ਗਾਥਾ ਇਕ ਗੀਤ ਦੀ...

ਗਾਥਾ ਇਕ ਗੀਤ ਦੀ...

ਤਲਵਿੰਦਰ ਮੰਡ

ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿਚ ਉਤਪੰਨ ਹੋਏ ਵਿਸ਼ਾ-ਭਾਵ ਅਨੁਸਾਰ ਆਲੋਚਕਾਂ ਨੇ ਉਸ ਨੂੰ ‘ਬਿਰਹੋਂ ਦਾ ਸੁਲਤਾਨ’ ਖਿਤਾਬ ਦੇ ਕੇ ਨਿਵਾਜਿਆ ਹੈ ਅਤੇ ਇਹ ਸਾਰੀ ਬਿਰਹਾ ਇਸਤਰੀ ਵਿਛੋੜੇ ਮੁਖੀ ਦੱਸੀ ਗਈ ਹੈ। ਭਾਵੇਂ ਉਸ ਦੀਆਂ ਕਈ ਰਚਨਾਵਾਂ ਇਸਤਰੀ ਦੇ ਵਿਯੋਗ ਵਿਚ ਨਾ ਵੀ ਲਿਖੀਆਂ ਹੋਣ, ਪਰ ਪਾਠਕ ਵਰਗ ਇਸ ਦਾ ਪ੍ਰਭਾਵ ਉਸ ਦੇ ਪ੍ਰੇਮ ਵਿਚ ਅਸਫਲ ਹੋਣ ਤੋਂ ਉਤਪੰਨ ਹੋਏ ਦਰਦ ਨਾਲ ਜੋੜ ਕੇ ਹੀ ਵੇਖਦਾ ਆਇਆ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਦਰਦ ਵਿਚ ਆਪਣੇ ਦਰਦਾਂ ਦੇ ਛੁਪੇ ਹੋਣ ਦਾ ਪ੍ਰਭਾਵ ਪੈਂਦਾ ਹੈ ਅਤੇ ਸ਼ਿਵ ਦੀ ਕਵਿਤਾ ਵਿਚਲੀ ਗੱਲ ਉਨ੍ਹਾਂ ਨੂੰ ਆਪਣੀ ਜਾਪਦੀ ਹੈ।

ਸ਼ਿਵ ਕੁਮਾਰ ਦੀ ਕਵਿਤਾ ਨੂੰ ਉਮਰ ਦੇ ਇਕ ਖ਼ਾਸ ਪੜਾਅ ਵਿਚ ਆ ਕੇ ਪੜ੍ਹਦਿਆਂ ਮੇਰੇ ਉੱਪਰ ਵੀ ਅਜਿਹਾ ਹੀ ਪ੍ਰਭਾਵ ਪਿਆ ਸੀ। ਪਰ ਇੱਥੇ ਚਰਚਾ ਅਧੀਨ ਉਸ ਦੇ ਇਕ ਗੀਤ ਦੀ ਗੱਲ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਸਾਰੇ ਗੀਤ ਕਿਸੇ ਔਰਤ ਲਈ ਹੀ ਨਹੀਂ ਸਨ। ਬਹੁਤ ਸਾਰੇ ਉਸ ਦੇ ਗੀਤ ਉਸ ਦੇ ‘ਪਰਮ ਮਿੱਤਰਾਂ’ ਲਈ ਵੀ ਸਨ।

ਕਵਿਤਾ ਦੀ ਖ਼ੂਬਸੂਰਤੀ ਇਸੇ ਗੱਲ ਵਿਚ ਹੈ ਅਤੇ ਉਹ ਵਾਰਤਕ ਨਾਲੋਂ ਇਸ ਗੱਲੋਂ ਭਿੰਨ ਹੈ ਕਿ ਉਸ ਵਿਚ ਵਰਤੇ ਗਏ ਸ਼ਬਦ ਬਹੁ-ਅਰਥੀ ਅਤੇ ਬਹੁ-ਦਿਸ਼ਾਵੀ ਹੁੰਦੇ ਹਨ। ਜਿਵੇਂ ਸ਼ਿਵ ਦੇ ਗੀਤ ‘ਇੱਤਰਾਂ ਦੇ ਚੋਅ’ ਵਿਚਲਾ ਸ਼ਬਦ ‘ਯਾਰ’ ਗੀਤ ਵਿਚ ਕਈ ਅਰਥ ਉਤਪੰਨ ਕਰਦਾ ਹੈ। ਗੀਤ ਵਿਚ ਵਰਤੇ ਗਏ ਸਿੰਬਲ ਅਤੇ ਦ੍ਰਿਸ਼ ਖੂਬਸੂਰਤ ਵਿਚਾਰ ਦੀ ਉਤਪਤੀ ਕਰਦੇ ਹਨ ਅਤੇ ਆਮ ਤੌਰ ’ਤੇ ਸਾਡੀ ਕਾਵਿਕ ਪਰੰਪਰਾ ਵਿਚ ਅਜਿਹੇ ਖੂਬਸੂਰਤ ਸ਼ਬਦ ਅਤੇ ਅਲੰਕਾਰ ਔਰਤਾਂ ਦੀ ਸੁੰਦਰਤਾ ਨਾਲ ਮੇਚ ਦਿੱਤੇ ਜਾਂਦੇ ਹਨ। ਇਸ ਗੀਤ ਵਿਚ ਵਰਤਿਆ ਸ਼ਬਦ ‘ਯਾਰ’ ਇਸਤਰੀ ਅਤੇ ਪੁਰਸ਼ ਦੋਹਾਂ ਲਈ ਅਰਥ ਉਤਪੰਨ ਕਰਦਾ ਹੈ। ਸ਼ਿਵ ਦੀ ਕਵਿਤਾ ਦੀ ਸਿਖਰ ਵੇਖੋ, ਇਸ ਗੀਤ ਵਿਚ ‘ਯਾਰ’ ਔਰਤ ਅਤੇ ਇਸਤਰੀ ਦੋਹਾਂ ਲਈ ਫਿੱਟ ਹੈ। ਭਾਵੇਂ ਕਿ ਯਾਰ ਸ਼ਬਦ ਇਸਤਰੀ ਲਿੰਗ ਦਾ ਵਿਪਰੀਤ ਹੈ, ਪਰ ਢੁਕਦਾ ਇਸਤਰੀ ਪਾਤਰ ਉੱਪਰ ਵੀ ਪੂਰਾ ਹੈ। ਇਹੀ ਕਵਿਤਾ ਦੀ ਖੂਬਸੂਰਤੀ ਕਹੀ ਜਾ ਸਕਦੀ ਹੈ।

ਮੈਨੂੰ ਇਸ ਗੀਤ ਬਾਰੇ ਪੰਜਾਬੀ ਉਪੇਰਾ ਨਾਟਕ ਦੇ ਮੋਢੀ ਰੰਗਕਰਮੀ ਜੋਗਿੰਦਰ ਬਾਹਰਲਾ ਤੋਂ ਉਸ ਨਾਲ ਇਕ ਮੁਲਾਕਾਤ ਦੌਰਾਨ ਪਤਾ ਲੱਗਾ ਸੀ ਕਿ ਸ਼ਿਵ ਦੀ ਸਿਰਜਣ-ਚੇਤਨਾ ਵਿਚ ਇਸ ਦਾ ਜਨਮ ਕਿਵੇਂ ਹੋਇਆ?

ਸ਼ਿਵ ਕੁਮਾਰ ਦੀ ਦੋਸਤੀ ਦਾ ਘੇਰਾ ਬਹੁਤ ਵਸੀਹ ਸੀ। ਉਸ ਦੇ ਮਿੱਤਰਾਂ ਵਿਚ ਜੋਗਿੰਦਰ ਬਾਹਰਲਾ ਵੀ ਸ਼ਾਮਲ ਸੀ ਅਤੇ ਬਾਹਰਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨਾਲ ਸਬੰਧਤ ਸੀ। ਇਹ ਪਿੰਡ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ। ਜਿਹੜੇ ਸੱਜਣ ਇਸ ਇਲਾਕੇ ਨਾਲ ਸਬੰਧਤ ਹਨ, ਉਹ ਜਾਣਦੇ ਹੋਣਗੇ ਕਿ ਇਹ ਇਲਾਕਾ ਕਿਸੇ ਸਮੇਂ ਚੋਆਂ ਅਤੇ ਚੌਧਰੀਆਂ ਦੇ ਪ੍ਰਭਾਵ ਥੱਲੇ ਸੀ।

ਬਾਹਰਲੇ ਅਨੁਸਾਰ ਉਸ ਸਮੇਂ ਜਦੋਂ ਬਹੁਤੀ ਜ਼ਮੀਨ ਖੇਤੀ ਥੱਲੇ ਨਹੀਂ, ਪਰ ਚੋਆਂ ਦੀ ਮਾਰ ਥੱਲੇ ਸੀ ਤਾਂ ਚੋਆਂ ਦਾ ਪਾਣੀ ਸਾਰਾ ਸਾਲ ਆਮ ਵਗਦਾ ਰਹਿੰਦਾ ਸੀ। ਉਸ ਅਨੁਸਾਰ ਇਸ ਇਲਾਕੇ ਵਿਚ ਘਰ ਦੀ ਕੱਢੀ ਦਾਰੂ ਦੀ ਬੋਤਲ ਪੰਜਾਵਿਆਂ ਦੇ ਦੌਰ ਸਮੇਂ ਦੋ ਰੁਪਏ ਦੀ ਆ ਜਾਂਦੀ ਸੀ ਅਤੇ ਬਾਹਰਲੇ ਦਾ ਚਾਚਾ ਉਨ੍ਹਾਂ ਦਿਨਾਂ ਵਿਚ ਵਲਾਇਤ ਗਿਆ ਹੋਇਆ ਸੀ। ਬਦੇਸ਼ੋਂ ਪੈਸਾ ਆ ਜਾਂਦਾ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਚੰਗਾ ਚੱਲਦਾ ਸੀ, ਮੁੱਲ ਦੀ ਦਾਰੂ ਦਾ ਦੌਰ ਘਰ ਵਿਚ ਚੱਲਦਾ ਰਹਿੰਦਾ ਸੀ। ਆਪਣੀ ਸ਼ਰਾਬ ਪੀਣ ਦੀ ਆਦਤ ਮੁਤਾਬਿਕ ਸ਼ਿਵ ਕੁਮਾਰ ਵੀ ਘਰ ਦੀ ਕੱਢੀ ਦਾ ਸ਼ੌਕ ਪੂਰਾ ਕਰਨ ਲਈ ਬਟਾਲੇ ਤੋਂ ਮਾਹਿਲਪੁਰ ਦੇ ਪਿੰਡ ਜਿਆਣ (ਜੋਗਿੰਦਰ ਬਾਹਰਲੇ ਦਾ ਪਿੰਡ) ਆ ਜਾਂਦਾ ਸੀ। ਗੱਲਬਾਤ ਵਿਚ ਬਾਹਰਲੇ ਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਆਬਾਦੀ ਘੱਟ ਹੋਣ ਕਰਕੇ ਬਹੁਤ ਸਾਰਾ ਇਲਾਕਾ ਝਾੜੀਆਂ ਬੇਲਿਆਂ ਦੀ ਸ਼ਕਲ ਵਿਚ ਹੀ ਸੀ ਅਤੇ ਨਜ਼ਾਰਾ ਬੜਾ ਰਮਣੀਕ ਹੁੰਦਾ ਸੀ।

ਉਸ ਅਨੁਸਾਰ ਇਕ ਸ਼ਾਮ ਉਹ ਤੇ ਸ਼ਿਵ ਕੁਮਾਰ ਮਾਰਚ ਦੇ ਮਹੀਨੇ ਦੇ ਅੰਤ ਵਿਚ ਜਦੋਂ ਕਣਕਾਂ ਦੇ ਰੰਗ ਵਟਾਉਣ ਦਾ ਸਮਾਂ ਹੁੰਦਾ ਹੈ, ਨਾ ਠੰਢ ਹੁੰਦੀ ਹੈ ਅਤੇ ਨਾ ਹੀ ਗਰਮੀ। ਤ੍ਰਿਕਾਲਾਂ ਵੇਲੇ ਚੋਅ ਦੇ ਝੱਲ-ਬੇਲੇ ਵਿਚ ਚੋਅ ਦੀਆਂ ਸੀਰਾਂ ਦਾ ਪਾਣੀ ਗਲਾਸਾਂ ਵਿਚ ਪਾਈ ਦਾਰੂ ਵਿਚ ਮਿਲਾ ਕੇ ਪੀਂਦੇ ਪੀਂਦੇ ਪਿੰਡੋਂ ਦੂਰ ਨਿਕਲ ਗਏ। ਮੌਸਮ ਬਹੁਤ ਹੀ ਸੁਹਾਵਣਾ ਸੀ। ਪੰਛੀ ਆਪਣੇ ਆਲ੍ਹਣਿਆਂ ਵੱਲ ਜਾ ਰਹੇ ਸਨ। ਸੂਰਜ ਛੁਪਣ ਤੋਂ ਪਹਿਲਾਂ ਆਪਣੀ ਲਾਲੀ ਧਰਤੀ ਉੱਪਰ ਬਿਖੇਰ ਰਿਹਾ ਸੀ। ਕਣਕਾਂ ਦੇ ਦੋਧੇ ਸਿੱਟੇ ਰੁਮਕ ਰਹੀ ਹਵਾ ਨਾਲ ਝੂਮ ਰਹੇ ਸਨ। ਹਿਰਨਾਂ ਦੀਆਂ ਡਾਰਾ ਛੜੱਪੇ ਮਾਰਦੀਆਂ ਦੂਰ ਪਹਾੜ ਵੱਲ ਨੂੰ ਜਾ ਰਹੀਆਂ ਸਨ। ਕਿਸਾਨ ਖੇਤਾਂ ਵਿਚੋਂ ਆਪਣੇ ਪਸ਼ੂਆਂ ਲਈ ਨੀਰ-ਚਾਰੇ ਦਾ ਪ੍ਰਬੰਧ ਕਰ ਰਹੇ ਸਨ, ਖੇਤ ਮਜ਼ਦੂਰ ਔਰਤਾਂ ਆਪਣੇ ਸਿਰਾਂ ਉੱਪਰ ਪੱਠਿਆਂ ਦੀਆਂ ਪੰਡਾਂ ਚੁੱਕੀ ਘਰਾਂ ਨੂੰ ਜਾ ਰਹੀਆਂ ਸਨ। ਸਾਰੀ ਕਾਇਨਾਤ ਮਸਤੀ ਦੇ ਆਲਮ ਵਿਚ ਸੀ:

ਸ਼ਿਵ ਕੁਮਾਰ ਲਹਿੰਦੇ ਪਾਸੇ ਵੱਲ ਮੂੰਹ ਕਰਕੇ ਅਤੇ ਮੇਰਾ ਹੱਥ ਫੜ ਕੇ ਆਪਣੇ ਮੂੰਹ ਵਿਚ ਕੁਝ ਗੁਣ ਗੁਣਾਉਣ ਲੱਗਾ। ਅਸੀਂ ਹਨੇਰਾ ਹੁੰਦੇ ਨਸ਼ੇ ਦੀ ਲੋਰ ਵਿਚ ਘਰ ਚਲੇ ਗਏ। ਮੈਂ ਤਾਂ ਸੌਂ ਗਿਆ, ਪਰ ਉਹ ਦੀਵੇ ਦੀ ਲੋਏ ਕੁਝ ਲਿਖਦਾ ਰਿਹਾ। ਅਗਲੇ ਦਿਨ ਉੱਠੇ ਤਾਂ ਉਸ ਨੇ ਸਵੇਰ ਦੀ ਚਾਹ ਪੀਂਦਿਆਂ ਮੈਨੂੰ ਆਪਣਾ ਰਾਤੀਂ ਲਿਖਿਆ ਗੀਤ ਸੁਣਾਇਆ:

ਜਿੱਥੇ ਇਤਰਾਂ ਦੇ ਵਗਦੇ ਨੇ ਚੋਅ

ਉੱਥੇ ਮੇਰਾ ਯਾਰ ਵਸਦਾ

ਜਿੱਥੋਂ ਲੰਗਦੀ ਏ ਪੌਣ ਵੀ ਖਲੋ

ਉੱਥੇ ਮੇਰਾ ਯਾਰ ਵਸਦਾ।

ਨੰਗੇ ਨੰਗੇ ਪੈਰੀਂ ਜਿੱਥੇ ਆਉਣ ਪ੍ਰਭਾਤਾਂ

ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿੱਥੇ ਰਾਤਾਂ

ਜਿੱਥੇ ਚਾਨਣੀ ’ਚ ਨਾਵ੍ਹੇ ਖੁਸ਼ਬੋ।

ਪਾਣੀਆਂ ਦੇ ਪੱਟਾਂ ਉੱਤੇ ਸਵੇ ਜਿੱਥੇ ਆਥਣ

ਚੁੱਗੀਆਂ ਭਰੀਵੇ ਜਿੱਥੇ ਮਿਰਗਾਂ ਦਾ ਆਤਣ

ਜਿੱਥੇ ਬਦੋ ਬਦੀ ਅੱਖ ਪੈਂਦੀ ਰੋ।

ਭੁੱਖੇ ਭਾਣੇ ਸੌਣ ਜਿੱਥੇ ਖੇਤਾਂ ਦੇ ਰਾਣੇ

ਸੱਜਣਾਂ ਦੇ ਰੰਗ ਜਿਹੇ ਕਣਕਾਂ ਦੇ ਦਾਣੇ

ਜਿੱਥੇ ਦਮਾਂ ਵਾਲੇ ਲੈਂਦੇ ਲਕੋ।

ਉੱਥੇ ਮੇਰਾ ਯਾਰ ਵਸਦਾ।

ਇਸ ਗੀਤ ਵਿਚ ਗੀਤਕਾਰ ਨੇ ਆਪਣੀ ਨੀਝ ਨੂੰ ਭਰਦਿਆਂ ਇਸ ਵਿਚ ਸਮਾਜਿਕ ਸੱਚ ਨੂੰ ਬਾਖੂਬ ਪੇਸ਼ ਕੀਤਾ ਹੈ। ਇਹ ਸਾਰਾ ਕੁਝ ਭਾਵੇਂ ਸ਼ਿਵ ਦੀ ਇਸ਼ਕ-ਪੀੜ ਕਰਕੇ ਲੋਕਾਂ ਵੱਲੋਂ ਔਰਤ ਲਈ ਲਿਖਿਆ ਗਿਆ ਹੀ ਮੰਨਿਆ ਜਾਂਦਾ ਰਿਹਾ ਹੈ, ਪਰ ਅਸਲੀਅਤ ਵਿਚ ਅਜਿਹਾ ਨਹੀਂ ਹੈ।

ਕਈ ਸਾਲ ਪਹਿਲਾਂ ਜਦੋਂ ਜੋਗਿੰਦਰ ਬਾਹਰਲਾ ਜਿਉਂਦਾ ਸੀ ਤਾਂ ਮੈਂ ਆਪਣੇ ਇਕ ਲੇਖ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਸੀ, ਜਿਸ ਨੂੰ ਪੜ੍ਹਕੇ ਇਕ ਦਿੱਲੀ ਦੀ ਕੁੜੀ ਜੋ ਸ਼ਿਵ ਕੁਮਾਰ ਦੀ ਕਵਿਤਾ ਦੀ ਉਪਾਸਕ ਸੀ, ਆਪਣੀ ਮਾਂ ਦੇ ਨਾਲ ਬਾਹਰਲੇ ਬਾਰੇ ਪੁੱਛਦੀ-ਪਛਾਉਂਦੀ ਦਿੱਲੀ ਤੋਂ ਮਾਹਿਲਪੁਰ ਮਿਲਣ ਇਸ ਕਰਕੇ ਆਈ ਸੀ ਕਿ ਉਹ ਆਦਮੀ ਕਿਹੋ ਜਿਹੀ ਸ਼ਖ਼ਸੀਅਤ ਹੋਵੇਗਾ ਜਿਸ ਬਾਰੇ ਸ਼ਿਵ ਕੁਮਾਰ ਨੇ ਕੋਈ ਗੀਤ ਲਿਖਿਆ ਹੈ ਅਤੇ ਉਹ ਬਾਹਰਲੇ ਦੀ ਮਾਲੀ ਮਦਦ ਵੀ ਕਰਕੇ ਗਈ ਸੀ। ਇਹ ਗੱਲ ਮੈਨੂੰ ਬਾਹਰਲੇ ਨੇ ਲੇਖ ਛਪਣ ਤੋਂ ਅਗਲੇ ਮਹੀਨਿਆਂ ਵਿਚ ਇਕ ਮਿਲਣੀ ਦੌਰਾਨ ਦੱਸੀ ਸੀ।

ਆਪਣੇ ਆਖਰੀ ਸਾਲਾਂ ਵਿਚ ਸ਼ਿਵ ਨੇ ਪੰਜਾਬੀ ਸਾਹਿਤ ਦੇ ਪੱਲੇ ਵਿਚ ਕਈ ਹੋਰ ਖੂਬਸੂਰਤ ਗੀਤ ਪਾਏ ਹਨ ਜਿਨ੍ਹਾਂ ਦਾ ਸਬੰਧ ਉਸ ਦੇ ਨਿੱਜ ਨਾਲੋਂ ਹੱਟ ਕੇ ਪਰ ਨਾਲ ਸੀ।
ਸੰਪਰਕ: 416-904-3500

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਸ਼ਹਿਰ

View All