ਮਨਦੀਪ ਪੂਨੀਆ
ਅਜੋਕੇ ਸਮੇਂ ਵਿੱਚ ਜਦੋਂ ਸੰਸਾਰ ਕਿਸੇ ਨਾ ਕਿਸੇ ਅਸਥਿਰਤਾ, ਟਕਰਾਅ ਜਾਂ ਹੋਰ ਅਲਾਮਤਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉੱਥੇ ਹੀ ਹਰ ਸਾਲ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਨੋਬੇਲ ਸ਼ਾਂਤੀ ਪੁਰਸਕਾਰ ਦੁਨੀਆ ਨੂੰ ਸ਼ਾਂਤੀ ਕਾਇਮ ਰੱਖਣ ਲਈ ਪ੍ਰੇਰਿਤ ਕਰਦਾ ਹੈ। ਸਾਲ 1901 ਤੋਂ ਲੈ ਕੇ ਹੁਣ ਤੱਕ ਨੌਰਵਿਜਨ ਨੋਬੇਲ ਕਮੇਟੀ ਨੇ ਦੁਨੀਆ ਦੇ ਹਰ ਉਸ ਇਨਸਾਨ ਨੂੰ ਇਸ ਪੁਰਸਕਾਰ ਨਾਲ ਸਤਿਕਾਰਿਆ ਹੈ, ਜਿਸ ਨੇ ਦੁਨੀਆ ਵਿੱਚ ਸ਼ਾਂਤੀ ਨੂੰ ਸਥਾਪਿਤ ਕਰਨ ਅਤੇ ਇਸ ਦੀ ਹੋਂਦ ਨੂੰ ਬਣਾਈ ਰੱਖਣ ਲਈ ਜਾਤ-ਪਾਤ, ਧਰਮ ਜਾਂ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਸਿਰਤੋੜ ਯਤਨ ਕੀਤੇ ਹਨ।
ਨੋਬੇਲ ਸ਼ਾਂਤੀ ਪੁਰਸਕਾਰ ਪੰਜ ਨੋਬੇਲ ਪੁਰਸਕਾਰਾਂ ਵਿੱਚੋਂ ਇੱਕ ਹੈ ਜੋ ਸਵੀਡਿਸ਼ ਉਦਯੋਗਪਤੀ, ਖੋਜੀ ਅਤੇ ਫ਼ੌਜੀ ਹਥਿਆਰ ਅਤੇ ਉਪਕਰਣ ਨਿਰਮਾਤਾ ਅਲਫਰੈੱਡ ਨੋਬਲ ਦੁਆਰਾ ਸਥਾਪਤ ਕੀਤਾ ਗਿਆ ਸੀ। ਉਸ ਦਾ ਕਹਿਣਾ ਸੀ ਕਿ ਸ਼ਾਂਤੀ ਪੁਰਸਕਾਰ ਉਸ ਵਿਅਕਤੀ ਨੂੰ ਦਿੱਤਾ ਜਾਵੇ ਜਿਸ ਨੇ ਬੀਤੇ ਸਾਲਾਂ ਵਿੱਚ ‘ਦੇਸ਼ਾਂ ਵਿਚਕਾਰ ਭਾਈਚਾਰਕ ਸਾਂਝ, ਖੜ੍ਹੀਆਂ ਫ਼ੌਜਾਂ ਨੂੰ ਖ਼ਤਮ ਕਰਨ ਜਾਂ ਘਟਾਉਣ ਅਤੇ ਸ਼ਾਂਤੀ ਨੂੰ ਸੰਭਾਲਣ ਅਤੇ ਉਤਸ਼ਾਹਤ ਕਰਨ ਲਈ ਸਭ ਤੋਂ ਵੱਡਾ ਜਾਂ ਵਧੀਆ ਕੰਮ ਕੀਤਾ ਹੋਵੇ।’ ਸ਼ਾਂਤੀ ਪੁਰਸਕਾਰ ਤੋਂ ਬਿਨਾਂ ਫਿਜ਼ਿਕਿਸ, ਕੈਮਿਸਟਰੀ, ਸਾਇਕੋਲੋਜੀ, ਮੈਡੀਸਨ ਅਤੇ ਸਾਹਿਤ ਨਾਲ ਸਬੰਧਿਤ ਨੋਬੇਲ ਪੁਰਸਕਾਰ ਵੀ ਦਿੱਤੇ ਜਾਂਦੇ ਹਨ।
ਅਲਫਰੈੱਡ ਨੋਬੇਲ ਦਾ ਜਨਮ 21 ਅਕਤੂਬਰ 1833 ਨੂੰ ਸਵੀਡਨ ਵਿੱਚ ਹੋਇਆ ਸੀ ਅਤੇ 1896 ਵਿੱਚ ਉਸ ਦੀ ਮੌਤ ਹੋ ਗਈ, ਪਰ ਉਸ ਨੇ ਸ਼ਾਂਤੀ ਪੁਰਸਕਾਰ ਨੂੰ ਨੋਬੇਲ ਪੁਰਸਕਾਰ ਸ਼੍ਰੇਣੀ ਵਿੱਚ ਰੱਖਣ ਲਈ ਕੋਈ ਖ਼ਾਸ ਵਜ੍ਹਾ ਨਹੀਂ ਦੱਸੀ। ਅਲਫਰੈੱਡ ਨੋਬੇਲ ਇੱਕ ਰਸਾਇਣਿਕ ਇੰਜਨੀਅਰ ਸੀ, ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਦੀਆਂ ਸ਼੍ਰੇਣੀਆਂ ਨੋਬੇਲ ਪੁਰਸਕਾਰ ਵਿੱਚ ਸ਼ਾਮਲ ਕਰਨ ਦਾ ਕਾਰਨ ਸਪੱਸ਼ਟ ਕਰਦੀਆਂ ਹਨ, ਪਰ ਸ਼ਾਂਤੀ ਪੁਰਸਕਾਰ ਦੇ ਪਿੱਛੇ ਤਰਕ ਘੱਟ ਹੀ ਸਪੱਸ਼ਟ ਹੈ। ਨੌਰਵੇ ਦੀ ਨੋਬੇਲ ਕਮੇਟੀ ਅਨੁਸਾਰ ਸ਼ਾਂਤੀ ਕਾਰਕੁਨ ਅਤੇ ਬਾਅਦ ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਬਰਥਾ ਵਾਨ ਸੁਟਨਰ ਨਾਲ ਉਸ ਦੀ ਦੋਸਤੀ ਸ਼ਾਂਤੀ ਪੁਰਸਕਾਰ ਨੂੰ ਨੋਬੇਲ ਪੁਰਸਕਾਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਕਾਰਨ ਰਹੀ ਹੋਵੇਗੀ। ਕੁਝ ਨੋਬਲ ਵਿਦਵਾਨਾਂ ਅਨੁਸਾਰ ਵਿਨਾਸ਼ਕਾਰੀ ਤਾਕਤਾਂ ਦੇ ਵਿਕਾਸ ਲਈ ਮੁਆਵਜ਼ਾ ਦੇਣ ਦਾ ਇਹ ਅਲਫਰੈੱਡ ਨੋਬੇਲ ਦਾ ਤਰੀਕਾ ਸੀ। ਉਸ ਦੀਆਂ ਆਪਣੀਆਂ ਖੋਜਾਂ ਵਿੱਚ ਡਾਇਨਾਮਾਈਟ ਅਤੇ ਬੈਲੀਸਾਈਟ ਸ਼ਾਮਲ ਸਨ। ਇਨ੍ਹਾਂ ਦੋਵਾਂ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਵਿੱਚ ਅਤੇ ਆਇਰਿਸ਼ ਰਿਪਬਲਿਕਨ ਬ੍ਰਦਰਹੁੱਡ (ਆਇਰਿਸ਼ ਰਾਸ਼ਟਰਵਾਦੀ ਸੰਗਠਨ) ਜਿਸ ਨੇ 1880 ਦੇ ਦਹਾਕੇ ਵਿੱਚ ਡਾਇਨਾਮਾਈਟ ਹਮਲੇ ਕੀਤੇ ਸਨ, ਨੇ ਕੀਤੀ। ਬੋਫੋਰਸ ਨੂੰ ਆਇਰਨ ਅਤੇ ਸਟੀਲ ਉਤਪਾਦਕ ਤੋਂ ਹਥਿਆਰ ਬਣਾਉਣ ਵਾਲੀ ਕੰਪਨੀ ਵਿੱਚ ਬਦਲਣ ਵਿੱਚ ਵੀ ਅਲਫਰੈੱਡ ਨੋਬੇਲ ਦਾ ਯੋਗਦਾਨ ਸੀ। ਇਸ ਤੋਂ ਇਲਾਵਾ ਇਹ ਵੀ ਅਸਪੱਸ਼ਟ ਹੈ ਕਿ ਅਲਫਰੈੱਡ ਨੋਬੇਲ ਨੇ ਸ਼ਾਂਤੀ ਪੁਰਸਕਾਰ ਨੌਰਵੇ ਵਿੱਚ ਹੀ ਦਿੱਤੇ ਜਾਣ ਦੀ ਕਾਮਨਾ ਕਿਉਂ ਕੀਤੀ ਜਦੋਂਕਿ ਉਹ ਖ਼ੁਦ ਸਵੀਡਨ ਦਾ ਨਾਗਰਿਕ ਸੀ। ਇਸ ਸਬੰਧੀ ਨੋਬੇਲ ਪੁਰਸਕਾਰ ਕਮੇਟੀ ਦਾ ਅਨੁਮਾਨ ਹੈ ਕਿ ਨੌਰਵੇ ਵਿੱਚ ਸਵੀਡਨ ਵਰਗੀ ਫ਼ੌਜੀਵਾਦੀ ਪਰੰਪਰਾ ਨਾ ਹੋਣਾ, ਇਸ ਦਾ ਕਾਰਨ ਹੋ ਸਕਦਾ ਹੈ।
ਸ਼ਾਂਤੀ ਪੁਰਸਕਾਰ ਇੱਕ ਸੋਨੇ ਦੇ ਮੈਡਲ, ਡਿਪਲੋਮਾ ਅਤੇ ਨਗਦ ਰਾਸ਼ੀ ਦਾ ਰੂਪ ਹੈ। ਦੋ ਪੰਨਿਆਂ ਦਾ ਡਿਪਲੋਮਾ ਜਿਸ ਦੇ ਇੱਕ ਪੰਨੇ ਵਿੱਚ ਐਵਾਰਡ ਦੇ ਵੇਰਵੇ ਲਿਖੇ ਹੁੰਦੇ ਹਨ ਅਤੇ ਦੂਸਰਾ ਕਲਾਤਮਕ ਤਸਵੀਰ ਵਾਲਾ ਹੁੰਦਾ ਹੈ। ਨਗਦ ਰਾਸ਼ੀ ਅੱਠ ਮਿਲੀਅਨ ਸਵੀਡਿਸ਼ ਕਰੋਨਾ ਹੈ ਜੋ ਕਿ ਤਕਰੀਬਨ ਸਾਢੇ 6 ਕਰੋੜ ਰੁਪਏ ਦੇ ਬਰਾਬਰ ਹੁੰਦੀ ਹੈ। ਪੁਰਸਕਾਰ ਦੀ ਚੋਣ ਪੰਜ ਮੈਂਬਰੀ ਨੋਬਲ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਜੋ ਨੌਰਵੇ ਦੀ ਸੰਸਦ ਦੁਆਰਾ ਨਿਯੁਕਤ ਕੀਤੀ ਜਾਂਦੀ ਹੈ। ਨੋਬੇਲ ਕਮੇਟੀ ਹਰ ਸਾਲ ਯੋਗ ਲੋਕਾਂ ਅਤੇ ਸੰਸਥਾਵਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਸੱਦਾ ਦਿੰਦੀ ਹੈ। ਨੋਬੇਲ ਕਮੇਟੀ ਦੀ ਕਾਰਜਕਾਰੀ ਭਾਸ਼ਾ ਨੌਰਵਿਜਨ ਹੈ। ਨੌਰਵਿਜਨ ਤੋਂ ਇਲਾਵਾ ਰਵਾਇਤੀ ਤੌਰ ’ਤੇ ਫ੍ਰੈਂਚ ਜਰਮਨ ਅਤੇ ਅੰਗਰੇਜ਼ੀ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹੁੰਦੀਆਂ ਰਹੀਆਂ ਹਨ, ਪਰ ਅਜੋਕੇ ਸਮੇਂ ਵਿੱਚ ਜ਼ਿਆਦਾਤਰ ਨਾਮਜ਼ਦਗੀਆਂ ਨੌਰਵਿਜਨ ਜਾਂ ਅੰਗਰੇਜ਼ੀ ਵਿੱਚ ਹੀ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਫਰਵਰੀ ਦੀ ਸ਼ੁਰੂਆਤ ਵਿੱਚ ਪੁਰਸਕਾਰ ਲਈ ਨਾਮਜ਼ਦਗੀਆਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ ਅਤੇ ਅਕਤੂਬਰ ਵਿੱਚ ਜੇਤੂਆਂ ਦੇ ਨਾਂ ਦਾ ਐਲਾਨ ਕੀਤਾ ਜਾਂਦਾ ਹੈ। ਸਾਲ 2009 ਵਿੱਚ ਰਿਕਾਰਡ 205 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। 2021 ਵਿੱਚ ਇਹ ਅੰਕੜਾ 329 ਤੱਕ ਪਹੁੰਚ ਗਿਆ ਜਿਸ ਵਿੱਚ 234 ਵਿਅਕਤੀਗਤ ਅਤੇ 95 ਸੰਸਥਾਵਾਂ ਨੇ ਨਾਮਜ਼ਦਗੀ ਦਾਖਲ ਕੀਤੀ ਹੈ। ਨੋਬੇਲ ਕਮੇਟੀ ਆਪਣੇ ਹੀ ਇੱਕ ਕਾਨੂੰਨ ਅਨੁਸਾਰ ਆਉਣ ਵਾਲੇ 50 ਸਾਲਾਂ ਤੱਕ ਪੁਰਸਕਾਰ ਨਾਲ ਸਬੰਧਤ ਨਾਮਜ਼ਦਗੀਆਂ ਨੂੰ ਜਨਤਕ ਨਹੀਂ ਕਰਦੀ।
ਨੋਬੇਲ ਸ਼ਾਂਤੀ ਪੁਰਸਕਾਰ ਦੀ ਨੀਂਹ ਅਤੇ ਉਦੇਸ਼ ਸਾਕਾਰਤਮਕ ਹੋਣ ਕਰਕੇ ਵੀ ਇਸ ਨੂੰ ਸਮੇਂ ਸਮੇਂ ’ਤੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਸਮੇਂ ਸਮੇਂ ’ਤੇ ਵੱਖ ਵੱਖ ਲੋਕਾਂ ਵੱਲੋਂ ਇਸ ਦੇ ਬਦਲਦੇ ਸਰੂਪ ਜਾਂ ਇਸ ਦੇ ਹੋ ਰਹੇ ਰਾਜਨੀਤੀਕਰਨ ਕਾਰਨ ਸਖ਼ਤ ਆਲੋਚਨਾ ਕੀਤੀ ਗਈ ਹੈ।
ਕੁਝ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਸ਼ਾਂਤੀ ਪੁਰਸਕਾਰ ਦਾ ਤੇਜ਼ੀ ਨਾਲ ਰਾਜਨੀਤੀਕਰਨ ਹੋ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਪ੍ਰਾਪਤੀਆਂ ਦੀ ਬਜਾਏ ਇੱਛਾਵਾਂ ਲਈ ਸਨਮਾਨਤ ਕੀਤਾ ਜਾਂਦਾ ਹੈ। ਕੁਝ ਲੋਕਾਂ ਨੇ ਇਸ ਨੂੰ ਰਾਜਨੀਤਕ ਪ੍ਰਭਾਵ ਲਈ ਵੀ ਵਰਤਣ ਦੀ ਕੋਸ਼ਿਸ਼ ਕੀਤੀ।
ਸਾਲ 2011 ਵਿੱਚ ਨੌਰਵਿਜਨ ਅਖ਼ਬਾਰ “ਅਫਟਨਪੋਸਟਨ” ਦੇ ਇੱਕ ਵਿਸ਼ੇਸ਼ ਲੇਖ ਵਿੱਚ ਆਲੋਚਨਾਤਮਕ ਦਲੀਲ ਦਿੱਤੀ ਕਿ ਨੋਬਲ ਕਮੇਟੀ ਨੂੰ ਸੰਸਦ ਦੇ ਸੇਵਾਮੁਕਤ ਮੈਂਬਰਾਂ ਦੀ ਬਜਾਏ ਪੇਸ਼ੇਵਰ ਅਤੇ ਅੰਤਰਰਾਸ਼ਟਰੀ ਪਿਛੋਕੜ ਦੇ ਮੈਂਬਰਾਂ ਦੀ ਭਰਤੀ ਕਰਨੀ ਚਾਹੀਦੀ ਹੈ ਅਤੇ ਅਲਫਰੈੱਡ ਨੋਬੇਲ ਦੀ ਇੱਛਾ ਦੀ ਪਾਲਣਾ ਵਧੇਰੇ ਸਖ਼ਤੀ ਨਾਲ ਹੋਣੀ ਚਾਹੀਦੀ ਹੈ। ਅਲਫਰੈੱਡ ਨੋਬੇਲ ਦੇ ਦੋ ਭਰਾਵਾਂ ਵਿੱਚੋਂ ਇੱਕ ਮਾਈਕਲ ਨੋਬਲ ਦੇ ਪੋਤੇ ਨੇ ਵੀ ਪੁਰਸਕਾਰ ਦੇ ਰਾਜਨੀਤੀਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਨੋਬੇਲ ਕਮੇਟੀ ਨੇ ਹਮੇਸ਼ਾਂ ਨੋਬਲ ਦੀ ਇੱਛਾ ਅਨੁਸਾਰ ਕੰਮ ਨਹੀਂ ਕੀਤਾ। ਮਿਖਾਇਲ ਗੋਰਬਾਚੇਵ, ਯਿਤਜ਼ਾਕ ਰਾਬਿਨ, ਸ਼ਿਮੋਨ ਪੇਰੇਜ਼, ਯਾਸਰ ਅਰਾਫਾਤ, ਲੀ ਥੂ, ਹੈਨਰੀ ਕਿਸਿੰਜਰ, ਜਿੰਮੀ ਕਾਰਟਰ, ਅਲ ਗੋਰ ਨੂੰ ਦਿੱਤੇ ਗਏ ਪੁਰਸਕਾਰ ਤੋਂ ਇਲਾਵਾ ਲਿੁ ਸ਼ਿਆਓਬੋ, ਬਰਾਕ ਓਬਾਮਾ ਅਤੇ ਯੂਰੋਪੀਅਨ ਯੂਨੀਅਨ ਨੂੰ ਦਿੱਤੇ ਪੁਰਸਕਾਰ ਵਿਵਾਦਾਂ ਦਾ ਵਿਸ਼ਾ ਰਹੇ ਹਨ।
1973 ਵਿੱਚ ਲੀ ਥੂ ਅਤੇ ਹੈਨਰੀ ਕਿਸਿੰਜਰ ਨੂੰ ਦਿੱਤੇ ਗਏ ਸਾਂਝੇ ਪੁਰਸਕਾਰ ਉੱਪਰ ਅਸਹਿਮਤੀ ਕਾਰਨ ਕਮੇਟੀ ਮੈਂਬਰਾਂ ਨੂੰ ਅਸਤੀਫ਼ਾ ਦੇਣ ਲਈ ਪ੍ਰੇਰਿਤ ਕੀਤਾ। ਬਾਅਦ ਵਿੱਚ ਲੀ ਥੂ ਨੇ ਇਨਾਮ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਸ ਨੂੰ ਇਸ ਆਧਾਰ ’ਤੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਵੀਅਤਨਾਮ ਵਿੱਚ ਸ਼ਾਂਤੀ ਪ੍ਰਾਪਤ ਨਹੀਂ ਹੋਈ ਸੀ। ਕਿਸਿੰਜਰ ਨੇ ਆਪਣੀ ਇਨਾਮੀ ਰਾਸ਼ੀ ਦਾਨ ਕਰ ਦਿੱਤੀ ਸੀ ਅਤੇ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ। 1994 ਵਿੱਚ ਕੋਰੇ ਕ੍ਰਿਸਟੀਅਨਸੇਨ ਨੇ ਯਾਸਰ ਅਰਾਫਾਤ ਨੂੰ ਇਨਾਮ ਦਿੱਤੇ ਜਾਣ ਦੇ ਵਿਰੋਧ ਵਿੱਚ ਨੋਬਲ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਨੂੰ 1937, 1938, 1939 ਅਤੇ 1947 ਵਿੱਚ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਆਖਰੀ ਵਾਰ ਜਨਵਰੀ 1948 ਵਿੱਚ ਉਨ੍ਹਾਂ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਇਸ ਸਬੰਧ ਵਿੱਚ 2006 ਵਿੱਚ ਨੌਰਵੇ ਦੀ ਨੋਬੇਲ ਕਮੇਟੀ ਦੇ ਸਕੱਤਰ ਗੀਅਰ ਲੁੰਡੇਸਟੈਡ ਨੇ ਕਿਹਾ ਕਿ ਸ਼ਾਂਤੀ ਪੁਰਸਕਾਰ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਭੁੱਲ ਹੈ ਕਿ ਮਹਾਤਮਾ ਗਾਂਧੀ ਨੂੰ ਕਦੇ ਵੀ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਮਿਲਿਆ। ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਨੋਬਲ ਕਮੇਟੀ ਨੇ ਇਸ ਆਧਾਰ ’ਤੇ ਇਨਾਮ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਸਾਲ ਉਨ੍ਹਾਂ ਦੀ ਜਗ੍ਹਾ ਪੁਰਸਕਾਰ ਲੈਣ ਵਾਲਾ ਕੋਈ ਢੁਕਵਾਂ ਇਨਸਾਨ ਮੌਜੂਦ ਨਹੀਂ ਸੀ। ਪਰ ਬਾਅਦ ਵਿੱਚ ਜਦੋਂ 1989 ਵਿੱਚ ਦਲਾਈ ਲਾਮਾ ਨੂੰ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਤਾਂ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਇਹ ‘ਮਹਾਤਮਾ ਗਾਂਧੀ ਦੀ ਯਾਦ ਨੂੰ ਇੱਕ ਅੰਸ਼ਕ ਸ਼ਰਧਾਂਜਲੀ ਹੈ।’ ਜੇਕਰ ਇਕੱਲੇ ਸ਼ਾਂਤੀ ਪੁਰਸਕਾਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਮਦਰ ਟੈਰੇਸਾ, ਦਲਾਈਲਾਮਾ ਅਤੇ ਕੈਲਾਸ਼ ਸੱਤਿਆਰਥੀ ਇਹ ਸਨਮਾਨ ਹਾਸਲ ਕਰ ਚੁੱਕੇ ਹਨ।