ਗੁਰਪ੍ਰੀਤ ਸਿੰਘ ਤਲਵੰਡੀ
ਸਿੱਖਾਂ ਦੇ ਛੇਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਇਕ ਸਪੁੱਤਰੀ ਬੀਬੀ ਵੀਰੋ, ਪੰਜ ਸਪੁੱਤਰ ਬਾਬਾ ਗੁਰਦਿੱਤਾ, ਸੂਰਜ ਮੱਲ, ਅਣੀ ਰਾਏ, ਅਟੱਲ ਰਾਏ ਅਤੇ ਤੇਗ ਬਹਾਦਰ ਜੀ ਸਨ। ਗੁਰੂ ਤੇਗ ਬਹਾਦਰ ਜੀ ਦਾ ਨਾਮ ਕਈ ਜਗ੍ਹਾ ਤਿਆਗਾ ਮੱਲ ਵੀ ਲਿਖਿਆ ਮਿਲਦਾ ਹੈ। ਉਨ੍ਹਾਂ ਦਾ ਜਨਮ 1 ਅਪਰੈਲ, 1621 ਵਿਚ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦਾ ਵਿਆਹ 1633 ਵਿਚ ਮਾਤਾ ਗੁਜਰੀ ਜੀ ਨਾਲ ਹੋਇਆ। 1640 ਵਿਚ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬਕਾਲਾ ਆ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਤੇਗ ਬਹਾਦਰ ਜੀ ਆਪਣੀ ਪਤਨੀ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਦੇ ਨਾਲ ਬਾਬਾ ਬਕਾਲਾ ਵਿਖੇ ਹੀ ਰਹੇ। ਉਨ੍ਹਾਂ ਨੇ ਧਰਮ ਪ੍ਰਚਾਰ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਗੁਰੂ ਹਰਿਗੋਬਿੰਦ ਜੀ ਤੋਂ ਬਾਅਦ ਗੁਰੂ ਹਰਿ ਰਾਇ ਜੀ ਨੇ ਸੱਤਵੇਂ ਗੁਰੂ ਵਜੋਂ ਜ਼ਿੰਮੇਵਾਰੀ ਸੰਭਾਲੀ।
ਉਨ੍ਹਾਂ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਅੱਠਵੇਂ ਗੁਰੂ ਵਜੋਂ ਗੁਰਗੱਦੀ ਉੱਪਰ ਬਿਰਾਜਮਾਨ ਹੋਏ। ਮਾਰਚ 1664 ਵਿਚ ਗੁਰੂ ਹਰਿਕ੍ਰਿਸ਼ਨ ਜੀ ਦੇ ਦਿੱਲੀ ਵਿਚ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਉੱਪਰ ਬੈਠੇ। ਜਦੋਂ ਆਪ ਜੀ ਗੁਰਗੱਦੀ ਦੇ ਵਾਰਸ ਬਣੇ ਤਾਂ ਉਸ ਵੇਲੇ ਦੇਸ਼ ਦੇ ਹਾਲਾਤ ਬਹੁਤ ਖ਼ਰਾਬ ਸਨ। ਮੁਗਲ ਹਾਕਮ ਔਰੰਗਜ਼ੇਬ ਆਪਣੇ ਪਿਤਾ ਨੂੰ ਕੈਦ ਕਰਕੇ ਅਤੇ ਭਰਾਵਾਂ ਨੂੰ ਕਤਲ ਕਰਨ ਤੋਂ ਬਾਅਦ ਰਾਜ ਭਾਗ ’ਤੇ ਕਾਬਜ਼ ਹੋ ਚੁੱਕਿਆ ਸੀ। ਰਾਜਭਾਗ ਸੰਭਾਲਣ ਤੋਂ ਬਾਅਦ ਆਪਣੀ ਵਿਗੜੀ ਸ਼ਾਖ ਨੂੰ ਬਚਾਉਣ ਲਈ ਉਹ ਮੁਸਲਮਾਨਾਂ ਨੂੰ ਖੁਸ਼ ਕਰਨ ਦੇ ਉਦੇਸ਼ ਨਾਲ ਹਿੰਦੂਆਂ ਉੱਪਰ ਜ਼ਿਆਦਾ ਅੱਤਿਆਚਾਰ ਕਰਨ ਦਾ ਮਨ ਬਣਾ ਚੁੱਕਾ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਸ਼ਮੀਰ ਵਿਚ ਬ੍ਰਾਹਮਣਾਂ ਦੀ ਗਿਣਤੀ ਵਧੇਰੇ ਹੈ। ਉਸ ਨੇ ਇਹ ਵੀ ਭਰਮ ਪਾਲ ਰੱਖਿਆ ਸੀ ਕਿ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣ ਨਾਲ ਹੋਰ ਆਪਣੇ ਆਪ ਮੁਸਲਮਾਨ ਬਣ ਜਾਣਗੇ। ਉਸ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਖਾਨ ਨੂੰ ਲਿਖਤੀ ਹੁਕਮ ਭੇਜ ਕੇ ਕਸ਼ਮੀਰੀ ਬ੍ਰਾਹਮਣਾਂ ਨੂੰ ਲਾਲਚਵੱਸ ਜਾਂ ਜ਼ਬਰੀ ਮੁਸਲਮਾਨ ਬਣਾਉਣ ਦੀ ਤਾਕੀਦ ਕੀਤੀ। ਕਸ਼ਮੀਰੀ ਪੰਡਤਾਂ ਉੱਪਰ ਅੱਤਿਆਚਾਰ ਦਿਨੋਂ ਦਿਨ ਵਧਣੇ ਸ਼ੁਰੂ ਹੋ ਗਏ। ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ 25 ਮਈ, 1675 ਨੂੰ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਬ੍ਰਾਹਮਣਾਂ ਨੇ ਸ੍ਰੀ ਆਨੰਦਪੁਰ ਸਾਹਿਬ ਪੁੱਜ ਕੇ ਗੁਰੂ ਤੇਗ ਬਹਾਦਰ ਜੀ ਕੋਲ ਧਰਮ ਤਬਦੀਲੀ ਨੂੰ ਰੋਕਣ ਲਈ ਪਹਿਲਕਦਮੀ ਕਰਦਿਆਂ ਅੱਗੇ ਆਉਣ ਦੀ ਅਪੀਲ ਕੀਤੀ। ਬ੍ਰਾਹਮਣਾਂ ਨੇ ਔਰੰਗਜ਼ੇਬ ਨੂੰ ਇਹ ਸੁਨੇਹਾ ਭਿਜਵਾ ਦਿੱਤਾ ਕਿ ਉਨ੍ਹਾਂ ਦਾ ਗੁਰੂ ਤੇਗ ਬਹਾਦਰ ਹੈ, ਜੇਕਰ ਉਹ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਵੀ ਧਰਮ ਤਬਦੀਲ ਕਰਨ ਲਈ ਸਹਿਮਤ ਹੋਵਾਂਗੇ।
ਉੱਧਰ ਗੁਰੂ ਸਾਹਿਬ ਦੇ ਸਪੁੱਤਰ ਗੋਬਿੰਦ ਰਾਏ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਜ਼ਬਰੀ ਧਰਮ ਤਬਦੀਲੀ ਨੂੰ ਰੋਕਣ ਲਈ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਲਈ ਕਿਹਾ। ਦੂਸਰੇ ਪਾਸੇ ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਖਾਨ ਨੂੰ ਫੁਰਮਾਨ ਜਾਰੀ ਕੀਤਾ ਕਿ ਗੁਰੂ ਤੇਗ ਬਹਾਦਰ ਨੂੰ ਦਿੱਲੀ ਦਰਬਾਰ ਪੇਸ਼ ਹੋਣ ਲਈ ਕਹੇ। ਗੁਰੂ ਜੀ ਆਪਣੇ ਨੇੜਲੇ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਉਦੋ ਅਤੇ ਭਾਈ ਜੈਤਾ ਜੀ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਕੀਰਤਪੁਰ, ਰੋਪੜ, ਸੈਫਾਬਾਦ, ਪਟਿਆਲਾ, ਸਮਾਣਾ, ਕੈਥਲ, ਜੀਂਦ, ਰੋਹਤਕ, ਮਥੁਰਾ ਹੁੰਦੇ ਹੋਏ ਦਿੱਲੀ ਵੱਲ ਵਧ ਰਹੇ ਸਨ। ਉੱਧਰ ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਵਾਉਣ ਲਈ 500 ਮੋਹਰਾਂ ਇਨਾਮ ਵਜੋਂ ਦੇਣ ਦਾ ਐਲਾਨ ਕਰ ਦਿੱਤਾ। ਆਗਰਾ ਲਾਗਲੇ ਪਿੰਡ ਕਕਰੇਟਾ ਦੇ ਸੱਯਦ ਅਹਿਮਦ ਅਲੀ ਖਾਂ ਦੇ ਪੋਤਰੇ ਹਸਨ ਅਲੀ ਖਾਂ, ਜੋ ਬੱਕਰੀਆਂ ਚਾਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ, ਨੇ ਮਨ ਹੀ ਮਨ ਸੋਚਿਆ ਕਿ ਜੇਕਰ ਗੁਰੂ ਜੀ ਮੇਰੇ ਰਾਹੀਂ ਗ੍ਰਿਫ਼ਤਾਰੀ ਦੇ ਦੇਣ ਤਾਂ ਮੈਂ 500 ਮੋਹਰਾਂ ਇਨਾਮ ਵਜੋਂ ਲੈ ਕੇ ਆਪਣੀਆਂ ਦੋਵਾਂ ਲੜਕੀਆਂ ਦਾ ਨਿਕਾਹ ਕਰ ਸਕਾਂਗਾ। ਗੁਰੂ ਜੀ ਅਕਤੂਬਰ 1675 ਨੂੰ ਆਗਰਾ ਨੇੜਲੇ ਕਸਬਾ ਸਿਕੰਦਰਾ ਦੇ ਪਿੰਡ ਕਕਰੇਟਾ ਦੇ ਬਾਦਸ਼ਾਹੀ ਬਾਗ ਜਿੱਥੇ ਹਸਨ ਅਲੀ ਬੱਕਰੀਆਂ ਚਾਰ ਰਿਹਾ ਸੀ, ਵਿਖੇ ਪਹੁੰਚੇ।
ਆਪਣੀ ਗ੍ਰਿਫ਼ਤਾਰੀ ਦੇ ਉਦੇਸ਼ ਨਾਲ ਗੁਰੂ ਜੀ ਨੇ ਹਸਨ ਅਲੀ ਨੂੰ ਕੋਲ ਬੁਲਾ ਕੇ ਹੀਰੇ ਦੇ ਨਗ ਵਾਲੀ ਇਕ ਅੰਗੂਠੀ ਅਤੇ ਇਕ ਕੀਮਤੀ ਦੋਸ਼ਾਲਾ ਦੇ ਕੇ ਸ਼ਹਿਰ ਵਿਚੋਂ ਕੁਝ ਰਸਦ ਲੈਣ ਲਈ ਭੇਜਿਆ। ਬੱਕਰੀਆਂ ਚਾਰਨ ਵਾਲੇ ਚਰਵਾਹੇ ਕੋਲ ਮਹਿੰਗੀਆਂ ਵਸਤਾਂ ਦੇਖ ਕੇ ਦੁਕਾਨਦਾਰ ਨੂੰ ਉਸ ਦੇ ਚੋਰ ਹੋਣ ਦਾ ਸ਼ੱਕ ਹੋਇਆ। ਉਸ ਨੇ ਹਸਨ ਅਲੀ ਨੂੰ ਸ਼ਾਹੀ ਫ਼ੌਜ ਦੇ ਹਵਾਲੇ ਕਰ ਦਿੱਤਾ। ਉਸ ਦੀ ਨਿਸ਼ਾਨਦੇਹੀ ’ਤੇ ਜਦੋਂ ਸ਼ਾਹੀ ਫ਼ੌਜਾਂ ਬਾਗ ਵਿਚ ਪੁੱਜੀਆਂ ਤਾਂ ਉੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਨਾਖਤ ਹੋ ਗਈ ਅਤੇ ਗੁਰੂ ਜੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਗੁਰੂ ਜੀ ਨੂੰ ਬਾਗ ਦੇ ਲਾਗੇ ਹੀ ਇਕ ਇਮਾਰਤ ਦੇ ਤਹਿਖਾਨੇ ਵਿਚ ਕੈਦ ਕਰ ਦਿੱਤਾ। 9 ਦਿਨ ਦੀ ਬੰਦੀ ਤੋਂ ਬਾਅਦ 12000 ਸਿਪਾਹੀਆਂ ਦੀ ਨਿਗਰਾਨੀ ਹੇਠ ਗੁਰੂ ਜੀ ਨੂੰ ਆਗਰੇ ਤੋਂ ਦਿੱਲੀ ਲਿਜਾਇਆ ਗਿਆ।
ਮੁਗਲ ਬਾਦਸ਼ਾਹ ਦੇ ਹੁਕਮ ’ਤੇ ਪਹਿਲਾਂ ਕਾਜ਼ੀ ਨੇ ਫਤਵਾ ਪੜ੍ਹਿਆ, ਫਿਰ ਜਲਾਦ ਜਲਾਲੁਦੀਨ ਨੇ ਤਲਵਾਰ ਦਾ ਵਾਰ ਕਰਕੇ ਗੁਰੂ ਜੀ ਨੂੰ 11 ਨਵੰਬਰ, 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕਰ ਦਿੱਤਾ। ਜਿਸ ਥਾਂ ਗੁਰੂ ਜੀ ਨੇ ਗ੍ਰਿਫ਼ਤਾਰੀ ਦਿੱਤੀ ਸੀ, ਉੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਦੀ ਸੁੰਦਰ ਇਮਾਰਤ ਬਣੀ ਹੋਈ ਹੈ। ਜਿਸ ਥਾਂ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੈਦ ਕੀਤਾ ਗਿਆ ਸੀ, ਉਸ ਇਮਾਰਤ ਨੂੰ ਇਕ ਇਤਿਹਾਸਕ ਯਾਦਗਾਰ ਵਜੋਂ ਸੰਭਾਲਿਆ ਹੋਇਆ ਹੈ। ਗੁਰਦੁਆਰਾ ਗੁਰੂ ਕਾ ਤਾਲ ਆਗਰਾ ਨੂੰ ਭਾਰਤ ਸਰਕਾਰ ਵੱਲੋਂ 22 ਦਸੰਬਰ, 1920 ਵਿਚ ਪੁਰਾਤਨ ਸਮਾਰਕ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਚਾਂਦਨੀ ਚੌਂਕ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੇ ਸੀਸ ਨੂੰ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪੁੱਜੇ। ਗੁਰੂ ਸਾਹਿਬ ਦੀ ਸ਼ਹੀਦੀ ਮੌਕੇ ਲੱਖੀ ਸ਼ਾਹ ਵਣਜਾਰੇ ਦੇ ਗੱਡੇ ਰੂੰ ਨਾਲ ਲੱਦੇ ਉੱਥੋਂ ਲੰਘ ਰਹੇ ਸਨ, ਉਸ ਨੇ ਆਪਣੇ ਸਪੁੱਤਰਾਂ ਭਾਈ ਨਗਾਹੀਆ, ਹੇਮਾਂ ਅਤੇ ਹਾੜੀ ਦੀ ਮਦਦ ਨਾਲ ਗੁਰੂ ਜੀ ਦੇ ਬਿਨਾਂ ਸੀਸ ਤੋਂ ਧੜ ਨੂੰ ਆਪਣੇ ਰੂੰ ਦੇ ਭਰੇ ਗੱਡੇ ਵਿਚ ਲੱਦ ਕੇ ਪਿੰਡ ਰਾਏਸਿਨਾਂ ਵਿਚ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਧੜ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ, ਜਿੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਹੈ। ਗੁਰੂ ਜੀ ਦੀ ਸ਼ਹੀਦੀ ਦਾ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿਚ ਇਉਂ ਲਿਖਿਆ ਹੈ:
ਤਿਲਕ ਜੰਞੂ ਰਾਖਾ ਪ੍ਰਭ ਤਾਕਾ ।।
ਕੀਨੋ ਬਡੋ ਕਲੂ ਮਹਿ ਸਾਕਾ।।
ਸਾਧਨ ਹੇਤਿ ਇਤੀ ਜਿਨਿ ਕਰੀ।।
ਸੀਸੁ ਦੀਆ ਪਰ ਸੀ ਨ ਉਚਰੀ।।
ਧਰਮ ਹੇਤ ਸਾਕਾ ਜਿਨਿ ਕੀਆ।।
ਸੀਸੁ ਦੀਆ ਪਰੁ ਸਿਰਰੁ ਨ ਦੀਆ।।
ਗੁਰੂ ਜੀ ਦੀ ਸ਼ਹੀਦੀ ਵਾਲੇ ਅਸਥਾਨ ਨੂੰ 1783 ਵਿਚ ਉਸ ਵੇਲੇ ਪਹਿਲੀ ਵਾਰ ਲੱਭ ਕੇ ਉੱਥੇ ਯਾਦਗਾਰ ਬਣਾਈ ਗਈ, ਜਦੋਂ 11 ਮਾਰਚ 1783 ਵਿਚ ਸਿੱਖ ਜਰਨੈਲ ਜਥੇਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਪਹਿਲੀ ਵਾਰ ਸਿੱਖਾਂ ਨੇ ਦਿੱਲੀ ਫਤਹਿ ਕੀਤੀ। ਦਿੱਲੀ ਫਤਹਿ ਕਰਨ ਤੋਂ ਬਾਅਦ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਦਾ ਆਗਰੇ ਲਾਗੇ ਸਰਧਾਨਾਂ ਰਿਆਸਤ ਦੀ ਸ਼ਾਸਕ ਬੇਗਮ ਸਮਰੂ ਦੁਆਰਾ ਵਿਚੋਲਗੀ ਕਰਦਿਆਂ ਸਿੰਘਾਂ ਨਾਲ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ ਸੀ। ਇਸ ਸਮਝੌਤੇ ਵਿਚ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦਾ ਨਿਰਮਾਣ ਕਰਵਾਉਣਾ ਵੀ ਸ਼ਾਮਲ ਸੀ। ਹੋਰ ਇਤਿਹਾਸਕ ਗੁਰਧਾਮਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਜਦੋਂ ਸਿੱਖ ਜਰਨੈਲਾਂ ਨੇ ਚਾਂਦਨੀ ਚੌਂਕ ਲਾਗੇ ਸੁਨਹਿਰੀ ਮਸਜਿਦ ਕੋਲ ਸਥਿਤ ਕੋਤਵਾਲੀ ਜਿੱਥੇ ਮੁਗਲ ਹਾਕਮਾਂ ਵੱਲੋਂ ਗੁਰੂ ਸਾਹਿਬ ਨੂੰ ਕੈਦ ਕਰਕੇ ਰੱਖਿਆ ਗਿਆ ਅਤੇ ਫਿਰ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਸ ਅਸਥਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।
ਇਤਿਹਾਸਕਾਰ ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਵਿਚ ਲਿਖਦੇ ਹਨ ਕਿ ਉਸ ਵਕਤ ਸਿੰਘਾਂ ਨੂੰ ਇਕ ਬਜ਼ੁਰਗ ਔਰਤ ਮਿਲੀ, ਜੋ ਮਾਸ਼ਕੀ ਦੀ ਪਤਨੀ ਦੱਸੀ ਜਾਂਦੀ ਸੀ। ਇੱਥੇ ਮਾਸ਼ਕੀ ਫਾਰਸੀ ਭਾਸ਼ਾ ਦਾ ਲਫਜ਼ ਹੈ। ਮਾਸ਼ਕੀ ਦਾ ਅਰਥ ਹੈ ਚਮੜੇ ਦੇ ਥੈਲੇ ਵਿਚ ਪਾਣੀ ਪਿਲਾਉਣ ਵਾਲਾ। ਸੋ, ਮਾਸ਼ਕੀ ਦੀ ਪਤਨੀ ਨੇ ਦੱਸਿਆ ਕਿ ਬੋਹੜ ਦੇ ਦਰੱਖਤ ਦੇ ਪਾਸ ਜਿੱਥੇ ਮਸਜਿਦ ਬਣੀ ਹੋਈ ਹੈ, ਉੱਥੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੀ ਇਹ ਘਟਨਾ ਵਾਪਰੀ ਸੀ। ਉਸ ਔਰਤ ਅਨੁਸਾਰ ਮੇਰਾ ਪਤੀ ਗੁਰੂ ਜੀ ਦੀ ਸ਼ਹੀਦੀ ਵੇਲੇ ਮਸ਼ਕ ਲੈ ਕੇ ਮੌਕੇ ’ਤੇ ਮੌਜੂਦ ਸੀ। ਮਾਸ਼ਕੀ ਵਾਲੀ ਗੱਲ ਦੀ ਵੀ ਬਹੁਤੇ ਇਤਿਹਾਸਕਾਰ ਗਵਾਹੀ ਨਹੀਂ ਭਰਦੇ। ਸੋ, ਜਥੇਦਾਰ ਬਘੇਲ ਸਿੰਘ ਨੇ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਉਸ ਥਾਂ ਇਕ ਨਿੱਕਾ ਜਿਹਾ ਥੜ੍ਹਾ ਯਾਦਗਾਰ ਵਜੋਂ ਬਣਵਾ ਦਿੱਤਾ। ਏਨੇ ਨੂੰ ਮੁਸਲਮਾਨ ਤਲਵਾਰਾਂ ਲੈ ਕੇ ਬਾਹਰ ਨਿਕਲ ਆਏ।
ਦੂਸਰੇ ਪਾਸੇ ਸਿੰਘਾਂ ਨੇ ਵੀ ਜੈਕਾਰੇ ਛੱਡ ਕੇ ਤਲਵਾਰਾਂ ਧੂਹ ਲਈਆਂ। ਇਕ ਮਾਮੂਲੀ ਜਿਹੀ ਝੜਪ ਲੱਗਣ ਤੋਂ ਬਾਅਦ ਮੁਗਲ ਹਾਕਮ ਸ਼ਾਹ ਆਲਮ ਦੇ ਦਖਲ ਨਾਲ ਇਹ ਝਗੜਾ ਸੁਲਝਾਇਆ ਗਿਆ। ਉਸ ਥੜ੍ਹੇ ਦੇ ਦੋਹਾਂ ਪਾਸਿਆਂ ਤੋਂ ਕੁਝ ਜਗ੍ਹਾ ਛੱਡ ਦਿੱਤੀ ਗਈ। ਉਹ ਥੜ੍ਹਾ ਵੀ ਕਾਇਮ ਰੱਖਿਆ ਅਤੇ ਮਸਜਿਦ ਵੀ ਉਹਦੇ ਪਾਸ ਬਣਵਾ ਦਿੱਤੀ। ਸਿੱਖਾਂ ਨੂੰ ਖੁਸ਼ ਕਰਨ ਲਈ ਕੁਝ ਜ਼ਮੀਨ ਮੁੱਖ ਬਾਜ਼ਾਰ ਅਤੇ ਕੋਤਵਾਲੀ ਵੱਲ ਛੱਡ ਦਿੱਤੀ ਗਈ। ਇਕ ਬਾਰਾਂਦਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਬਣਵਾ ਦਿੱਤੀ ਗਈ। ਇਸ ਗੁਰਦੁਆਰੇ ਦਾ ਨਾਮ ਸੀਸ ਗੰਜ ਰੱਖਿਆ ਗਿਆ।
ਵੈਨਕੂਵਰ (ਕੈਨੇਡਾ)
ਸੰਪਰਕ: 001-431-373-4814