ਜਹਾਜ਼ ’ਚ ਫੈਲੀ ਬਦਬੂ ਦੀ ਗਾਥਾ
ਸੁਣਿਆ ਤਾਂ ਬਹੁਤ ਵਾਰੀ ਸੀ ਕਿ ਤਕਨੀਕੀ ਕਾਰਨਾਂ ਦੇ ਨਾਲ ਨਾਲ ਕੁਝ ਅਜੀਬ ਕਾਰਨਾਂ ਨਾਲ ਵੀ ਜਹਾਜ਼ ਦੀਆਂ ਉਡਾਣਾਂ ਕੈਂਸਲ ਹੋ ਜਾਂਦੀਆਂ ਹਨ, ਪਰ ਅੱਖੀਂ ਦੇਖਣ ਵਾਲਾ ਤਜਰਬਾ ਪਹਿਲੀ ਵਾਰ ਹੋਇਆ। ਹੋਇਆ ਇਸ ਤਰ੍ਹਾਂ ਕਿ ਮੈਂ ਪੂਰੇ ਪਰਿਵਾਰ ਸਮੇਤ ਆਸਟਰੇਲੀਆ...
ਸੁਣਿਆ ਤਾਂ ਬਹੁਤ ਵਾਰੀ ਸੀ ਕਿ ਤਕਨੀਕੀ ਕਾਰਨਾਂ ਦੇ ਨਾਲ ਨਾਲ ਕੁਝ ਅਜੀਬ ਕਾਰਨਾਂ ਨਾਲ ਵੀ ਜਹਾਜ਼ ਦੀਆਂ ਉਡਾਣਾਂ ਕੈਂਸਲ ਹੋ ਜਾਂਦੀਆਂ ਹਨ, ਪਰ ਅੱਖੀਂ ਦੇਖਣ ਵਾਲਾ ਤਜਰਬਾ ਪਹਿਲੀ ਵਾਰ ਹੋਇਆ। ਹੋਇਆ ਇਸ ਤਰ੍ਹਾਂ ਕਿ ਮੈਂ ਪੂਰੇ ਪਰਿਵਾਰ ਸਮੇਤ ਆਸਟਰੇਲੀਆ ਤੋਂ ਅਮਰੀਕਾ ਦੇ ਨਿਊਯਾਰਕ ਤੇ ਉਰਲੈਂਡੋ ਘੁੰਮਣ ਨਿਕਲਿਆ ਹੋਇਆ ਸੀ|
ਸਾਰੀਆਂ ਮੁੱਖ ਫਲਾਈਟਾਂ ਮੈਂ ਆਸਟਰੇਲੀਆ ਤੋਂ ਹੀ ਬੁੱਕ ਕਰਾ ਚੁੱਕਿਆ ਸੀ| ਨਿਊਯਾਰਕ ਤੋਂ ਉਰਲੈਂਡੋ ਦੀ ਫਲਾਈਟ ਮੈਂ ਸਪਿਰਟ ਏਅਰ ਤੋਂ 15 ਦਸੰਬਰ ਨੂੰ ਸਪਿਰਟ ਫਸਟ ਕਲਾਸ ਬੁੱਕ ਕੀਤੀ ਸੀ ਕਿਉਂਕਿ ਇਸ ਵਿੱਚ ਸੱਤ ਕਿਲੋ ਦੇ ਨਾਲ ਬਾਈ ਕਿੱਲੋ ਚੈੱਕ ਇਨ ਬੈਗ ਵੀ ਮਿਲ ਰਿਹਾ ਸੀ। ਨਾਲੇ ਮੈਨਹਟਨ ’ਚ ਮੁਕਤਸਰ ਵਾਲੇ ਦੋਸਤ ਡੈਂਟਿਸਟ ਕੰਵਰਜੀਤ ਬਰਾੜ ਦੇ ਅਪਾਰਟਮੈਂਟ ਤੋਂ ਨਿਊਯਾਰਕ ਦਾ ਲਿਬਰਟੀ ਏਅਰਪੋਰਟ ਤਕਰੀਬਨ ਇੱਕ ਘੰਟੇ ਦੀ ਦੂਰੀ ’ਤੇ ਸੀ| ਇਹ ਫਲਾਈਟ ਸਵੇਰੇ ਦਸ ਵਜੇ ਚੱਲ ਕੇ ਇੱਕ ਵਜੇ ਉਰਲੈਂਡੋ ਪਹੁੰਚ ਰਹੀ ਸੀ| ਫਲਾਈਟ ਬੁੱਕ ਕਰਾ ਕੇ ਮੈਂ ਬਰਾੜ ਨੂੰ ਫੋਨ ਕੀਤਾ ਕਿ ਮੈਂ ਸਪਿਰਟ ’ਚ ਟਿਕਟ ਬੁੱਕ ਕਰਾ ਦਿੱਤੀ ਹੈ| ਬਰਾੜ ਕਹਿੰਦਾ ਕਿ ਗਿੰਨੀ ਯਾਰ... ਇਹ ਤਾਂ ਤੂੰ ਪੁੱਠਾ ਪੰਗਾ ਹੀ ਲੈ ਲਿਆ, ਸਪਿਰਟ ਵਾਲਿਆਂ ਦਾ ਬੁਰਾ ਹਾਲ ਹੈ। ਕਈ ਵਾਰ ਇਨ੍ਹਾਂ ਦੀਆਂ ਫਲਾਈਟਾਂ ਕੈਂਸਲ ਹੋਈਆਂ ਹਨ| ਇਹ ਸੁਣ ਕੇ ਮੇਰਾ ਦਿਮਾਗ਼ ਵੀ ਇੱਕ ਵਾਰ ਘੁੰਮ ਗਿਆ ਕਿ ਪੂਰਾ ਪਰਿਵਾਰ ਨਾਲ ਹੈ। ਜੇਕਰ ਕੋਈ ਪੰਗਾ ਪੈ ਗਿਆ ਤਾਂ ਖੱਜਲ ਬਹੁਤ ਹੋਵਾਂਗੇ|
ਜਿਸ ਗੱਲ ਦਾ ਡਰ ਸੀ ਉਹੀ ਹੋਇਆ। ਛੇ ਅਕਤੂਬਰ ਨੂੰ ਮੈਂ ਟਿਕਟ ਬੁੱਕ ਕੀਤੀ ਸੀ ਤੇ ਦਸ ਅਕਤੂਬਰ ਨੂੰ ਮੈਨੂੰ ਸਵੇਰੇ ਈਮੇਲ ਆਈ ਕਿ ਕੁਝ ਕਾਰਨਾਂ ਕਰਕੇ ਦਸ ਵਜੇ ਵਾਲੀ ਫਲਾਈਟ ਕੈਂਸਲ ਹੋ ਗਈ ਹੈ। ਰਿਫੰਡ ਜਾਂ ਦੂਜੇ ਜਹਾਜ਼ ’ਚ ਟਿਕਟ ਟਰਾਂਸਫਰ ਕਰਨ ਲਈ ਹੁਣੇ ਸਪਿਰਟ ਨਾਲ ਸੰਪਰਕ ਕਰੋ| ਲਾਈਵ ਮੈਸੇਜ ’ਤੇ ਸੰਪਰਕ ਹੋਇਆ ਤਾਂ ਸਪਿਰਟ ਦੀ ਟੀਮ ਕਹਿੰਦੀ ਕਿ ਗਿਆਰਾਂ ਵਜੇ ਇੱਕ ਹੋਰ ਫਲਾਈਟ ਹੈ ਜਿਹੜੀ ਦੋ ਵਜੇ ਉਰਲੈਂਡੋ ਪਹੁੰਚ ਰਹੀ ਹੈ| ਉਹ ਸਾਨੂੰ ਚਾਰਾਂ ਨੂੰ ਉਸ ਵਿੱਚ ਟਰਾਂਸਫਰ ਕਰ ਦੇਣਗੇ ਤੇ ਸਾਨੂੰ ਕੋਈ ਹੋਰ ਪੈਸੇ ਦੇਣ ਦੀ ਲੋੜ ਵੀ ਨਹੀਂ। ਸਵੇਰੇ ਦਾ ਸਮਾਂ ਹੋਣ ਕਾਰਨ ਮੇਰਾ ਦਿਮਾਗ਼ ਅੱਧਸੁੱਤਾ ਹੀ ਸੀ ਤੇ ਮੈਂ ਇਹ ਕਹਿ ਹੀ ਨਹੀਂ ਸਕਿਆ ਕਿ ਮੇਰੇ ਪੂਰੇ ਪੈਸੇ ਵਾਪਸ ਕਰੋ| ਇਸ ਦੀ ਬਜਾਏ ਮੈਂ ਗਿਆਰਾਂ ਵਜੇ ਵਾਲੀ ਟਿਕਟ ਫਾਈਨਲ ਕਰ ਲਈ।
ਕੁਝ ਸਮੇਂ ਬਾਅਦ ਮੈਂ ਨਹਾ ਕੇ ਦੁਬਾਰਾ ਧਿਆਨ ਨਾਲ ਈਮੇਲ ਪੜ੍ਹੀ, ਫਿਰ ਰਿਫੰਡ ਵਾਲੀ ਗੱਲ ਮੇਰੇ ਦਿਮਾਗ਼ ਵਿੱਚ ਜਾ ਵੱਜੀ| ਮੈਂ ਦੁਬਾਰਾ ਸਪਿਰਟ ਨਾਲ ਰਾਬਤਾ ਕੀਤਾ ਤਾਂ ਉਹ ਕਹਿੰਦੇ ਕਿ ਹੁਣ ਉਹ ਰਿਫੰਡ ਨਹੀਂ ਦੇ ਸਕਦੇ, ਇਕੱਲਾ ਇੱਕ ਸਾਲ ਦਾ ਕਰੈਡਿਟ ਦੇ ਸਕਦੇ ਹਨ, ਪਰ ਆਸਟਰੇਲੀਆ ਵਿੱਚ ਰਹਿਣ ਕਾਰਨ ਕਰੈਡਿਟ ਮੇਰੇ ਲਈ ਸਹੀ ਨਹੀਂ ਸੀ ਕਿਉਂਕਿ ਸਪਿਰਟ ਅਮਰੀਕਾ ਵਿੱਚ ਚੱਲਦੀ ਸੀ| ਆਪਾਂ ਫਿਰ ਇਸੇ ਜਹਾਜ਼ ’ਤੇ ਹੀ ਸਫ਼ਰ ਕਰਨ ਦਾ ਫ਼ੈਸਲਾ ਕੀਤਾ|
ਚੌਦਾਂ ਦਸੰਬਰ ਨੂੰ ਮੈਨੂੰ ਸਪਿਰਟ ਏਅਰ ਦੀ ਈਮੇਲ ਆ ਗਈ ਕਿ ਕੱਲ੍ਹ ਨੂੰ ਜਾਣ ਵਾਲਾ ਜਹਾਜ਼ ਕੁਝ ਤਕਨੀਕੀ ਕਾਰਨਾਂ ਕਰਕੇ ਬਦਲ ਦਿੱਤਾ ਗਿਆ ਹੈ ਤੇ ਇਹ ਕੁਝ ਹਫ਼ਤੇ ਪਹਿਲਾਂ ਖ਼ਰੀਦਿਆ ਨਵਾਂ ਜਹਾਜ਼ ਹੋਣ ਕਾਰਨ, ਅਸੀਂ ਇਸ ਵਿੱਚ ਵਾਈ ਫਾਈ ਨਹੀਂ ਵਰਤ ਸਕਾਂਗੇ ਕਿਉਂਕਿ ਇਸ ਵਿੱਚ ਵਾਈ ਫਾਈ ਸਿਸਟਮ ਅਜੇ ਤੱਕ ਨਹੀਂ ਲਗਾਇਆ ਗਿਆ ਸੀ| ਮੇਰਾ ਮੱਥਾ ਫਿਰ ਠਣਕਿਆ ਕਿ ਇਹ ਵਾਰ ਵਾਰ ਗੜਬੜ ਕਿਉਂ ਹੋ ਰਹੀ ਹੈ, ਪਰ ਫਿਰ ਰੱਬ ਹੱਥ ਡੋਰ ਛੱਡ ਦਿੱਤੀ ਕਿ ਦੇਖੀ ਜਾਉ, ਜੋ ਹੋਵੇਗਾ|
ਪੰਦਰਾਂ ਦਸੰਬਰ ਨੂੰ ਮਿੱਤਰ ਕੰਵਰਜੀਤ ਬਰਾੜ ਦਾ ਸ਼ੁਕਰਾਨਾ ਕਰ ਕੇ ਸਵੇਰੇ ਸੱਤ ਵਜੇ ਨਿਊਯਾਰਕ ਦੇ ਲਿਬਰਟੀ ਏਅਰਪੋਰਟ ਵੱਲ ਚਾਲੇ ਪਾ ਦਿੱਤੇ| ਅੱਠ ਵਜੇ ਦੇ ਕਰੀਬ ਅਸੀਂ ਏਅਰਪੋਰਟ ਜਾ ਪਹੁੰਚੇ| ਬੋਰਡਿੰਗ ਪਾਸ ਤੇ ਸਕਿਉਰਿਟੀ ਕਲੀਅਰ ਕਰ ਕੇ ਅਸੀਂ ਟਰਮੀਨਲ ’ਤੇ ਜਾ ਪਹੁੰਚੇ| ਸਾਢੇ ਦਸ ਵਜੇ ਬੋਰਡਿੰਗ ਸ਼ੁਰੂ ਹੋ ਗਈ ਤੇ ਜਹਾਜ਼ ਪੂਰਾ ਬੁੱਕ ਸੀ| ਸਪਿਰਟ ਫਸਟ ਕਲਾਸ ਬੁੱਕ ਕਰਨ ਕਾਰਨ ਸਨੈਕਸ ਤੇ ਡਰਿੰਕਸ ਮੁਫ਼ਤ ਸਨ। ਏਅਰਹੋਸਟੈਸ ਨੇ ਸਾਡੇ ਪਰਿਵਾਰ ਦਾ ਆਰਡਰ ਪਹਿਲਾਂ ਹੀ ਨੋਟ ਕਰ ਲਿਆ ਕਿ ਜਹਾਜ਼ ਉਡਣ ਤੋਂ ਬਾਅਦ ਉਹ ਭੋਜਨ ਪਰੋਸ ਦੇਣਗੇ| ਪੂਰੇ ਸਮੇਂ ’ਤੇ ਜਹਾਜ਼ ਨੇ ਟਰਮੀਨਲ ਤੋਂ ਰਨਵੇ ਵੱਲ ਚਾਲੇ ਪਾ ਦਿੱਤੇ| ਮੇਰਾ ਬੇਟਾ ਉਸ ਸਮੇਂ ਤੱਕ ਨੀਂਦ ਦੀ ਗੋਦੀ ’ਚ ਜਾ ਬੈਠਾ| ਏਅਰਹੋਸਟੈਸ ਫਲਾਈਟ ਸੇਫਟੀ ਦੀ ਜਾਣਕਾਰੀ ਸਵਾਰੀਆਂ ਨਾਲ ਸਾਂਝੀ ਕਰ ਰਹੀ ਸੀ| ਸਾਡੇ ਜਹਾਜ਼ ਤੋਂ ਅੱਗੇ ਤਿੰਨ ਜਹਾਜ਼ ਉਡਾਰੀ ਭਰਨ ਲਈ ਹੋਰ ਸਨ ਕਿ ਤਦ ਹੀ ਇੱਕ ਏਅਰਹੋਸਟੈਸ ਨੂੰ ਜਹਾਜ਼ ਦੇ ਅੱਧ ਵਿਚਕਾਰ ਅਜੀਬ ਜਿਹੀ ਦੁਰਗੰਧ ਮਹਿਸੂਸ ਹੋਈ| ਦੂਜੀ ਏਅਰਹੋਸਟੈਸ ਨੇ ਜਾ ਕੇ ਰੂਮ ਫਰੈਸ਼ਨਰ ਦਾ ਛਿੜਕਾਅ ਕੀਤਾ, ਪਰ ਕੁਝ ਸਕਿੰਟ ਬਾਅਦ ਫਿਰ ਦੁਰਗੰਧ ਮਹਿਸੂਸ ਹੋਣ ਲੱਗ ਗਈ। ਜਹਾਜ਼ ਬੰਦ ਸੀ, ਇਸ ਲਈ ਬਦਬੂ ਅੱਗੇ ਪਿੱਛੇ ਤੱਕ ਫੈਲ ਰਹੀ ਸੀ|
ਏਅਰਹੋਸਟੈਸ ਨੇ ਤੁਰੰਤ ਪਾਇਲਟ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਜਹਾਜ਼ ਰਨਵੇ ’ਤੇ ਜਾਣ ਤੋਂ ਪਹਿਲਾਂ ਪਾਇਲਟ ਨੇ ਅਨਾਉਂਸ ਕਰ ਦਿੱਤਾ ਕਿ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਵਾਪਸ ਟਰਮੀਨਲ ’ਤੇ ਜਾ ਰਿਹਾ ਹੈ ਜਿੱਥੇ ਸਭ ਚੈੱਕ ਕਰ ਕੇ ਹੀ ਫਲਾਈਟ ਰਵਾਨਾ ਹੋਵੇਗੀ| ਸਭ ਸਵਾਰੀਆਂ ’ਚ ਇਕਦਮ ਨਿਰਾਸ਼ਾ ਫੈਲ ਗਈ ਤੇ ਜਹਾਜ਼ ਫਿਰ ਟਰਮੀਨਲ ਦੀ ਉਸੇ ਸੁਰੰਗ ਨਾਲ ਜਾ ਖਲੋਤਾ| ਸਾਰੀਆਂ ਸਵਾਰੀਆਂ ਨੂੰ ਜਹਾਜ਼ ’ਚੋਂ ਉਤਾਰਨ ਦਾ ਕੰਮ ਸ਼ੁਰੂ ਹੋ ਗਿਆ| ਸਭ ਸਵਾਰੀਆਂ ਨੂੰ ਲੱਗ ਰਿਹਾ ਸੀ ਕਿ ਅੱਧਾ ਘੰਟਾ ਜਾਂ ਹੱਦ ਇੱਕ ਘੰਟੇ ’ਚ ਬਦਬੂ ਦਾ ਕਾਰਨ ਪਤਾ ਲੱਗ ਜਾਏਗਾ ਤੇ ਜਹਾਜ਼ ਮੁੜ ਕੇ ਉਰਲੈਂਡੋ ਰਵਾਨਾ ਹੋ ਜਾਏਗਾ, ਪਰ ਜਿਵੇਂ ਹੀ ਦੋ ਘੰਟੇ ਲੰਘਣ ਨੂੰ ਹੋਏ ਸਵਾਰੀਆਂ ਨੇ ਹਾਹਾਕਾਰ ਮਚਾਉਣੀ ਸ਼ੁਰੂ ਕਰ ਦਿੱਤੀ| ਟਰਮੀਨਲ ਦੇ ਸ਼ੀਸ਼ੇ ’ਚੋਂ ਦਿਖ ਵੀ ਰਿਹਾ ਸੀ ਕਿ ਸਟਾਫ ਜਹਾਜ਼ ਦੇ ਅੰਦਰੋਂ ਬਾਹਰੋਂ ਬਦਬੂ ਦੇ ਕਾਰਨ ਲੱਭਣ ਦਾ ਯਤਨ ਕਰ ਰਿਹਾ ਸੀ, ਪਰ ਸਭ ਨਾਕਾਮ ਦਿਖ ਰਿਹਾ ਸੀ|
ਤੀਜਾ ਘੰਟਾ ਲੰਘਿਆ ਤਾਂ ਸਪਿਰਟ ਏਅਰ ਨੇ ਅਨਾਊਂਸ ਕਰ ਦਿੱਤਾ ਕਿ ਜਿੰਨੀ ਦੇਰ ਬਦਬੂ ਦਾ ਕਾਰਨ ਪਤਾ ਨਹੀ ਲੱਗਦਾ, ਓਨੀ ਦੇਰ ਇਹ ਜਹਾਜ਼ ਉਡਾਣ ਨਹੀਂ ਭਰੇਗਾ ਤੇ ਹਰੇਕ ਯਾਤਰੀ ਨੂੰ ਤੀਹ ਅਮਰੀਕਨ ਡਾਲਰ ਪ੍ਰਤੀ ਵਿਅਕਤੀ ਕੂਪਨ ਈਮੇਲ ਕਰ ਦਿੱਤੇ ਤਾਂ ਜੋ ਯਾਤਰੀ ਓਨੀ ਦੇਰ ਕੁਝ ਖਾ ਪੀ ਸਕਣ| ਹੁਣ ਟਰਮੀਨਲ ਗੇਟ ’ਤੇ ਉਡਾਣ ਦਾ ਸਮਾਂ ਦੁਪਹਿਰ ਤਿੰਨ ਵਜੇ ਕਰ ਦਿੱਤਾ ਗਿਆ| ਕੁਝ ਮਿੰਟਾਂ ਬਾਅਦ ਫਿਰ ਇਹ ਸਮਾਂ ਸ਼ਾਮ ਦੇ ਸੱਤ ਵਜੇ ਕਰ ਦਿੱਤਾ ਗਿਆ ਤਾਂ ਫਿਰ ਟਰਮੀਨਲ ’ਤੇ ਯਾਤਰੀਆਂ ਦਾ ਰੋਲਾ ਪੈਣ ਲੱਗ ਗਿਆ| ਉਸ ਸਮੇਂ ਹੀ ਨਾਲ ਦੇ ਗੇਟ ਤੋਂ ਸਪਿਰਟ ਦੀ ਇੱਕ ਹੋਰ ਉਡਾਣ ਨੇ ਸਾਢੇ ਚਾਰ ਵਜੇ ਇੱਕ ਹੋਰ ਸ਼ਹਿਰ ਨੂੰ ਜਾਣਾ ਸੀ, ਪਰ ਉਸ ਦੀ ਸਵਾਰੀਆਂ ਘੱਟ ਸਨ, ਸੋ ਸਪਿਰਟ ਨੇ ਉਸ ਫਲਾਈਟ ਨੂੰ ਕੈਂਸਲ ਕਰ ਕੇ ਉਰਲੈਂਡੋ ਭੇਜਣ ਦਾ ਫ਼ੈਸਲਾ ਕੀਤਾ| ਉਨ੍ਹਾਂ ਸਵਾਰੀਆਂ ਦਾ ਕੀ ਬਣਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ, ਪਰ ਉਰਲੈਂਡੋ ਜਾਣ ਵਾਲੀਆਂ ਸਵਾਰੀਆਂ ਨੇ ਤਾੜੀਆਂ ਮਾਰ ਕੇ ਧੰਨਵਾਦ ਕੀਤਾ| ਪੁਰਾਣੇ ਜਹਾਜ਼ ’ਚੋਂ ਸਾਰੇ ਸੂਟਕੇਸ ਇਸ ਨਵੇਂ ਜਹਾਜ਼ ’ਚ ਟਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਗਏ|
ਦੁਪਹਿਰ ਪੌਣੇ ਚਾਰ ਦੇ ਕਰੀਬ ਬੋਰਡਿੰਗ ਸ਼ੁਰੂ ਹੋ ਗਈ ਤੇ ਲੋਕ ਜਹਾਜ਼ ’ਚ ਫਿਰ ਚੜ੍ਹਨ ਲੱਗ ਗਏ| ਤਕਰੀਬਨ ਸਾਰੇ ਲੋਕ ਸਵਾਰ ਸਨ ਤੇ ਇੱਕ ਅੰਤਿਮ ਪਰਿਵਾਰ ਜਦੋਂ ਜਹਾਜ਼ ਦੇ ਅੰਦਰ ਦਾਖਲ ਹੋ ਕੇ ਅੱਗੇ ਸੀਟ ਵੱਲ ਵਧਿਆ ਤਾਂ ਉਹੀ ਪੁਰਾਣੀ ਦੁਰਗੰਧ ਫਿਰ ਸਵਾਰੀਆਂ ਦੇ ਨੱਕ ਵਿੱਚ ਦਸਤਕ ਦੇ ਗਈ| ਜਹਾਜ਼ ਦੇ ਗੇਟ ’ਤੇ ਖੜ੍ਹੀ ਏਅਰਹੋਸਟੈਸ ਨੇ ਨਾਲ ਦੀ ਨਾਲ ਪਾਇਲਟ ਨੂੰ ਸੂਚਿਤ ਕੀਤਾ ਤੇ ਨਾਲ ਹੀ ਸਕਿਉਰਿਟੀ ਤੇ ਸੁਪਰਵਾਈਜ਼ਰ ਨੂੰ ਬਾਹਰੋਂ ਜਹਾਜ਼ ਅੰਦਰ ਬੁਲਾ ਲਿਆ| ਮੈਂ ਜਹਾਜ਼ ਦੀ ਦੂਜੀ ਲਾਈਨ ਵਿੱਚ ਬੈਠਾ ਹੋਣ ਕਾਰਨ ਸਟਾਫ ਦੀ ਗੱਲਬਾਤ ਸੁਣ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਅੰਤਿਮ ਦਾਖਲ ਹੋਣ ਵਾਲੇ ਪਰਿਵਾਰ ਦੇ ਕੋਲ ਦੀ ਲੰਘ ਕੇ ਇੱਕ ਵਾਰ ਫਿਰ ਇਹ ਪੱਕਾ ਕੀਤਾ ਜਾਵੇ ਕਿ ਇਹ ਬਦਬੂ ਇਨ੍ਹਾਂ ’ਚੋਂ ਹੀ ਕਿਸੇ ਵਿੱਚੋਂ ਆ ਰਹੀ ਹੈ| ਸਾਰੇ ਸਟਾਫ ਨੇ ਗੇੜਾ ਮਾਰ ਕੇ ਉਸ ਪਰਿਵਾਰ ਨੂੰ ਬਿਨਾਂ ਪਤਾ ਲੱਗੇ, ਇਹ ਪੱਕਾ ਕਰ ਲਿਆ ਕਿ ਬਦਬੂ ਉਨ੍ਹਾਂ ’ਚੋਂ ਹੀ ਆ ਰਹੀ ਸੀ| ਫਿਰ ਫ਼ੈਸਲਾ ਹੋਇਆ ਕਿ ਇਸ ਸਾਰੇ ਪਰਿਵਾਰ ਨੂੰ ਜਹਾਜ਼ ’ਚੋਂ ਉਤਾਰਿਆ ਜਾਵੇ| ਸਟਾਫ ਨੇ ਉਨ੍ਹਾਂ ਨੂੰ ਜਾ ਕੇ ਕਿਹਾ ਕਿ ਇੱਕ ਵਾਰ ਤੁਹਾਨੂੰ ਥੱਲੇ ਉਤਰਨਾ ਪੈਣਾ ਹੈ, ਫਿਰ ਉਹ ਇਸ ਜਗ੍ਹਾ ਨੂੰ ਚੈੱਕ ਕਰਨਗੇ। ਸ਼ਾਇਦ ਉਹ ਪਰਿਵਾਰ ਵੀ ਜਾਣ ਗਿਆ ਸੀ ਕਿ ਉਨ੍ਹਾਂ ’ਚੋਂ ਆ ਰਹੀ ਬਦਬੂ ਦਾ ਕਾਰਨ ਉਹ ਖੁਦ ਹੀ ਹਨ, ਇਸ ਲਈ ਉਹ ਪਰਿਵਾਰ ਬਿਨਾਂ ਕਿਸੇ ਰੌਲੇ ਦੇ ਜਹਾਜ਼ ’ਚੋਂ ਉਤਰ ਗਿਆ|
ਜਿਵੇਂ ਹੀ ਉਹ ਪਰਿਵਾਰ ਉਤਰਨ ਲਈ ਲੋਕਾਂ ਕੋਲੋਂ ਲੰਘਿਆ, ਉਹੀ ਬਦਬੂ ਫਿਰ ਲੋਕਾਂ ’ਚ ਫੈਲ ਗਈ| ਇਸ ਤੋਂ ਇਹ ਗੱਲ ਪੱਕੀ ਸੀ ਕਿ ਇਸ ਪਰਿਵਾਰ ਦਾ ਹੀ ਕੋਈ ਮੈਂਬਰ ਬਹੁਤ ਸਮੇਂ ਤੋਂ ਨਹਾਤਾ ਨਹੀਂ ਸੀ ਜਾਂ ਉਨ੍ਹਾਂ ਕੋਲ ਕੁਝ ਅਜੀਬ ਸਾਮਾਨ ਸੀ, ਜਿਸ ਨੇ ਸਾਰੇ ਜਹਾਜ਼ ’ਚ ਬਦਬੂ ਫੈਲਾਈ ਹੋਈ ਸੀ| ਇਸ ਅਜੀਬ ਦੁਰਗੰਧ ਨੇ ਇੱਕ ਏਅਰਲਾਈਨਜ਼ ਦਾ ਕਿੰਨਾ ਨੁਕਸਾਨ ਕੀਤਾ| ਬਾਕੀ ਇਹ ਨਹੀਂ ਪਤਾ ਲੱਗਾ ਕਿ ਉਸ ਪਰਿਵਾਰ ਨਾਲ ਕੀ ਹੋਇਆ? ਪਰ ਉਹ ਪਰਿਵਾਰ ਉਤਾਰਨ ਬਾਅਦ ਜਹਾਜ਼ ’ਚੋਂ ਕੋਈ ਦੁਰਗੰਧ ਨਹੀਂ ਆਈ ਤੇ ਜਹਾਜ਼ ਸ਼ਾਮ ਪੌਣੇ ਪੰਜ ਵਜੇ ਉਰਲੈਂਡੋ ਵੱਲ ਉਡਾਰੀ ਮਾਰ ਗਿਆ ਤੇ ਕੁਝ ਪਲਾਂ ਬਾਅਦ ਮੈਨੂੰ ਸਪਿਰਟ ਵੱਲੋਂ ਇੱਕ ਈਮੇਲ ਪ੍ਰਾਪਤ ਹੋਈ ਜਿਸ ਵਿੱਚ ਸਪਿਰਟ ਵੱਲੋਂ ਅੱਜ ਦੀ ਖੱਜਲਖੁਆਰੀ ਲਈ ਮੁਆਫ਼ੀ ਮੰਗੀ ਗਈ ਤੇ ਪ੍ਰਤੀ ਯਾਤਰੀ ਸਾਨੂੰ ਨਵੇਂ ਤੀਹ ਡਾਲਰ ਦੇ ਵਾਊਚਰ ਫਿਰ ਭੇਜੇ ਗਏ ਜਿਨ੍ਹਾਂ ਨੂੰ ਅਸੀਂ ਅਗਲੇ ਇੱਕ ਸਾਲ ਦੌਰਾਨ ਸਪਿਰਟ ਏਅਰ ਦੀ ਨਵੀਂ ਬੁਕਿੰਗ ਸਮੇਂ ਵਰਤ ਸਕਦੇ ਹਾਂ| ਸੋ ਇਸ ਵਾਰ ਕਸੂਰ ਜਹਾਜ਼ ਕੰਪਨੀ ਦੀ ਬਜਾਏ ਇੱਕ ਪਰਿਵਾਰ ਦਾ ਸੀ ਜਿਨ੍ਹਾਂ ਨੇ ਸੈਂਕੜੇ ਯਾਤਰੀਆਂ ਨੂੰ ਤੰਗ ਕਰਨ ਦੇ ਨਾਲ ਨਾਲ ਇੱਕ ਏਅਰਲਾਈਨਜ਼ ਦਾ ਮਾਲੀ ਨੁਕਸਾਨ ਵੀ ਖਾਸਾ ਕਰ ਦਿੱਤਾ|
ਸੰਪਰਕ: +61-403-147-322

