ਰੱਜੀ ਨੀਅਤ ਵਾਲੇ
ਵੈਸੇ ‘ਭੁੱਖ’ ਤੇ ‘ਲਾਲਸਾ’ ਦੀ ਕੋਈ ਹੱਦ/ ਸੀਮਾ ਨਹੀਂ ਹੁੰਦੀ। ਜੀਵਨ ਦੇ ਆਦਿ ਨਾਲ ਹੀ ਇਨ੍ਹਾਂ ਦਾ ਆਦਿ ਹੁੰਦਾ ਹੈ ਤੇ ਜੀਵਨ ਦੇ ਅੰਤ ਨਾਲ ਹੀ ਇਨ੍ਹਾਂ ਦਾ ਅੰਤ ਹੋ ਜਾਂਦਾ ਹੈ, ਪਰ ਚੱਲਦੇ ਜੀਵਨ ਕਾਲ ਵਿੱਚ ਰੱਜੀ ਨੀਅਤ ਵਾਲੇ...
ਵੈਸੇ ‘ਭੁੱਖ’ ਤੇ ‘ਲਾਲਸਾ’ ਦੀ ਕੋਈ ਹੱਦ/ ਸੀਮਾ ਨਹੀਂ ਹੁੰਦੀ। ਜੀਵਨ ਦੇ ਆਦਿ ਨਾਲ ਹੀ ਇਨ੍ਹਾਂ ਦਾ ਆਦਿ ਹੁੰਦਾ ਹੈ ਤੇ ਜੀਵਨ ਦੇ ਅੰਤ ਨਾਲ ਹੀ ਇਨ੍ਹਾਂ ਦਾ ਅੰਤ ਹੋ ਜਾਂਦਾ ਹੈ, ਪਰ ਚੱਲਦੇ ਜੀਵਨ ਕਾਲ ਵਿੱਚ ਰੱਜੀ ਨੀਅਤ ਵਾਲੇ ਮਾਣਮੱਤੇ ਇਨਸਾਨ ਭੁੱਖ ਤੇ ਲਾਲਸਾ ਨੂੰ ਕਾਫ਼ੀ ਹੱਦ ਤੱਕ ਕਾਬੂ ਰੱਖਣ ਵਿੱਚ ਪੂਰਨ ਸਮਰੱਥ ਹੁੰਦੇ ਹਨ। ਇਹ ਮਾਣਮੱਤੇ ਕਿਸੇ ਵੀ ਮੁਸੀਬਤ ਅਤੇ ਸੰਕਟ ਸਮੇਂ ਆਪਣਾ ‘ਸਬਰ ਸੰਤੋਖ’ ਪੂਰਾ ਕਾਇਮ ਰੱਖਦੇ ਹਨ। ਕੁਦਰਤ ਦੀਆਂ ਬਖ਼ਸ਼ਿਸ਼ਾਂ ਦੇ ਮੱਦੇਨਜ਼ਰ ਕੁਦਰਤ ਦਾ ਹਮੇਸ਼ਾਂ ਸ਼ੁਕਰ ਗੁਜ਼ਾਰ ਹੁੰਦੇ ਹਨ। ‘ਸੁੱਖ ਵੀ ਤੇਰਾ ਤੇ ਦੁੱਖ ਵੀ ਤੇਰਾ’ ਦੀ ਸੋਚ ਦੇ ਧਾਰਨੀ ਹੁੰਦੇ ਹਨ। ਕਿਸੇ ਥੋੜ੍ਹ, ਕਮੀ ਜਾਂ ਕੋਈ ਹੋਏ ਘਾਟੇ, ਨੁਕਸਾਨ ਵੱਲ ਵੇਖ ਝੂਰਦੇ ਨਹੀਂ। ਸਗੋਂ ਮਿਹਨਤ ਨਾਲ ਘਾਟਾ ਪੂਰਾ ਕਰਨ ਦੇ ਯਤਨਾਂ ਵਿੱਚ ਜ਼ਰੂਰ ਰਹਿੰਦੇ ਹਨ, ਪਰ ਇਨ੍ਹਾਂ ਦੀ ਕਿਰਤ, ਖੋਟ /ਬੇਈਮਾਨੀ ਤੋਂ ਮੁਕਤ ਹੁੰਦੀ ਹੈ। ਇਸ ਵਿੱਚ ਇਮਾਨਦਾਰੀ ਪੂਰੀ ਝਲਕ ਰਹੀ ਹੁੰਦੀ ਹੈ। ਕਿਸੇ ਦਾ ਹੱਕ ਮਾਰਨ ਨੂੰ ਇਹ ਮਾਣਮੱਤੇ ਉਸ ਜ਼ਹਿਰ ਤੁੱਲ ਸਮਝਦੇ ਹਨ ਜੋ ਨੈਤਿਕਤਾ ਤੇ ਕਿਰਦਾਰ ਨੂੰ ਹੀ ਖ਼ਤਮ ਕਰਨ ਦੀ ਤਾਕਤ ਰੱਖਦੀ ਹੈ।
‘ਜਮ੍ਹਾਂਖੋਰੀ’ ਦੀ ਥਾਂ ਇਹ ‘ਵੰਡ ਛਕਣ’ ਦੇ ਸਿਧਾਂਤ ਦੇ ਮੁਰੀਦ ਹੁੰਦੇ ਹਨ। ਇਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਜੋ ਸੁੱਖ/ਸਹੂਲਤਾਂ ਉਨ੍ਹਾਂ ਨੂੰ ਮਿਲ ਰਹੀਆਂ ਹਨ, ਇਹ ਸਭ ਹੋਰ ਲੋੜਵੰਦਾਂ ਨੂੰ ਵੀ ਮਿਲਣ। ਉਹ ਥੋੜ੍ਹੇ ਵਿੱਚੋਂ ਵੀ ਹੋਰ ਲੋੜਵੰਦਾਂ ਦੀ ਸਹਾਇਤਾ ਕਰਨ ਨੂੰ ਪੂਰੀ ਤਰਜੀਹ ਦਿੰਦੇ ਹਨ। ਸਾਡੇ ਇਲਾਕੇ ਦਾ ਇੱਕ ਕਿਰਤੀ ਹੈ ਜੋ ਆਮ ਕਰਕੇ ‘ਨਿਹੰਗ’ ਬਾਣੇ ਵਿੱਚ ਹੀ ਵਿਚਰਦਾ ਹੈ। ਉਹ ਤੁਛ ਜਿਹੀ ਆਪਣੀ ਕਿਰਤ ਕਮਾਈ ਵਿੱਚੋਂ ਅਕਸਰ ਅਪਹਾਜ/ਲੋੜਵੰਦ ਲੋਕਾਂ ਦੀ ਨਿਸ਼ਕਾਮ ਸੇਵਾ ਦੇ ਕਾਰਜ ਵੀ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਇੱਕ ਹੋਰ ਕਿਰਤੀ ਹੈ ਜੋ ਕੰਮ ਦੀ ਭਾਲ ਵਿੱਚ ਪੈਰੀਂ ਚੱਪਲਾਂ ਪਾਈਂ ਖੜ੍ਹਾ ਸੀ। ਕਿਸੇ ਨੇ ਉਸ ਨੂੰ ਬੂਟ ਦਾਨ ਕਰਨੇ ਚਾਹੇ ਤਾਂ ਅੱਗੋਂ ਉਸ ਨੇ ਬੜੀ ਹਲੀਮੀ ਨਾਲ ਉਸ ਨੂੰ ਕਿਹਾ, ‘ਰੱਬ ਦੇ ਕੰਮ ਕਰਨ ਵਾਲੇ ਮਿਹਰਬਾਨ ਵੀਰਿਆ! ਇਹ ਬੂਟ ਮੇਰੇ ਤੋਂ ਵਧੇਰੇ ਜ਼ਰੂਰਤਮੰਦ ਜਿਸ ਦੇ ਪੈਰੀਂ ਚੱਪਲਾਂ ਵੀ ਨਾ ਹੋਣ, ਉਸ ਨੂੰ ਦੇ ਦੇਣੇ।’ ਉਸ ਦਾ ਨਿਮਰਤਾ ਭਰਿਆ ਇਹ ਕਹਿਣਾ ਉਸ ਦੀ ਰੱਜੀ ਨੀਅਤ ਦਾ ਹੀ ਸਬੂਤ ਸੀ।
ਰੱਜੀ ਨੀਅਤ ਵਾਲੇ ਭੀੜ ਭੜੱਕੇ ਵੇਲੇ ਵੀ ਰੇਲਾਂ ਤੇ ਬੱਸਾਂ ਵਿੱਚ ਚੜ੍ਹਨ ਸਮੇਂ ਬੱਚਿਆਂ ਜਾਂ ਬੱਚਿਆਂ ਨੂੰ ਕੁੱਛੜ ਚੁੱਕੇ ਹੋਏ ਵਿਅਕਤੀਆਂ ਮਰਦ/ ਔਰਤਾਂ/ ਬਜ਼ੁਰਗਾਂ/ਅਪੰਗ ਵਿਅਕਤੀਆਂ ਦੇ ਚੜ੍ਹਨ ਨੂੰ ਪਹਿਲ ਦੇਣਾ ਨੈਤਿਕ ਭਰਿਆ ਫਰਜ਼ ਸਮਝਦੇ ਹਨ। ਅੱਗੇ ਸਫ਼ਰ ਦੌਰਾਨ ਵੀ ਵੇਖਿਆ ਜਾ ਸਕਦਾ ਹੈ ਕਿ ਸੀਟਾਂ ਉਤੇ ਬੈਠੇ ਕਈ ਮਾਣਮੱਤੇ ਲੋਕ ਖੜ੍ਹੇ ਲੋਕਾਂ ਖ਼ਾਸ ਕਰਕੇ ਬਜ਼ੁਰਗ ਜਾਂ ਬਿਮਾਰ ਆਦਿ ਲਈ ਬੈਠਣ ਲਈ ਜਗ੍ਹਾ ਦੀ ਗੁੰਜਾਇਸ਼ ਬਣਾ ਹੀ ਲੈਂਦੇ ਹਨ। ਕਈ ਤਾਂ ਖ਼ੁਦ ਖੜ੍ਹੇ ਹੋ ਕੇ ਹੋਰ ਲੋੜਵੰਦ ਲਈ ਸੀਟ ਵੀ ਛੱਡ ਦਿੰਦੇ ਹਨ। ਅਜਿਹੀ ਪਰਉਪਕਾਰਤਾ ਵਾਲੇ ਕਾਰਜ ਰੱਜੀਆਂ ਰੂਹਾਂ ਵਾਲਿਆਂ ਦੇ ਹਿੱਸੇ ਹੀ ਆਉਂਦੇ ਹਨ।
ਹਸਪਤਾਲਾਂ ਜਾਂ ਹੋਰ ਕਿਤੇ ਜਿੱਥੇ ਵੀ ਲਾਈਨ ਵਿੱਚ ਲੱਗ ਕੇ ਕਿਸੇ ਖਿੜਕੀ ’ਤੇ ਕੰਮ ਹੋ ਰਹੇ ਹੋਣ/ ਸੇਵਾਵਾਂ ਲਈਆਂ ਜਾ ਰਹੀਆਂ ਹੋਣ ਤਾਂ ਰੱਜੀ ਨੀਅਤ ਵਾਲੇ ਲੋਕ ਵਾਰੀ (ਕਤਾਰ) ਦੀ ਮਰਿਆਦਾ ਵਿੱਚ ਹੀ ਰਹਿੰਦੇ ਹਨ। ਐਮਰਜੈਂਸੀ ਸਮੇਂ ਤਾਂ ਆਪਣੀ ਵਾਰੀ ਵੀ ਲੋੜਵੰਦ ਲੋਕਾਂ ਦੇ ਸਪੁਰਦ ਕਰਨ ਵਿੱਚ ਮਾਣ ਮਹਿਸੂਸ ਕਰਦੇ ਵੇਖੇ ਜਾ ਸਕਦੇ ਹਨ।
ਹੋਰਨਾਂ ਦੀ ਪੀੜਾ, ਰੋਣਿਆਂ / ਝੋਣਿਆਂ /ਦੁੱਖਾਂ /ਗ਼ਮਾਂ /ਤਣਾਓ ਆਦਿ ਘਟਾਉਣ ਲਈ ਆਲੇ ਦੁਆਲੇ ਵਿੱਚ ਸਕੂਨ ਤੇ ਹਾਸਿਆਂ ਦੇ ਛਣਕਾਟੇ/ਗੱਫ਼ੇ ਵਰਤਾਉਣ ਆਦਿ ਦਾ ਸੰਭਵ ਯਤਨ ਵੀ ਰੱਜੀਆਂ ਨੀਅਤਾਂ ਵਾਲੀਆਂ ਰੂਹਾਂ ਹੀ ਕਰਦੀਆਂ ਹੋਈਆਂ ਆਮ ਹੀ ਨਜ਼ਰ ਪੈ ਜਾਂਦੀਆਂ ਹਨ। ਲੱਗਦੀਆਂ ਸੱਥਾਂ, ਸੱਜਦੀਆਂ ਮਹਿਫ਼ਲਾਂ ਵਿੱਚ ਅਕਸਰ ਤਣਾਅ ਮੁਕਤੀ ਦੇ ਸਕੂਨ ਭਰੇ ਸਬੱਬ ਬਣ ਕੇ ਵਰਤਣ ਵਾਲੇ ਵਰਤਾਰਿਆਂ ਵਿੱਚ ਵੀ ਰੱਜੀਆਂ ਨੀਅਤਾਂ ਦੀ ਬਰਕਤ ਹੁੰਦੀ ਹੈ। ਜਿਸ ਕਰਕੇ ਆਲਸ ਤੇ ਰੋਗ ਇਨ੍ਹਾਂ ਤੋਂ ਕੋਹਾਂ ਦੂਰ ਹੀ ਰਹਿੰਦੇ ਹਨ। ਸਰੀਰਕ, ਮਾਨਸਿਕ ਤੰਦਰੁਸਤੀ ਉਸਾਰੂ ਕਾਰਜਾਂ ਲਈ ਫੁਰਤੀ ਤੇ ਚੁਸਤੀ ਦੇ ਇਹ ਸ਼ਾਹ ਸਵਾਰ ਨਾਇਕ ਵਜੋਂ ਵੀ ਉੱਭਰਦੇ ਹਨ। ਜਿਸ ਵੀ ਕਾਰਜ ਨੂੰ ਹੱਥ ਪਾਉਂਦੇ ਹਨ, ਉਸ ਨੂੰ ਇਕਾਗਰ ਚਿੱਤ ਹੋ (ਨਿੱਠ) ਕੇ ਕਰਦੇ ਹਨ। ਨਤੀਜੇ ਵਜੋਂ ਸਫਲ ਕਾਰਜ ਇਨ੍ਹਾਂ ਦੀ ਕਮਾਈ ਦੀ ਮੂੰਹ ਬੋਲਦੀ ਤਸਵੀਰ ਹੁੰਦੀ ਹੈ। ਸਮਾਜ ਭਲਾਈ ਲਈ ਸਾਰਥਕ ਕਾਰਜਾਂ ਲਈ ਇਹ ਖ਼ੁਦ ਮੂਹਰੇ ਹੋ ਕੇ ਨਿੱਤਰਦੇ ਹਨ। ਅਜਿਹੇ ਮਾਣਮੱਤੇ ਕਾਰਜਾਂ ਲਈ ਡਟੇ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਹੱਲਾਸ਼ੇਰੀ ਦੇ ਕੇ ਨੇਪਰੇ ਚਾੜ੍ਹਨਾ ਇਨ੍ਹਾਂ ਦੀ ਸੱਚੀ ਸੁੱਚੀ ਫ਼ਿਤਰਤ ਹੁੰਦੀ ਹੈ। ਇਹ ਮਾਣਮੱਤੇ ਲੋਕ ਵਾਤਾਵਰਨ ਸਾਫ਼ ਸੁਥਰਾ, ਹਰਿਆ ਭਰਿਆ ਤੇ ਸੁਹਾਵਣਾ ਬਣਾਉਣ ਦੇ ਸੁਹਿਰਦ ਯਤਨਾਂ ਨੂੰ ਬਲਿਹਾਰੀ ਕੁਦਰਤਿ ਵਸਿਆ।। ਨੂੰ ਅਸਲ ਸਿਜਦਾ ਕਰਨ ਦੇ ਬਰਾਬਰ ਸਮਝਦੇ ਹਨ।
ਰੱਜੀ ਨੀਅਤ ਦੇ ਮਾਲਕ ਇਹ ਲੋਕ ਇਸ ਅਭਿਆਸੀ ਸੋਚ ਨੂੰ ਵੀ ਪ੍ਰਣਾਏ ਹੁੰਦੇ ਹਨ ਕਿ ਸਿਰਫ਼ ਮਾਰ ਧਾੜ ਦੇ ਖ਼ਤਰਨਾਕ ਮਨਸੂਬਿਆਂ ਤੇ ਮਾਰੂ ਮੁਹਿੰਮਾਂ ਦੇ ਲੁਟੇਰਿਆਂ ਨੂੰ ਹੀ ‘ਅੰਨ੍ਹੀ ਤਾਕਤ’ ਦੀ ਲੋੜ ਪੈਂਦੀ ਹੈ, ਜਦੋਂਕਿ ਆਮ ਲੋਕਾਂ ਦੇ ਭਲਾਈ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤਾਂ ਪ੍ਰੇਮ ਪਿਆਰ ਭਰੀ ਮੁਸ਼ੱਕਤ ਘਾਲ ਸਾਜ਼ਗਾਰ ਹੋ ਨਿੱਬੜਦੀ ਹੈ। ਇਸੇ ਕਰਕੇ ਈਰਖਾ, ਵੈਰ ਵਿਰੋਧ ਤੋਂ ਉੱਪਰ ਉੱਠ ਕੇ ਪਰਉਪਕਾਰਤਾ ਨੂੰ ਸਮਰਪਿਤ ਸੱਚੇ ਮਾਰਗ ਦੇ ਪਾਂਧੀ ਬਣ ਕੇ ਉਸਤਤਿ ਦੇ ਭਾਗੀ ਬਣਨਾ ਇਨ੍ਹਾਂ ਮਾਣਮੱਤਿਆਂ ਦਾ ਸੁਭਾਗ ਹੁੰਦਾ ਹੈ। ਇਹ ਆਪਣੇ ਦਿਲਾਂ ਦੇ ਬਰੂਹੀਂ ਪਿਆਰ ਮੁਹੱਬਤ ਦਾ ਤੇਲ ਹਮੇਸ਼ਾਂ ਚੋਈ ਰੱਖਦੇ ਹਨ ਤੇ ਇਨ੍ਹਾਂ ਦਾ ਗੁਲਾਬ ਵਰਗਾ ਖਿੜਿਆ ਚਿਹਰਾ ਤੇ ਮੁਸਕਾਨ ਭਰੀ ਤੱਕਣੀ ‘ਜੀ ਆਇਆਂ’ ਆਖਦੀ ਹੋਈ ਪ੍ਰਤੀਤ ਹੁੰਦੀ ਹੈ। ਇਨ੍ਹਾਂ ਦਾ ਅਜਿਹਾ ਸਾਊ ਵਿਵਹਾਰ/ਸਲੀਕਾ ਹੀ ਅਸਲ ਅਮੀਰੀ ਦਾ ਅਮੁੱਕ ਖ਼ਜ਼ਾਨਾ ਹੁੰਦਾ ਹੈ। ਇਨ੍ਹਾਂ ਨਾਲ ਅਚਣਚੇਤ ਹੋਈ ਘੜੀ ਪਲ ਦੀ ਹੋਈ ਮੁਲਾਕਾਤ ਅਭੁੱਲ ਸਦੀਵੀ ਯਾਦ ਬਣ ਜਾਂਦੀ ਹੈ।
ਇਨਸਾਨੀਅਤ ਧਰਮ ਦੇ ਇਨ੍ਹਾਂ ਪੁਜਾਰੀਆਂ ਨੂੰ ਅਖੌਤੀ ਕਰਮਕਾਂਡ ਮੋਹਿਤ ਨਹੀਂ ਕਰ ਸਕਦੇ। ਅਨੁਸ਼ਾਸਨ/ਅਸੂਲਾਂ ਨੂੰ ਰੱਬ ਦੇ ਨਿਆਈਂ ਮੰਨਦੇ ਹੋਏ ਸਤਿਕਾਰ ਦਿੰਦੇ ਹਨ। ਰੱਜੀ ਨੀਅਤ ਵਾਲੇ ਇਹ ਲੋਕ ‘ਖੋਹ ਮਈ’ ਦੀ ਥਾਂ ‘ਨਿਆਂ ਪੂਰਨ ਵੰਡ ਵੰਡੀਏ’ ਨੂੰ ਤਰਜੀਹ ਦੇ ਕੇ ਅਮਨ ਚੈਨ ਦੀ ਸਥਿਤੀ ਬਹਾਲ ਕਰਨ ਦੇ ਹਰ ਸੰਭਵ ਯਤਨਾਂ ਵਿੱਚ ਰਹਿੰਦੇ ਹਨ। ਬੇਨਿਆਈਂ/ਬੇਇਨਸਾਫੀ ਵਿਰੁੱਧ ਵੀ ਝੰਡਾ ਬਰਦਾਰਾਂ ਵਿੱਚ ਰੱਜੀ ਨੀਅਤ ਵਾਲੇ ਮੂਹਰੇ ਹੋ ਕੇ ਇਨਸਾਫ਼ ਲਈ ਜੂਝਦੇ ਵੇਖੇ ਜਾ ਸਕਦੇ ਹਨ ਤੇ ਲੋੜ ਪੈਣ ’ਤੇ ਸਿਰ ਧੜ ਦੀ ਬਾਜ਼ੀ ਲਾਉਣ ਤੋਂ ਵੀ ਇਹ ਪਿੱਛੇ ਨਹੀਂ ਹਟਦੇ। ਸਗੋਂ ਹਰ ਤਰ੍ਹਾਂ ਦੀ ਕੁਰਬਾਨੀ ਦੇ ਕੇ ਇਨਸਾਨੀਅਤ ਦੇ ਹੱਕਾਂ ਦੇ ਰਾਖੇ ਵੀ ਅਖਵਾ ਜਾਂਦੇ ਹਨ। ਅਜਿਹੀ ਰੱਜੀ ਨੀਅਤ ਵਾਲੇ ਲੋਕਾਂ ਦੀ ਇਸ ਮਤਲਬੀ ਦੁਨੀਆ ਵਿੱਚ ਕੋਈ ਕਮੀ ਨਹੀਂ ਜੋ ਸੁੱਤੇ ਸਿੱਧ ਹੀ ਆਪਣੀ ਰੱਜੀ ਨੀਅਤ ਦੇ ਮਾਲਕ ਹੋਣਾ ਸਾਬਤ ਕਰਦੇ ਹਨ। ਸੋ ਸਾਨੂੰ ਵੀ ਅਹੰਕਾਰ ਦੀ ਐਨਕ ਉਤਾਰ ਕੇ ਅਜਿਹੇ ਮਾਣਮੱਤੇ ਇਨਸਾਨਾਂ ਦੀ ਇਸ ਸੱਚੀ ਸੁੱਚੀ ਪ੍ਰਤਿਭਾ ਨੂੰ ਪਛਾਣਦਿਆਂ ਅਜਿਹੀ ਸੱਚੀ ਸੁੱਚੀ/ ਨਿਰਛਲ ਪ੍ਰਤਿਭਾ ਦੇ ਹਾਣੀ ਬਣਨ ਦੇ ਯਤਨ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਕਿ ਕਿਤੇ ਨਾ ਕਿਤੇ ਹੋ ਰਹੇ ਭਲਾਈ ਕਾਰਜਾਂ ਵਿੱਚ ਸੁੱਤੇ ਸਿੱਧ ਸਾਡਾ ਵੀ ਯੋਗਦਾਨ ਪੈ ਸਕੇ।
ਸੰਪਰਕ: 98764-74858

