DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੂਬੇ ਦੀ ਕਚਹਿਰੀ...

ਸੂਬੇ ਦੀ ਕਚਹਿਰੀ ਸੂਬੇ ਦੀ ਕਚਹਿਰੀ ਅੱਜ ਲੱਗਾ ਹੋਇਆ ਮੇਲਾ ਏ ਬੇਈਮਾਨ ਕਾਜ਼ੀ ਨਾਲ ਸੁੱਚਾ ਨੰਦ ਚੇਲਾ ਏ। ਸੋਚਦੇ ਨੇ ਬੱਚਿਆਂ ਨੂੰ ਅੱਜ ਤਾਂ ਝੁਕਾਵਾਂਗੇ ਆਉਂਦਿਆਂ ਹੀ ਛੋਟੀ ਜਿਹੀ ਬਾਰੀ ’ਚੋਂ ਲੰਘਾਵਾਂਗੇ। ਲੰਘਦਿਆਂ ਟੁੱਟ ਜਾਣਾ ਸਾਰਾ ਹੀ ਗਰੂਰ ਆ ਅੱਜ...

  • fb
  • twitter
  • whatsapp
  • whatsapp
Advertisement

ਸੂਬੇ ਦੀ ਕਚਹਿਰੀ

ਸੂਬੇ ਦੀ ਕਚਹਿਰੀ ਅੱਜ ਲੱਗਾ ਹੋਇਆ ਮੇਲਾ ਏ

Advertisement

ਬੇਈਮਾਨ ਕਾਜ਼ੀ ਨਾਲ ਸੁੱਚਾ ਨੰਦ ਚੇਲਾ ਏ।

Advertisement

ਸੋਚਦੇ ਨੇ ਬੱਚਿਆਂ ਨੂੰ ਅੱਜ ਤਾਂ ਝੁਕਾਵਾਂਗੇ

ਆਉਂਦਿਆਂ ਹੀ ਛੋਟੀ ਜਿਹੀ ਬਾਰੀ ’ਚੋਂ ਲੰਘਾਵਾਂਗੇ।

ਲੰਘਦਿਆਂ ਟੁੱਟ ਜਾਣਾ ਸਾਰਾ ਹੀ ਗਰੂਰ ਆ

ਅੱਜ ਉਨ੍ਹਾਂ ਈਨ ਸਾਡੀ ਮੰਨਣੀ ਜ਼ਰੂਰ ਆ।

ਉੱਤੋਂ ਉੱਤੋਂ ਖੁਸ਼ ਹੋ ਕੇ ਗੱਲਾਂ ਕਰੀ ਜਾਂਦੇ ਨੇ

ਵਿੱਚੋਂ ਵਿੱਚੀਂ ਮਨਾਂ ਵਿੱਚ ਸਾਰੇ ਡਰੀ ਜਾਂਦੇ ਨੇ।

ਦੂਜੇ ਪਾਸੇ ਪੋਤਿਆਂ ਨੂੰ ਦਾਦੀ ਹੈ ਸਜਾ ਰਹੀ

ਸਿੱਖੀ ਵਾਲਾ ਪਾਠ ਅੱਜ ਘੋਟ ਕੇ ਪਿਲਾ ਰਹੀ।

‘ਦਾਦਾ ਜੀ ਨੇ ਜਾ ਕੇ ਸੀਸ ਦਿੱਲੀ ਕਟਵਾਇਆ ਏ

ਪੜ੍ਹਦਾਦੇ ਬੂਟਾ ਇਹ ਸ਼ਹਾਦਤਾਂ ਦਾ ਲਾਇਆ ਏ।

ਵੱਡਿਆਂ ਦੀ ਪੱਗ ਤਾਈਂ ਦਾਗ਼ ਤੁਸੀਂ ਲਾਉਣਾ ਨਹੀਂ

ਪਾਪੀਆਂ ਦੇ ਅੱਗੇ ਕਦੇ ਸੀਸ ਨੂੰ ਝੁਕਾਉਣਾ ਨਹੀਂ।’

ਬਾਰੀ ਵੇਖ ਵੱਡਾ ਸਮਝਾਏ ਛੋਟੇ ਵੀਰ ਨੂੰ

‘ਜੁੱਤੀ ਹੈ ਵਿਖਾਉਣੀ ਸਰਹੰਦ ਦੇ ਵਜ਼ੀਰ ਨੂੰ।’

ਝੁਕੇ ਨਹੀਂ, ਪਹਿਲਾਂ ਸੱਜਾ ਪੈਰ ਅੱਗੇ ਕੱਢਿਆ

ਦੁਸ਼ਟਾਂ ਦੀ ਚਾਲ ਵਾਲਾ ਫਸਤਾ ਹੀ ਵੱਢਿਆ।

‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਛੱਡ ਦਿੱਤੇ

ਪਾਪੀਆਂ ਦੇ ਦਿਲਾਂ ਵਾਲੇ ਵਹਿਮ ਸਾਰੇ ਕੱਢ ਦਿੱਤੇ।

ਕਾਜ਼ੀ ਤੇ ਨਵਾਬ ਤਾਂ ਹੈਰਾਨ ਹੋਈ ਜਾਂਦੇ ਆ

ਮੁੜ ਮੁੜ ਬੱਚਿਆਂ ਨੂੰ ਫੇਰ ਸਮਝਾਂਦੇ ਆ।

ਸੁੱਚੇ ਨੰਦ ਆਖਿਆ- ‘ਸਲਾਮ ਕਰੋ ਸੂਬੇ ਨੂੰ’

ਦੇਣਾ ਅੰਜਾਮ ਚਾਹੇ ਆਪਣੇ ਮਨਸੂਬੇ ਨੂੰ।

‘ਕਰਤਾ ਪੁਰਖ ਅੱਗੇ ਸੀਸ ਨਿਵਾਇਆ ਏ

ਜ਼ਾਲਿਮਾਂ ਦੇ ਅੱਗੇ ਇਹਨੂੰ ਕਦੇ ਨਾ ਝੁਕਾਇਆ ਏ।’

ਸੂਝ ਬੂਝ ਤੱਕ ਕੇ, ਵਜ਼ੀਦ ਹੋਇਆ ਦੰਗ ਏ

‘ਡਰ ਖੌਫ਼ ਮੰਨਦੇ ਨਾ, ਮੌਤ ਤੋਂ ਨਿਸ਼ੰਗ ਇਹ।’

ਹਾਰ ਹੰਭ, ਬੱਚਿਆਂ ’ਤੇ ਪਿਆਰ ਜਤਲਾਇਆ ਏ

ਦੌਲਤਾਂ ਤੇ ਸ਼ੁਹਰਤਾਂ ਦਾ ਚੋਗਾ ਫਿਰ ਪਾਇਆ ਏ।

ਨਵੇਂ ਨਵੇਂ ਜਾਲ਼ ਕਈ ਲਾਲਾਂ ਲਈ ਵਿਛਾਉਣਗੇ

ਗੁਜਰੀ ਦੇ ਲਾਲ ਭਲਾ ਲਾਲਚਾਂ ’ਚ ਆਉਣਗੇ?

‘ਨਾਗ ਦੇ ਨੇ ਬੱਚੇ, ਭਰੇ ਹੋਏ ਨੇ ਹੰਕਾਰ ਦੇ

ਤਾਹੀਉਂ ਹਰ ਗੱਲ ’ਚ ਫੁੰਕਾਰੇ ਇਹੋ ਮਾਰਦੇ।’

ਪੁੱਛੋ ਭਲਾ ‘ਛੱਡ ਦੇਈਏ, ਕਰੋ ਕੀ ਕਰਾਓਗੇ?

ਫੇਰ ਤੁਸੀਂ ਹੁਣ ਕਿਹੜੇ ਬਾਪ ਕੋਲ ਜਾਓਗੇ?’

‘ਬਾਪ ਤਾਂ ਤੁਹਾਡਾ ਗਿਆ ਜੰਗ ਵਿੱਚ ਮਾਰਿਆ

ਵੱਡੇ ਸਾਮਰਾਜ ਤਾਈਂ, ਉਹਨੇ ਸੀ ਵੰਗਾਰਿਆ।’

ਬੱਚਿਆਂ ਜਵਾਬ ਦਿੱਤਾ-‘ਜੰਗਲਾਂ ’ਚ ਜਾਵਾਂਗੇ

ਸਿੰਘਾਂ ਨੂੰ ਇਕੱਠੇ ਕਰ ਜ਼ੁਲਮ ਮਿਟਾਵਾਂਗੇ।’

ਸੁੱਚਾ ਨੰਦ ਮੁੜ ਭੜਕਾਇਆ ਹੈ ਨਵਾਬ ਨੂੰ

‘ਸੁਣ ਲਓ ਜੀ!’ ਉਸ ਨੇ ਸੁਣਾਇਆ ਹੈ ਨਵਾਬ ਨੂੰ।

ਨਵਾਬ ਕਿਹਾ ‘ਕਾਜ਼ੀ ਸਾਹਿਬ ਆਪ ਹੀ ਬਤਾਈਏ

ਸ਼ਰ੍ਹਾ ਅਨੁਸਾਰ ਸਜ਼ਾ ਕੌਨ ਸੀ ਸੁਨਾਈਏ?’

ਬੱਚਿਆਂ ਦੀ ਸਜ਼ਾ ਦਾ ਕਾਨੂੰਨ ਨਾ ਥਿਆਇਆ ਏ

ਕਾਜ਼ੀ ਸਿਰ ਨਾਂਹ ਵਿੱਚ ਆਪਣਾ ਹਿਲਾਇਆ ਏ।

ਮਾਲੇਰਕੋਟਲਾ ਨਵਾਬ ਨੂੰ ਬੁਲਾਇਆ ਏ

ਬਦਲਾ ਭਰਾ ਦਾ ਲੈਣ ਲਈ ਉਕਸਾਇਆ ਏ।

‘ਹਾਅ ਦਾ ਨਾਅਰਾ’ ਮਾਰ ਕੇ ਨਵਾਬ ਏਦਾਂ ਬੋਲਿਆ

‘ਇਨ੍ਹਾਂ ਮਾਸੂਮਾਂ ਕਿਹੜਾ ਖੂਨ ਕੋਈ ਡੋਲ੍ਹਿਆ?’

‘ਬਦਲਾ ਪਿਤਾ ਦਾ ਬੱਚਿਆਂ ਤੋਂ ਨਹੀਉਂ ਲਈਦਾ

ਜ਼ਿੰਦਗੀ ’ਚ ਆਪਣੇ ਅਸੂਲਾਂ ਉੱਤੇ ਰਹੀਦਾ।’

ਤੀਜੇ ਦਿਨ, ਕਾਜ਼ੀ ਉਨ੍ਹਾਂ ਦੁਸ਼ਟਾਂ ਦਾ ਹੋ ਗਿਆ

ਸੱਚ ਕੋਲੋਂ ਮੂੰਹ ਮੋੜ, ਝੂਠ ਨਾਲ ਖਲੋ ਗਿਆ।

ਚੱਲਿਆ ਨਾ ਜ਼ੋਰ ਜਦ ਕੋਈ ਭਰਮਾਉਣ ਦਾ

ਫਤਵਾ ਸੁਣਾ ਦਿੱਤਾ, ਨੀਹਾਂ ’ਚ ਚਿਣਾਉਣ ਦਾ।

ਬਾਲ ਨੇ ਮਾਸੂਮ ਭਾਵੇਂ, ਜਿੰਦਾਂ ਅਨਮੋਲ ਨੇ

ਨੀਹਾਂ ਵਿੱਚ ਖੜ੍ਹੇ ਪਰ, ਬੜੇ ਹੀ ਅਡੋਲ ਨੇ।

‘ਮੰਨ ਲਓ ਈਨ’ ਵਾਰ ਵਾਰ ਕਿਹਾ ਬਾਲਾਂ ਨੂੰ

ਕੰਬ ਗਏ ਜਲਾਦ, ਤੱਕ ਚਿਹਰੇ ਦੇ ਜਲਾਲਾਂ ਨੂੰ।

ਵੱਡਾ ਸਾਕਾ ਕਰ ਦਿਖਲਾਇਆ ਉਨ੍ਹਾਂ ਜੱਗ ਨੂੰ

ਲੱਗਣ ਨਾ ਦਿੱਤਾ ਦਾਗ਼ ਦਾਦੇ ਵਾਲੀ ਪੱਗ ਨੂੰ।

ਅੱਜ ਵੀ ਸਰਹੰਦ ਵਿੱਚੋਂ ਲਾਲ ਪਏ ਨੇ ਬੋਲਦੇ

ਸਿੱਖੀ ਵਾਲੀ ਸਿੱਖਿਆ ਨੂੰ ਸਾਡੇ ਵਿੱਚੋਂ ਟੋਲਦੇ।

‘ਦੀਸ਼’ ਦੀ ਕਲਮ ਅਜੇ ਬਹੁਤ ਹੀ ਨਿਆਣੀ ਏ।

ਸਿੱਖ ਇਤਿਹਾਸ ਦੀ ਤਾਂ ਅਜਬ ਕਹਾਣੀ ਏ।

***

ਧੰਨ ਮਾਤਾ ਗੁਜਰੀ

ਧੰਨ ਮਾਤਾ ਗੁਜਰੀ ਤੇ ਧੰਨ ਤੇਰੀ ਲਾਲ ਨੀਂ

ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀਂ।

ਆਪਣਾ ਸੁਹਾਗ ਹੱਥੀਂ ਆਪਣੀ ਲੁਟਾਇਆ ਤੂੰ

ਘਰ ਬਾਰ ਛੱਡ ਕੇ ਵੀ, ਦਿਲ ਨਾ ਡੁਲਾਇਆ ਤੂੰ।

ਬੁਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀਂ

ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀਂ।

ਸਰਸਾ ਦੇ ਕੰਢੇ ਜਦ ਪੈ ਗਿਆ ਵਿਛੋੜਾ ਸੀ

ਪਿਤਾ ਦਸਮੇਸ਼ ਨਾਲ ਪੁੱਤਰਾਂ ਦਾ ਜੋੜਾ ਸੀ।

ਨਿੱਕੜੇ ਮਾਸੂਮ ਤੁਰ ਪਏ ਤੇਰੇ ਨਾਲ ਨੀਂ

ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀਂ।

ਅਜੀਤ ਤੇ ਜੁਝਾਰ ਲਾੜੀ ਮੌਤ ਵਿਆਹੀ ਏ

ਗੜ੍ਹੀ ਚਮਕੌਰ ਵਿੱਚ ਪਿੱਠ ਨਾ ਵਿਖਾਈ ਏ।

ਸੂਰਬੀਰ ਯੋਧੇ ਤੇਰੇ ਪੋਤਰੇ ਕਮਾਲ ਨੀਂ

ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀਂ।

ਛੋਟਿਆਂ ਨੇ ਸਿਦਕ ਨਿਭਾਇਆ ਸਰਹੰਦ ਏ

ਸਿਦਕੋਂ ਨਾ ਡੋਲੇ ਭਾਵੇਂ ਡੋਲ ਗਈ ਕੰਧ ਏ।

ਕੰਬਿਆ ਜਲਾਦ ਤੱਕ ਚਿਹਰੇ ਦਾ ਜਲਾਲ ਨੀਂ

ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀਂ।

ਪੋਤਿਆਂ ਦੇ ਨਾਲ ਸੱਚਖੰਡ ਚਾਲੇ ਪਾ ਲਏ

ਵਾਰ ਸਰਬੰਸ ਤੁਸਾਂ ਸ਼ੁਕਰ ਮਨਾ ਲਏ।

‘ਦੀਸ਼’ ਕੋਲੋਂ ਹੋਏ ਨਾ ਬਿਆਨ ਸਾਰਾ ਹਾਲ ਨੀਂ

ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀਂ।

ਸੰਪਰਕ: +1 403-404-1450

Advertisement
×