ਅਮਰ ਜਿਉਤੀ ਦੀ ਕਵਿਤਾ

ਅਮਰ ਜਿਉਤੀ ਦੀ ਕਵਿਤਾ

ਪ੍ਰੋ. ਸੁਹਿੰਦਰ ਬੀਰ

ਅਮਰ ਜਿਉਤੀ ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਹੈ। ਉਸ ਨੇ ਪੰਜਾਬੀ ਸਾਹਿਤ ਵਿਚ ਐੱਮ. ਏ. ਅਤੇ ਪੀਐੱਚ.ਡੀ ਦੀ ਉਚੇਰੀ ਡਿਗਰੀ ਵੀ ਹਾਸਲ ਕੀਤੀ ਹੈ। 1982 ਵਿਚ ਉਹ ਹਾਲੈਂਡ ਚਲੀ ਗਈ। ਕੁਝ ਸਾਲ ਉੱਥੇ ਰਹਿਣ ਉਪਰੰਤ ਹੁਣ ਉਸ ਨੇ ਇੰਗਲੈਡ ਵਿਖੇ ਵਸੇਬਾ ਕਰ ਲਿਆ ਹੈ। ਨੀਦਰਲੈਂਡ ਵਿਖੇ ਰਹਿੰਦਿਆਂ ਉਹ ‘ਅੰਬਰ’ ਸਾਹਿਤਕ ਮੈਗਜ਼ੀਨ ਵੀ ਪ੍ਰਕਾਸ਼ਿਤ ਕਰਦੀ ਰਹੀ ਜਿਸ ਵਿਚ ਪੰਜਾਬੀ ਅਤੇ ਡੱਚ ਜ਼ੁਬਾਨ ਵਿਚ ਲਿਖੀ ਕਵਿਤਾ ਨੂੰ ਅੰਗਰੇਜ਼ੀ ਭਾਸ਼ਾ ਰਾਹੀਂ ਜੋੜਨ ਦਾ ਨਿੱਗਰ ਉਪਰਾਲਾ ਕੀਤਾ ਹੈ। ਉਸ ਦੇ ਸਾਹਿਤਕ ਯੋਗਦਾਨ ਕਰਕੇ ਉਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਵੀ ਉਸ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਪ੍ਰਾਪਤ ਹੋ ਚੁੱਕਾ ਹੈ। ਕਵਿਤਾ ਦੇ ਖੇਤਰ ਵਿਚ ਹੁਣ ਤਕ ਉਹ ਛੇ ਕਾਵਿ ਸੰਗ੍ਰਹਿ ‘ਮਾਰੂਥਲ ਵਿਚ ਤੁਰਦੇ ਪੈਰ’ (1995), ‘ਮੈਨੂੰ ਸੀਤਾ ਨਾ ਕਹੋ’ (1988), ‘ਦਰੋਪਦੀ ਤੋਂ ਦੁਰਗਾ’ (1990) ‘ਖ਼ਾਮੋਸ਼ੀ ਦੀ ਆਵਾਜ਼’ (1998), ‘ਸੋਚਾਂ ਦੇ ਨਿਸ਼ਾਨ’ (2004), ‘ਸੂਫ਼ੀ ਰੋਮਾਂਸ’ (2004) ਅਤੇ ‘ਵਕਤ ਮੌਸਮ ਅਤੇ ਨਜ਼ਮ’ (2015) ਪ੍ਰਕਾਸ਼ਿਤ ਕਰਵਾ ਚੁੱਕੀ ਹੈ। ਉਸ ਦੇ ਪਹਿਲੇ ਤਿੰਨ ਕਾਵਿ-ਸੰਗ੍ਰਹਿਆਂ ਦੇ ਨਾਮ ਤੋਂ ਇਕ ਅਜਿਹੀ ਇਸਤਰੀ ਦਾ ਤਸੱਵੁਰ ਦ੍ਰਿਸ਼ਮਾਨ ਹੁੰਦਾ ਹੈ ਜੋ ਪੰਜਾਬ ਦੀਆਂ ਹਰਮਨ ਪਿਆਰੀਆਂ ਪ੍ਰੇਮ-ਕਹਾਣੀਆਂ ਦੀਆਂ ਨਾਇਕਾਵਾਂ ਸੱਸੀ-ਸੋਹਣੀ ਵਾਂਗ ਉਨ੍ਹਾਂ ਦੇ ਕਦਮਾਂ ’ਤੇ ਚੱਲ ਕੇ ਨਾ ਕੇਵਲ ਪਰਿਪੱਕਤਾ ਦਾ ਸਬੂਤ ਹੀ ਦਿੰਦੀ ਹੈ ਬਲਕਿ ਸਥਾਪਿਤ ਕਦਰਾਂ-ਕੀਮਤਾਂ ਖ਼ਿਲਾਫ਼ ਰੋਹ-ਵਿਦਰੋਹ ਕਰਕੇ ਦਰੋਪਦੀ ਤੋਂ ਦੁਰਗਾ ਤਕ ਦੇ ਰੁਪਾਂਤਰਨ ਵਿਚ ਇਕ ਸ਼ਕਤੀਸ਼ਾਲੀ ਅਤੇ ਇਨਕਲਾਬੀ ਚਰਿੱਤਰ ਦਾ ਰੂਪ ਧਾਰਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਕ ਰੂ-ਬ-ਰੂ ਵਿਚ ਵੀ ਉਸ ਨੇ ਇਹ ਸਵੀਕਾਰ ਕੀਤਾ ਸੀ ਕਿ ਉਸ ਨੇ ਪਰੰਪਰਾਗਤ ਅਤੇ ਵਕਤ ਵਿਹਾ ਚੁੱਕੀਆਂ ਕੀਮਤਾਂ ਖ਼ਿਲਾਫ਼ ਆਪਣੀਆਂ ਰਚਨਾਵਾਂ ਵਿਚ ਆਵਾਜ਼ ਉਠਾਈ ਹੈ।

ਇਸ ਲੇਖ ਵਿਚ ਉਸ ਦੇ ਕਾਵਿ-ਸੰਗ੍ਰਹਿ ‘ਖ਼ਾਮੋਸ਼ੀ ਦੀ ਆਵਾਜ਼’ ਵਿਚਲੀਆਂ ਰਚਨਾਵਾਂ ਦੇ ਥੀਮਿਕ-ਪਸਾਰਾਂ ਨੂੰ ਉਜਾਗਰ ਕਰਨ ਦਾ ਯਤਨ ਹੈ। ਸਭ ਤੋਂ ਪਹਿਲਾਂ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੋਈ ਵੀ ਸਾਹਿਤਕਾਰ ਕਲਾ ਜਾਂ ਸਾਹਿਤ ਦੀ ਰਚਨਾਤਮਕ ਪ੍ਰਕਿਰਿਆ ਵਿਚੋਂ ਕਿਉਂ ਗੁਜ਼ਰਦਾ ਹੈ? ਇਸ ਪ੍ਰਸ਼ਨ ਦੇ ਜੁਆਬ ਲਈ ਮਿਖਾਈਲ ਬਾਖ਼ਤੀਨ (1895-1975) ਦੇ ਵਿਚਾਰ ਦਾ ਹਵਾਲਾ ਦੇਣਾ ਦਰੁੱਸਤ ਹੋਵੇਗਾ। ਕਲਾਕਾਰ ਆਪਣੀ ਮਾਨਸਿਕਤਾ ਵਿਚ ਬੇਕਾਬੂ ਹੋਏ ਜਜ਼ਬਿਆਂ ਦੇ ਨਿਕਾਸ ਲਈ ਸਿਰਜਣਾਤਮਕ ਪ੍ਰਕਿਰਿਆ ਵਿਚੋਂ ਗੁਜ਼ਰਦਾ ਹੈ। ਬਾਖ਼ਤੀਨ ਨੇ ਇਸ ਨੂੰ ‘ਸਵੈ ਤੋਂ ਮੁਕਤੀ’ ਦਾ ਨਾਮ ਦਿੱਤਾ ਹੈ। ਸਿਰਜਣਾ ਰਾਹੀਂ ‘ਸਵੈ ਤੋਂ ਮੁਕਤੀ’ ਪ੍ਰਾਪਤ ਕਰਨ ਦੀ ਧਾਰਨਾ ਭਾਵੇਂ ਬਾਖ਼ਤੀਨ ਦੀ ਮੌਲਿਕ ਨਹੀਂ। ਜਰਮਨ ਸੁਹਜ ਸ਼ਾਸਤਰੀਆਂ ਦੀਆਂ ਲਿਖਤਾਂ ਦੇ ਆਧਾਰ ’ਤੇ ਵਾਨਗਰ ਨੇ ਬਾਖ਼ਤੀਨ ਤੋਂ ਪਹਿਲਾਂ ਸਿਰਜਣਾ ਨੂੰ ਆਪੇ ਤੋਂ ਮੁਕਤ ਜਾਂ ਬੇਦਖਲ ਹੋਣਾ ਕਿਹਾ ਹੈ। ਗਲਪੀ ਰਚਨਾਵਾਂ ਵਿਚ ਆਮ ਤੌਰ ’ਤੇ ਗਲਪਕਾਰ ਆਪਣੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਤਰਾਂ ਦੀ ਘਾੜਤ ਕਰਦੇ ਹਨ, ਪਰ ਸਿਰਜਨਾਤਮਕ ਸਮਰੱਥਾ ਨੂੰ ਕਲਾਕਾਰ ਉਦੋਂ ਹੀ ਹਾਸਲ ਕਰਨ ਦੇ ਯੋਗ ਹੁੰਦੇ ਹਨ ਜਦੋਂ ਉਹ ਇਕ ਵਿੱਥ ’ਤੇ ਖਲੋ ਕੇ ਆਪਣੇ ਆਪੇ ਦੀ ਤਲਾਸ਼ ਕਰਦੇ ਹਨ। ਡਾ. ਹਰਿਭਜਨ ਸਿੰਘ ਨੇ ਏਸੇ ਧਾਰਨਾ ਨੂੰ ਆਪਣੇ ਕਾਵਿਕ-ਵਿਹਾਰ ਵਿਚ ਵਰਤਿਆ ਹੈ:

ਮੈਂ ਫਾਸਲੇ ਉੱਪਰ ਖਲੋ ਕੇ ਦੁਨੀਆਂ ਦਾ ਸੁਹਜ ਦਰਸ਼ਨ ਕੀਤਾ ਹੈ। ਮੈਂ ਦੁਨੀਆਂ ਨੂੰ ਛੋਹਿਆ ਨਹੀਂ, ਇਸ ਤੋਂ ਨਿਰਲੇਪ ਹੋ ਕੇ ਇਸ ਨੂੰ ਲੋਚਿਆ ਅਤੇ ਸਲਾਹਿਆ ਹੈ। ਨਿਰਲੇਪਤਾ ਸਵੱਛ ਹੀ ਨਹੀਂ, ਅਪਣੱਤ ਵਾਲੀ ਸ਼ੈਅ ਹੈ। ਮੇਰੀ ਫ਼ਾਸਲਾਪਸੰਦੀ ਸੰਨਿਆਸੀ ਦੀ ਉਦਾਸੀਨਤਾ ਨਹੀਂ, ਇਸ ਦਾ ਮੁਹਾਂਦਰਾ ਅਪਣੱਤ ਵਾਲਾ ਹੈ।

ਆਪੇ ਤੋਂ ਮੁਕਤ ਹੋਣ ਦੀ ਸਿਰਜਣਾਤਮਕ ਪ੍ਰਕਿਰਿਆ ਨੂੰ ਅੰਮ੍ਰਿਤਾ ਪ੍ਰੀਤਮ ਨੇ ‘ਸਿਗਰਟ ਨਾਲੋਂ ਰਾਖ ਵਾਂਗ ਝਾੜਨ’ ਦੇ ਰੂਪਕ ਵਿਚ ਬਾਖ਼ੂਬੀ ਬੰਨ੍ਹਿਆ ਹੈ। ਕਾਵਿ-ਸ਼ਾਸਤਰੀਆਂ ਦੀਆਂ ਕਾਵਿ ਸਬੰਧੀ ਧਾਰਨਾਵਾਂ ਅਤੇ ਕਲਾਕਾਰਾਂ ਦੀਆਂ ਕਲਾ-ਕ੍ਰਿਤਾਂ ਵਿਚੋਂ ਉਪਲੱਬਧ ਹੋਈਆਂ ਪਰਿਭਾਸ਼ਕ ਟਿੱਪਣੀਆਂ ਵਿਚ ਸਾਂਝ ਅਤੇ ਵਖਰੇਵਾਂ ਅਕਸਰ ਵੇਖਣ ਨੂੰ ਮਿਲ ਜਾਂਦਾ ਹੈ। ਅਮਰ ਜਿਉਤੀ ਦੇ ਕਾਵਿ-ਸਿਧਾਂਤ ਨੂੰ ਸਮਝਣ ਲਈ ਹੇਠ ਲਿਖੀਆਂ ਸਤਰਾਂ ਵਿਚੋਂ ਗੁਜ਼ਰਨਾ ਲਾਜ਼ਮੀ ਹੈ:

ਮੇਰੀ ਖ਼ਾਮੋਸ਼ੀ/ਬਣਕੇ ਇਬਾਰਤ

ਕਿਤਾਬ ਦੀ/ਲਿਖੀ ਗਈ ਹੈ

ਮੇਰੇ ਪਾਠਕ/ਪੜ੍ਹ ਸਕਦੇ ਤਾਂ

ਪੜ੍ਹ ਇਹਦੇ ਅੱਖਰਾਂ ਦੀ ਤਨਹਾਈ

ਇਹਦੇ ਦਰਦ ਦੀ ਕਹਾਣੀ

***

ਖ਼ਾਮੋਸ਼ੀ ਮੇਰੀ ਨਜ਼ਮ ਬਣ ਕੇ

ਰਹਿਣ ਲੱਗੀ ਏ, ਮੇਰੇ ਹੋਠਾਂ ’ਤੇ

ਐ ਸ਼ਾਇਰ ਬਣਾ ਸਕਦੇ ਤਾਂ

ਬਣਾ ਦੇ ਲਫ਼ਜ਼ਾਂ ਦਾ ਇਕ ਘਰ

ਆਪਣੀ ਕਲਮ ਨਾਲ

ਅਮਰ ਜਿਉਤੀ ਲਈ ਕਵਿਤਾ ‘ਖ਼ਾਮੋਸ਼ੀ ਦਾ ਬੋਝ ਅਤੇ ਇਬਾਰਤ’ ਹੈ। ਆਪਣੀ ਕਵਿਤਾ ‘ਬੁੱਧ ਕੌਣ ਸੀ’ ਵਿਚ ਉਹ ਇਹ ਧਾਰਨਾ ਪੇਸ਼ ਕਰਦੀ ਹੈ ਕਿ ਬੁੱਧ ਤਾਂ ਜੀਵਨ ਦੇ ਜਾਲ-ਜੰਜਾਲ ਤੋਂ ਘਬਰਾ ਕੇ ਨਿਰਵਾਣ ਦੀ ਤਲਾਸ਼ ਵਿਚ ਗ੍ਰਹਿਸਤੀ ਦਾ ਤਿਆਗ ਕਰ ਗਿਆ ਸੀ, ਯਸ਼ੋਧਰਾ ਹੀ ਸੀ ਜੋ ਜੀਵਨ ਦੇ ਯਥਾਰਥ ਵਿਚ ਪੂਰੀ ਤਨਦੇਹੀ ਨਾਲ ਬਰ ਮੇਚਦੀ ਰਹੀ। ਇਸ ਵਾਸਤੇ ਬੁੱਧ ਸਿਧਾਰਥ ਨਹੀਂ, ਬੁੱਧ ਯਸ਼ੋਧਰਾ ਸੀ। ਕਲਾ ਦਾ ਵਿਹਾਰ ਹੀ ਅਜਿਹਾ ਹੈ ਬਹੁਤ ਸਾਰੇ ਮਹਾਂਪੁਰਖ ਗੁਰੂ, ਪੀਰ, ਪੈਗੰਬਰ, ਸ਼ਾਇਰ ਆਪਣੇ ਘਰ ਤੋਂ ਦੂਰ ਬੇਵਤਨੀ ਦੇ ਅਹਿਸਾਸ ਵਿਚ ਹੀ ਸਿਰਜਨ ਪ੍ਰਕਿਰਿਆ ਵਿਚ ਰੁੱਝੇ ਰਹੇ ਹਨ। ਦੁਨੀਆਂ ਵਿਚ ਕੋਈ ਵੀ ਵਿਅਕਤੀ ਸੰਵੇਦਨਾ ਤੋਂ ਵਿਰਵਾ ਨਹੀਂ ਹੁੰਦਾ, ਪਰ ਕਲਾਕਾਰ ਦੀ ਵਿਸ਼ੇਸ਼ਤਾ ਇਸ ਵਿਚ ਹੁੰਦੀ ਹੈ ਕਿ ਉਹ ਸੰਵੇਦਨਸ਼ੀਲ ਛਿਣਾਂ ਨੂੰ ਪਕੜ ਕੇ ਪੇਸ਼ ਕਰਨ ਦੀ ਸ਼ਕਤੀ ਵੀ ਹਾਸਲ ਕਰ ਲੈਂਦਾ ਹੈ।

ਅਮਰ ਜਿਉਤੀ ਖ਼ਾਮੋਸ਼ੀ ਦੇ ਆਲਮ ਵਿਚ ਸਾਹਿਤ-ਸਿਰਜਣਾ ਦੇ ਬੋਲ ਉਚਾਰਦੀ ਹੈ। ਸੰਰਚਨਾਵਾਦੀ ਸਾਹਿਤ ਸ਼ਾਸਤਰੀਆਂ ਨੇ ਭਾਵੇਂ ਰਚਨਾ ਨੂੰ ‘ਖ਼ੁਦਮੁਖ਼ਤਾਰ ਹੋਂਦ’ ਵਜੋਂ ਪ੍ਰਵਾਨ ਕੀਤਾ ਹੈ, ਪਰ ਮਨੋਵਿਗਿਆਨੀਆਂ ਨੇ ਸਾਹਿਤ-ਪਾਠ ਨੂੰ ਲੇਖਕ ਦੀ ਮਨੋ-ਵਿਵਸਥਾ ਆਖਿਆ ਹੈ। ਉਨ੍ਹਾਂ ਅਨੁਸਾਰ ਸਾਹਿਤ-ਸਿਰਜਣਾ ਅਵਚੇਤਨ ਦੀਆਂ ਡੂੰਘਾਈਆਂ ਵਿਚੋਂ ਜਨਮ ਲੈਂਦੀ ਹੈ। ਇਹ ਅਵਚੇਤਨ ਆਪਣੇ ਆਪ ਪਾਸ ਇਕੱਲੇ ਬਹਿਣਾ ਹੈ। ਇਸੇ ਅਵਚੇਤਨ ਦੀ ਪਿੱਠ ਭੂਮੀ ਵਿਚੋਂ ਹੀ ਚੇਤਨਾ ਜਨਮ ਲੈਂਦੀ ਹੈ। ਅਮਰ ਜਿਉਤੀ ਦੀ ਕਵਿਤਾ ਜਿਹੜੀਆਂ ਮੁੱਖ ਥੀਮਿਕ-ਇਕਾਈਆਂ ਦੇ ਆਰ-ਪਾਰ ਵਿਚਰਦੀ ਹੈ ਉਹ ਥੀਮਿਕ ਇਕਾਈਆਂ ’ਚ ਲਿਖੀਆਂ ਹਨ :

ਔਰਤ ਦੀ ਹਾਸ਼ਿਆਈ ਸਥਿਤੀ

(ਮਾਂ-ਧੀ ਦੇ ਅਨੁਭਵ ਦੀ ਸਾਂਝ)

ਜੀਵਨ ਦਾ ਆਦਰਸ਼

ਜੀਵਨ ਦੇ ਯਥਾਰਥ ਵਿਚੋਂ ਉਪਜਿਆ ਦੁੱਖ

ਜਦੋਂ ਵੀ ਕੋਈ ਲੇਖਿਕਾ ਸਾਹਿਤ ਦੀ ਰਚਨਾਤਮਕ ਸਰਗਰਮੀ ਵਿਚ ਗੁਜ਼ਰਦੀ ਹੈ ਤਾਂ ਅਚੇਤ ਸੁਚੇਤ ਹੀ ਉਹ ਨਾਰੀਵਾਦੀਆਂ ਦੁਆਰਾ ਵਰਤੀ ਗਈ ਸਾਹਿਤ-ਸ਼ੈਲੀ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਇਸ ਦਾ ਕਾਰਨ ਮਰਦ ਨਾਲੋਂ ਉਸ ਦੀ ਜਿਸਮਾਨੀ ਦਿਖ ਦਾ ਵੱਖਰਾ ਹੋਣਾ ਅਤੇ ਵਿਸ਼ਵ ਭਰ ਦੀਆਂ ਔਰਤਾਂ ਦੇ ਅਨੁਭਵ ਦਾ ਲਗਭਗ ਇਕੋ ਜਿਹਾ ਹੋਣਾ ਹੈ। ਯੂਰੋਪ ਵਿਚ ਅਜੋਕੀ ਔਰਤ ਭਾਵੇਂ ਮਰਦ ਦੇ ਬਰਾਬਰ ਮੋਢੇ ਜੋੜ ਕੇ ਜੀਵਨ ਦੇ ਹਰ ਖੇਤਰ ਵਿਚ ਸ਼ਾਮਲ ਹੋ ਗਈ ਹੈ, ਭਾਰਤ ਵਿਚ ਵੀ ਲੜਕੀਆਂ, ਲੜਕਿਆਂ ਨਾਲੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ, ਇਸ ਦੇ ਬਾਵਜੂਦ ਇਸਤਰੀ ਨੂੰ ਆਪਣੀ ਹਾਸ਼ਿਆਈ ਸਥਿਤੀ ਅਤੇ ਮਰਦ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦੇ ਸਮੱਸਿਆਕਾਰ ਦਾ ਲਗਾਤਾਰ ਅਹਿਸਾਸ ਹੁੰਦਾ ਰਹਿੰਦਾ ਹੈ। ਸ਼ਾਇਦ ਇਸੇ ਕਰਕੇ ਹੀ ਪਿਛਲੀ ਸਦੀ ਦੇ ਸੱਤਵੇਂ ਦਹਾਕੇ ਵਿਚ ਮਰਦ ਵੱਲੋਂ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਆਪਣੇ ਆਪਣੇ ਹੱਕੂਾਂ ਦੀ ਪੈਰਵੀ ਲਈ ਪੱਛਮ ਵਿਚ ਨਾਰੀਵਾਦੀ ਲਹਿਰ ਦਾ ਆਗ਼ਾਜ਼ ਹੋਇਆ ਸੀ। ਅਜੋਕੀ ਨਾਰੀਵਾਦੀ ਲਹਿਰ ਇਸ ਸੱਚਾਈ ਨੂੰ ਤਾਂ ਪ੍ਰਵਾਨ ਕਰਦੀ ਹੈ ਕਿ ਮਰਦ ਅਤੇ ਨਾਰੀ ਦੇ ਕੁਦਰਤੀ ਵਖਰੇਵੇਂ ਨੂੰ ਅਪ੍ਰਵਾਨ ਨਹੀਂ ਕੀਤਾ ਜਾ ਸਕਦਾ, ਪਰ ਉਨ੍ਹਾਂ ਦਾ ਮੂਲ ਵਿਰੋਧ ਨਾਰੀ ਅਤੇ ਮਰਦ ਦਰਮਿਆਨ ਸਰੀਰਿਕ ਬਣਤਰ ਦਾ ਨਹੀਂ ਬਲਕਿ ਸਮਾਜਿਕ ਹੋਂਦ ਦਾ ਹੈ। ਉਨ੍ਹਾਂ ਅਨੁਸਾਰ ਨਾਰੀ ਦੀ ਸਥਿਤੀ ਘਰ ਦੀ ਚਾਰ ਦੀਵਾਰੀ ਵਿਚ ਘਿਰ ਕੇ ਬੱਚਿਆਂ ਨੂੰ ਸਾਂਭਣ-ਸੰਭਾਲਣ ਤੀਕ ਹੀ ਵੇਖਣ ਦੀ ਲਹਿਰ ਨਹੀਂ ਹੈ ਅਤੇ ਅਰਸਤੂ ਦੇ ਉਸ ਤਰਕ ਨੂੰ ਕੱਟਣ ਜਿਸ ਵਿਚ ਉਸ ਨੇ ਕਿਹਾ ਸੀ ਕਿ ਇਸਤਰੀ ਇਸ ਕਰਕੇ ਇਸਤਰੀ ਹੁੰਦੀ ਹੈ ਕਿਉਂਕਿ ਉਸ ਵਿਚ ਮਨੁੱਖ ਦੀ ਬਨਿਬਸਤ ‘ਗੁਣਾਂ ਦੀ ਘਾਟ’ ਹੁੰਦੀ ਹੈ।

˘ਸੇਂਟ ਥੋਮਸ ਨੇ ਇਸਤਰੀ ਨੂੰ ‘ਅਧੂਰਾ ਬੰਦਾ’ ਆਖਿਆ ਸੀ। ਇਹ ਵਿਚਾਰ ਸਦੀਆਂ ਪੁਰਾਣੇ ਅਤੇ ਖੋਖਲੇ ਹੋ ਚੁੱਕੇ ਹਨ। ਅੱਜ ਦੀ ਇਸਤਰੀ ਮਰਦ ਨਾਲੋਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹੈ, ਪਰ ਜਿਵੇਂ ਅਸੀਂ ਕਿਹਾ ਸੀ ਕਿ ਅਵਚੇਤਨ ਹੀ ਚੇਤਨ ਮਨ ਨੂੰ ਨਿਰਧਾਰਤ ਕਰਦਾ ਹੈ। ਜਦੋਂ ਕਿਸੇ ਔਰਤ ਦੀਆਂ ਭਾਵਨਾਵਾਂ ਨੂੰ ਇਸ ਕਰਕੇ ਦਬਾਇਆ ਜਾਂਦਾ ਹੈ ਕਿ ਉਹ ਔਰਤ ਹੈ ਤਾਂ ਉਸ ਦੇ ਮਨ ਅੰਦਰ ਆਪਣੇ ਛੋਟੇ ਹੋਣ ਦਾ ਅਹਿਸਾਸ ਜਾਗਣਾ ਸ਼ੁਰੂ ਹੋ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਅਮਰ ਜਿਉਤੀ ਦੀ ‘ਦਸਤਕ’ ਕਵਿਤਾ ਵਿਚ ਔਰਤ ਦੀ ਹੋਂਦ ਅਤੇ ਹੈਸੀਅਤ ਨਾ ਆਪਣੇ ਮਾਪਿਆਂ ਦੇ ਅਤੇ ਨਾ ਹੀ ਪਤੀ ਦੇ ਘਰ ਵਿਚ ਹੁੰਦੀ ਹੈ। ਨਾਰੀਵਾਦੀਆਂ ਦੀ ਵੀ ਇਹ ਧਾਰਨਾ ਹੈ ਕਿ ਸਾਡੇ ਸਮਾਜ ਵਿਚ ਔਰਤ ਨੂੰ ਪਿਤਾ, ਪਤੀ ਅਤੇ ਪੁੱਤਰ ਦੀ ਅਧੀਨਗੀ ਵਿਚ ਵਿਚਰਨਾ ਪੈਂਦਾ ਹੈ। ਇਨ੍ਹਾਂ ਦੁਆਰਾ ਔਰਤ ਦੀ ਆਜ਼ਾਦੀ ਨੂੰ ਕਦਮ-ਦਰ-ਕਦਮ ਸੀਮਤ ਕੀਤਾ ਜਾਂਦਾ ਹੈ, ਜਿਵੇਂ ਉਹ ਲਿਖਦੀ ਹੈ :

ਨਵੇਂ ਸ਼ਹਿਰ ਕੀਤਾ ਕਿਆਮ/ਤੁਰੀ ਮੈਂ ਘਰ ਲੱਭਣ

ਰਾਹ ਵਿਚ ਆਇਆ ਹੀਰ ਦਾ ਮਕਾਨ

ਦਸਤਕ ਦਿੱਤੀ ਬੁੱਕਲ ਸਵਾਰਦੀ ਖੜ੍ਹੀ ਸੀ ਹੀਰ

ਬੂਹੇ ਵਿਚ ਮੇਰਾ ਸਵਾਲ ਸੁਣ ਕੇ

ਉਂਗਲ ਕੀਤੀ ਉਸ ਦਰਵਾਜ਼ੇ ਦੇ ਬਾਹਰ ਲੱਗੀ

ਨੇਮ ਪਲੇਟ ਵੱਲ

ਬੂਹਾ ਢੋਹ ਦਿੱਤਾ ਉਸ ਵੇਖਿਆ ਤਾਂ ਉਸ ਵੇਖਿਆ

ਦਰਾਂ ਦੇ ਬਾਹਰ ਲਿਖਿਆ ਸੀ ਨੇਮ-ਪਲੇਟ ’ਤੇ

ਰਾਂਝੇ ਦਾ ਨਾਮ ਕੇਵਲ

***

ਔਰਤ ਲੱਭਣ ਤੁਰੀ ਘਰ ਦਾ ਪਤਾ

ਪਤਾ ਦੱਸਦਿਆਂ ਆਖਿਆ

ਔਰਤ ਦੇ ਬਾਪ ਦਾ ਘਰ ਉਹਦਾ ਹੀ ਘਰ

ਔਰਤ ਦੇ ਪਤੀ ਦਾ ਘਰ ਉਹਦਾ ਹੀ ਘਰ

ਔਰਤ ਪਹੁੰਚੀ ਘਰ ਬਾਪ ਦੇ

ਮਕਾਨ ਨੂੰ ਟੁਕੜਿਆਂ ਤੇ ਕਮਰਿਆਂ ’ਚ ਵੰਡ ਕੇ

ਬਾਪ ਦੇ ਪੁੱਤਰ ਰਹਿੰਦੇ ਸਨ

ਪਤੀ ਦੇ ਘਰ ਗਈ ਦਸਤਕ ਦਿੱਤੀ

ਦਰਵਾਜ਼ਾ ਖੁੱਲ੍ਹਿਆ ਉਹ ਅੰਦਰ ਲੰਘ ਗਈ

ਬੂਹਾ ਬੰਦਾ ਹੋਇਆ

ਕੰਮਾਂ ਕਾਰਾਂ ਦੇ ਸਿਲਸਿਲੇ ’ਚ ਜਾਂਦਾ ਹੈ ਰੋਜ਼ ਮਰਦ ਬਾਹਰ

ਘਰ ਦੇ ਕੰਮਾਂ ਦੇ ਸਿਲਸਿਲੇ ’ਚ ਰੁੱਝੀ

ਰਹਿੰਦੀ, ਔਰਤ ਅੰਦਰ

ਆਪਣੇ ਘਰ ਬੂਹੇ ਬੰਦ।

ਜਿਹੜੀ ਔਰਤ ਪੜ੍ਹੀ-ਲਿਖੀ ਨਹੀਂ, ਘਰ ਦੀ ਕਾਰ-ਗੁਜ਼ਾਰੀ ਵਿਚ ਹੀ ਆਪਣੀ ਭੂਮਿਕਾ ਨਿਭਾਉਂਦੀ ਹੈ ਉਸ ਨੂੰ ਤਾਂ ਅੱਜ ਵੀ ਘਰ ਦੀ ਚਾਰ ਦੀਵਾਰੀ ਦੀ ਕੈਦ ਵਿਚ ਵਿਚਰਨਾ ਪੈਂਦਾ ਹੈ, ਪਰ ਜਿਹੜੀ ਔਰਤ ਆਰਥਿਕ ਤੌਰ ’ਤੇ ਸਵੈ ਨਿਰਭਰ ਹੋ ਰਹੀ ਹੈ ਉਹ ਇਕੱਲੀ ਰਹਿੰਦੀ ਹੈ ਤਾਂ ਉਸ ਦੇ ਬਾਹਰ ਬੂਹੇ ’ਤੇ ਉਹਦਾ ਨਾਮ ਲਿਖਿਆ ਮਿਲਦਾ ਹੈ। ਜੇ ਪਤੀ ਨਾਲ ਰਹਿੰਦੀ ਹੈ ਤਾਂ ਬਾਹਰ ਦੀਆਂ ਸਰਗਰਮੀਆਂ ਵਿਚ ਉਹ ਵਧੇਰੇ ਗਤੀਸ਼ੀਲ ਨਜ਼ਰ ਆਉਂਦੀ ਹੈ। ਅਮਰ ਜਿਉਤੀ ਆਪਣਾ ਵਧੇਰੇ ਧਿਆਨ ਪਰੰਪਰਾਗਤ ਔਰਤ ਉੱਪਰ ਟਿਕਾਉਂਦੀ ਹੈ। ਉਹ ਖ਼ੁਦ ਜਦੋਂ ਇਕੱਲਤਾ ਦੀ ਹੋਣੀ ਨੂੰ ਘਰ ਦੀ ਚਾਰ ਦੀਵਾਰੀ ਵਿਚ ਘਿਰ ਕੇ ਹੰਢਾਉਂਦੀ ਹੋਈ ਉਦਾਸ ਹੁੰਦੀ ਹੈ ਤਾਂ ਉਸ ਨੂੰ ਆਪਣੀ ਮਾਂ ਦੀ ਪਰੰਪਰਿਕ ਉਦਾਸੀ ਦਾ ਗਿਆਨ ਹੁੰਦਾ ਹੈ। ਮਾਂ ਦੇ ਦੁੱਖ ਦੇ ਅਨੇਕਾਂ ਵੇਰਵੇ ਖ਼ਾਮੋਸ਼ੀ ਦੀ ਆਵਾਜ਼ ਵਿਚੋਂ ਪ੍ਰਾਪਤ ਹੋ ਜਾਂਦੇ ਹਨ :

ਮੇਰੀ ਮਾਂ ਦੇ ਪੈਰਾਂ ਵਿਚ

ਜ਼ਿੰਦਗੀ ਰੇਤ ਬਣ ਕੇ ਬਹੁਤ ਤਪੀ

ਉਹਦੇ ਪੈਰਾਂ ਦਿਆਂ ਛਾਲਿਆਂ ਵਿਚੋਂ ਨਿਕਲਕੇ

ਹਉਕਿਆਂ ਦੀ ਆਵਾਜ਼ ਕੇਵਲ ਮੈਨੂੰ ਸੁਣੀ

***

ਮੁਹੱਬਤ ਦੇ ਜੁਗਨੂੰ ਲੁਕਾ ਕੇ

ਮਾਂ ਮੇਰੀ ਜੀਂਦੀ ਸੀ

ਜੀਂਦੀ ਕਾਹਦੀ, ਰੋਜ਼ ਟੁੱਟਦੀ ਸੀ, ਮੁੱਕਦੀ ਸੀ

ਮਾਂ ਮਰ ਗਈ ਤੇ ਹੁਣ ਮੈਂ/ਟੁੱਟਦੀ ਹਾਂ-ਮੁੱਕਦੀ ਹਾਂ

***

ਇਸ ਜਾਲ ਦੇ ਪਿੱਛੇ ਮਾਂ ਮੇਰੀ ਕੈਦ ਸੀ

ਮਾਂ ਮੇਰੀ ਦੀ ਮਾਂ ਤੇ ਉਹਦੀ ਮਾਂ ...।

ਅਮਰ ਜਿਉਤੀ ਦੀ ਕਵਿਤਾ ਪਰੰਪਰਾਗਤ ਇਸਤਰੀ ਦੇ ਦੁਖਾਂਤਕ ਅਹਿਸਾਸ ਨੂੰ ਚਿਤਰਦੀ ਹੈ। ਇਤਿਹਾਸ ਇਸਤਰੀਆਂ ਉੱਪਰ ਹੋਏ ਜ਼ੁਲਮ ਅਤੇ ਕਾਲੇ ਕਾਰਨਾਮਿਆਂ ਨਾਲ ਭਰਿਆ ਹੋਇਆ ਹੈ, ਭਵਿੱਖ ਏਨਾ ਨਿਰਾਸ਼ਾਜਨਕ ਨਹੀਂ, ਉਜਲਾ ਅਤੇ ਸ਼ੱਫ਼ਾਫ਼ ਨਜ਼ਰ ਆਉਂਦਾ ਹੈ। ਔਰਤ ਨੂੰ ਔਰਤ ਦੀ ਰਾਖੀ ਲਈ ਖ਼ੁਦ ਵੀ ਸੁਚੇਤ ਹੋਣਾ ਪਵੇਗਾ। ਪ੍ਰੀ ਸੈਕਸ ਟੈਸਟ ਵਿਚ ਪੰਜਾਬੀ ਜਾਂ ਪੰਜਾਬਣਾਂ ਕਿਸੇ ਕੌਮ ਨਾਲੋਂ ਪਿੱਛੇ ਨਹੀਂ। ਇਸ ਦਾ ਕਾਰਨ ਭਾਵੇਂ ਪੰਜਾਬੀ ਸੱਭਿਆਚਾਰਕ ਪੱਖ ਤੋਂ ਅਮੀਰ ਹੋਣ ਦਾ ਗੌਰਵ ਕਰਦੇ ਹਨ, ਪਰ ਧੀ ਦੇ ਜੀਵਨ ਦੀਆਂ ਰੀਤਾਂ-ਰਸਮਾਂ ਨਾਲ ਉਹ ਸਦੀਆਂ ਤੋਂ ਬੱਝੇ ਹੋਏ ਲਕੀਰ ਦੇ ਫ਼ਕੀਰ ਹੀ ਬਣੇ ਹੋਏ ਹਨ। ਅੱਜ ਵੀ ਜ਼ਾਤ-ਪਾਤ, ਰੰਗ-ਨਸਲ, ਧਰਮ ਆਦਿ ਵਿਚ ਘਿਰੇ ਹੋਏ ਹਨ। ਪੰਜਾਬੀ ਆਧੁਨਿਕ ਸਮਿਆਂ ਵਿਚ ਜੀਉਂਦੇ ਹੋਏ ਵੀ ਅਤੀਤਕਾਲੀ ਅਤੇ ਪਰੰਪਰਾਗਤ ਹਨ। ਉਹ ਆਪਣੇ ਸੁਭਾਅ ਵਿਚ ਇਨਕਲਾਬੀ ਨਹੀਂ ਹਨ।

ਇਸ ਸੰਸਾਰ ਦੀ ਸਮਾਜਿਕਤਾ ਜੋ ਸਹਿਜੇ ਮਨੁੱਖ ਦੇ ਮੱਥੇ ਉੱਪਰ ਆਪਣਾ ਅਧਿਕਾਰ ਕਾਇਮ ਕਰਕੇ ਉਸ ਦੀ ਭਾਵਨਾ ਨੂੰ ਇਕ ਨੇਮਾਵਲੀ ਵਿਚ ਇਸ ਤਰ੍ਹਾਂ ਬੰਨ੍ਹਦੀ ਹੈ ਜਿਵੇਂ ਨਦੀ ਦੇ ਕਿਨਾਰੇ ਨੱਚਦੇ-ਟੱਪਦੇ ਪਹਾੜੀ ਪਾਣੀ ਨੂੰ ਇਕ ਨਿਰੰਤਰ ਵੇਗ ਵਿਚ ਤੋਰਦੇ ਹਨ। ਇੱਥੇ ਕੇਵਲ ਇਸਤਰੀ ਹੀ ਨਹੀਂ ਮਰਦ ਵੀ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਸ਼ਟਰੀ ਹੱਦਾਂ-ਸਰਹੱਦਾਂ ਦੇ ਜੁਗਰਾਫੀਏ ਵਿਚ ਹੀ ਘਿਰਿਆ ਰਹਿੰਦਾ ਹੈ। ਮਨੁੱਖ ਨਿਰੰਤਰ ਪ੍ਰਕਿਰਤੀ ਤੋਂ ਸੰਸਕ੍ਰਿਤੀ ਵੱਲ ਤੁਰਦਾ ਰਹਿੰਦਾ ਹੈ। ਪ੍ਰਕਿਰਤੀ ਦੇ ਅੰਗ ਸੰਗ ਵਿਚਰਨ ਵਾਲੇ ਆਦਿਵਾਸੀ ਕਬੀਲੇ ਅੱਜ ਵੀ ਘਣੇ ਜੰਗਲਾਂ ਵਿਚ ਵੇਖੇ ਜਾ ਸਕਦੇ ਹਨ। ਜਿਉਂ ਜਿਉਂ ਮਨੁੱਖ ਪ੍ਰਕਿਰਤੀ ਤੋਂ ਸੰਸਕ੍ਰਿਤੀ ਵੱਲ ਕਦਮ-ਦਰ-ਕਦਮ ਤੁਰਦਾ ਜਾਂਦਾ ਹੈ ਤਿਉਂ ਤਿਉਂ ਉਹ ਰਿਸ਼ਤਿਆਂ-ਨਾਤਿਆਂ ਦੇ ਬੇਸ਼ੁਮਾਰ ਸਬੰਧਾਂ ਅਤੇ ਸੰਵਾਦਾਂ ਵਿਚ ਬੱਝਦਾ ਜਾਂਦਾ ਹੈ। ਦੁਨੀਆਂ ਵਿਚ ਕੋਈ ਵੀ ਮਨੁੱਖ ਇਕੱਲਾ ਰਹਿ ਕੇ ਜੀਵਨ ਦੀ ਸੰਪੂਰਨਤਾ ਨੂੰ ਨਹੀਂ ਕੇਵਲ ਹਾਸ਼ੀਏ ਨੂੰ ਹੀ ਹਾਸਲ ਕਰ ਸਕਦਾ ਹੈ। ਕਿਸੇ ਮਨੁੱਖ ਦੀ ਇਕੱਲਤਾ ਦੇ ਖਲਾਅ ਨੂੰ ਭਰਨ ਲਈ ਦੂਸਰੇ ਦੀ ਹੋਂਦ ਲਾਜ਼ਮੀ ਪ੍ਰਤੀਤ ਹੁੰਦੀ ਹੈ। ਮਾਨਵੀ ਚੇਤਨਾ ਆਲੇ ਦੁਆਲੇ ਦੀ ਚੇਤਨਾ ਵਿਚੋਂ ਉਜਾਗਰ ਹੁੰਦੀ ਹੈ। ਬਾਖ਼ਤੀਨ ਨੇ ਏਸੇ ਕਰਕੇ ਸੰਵਾਦ ਨੂੰ ਆਪਣੇ ਫ਼ਲਸਫ਼ੇ ਵਿਚ ਅਹਿਮ ਦਰਜਾ ਦਿੱਤਾ ਸੀ। ਉਸ ਦਾ ਖ਼ਿਆਲ ਸੀ ਕਿ ਜ਼ਿੰਦਗੀ ਆਪਣੇ ਕੁਦਰਤੀ ਸੁਭਾਅ ਵਿਚ ਵੀ ਸੰਵਾਦੀ ਹੈ। ਸੰਵਾਦੀ ਤੋਂ ਏਥੇ ਭਾਵ ਆਲੇ ਦੁਆਲੇ ਦੀ ਸਮਾਜਿਕਤਾ ਵਿਚ ਸਰਗਰਮੀ ਨਾਲ ਸ਼ਾਮਲ ਹੋਣਾ ਹੈ। ਜੇ ਇਸ ਸ੍ਰਿਸ਼ਟੀ ਵਿਚ ਮਨੁੱਖ ਅਤੇ ਉਸ ਦੀ ਚੇਤਨਾ ਦੀ ਹੋਂਦ ਨਾ ਹੋਵੇ ਤਾਂ ਮਾਨੋ ਦੁਨੀਆਂ ਇਕ ਪੱਥਰ ਦੇ ਸਮਾਨ ਹੋਵੇਗੀ। ਇਹ ਚੇਤਨਾ ਅਤੇ ਸੰਵਾਦ ਹੀ ਹੈ ਜੋ ਸ੍ਰਿਸ਼ਟੀ ਦਾ ਰੂਪਾਂਤਰਣ ਕਰਕੇ ਇਸ ਨੂੰ ਰਮਣੀਕ ਅਤੇ ਸੁਹਜਾਤਮਕ ਬਣਾਉਂਦੇ ਹਨ। ਅਮਰ ਜਿਉਤੀ ਦੀ ਕਵਿਤਾ ਵਿਚ ਪੇਸ਼ ਹੋਈ ਇਸਤਰੀ ਵਿਅਕਤੀਗਤ ਆਦਰਸ਼ਾਂ, ਸੁਪਨਿਆਂ ਅਤੇ ਖ਼ਾਹਿਸ਼ਾਂ ਨੂੰ ਪ੍ਰਾਪਤ ਕਰਨ ਲਈ ਬੇਬਾਕੀ ਦੇ ਰੂਪ ਵਿਚ ਪ੍ਰਗਟ ਹੋਈ ਹੈ। ਇਹ ਬੇਬਾਕੀ ਉਸ ਨਾਲ ਮੁਹੱਬਤ ਕਰਨ ਵਾਲੇ ਇਨਸਾਨ ਲਈ ਝਨਾਂ ਨੂੰ ਪਾਰ ਕਰ ਸਕਣ ਵਰਗੀ ਚੁਣੌਤੀ ਵੀ ਬਣ ਜਾਂਦੀ ਹੈ :

ਤੁਰ ਨਹੀਂ ਸਕਦਾ ਮੇਰੇ ਹਮਰਾਹ ਡਰਦਾ ਏਂ

ਸ਼ਹਿਰ ਦੀ ਭੀੜ ਪਿੰਡ ਤੇ ਸੱਥ ਜੰਗਲ ਤੇ ਕਬੀਲੇ

ਸੱਪ ਤੇ ਥੇਹ ਸਾਗਰ ਤੇ ਗਹਿਰਾਈ ਸੂਰਜ ਤੇ ਚਾਨਣ

ਧੁੱਪ ਤੇ ਸੇਕ ਸਫ਼ਰ ਤੇ ਥਕਾਨ ਕੋਲੋਂ

ਦਾਅਵਾ ਕਰਦਾ ਏਂ ਸਾਰੀ ਦੁਨੀਆਂ ਗਾਹੁਣ ਦੀ ਲੋਚਾ

ਮੇਰੇ ਸੰਗ ਤੁਰ ਕੇ ਵਿਖਾ ਸ਼ਹਿਰ ਤੇ ਭੀੜ ਪਿੰਡ ਤੇ ਸੱਥ

ਜੰਗਲ ਤੇ ਕਬੀਲੇ ਸੱਪ ਤੇ ਥੇਹ ਸਾਗਰ ਤੇ ਗਹਿਰਾਈ

ਮਾਅਨੇ ਹੀ ਬਦਲ ਜਾਣਗੇ।

ਅਮਰ ਜਿਉਤੀ ਪੰਜਾਬੀ ਕਿਰਦਾਰ ਦੇ ਦੋਹਰੇ ਮਾਪਦੰਡਾਂ ਵਾਲੀ ਜ਼ਿੰਦਗੀ ਉੱਪਰ ਵਿਅੰਗ ਕਰਦੀ ਹੈ ਜੋ ਦੁਨੀਆਂ ਸਰ ਕਰਨ ਬਾਰੇ ਤਾਂ ਸੋਚਦਾ ਹੈ, ਪਰ ਜ਼ਿੰਦਗੀ ਨੂੰ ਪਰਦੇ ਹੇਠ ਪਰੰਪਰਾਗਤ ਰੂਪ ਵਿਚ ਜਿਉਣਾ ਚਾਹੁੰਦਾ ਹੈ। ਨਵੇਂ ਰਾਹਾਂ ਦੀ ਤਲਾਸ਼ ਵਿਚ ਵਿਚਰ ਕੇ ਕਾਵਿ ਆਪਣੇ ਆਦਰਸ਼ ਨੂੰ ਪ੍ਰਾਪਤ ਕਰਨ ਦੀ ਲੋਚਾ ਰੱਖਦੀ ਹੈ। ਉਸ ਦੀ ਕਵਿਤਾ ਵਿਚਲੀ ਇਸਤਰੀ ਕਿਸੇ ਅਜਿਹੇ ਮਰਦ ਨੂੰ ਵੀ ਸਵੀਕਾਰ ਨਹੀਂ ਕਰਦੀ ਜੋ ਉਸ ਦੀ ਜ਼ਿੰਦਗੀ ਦੀ ਰਮਣੀਕਤਾ ਅਤੇ ਵੀਰਾਨਗੀ ਵਿਚ ਯਾਤਰੀ ਜਾਂ ਵਾਵਰੋਲਾ ਬਣ ਕੇ ਗੁਜ਼ਰਨਾ ਚਾਹੁੰਦਾ ਹੈ :

ਤੂੰ ਆਉਣਾ ਚਾਹੇਂ ਤਾਂ ਆ ਸਕਦਾ ਏਂ

ਹਾਦਸਿਆਂ ਵਰਗੇ ਮਨੁੱਖਾਂ ਦੇ ਰੂ-ਬ-ਰੂ ਹੋ ਕੇ

ਅੱਗ ਦੀਆਂ ਲਪਟਾਂ ’ਚੋਂ ਨਹਾ ਕੇ

ਪਹੁੰਚ ਸਕਦਾ ਏਂ ਦੁਮੇਲ ਕੋਲ

ਬਹਿ ਸਕਦਾ ਏਂ ਸਤਰੰਗੀ ਪੀਂਘ ’ਤੇ

ਉੱਥੇ ਬੈਠੀ ਮੈਂ ਤੇਰਾ ਇੰਤਜ਼ਾਰ ਹਾਂ ਕਰ ਰਹੀ

ਤਦ ਸਾਡੇ ਸਾਥ ਦੀ ਅੱਗ ਦੇ ਸੇਕ ’ਚ

ਅਰਮਾਨਾਂ ਦੀਆਂ ਸੁਰਾਂ ’ਚ

ਕੋਇਲ ਦੇ ਗੀਤ ਮਚਲਣਗੇ

ਸਾਡੀ ਸਿਆਣ ਗੀਤ ਗਾਵੇਗੀ

ਪਰ ਜੇ ਤੂੰ ਕਹੇ-

ਤੂੰ ਟੂਰਿਸਟ ਬਣ ਕੇ ਆਉਣਾ ਚਾਹੁੰਦਾ ਏਂ

ਲਾਵੇ ਨਾਲ ਨਹਾਤੀ ਇਸ ਮਿੱਟੀ ਦੀ ਸੈਰ ਕਰਨ

ਸਰਹੱਦ ’ਤੇ ਲਿਖੀ ਇਬਾਰਤ ਪਹਿਲਾਂ ਪੜ੍ਹ ਲਵੀਂ।

ਅਮਰ ਜਿਉਤੀ ਦੀਆਂ ਇਨ੍ਹਾਂ ਕਵਿਤਾਵਾਂ ਵਿਚ ਬੇਬਾਕੀ ਅਤੇ ਜ਼ਿੰਦਗੀ ਤੋਂ ਚਾਰ ਕਦਮ ਅੱਗੇ ਹੋ ਕੇ ਤੁਰਨ ਨਾਲ ਪ੍ਰਗਤੀਸ਼ੀਲਤਾ ਦਾ ਸਬੂਤ ਮਿਲਦਾ ਹੈ। ਉਸ ਦਾ ਜਾਤੀ ਅਨੁਭਵ ਕਦਮ-ਦਰ-ਕਦਮ ਉਸ ਨੂੰ ਸੀਮਾਵਾਂ ਵਿਚ ਬੰਨ੍ਹਣ ਅਤੇ ਸੰਕੁਚਿਤ ਕਰਨ ਦਾ ਹੈ। ਕਦੇ ਕਦੇ ਇਨ੍ਹਾਂ ਕਵਿਤਾਵਾਂ ਵਿਚ ਵਿਚਲੀ ਇਸਤਰੀ ਆਪਣੇ ਆਪ ਨੂੰ ਸਿਮਟੀ-ਸੁੰਗੜੀ ਹੋਈ ਮਹਿਸੂਸ ਵੀ ਕਰਦੀ ਹੈ। ਅਮਰ ਜਿਉਤੀ ਦੀ ਸੋਚ ਇਨ੍ਹਾਂ ਸੀਮਤ ਦਾਇਰਿਆਂ ਨੂੰ ਉਲੰਘ ਕੇ ਪਾਰ ਵਿਚਰਨ ਦੀ ਹੈ, ਇਸੇ ਕਰਕੇ ਭਾਵੇਂ ਉਹ ਤਾਂ ਪਰੰਪਰਾਗਤ ਦਾਇਰਿਆਂ ਨੂੰ ਉਲੰਘ ਕੇ ਪਾਰ ਵਿਚਰਨ ਦੀ ਲੋਚਾ ਰੱਖਦੀ ਹੈ, ਇਸੇ ਕਰਕੇ ਭਾਵੇਂ ਇਕ ਅਜਿਹਾ ਅਭਿਮਨਯੂ ਪੈਦਾ ਕਰਨਾ ਚਾਹੁੰਦੀ ਹੈ ਜੋ ਸਮਾਜ ਦੀਆਂ ਪਿਛਾਂਹ ਖਿਚੂ ਸੀਮਾਵਾਂ ਤੋਂ ਆਜ਼ਾਦ ਹੋਵੇ ਅਤੇ ਆਧੁਨਿਕ ਯੁੱਗ ਦਾ ਪ੍ਰਤੀਕ ਬਣ ਸਕੇ, ਉਸ ਦੀ ਚੇਤਨਾ ਨਵੇਂ ਆਦਰਸ਼ਾਂ ਅਤੇ ਨਵੇਂ ਦਿਸਹੱਦਿਆਂ ਨੂੰ ਸਾਕਾਰ ਕਰਦੀ ਹੈ :

ਚੱਕਰਵਿਯੂ ਵਿਚ ਮੈਂ ਘਿਰ ਗਈ/ਵਾਂਗ ਅਭਿਮਨਯੂ

ਇਹਨਾਂ ਵਿਚੋਂ ਨਿਕਲਣ ਦੀਆਂ/ਸਬੀਲਾਂ ਮੈਂ ਭੁੱਲ ਗਈ

***

ਅੱਜ ਮੈਂ ਹਾਂ ਗਰਭਵਤੀ/ਆਪਣੇ ਮਨ ਦੀ ਕੁੱਖ ਵਿਚ

ਬੀਜਿਆ ਚਾਨਣ ਦਾ ਟੁਕੜਾ/ਦਿਨ ਰਾਤਾਂ ਰੁੱਤਾਂ ਸੰਗ ਹਾਂ

ਜਾਗ ਰਾਹੀਂ ਕਿ ਹੁਣ/ਨਹੀਂ ਜੰਮਣਾ ਮੈਂ ਅਭਿਮਨਯੂ

ਦੁਨੀਆਂ ਦੇ ਮਹਾਨ ਚਿੰਤਕ ਰੂਸੋ ਨੇ ਕਿਹਾ ਸੀ ਕਿ ਮਾਨਵ ਜਾਤੀ ਦੀ ਸਚਾਈ ਜੀਵ ਵਿਗਿਆਨੀ ਨਹੀਂ ਬਲਕਿ ਇਕ ਫ਼ਿਲਾਸਫ਼ਰ ਹੀ ਜਾਣ ਸਕਦਾ ਹੈ। ਜਦੋਂ ਵੀ ਕੋਈ ਵਿਅਕਤੀ ਕਿਸੇ ਕੌਮ ਜਾਂ ਨਸਲ ਵਿਚ ਜਨਮ ਲੈਂਦਾ ਹੈ ਤਾਂ ਅਚੇਤ-ਸੁਚੇਤ ਹੀ ਉਸ ਦੀ ਪਰੰਪਰਾ ਦੀਆਂ ਜੜਾਂ ਮਨੁੱਖ ਦੀ ਮਿੱਟੀ ਵਿਚ ਲੱਗ ਜਾਂਦੀਆਂ ਹਨ। ਹਰ ਮਨੁੱਖ ਦੇ ਮੱਥੇ ਉੱਤੇ ਸਮੁੱਚੀ ਮਨੁੱਖੀ ਨਸਲ ਦੀ ਪੂਰਵ ਸੋਚਣੀ ਦੀ ਮੋਹਰ ਲੱਗ ਜਾਂਦੀ ਹੈ। ਇਹ ਮੋਹਰ ਬੰਦੇ ਦੀ ਦੇਹ ਨਾਲ ਅੰਤ ਕਾਲ ਤਕ ਨਿਭਦੀ ਹੈ। ਇਸ ਤੋਂ ਇਹ ਪਰਿਪੇਖ ਜਾਂ ਵਿਚਾਰ ਬਣਦਾ ਹੈ ਕਿ ਵਿੱਛੜ ਚੁੱਕੇ ਜਿਉਣ ਵਾਲਿਆਂ ਦੀਆਂ ਪੈੜਾਂ ਨਿਰਧਾਰਤ ਹਨ ਅਤੇ ਵਿਅਕਤੀ ਦੀ ਪੈੜ-ਚਾਲ ਉਸ ਦੇ ਪੁਰਖੇ ਨਿਸ਼ਚਤ ਕਰ ਜਾਂਦੇ ਹਨ। ਅਮਰ ਜਿਉਤੀ ਵੀ ਆਉਣ ਵਾਲੇ ਸਮੇਂ ਬਾਰੇ ਸੁਚੇਤ ਹੈ ਅਤੇ ਉਹ ਆਉਣ ਵਾਲੀਆਂ ਨਸਲਾਂ ਦੀ ਪੈੜ-ਚਾਲ ਸੁਖਾਵੀਂ ਬਣਾਉਣ ਲਈ ਇਕ ਅਜਿਹੇ ਆਦਰਸ਼ ਕਾਰਨ ਅਭਿਮਨਯੂ ਪੈਦਾ ਕਰਨਾ ਚਾਹੁੰਦੀ ਹੈ ਜਿਸ ਨਾਲ ਜੀਵਨ ਜਾਚ ਸੁਖਾਵੀਂ ਬਣ ਸਕੇ। ਸੁਖਾਵਾਂ ਅਤੇ ਦੁਖਾਵਾਂ ਜੀਣ ਜ਼ਿੰਦਗੀ ਦੇ ਇਕ ਸਿੱਕੇ ਦੇ ਦੋ ਪਾਸੇ ਹਨ। ਜ਼ਿੰਦਗੀ ਦਾ ਸੁਖਾਵਾਂ ਮਾਹੌਲ ਸੁਪਨਮਈ ਅਤੇ ਆਦਰਸ਼ਕ ਹੈ, ਪਰ ਯਥਾਰਥ ਵਿਚੋਂ ਹਮੇਸ਼ਾਂ ਮਨੁੱਖ ਨੂੰ ਕੌੜੇ-ਕੁਸੈਲੇ ਤਜਰਬੇ ਹਾਸਲ ਹੁੰਦੇ ਹਨ। ਇਨ੍ਹਾਂ ਦੋਹਾਂ ਵਿਰੋਧੀ-ਜੁੱਟਾਂ ਦੀ ਪੇਸ਼ਕਾਰੀ ਅਮਰ ਜਿਉਤੀ ਦੀ ਕਵਿਤਾ ਵਿਚ ਬੇਜੋੜਤਾ ਸਹਿਤ ਪੇਸ਼ ਹੋਈ ਵੇਖੀ ਜਾ ਸਕਦੀ ਹੈ :

ਤੈਨੂੰ ਲੱਭਦੀ- ਬੜੀ ਦੂਰ ਤੁਰੀਂ ਤੇਰੇ ਸੰਗ

ਤੂੰ ਮੇਰੀ ਹੋਂਦ ਦਾ ਸਬੂਤ ਹੈ

ਮੈਂ ਇਹੀ ਸਮਝਦੀ ਸਾਂ

ਖੇਡਦੀ ਫੁੱਲਾਂ ਨਾਲ/ਮਹਿਕ ਸੰਗ ਉੱਡਦੀ

ਤਿਤਲੀਆਂ ਮੇਰੀਆਂ ਸਹੇਲੀਆਂ

ਪੰਛੀਆਂ ਦੇ ਗੀਤ ਸੁਣਦੀ

ਮੋਰਾਂ ਦੇ ਖੰਭਾਂ ਦੇ ਰੰਗ/ਰੁਮਾਂਸ ਭਰਦੇ ਮੇਰੇ ਅੰਦਰ

ਉਹਦੀਆਂ ਉਦਾਸ ਅੱਖਾਂ ਵਿਚ

ਪੜ੍ਹਦੀ ਸ਼ਬਦ ਮੁਹੱਬਤ ਦਾ

ਕਾਲੀ ਘਟਾ ਬਰਸਦੀ

ਬਿਜਲੀ ਅਸਮਾਨੇ ਬੱਦਲਾਂ ਸੰਗ ਸਾਜ਼ਿਸ਼ ਕਰਦੀ

ਮੁਹੱਬਤ ਦਾ ਪੰਛੀ ਖੰਭ ਫੈਲਾਉਂਦਾ

ਥਿਰਕਦਾ/ਪੈਲਾਂ ਪਾਉਂਦਾ/ਆਵੇਂਗਾ ਤੂੰ

ਨੱਚਦਾ ਗਾਉਂਦਾ ਤੇ

ਗਾਵੇਂਗਾ ਗੀਤ/ਮਨ ਦੇ ਚਾਅ ਦਾ

ਪਰ ਤੂੰ ਕਦੇ ਨਹੀਂ ਆਇਆ

ਉਸ ਨੇ ਕਦੋਂ ਦਾ ਮੈਨੂੰ ਕਰ ਦਿੱਤਾ ਬੇਦਖਲ

ਮੁਹੱਬਤ ਦੀ ਭੋਏਂ ਵਿਚੋਂ

ਮੈਂ ਹੀ ਪੋਹਲੀ ਦਾ ਬੂਟਾ ਬਣ ਕੇ

ਮੁੜ ਮੁੜ ਉੱਗਦੀ ਰਹੀ ਉਸ ਕੱਲਰੀ ਜ਼ਮੀਨ ਵਿਚ

ਉੱਡਣੇ ਸੱਪ ਮੇਰੇ ਮੱਥੇ ਨੂੰ ਡੰਗ ਦੇ

ਮੇਰੀ ਰੂਹ ਉੱਤੇ ਨੀਲੇ ਨਿਸ਼ਾਨ ਪੈਂਦੇ

ਮੇਰੇ ਜਿਸਮ ਵਿਚ ਤੁਰਦੇ ਲਹੂ ਵਿਚ ਜ਼ਹਿਰ ਘੁਲਦੀ

ਨੀਲੀ ਰੂਹ ਡੰਗਿਆ ਜਿਸਮ ਲੈ ਕੇ

ਜ਼ਿੰਦਗੀ ਨੂੰ ਗਲਵੱਕੜੀ ਪਾ ਕੇ ਮਿਲਦੀ

ਕੰਡਿਆਲੇ ਰਾਹਾਂ ’ਤੇ ਤੁਰਦਿਆਂ

ਪੋਹਲੀ ਦੇ ਸੋਨੇ ਰੰਗੇ ਬਸਤਰ ਪਹਿਨਦਿਆਂ

ਜਜ਼ਬੇ ਹਨ ਸੋਚੀਂ ਪਏ

ਸ਼ਿੱਦਤ ਹੈ ਹਰ ਗਈ ਮਾਲਕ ਦੀ ਜ਼ਮੀਨ ਵਿਚ

ਅੱਜ ਵੀ ਮੈਂ ਉੱਗ ਰਹੀ

ਉਸ ਭੌਂ ਵਿਚ ਰਹਿਣ ਲਈ

ਬੇਦਖਲ ਕੀਤੇ ਮੁਜਾਰੇ ਵਾਂਗ

ਜੋ ਜੀਅ ਕਰਦੇ ਇਸ ਕਮਰੇ ਵਿਚੋਂ ਲੈ ਲਵੋ

ਤੇ ਇਸ ਨੂੰ ਖਾਲੀ ਕਰ ਦਿਉ

ਜਾਉ ਤਾਂ ਮਿਹਰਬਾਨੀ ਹੋਵੇਗੀ ਤੁਹਾਡੀ

ਇਸ ਕਮਰੇ ਦਾ ਬੂਹਾ ਭੇੜ ਜਾਣਾ

ਮਰ ਸਕਾਂ ਖ਼ਾਮੋਸ਼ ਮੈਂ

ਇਸ ਹੁੰਮਸ ਭਰੇ ਕਮਰੇ ’ਚ ਸਾਹ ਘੁੱਟ ਕੇ।

ਕਵਿਤਾ ਦੇ ਉਪਰੋਕਤ ਤਿੰਨਾਂ ਹਵਾਲਿਆਂ ਤੋਂ ਸਿਰਜਕ ਦੇ ਅਵਚੇਤਨ ਵਿਚ ਹੋ ਰਹੀ ਕਸ਼ਮਕਸ਼ ਅਤੇ ਤਣਾਅ ਭਰਪੂਰ ਮਾਨਸਿਕਤਾ ਬਾਰੇ ਗਿਆਨ ਹੁੰਦਾ ਹੈ। ਫਰਾਇਡ ਦੀ ਸੁਪਨਿਆਂ ਬਾਰੇ ਇਹ ਧਾਰਨਾ ਹੈ ਕਿ ਜਿਨ੍ਹਾਂ ਖ਼ਾਹਿਸ਼ਾਂ ਨੂੰ ਸਮਾਜਿਕ ਜ਼ਾਬਤੇ ਅਧੀਨ ਦਬਾ ਦਿੱਤਾ ਜਾਂਦਾ ਹੈ, ਉਹ ਸੁਪਨੇ ਵਿਚ ਉਜਾਗਰ ਹੁੰਦੀਆਂ ਹਨ। ਲਾਕਾਂ ਨੇ ਏਸੇ ਸੰਕਲਪ ਨੂੰ ਰੂਪਕੀ ਅਤੇ ਸੰਗਲੀ ਰਿਸ਼ਤੇ ਦੇ ਪੜਾਵਾਂ ਵਿਚ ਬੰਨ੍ਹਿਆ ਹੈ। ਕਵਿਤਾ ਦੇ ਪਹਿਲੇ ਹਵਾਲੇ ਵਿਚ ਰੂਪਕੀ ਅਤੇ ਸੰਗਲੀ ਸਾਕਾਰਤਮਕ ਅਤੇ ਆਦਰਸ਼ਕ ਪੇਸ਼ਕਾਰੀ ਹੈ। ਇਹ ਅਵਚੇਤਨ ਦਾ ਸੁਪਨਮਈ ਪਸਾਰ ਹੈ, ਦੂਸਰਾ ਜ਼ਿੰਦਗੀ ਦੀ ਹਕੀਕਤ ਅਤੇ ਯਥਾਰਥ ਦਾ ਹੈ ਜਿਸ ਨੂੰ ਲਾਕਾਂ ਨੇ ਸੰਗਲੀ ਰਿਸ਼ਤੇ ਦਾ ਨਾਮ ਦਿੱਤਾ ਹੈ। ਇਸ ਵਿਚ ਸਿਰਜਕ ਦੇ ਅਵਚੇਤਨ ਦਾ ਨਿਖੇਧਾਤਮਕ ਪਸਾਰ ਰੂਪਮਾਨ ਹੋਇਆ ਹੈ। ਤੀਸਰਾ ਵੇਰਵਾ ਉਹ ਹੈ ਜਿੱਥੇ ਅਵਚੇਤਨ ਵਿਚ ਨਿਖੇਧਾਤਮਕ ਪਸਾਰ ਦਾ ਦਬਾਅ ਵਧ ਜਾਂਦਾ ਹੈ, ਏਸੇ ਨੂੰ ਸਾਰਤਰ ਨੇ ਬੰਦੇ ਦੀ ਮੌਤ ਦੀ ਗਾਥਾ ਕਿਹਾ ਸੀ। ਜ਼ਿੰਦਗੀ ਦੀ ਵਾਸਤਵਿਕਤਾ ਦੇ ਅਨੇਕਾਂ ਪਹਿਲੂ ਹਨ ਜਿਵੇਂ ਪ੍ਰਕਿਰਤੀ ਦੇ ਰੰਗ ਬਦਲਦੇ ਹਨ, ਇਸੇ ਤਰ੍ਹਾਂ ਹੀ ਅਮਰ ਜਿਉਤੀ ਦੀ ਕਵਿਤਾ ਜੀਵਨ ਦੇ ਆਦਰਸ਼ਾਂ ਅਤੇ ਸੁਪਨਿਆਂ ਨੂੰ ਵਕਫ਼ੇ ਵਿਚ ਫੈਲਾ ਕੇ ਵੇਖਦੀ ਹੈ। ਤਣਾਅ ਦੀ ਸਹਿਜ ਪੇਸ਼ਕਾਰੀ ਹੀ ਉਸ ਦੀ ਕਾਵਿਕਤਾ ਦੀ ਬੁਨਿਆਦੀ ਵਿਸ਼ੇਸ਼ਤਾ ਬਣਦੀ ਹੈ। ਇਹ ਤਣਾਅ ਹੀ ਜੀਵਨ ਦੇ ਯਥਾਰਥ ਦੀ ਪ੍ਰਮਾਣਿਕਤਾ ਨੂੰ ਸਾਕਾਰ ਕਰਦਾ ਹੈ।
ਈਮੇਲ : birpoet@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All