ਗੁਰੂ ਦੇ ਸਨਮੁੱਖ ਸ਼ਹਾਦਤ ਦਾ ਜਾਮ ਪੀਣ ਵਾਲੇ
ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਸਨ। ਇਨ੍ਹਾਂ ਦੇ ਪਿਤਾ ਭਾਈ ਨੰਦ ਲਾਲ (ਭਾਈ ਹੀਰਾ ਨੰਦ) ਜੀ ਪਿੰਡ ਕਰਿਆਲਾ ਜ਼ਿਲ੍ਹਾ ਜੇਹਲਮ ਦੇ ਨਿਵਾਸੀ ਸਨ। ਇਸ ਪਰਿਵਾਰ ਦੇ ਪੁਰਖੇ ਭਾਈ ਗੌਤਮ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ ਸਿੱਖ ਬਣ ਗਏ ਸਨ, ਜਿਸ ਕਰਕੇ ਇਸ ਪਰਿਵਾਰ ਦਾ ਪ੍ਰੇਮ ਭਾਵ ਤੇ ਆਸਥਾ ਭਰਪੂਰ ਪਰਿਪੱਕ ਨਾਤਾ ਕਈ ਪੀੜ੍ਹੀਆਂ ਪਹਿਲਾਂ ਹੀ ਸਿੱਖੀ ਨਾਲ ਚੱਲਦਾ ਆ ਰਿਹਾ ਸੀ।
ਜਦੋਂ ਭਾਈ ਮੱਖਣ ਸ਼ਾਹ ਨੇ ਬਕਾਲੇ (ਬਾਬਾ ਬਕਾਲਾ ਸਾਹਿਬ) ਦੀ ਧਰਤੀ ’ਤੇ ਤੇਗ ਬਹਾਦਰ ਜੀ ਨੂੰ ਅਸਲ ਗੁਰੂ (ਨੌਵੇਂ ਗੁਰੂ) ਦੇ ਰੂਪ ਵਿੱਚ ਸਿੱਖ ਸੰਗਤਾਂ ਦੇ ਸਨਮੁੱਖ ਪੇਸ਼ ਕਰਕੇ ‘ਸਾਚੋ ਗੁਰ ਲਾਧੋ ਰੇ’ ਦਾ ਹੋਕਾ ਦੇ ਦਿੱਤਾ ਤਾਂ ਸੱਚੇ ਗੁਰੂ ਸਬੰਧੀ ਪਾਏ ਜਾ ਰਹੇ ਭਰਮ ਭਲੇਖੇ ਦੂਰ ਹੋ ਜਾਣ ਕਾਰਨ ਦੂਰੋਂ ਨੇੜਿਓਂ ਬਹੁਤ ਸਾਰੀਆਂ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਨੂੰ ਬਕਾਲੇ ਢੁੱਕਣ ਲੱਗੀਆਂ। ਇਹ ਦੋਵੇਂ ਭਰਾ (ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ) ਵੀ ਦਰਸ਼ਨਾਂ ਨੂੰ ਆਏ ਤਾਂ ਇਹ ਗੁਰੂ ਘਰ ਦੇ ਬਣ ਕੇ ਹੀ ਰਹਿ ਗਏ। ਗੁਰੂ ਘਰ ਦੀ ਟਹਿਲ ਸੇਵਾ ਵਿੱਚ ਇਨ੍ਹਾਂ ਦੋਵਾਂ ਭਰਾਵਾਂ ਨੇ ਮਨੋਂ ਤਨੋਂ ਸੇਵਾ ਭਾਵਨਾ ਨੂੰ ਏਨਾਂ ਸਮਰਪਿਤ ਹੋ ਕੇ ਵਿਚਰਨਾ ਸ਼ੁਰੂ ਕਰ ਦਿੱਤਾ ਕਿ ਇਹ ਗੁਰੂ ਜੀ ਦੇ ਖਾਸਮਖਾਸ ਵਿਸ਼ਵਾਸ ਪਾਤਰ ਸਿੱਖਾਂ ਵਿੱਚ ਸ਼ੁਮਾਰ ਹੋ ਗਏ। ਗੁਰੂ ਘਰ ਵੱਲੋਂ ਭਾਈ ਮਤੀ ਦਾਸ ਜੀ ਨੂੰ ਗੁਰੂ ਘਰ ਦੇ ਦੀਵਾਨ ਵਜੋਂ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ;
ਭਾਈ ਮਤੀ ਦਾਸ ਗੁਰੂ ਕੋ ਦੀਵਾਨ,
ਸਿੱਖੀ ਮੇਂ ਪੂਰਨ ਪ੍ਰਮਾਨ।
(ਕ੍ਰਿਤ ਸਰੂਪ ਦਾਸ ਭੱਲਾ/ਸਰੂਪ ਚੰਦ ‘ਕ੍ਰਿਤ ਮਹਿਮਾ ਪ੍ਰਕਾਸ਼’) ਅਨੁਸਾਰ
ਭਾਈ ਮਤੀ ਦਾਸ ਜੀ ਨੂੰ ਪੂਰਨ ਸਿੱਖ ਵਜੋਂ ਵੀ ਸਤਿਕਾਰਿਆ ਜਾਂਦਾ ਸੀ।
ਭਾਈ ਸਤੀ ਦਾਸ ਜੀ ਨੂੰ ਵਿਦਵਾਨ ਤੇ ਫ਼ਾਰਸੀ ਤੇ ਹੋਰ ਭਾਸ਼ਾਵਾਂ ਦੇ ਵਧੀਆ ਗਿਆਨਵਾਨ ਹੋਣ ਕਰਕੇ ਗੁਰੂ ਘਰ ਵਿੱਚ ਪੜ੍ਹਨ ਲਿਖਣ (ਪੱਤਰ ਵਿਵਹਾਰ ਕਰਨ) ਅਤੇ ਗੁਰੂ ਸਾਹਿਬ ਵੱਲੋਂ ਉਚਾਰੀ ਜਾਂਦੀ ਬਾਣੀ ਦਾ ਉਤਾਰਾ ਕਰਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਵੀ ਮਿਲੀ ਹੋਈ ਸੀ।
ਬਾਣੀ ਜੋ ਸਾਹਿਬ ਕਰਨ ਉਚਾਰ।
ਸੋ ਸਤੀ ਦਾਸ ਨਿੱਤ ਕਰੇ।
ਫ਼ਾਰਸੀ ਅੱਖਰਾਂ ਵਿੱਚ ਉਤਾਰ’ –(ਭਾਈ ਕੇਸਰ ਸਿੰਘ ਛਿੱਬਰ, ਬੰਸਾਵਲੀ ਨਾਮਾ)
ਭਾਈ ਦਿਆਲਾ ਦਾਸ ਜੀ ਦਾ ਜਨਮ ਬਾਬਾ ਮਾਈਦਾਸ ਜੀ ਦੇ ਘਰ ਮਾਂ ਮਾਧੁਰੀ ਜੀ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਵਿੱਚ ਹੋਇਆ। ਭਾਈ ਦਿਆਲਾ ਜੀ ਉਸ ਸਿੱਖ ਪਰਿਵਾਰ/ ਖਰਮਾਦੇ ਵਿੱਚੋਂ ਸਨ ਜਿਸ ਪਰਿਵਾਰ ਦੇ ਗਿਆਰਾਂ ਪੁੱਤਰ ਸਮੇਂ ਸਮੇਂ ਸਿੱਖੀ ਲਈ ਕੁਰਬਾਨੀ ਦੇਣ ਹਿੱਤ ਅੱਗੇ ਆਉਂਦੇ ਰਹੇ। ਭਾਈ ਦਿਆਲਾ ਜੀ ਨੇ ਵੀ ਆਪਣੇ ਆਪ ਨੂੰ ਸਿੱਖੀ ਤੇ ਸੇਵਾ ਭਾਵਨਾ ਨੂੰ ਪੂਰਾ ਅਰਪਣ ਕੀਤਾ ਹੋਇਆ ਸੀ। ਭਾਈ ਸਾਹਿਬ ਗੁਰੂ ਘਰ ਦੇ ਬਹੁਤ ਹੀ ਇਤਬਾਰੀ ਸਿੱਖਾਂ ਵਿੱਚੋਂ ਸਨ। ਪਟਨਾ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਤੇਗ ਬਹਾਦਰ ਜੀ ਵੱਲੋਂ ਜਾਰੀ ਕੀਤੇ ਇੱਕ ਹੁਕਮਨਾਮੇ ਵਿੱਚ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਵੀ ਮਿਲਦਾ ਹੈ;
ਭਾਈ ਦਿਆਲ ਦਾਸ ਕਹੇ
ਸੰਗਤ, ਸਤਿਗੁਰ ਕਾ ਹੁਕਮ ਕਰਿ ਮੰਨਣਾ।
***
ਭਾਈ ਦਿਆਲ ਦਾਸ ਗੁਰੂ ਕਾ ਪੁਤੁ ਹਹਿ
ਗੁਰਪੁਰਬ ਕੀ ਕਾਰ ਭਾਈ ਦਿਆਲ ਦਾਸ ਦੇ ਹਵਾਲੇ ਹੈ।
ਉਕਤ ਇਬਾਰਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਭਾਈ ਦਿਆਲਾ ਜੀ ਨੇ ਸਿੱਖੀ ਨੂੰ ਕਿੰਨਾ ਕਮਾਇਆ ਹੋਇਆ ਸੀ ਤੇ ਉਹ ਗੁਰੂ ਸਾਹਿਬ ਦੇ ਬਹੁਤ ਹੀ ਪਿਆਰੇ ਸਿੱਖਾਂ ਵਿੱਚੋਂ ਸਨ। ਭਾਈ ਦਿਆਲਾ ਜੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਸਾਹਿਬ ਦੇ ਹਜ਼ੂਰੀ ਸਿੱਖਾਂ ਵਜੋਂ ਵੀ ਜਾਣਿਆ ਜਾਂਦਾ ਸੀ।
ਜਦੋਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਪ੍ਰਚਾਰ ਕਰਨ ਹਿੱਤ ਦੇਸ਼ ਦੇ ਵੱਖ ਵੱਖ ਵੱਖ ਭਾਗਾਂ ਵਿੱਚ ਜਾਂਦੇ ਤਾਂ ਜ਼ਿਆਦਾ ਕਰਕੇ ਇਹ ਤਿੰਨੋਂ ਹਜ਼ੂਰੀ ਸਿੱਖ (ਭਾਈ ਦਿਆਲਾ ਜੀ, ਭਾਈ ਮਤੀ ਦਾਸ ਤੇ ਭਾਈ ਸਤੀ ਜੀ) ਵੀ ਗੁਰੂ ਸਾਹਿਬ ਦੇ ਨਾਲ ਨਾਲ ਹੀ ਰਹਿੰਦੇ ਸਨ, ਪਰ ਅਸਾਮ ਵੱਲ ਜਾਣ ਸਮੇਂ ਭਾਈ ਦਿਆਲਾ ਜੀ ਨੂੰ ਘਰ ਪਰਿਵਾਰ ਕੋਲ ਪਟਨਾ ਸਾਹਿਬ ਵਿਖੇ ਹੀ ਰੁਕ ਕੇ ਘਰ ਪਰਿਵਾਰ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਤਾਂ ਭਾਈ ਜੀ ਪਟਨੇ ਸਾਹਿਬ ਰਹਿ ਕੇ ਹੀ ਗੁਰੂ ਪਰਿਵਾਰ ਦੀ ਸੇਵਾ ਸੰਭਾਲ ਵਿੱਚ ਤਨ ਮਨ ਨਾਲ ਜੁਟੇ ਰਹੇ। ਜਦੋਂ ਦਸਮੇਸ਼ ਪਿਤਾ ਨੇ ਪਟਨੇ ਵਿੱਚ ਪ੍ਰਕਾਸ਼ ਧਾਰਿਆ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਢਾਕਾ (ਬੰਗਾਲ) ਵਿੱਚ ਸਨ। ਦਸਮੇਸ਼ ਜੀ ਦੇ ਆਗਮਨ ਦੀ ਸੂਚਨਾ ਵੀ ਭਾਈ ਦਿਆਲਾ ਜੀ ਨੇ ਹੀ ਢਾਕੇ ਪਹੁੰਚਾਉਣ ਦੇ ਪੁਖਤਾ ਪ੍ਰਬੰਧ ਕੀਤੇ। ਫਿਰ ਗੁਰੂ ਪਰਿਵਾਰ ਸੰਗ ਹੀ ਆਨੰਦਪੁਰ ਸਾਹਿਬ ਆ ਗਏ।
ਸ਼ਹੀਦੀ ਬਿਰਤਾਂਤ
ਸਮੇਂ ਦੀ ਕੱਟੜ ਮੁਗ਼ਲ ਹਕੂਮਤ ਵੱਲੋਂ ਮਨੁੱਖੀ ਘਾਣ ਕਰਨ (ਜਬਰੀ ਧਰਮ ਪਰਿਵਰਤਨ) ਦੀ ਝੁਲਾਈ ਤਿੱਖੜ ਹਨੇਰੀ ਦੇ ਕੱਟੜਤਾ ਭਰੇ ਜ਼ੁਲਮ ਨੂੰ ਠੱਲ੍ਹਣ ਦੇ ਮੱਦੇਨਜ਼ਰ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੰਭੀਰ ਵਿਚਾਰ ਮੰਥਨ ਕਰਦਿਆਂ ਮਾਨਵਤਾ ਦੇ ਹੱਕਾਂ ਦੀ ਰਾਖੀ (ਹਿੰਦੂ ਧਰਮ ਦੀ ਹੋਣ ਜਾ ਰਹੀ ਜ਼ਬਰੀ ਧਰਮਕੁਸ਼ੀ ਨੂੰ ਰੋਕਣ) ਹਿੱਤ ਜਾਬਰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਜ਼ੁਲਮੀ ਤਲਵਾਰ ਨੂੰ ਯਾਨੀ ‘ਜ਼ਬਰ’ ਨੂੰ ‘ਸਬਰ’ ਨਾਲ ਵੰਗਾਰਨ ਦਾ ਫੈਸਲਾ ਕੀਤਾ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਚਾਲੇ ਪਾਏ ਤਾਂ ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੈ ਜੀ, ਭਾਈ ਜੈਤਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਆਦਿ ਗੁਰਸਿੱਖ ਵੀ ਨਾਲ ਹੀ ਸਨ। ਗ੍ਰਿਫ਼ਤਾਰੀ ਸਮੇਂ ਹਜ਼ੂਰੀ ਸਿੱਖਾਂ ਵਜੋਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਗੁਰੂ ਸਾਹਿਬ ਨਾਲ ਹੀ ਆਪਣੇ ਆਪ ਨੂੰ ਵੀ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿੱਤਾ।
ਧਰਮ ਹੇਤ ਸਾਕੇ ਦਾ ਇਹ ਵਰਤਾਰਾ ਗੁਰੂ ਸਾਹਿਬ ਤੇ ਉਨ੍ਹਾਂ ਦੇ ਅਨਿਨ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਗ੍ਰਿਫ਼ਤਾਰੀ ਯਾਨੀ ਨਵੰਬਰ ਦੇ ਪਹਿਲੇ ਹਫ਼ਤੇ ਸੰਨ 1675 ਤੋਂ ਹੀ ਸ਼ੁਰੂ ਹੋ ਗਿਆ ਸੀ। ਜਦ ਮੁਗ਼ਲ ਹਕੂਮਤ ਦੇ ਅਹਿਲਕਾਰਾਂ ਤੇ ਖੁਦ ਔਰੰਗਜ਼ੇਬ ਨੇ ਚਾਂਦਨੀ ਚੌਂਕ ਦਿੱਲੀ ਵਿੱਚ ਆਪਣੀ ਕੱਟੜ ਨੀਤੀ ਦੀ ਤਸ਼ੱਦਦ ਭਰੀ ਕਵਾਇਦ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਗੁਰੂ ਸਾਹਿਬ ਤੇ ਉਨਾਂ ਦੇ ਸਿੱਖਾਂ ਨੂੰ ਧਰਮ ਤੋਂ ਥਿੜਕਾਉਣ ਲਈ ਬਹੁਤ ਸਾਰੀਆਂ ਮੋਮੋਠਗਣੀਆਂ ਚਾਲਾਂ ਚੱਲੀਆਂ। ਲਾਲਚ ਅਤੇ ਡਰਾਵੇ ਦਿੱਤੇ ਗਏ, ਪਰ ਇਸ ਸਭ ਕੁਝ ਦੀ ਕਵਾਇਦ ‘ਸੱਚੀ ਦ੍ਰਿੜਤਾ’ ਅੱਗੇ ਅਸਫਲ ਰਹਿਣ ’ਤੇ ਮੁਗ਼ਲ ਹਕੂਮਤ ਅਸਿਹ ਤਸੀਹੇ ਦੇਣ ਲਈ ਉਤਾਰੂ ਹੋ ਗਈ। ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਦਿਆਂ ਦੋਫਾੜ ਕਰਕੇ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਕੇ ਤੇ ਭਾਈ ਸਤੀ ਦਾਸ ਜੀ ਨੂੰ ਰੂੰਅ ਵਿੱਚ ਲਪੇਟ ਕੇ ਅੱਗ ਹਵਾਲੇ ਕਰਕੇ ਮੌਤ ਦਾ ਬਹੁਤ ਹੀ ਖੌਫ਼ਨਾਕ ਤਾਂਡਵ ਖੇਡ ਸ਼ੁਰੂ ਕਰ ਦਿੱਤਾ। ਇਨ੍ਹਾਂ ਤਿੰਨਾਂ ਸਿੱਖੀ ਸੇਵਕਾਂ ਨੇ ਅਕਿਹ ਤੇ ਅਸਿਹ ਤਸੀਹੇ ਝੱਲਦਿਆਂ, ਆਪਣੇ ਸ਼ਾਖਸ਼ਾਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਨਮੁੱਖ ਆਪਣੀ ਜਾਨ ਨਿਸ਼ਾਵਰ ਕਰਕੇ ‘ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਇ।’ ’ਤੇ ਅਭਿਆਸੀ ਅਮਲ ਕਰ ਵਿਖਾਇਆ।
ਭੱਟ ਵਹੀਆਂ ਕੁਰਸੀ ਨਾਮੇ (ਮੁਲਤਾਨੀ ਸਿੰਧੀ, ਖਾਤਾ ਜਲ੍ਹਾਨੋਂ ਕਾ ਤੇ ਭੱਟ ਤਲੌਂਧਾ/ ਤਲਉਂਢਾ ਅਨੁਸਾਰ: ‘ਦਿਆਲ ਦਾਸ ਮਾਈਦਾਸ ਕਾ, ਪੋਤਾ ਬੱਲੂ ਕਾ, ਪੜਪੋਤਾ ਮੂਲੇ ਕਾ, ਚੰਦਰਬੰਸੀ, ਭਾਰਦਵਾਜੀ, ਗੋਤਰ ਪੰਵਾਰ, ਬੰਸ ਬੀਜੇ ਕਾ, ਗੂਰੂ ਗੈਲੋਂ, ਮਗਹਰ ਸੁਦੀ ਪੰਚਮੀ ਸੰਮਤ ਸਤਾਰਾਂ ਸੈ ਬੱਤੀਸ ਕੋ, ਦਿੱਲੀ ਚਾਂਦਨੀ ਕੇ ਮਲਹਾਨ, ਸ਼ਾਹੀ ਹੁਕਮ ਗੈਰ ਮਾਰਾ ਗਿਆ। ਗੈਲੋਂ ਮਤੀ ਦਾਸ, ਸਤੀ ਦਾਸ, ਬੇਟੇ ਹੀਰਾ ਨੰਦ ਕੇ, ਪੋਤੇ ਲੱਖੀ ਦਾਸ ਕੇ, ਪੜਪੋਤੇ ਪਰਾਗੇ ਕੇ, ਬੰਸ ਗੌਤਮ ਕਾ, ਸਾਰੁਸਤੀ ਭਾਰਗਵ ਗੋਤੇ ਛਿਬਰ ਬ੍ਰਹਮਨ ਮਾਰੇ ਗਏ।‘
ਸ਼ਾਇਦ ਔਰੰਗਜੇਬ ਨੂੰ ਇੱਕ ਵੱਡਾ ਭਰਮ ਭੁਲੇਖਾ ਤੇ ਵਹਿਮ ਸੀ ਕਿ ਸਿੱਖਾਂ ਦਾ ਇਹ ਗੁਰੂ ਆਪਣੇ ਸਿੱਖਾਂ ਦੀ ਭਿਆਨਕ ਮੌਤ ਦਾ ਮੰਜ਼ਰ ਵੇਖ ਕੇ ਡੋਲ ਜਾਵੇਗਾ ਅਤੇ ਈਨ ਮੰਨ ਜਾਵੇਗਾ। ਜਿਸ ਨਾਲ ਉਸ (ਔਰੰਗਜ਼ੇਬ) ਦਾ ਪੂਰੇ ਮੁਲਕ ਹਿੰਦੁਸਤਾਨ ਨੂੰ ਕਾਫ਼ਰ ਤੋਂ ਮੋਮਨ ਬਣਾਉਣ ਦਾ ਮਨਸੂਬਾ ਆਸਾਨੀ ਨਾਲ ਪੂਰਾ ਹੋ ਜਾਵੇਗਾ, ਪਰ; ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਅਨੁਸਾਰ ਗੁਰੂ ਸਾਹਿਬ ਨਿਡਰਤਾ ਨਾਲ ਅਡੋਲ ਰਹਿ ਕੇ ਨੇਕ ਅਤੇ ਪਰਉਪਕਾਰਤਾ ਭਰੇ ਆਪਣੇ ਮਿਸ਼ਨ ਉਤੇ ਕਾਇਮ ਰਹਿਣ ਲਈ ਪੂਰੀ ਤਰ੍ਹਾਂ ਦ੍ਰਿੜ ਰਹੇ। ਨਾਨਕ ਸ਼ਾਹੀ ਕੈਲੰਡਰ ਅਨੁਸਾਰ ਆਖਰ 25 ਨਵੰਬਰ 1675 ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰਕੇ ਜ਼ੁਲਮੀ ਤਲਵਾਰ ਨੇ ਆਪਣੀ ਪਿਆਸ ਤਾਂ ਜ਼ਰੂਰ ਬੁਝਾ ਲਈ, ਪਰ ਧਰਮ ਹੇਤ ਸਾਕੇ ਨਾਲ ਜਬਰ ਉਤੇ ਸਬਰ ਦੀ ਫਤਿਹ/ ਜੈ ਜੈ ਕਾਰ ਹੋ ਗਈ। ਇਸ ਤਰ੍ਹਾਂ ਸਿਦਕੀ ਸਿੱਖੀ ਸੇਵਕਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ) ਨੇ ਪ੍ਰਾਣਾਂ ਦੀ ਆਹੂਤੀ ਦੇ ਕੇ ਧਰਮ ਹੇਤ ਸਾਕਾ ਦੇ ਬਿਰਤਾਂਤ ਨੂੰ ਸੰਪੂਰਨਤਾ ਦਿੰਦਿਆਂ ‘ਮਨੁੱਖਤਾ ਦੇ ਹੱਕ ਹਕੂਕ ਦੀ ਰਾਖੀ ਕਰਨ ਦਾ ਇੱਕ ਨਿਵੇਕਲਾ ਮੁੱਢ ਬੰਨ੍ਹਿਆ ਅਤੇ ਦੁਨੀਆ ਨੂੰ ਚਾਨਣ ਕਰ ਦਿੱਤਾ ਕਿ ਲੋੜ ਪੈਣ ’ਤੇ ਮਜ਼ਲੂਮਾਂ ਲਈ ਹਰ ਸਿਤਮ ਝੱਲਦਿਆਂ ਗੁਰੂ ਨਾਨਕ ਦਾ ਘਰ ਮਨੁੱਖੀ ਹੱਕਾਂ ਦੀ ਰਾਖੀ ਤੋਂ ਕਦੇ ਪਿੱਛੇ ਨਹੀਂ ਹਟੇਗਾ।
ਸੰਪਰਕ: 98764-74858
