ਥੌਂਪਸਨ ਦੀ ਸਿੱਖ ਸੁਸਾਇਟੀ ਨੂੰ 25,000 ਡਾਲਰ ਦੀ ਵਿੱਤੀ ਸਹਾਇਤਾ ਭੇਟ
ਹਰਦਮ ਮਾਨ ਰਿਚਮੰਡ: ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਵੱਲੋਂ ‘ਸਿੱਖ ਸੁਸਾਇਟੀ ਆਫ ਥੌਂਪਸਨ, ਮੈਨੀਟੋਬਾ’ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਰਸੋਈ (ਕਮਿਊਨਿਟੀ ਕਿਚਨ) ਦੇ ਨਿਰਮਾਣ ਲਈ 25,000 ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਬੀਤੇ...
ਹਰਦਮ ਮਾਨ
ਰਿਚਮੰਡ: ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਵੱਲੋਂ ‘ਸਿੱਖ ਸੁਸਾਇਟੀ ਆਫ ਥੌਂਪਸਨ, ਮੈਨੀਟੋਬਾ’ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਰਸੋਈ (ਕਮਿਊਨਿਟੀ ਕਿਚਨ) ਦੇ ਨਿਰਮਾਣ ਲਈ 25,000 ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਬੀਤੇ ਦਿਨੀਂ ਥੌਂਪਸਨ ਗੁਰਦੁਆਰਾ ਸਾਹਿਬ ਦੇ ਇੱਕ ਵਫ਼ਦ ਨੇ ਰਿਚਮੰਡ ਦੇ ਇਸ ਇਤਿਹਾਸਕ ਗੁਰੂ ਘਰ ਦਾ ਦੌਰਾ ਕਰਕੇ ਪ੍ਰਬੰਧਕਾਂ ਸਾਹਮਣੇ ਆਪਣੀ ਵਿੱਤੀ ਲੋੜ ਦਾ ਪੱਖ ਰੱਖਿਆ ਸੀ, ਜਿਸ ’ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਕਮੇਟੀ ਨੇ ਤੁਰੰਤ ਇਹ ਮਦਦ ਦੇਣ ਦਾ ਫ਼ੈਸਲਾ ਕੀਤਾ।
ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨੀਂ ਪ੍ਰੋਗਰਾਮ ਦੌਰਾਨ ਕਮੇਟੀ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ 25,000 ਡਾਲਰ ਦਾ ਚੈੱਕ ਸਿੱਖ ਸੁਸਾਇਟੀ ਆਫ ਥੌਂਪਸਨ ਦੇ ਸੈਕਟਰੀ ਕੁਲਵੰਤ ਸਿੰਘ ਅਤੇ ਖ਼ਜ਼ਾਨਚੀ ਇੰਦਰਜੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਗੁਰਦੁਆਰਾ ਨਾਨਕ ਨਿਵਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਸੰਧੂ, ਉਪ-ਪ੍ਰਧਾਨ ਉਬੇਦ ਸਿੰਘ ਸਿੱਧੂ, ਸੈਕਟਰੀ ਬਲਵੰਤ ਸਿੰਘ ਸੰਘੇੜਾ, ਖ਼ਜ਼ਾਨਚੀ ਕਮਲਜੀਤ ਸਿੰਘ ਦੁਸਾਂਝ, ਸਹਾਇਕ ਸੈਕਟਰੀ ਕੰਵਰਜੀਤ ਸਿੰਘ ਸਿਹੋਤਾ ਅਤੇ ਡਾਇਰੈਕਟਰ ਸਤਵੰਤ ਕੌਰ ਜਰਮਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ ਨੇ ਇਸ ਗੱਲ ’ਤੇ ਗਹਿਰੀ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੂੰ ਮੈਨੀਟੋਬਾ ਦੀ ਦੂਰ-ਦੁਰਾਡੇ ਦੀ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਗੁਰਦੁਆਰਾ ਨਾਨਕ ਨਿਵਾਸ ਦੇ ਸੈਕਟਰੀ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਕਿ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦਾ ਇਤਿਹਾਸ 130 ਸਾਲ ਤੋਂ ਵੀ ਵੱਧ ਪੁਰਾਣਾ ਹੈ। ਅੱਜ ਦੇ ਸਮੇਂ ਵਿੱਚ ਲਗਭਗ 20 ਲੱਖ ਪੰਜਾਬੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਹੈ, ਕੈਨੇਡਾ ਦੇ ਕੋਨੇ-ਕੋਨੇ ਵਿੱਚ ਵੱਸੇ ਹੋਏ ਹਨ। ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਜਿੱਥੇ ਵੀ ਪੈਰ ਜਮਾਏ, ਉੱਥੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਤਰਜੀਹ ਦਿੱਤੀ। ਅਜਿਹੀ ਹੀ ਇੱਕ ਮਿਸਾਲ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਤੋਂ ਲਗਭਗ 750 ਕਿਲੋਮੀਟਰ ਉੱਤਰ ਵੱਲ ਸਥਿਤ ਇੱਕ ਛੋਟੇ ਅਤੇ ਦੂਰ-ਦੁਰਾਡੇ ਦੇ ਮਾਈਨਿੰਗ ਕਸਬੇ ‘ਥੌਂਪਸਨ’ ਤੋਂ ਮਿਲਦੀ ਹੈ। ਇੱਥੇ ਸਾਲ 1974 ਵਿੱਚ ਸਥਾਪਿਤ ਹੋਈ ਇੱਕ ਰਜਿਸਟਰਡ ਚੈਰਿਟੀ ‘ਸਿੱਖ ਸੁਸਾਇਟੀ ਆਫ ਥੌਂਪਸਨ’ ਪਿਛਲੇ 52 ਸਾਲਾਂ ਤੋਂ ਸਥਾਨਕ ਸਾਊਥ ਏਸ਼ੀਅਨ ਭਾਈਚਾਰੇ ਦੀ ਨਿਰੰਤਰ ਸੇਵਾ ਕਰ ਰਹੀ ਹੈ।
ਥੌਂਪਸਨ ਵਿਖੇ ਇੱਕ ਪੁਰਾਣੀ ਚਰਚ ਦੀ ਇਮਾਰਤ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ ਸੀ, ਪਰ ਸਮਾਂ ਬੀਤਣ ਨਾਲ ਉੱਥੋਂ ਦੀ ਛੋਟੀ ਰਸੋਈ ਹੁਣ ਸਿਟੀ ਦੇ ਪਬਲਿਕ ਹੈਲਥ (ਜਨਤਕ ਸਿਹਤ) ਦੇ ਨਿਯਮਾਂ ਅਤੇ ਲੋੜਾਂ ’ਤੇ ਪੂਰੀ ਨਹੀਂ ਉਤਰਦੀ। ਸਿਟੀ ਦੀਆਂ ਸ਼ਰਤਾਂ ਮੁਤਾਬਕ 111 ਗੋਲਡਆਈ ਕ੍ਰੇਸੈਂਟ ਸਥਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਨਵੀਂ ਅਤੇ ਕੋਡ-ਕੰਪਲਾਇੰਟ ਕਮਿਊਨਿਟੀ ਕਿਚਨ ਤਿਆਰ ਕਰਨ ’ਤੇ ਕਾਫ਼ੀ ਖ਼ਰਚਾ ਆ ਰਿਹਾ ਹੈ। ਕਿਉਂਕਿ ਇਸ ਦੂਰ-ਦੁਰਾਡੇ ਇਲਾਕੇ ਵਿੱਚ ਸੰਗਤ ਦੀ ਗਿਣਤੀ ਅਤੇ ਸਾਧਨ ਬਹੁਤ ਸੀਮਤ ਹਨ, ਇਸ ਲਈ ਸੁਸਾਇਟੀ ਵੱਲੋਂ ਦੂਜੇ ਗੁਰੂ ਘਰਾਂ, ਕਾਰੋਬਾਰੀਆਂ ਅਤੇ ਦਾਨੀ ਸੱਜਣਾਂ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ।
ਸੰਪਰਕ: +1 604 308 6663
