DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁੱਧੀਮਾਨ ਪਰਿੰਦਾ ਕਾਮਨ ਰੇਵਨ

ਸਿਆਲ ਦੀ ਰੁੱਤ ਖ਼ਤਮ ਹੁੰਦੇ ਸਾਰ ਹੀ ਫਿਨਲੈਂਡ ਦੀ ਖੂਬਸੂਰਤ ਧਰਤੀ ’ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਪਰਵਾਸੀ ਪੰਛੀ ਮੁੜ ਵਤਨਾਂ ਨੂੰ ਆ ਜਾਂਦੇ ਹਨ। ਇਸ ਖਿੱਤੇ ਦੇ ਕੁਝ ਖ਼ਾਸ ਪੰਛੀ ਜੋਂ ਸਿਆਲ ਭਰ ਕਦੇ...

  • fb
  • twitter
  • whatsapp
  • whatsapp
Advertisement

ਸਿਆਲ ਦੀ ਰੁੱਤ ਖ਼ਤਮ ਹੁੰਦੇ ਸਾਰ ਹੀ ਫਿਨਲੈਂਡ ਦੀ ਖੂਬਸੂਰਤ ਧਰਤੀ ’ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਪਰਵਾਸੀ ਪੰਛੀ ਮੁੜ ਵਤਨਾਂ ਨੂੰ ਆ ਜਾਂਦੇ ਹਨ। ਇਸ ਖਿੱਤੇ ਦੇ ਕੁਝ ਖ਼ਾਸ ਪੰਛੀ ਜੋਂ ਸਿਆਲ ਭਰ ਕਦੇ ਕਦਾਈਂ ਨਜ਼ਰ ਪੈਂਦੇ ਨੇ, ਉਹ ਗਰਮੀ ਦੀ ਸ਼ੁਰੂਆਤ ਨਾਲ ਹੀ ਖੁੱਲ੍ਹੇ ਵਿਚਰਦੇ ਨਜ਼ਰ ਆਉਂਦੇ ਹਨ। ‘ਕਾਮਨ ਰੇਵਨ’ ਜਿਸ ਨੂੰ ਜੰਗਲੀ ਕਾਂ ਵੀ ਕਿਹਾ ਜਾਂਦਾ ਹੈ, ਉਹ ਆਮ ਵਸੋਂ ਜਾਂ ਸ਼ਹਿਰੀ ਇਲਾਕਿਆਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਹ ਜ਼ਿਆਦਾ ਵਸੋਂ ਵਿੱਚ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਕਰਦਾ ਹੈ ਤੇ ਇਹ ਇਕੱਲਾ ਆਪਣੇ ਆਪ ਵਿੱਚ ਹੀ ਰਹਿਣਾ ਜ਼ਿਆਦਾ ਠੀਕ ਸਮਝਦਾ ਹੈ। ਇਹ ਪੰਛੀ ਆਮ ਨਹੀਂ ਦਿਖਾਈ ਦਿੰਦਾ। ਇਹ ਸ਼ਾਂਤ ਇਲਾਕਿਆਂ ਵਿੱਚ ਹੀ ਵਿਚਰਦਾ ਨਜ਼ਰ ਆਵੇਗਾ। ਇਸ ਨੂੰ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਪਹਾੜੀ ਕਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪਰ ਪਹਾੜੀ ਕਾਂ ਕੋਈ ਆਮ ਕਾਂ ਨਹੀਂ ਹੈ। ਇਹ ਦੁਨੀਆ ਦਾ ਖਾਸ ਪਰਿੰਦਾ ਹੈ ਜਿਸ ਨੂੰ ‘ਕਾਮਨ ਰੇਵਨ’ ਜਾਂ ਜੰਗਲੀ ਕਾਂ ਕਿਹਾ ਜਾਂਦਾ ਹੈ।

ਇਸ ਨੂੰ ਵਿਗਿਆਨਕ ਭਾਸ਼ਾ ਵਿੱਚ ਕੋਰਵਸ ਕੋਰੈਕਸ (Corvus corax) ਕਿਹਾ ਜਾਂਦਾ ਹੈ। ਆਮ ਬੋਲਚਾਲ ਵਿੱਚ ਅਸੀਂ ਇਸ ਨੂੰ ਪਹਾੜੀ ਕਾਂ ਜਾਂ ਜੰਗਲੀ ਕਾਂ ਵੀ ਕਹਿ ਦਿੰਦੇ ਹਾਂ, ਪਰ ਇਹ ਸਾਡੇ ਘਰਾਂ ਦੇ ਆਲੇ-ਦੁਆਲੇ ਘੁੰਮਣ ਵਾਲੇ ਆਮ ਕਾਂ ਨਾਲੋਂ ਕਿਤੇ ਵੱਡਾ, ਵਧੇਰੇ ਬੁੱਧੀਮਾਨ ਅਤੇ ਰਹੱਸਮਈ ਹੁੰਦਾ ਹੈ। ਸਦੀਆਂ ਤੋਂ ਰੇਵਨ ਦੁਨੀਆ ਭਰ ਦੀਆਂ ਮਿਥਿਹਾਸਕ ਕਥਾਵਾਂ, ਸਾਹਿਤ ਅਤੇ ਲੋਕ-ਧਾਰਾ ਦਾ ਹਿੱਸਾ ਰਿਹਾ ਹੈ। ਕਿਤੇ ਇਸ ਨੂੰ ਬਦਸ਼ਗਨੀ ਦਾ ਪ੍ਰਤੀਕ ਮੰਨਿਆ ਗਿਆ ਤੇ ਕਿਤੇ ਇਸ ਨੂੰ ਸਿਆਣਪ ਅਤੇ ਰੱਬੀ ਸੰਦੇਸ਼ਵਾਹਕ ਵਜੋਂ ਪੂਜਿਆ ਗਿਆ ਹੈ।

Advertisement

ਪਹਿਲੀ ਨਜ਼ਰ ਦੇਖਣ ’ਤੇ ਕਾਮਨ ਰੇਵਨ ਇੱਕ ਆਮ ਕਾਂ ਵਰਗਾ ਲੱਗ ਸਕਦਾ ਹੈ, ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਦੀ ਬਣਤਰ ਬਹੁਤ ਵੱਖਰੀ ਹੁੰਦੀ ਹੈ। ਰੇਵਨ ਕੋਰਵਿਡ ਪਰਿਵਾਰ ਦਾ ਸਭ ਤੋਂ ਵੱਡਾ ਪੰਛੀ ਹੈ। ਇਸ ਦੀ ਲੰਬਾਈ 21 ਤੋਂ 27 ਇੰਚ (54 ਤੋਂ 67 ਸੈਂਟੀਮੀਟਰ) ਤੱਕ ਹੁੰਦੀ ਹੈ, ਇਸ ਦੇ ਖੰਭਾਂ ਦਾ ਫੈਲਾਅ ਲਗਭਗ 4 ਤੋਂ 5 ਫੁੱਟ ਤੱਕ ਹੋ ਸਕਦਾ ਹੈ। ਇਹ ਆਕਾਰ ਵਿੱਚ ਇੱਕ ਬਾਜ਼ ਦੇ ਬਰਾਬਰ ਹੁੰਦਾ ਹੈ। ਇਸ ਦਾ ਪੂਰਾ ਸਰੀਰ ਚਮਕਦਾਰ ਗੂੜ੍ਹਾ ਕਾਲਾ ਹੁੰਦਾ ਹੈ। ਜਦੋਂ ਸੂਰਜ ਦੀ ਰੌਸ਼ਨੀ ਇਸ ਦੇ ਖੰਭਾਂ ’ਤੇ ਪੈਂਦੀ ਹੈ ਤਾਂ ਇਸ ਵਿੱਚੋਂ ਨੀਲੀ, ਜਾਮਣੀ ਅਤੇ ਹਰੇ ਰੰਗ ਦੀ ਸ਼ਾਨਦਾਰ ਚਮਕ ਦਿਖਾਈ ਦਿੰਦੀ ਹੈ। ਇਸ ਦੀ ਚੁੰਝ ਬਹੁਤ ਭਾਰੀ, ਮਜ਼ਬੂਤ ਅਤੇ ਅੱਗੇ ਤੋਂ ਹਲਕੀ ਜਿਹੀ ਮੁੜੀ ਹੋਈ ਹੁੰਦੀ ਹੈ, ਜਿਸ ਦੇ ਉੱਪਰ ਛੋਟੇ-ਛੋਟੇ ਖੰਭ ਹੁੰਦੇ ਹਨ। ਉੱਡਦੇ ਸਮੇਂ ਰੇਵਨ ਦੀ ਪੂਛ ਅੰਗਰੇਜ਼ੀ ਦੇ ‘V’ ਅੱਖਰ ਵਰਗੀ ਜਾਂ ਪਾਨ ਦੇ ਪੱਤੇ ਵਰਗੀ ਦਿਖਾਈ ਦਿੰਦੀ ਹੈ, ਜਦੋਂ ਕਿ ਆਮ ਕਾਂ ਦੀ ਪੂਛ ਗੋਲਾਕਾਰ ਹੁੰਦੀ ਹੈ।

Advertisement

ਇਹ ਪਹਾੜੀ ਕਾਂ ਪੰਛੀ ਜਗਤ ਦਾ ‘ਆਈਨਸਟਾਈਨ’ ਮੰਨਿਆ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਰੇਵਨ ਦੁਨੀਆ ਦੇ ਸਭ ਤੋਂ ਬੁੱਧੀਮਾਨ ਜੀਵਾਂ ਵਿੱਚੋਂ ਇੱਕ ਹੈ। ਇਨ੍ਹਾਂ ਦਾ ਦਿਮਾਗ਼ ਉਨ੍ਹਾਂ ਦੇ ਸਰੀਰ ਦੇ ਅਨੁਪਾਤ ਮੁਤਾਬਕ ਕਾਫ਼ੀ ਵੱਡਾ ਹੁੰਦਾ। ਇਨ੍ਹਾਂ ਦੀ ਮਾਨਸਿਕ ਸਮਰੱਥਾ ਦੀ ਤੁਲਨਾ ਚਿੰਪੈਂਜ਼ੀ ਅਤੇ ਡਾਲਫਿਨ ਵਰਗੇ ਸਮਝਦਾਰ ਜੀਵਾਂ ਨਾਲ ਕੀਤੀ ਜਾਂਦੀ ਹੈ। ਇਹ ਸਮੱਸਿਆਵਾਂ ਨੂੰ ਬੜੇ ਹੀ ਵਧੀਆ ਤੇ ਵਿਲੱਖਣ ਤਰੀਕੇ ਨਾਲ ਹੱਲ ਕਰ ਲੈਂਦੇ ਹਨ।

ਰੇਵਨ ਕਿਸੇ ਵੀ ਔਖੀ ਸਥਿਤੀ ਦਾ ਹੱਲ ਲੱਭਣ ਵਿੱਚ ਮਾਹਿਰ ਹੁੰਦੇ ਹਨ। ਇੱਕ ਮਸ਼ਹੂਰ ਪ੍ਰਯੋਗ ਵਿੱਚ ਇੱਕ ਰੇਵਨ ਦੇ ਸਾਹਮਣੇ ਇੱਕ ਲੰਬੀ ਨਲੀ ਵਿੱਚ ਪਾਣੀ ਦੇ ਉੱਪਰ ਮਾਸ ਦਾ ਟੁਕੜਾ ਰੱਖਿਆ ਗਿਆ, ਜਿੱਥੇ ਉਸ ਦੀ ਚੁੰਝ ਨਹੀਂ ਪਹੁੰਚ ਸਕਦੀ ਸੀ। ਰੇਵਨ ਨੇ ਆਲੇ-ਦੁਆਲੇ ਪਏ ਪੱਥਰ ਚੁੱਕ ਕੇ ਨਲੀ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਪਾਣੀ ਦਾ ਪੱਧਰ ਉੱਪਰ ਆ ਗਿਆ ਅਤੇ ਉਸ ਨੇ ਆਸਾਨੀ ਨਾਲ ਭੋਜਨ ਹਾਸਲ ਕਰ ਲਿਆ। ਇਹ ਬਚਪਨ ਵਿੱਚ ਸੁਣੀ ‘ਪਿਆਸੇ ਕਾਂ’ ਦੀ ਕਹਾਣੀ ਦਾ ਜਿਊਂਦਾ-ਜਾਗਦਾ ਸਬੂਤ ਹੈ। ਉਹ ਅਸਲ ਵਿੱਚ ਕਾਂ ਦੀ ਕਹਾਣੀ ਨਹੀਂ ਸੀ, ਇਸ ਪਹਾੜੀ ਜਾਂ ਜੰਗਲੀ ਕਾਂ ਰੇਵਨ ਦੀ ਕਹਾਣੀ ਸੀ। ਪਰ ਅਸੀਂ ਹਰ ਚਿੜੀ ਨੂੰ ਚਿੜੀ ਹੀ ਕਹਿੰਦੇ ਹਾਂ। ਹਰ ਮੱਛੀ ਨੂੰ ਮੱਛੀ ਹੀ ਕਹਿੰਦੇ ਹਾਂ, ਉਸੇ ਤਰ੍ਹਾਂ ਹਰ ਕਾਂ ਵਰਗਾ ਦਿਖਣ ਵਾਲਾ ਪੰਛੀ ਕਾਂ ਹੀ ਹੋ ਗਿਆ। ਇਹ ਬਹੁਤ ਕਾਰੀਗਰ ਪਰਿੰਦਾ ਹੈ। ਇਹ ਤਾਂ ਸੰਦਾਂ ਦੀ ਵਰਤੋਂ ਵੀ ਕਰ ਲੈਂਦਾ ਹੈ। ਇਹ ਪੰਛੀ ਨਾ ਸਿਰਫ਼ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਦੇ ਹਨ, ਸਗੋਂ ਖ਼ੁਦ ‘ਸੰਦ’ ਬਣਾਉਂਦੇ ਵੀ ਹਨ। ਇਹ ਲੱਕੜ ਦੀਆਂ ਟਾਹਣੀਆਂ ਨੂੰ ਮੋੜ ਕੇ ਕੰਡੇ ਵਰਗਾ ਤਿੱਖਾ ਆਕਾਰ ਦਿੰਦੇ ਹਨ ਤਾਂ ਜੋ ਦਰੱਖਤਾਂ ਦੀਆਂ ਵਿੱਥਾਂ ਵਿੱਚੋਂ ਕੀੜੇ-ਮਕੌੜੇ ਬਾਹਰ ਕੱਢ ਸਕਣ ਤੇ ਉਨ੍ਹਾਂ ਨੂੰ ਆਪਣਾ ਭੋਜਨ ਬਣਾ ਸਕਣ।

ਰੇਵਨ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਰਹਿੰਦੇ ਹਨ। ਇਨ੍ਹਾਂ ਨੂੰ ਵੀ ਭਵਿੱਖ ਦੀ ਚਿੰਤਾ ਸਤਾਉਂਦੀ ਹੈ। ਉਹ ਕਿਰਤ ਕਰਨ ਵਿੱਚ ਵਿਸ਼ਵਾਸ ਤੇ ਆਉਣ ਵਾਲੇ ਸਮੇਂ ਲਈ ਯੋਜਨਾਬੱਧ ਤਰੀਕੇ ਨਾਲ ਚੱਲਦੇ ਹਨ। ਇਨਸਾਨਾਂ ਵਾਂਗ ਰੇਵਨ ਵੀ ਭਵਿੱਖ ਬਾਰੇ ਸੋਚ ਸਕਦੇ ਹਨ। ਜੇਕਰ ਉਨ੍ਹਾਂ ਨੂੰ ਜ਼ਿਆਦਾ ਭੋਜਨ ਮਿਲ ਜਾਵੇ ਤਾਂ ਸਾਰਾ ਖਾਣਾ ਇੱਕੋ ਸਮੇਂ ਵਿੱਚ ਹੀ ਨਹੀਂ ਖਾਂ ਲੈਂਦੇ, ਇਹ ਉਸ ਖਾਣੇ ਦਾ ਕੁਝ ਹਿੱਸਾ ਲੁਕਾ ਕੇ ਰੱਖ ਦਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਉਹ ਭੋਜਨ ਉਦੋਂ ਲੁਕਾਉਂਦੇ ਹਨ ਜਦੋਂ ਕੋਈ ਹੋਰ ਪੰਛੀ ਉਨ੍ਹਾਂ ਨੂੰ ਨਾ ਦੇਖ ਰਿਹਾ ਹੋਵੇ। ਜੇਕਰ ਉਨ੍ਹਾਂ ਨੂੰ ਸ਼ੱਕ ਹੋਵੇ ਕਿ ਕਿਸੇ ਹੋਰ ਰੇਵਨ ਨੇ ਉਨ੍ਹਾਂ ਨੂੰ ਦੇਖ ਲਿਆ ਹੈ ਤਾਂ ਉਹ ਬਾਅਦ ਵਿੱਚ ਚੋਰ-ਨਜ਼ਰ ਨਾਲ ਉਸ ਭੋਜਨ ਨੂੰ ਉੱਥੋਂ ਕੱਢ ਕੇ ਕਿਸੇ ਹੋਰ ਗੁਪਤ ਜਗ੍ਹਾ ’ਤੇ ਛੁਪਾ ਦਿੰਦੇ ਹਨ।

ਇਹ ਬੋਲੀ ਅਤੇ ਨਕਲ ਕਰਨ ਦੀ ਅਦਭੁੱਤ ਕਲਾ ਦਾ ਮਾਹਿਰ ਹੈ। ਕਾਮਨ ਰੇਵਨ ਕੋਲ ਆਵਾਜ਼ਾਂ ਦਾ ਇੱਕ ਬਹੁਤ ਵੱਡਾ ਖ਼ਜ਼ਾਨਾ ਹੁੰਦਾ ਹੈ। ਇਹ ਲਗਭਗ 30 ਤੋਂ ਵੱਧ ਵੱਖ-ਵੱਖ ਕਿਸਮਾਂ ਦੀਆਂ ਆਵਾਜ਼ਾਂ ਕੱਢ ਸਕਦੇ ਹਨ। ਜਿਵੇਂ ਕੀ ਚਿਤਾਵਨੀ, ਪਿਆਰ ਅਤੇ ਖ਼ਤਰੇ ਦੇ ਸੰਕੇਤ ਦੇਣਾ ਸ਼ਾਮਲ ਹਨ। ਇਸ ਤੋਂ ਵੀ ਵੱਧ ਹੈਰਾਨੀਜਨਕ ਗੱਲ ਇਹ ਹੈ ਕਿ ਰੇਵਨ ਤੋਤੇ ਨਾਲੋਂ ਵੀ ਬਿਹਤਰ ਇਨਸਾਨੀ ਆਵਾਜ਼ਾਂ ਦੀ ਨਕਲ ਕਰ ਸਕਦੇ ਹਨ। ਪਿੰਜਰੇ ਜਾਂ ਮਨੁੱਖੀ ਸੰਪਰਕ ਵਿੱਚ ਰਹਿਣ ਵਾਲੇ ਰੇਵਨ ‘ਹੈਲੋ’, ‘ਬਾਏ’ ਵਰਗੇ ਸ਼ਬਦ ਬਿਲਕੁਲ ਇਨਸਾਨੀ ਲਹਿਜੇ ਵਿੱਚ ਬੋਲਣਾ ਸਿੱਖ ਜਾਂਦੇ ਹਨ। ਇਸ ਤੋਂ ਇਲਾਵਾ ਇਹ ਜੰਗਲ ਵਿੱਚ ਹੋਰ ਜਾਨਵਰਾਂ ਜਿਵੇਂ ਕਿ ਬਘਿਆੜਾਂ, ਲੂੰਬੜੀਆਂ, ਕਾਰਾਂ ਦੇ ਹਾਰਨ ਤੇ ਪਾਣੀ ਦੇ ਡਿੱਗਣ ਦੀ ਆਵਾਜ਼ ਦੀ ਹੂ-ਬ-ਹੂ ਨਕਲ ਵੀ ਕਰ ਲੈਂਦੇ ਹਨ।

ਇਨ੍ਹਾਂ ਦੀ ਬਘਿਆੜਾਂ ਨਾਲ ਅਨੋਖੀ ਦੋਸਤੀ ਹੈ। ਕੁਦਰਤ ਵਿੱਚ ਰੇਵਨ ਅਤੇ ਬਘਿਆੜਾਂ ਵਿਚਕਾਰ ਇੱਕ ਬਹੁਤ ਹੀ ਦਿਲਚਸਪ ਸਾਂਝ ਦੇਖਣ ਨੂੰ ਮਿਲਦੀ ਹੈ। ਵਿਗਿਆਨੀ ਇਸ ਨੂੰ ‘ਸਹਿਜੀਵਨ’ ਕਹਿੰਦੇ ਹਨ। ਜਦੋਂ ਰੇਵਨ ਨੂੰ ਜੰਗਲ ਵਿੱਚ ਕੋਈ ਮਰਿਆ ਹੋਇਆ ਵੱਡਾ ਜਾਨਵਰ ਜਿਵੇਂ ਕਿ ਹਿਰਨ ਮਿਲਦਾ ਹੈ, ਜਿਸ ਦੀ ਚਮੜੀ ਬਹੁਤ ਸਖ਼ਤ ਹੁੰਦੀ ਹੈ ਤੇ ਰੇਵਨ ਦੀ ਚੁੰਝ ਉਸ ਨੂੰ ਪਾੜ ਨਹੀਂ ਸਕਦੀ ਤਾਂ ਰੇਵਨ ਉੱਚੀ-ਉੱਚੀ ਆਵਾਜ਼ਾਂ ਕੱਢ ਕੇ ਬਘਿਆੜਾਂ ਨੂੰ ਉੱਥੇ ਬੁਲਾਉਂਦੇ ਹਨ। ਬਘਿਆੜ ਆ ਕੇ ਉਸ ਸ਼ਿਕਾਰ ਨੂੰ ਪਾੜਦੇ ਹਨ ਅਤੇ ਆਪਣਾ ਪੇਟ ਭਰਦੇ ਹਨ। ਬਘਿਆੜਾਂ ਦੇ ਜਾਣ ਤੋਂ ਬਾਅਦ, ਬਚਿਆ ਹੋਇਆ ਮਾਸ ਰੇਵਨ ਆਸਾਨੀ ਨਾਲ ਖਾ ਲੈਂਦੇ ਹਨ। ਕਈ ਵਾਰ ਰੇਵਨ ਬਘਿਆੜਾਂ ਨੂੰ ਆਉਣ ਵਾਲੇ ਖ਼ਤਰੇ ਪ੍ਰਤੀ ਵੀ ਸੁਚੇਤ ਕਰਦੇ ਹਨ।

ਅਸਲ ਵਿੱਚ ਰੇਵਨ ਬਹੁਤ ਹੀ ਵਫ਼ਾਦਾਰ ਸਾਥੀ ਹੁੰਦੇ ਹਨ। ਇਹ ‘ਮੋਨੋਗੈਮਸ’ ਹੁੰਦੇ ਹਨ, ਜਿਸਦਾ ਮਤਲਬ ਹੈ ਕਿ ਇਹ ਜੀਵਨ ਭਰ ਲਈ ਇੱਕੋ ਹੀ ਸਾਥੀ ਚੁਣਦੇ ਹਨ ਤੇ ਮਿਲ ਕੇ ਆਪਣਾ ਆਲ੍ਹਣਾ ਬਣਾਉਂਦੇ ਹਨ। ਇਹ ਆਮ ਤੌਰ ’ਤੇ ਉੱਚੀਆਂ ਚੱਟਾਨਾਂ ਜਾਂ ਵੱਡੇ ਦਰੱਖਤਾਂ ਦੇ ਸਿਖਰ ’ਤੇ ਮਜ਼ਬੂਤ ਆਲ੍ਹਣੇ ਬਣਾਉਂਦੇ ਹਨ। ਸਮਾਜਿਕ ਜੀਵਨ ਨੂੰ ਪਹਿਲ ਦਿੰਦੇ ਹਨ। ਇਨ੍ਹਾਂ ਵਿੱਚ ਖੇਡਣ ਦੀ ਪ੍ਰਵਿਰਤੀ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਨੂੰ ਬਰਫ਼ ਦੀਆਂ ਪਹਾੜੀਆਂ ’ਤੇ ਪਿੱਠ ਦੇ ਭਾਰ ਤਿਲ੍ਹਕਦੇ ਦੇਖਿਆ ਗਿਆ ਹੈ। ਇਹ ਹਵਾ ਵਿੱਚ ਉੱਡਦੇ ਹੋਏ ਇੱਕ-ਦੂਜੇ ਵੱਲ ਛੋਟੀਆਂ ਡੰਡੀਆਂ ਜਾਂ ਪੱਥਰ ਸੁੱਟ ਕੇ ਖੇਡਦੇ ਹਨ ਅਤੇ ਹਵਾ ਵਿੱਚ ਕਈ ਤਰ੍ਹਾਂ ਦੇ ਕਰਤਬ ਦਿਖਾਉਂਦੇ ਹਨ, ਜਿਵੇਂ ਕਿ ਪੁੱਠੀ ਉਡਾਣ ਭਰਨਾ।

ਕਾਮਨ ਰੇਵਨ ਸਰਵ-ਆਹਾਰੀ ਹੁੰਦੇ ਹਨ। ਕਹਿਣ ਦਾ ਮਤਲਬ ਹੈ ਕਿ ਸ਼ਾਕਾਹਾਰੀ ਤੇ ਮਾਸਾਹਾਰੀ ਇਹ ਦੋਵੇਂ ਹੀ ਖਾ ਲੈਂਦੇ ਹਨ। ਇਹ ਕੀੜੇ-ਮਕੌੜੇ, ਅਨਾਜ, ਫਲ, ਛੋਟੇ ਜੀਵ, ਚੂਹੇ, ਡੱਡੂ ਤੇ ਮਰੇ ਹੋਏ ਜਾਨਵਰਾਂ ਦਾ ਮਾਸ ਵੀ ਖਾਂਦੇ ਹਨ। ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮਰੇ ਹੋਏ ਜਾਨਵਰਾਂ ਦੇ ਮਾਸ ਨੂੰ ਖਾ ਕੇ ਇਹ ਜੰਗਲ ਅਤੇ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਬਿਮਾਰੀਆਂ ਫੈਲਣ ਤੋਂ ਰੋਕਦੇ ਹਨ। ਇਸ ਲਈ ਇਨ੍ਹਾਂ ਨੂੰ ਕੁਦਰਤ ਦੇ ‘ਸਫ਼ਾਈ ਸੇਵਕ’ ਵੀ ਕਿਹਾ ਜਾ ਸਕਦਾ ਹੈ।

ਇਤਿਹਾਸ, ਮਿਥਿਹਾਸ ਅਤੇ ਸੱਭਿਆਚਾਰ ਵਿੱਚ ਇਨ੍ਹਾਂ ਦਾ ਸਥਾਨ ਬੜੀ ਦਿਲਚਸਪੀ ਵਾਲਾ ਹੈ। ਸੰਸਾਰ ਭਰ ਦੇ ਸੱਭਿਆਚਾਰਾਂ ਵਿੱਚ ਰੇਵਨ ਦਾ ਸਥਾਨ ਬਹੁਤ ਗੁੰਝਲਦਾਰ ਰਿਹਾ ਜਿਵੇਂ ਕਿ ਨੋਰਸ ਮਿਥਿਹਾਸ (Norse Mythology)। ਨੋਰਸ ਦੇ ਮੁੱਖ ਦੇਵਤੇ ‘ਓਡਿਨ’ ਕੋਲ ਦੋ ਰੇਵਨ ਸਨ- ‘ਹੁਗਿਨ’ (ਸੋਚ) ਅਤੇ ‘ਮੁਨਿਨ’ (ਯਾਦਦਾਸ਼ਤ)। ਉਹ ਰੋਜ਼ ਪੂਰੀ ਦੁਨੀਆ ਦਾ ਚੱਕਰ ਲਗਾ ਕੇ ਓਡਿਨ ਨੂੰ ਖ਼ਬਰਾਂ ਦਿੰਦੇ ਸਨ।

ਬ੍ਰਿਟੇਨ ਵਿੱਚ ਇੱਕ ਪ੍ਰਾਚੀਨ ਮਾਨਤਾ ਹੈ ਕਿ ਜੇਕਰ ਲੰਡਨ ਦੇ ਟਾਵਰ ਵਿੱਚੋਂ ਰੇਵਨ ਚਲੇ ਗਏ ਤਾਂ ਬ੍ਰਿਟਿਸ਼ ਸਾਮਰਾਜ ਅਤੇ ਟਾਵਰ ਦੋਵੇਂ ਤਬਾਹ ਹੋ ਜਾਣਗੇ। ਅੱਜ ਵੀ ਉੱਥੇ ਸਰਕਾਰੀ ਤੌਰ ’ਤੇ ਰੇਵਨਾਂ ਦੀ ਦੇਖਭਾਲ ਲਈ ਇੱਕ ਵਿਸ਼ੇਸ਼ ਵਿਅਕਤੀ (Ravenmaster) ਨਿਯੁਕਤ ਹੁੰਦਾ ਹੈ। ਸਾਹਿਤ ਵਿੱਚ ਮਸ਼ਹੂਰ ਅਮਰੀਕੀ ਲੇਖਕ ਐਡਗਰ ਐਲਨ ਪੋ ਦੀ ਵਿਸ਼ਵ-ਪ੍ਰਸਿੱਧ ਕਵਿਤਾ ‘ਦਿ ਰੇਵਨ’ ਨੇ ਇਸ ਪੰਛੀ ਨੂੰ ਰਹੱਸ ਅਤੇ ਗੰਭੀਰਤਾ ਦਾ ਅਮਰ ਪ੍ਰਤੀਕ ਬਣਾ ਦਿੱਤਾ। ਇਹ ਇੱਕ ਬਹੁਤ ਹੀ ਦਿਲਚਸਪ ਅਤੇ ਇਤਿਹਾਸਕ ਪਹਿਲੂ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਦੂਰ-ਦੁਰਾਡੇ ਸੰਦੇਸ਼ ਭੇਜਣ ਲਈ ਚਿੱਠੀ-ਰਸਾਨ ਕਬੂਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਤਾਂ ਦੁਸ਼ਮਣ ਦੇਸ਼ਾਂ ਦੀਆਂ ਜਾਸੂਸੀ ਏਜੰਸੀਆਂ ਜਾਂ ਫ਼ੌਜਾਂ ਇਨ੍ਹਾਂ ਕਬੂਤਰਾਂ ਨੂੰ ਮਾਰਨ ਅਤੇ ਖ਼ੁਫ਼ੀਆ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਕਾਮਨ ਰੇਵਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਸ਼ਿਕਾਰੀ ਪੰਛੀਆਂ ਦੀ ਮਦਦ ਲੈਂਦੀਆਂ ਸਨ। ਪੁਰਾਣੇ ਸਮੇਂ ਦੇ ਯੁੱਧਾਂ ਅਤੇ ਜਾਸੂਸੀ ਦੇ ਇਤਿਹਾਸ ਵਿੱਚ ਪੰਛੀਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਜਦੋਂ ਮਨੁੱਖ ਕੋਲ ਵਾਇਰਲੈੱਸ, ਮੋਬਾਈਲ ਜਾਂ ਇੰਟਰਨੈੱਟ ਨਹੀਂ ਸੀ, ਉਦੋਂ ਸੰਦੇਸ਼ਵਾਹਕ ਕਬੂਤਰ ਸਭ ਤੋਂ ਤੇਜ਼ ਅਤੇ ਭਰੋਸੇਮੰਦ ਡਾਕ ਪ੍ਰਣਾਲੀ ਸਨ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਤੱਕ ਵੀ ਇਨ੍ਹਾਂ ਕਬੂਤਰਾਂ ਰਾਹੀਂ ਬਹੁਤ ਗੁਪਤ ਫ਼ੌਜੀ ਨਕਸ਼ੇ ਅਤੇ ਸੰਦੇਸ਼ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜੇ ਜਾਂਦੇ ਸਨ, ਪਰ ਜਿੱਥੇ ਇੱਕ ਪਾਸੇ ਕਬੂਤਰ ਸੰਦੇਸ਼ ਪਹੁੰਚਾਉਂਦੇ ਸਨ, ਉੱਥੇ ਹੀ ਦੁਸ਼ਮਣ ਦੇਸ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ ਇਨ੍ਹਾਂ ਸੰਦੇਸ਼ਾਂ ਨੂੰ ਰਾਹ ਵਿੱਚ ਹੀ ਰੋਕਣ ਲਈ ਬੇਤਾਬ ਰਹਿੰਦੀਆਂ। ਇਸ ਕੰਮ ਲਈ ਉਨ੍ਹਾਂ ਨੇ ਕੁਦਰਤ ਦੇ ਸਭ ਤੋਂ ਸ਼ਾਤਰ ਪੰਛੀਆਂ ਕਾਮਨ ਰੇਵਨ ਅਤੇ ਬਾਜ਼ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ। ਖ਼ੁਫ਼ੀਆ ਏਜੰਸੀਆਂ ਅਤੇ ਫ਼ੌਜ ਦੇ ਮਾਹਿਰ ਇਨ੍ਹਾਂ ਪੰਛੀਆਂ ਨੂੰ ਖ਼ਾਸ ਤੌਰ ’ਤੇ ਸਿਖਲਾਈ ਦਿੰਦੇ ਸਨ।

ਰੇਵਨ ਨੂੰ ਕਬੂਤਰਾਂ ਦਾ ਸ਼ਿਕਾਰ ਕਰਨ ਲਈ ਵਰਤਣ ਦੇ ਮੁੱਖ ਕਾਰਨ ਸਨ। ਜਿਵੇਂ ਕਿ ਰੇਵਨ ਹਵਾ ਵਿੱਚ ਬਹੁਤ ਤੇਜ਼ੀ ਨਾਲ ਉੱਡ ਸਕਦੇ ਹਨ ਅਤੇ ਆਪਣੇ ਭਾਰੀ ਆਕਾਰ ਤੇ ਮਜ਼ਬੂਤ ਚੁੰਝ ਨਾਲ ਉੱਡਦੇ ਹੋਏ ਕਬੂਤਰ ’ਤੇ ਹਮਲਾ ਕਰਕੇ ਉਸ ਨੂੰ ਜ਼ਮੀਨ ’ਤੇ ਸੁੱਟਣ ਦੇ ਸਮਰੱਥ ਹੁੰਦੇ ਹਨ। ਰੇਵਨ ਇਕੱਲੇ ਵੀ ਅਤੇ ਝੁੰਡ ਵਿੱਚ ਵੀ ਸ਼ਿਕਾਰ ਕਰਦੇ ਹਨ। ਜੇਕਰ ਕੋਈ ਕਬੂਤਰ ਬਹੁਤ ਤੇਜ਼ ਉੱਡ ਰਿਹਾ ਹੁੰਦਾ, ਤਾਂ ਦੋ-ਤਿੰਨ ਰੇਵਨ ਮਿਲ ਕੇ ਉਸ ਨੂੰ ਚਾਰੋਂ ਪਾਸਿਓਂ ਘੇਰ ਲੈਂਦੇ ਸਨ ਅਤੇ ਉਸ ਦਾ ਰਸਤਾ ਰੋਕ ਕੇ ਉਸ ਨੂੰ ਮਾਰ ਦਿੰਦੇ ਸਨ। ਬਾਜ਼ ਕਈ ਵਾਰ ਸ਼ਿਕਾਰ ਨੂੰ ਦੂਰ ਲੈ ਜਾਂਦਾ ਸੀ ਜਾਂ ਖਾ ਜਾਂਦਾ ਸੀ, ਜਿਸ ਨਾਲ ਚਿੱਠੀ ਨਸ਼ਟ ਹੋਣ ਦਾ ਡਰ ਰਹਿੰਦਾ ਸੀ, ਪਰ ਸਿੱਖਿਅਤ ਰੇਵਨ ਕਬੂਤਰ ਨੂੰ ਮਾਰ ਕੇ ਉਸੇ ਇਲਾਕੇ ਵਿੱਚ ਸੁੱਟ ਦਿੰਦੇ ਸਨ, ਜਿੱਥੋਂ ਏਜੰਸੀਆਂ ਦੇ ਨੁਮਾਇੰਦੇ ਕਬੂਤਰ ਦੇ ਪੈਰ ਜਾਂ ਪਿੱਠ ’ਤੇ ਬੱਝੀ ਹੋਈ ਗੁਪਤ ਚਿੱਠੀ ਆਸਾਨੀ ਨਾਲ ਬਰਾਮਦ ਕਰ ਲੈਂਦੇ ਸਨ।

ਵੀਹਵੀਂ ਸਦੀ ਵਿੱਚ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਨੇ 1970 ਦੇ ਦਹਾਕੇ ਵਿੱਚ ਇੱਕ ਬਹੁਤ ਗੁਪਤ ਪ੍ਰਾਜੈਕਟ ਸ਼ੁਰੂ ਕੀਤਾ ਸੀ, ਜਿਸ ਦਾ ਨਾਂ ਸੀ ‘ਪ੍ਰਾਜੈਕਟ ਟੈਕਾਨਾ’। ਇਸ ਪ੍ਰਾਜੈਕਟ ਤਹਿਤ ਸੀ.ਆਈ.ਏ. ਨੇ ਕਾਮਨ ਰੇਵਨ ਅਤੇ ਹੋਰ ਕਾਵਾਂ ਨੂੰ ਸਿਖਲਾਈ ਦਿੱਤੀ ਸੀ। ਹਾਲਾਂਕਿ ਇਸ ਵਿੱਚ ਕਬੂਤਰਾਂ ਨੂੰ ਮਾਰਨ ਦੇ ਨਾਲ-ਨਾਲ ਇੱਕ ਹੋਰ ਖ਼ਤਰਨਾਕ ਕੰਮ ਲਿਆ ਜਾਂਦਾ ਸੀ, ਉਹ ਸੀ ਜਾਸੂਸੀ ਕੈਮਰੇ ਲੈ ਕੇ ਜਾਣਾ। ਰੇਵਨ ਇੰਨੇ ਸਮਝਦਾਰ ਸਨ ਕਿ ਉਹ ਆਪਣੇ ਸਰੀਰ ’ਤੇ ਬੱਝੇ ਛੋਟੇ ਕੈਮਰਿਆਂ ਦਾ ਭਾਰ ਚੁੱਕ ਕੇ ਦੁਸ਼ਮਣ ਦੇਸ਼ ਜਿਵੇਂ ਕਿ ਉਸ ਸਮੇਂ ਦੇ ਸੋਵੀਅਤ ਯੂਨੀਅਨ ਦੀਆਂ ਇਮਾਰਤਾਂ ਦੀਆਂ ਖਿੜਕੀਆਂ ’ਤੇ ਜਾ ਬੈਠਦੇ ਸਨ ਅਤੇ ਉੱਥੋਂ ਦੀਆਂ ਗੁਪਤ ਤਸਵੀਰਾਂ ਖਿੱਚ ਕੇ ਲਿਆਉਂਦੇ ਸਨ। ਨਾਲ ਹੀ ਜੇਕਰ ਦੁਸ਼ਮਣ ਕੋਈ ਦੇਸੀ ਤਰੀਕੇ ਨਾਲ ਕਬੂਤਰਾਂ ਰਾਹੀਂ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰਦਾ, ਤਾਂ ਇਹ ਰੇਵਨ ਉਨ੍ਹਾਂ ਕਬੂਤਰਾਂ ਦਾ ‘ਕਤਲ’ ਕਰਕੇ ਉਹ ਸੰਦੇਸ਼ ਖੋਹ ਲੈਂਦੇ ਸਨ।

ਇਨਸਾਨ ਨੇ ਹਮੇਸ਼ਾਂ ਜੀਵ-ਜੰਤੂਆਂ ਦੀ ਆਪਸੀ ਦੁਸ਼ਮਣੀ ਦਾ ਫਾਇਦਾ ਚੁੱਕਿਆ ਹੈ। ਕੁਦਰਤ ਵਿੱਚ ਰੇਵਨ ਅਤੇ ਕਾਂ, ਕਬੂਤਰਾਂ ਦੇ ਆਂਡਿਆਂ ਅਤੇ ਬੱਚਿਆਂ ਦੇ ਕੁਦਰਤੀ ਸ਼ਿਕਾਰੀ ਹਨ। ਏਜੰਸੀਆਂ ਨੇ ਇਨ੍ਹਾਂ ਦੀ ਇਸੇ ਪ੍ਰਵਿਰਤੀ ਨੂੰ ਹੋਰ ਤਿੱਖਾ ਕੀਤਾ। ਜਦੋਂ ਵੀ ਸਰਹੱਦ ਪਾਰ ਤੋਂ ਕੋਈ ਸ਼ੱਕੀ ਕਬੂਤਰ ਲੰਘਦਾ ਸੀ, ਤਾਂ ਇਨ੍ਹਾਂ ਸਿੱਖਿਅਤ ਰੇਵਨਾਂ ਨੂੰ ਹਵਾ ਵਿੱਚ ਛੱਡ ਦਿੱਤਾ ਜਾਂਦਾ ਸੀ। ਇਹ ਹਵਾ ਵਿੱਚ ਹੀ ਕਬੂਤਰ ਦੀ ਗਰਦਨ ਮਰੋੜ ਕੇ ਉਸ ਨੂੰ ਢੇਰ ਕਰ ਦਿੰਦੇ ਸਨ। ਇਸ ਤਰ੍ਹਾਂ ਜਿੱਥੇ ਕਬੂਤਰਾਂ ਨੂੰ ਇਤਿਹਾਸ ਵਿੱਚ ‘ਅਮਨ ਦੇ ਦੂਤ’ ਅਤੇ ‘ਡਾਕੀਏ’ ਵਜੋਂ ਯਾਦ ਕੀਤਾ ਜਾਂਦਾ ਹੈ, ਉੱਥੇ ਹੀ ਕਾਮਨ ਰੇਵਨ ਨੂੰ ਖ਼ੁਫ਼ੀਆ ਏਜੰਸੀਆਂ ਦੇ ਇੱਕ ਅਜਿਹੇ ‘ਸਾਈਲੈਂਟ ਕਿੱਲਰ’ ਵਜੋਂ ਵਰਤਿਆ ਗਿਆ, ਜਿਸ ਨੇ ਕਈ ਵੱਡੇ ਯੁੱਧਾਂ ਦੇ ਰੁਖ਼ ਬਦਲਣ ਵਿੱਚ ਪਰਦੇ ਦੇ ਪਿੱਛੇ ਰਹਿ ਕੇ ਵੱਡੀ ਭੂਮਿਕਾ ਨਿਭਾਈ। ਕਾਮਨ ਰੇਵਨ ਬਾਰੇ ਵਿਗਿਆਨੀ ਸਦੀਆਂ ਤੋਂ ਖੋਜ ਕਰ ਰਹੇ ਹਨ, ਪਰ ਫਿਰ ਵੀ ਇਸ ਪੰਛੀ ਦੇ ਦਿਮਾਗ਼ ਅਤੇ ਵਿਵਹਾਰ ਦੇ ਕਈ ਪਹਿਲੂ ਅਜਿਹੇ ਹਨ ਜੋ ਆਧੁਨਿਕ ਦੌਰ ਦੇ ਵਿਗਿਆਨੀਆਂ ਲਈ ਇੱਕ ਵੱਡਾ ਰਹੱਸ ਬਣੇ ਹੋਏ ਹਨ। ਇੱਥੇ ਰੇਵਨ ਬਾਰੇ ਕੁਝ ਅਜਿਹੇ ਦਿਲਚਸਪ ਅਤੇ ਰਹੱਸਮਈ ਤੱਥ ਹਨ ਜੋ ਆਮ ਲੋਕਾਂ ਦੇ ਸਾਹਮਣੇ ਬਹੁਤ ਘੱਟ ਆਉਂਦੇ ਹਨ।

ਇਨਸਾਨਾਂ ਤੋਂ ਇਲਾਵਾ ਦੁਨੀਆ ਵਿੱਚ ਸਿਰਫ਼ ਚਿੰਪੈਂਜ਼ੀ ਹੀ ਅਜਿਹੇ ਜੀਵ ਮੰਨੇ ਜਾਂਦੇ ਸਨ ਜੋ ਹੱਥਾਂ ਜਾਂ ਉਂਗਲਾਂ ਦੇ ਇਸ਼ਾਰੇ ਨਾਲ ਕਿਸੇ ਚੀਜ਼ ਵੱਲ ਦੂਜੇ ਦਾ ਧਿਆਨ ਖਿੱਚ ਸਕਦੇ ਹਨ, ਪਰ ਹਾਲੀਆ ਖੋਜਾਂ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਰੇਵਨ ਪੰਛੀ ਜਗਤ ਦੇ ਇਕੱਲੇ ਅਜਿਹੇ ਜੀਵ ਹਨ ਜੋ ਆਪਣੀ ਚੁੰਝ ਨਾਲ ‘ਇਸ਼ਾਰੇ’ ਕਰਦੇ ਹਨ। ਜੇਕਰ ਉਹ ਕਿਸੇ ਖ਼ਾਸ ਚੀਜ਼ ਜਿਵੇਂ ਕੋਈ ਚਮਕਦਾਰ ਪੱਥਰ ਜਾਂ ਖਿਡੌਣੇ ਵੱਲ ਆਪਣੇ ਸਾਥੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਨ, ਤਾਂ ਉਹ ਉਸ ਚੀਜ਼ ਨੂੰ ਚੁੰਝ ਵਿੱਚ ਚੁੱਕ ਕੇ ਹਵਾ ਵਿੱਚ ਉੱਪਰ-ਹੇਠਾਂ ਕਰਦੇ ਹਨ ਜਾਂ ਉਸ ਵੱਲ ਸਿੱਧਾ ਇਸ਼ਾਰਾ ਕਰਦੇ ਹਨ। ਪੰਛੀਆਂ ਵਿੱਚ ਅਜਿਹੀ ਸਮਾਜਿਕ ਸਮਝ ਹੋਣਾ ਇੱਕ ਬਹੁਤ ਵੱਡਾ ਰਹੱਸ ਹੈ।

ਦੁਨੀਆ ਭਰ ਵਿੱਚ ਕਈ ਥਾਵਾਂ ’ਤੇ ਇਹ ਦੇਖਿਆ ਗਿਆ ਹੈ ਕਿ ਜਦੋਂ ਕੋਈ ਰੇਵਨ ਮਰ ਜਾਂਦਾ ਹੈ, ਤਾਂ ਦਰਜਨਾਂ ਰੇਵਨ ਉਸ ਦੀ ਮ੍ਰਿਤਕ ਦੇਹ ਦੇ ਆਲੇ-ਦੁਆਲੇ ਇਕੱਠੇ ਹੋ ਕੇ ਬਹੁਤ ਗੰਭੀਰ ਆਵਾਜ਼ਾਂ ਕੱਢਦੇ ਹਨ। ਇਸ ਨੂੰ ਲੋਕ-ਧਾਰਾ ਵਿੱਚ ‘ਰੇਵਨ ਦੀ ਅਦਾਲਤ’ ਕਿਹਾ ਜਾਂਦਾ ਹੈ। ਇਸ ਪਿੱਛੇ ਅਸਲ ਰਹੱਸ ਕੀ ਹੈ? ਵਿਗਿਆਨੀ ਅਜੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਕਿ ਉਹ ਅਜਿਹਾ ਕਿਉਂ ਕਰਦੇ ਹਨ। ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਉਹ ਮੌਤ ਦਾ ਸੋਗ ਮਨਾਉਂਦੇ ਹਨ, ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਉਹ ਇਹ ਪਤਾ ਲਗਾਉਣ ਲਈ ਇਕੱਠੇ ਹੁੰਦੇ ਹਨ ਕਿ ਉਨ੍ਹਾਂ ਦੇ ਸਾਥੀ ਦੀ ਮੌਤ ਕਿਵੇਂ ਹੋਈ ਤਾਂ ਜੋ ਉਹ ਖ਼ੁਦ ਉਸ ਖ਼ਤਰੇ ਤੋਂ ਬਚ ਸਕਣ। ਕਈ ਵਾਰ ਉਹ ਉਸੇ ਇਲਾਕੇ ਦੇ ਕਿਸੇ ਦੂਜੇ ਕਾਂ ’ਤੇ ਹਮਲਾ ਵੀ ਕਰ ਦਿੰਦੇ ਹਨ, ਜਿਵੇਂ ਕਿ ਉਸ ਨੂੰ ਕਿਸੇ ਜੁਰਮ ਦੀ ਸਜ਼ਾ ਦੇ ਰਹੇ ਹੋਣ।

ਰੇਵਨ ਚਿਹਰਿਆਂ ਨੂੰ ਪਛਾਣਨ ਵਿੱਚ ਮਾਹਰ ਹੁੰਦੇ ਹਨ। ਜੇਕਰ ਕੋਈ ਇਨਸਾਨ ਜਾਂ ਜਾਨਵਰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਉਸ ਦਾ ਚਿਹਰਾ ਕਈ ਸਾਲਾਂ ਤੱਕ ਯਾਦ ਰੱਖਦੇ ਹਨ। ਸਭ ਤੋਂ ਹੈਰਾਨੀਜਨਕ ਅਤੇ ਰਹੱਸਮਈ ਗੱਲ ਇਹ ਹੈ ਕਿ ਉਹ ਇਹ ‘ਨਫ਼ਰਤ’ ਜਾਂ ‘ਬਦਲੇ ਦੀ ਭਾਵਨਾ’ ਆਪਣੀ ਅਗਲੀ ਪੀੜ੍ਹੀ ਜਾਂ ਦੂਜੇ ਸਾਥੀਆਂ ਨੂੰ ਵੀ ਸਿਖਾ ਦਿੰਦੇ ਹਨ। ਜਿਸ ਇਨਸਾਨ ਨੇ ਕਿਸੇ ਇੱਕ ਰੇਵਨ ਨੂੰ ਤੰਗ ਕੀਤਾ ਹੋਵੇ, ਉਸ ’ਤੇ ਜੰਗਲ ਦੇ ਬਾਕੀ ਰੇਵਨ ਵੀ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ, ਭਾਵੇਂ ਉਨ੍ਹਾਂ ਨੇ ਉਸ ਇਨਸਾਨ ਨੂੰ ਪਹਿਲਾਂ ਕਦੇ ਨਾ ਦੇਖਿਆ ਹੋਵੇ। ਉਹ ਆਪਸ ਵਿੱਚ ਇਸ ਜਾਣਕਾਰੀ ਨੂੰ ਕਿਵੇਂ ਸਾਂਝਾ ਕਰਦੇ ਹਨ, ਇਹ ਅਜੇ ਵੀ ਇੱਕ ਬੁਝਾਰਤ ਬਣਿਆ ਹੋਇਆ ਹੈ।

ਇੱਕ ਅਜਿਹਾ ਮਾਨਸਿਕ ਟੈਸਟ ਹੈ ਜੋ ਆਮ ਤੌਰ ’ਤੇ ਸਿਰਫ਼ ਇਨਸਾਨੀ ਬੱਚਿਆਂ ’ਤੇ ਕੀਤਾ ਜਾਂਦਾ ਹੈ। ਜੇਕਰ ਰੇਵਨ ਨੂੰ ਇੱਕ ਬਿਸਕੁਟ ਦਿੱਤਾ ਜਾਵੇ ਅਤੇ ਉਸ ਨੂੰ ਇਸ਼ਾਰੇ ਨਾਲ ਸਮਝਾਇਆ ਜਾਵੇ ਕਿ ਜੇਕਰ ਉਹ ਇਸ ਨੂੰ 10 ਮਿੰਟ ਤੱਕ ਨਹੀਂ ਖਾਵੇਗਾ, ਤਾਂ ਉਸ ਨੂੰ ਬਦਲੇ ਵਿੱਚ ਮਾਸ ਦਾ ਟੁਕੜਾ ਉਨ੍ਹਾਂ ਦਾ ਮਨਪਸੰਦ ਭੋਜਨ ਮਿਲੇਗਾ, ਤਾਂ ਰੇਵਨ ਆਪਣੀ ਭੁੱਖ ’ਤੇ ਕਾਬੂ ਰੱਖ ਕੇ ਇੰਤਜ਼ਾਰ ਕਰਦਾ ਹੈ। ਪੰਛੀਆਂ ਵਿੱਚ ਆਪਣੀ ਤਤਕਾਲੀ ਇੱਛਾ ਨੂੰ ਰੋਕਣ ਦੀ ਇਹ ਸਮਰੱਥਾ ਵਿਗਿਆਨ ਨੂੰ ਸੋਚਣ ਲਈ ਮਜਬੂਰ ਕਰਦੀ ਹੈ।

ਰੇਵਨਾਂ ਨੂੰ ਚਮਕਦਾਰ ਚੀਜ਼ਾਂ ਜਿਵੇਂ ਕਿ ਕੱਚ ਦੇ ਟੁਕੜੇ, ਚਾਬੀਆਂ, ਸਿੱਕੇ, ਗਹਿਣੇ ਜਾਂ ਧਾਤੂ ਦੇ ਟੁਕੜੇ ਚੋਰੀ ਕਰਕੇ ਆਪਣੇ ਆਲ੍ਹਣੇ ਵਿੱਚ ਲੁਕਾਉਣ ਦੀ ਆਦਤ ਹੁੰਦੀ ਹੈ। ਪਰ ਇਹ ਇਸ ਤਰ੍ਹਾਂ ਕਰਦੇ ਕਿਉਂ ਹਨ? ਕਿਉਂਕਿ ਇਨ੍ਹਾਂ ਚੀਜ਼ਾਂ ਦਾ ਉਨ੍ਹਾਂ ਦੇ ਭੋਜਨ ਜਾਂ ਜਿਊਂਦੇ ਰਹਿਣ ਨਾਲ ਕੋਈ ਸਬੰਧ ਨਹੀਂ ਹੁੰਦਾ। ਕੁਝ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਉਹ ਅਜਿਹਾ ਆਪਣੇ ਸਾਥੀ ਯਾਨੀ ਮਾਦਾ ਰੇਵਨ ਨੂੰ ਪ੍ਰਭਾਵਿਤ ਕਰਨ ਲਈ ਜਾਂ ਸਿਰਫ਼ ਆਪਣੇ ਮਨੋਰੰਜਨ ਲਈ ਕਰਦੇ ਹਨ।

ਜੇਕਰ ਦੋ ਰੇਵਨਾਂ ਵਿਚਕਾਰ ਕੋਈ ਲੜਾਈ ਹੋ ਜਾਂਦੀ ਹੈ, ਤਾਂ ਜਿਹੜਾ ਰੇਵਨ ਲੜਾਈ ਵਿੱਚ ਹਾਰ ਜਾਂਦਾ ਹੈ ਜਾਂ ਜ਼ਖਮੀ ਹੁੰਦਾ ਹੈ, ਉਸ ਦੇ ਕੋਲ ਦੂਜੇ ਰੇਵਨ ਆ ਕੇ ਬੈਠ ਜਾਂਦੇ ਹਨ। ਉਹ ਉਸ ਦੇ ਖੰਭਾਂ ਨੂੰ ਸਵਾਰਦੇ ਹਨ ਅਤੇ ਹੌਲੀ ਆਵਾਜ਼ਾਂ ਕੱਢ ਕੇ ਉਸ ਨੂੰ ਤਸੱਲੀ ਦਿੰਦੇ ਹਨ। ਜਿਵੇਂ ਕਹਿ ਰਹੇ ਹੋਣ...ਚੱਲ ਛੱਡ ਯਾਰ ਗੁੱਸੇ ਨੂੰ ਆਪਾਂ ਸਭ ਭਰਾ ਹਾਂ... ਪੰਛੀਆਂ ਵਿੱਚ ਅਜਿਹੀ ਹਮਦਰਦੀ ਅਤੇ ਭਾਵਨਾਤਮਕ ਗੁੰਝਲਤਾ ਦਾ ਹੋਣਾ ਕੁਦਰਤ ਦਾ ਇੱਕ ਬਹੁਤ ਹੀ ਖ਼ੂਬਸੂਰਤ ਰਹੱਸ ਹੈ।

ਕਾਮਨ ਰੇਵਨ ਦੀ ਇੱਕ ਆਦਤ ਬਹੁਤ ਹੀ ਕਮਾਲ ਦੀ ਹੈ ਜਿਵੇਂ ਪਹਿਲਾਂ ਉੱਪਰ ਜ਼ਿਕਰ ਕੀਤਾ ਸੀ ਕਿ ਖਾਣ ਪੀਣ ਦੇ ਸਬੰਧ ਵਿੱਚ ਜਾਂ ਆਉਣ ਵਾਲੇ ਸਮੇਂ ਦੀ ਯੋਜਨਾਬੰਦੀ ਵਿੱਚ ਇਹ ਮਾਹਿਰ ਹੁੰਦੇ ਹਨ। ਦਰਅਸਲ, ਵਿਗਿਆਨਕ ਭਾਸ਼ਾ ਵਿੱਚ ਉਸ ਨੂੰ ‘ਫੂਡ ਕੈਸ਼ਿੰਗ’ ਯਾਨੀ ਭੋਜਨ ਜਮ੍ਹਾਂਖੋਰੀ ਕਿਹਾ ਜਾਂਦਾ ਹੈ ਅਤੇ ਇਹ ਇਨ੍ਹਾਂ ਦੀ ਬੁੱਧੀਮਤਾ ਦਾ ਸਭ ਤੋਂ ਵੱਡਾ ਸਬੂਤ ਹੈ। ਇਸ ਆਦਤ ਦੇ ਪਿੱਛੇ ਇੰਨੇ ਦਿਲਚਸਪ ਅਤੇ ਰਹੱਸਮਈ ਤੱਥ ਛੁਪੇ ਹੋਏ ਹਨ ਕਿ ਸੁਣ ਕੇ ਹੈਰਾਨੀ ਹੁੰਦੀ ਹੈ। ਇਨ੍ਹਾਂ ਦੇ ਮਾਨਸਿਕ ਨਕਸ਼ਾ ਦੀ ਗੱਲ ਕਰਦੇ ਹਾਂ, ਰੇਵਨ ਸਿਰਫ਼ ਭੋਜਨ ਲੁਕਾਉਂਦੇ ਹੀ ਨਹੀਂ, ਸਗੋਂ ਉਨ੍ਹਾਂ ਕੋਲ ਇੱਕ ਅਦਭੁੱਤ ‘ਮਾਨਸਿਕ ਜੀ.ਪੀ.ਐੱਸ.’ ਹੁੰਦਾ ਹੈ। ਉਹ ਜੰਗਲ ਵਿੱਚ ਵੱਖ-ਵੱਖ ਥਾਵਾਂ ਜਿਵੇਂ ਕਿ ਕਿਸੇ ਪੱਥਰ ਦੇ ਹੇਠਾਂ, ਸੁੱਕੇ ਪੱਤਿਆਂ ਦੇ ਅੰਦਰ ਜਾਂ ਦਰੱਪਤ ਦੀ ਵਿੱਥ ਵਿੱਚ ਸੈਂਕੜੇ ਟੁਕੜੇ ਖਾਣੇ ਦੇ ਲੁਕਾ ਦਿੰਦੇ ਹਨ। ਕਈ ਮਹੀਨਿਆਂ ਬਾਅਦ ਵੀ ਜਦੋਂ ਸਖ਼ਤ ਸਰਦੀਆਂ ਵਿੱਚ ਬਰਫ਼ ਪੈ ਜਾਂਦੀ ਹੈ ਅਤੇ ਖਾਣਾ ਮਿਲਣਾ ਬੰਦ ਹੋ ਜਾਂਦਾ ਹੈ, ਤਾਂ ਇਨ੍ਹਾਂ ਨੂੰ ਇੱਕ-ਇੱਕ ਜਗ੍ਹਾ ਬਿਲਕੁਲ ਸਹੀ ਯਾਦ ਰਹਿੰਦੀ ਹੈ। ਉਹ ਬਰਫ਼ ਪੁੱਟ ਕੇ ਆਪਣਾ ਲੁਕਾਇਆ ਹੋਇਆ ਖਾਣਾ ਬਾਹਰ ਕੱਢ ਲੈਂਦੇ ਹਨ ਤੇ ਮਾੜੇ ਹਾਲਾਤ ਵਿੱਚ ਉਸ ਨੂੰ ਖਾ ਕੇ ਪੂਰੀ ਠੰਢ ਦਾ ਸਮਾਂ ਗੁਜ਼ਾਰਦੇ ਹਨ।

ਫਿਰ ਇਹ ‘ਚੋਰਾਂ’ ਤੋਂ ਬਚਣ ਲਈ ਜਾਸੂਸੀ ਖੇਡ ਖੇਡਦੇ ਹਨ ਕਿਉਂਕਿ ਸਾਰੇ ਰੇਵਨ ਚਲਾਕ ਹੁੰਦੇ ਹਨ, ਇਸ ਲਈ ਉਹ ਇੱਕ-ਦੂਜੇ ਦਾ ਲੁਕਾਇਆ ਖਾਣਾ ਚੋਰੀ ਕਰਨ ਦੀ ਫ਼ਿਰਾਕ ਵਿੱਚ ਰਹਿੰਦੇ ਹਨ। ਇੱਥੇ ਰੇਵਨ ਦਾ ਦਿਮਾਗ਼ ਇੱਕ ਉੱਚ ਪੱਧਰੀ ਜਾਸੂਸ ਵਾਂਗ ਕੰਮ ਕਰਦਾ ਹੈ। ਜੇਕਰ ਇੱਕ ਰੇਵਨ ਖਾਣਾ ਲੁਕਾ ਰਿਹਾ ਹੋਵੇ ਤੇ ਉਸ ਨੂੰ ਲੱਗੇ ਕਿ ਕੋਈ ਦੂਜਾ ਰੇਵਨ ਉਸ ਨੂੰ ਦੂਰੋਂ ਦੇਖ ਰਿਹਾ ਹੈ ਤਾਂ ਉਹ ਇੱਕ ਬਹੁਤ ਹੀ ਸ਼ਾਤਰ ਚਾਲ ਚੱਲਦਾ ਹੈ। ਉਹ ਚੁੰਝ ਨਾਲ ਜ਼ਮੀਨ ਪੁੱਟ ਕੇ ਖਾਣਾ ਲੁਕਾਉਣ ਦਾ ਪੂਰਾ ਨਾਟਕ ਕਰੇਗਾ, ਪੱਥਰ ਉੱਪਰ ਰੱਖ ਦੇਵੇਗਾ, ਪਰ ਅਸਲ ਵਿੱਚ ਖਾਣਾ ਆਪਣੀ ਗਰਦਨ ਦੀ ਥੈਲੀ ਵਿੱਚ ਹੀ ਰੱਖਦਾ ਹੈ। ਜਦੋਂ ਦੂਜਾ ਚੋਰ ਰੇਵਨ ਉੱਥੋਂ ਚਲਾ ਜਾਂਦਾ ਹੈ, ਤਾਂ ਇਹ ਕਿਸੇ ਹੋਰ ਗੁਪਤ ਜਗ੍ਹਾ ਜਾ ਕੇ ਅਸਲੀ ਖਾਣਾ ਉੱਥੇ ਲੁਕਾਉਂਦਾ ਹੈ। ਰੇਵਨ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਹੜਾ ਖਾਣਾ ਜਲਦੀ ਖ਼ਰਾਬ ਹੋ ਸਕਦਾ ਹੈ ਅਤੇ ਕਿਹੜਾ ਲੰਬੇ ਸਮੇਂ ਤੱਕ ਚੱਲੇਗਾ। ਖੋਜਾਂ ਵਿੱਚ ਦੇਖਿਆ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਮਾਸ ਜੋ ਜਲਦੀ ਖ਼ਰਾਬ ਹੁੰਦਾ ਹੈ ਅਤੇ ਸੁੱਕੇ ਮੇਵੇ/ਬੀਜ ਜੋ ਲੰਬੇ ਸਮੇਂ ਤੱਕ ਚੱਲਦੇ ਹਨ, ਇਸ ਲਈ ਰੇਵਨ ਮਾਸ ਦੇ ਟੁਕੜਿਆਂ ਨੂੰ ਪਹਿਲਾਂ ਖਾਂਦੇ ਹਨ ਜਾਂ ਬਹੁਤ ਘੱਟ ਸਮੇਂ ਲਈ ਲੁਕਾਉਂਦੇ ਹਨ, ਜਦੋਂ ਕਿ ਬੀਜਾਂ ਨੂੰ ਉਹ ਬਹੁਤ ਦੂਰ ਅਤੇ ਲੰਬੇ ਸਮੇਂ ਲਈ ਸੁਰੱਖਿਅਤ ਥਾਵਾਂ ’ਤੇ ਛੁਪਾਉਂਦੇ ਹਨ। ਇਸ ਤਰ੍ਹਾਂ ਭਵਿੱਖ ਦੀ ਚਿੰਤਾ ਕਰਨਾ ਅਤੇ ਮੁਸ਼ਕਿਲ ਸਮੇਂ (ਕਾਲ਼) ਲਈ ਅੰਨ ਦਾ ਭੰਡਾਰ ਕਰਨਾ ਜੋ ਕਿ ਇਨਸਾਨਾਂ ਦੀ ਖ਼ਾਸੀਅਤ ਮੰਨੀ ਜਾਂਦੀ ਹੈ, ਰੇਵਨ ਕਰੋੜਾਂ ਸਾਲਾਂ ਤੋਂ ਬਹੁਤ ਹੀ ਸੂਝ-ਬੂਝ ਨਾਲ ਕਰਦੇ ਆ ਰਹੇ ਹਨ।

ਇਹ ਪੰਛੀ ਕੋਈ ਅੱਜ ਦੇ ਸਮੇਂ ਦਾ ਨਹੀਂ। ਇਸ ਦਾ ਬੜਾ ਲੰਮਾ ਪਿਛੋਕੜ ਹੈ। ਜਦੋਂ ਕਾਮਨ ਰੇਵਨ ਦੇ ਵਿਕਾਸ ’ਤੇ ਝਾਤ ਮਾਰਦੇ ਹਾਂ ਤਾਂ ਇਸ ਦੇ ਪਿਛੋਕੜ ਦਾ ਇਤਿਹਾਸ ਬਹੁਤ ਹੀ ਰੋਚਕ ਹੈ। ਜਦੋਂ ਅਸੀਂ ਇਸ ਪੰਛੀ ਦੀ ਹੋਂਦ ਅਤੇ ਇਸ ਦੇ ਡੀ.ਐੱਨ.ਏ. ਦੀ ਡੂੰਘਾਈ ਵਿੱਚ ਜਾਂਦੇ ਹਾਂ, ਤਾਂ ਇਸ ਦੇ ਤਾਰ ਸਿੱਧੇ ਕਰੋੜਾਂ ਸਾਲ ਪਹਿਲਾਂ ਦੀ ਦੁਨੀਆ ਅਤੇ ਡਾਇਨਾਸੋਰਾਂ ਨਾਲ ਜੁੜਦੇ ਹਨ। ਇਸ ਦੇ ਜਨਮ, ਇਤਿਹਾਸ ਅਤੇ ਡਾਇਨਾਸੋਰਾਂ ਨਾਲ ਸਬੰਧਾਂ ਬਾਰੇ ਵਿਗਿਆਨਕ ਤੱਥ ਦੱਸਦੇ ਹਨ ਕਿ ਰੇਵਨ ਆਧੁਨਿਕ ਡਾਇਨਾਸੋਰ ਹਨ? ਵਿਗਿਆਨਕ ਖੋਜਾਂ ਅਤੇ ਡੀ.ਐੱਨ.ਏ. ਦੀ ਜਾਂਚ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਦੁਨੀਆ ਦੇ ਸਾਰੇ ਪੰਛੀ ਅਸਲ ਵਿੱਚ ਡਾਇਨਾਸੋਰਾਂ ਦੀ ਹੀ ਇੱਕ ਪ੍ਰਜਾਤੀ ਵਿੱਚੋਂ ਵਿਕਸਤ ਹੋਏ ਹਨ। ਇਸ ਲਈ ਰੇਵਨ ਦਾ ਸਬੰਧ ਵੀ ਸਿੱਧਾ ਡਾਇਨਾਸੋਰਾਂ ਨਾਲ ਹੈ।

ਟੀ-ਰੈਕਸ ਰੇਵਨ ਦਾ ਡੀ.ਐੱਨ.ਏ. ਅਤੇ ਸਰੀਰਕ ਬਣਤਰ ਖ਼ਾਸ ਕਰਕੇ ਲੱਤਾਂ ਅਤੇ ਪੰਜਿਆਂ ਦੀ ਹੱਡੀ ਦਾ ਢਾਂਚਾ ਪ੍ਰਾਚੀਨ ਮਾਸਾਹਾਰੀ ਡਾਇਨਾਸੋਰਾਂ ਜਿਵੇਂ ਕਿ ਵੇਲੋਸੀਰਾਪਟਰ ਅਤੇ ਟਾਇਰਨੋਸੌਰਸ ਰੈਕਸ ਨਾਲ ਮਿਲਦਾ-ਜੁਲਦਾ ਹੈ। ਲਗਭਗ 6.6 ਕਰੋੜ ਸਾਲ ਪਹਿਲਾਂ ਦਾ ਚੱਲਿਆ ਆ ਰਿਹਾ ਜਦੋਂ ਇੱਕ ਵਿਸ਼ਾਲ ਉਲਕਾਪਿੰਡ ਧਰਤੀ ਨਾਲ ਟਕਰਾਇਆ, ਤਾਂ ਸਾਰੇ ਵੱਡੇ ਡਾਇਨਾਸੋਰ ਮਾਰੇ ਗਏ, ਪਰ ਡਾਇਨਾਸੋਰਾਂ ਦੀ ਇੱਕ ਛੋਟੀ, ਖੰਭਾਂ ਵਾਲੀ ਪ੍ਰਜਾਤੀ ਬਚ ਗਈ, ਜਿਸ ਤੋਂ ਅੱਜ ਦੇ ਪੰਛੀ ਬਣੇ। ਰੇਵਨ ਉਸੇ ਖ਼ਾਨਦਾਨ ਦਾ ਹਿੱਸਾ ਹਨ।

ਜੇਕਰ ਅਸੀਂ ਖ਼ਾਸ ਤੌਰ ’ਤੇ ਕਾਂ ਅਤੇ ਰੇਵਨ ਦੇ ਪਰਿਵਾਰ ਦੀ ਗੱਲ ਕਰੀਏ, ਤਾਂ ਵਿਗਿਆਨਕ ਡੀ.ਐੱਨ.ਏ. ਅਧਿਐਨ ਦੱਸਦੇ ਹਨ ਕਿ ਇਨ੍ਹਾਂ ਦੀ ਸ਼ੁਰੂਆਤ ਲਗਭਗ 3 ਤੋਂ 4 ਕਰੋੜ ਸਾਲ ਪਹਿਲਾਂ ਹੋਈ ਸੀ। ਇਨ੍ਹ੍ਵਾਂ ਦਾ ਜਨਮ ਸਥਾਨ ਜਿਵੇਂ ਕਿ ਰੇਵਨ ਦੇ ਪੂਰਵਜਾਂ ਦੀ ਹੋਂਦ ਸਭ ਤੋਂ ਪਹਿਲਾਂ ਆਸਟਰੇਲੀਆ ਅਤੇ ਇਸ ਦੇ ਆਲੇ-ਦੁਆਲੇ ਦੇ ਟਾਪੂਆਂ ਵਿੱਚ ਹੋਈ ਸੀ। ਉੱਥੋਂ ਵਿਕਸਿਤ ਹੋ ਕੇ, ਇਨ੍ਹਾਂ ਨੇ ਹੌਲੀ-ਹੌਲੀ ਪੂਰੀ ਦੁਨੀਆ ਦਾ ਸਫ਼ਰ ਤੈਅ ਕੀਤਾ। ਆਪਣੀ ਉੱਡਣ ਦੀ ਅਦਭੁੱਤ ਸਮਰੱਥਾ ਅਤੇ ਤੇਜ਼ ਦਿਮਾਗ਼ ਕਾਰਨ ਇਹ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਫੈਲ ਗਏ। ਜਿਸ ਆਧੁਨਿਕ ਕਾਮਨ ਰੇਵਨ ਨੂੰ ਅਸੀਂ ਅੱਜ ਦੇਖਦੇ ਹਾਂ, ਉਹ ਆਪਣੀ ਮੌਜੂਦਾ ਸਰੀਰਕ ਬਣਤਰ ਵਿੱਚ ਲਗਭਗ 20 ਲੱਖ ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ। ਕਾਮਨ ਰੇਵਨ ਦੇ ਸਭ ਤੋਂ ਪੁਰਾਣੇ ਜੀਵਾਸ਼ਮ ਯੂਰਪ ਖ਼ਾਸ ਕਰਕੇ ਫਰਾਂਸ ਅਤੇ ਇਟਲੀ, ਉੱਤਰੀ ਅਮਰੀਕਾ ਦੀਆਂ ਗੁਫਾਵਾਂ ਵਿੱਚੋਂ ਮਿਲੇ ਹਨ। ਜੋ ਲਗਭਗ 5 ਲੱਖ ਤੋਂ 10 ਲੱਖ ਸਾਲ ਪੁਰਾਣੇ ਹਨ।

ਇਨ੍ਹਾਂ ਜੀਵਾਸ਼ਮਾਂ ਤੋਂ ਪਤਾ ਲੱਗਦਾ ਹੈ ਕਿ ਹਿਮਯੁੱਗ ਦੌਰਾਨ ਵੀ ਇਹ ਪੰਛੀ ਬਰਫ਼ੀਲੇ ਅਤੇ ਸਖ਼ਤ ਮੌਸਮ ਵਿੱਚ ਬਹੁਤ ਆਸਾਨੀ ਨਾਲ ਜਿਊਂਦੇ ਰਹਿਣ ਦੇ ਯੋਗ ਸਨ। ਇੱਕ ਦਿਲਚਸਪ ਤੱਥ ਹੁਣੇ ਹੀ ਸਾਹਮਣੇ ਆਇਆ ਹੈ ਕਿ ਹਾਲੀਆ ਡੀ.ਐੱਨ.ਏ. ਸਿਕੂਐਂਸਿੰਗ ਤੋਂ ਪਤਾ ਲੱਗਿਆ ਕਿ ਕਾਮਨ ਰੇਵਨ ਦੇ ਡੀ.ਐੱਨ.ਏ. ਵਿੱਚ ਇੱਕ ਬਹੁਤ ਹੀ ਦਿਲਚਸਪ ‘ਉਲਟ ਫੇਰ’ ਹੋਇਆ, ਜਿਸ ਨੂੰ ਵਿਗਿਆਨੀ ‘ਪ੍ਰਜਾਤੀ ਨਿਰਮਾਣ ਦੀ ਉਲਟੀ ਪ੍ਰਕਿਰਿਆ’ ਕਹਿੰਦੇ ਹਨ। ਹਜ਼ਾਰਾਂ ਸਾਲ ਪਹਿਲਾਂ ਰੇਵਨ ਦੀਆਂ ਦੋ ਵੱਖ-ਵੱਖ ਪ੍ਰਜਾਤੀਆਂ ਬਣ ਗਈਆਂ ਸਨ। ਇੱਕ ਕੈਲੀਫੋਰਨੀਆ ਵਿੱਚ ਅਤੇ ਇੱਕ ਬਾਕੀ ਦੁਨੀਆ ਵਿੱਚ, ਪਰ ਬਾਅਦ ਵਿੱਚ ਇਨ੍ਹਾਂ ਦੋਵਾਂ ਪ੍ਰਜਾਤੀਆਂ ਨੇ ਦੁਬਾਰਾ ਆਪਸ ਵਿੱਚ ਮਿਲ ਕੇ ਇੱਕੋ ਸੁਪਰ-ਪ੍ਰਜਾਤੀ (ਕਾਮਨ ਰੇਵਨ) ਬਣਾ ਲਈ। ਅਜਿਹਾ ਜੀਵ ਵਿਗਿਆਨ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਹ ਇਨ੍ਹਾਂ ਦੇ ਹਰ ਮਾਹੌਲ ਵਿੱਚ ਢਲ ਜਾਣ ਦੀ ਤਾਕਤ ਨੂੰ ਦਰਸਾਉਂਦਾ ਹੈ।

ਰੇਵਨ ਸਿਰਫ਼ ਇੱਕ ਚਲਾਕ ਪੰਛੀ ਹੀ ਨਹੀਂ ਹੈ, ਸਗੋਂ ਇਹ ਧਰਤੀ ਦੇ ਉਸ ਪ੍ਰਾਚੀਨ ਕਾਲ ਦਾ ਜਿਊਂਦਾ-ਜਾਗਦਾ ਸਬੂਤ ਹੈ ਜਦੋਂ ਇੱਥੇ ਡਾਇਨਾਸੋਰ ਰਾਜ ਕਰਦੇ ਸਨ। ਕਰੋੜਾਂ ਸਾਲਾਂ ਦੇ ਵਿਕਾਸ ਨੇ ਇਸ ਦੇ ਸਰੀਰ ਨੂੰ ਇੱਕ ਪੰਛੀ ਦਾ ਰੂਪ ਦੇ ਦਿੱਤਾ, ਪਰ ਇਸ ਦੇ ਅੰਦਰ ਅਜੇ ਵੀ ਉਹੀ ਪ੍ਰਾਚੀਨ, ਸਖ਼ਤ ਜਾਨ ਅਤੇ ਸ਼ਿਕਾਰੀ ਡਾਇਨਾਸੋਰ ਦਾ ਡੀ.ਐੱਨ.ਏ. ਧੜਕ ਰਿਹਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਖ਼ਤਮ ਹੋਣ ਦੀ ਕਗਾਰ ’ਤੇ ਹਨ, ਉੱਥੇ ਹੀ ਕਾਮਨ ਰੇਵਨ ਨੇ ਆਪਣੀ ਤੀਖਣ ਬੁੱਧੀ ਅਤੇ ਬਦਲਦੇ ਹਾਲਾਤ ਮੁਤਾਬਕ ਖ਼ੁਦ ਨੂੰ ਢਾਲਣ ਦੀ ਸਮਰੱਥਾ ਸਦਕਾ ਆਪਣੀ ਹੋਂਦ ਨੂੰ ਮਜ਼ਬੂਤੀ ਨਾਲ ਬਣਾ ਕੇ ਰੱਖਿਆ ਹੈ। ਇਹ ਪੰਛੀ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਵਿੱਚ ਜਿਊਂਦੇ ਰਹਿਣ ਲਈ ਸਿਰਫ਼ ਸਰੀਰਕ ਤਾਕਤ ਹੀ ਨਹੀਂ, ਸਗੋਂ ਮਾਨਸਿਕ ਸੂਝ-ਬੂਝ ਅਤੇ ਹਾਲਾਤ ਨੂੰ ਅਨੁਕੂਲ ਤੇ ਬਦਲਣਾ ਕਿੰਨਾ ਜ਼ਰੂਰੀ ਹੈ। ਅਗਲੀ ਵਾਰ ਜਦੋਂ ਤੁਸੀਂ ਕਿਸੇ ਉੱਚੀ ਚੱਟਾਨ ਜਾਂ ਰੁੱਖ ’ਤੇ ਬੈਠੇ ਇਸ ਵਿਸ਼ਾਲ, ਚਮਕਦਾਰ ਕਾਲੇ ਪੰਛੀ ਨੂੰ ਦੇਖੋ, ਤਾਂ ਇਸ ਨੂੰ ਸਿਰਫ਼ ਇੱਕ ‘ਕਾਂ’ ਸਮਝ ਕੇ ਨਜ਼ਰਅੰਦਾਜ਼ ਨਾ ਕਰਿਓ। ਯਾਦ ਰੱਖਿਓ ਕਿ ਤੁਸੀਂ ਕੁਦਰਤ ਦੇ ਸਭ ਤੋਂ ਬੁੱਧੀਮਾਨ ਅਤੇ ਰਹੱਸਮਈ ਸ਼ਾਹਕਾਰਾਂ ਵਿੱਚੋਂ ਇੱਕ ਨੂੰ ਦੇਖ ਰਹੇ ਹੋ। ਕਾਮਨ ਰੇਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਤੀ ’ਤੇ ਇਨਸਾਨ ਹੀ ਇੱਕਮਾਤਰ ਬੁੱਧੀਮਾਨ ਜੀਵ ਨਹੀਂ ਹੈ। ਇਸ ਪੰਛੀ ਦੇ ਕਾਲੇ ਖੰਭਾਂ ਦੇ ਪਿੱਛੇ ਇੱਕ ਅਜਿਹਾ ਦਿਮਾਗ਼ ਲੁੱਕਿਆ ਹੋਇਆ ਹੈ, ਜਿਸ ਦੇ ਸਾਰੇ ਭੇਤ ਖੋਲ੍ਹਣ ਵਿੱਚ ਵਿਗਿਆਨ ਨੂੰ ਅਜੇ ਕਈ ਦਹਾਕੇ ਹੋਰ ਲੱਗਣਗੇ।

ਸੰਪਰਕ: 00358 400 968 209

Advertisement
×