ ਰਿਹਾ ਸੀ। ਉਸ ਨੂੰ ਚੰਡੀਗੜ੍ਹ ਰਹਿ ਕੇ ਇਹ ਵੀ ਪਤਾ ਲੱਗ ਗਿਆ ਕਿ ਪ੍ਰੀਖਿਆ ਐੱਨ. ਸੀ. ਈ. ਆਰ. ਟੀ. ਦੀਆਂ ਸਪੱਸ਼ਟ, ਸੁਚੱਜੀਆਂ, ਸੰਖੇਪ, ਸਰਲ ਤੇ ਸੋਝੀ ਭਰਪੂਰ ਪੁਸਤਕਾਂ ਦੀ ਮਦਦ ਨਾਲ ਪਾਸ ਕੀਤੀ ਜਾ ਸਕਦੀ ਹੈ। ਉਸ ਦਾ ਮਜ਼ਮੂਨ ਇਤਿਹਾਸ ਵੀ ਇਸ ਪ੍ਰੀਖਿਆ ਨੂੰ ਪਾਸ ਕਰਨ ਦੇ ਕੁਝ ਅਨੁਕੂਲ ਸੀ।
ਉਸ ਨੇ ਮਿਹਨਤ ਕਰਕੇ ਪ੍ਰੀਖਿਆ ਦਿੱਤੀ। ਉਹ 46 ਫੀਸਦੀ ਸਕੋਰ ਲੈ ਗਿਆ। ਉਸ ਸਾਲ 44 ਫੀਸਦੀ ਤੇ ਇਸ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਰਾਂਖਵੀਆਂ ਜਾਤੀਆਂ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਦੀ ਕਾਲ ਆ ਗਈ। ਸੇਮੀ ਨੇ ਦਿੱਲੀ ਜਾ ਕੇ ਇੰਟਰਵਿਊ ਦਿੱਤਾ ਤੇ ਉਹ ਚੁਣਿਆ ਗਿਆ। ਉਸ ਦੀ ਸ਼ਾਦੀ ਵੀ ਉਸ ਦੀ ਬਰਾਦਰੀ ਵਿੱਚ ਹੀ ਉਸ ਦੇ ਮਹਿਕਮੇ ਦੀ ਇੱਕ ਲੜਕੀ ਨਾਲ ਹੋ ਗਈ। ਸੇਮੀ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਤੌਰ ’ਤੇ 2015 ਵਿੱਚ ਸੇਵਾ ਮੁਕਤ ਹੋਇਆ ਸੀ। ਉਸ ਦੀ ਪਤਨੀ ਸਬ ਡਿਵੀਜ਼ਨ ਦੀ ਐੱਸ. ਡੀ. ਐੱਮ. ਦੇ ਤੌਰ ’ਤੇ 2018 ਵਿੱਚ ਸੇਵਾ ਮੁਕਤ ਹੋਈ। ਇਸ ਪ੍ਰਕਾਰ ਇਹ ਤਿੰਨ ਦੋਸਤ ਡੀ. ਸੀ. ਬਣਨ ਦੇ ਉੱਚੇ ਅਹੁਦੇ ’ਤੇ ਪਹੁੰਚਣ ਦੀ ਤਮੰਨਾ ਰੱਖਦੇ ਰਹੇ। ਇੱਕ ਤਾਂ ਸੱਚਮੁੱਚ ਬਣ ਗਿਆ, ਦੂਜੇ ਦੋਵੇਂ ਕਿਸਮਤ ਦੇ ਲਫੇੜਿਆਂ ਦੇ ਮਾਰੇ ਤੇ ਆਪਣੀਆਂ ਕਰਤੂਤਾਂ ਕਰਕੇ ਆਪਣੇ ਨਾਮ ਨਾਲ ਇਹ ਅਹੁਦਾ ਲਗਵਾਉਣ ਲਈ ਸਿਰਫ਼ ਝੂਰਦੇ ਰਹੇ, ਪ੍ਰੰਤੂ ਬਣ ਨਾ ਸਕੇ।

