DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਿਹਤਰ ਜੀਵਨ ਜਿਊਣ ਦਾ ਰਾਹ

ਨਿਊਟਨ ਦਾ ਇੱਕ ਸਿਧਾਂਤ ਹੈ ਕਿ ਬ੍ਰਹਿਮੰਡ ਦੀ ਹਰ ਵਸਤੂ ਦੂਜੀ ਨੂੰ ਆਪਣੇ ਵੱਲ ਖਿੱਚਦੀ ਹੈ। ਦੂਜਾ ਸਿਧਾਂਤ ਹੈ ਕਿ ਸਮਾਨ ਧਰੁਵ ਇੱਕ-ਦੂਜੇ ਨੂੰ ਪਰੇ ਧੱਕਦੇ ਹਨ। ਇਸ ਸਿਧਾਂਤ ਨੂੰ ਸਮਾਜਿਕ ਵਿਗਿਆਨ ਉੱਪਰ ਲਾਗੂ ਕਰਕੇ ਵੇਖੀਏ ਤਾਂ ਦਿਲਚਸਪ ਨਤੀਜੇ ਨਿਕਲਣਗੇ।...

  • fb
  • twitter
  • whatsapp
  • whatsapp
Advertisement

ਨਿਊਟਨ ਦਾ ਇੱਕ ਸਿਧਾਂਤ ਹੈ ਕਿ ਬ੍ਰਹਿਮੰਡ ਦੀ ਹਰ ਵਸਤੂ ਦੂਜੀ ਨੂੰ ਆਪਣੇ ਵੱਲ ਖਿੱਚਦੀ ਹੈ। ਦੂਜਾ ਸਿਧਾਂਤ ਹੈ ਕਿ ਸਮਾਨ ਧਰੁਵ ਇੱਕ-ਦੂਜੇ ਨੂੰ ਪਰੇ ਧੱਕਦੇ ਹਨ। ਇਸ ਸਿਧਾਂਤ ਨੂੰ ਸਮਾਜਿਕ ਵਿਗਿਆਨ ਉੱਪਰ ਲਾਗੂ ਕਰਕੇ ਵੇਖੀਏ ਤਾਂ ਦਿਲਚਸਪ ਨਤੀਜੇ ਨਿਕਲਣਗੇ। ਇੱਥੇ ਸਮਾਨ ਚੀਜ਼ਾਂ ਇੱਕ-ਦੂਜੇ ਨੂੰ ਆਪਣੇ ਵੱਲ ਖਿੱਚਦੀਆਂ ਹਨ। ਚੰਗੇ ਵਿਚਾਰ ਚੰਗੇ ਵਿਚਾਰਾਂ ਨੂੰ ਆਪਣੇ ਵੱਲ ਖਿੱਚਦੇ ਹਨ। ਚੰਗੀ ਸੋਚ, ਵਿਚਾਰ, ਵਿਹਾਰ ਬਿਹਤਰ ਜੀਵਨ ਦੀ ਸਿਰਜਣਾ ਕਰਦੇ ਹਨ। ਅਜਿਹਾ ਜੀਵਨ ਸਕਾਰਾਤਮਕ ਊਰਜਾ ਦਾ ਵਿਸਤਾਰ ਕਰਦਾ ਹੈ। ਇਸ ਦੇ ਉਲਟ ਜੇਕਰ ਅਸੀਂ ਉਦਾਸ ਹਾਂ, ਚਿੰਤਤ ਹਾਂ, ਕ੍ਰੋਧਿਤ ਜਾਂ ਦੁਖੀ ਹਾਂ ਤਾਂ ਨਕਾਰਾਤਮਕ ਊਰਜਾ ਦਾ ਸੰਚਾਰ ਕਰ ਰਹੇ ਹੁੰਦੇ ਹਾਂ।

ਦਰਅਸਲ, ਸਾਡੀਆਂ ਸੋਚਾਂ ਵਿੱਚ ਹੀ ਸਾਡਾ ਭਵਿੱਖ ਪਿਆ ਹੁੰਦਾ ਹੈ। ਸਵੇਰੇ ਉੱਠਦਿਆਂ ਤੁਹਾਡੇ ਕੋਲ ਆਈ ਪਹਿਲੀ ਸੋਚ ’ਤੇ ਬੋਲਿਆ ਪਹਿਲਾ ਵਾਕ ਤੁਹਾਡੀ ਮਾਨਸਿਕਤਾ ਉੱਪਰ ਵੱਡਾ ਪ੍ਰਭਾਵ ਪਾਉਂਦੇ ਹਨ। ਸਵੇਰੇ ਉੱਠਦਿਆਂ ਕਹਿਣਾ ਕਿ ਮੈਂ ਠੀਕ ਨਹੀਂ ਮਹਿਸੂਸ ਕਰ ਰਿਹਾ, ਤੁਹਾਡੀ ਨਕਾਰਾਤਮਕ ਸੋਚ ਦਾ ਨਤੀਜਾ ਹੈ। ਜਾਂ ਕਿਸੇ ਦੇ ਪੁੱਛਣ ’ਤੇ ਕਹਿਣਾ ਕਿ ਬਸ ਜੀ, ਦਿਨ ਕੱਟ ਰਹੇ ਹਾਂ, ਤੁਹਾਡੀ ਆਪਣੇ ਪ੍ਰਤੀ ਗ਼ੈਰ-ਜ਼ਿੰਮੇਵਾਰੀ ਹੈ। ਆਪਣੇ ਦਿਨ ਜਾਂ ਜੀਵਨ ਦਾ ਨਿਰਮਾਣ ਕਰਨਾ ਸਾਡਾ ਅਧਿਕਾਰ ਹੈ। ਅਸਲ ਵਿੱਚ ਅਸੀਂ ਉਹ ਹੁੰਦੇ ਹਾਂ ਜੋ ਅਸੀਂ ਪੂਰਾ ਦਿਨ ਸੋਚਦੇ ਹਾਂ। ਇਹ ਸਤਰਾਂ ਲਿਖਦਿਆਂ ਮੈਨੂੰ ਆਪਣਾ ਉਹ ਬਜ਼ੁਰਗ ਸਾਥੀ ਯਾਦ ਆ ਰਿਹਾ ਹੈ ਜੋ ਹਾਲ ਪੁੱਛਣ ’ਤੇ ਹਰ ਵਾਰ ਕਹਿੰਦਾ ਹੈ, ‘ਬਸ ਮੌਜਾਂ ਲੱਗੀਆਂ, ਚੜ੍ਹਦੀ ਕਲਾ ’ਚ ਹਾਂ।’

Advertisement

ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ, ਉਸ ਦੇ ਨਿਰਮਾਣ ਵਿੱਚ ਸਾਡਾ ਵੱਡਾ ਯੋਗਦਾਨ ਹੈ। ਜੇਕਰ ਇਹ ਸਮਾਜ ਸਾਨੂੰ ਆਪਣੀਆਂ ਸੋਚਾਂ ਦੇ ਹਾਣ ਦਾ ਨਹੀਂ ਲੱਗਦਾ, ਅਸੀਂ ਇਸ ਵਿੱਚ ਵੱਡੀਆਂ ਤਬਦੀਲੀਆਂ ਚਾਹੁੰਦੇ ਹਾਂ ਤਾਂ ਸਾਨੂੰ ਖ਼ੁਦ ਆਪਣੇ ਅੰਦਰੂਨੀ ਪਰਿਵਰਤਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਅੱਜ ਦੁਨੀਆ ਹਰ ਘੜੀ ਬਦਲ ਰਹੀ ਹੈ। ਬ੍ਰਹਿਮੰਡ ਪਰਿਵਰਤਨਸ਼ੀਲ ਹੈ। ਸਾਡਾ ਜੀਵਨ ਉਹੀ ਹੈ ਜੋ ਸਾਡੇ ਵਿਚਾਰ ਇਸ ਨੂੰ ਬਣਾਉਂਦੇ ਹਨ। ਸਾਡੇ ਵਿੱਚ ਆਪਣੇ ਜੀਵਨ ਨੂੰ ਬਦਲ ਦੇਣ ਦੀ ਯੋਗਤਾ ਹੈ। ਇਸ ਬਦਲਾਅ ਲਈ ਸਾਨੂੰ ਆਪਣੇ ਅੰਦਰੋਂ ਤਿਆਰ ਹੋਣਾ ਪਵੇਗਾ। ਆਪਣੀਆਂ ਭਾਵਨਾਵਾਂ ਉੱਪਰ ਕਾਬੂ ਰੱਖਣਾ ਤੇ ਸਮੇਂ, ਸਥਿਤੀ, ਹਾਲਾਤ ਮੁਤਾਬਕ ਇਨ੍ਹਾਂ ਨੂੰ ਵਿਅਕਤ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਸਾਡਾ ਭਾਵਨਾਤਮਕ ਵਿਕਾਸ ਹੋਣਾ ਚਾਹੀਦਾ ਹੈ। ਬਚਪਨ ਦੇ ਮੁੱਢਲੇ ਸਾਲਾਂ ਜਾਂ ਸਕੂਲ ਦੇ ਦਿਨਾਂ ਦੌਰਾਨ ਭਾਵਨਾਵਾਂ ਉੱਪਰ ਕਾਬੂ ਰੱਖਣ ਦੀ ਸਿੱਖਿਆ ਦੇਣੀ ਚਾਹੀਦੀ ਹੈ। ਇਸ ਸਿੱਖਿਆ ਤੋਂ ਕੋਰੇ ਵਿਅਕਤੀ ਨੂੰ ਜੀਵਨ ਵਿੱਚ ਬਹੁਤ ਵਾਰੀ ਹਾਸੋਹੀਣੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

Advertisement

ਊਰਜਾ ਨਾਲ ਸਬੰਧਤ ਨਿਯਮ ਹੈ ਕਿ ਊਰਜਾ ਨੂੰ ਪੈਦਾ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਊਰਜਾ ਦਾ ਸਿਰਫ਼ ਰੂਪ ਬਦਲਿਆ ਜਾ ਸਕਦਾ ਹੈ। ਸਾਡਾ ਬ੍ਰਹਿਮੰਡ ਊਰਜਾ ਨਾਲ ਭਰਿਆ ਹੈ। ਅਸੀਂ ਇਸ ਬ੍ਰਹਿਮੰਡ ਵਿੱਚ ਊਰਜਾ ਦਾ ਇੱਕ ਬਿੰਦੂ ਹਾਂ। ਊਰਜਾ ਵਿਚਾਰਾਂ ਦਾ ਪਿੱਛਾ ਕਰਦੀ ਹੈ। ਵਿਚਾਰਾਂ ਦਾ ਹਾਂ-ਪੱਖੀ ਹੋਣਾ ਸਾਡੇ ਅੰਦਰਲੀ ਊਰਜਾ ਦਾ ਮਾਪਦੰਡ ਹੈ। ਸਾਡੇ ਵਿਚਾਰ ਤਾਕਤਵਰ ਹਨ। ਸਾਡਾ ਹਰ ਵਿਚਾਰ ਸਾਡੀ ਇੱਛਾ ਦਾ ਮੁਹਾਂਦਰਾ ਹੈ। ਵਿਚਾਰ ਸਾਡੇ ਸਰੀਰ ਵਿੱਚ ਮਨੋਵਿਗਿਆਨਕ ਤਬਦੀਲੀਆਂ ਕਰਦੇ ਹਨ। ਅਸੀਂ ਆਪਣੇ ਵਿਚਾਰਾਂ ਦੀ ਹੀ ਪੈਦਾਇਸ਼ ਹਾਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਕਾਰਾਤਮਕ ਢੰਗ ਨਾਲ ਸੋਚਣਾ ਤੇ ਵਿਹਾਰ ਕਰਨਾ ਸਿੱਖੀਏ। ਅਲਬਰਟ ਆਈਨਸਟਾਈਨ ਦਾ ਕਥਨ ਹੈ ਕਿ ਮੈਂ ਸਵੀਕਾਰ ਕਰਦਾ ਹਾਂ ਕਿ ਵਿਚਾਰ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਨਾਂਹ-ਪੱਖੀ ਸੋਚ ਜ਼ਹਿਰ ਹੈ ਜੋ ਸਾਡੇ ਸਰੀਰ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਹਾਂ-ਪੱਖੀ ਵਿਚਾਰ ਸਾਡੇ ਸਰੀਰ ਵਿੱਚ ਸਿਹਤਮੰਦ ਤਬਦੀਲੀਆਂ ਲਿਆਉਂਦੇ ਹਨ। ਮੈਲੀਆਂ ਸੋਚਾਂ ਤੇ ਗੰਦੇ ਵਿਚਾਰ ਵਕਤੀ ਲੁਤਫ਼ ਦੇ ਸਕਦੇ ਹਨ। ਸਿਹਤਮੰਦ ਸੋਚਾਂ ਅਤੇ ਵਿਚਾਰ ਤਨ ਮਨ ਨੂੰ ਸ਼ਾਂਤੀ ਨਾਲ ਭਰ ਦਿੰਦੇ ਹਨ। ਰੂਹ ਨਸ਼ਿਆ ਜਾਂਦੀ ਹੈ। ਚੁਫ਼ੇਰਾ ਅਪਣੱਤ ਨਾਲ ਭਰ ਜਾਂਦਾ ਹੈ। ਸੰਗੀਤ ਦੀ ਮਧੁਰ ਧੁਨ ਤੁਹਾਡੇ ਕੰਨਾਂ ਦੀ ਹਮਸਫ਼ਰ ਹੋ ਜਾਂਦੀ ਹੈ। ਇਹ ਤੁਹਾਡੇ ਸੁਪਨਿਆਂ ਦੇ ਸਾਕਾਰ ਹੋਣ ਦਾ ਛਿਣ ਹੁੰਦਾ ਹੈ। ਇਸ ਕਾਵਿਕ ਛਿਣ ਲਈ ਅਸੀਂ ਉਮਰ ਭਰ ਸੰਘਰਸ਼ ਕਰਦੇ ਹਾਂ। ਇਸ ਛਿਣ ਤੁਸੀਂ ਊਰਜਾ ਨਾਲ ਭਰੇ ਹੁੰਦੇ ਹੋ। ਇਸ ਊਰਜਾ ਨਾਲ ਤੁਸੀਂ ਉਹ ਕਾਰਜ ਕਰ ਸਕਦੇ ਹੋ ਜਿਸ ਨਾਲ ਇਹ ਦੁਨੀਆ ਤੁਹਾਡੇ ਰਹਿਣਯੋਗ ਹੋ ਜਾਵੇ। ਪਰਵਾਸ ਇਸ ਸੁਪਨੇ ਦੀ ਪ੍ਰਾਪਤੀ ਲਈ ਕੀਤੀ ਚੋਣ ਹੁੰਦੀ ਹੈ। ਨਫ਼ਰਤ ਨੂੰ ਤਿਆਗਦੇ ਇਹ ਛਿਣ ਮੁਹੱਬਤ ਨਾਲ ਭਰ ਜਾਂਦੇ ਹਨ। ਤੁਹਾਨੂੰ ਜ਼ਿੰਦਗੀ ਸੋਹਣੀ ਤੇ ਅਰਥਪੂਰਨ ਲੱਗਣ ਲੱਗਦੀ ਹੈ।

ਭਾਵਨਾਵਾਂ ਦੇ ਵਿਕਸਤ ਹੋਣ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ। ਭਾਵਨਾਵਾਂ ਸਾਡੇ ਰਾਹ ਬਣਦੀਆਂ ਹਨ। ਜਦੋਂ ਅਸੀਂ ਖ਼ੁਸ਼ ਹੁੰਦੇ ਹਾਂ, ਫੈਲਣਾ ਚਾਹੁੰਦੇ ਹਾਂ, ਭਾਵ ਸਹੀ ਰਾਹ ’ਤੇ ਹਾਂ। ਜਦੋਂ ਕ੍ਰੋਧਿਤ, ਦੁਖੀ, ਨਿਰਾਸ਼ ਅਤੇ ਹਤਾਸ਼ ਮਹਿਸੂਸ ਕਰਦੇ ਹਾਂ ਤਾਂ ਸਮਝੋ ਰਾਹ ਤੋਂ ਭਟਕ ਗਏ ਹਾਂ। ਰਾਹ ਬਦਲਣ ਦੀ ਲੋੜ ਹੈ। ਰਾਹ ਬਦਲਣ ਨਾਲ ਊਰਜਾ ਵਿੱਚ ਤਬਦੀਲੀ ਆਵੇਗੀ। ਸਾਡੇ ਅੰਦਰਲੇ ਖਲਾਅ ਨੂੰ ਖ਼ੁਸ਼ੀ, ਪਿਆਰ, ਆਨੰਦ, ਰਾਹਤ, ਸਰਾਹਨਾ ਅਤੇ ਧੀਰਜ ਵਰਗੀਆਂ ਭਾਵਨਾਵਾਂ ਦੀ ਲੋੜ ਹੈ। ਆਪਣੀ ਭਾਵਨਾਤਮਕ ਸਥਿਤੀ ਨੂੰ ਸੰਭਾਲਣਾ ਵੀ ਜ਼ਰੂਰੀ ਹੈ। ਰਾਹ ਤੋਂ ਭਟਕ ਜਾਣ ਦਾ ਅਰਥ ਹੈ ਕਿ ਚੰਗੀਆਂ ਗੱਲਾਂ ਦੇ ਕੋਲ ਜਾਣ ਦੀ ਲੋੜ ਹੈ। ਕੁਝ ਅਜਿਹੇ ਚੰਗੇ ਆਹਰ ਜਿਨ੍ਹਾਂ ਨੂੰ ਕਰਦਿਆਂ ਤੁਹਾਨੂੰ ਖ਼ੁਸ਼ੀ ਮਿਲੇ ਅਤੇ ਸਰੀਰਕ ਥਕਾਵਟ ਛੰਡੀ ਜਾਵੇ, ਕਰਨ ਦੀ ਲੋੜ ਹੈ। ਅਜਿਹਾ ਕਰਦਿਆਂ ਇੱਕ ਵਾਰ ਫਿਰ ਜ਼ਿੰਦਗੀ ਤੁਹਾਨੂੰ ਗਲ਼ ਨਾਲ ਲਾਉਂਦੀ ਹੈ, ਪਿੱਠ ਥਾਪੜਦੀ ਹੈ ਤੇ ਸਿਰ ਪਲੋਸਦੀ ਹੈ।

ਇੱਕ ਗੱਲ ਹੋਰ ਸਮਝਣ ਦੀ ਲੋੜ ਹੈ। ਅਸੀਂ ਜਿਹੋ ਜਿਹੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ, ਉਹੋ ਜਿਹੇ ਕਰਮ ਵੀ ਕਰੀਏ। ਹਿੰਸਾ, ਹਿੰਸਾ ਨੂੰ ਹੀ ਸੱਦਾ ਦਿੰਦੀ ਹੈ। ਅਸੀਂ ਅਮਨ ਸ਼ਾਂਤੀ ਬਾਰੇ ਸੋਚੀਏ। ਪਿਆਰ ਕਰਨ ਨਾਲ ਪਿਆਰ ਵਧਦਾ ਹੈ। ਸ਼ੁਰੂ ਵਿੱਚ ਗੱਲ ਕੀਤੀ ਸੀ ਨਾ ਕਿ ਸਮਾਨ ਚੀਜ਼ਾਂ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਜਿੱਥੋਂ ਤੱਕ ਸੰਭਵ ਹੋਵੇ, ਨਕਾਰਾਤਮਕ ਲੋਕਾਂ ਤੋਂ ਦੂਰ ਰੱਖੀਏ। ਮੀਡੀਆ ਸਾਡੇ ਅੰਦਰ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਨੂੰ ਜਨਮ ਦਿੰਦਾ ਹੈ। ਯੂ ਟਿਊਬ ਚੈਨਲਾਂ ਦੀਆਂ ਝੂਠੀਆਂ ਤੇ ਸ਼ੱਕ ਫੈਲਾਉਂਦੀਆਂ ਖ਼ਬਰਾਂ ਸਾਡੀਆਂ ਸੋਚਾਂ ਨੂੰ ਵਲੂੰਧਰਦੀਆਂ ਹਨ। ਸਾਡਾ ਸੰਤੁਲਨ ਵਿਗੜਦਾ ਹੈ। ਅਸੀਂ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੁੰਦੇ ਹਾਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਮੀਡੀਆ ਦੀ ਵਰਤੋਂ ਸੋਚ-ਸਮਝ ਕੇ ਕੀਤੀ ਜਾਵੇ। ਬਿਹਤਰੀ ਤਾਂ ਇਸ ਗੱਲ ਵਿੱਚ ਹੈ ਕਿ ਸੋਸ਼ਲ ਮੀਡੀਆ ਤੋਂ ਜਿੰਨਾ ਹੋ ਸਕੇ ਦੂਰ ਰਿਹਾ ਜਾਵੇ। ਅਸੀਂ ਜਿਸ ਸੋਚ, ਵਿਚਾਰ, ਸਮਝ, ਵਸਤ, ਵਰਤਾਰੇ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ, ਉਸ ਉੱਪਰ ਆਪਣਾ ਸਾਰਾ ਧਿਆਨ ਕੇਂਦਰਿਤ ਕਰੀਏ। ਸਾਡੀ ਊਰਜਾ ਉਸ ਦਿਸ਼ਾ ਵੱਲ ਪ੍ਰਵਾਹਿਤ ਹੋ ਜਾਵੇਗੀ। ਹੁਣ ਜ਼ਰਾ ਇਸ ਦੇ ਵਿਪਰੀਤ ਸੋਚ ਕੇ ਵੇਖੀਏ, ਸਾਰੀ ਗੱਲ ਸਮਝ ਆ ਜਾਵੇਗੀ।

ਅਸੀਂ ਬਿਹਤਰ ਜੀਵਨ ਜਿਊਣਾ ਚਾਹੁੰਦੇ ਹਾਂ। ਸਾਨੂੰ ਆਪਣਾ ਚੌਗਿਰਦਾ ਵੀ ਬਿਹਤਰ ਬਣਾਉਣਾ ਪਵੇਗਾ। ਹਵਾ ਤੇ ਪਾਣੀ ਦੀ ਸ਼ੁੱਧਤਾ ਨੂੰ ਬਣਾਈ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਹੈ। ਸਾਡੇ ਬ੍ਰਹਿਮੰਡ ਵਿੱਚ ਹਰ ਚੀਜ਼ ਭਰਪੂਰਤਾ ਨਾਲ ਮੌਜੂਦ ਹੈ। ਪਿਆਰ, ਆਨੰਦ, ਤੰਦਰੁਸਤੀ, ਖ਼ੁਸ਼ੀ ਤੇ ਹੋਰ ਸਭ ਕੁਝ। ਅਸੀਂ ਇਸ ਨੂੰ ਬਚਾਉਣਾ ਅਤੇ ਇਸ ਦੀ ਸੁਯੋਗ ਵਰਤੋਂ ਕਰਨੀ ਹੈ। ਇਸ ਲਈ ਸਾਡਾ ਇੱਕ ਉਦੇਸ਼ ਹੋਣਾ ਚਾਹੀਦਾ ਹੈ। ਉਦੇਸ਼ ਸਾਫ਼ ਤੇ ਸਪੱਸ਼ਟ ਹੋਣਾ ਚਾਹੀਦਾ ਹੈ। ਸਾਰਥਕ ਹੋਣਾ ਚਾਹੀਦਾ ਹੈ। ਇਹ ਸਾਹ ਲੈਣ ਵਾਂਗ ਹੋਣਾ ਚਾਹੀਦਾ ਹੈ। ਸਾਹ ਲੈਣ ਜਿੰਨਾ ਹੀ ਜ਼ਰੂਰੀ। ਖ਼ੁਸ਼ਹਾਲ ਜੀਵਨ ਜਿਊਣ ਲਈ ਸਾਨੂੰ ਆਪਣੀ ਯੋਗਤਾ ਤੇ ਭਾਵਨਾਵਾਂ ਦੇ ਅਨੁਕੂਲ ਆਪਣੇ ਕਾਰਜ ਖੇਤਰ ਦੀ ਚੋਣ ਕਰਨੀ ਚਾਹੀਦੀ ਹੈ। ਅਜਿਹਾ ਕਾਰਜ ਕਰਦਿਆਂ ਅਸੀਂ ਉਤਸ਼ਾਹ ਵਿੱਚ ਰਹਿੰਦੇ ਹਾਂ। ਇਹ ਕਾਰਜ ਸਾਨੂੰ ਥੱਕਣ ਨਹੀਂ ਦਿੰਦਾ। ਅਜਿਹਾ ਕਾਰਜ ਕਰਦਿਆਂ ਸਾਡੀਆਂ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਗੁੰਝਲਾਂ ਸੁਲਝ ਜਾਂਦੀਆਂ ਹਨ। ਅਸੀਂ ਹੋਰ ਬਹੁਤ ਸਾਰੇ ਲੋਕਾਂ ਦੇ ਕੰਮ ਆ ਸਕਦੇ ਹਾਂ। ਸਾਡਾ ਦਾਇਰਾ ਚੰਗੇ ਲੋਕਾਂ ਦੀ ਸੰਗਤ ਨਾਲ ਭਰਿਆ ਰਹਿੰਦਾ ਹੈ। ਸਾਨੂੰ ਹੋਰ ਬਿਹਤਰ ਜੀਵਨ ਦੀ ਭਾਲ਼ ਲਈ ਪ੍ਰਸਥਾਨ ਨਹੀਂ ਕਰਨਾ ਪੈਂਦਾ। ਹਾਂ ਅਜਿਹਾ ਹੋ ਸਕਦਾ ਹੈ ਕਿ ਕੁਝ ਲੋਕ ਦੂਰ-ਦੁਰਾਡੇ ਤੋਂ ਤੁਹਾਡੇ ਕੋਲ ਆ ਕੇ ਰਹਿਣ ਲੱਗ ਪੈਣ। ਇਹ ਜੀਵਨ ਦੀ ਬੜੀ ਵੱਡੀ ਸਫਲਤਾ ਹੁੰਦੀ ਹੈ।

ਅਸੀਂ ਖ਼ੁਸ਼ ਰਹਿਣੇ ਲੋਕਾਂ ਨੂੰ ਵੇਖਿਆ ਹੈ। ਉਨ੍ਹਾਂ ਦੇ ਚਿਹਰੇ ’ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈ। ਜਦਕਿ ਅਸੀਂ ਖ਼ੁਸ਼ੀ ਲੱਭਦੇ ਫਿਰਦੇ ਹਾਂ। ਇੰਝ ਕਹਿ ਲਓ ਕਿ ਖ਼ੁਸ਼ੀ ਦੀ ਖੋਜ ਕਰ ਰਹੇ ਹਾਂ। ਅਸੀਂ ਆਪਣੇ ਆਪ ਤੋਂ ਬਾਹਰ ਹੋਰ ਲੋਕਾਂ ਜਾਂ ਵਸਤਾਂ ’ਚੋਂ ਖ਼ੁਸ਼ੀ ਲੱਭਦੇ ਹਾਂ। ਇਹ ਸਾਡੀ ਬੁਨਿਆਦੀ ਗ਼ਲਤੀ ਹੈ। ਖ਼ੁਸ਼ੀ ਤਾਂ ਅਸੀਂ ਆਪ ਹਾਂ। ਸਾਡੇ ਸੋਚਣ ਦੇ ਤਰੀਕੇ ਵਿੱਚ ਪਈ ਹੁੰਦੀ ਹੈ ਖ਼ੁਸ਼ੀ। ਖ਼ੁਸ਼ੀ ਇੱਕ ਦ੍ਰਿਸ਼ਟੀਕੋਣ ਹੈ। ਖ਼ੁਸ਼ੀ ਪਿਆਰ ਹੈ। ਪਿਆਰ ਕਰਦਾ ਬੰਦਾ ਹੀ ਖ਼ੁਸ਼ ਰਹਿ ਸਕਦਾ ਹੈ। ਨਫ਼ਰਤ ਕਰਦੇ ਬੰਦੇ ਕੋਲ਼ ਤਾਂ ਖਿਝ, ਤਣਾਅ ਜਾਂ ਵੈਰਭਾਵ ਹੀ ਹੋ ਸਕਦੇ ਹਨ। ਪਿਆਰ ਅੰਦਰੂਨੀ ਸ਼ਾਂਤੀ ਨਾਲ ਆਉਂਦਾ ਹੈ ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਪਿਆਰ ਕਰਦੇ ਬੰਦੇ ਦਾ ਮਨ ਸ਼ਾਂਤ ਹੁੰਦਾ ਹੈ। ਉਹ ਖ਼ੁਦ ਵੀ ਪ੍ਰਸੰਨ ਰਹਿੰਦਾ ਹੈ ਤੇ ਹੋਰਾਂ ਦੀ ਪ੍ਰਸੰਸਾ ਵੀ ਕਰਦਾ ਹੈ। ਉਹ ਆਪਣੀ ਖ਼ੁਸ਼ੀ ਤੇ ਪ੍ਰਸੰਨਤਾ ਲਈ ਕੁਦਰਤ ਤੇ ਸਮਾਜ ਦਾ ਧੰਨਵਾਦੀ ਹੁੰਦਾ ਹੈ। ਧੰਨਵਾਦ ਕਰਦਾ ਬੰਦਾ ਆਪਣੀ ਆਤਮਾ ਨਾਲ ਸੰਵਾਦ ਰਚਾਉਂਦਾ ਹੈ। ਉਸ ਦੀ ਰੂਹ ’ਚ ਹੁਣ ਦੇ ਛਿਣ ਦੀ ਖ਼ੁਸ਼ਹਾਲੀ ਪਈ ਹੁੰਦੀ ਹੈ। ਉਸ ਨੇ ਬਿਹਤਰ ਜੀਵਨ ਜਿਊਣ ਦਾ ਰਸਤਾ ਖੋਜ ਲਿਆ ਹੁੰਦਾ ਹੈ।

ਗੁਰੂ ਗੋਬਿੰਦ ਸਿੰਘ ਦੀ ਬਾਣੀ ਵਿੱਚ ਦਰਜ ਹੈ;

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।

ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।

ਜ਼ਿੰਦਗੀ ਵਿੱਚ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਉਸ ਲਈ ਸਾਡਾ ਦ੍ਰਿੜ ਨਿਸ਼ਚਾ ਸਭ ਤੋਂ ਪ੍ਰਭਾਵਸ਼ਾਲੀ ਕਿਹਾ ਜਾ ਸਕਦਾ ਹੈ। ਮਜ਼ਬੂਤ ਤੇ ਦ੍ਰਿੜ ਨਿਸ਼ਚਾ ਆਤਮ-ਪਰਿਵਰਤਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਇਹ ਤੁਹਾਨੂੰ ਬੁਰੇ ਵਿਚਾਰਾਂ ਤੇ ਘਟੀਆ ਵਿਸ਼ਵਾਸਾਂ ਤੋਂ ਬਾਹਰ ਕੱਢਦਾ ਹੈ। ਸਾਡੇ ਅੰਦਰਲੇ ਹਨੇਰੇ ਵਿੱਚ ਰੌਸ਼ਨੀ ਦੀ ਜੋਤ ਜਗ ਜਾਂਦੀ ਹੈ। ਡੋਲਦੇ ਮਨ ਨਾਲ ਸ਼ੁਰੂ ਕੀਤਾ ਸਫ਼ਰ ਕਦੀ ਵੀ ਸਿਰੇ ਨਹੀਂ ਚੜ੍ਹਦਾ। ਉਹ ਕਹਿੰਦੇ ਹਨ ਨਾ ਕਿ ਘਰੋਂ ਨਿਕਲਣ ਵੇਲੇ ਮੌਸਮ ਦਾ ਹਾਲ ਪੁੱਛਣ ਵਾਲੇ ਕੋਲੋਂ ਕੋਈ ਉਮੀਦ ਕਰਨੀ ਵਿਅਰਥ ਹੈ। ਮਜ਼ਬੂਤ ਇਰਾਦੇ ਨਾਲ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ।

ਆਪਣੀ ਸਿਹਤਮੰਦ ਸੋਚ ਦੇ ਹਾਣ ਦੀ ਜ਼ਿੰਦਗੀ ਜਿਊਣ ਲਈ ਸੂਖ਼ਮ ਕਲਾਵਾਂ ਦੀ ਵੱਡੀ ਭੂਮਿਕਾ ਹੋ ਸਕਦੀ ਹੈ। ਚੰਗਾ ਸਾਹਿਤ ਪੜ੍ਹਨਾ, ਚੰਗਾ ਸੰਗੀਤ ਸੁਣਨਾ, ਘਰ ਦੀਆਂ ਦੀਵਾਰਾਂ ’ਤੇ ਕਲਾਤਮਿਕ ਪੇਂਟਿੰਗਾਂ ਟੰਗਣੀਆਂ, ਕਲਾਤਮਕ ਫਿਲਮਾਂ ਵੇਖਣੀਆਂ, ਚੰਗੇ ਦੋਸਤ ਬਣਾਉਣੇ, ਉਸਾਰੂ ਸੋਚਾਂ ਰੱਖਣੀਆਂ, ਖ਼ੁਸ਼ੀ ਦੇ ਲਮਹਿਆਂ ਨੂੰ ਮਾਣਨਾ, ਮਹੱਤਵਪੂਰਨ ਥਾਵਾਂ ’ਤੇ ਪਰਿਵਾਰ ਸਮੇਤ ਘੁੰਮਣ ਜਾਣਾ, ਰੋਜ਼ਾਨਾ ਡਾਇਰੀ ਲਿਖਣੀ, ਪੀਲੀ ਪੱਤਰਕਾਰੀ ਨੂੰ ਪੜ੍ਹਨ, ਸੁਣਨ ਤੋਂ ਗੁਰੇਜ਼ ਕਰਨਾ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣੀ ਕੁਝ ਨੁਕਤੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਸੁਪਨੇ ਵਰਗੀ ਬਿਹਤਰ ਜ਼ਿੰਦਗੀ ਜੀਅ ਸਕਦੇ ਹਾਂ। ਅਜਿਹਾ ਕਰਕੇ ਅਸੀਂ ਆਪਣੇ ਦੋਸਤਾਂ, ਸਬੰਧੀਆਂ, ਰਿਸ਼ਤੇਦਾਰਾਂ ਤੇ ਹੋਰ ਜਾਣਕਾਰਾਂ ਦੀ ਚੰਗਾ ਜੀਵਨ ਜਿਊਣ ਵਿੱਚ ਮਦਦ ਵੀ ਕਰ ਸਕਦੇ ਹਾਂ। ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਤੇ ਮੈਂ ਜਾਣਦਾ ਹਾਂ ਕਿ ਚੰਗੀਆਂ ਕਿਤਾਬਾਂ ਤੁਹਾਡੀ ਜ਼ਿੰਦਗੀ ਬਦਲ ਦਿੰਦੀਆਂ ਹਨ। ਚੰਗਾ ਸਾਹਿਤ ਤੁਹਾਡੀ ਥੱਕੀ-ਹਾਰੀ ਦੇਹ ਅੰਦਰ ਊਰਜਾ ਭਰ ਦਿੰਦਾ ਹੈ। ਉਨ੍ਹਾਂ ਇਕੱਠਾਂ, ਸੈਮੀਨਾਰਾਂ, ਮੀਟਿੰਗਾਂ ਵਿੱਚ ਜਾਣਾ ਜਿੱਥੇ ਕਿਸੇ ਚੰਗੇ ਵਿਦਵਾਨ ਦੇ ਵਿਚਾਰ ਸੁਣਨ ਨੂੰ ਮਿਲਣ, ਹਮੇਸ਼ਾ ਲਾਹੇਵੰਦ ਰਹਿੰਦਾ ਹੈ। ਚੰਗੇ ਲੋਕਾਂ ਨੂੰ ਮਿਲਣ ਜਾਣਾ, ਉਨ੍ਹਾਂ ਦੇ ਵਿਚਾਰ ਸੁਣਨੇ, ਉਨ੍ਹਾਂ ਨਾਲ ਸਮਾਂ ਬਿਤਾਉਣਾ ਵੀ ਤੁਹਾਡੇ ਅੰਦਰ ਸਿਹਤਮੰਦ ਊਰਜਾ ਦਾ ਸੰਚਾਰ ਕਰਨ ਵਿੱਚ ਸਹਾਈ ਹੁੰਦੇ ਹਨ। ਇਹ ਕੁਝ ਗੱਲਾਂ, ਨੁਕਤੇ, ਵਿਚਾਰ ਹਨ ਜਿਹੜੇ ਸਾਨੂੰ ਸਾਡੀਆਂ ਸੋਚਾਂ ਦੇ ਹਾਣ ਦੀ ਜ਼ਿੰਦਗੀ ਜਿਊਣ ਦੇ ਯੋਗ ਬਣਾ ਸਕਦੇ ਹਨ।

ਸੰਪਰਕ: +1 365 994 6744

Advertisement
×