ਮੇਰੀ ਜ਼ਿੰਦਗੀ ਰੁਸ਼ਨਾਉਣ ਵਾਲਾ
ਸਾਲ 1970 ਦਾ ਅਗਸਤ ਮਹੀਨਾ। ਰਣਧੀਰ ਕਾਲਜ ਵਿੱਚ ਮੇਰਾ ਪਹਿਲਾ ਸਾਲ। ਪਿੰਡ ਦੇ ਨਵੇਂ ਨਵੇਂ ਐੱਮਏ ਪਾਸ ਜਰਨੈਲ ਸਿੰਘ ਭੰਡਾਲ ਨੇ ਸਾਡੀ ਪੱਤੀ ਦੇ ਤਿੰਨ ਪੇਂਡੂ ਮੁੰਡਿਆਂ ਨੂੰ ਸਾਇੰਸ ਵਿਸ਼ੇ ਰਖਵਾ ਦਿੱਤੇ। ਪੰਦਰਾਂ-ਵੀਹ ਦਿਨਾਂ ਤੱਕ ਅੰਗੇਰਜ਼ੀ ਮੀਡੀਅਮ ਹੋਣ ਕਾਰਨ ਕੁਝ...
ਸਾਲ 1970 ਦਾ ਅਗਸਤ ਮਹੀਨਾ। ਰਣਧੀਰ ਕਾਲਜ ਵਿੱਚ ਮੇਰਾ ਪਹਿਲਾ ਸਾਲ। ਪਿੰਡ ਦੇ ਨਵੇਂ ਨਵੇਂ ਐੱਮਏ ਪਾਸ ਜਰਨੈਲ ਸਿੰਘ ਭੰਡਾਲ ਨੇ ਸਾਡੀ ਪੱਤੀ ਦੇ ਤਿੰਨ ਪੇਂਡੂ ਮੁੰਡਿਆਂ ਨੂੰ ਸਾਇੰਸ ਵਿਸ਼ੇ ਰਖਵਾ ਦਿੱਤੇ। ਪੰਦਰਾਂ-ਵੀਹ ਦਿਨਾਂ ਤੱਕ ਅੰਗੇਰਜ਼ੀ ਮੀਡੀਅਮ ਹੋਣ ਕਾਰਨ ਕੁਝ ਵੀ ਪੱਲੇ ਨਾ ਪਿਆ ਤਾਂ ਸਾਰਿਆਂ ਨੇ ਸਾਇੰਸ ਛੱਡ ਕੇ ਆਰਟਸ ਦੇ ਵਿਸ਼ੇ ਲੈ ਲਏ। ਸਾਰੇ ਬੜੇ ਖ਼ੁਸ਼ ਸਨ।
ਇੱਕ ਦਿਨ ਦੁਪਹਿਰ ਨੂੰ ਮਾਮਾ ਜੀ ਪਿਆਰਾ ਸਿੰਘ ਖੈੜਾ ਮੇਰੀ ਪੜ੍ਹਾਈ ਦਾ ਹਾਲ ਜਾਣਨ ਲਈ ਕਾਲਜ ਆ ਗਏ। ਉਹ ਖ਼ੁਦ ਪ੍ਰਾਇਮਰੀ ਸਕੂਲ ਅਧਿਆਪਕ ਸਨ ਅਤੇ ਉਨ੍ਹਾਂ ਦੀ ਇੱਛਾ ਸੀ ਕਿ ਮੈਂ ਉਚੇਰੀ ਪੜ੍ਹਾਈ ਕਰਾਂ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਾਇੰਸ ਦੀ ਪੜ੍ਹਾਈ ਛੱਡ ਕੇ ਆਰਟਸ ਦੇ ਵਿਸ਼ੇ ਲੈ ਲਏ ਹਨ ਤਾਂ ਉਹ ਬਹੁਤ ਗੁੱਸੇ ਹੋਏ ਅਤੇ ਕਹਿਣ ਲੱਗੇ ਕਿ ਜਾਂ ਤਾਂ ਸਾਇੰਸ ਪੜ੍ਹੇਂਗਾ ਜਾਂ ਪਿੰਡ ਜਾ ਕੇ ਆਪਣੇ ਬਾਪ ਨਾਲ ਵਾਹੀ ਕਰੇਂਗਾ। ਇਕਦਮ ਫ਼ੈਸਲਾ ਕਰ। ਤਾਂ ਮੈਂ ਉਨ੍ਹਾਂ ਦੇ ਦਬਾਅ ਹੇਠ ਅਤੇ ਵਾਹੀ ਤੋਂ ਬਚਣ ਖਾਤਰ ਸਾਇੰਸ ਪੜ੍ਹਨ ਦੀ ਹਾਮੀ ਭਰ ਦਿੱਤੀ। ਉਨ੍ਹਾਂ ਦੇ ਜਾਣਕਾਰ ਕਾਲਜ ਦੇ ਕਲਰਕ ਹੀਰਾ ਲਾਲ ਨੇ ਸਰਕਾਰੀ ਰਿਕਾਰਡ ਵਿੱਚ ਫਿਰ ਮੈਨੂੰ ਸਾਇੰਸ ਵਿੱਚ ਦਾਖਲ ਕਰ ਦਿੱਤਾ ਭਾਵੇਂ ਕਿ ਮੈਂ ਆਰਟਸ ਵਿੱਚ ਰੋਲ ਨੰਬਰ ਲੈ ਚੁੱਕਾ ਸਾਂ। ਦਰਅਸਲ, ਕਲਰਕ ਦੇ ਹੱਥ ਵਿੱਚ ਬਹੁਤ ਕੁਝ ਹੁੰਦਾ ਹੈ ਅਤੇ ਜੇ ਉਹ ਤੁਹਾਡੀ ਮਦਦ ਕਰਨਾ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ। ਮਾਮਾ ਜੀ ਦੇ ਇਸ ਦਬਕੇ ਸਦਕਾ ਮੈਂ ਸਾਇੰਸ ਦਾ ਵਿਦਿਆਰਥੀ ਬਣ ਗਿਆ।
ਮਾਮਾ ਜੀ ਮੇਰੇ ਨਾਨਕਾ ਪਰਿਵਾਰ ਵਿੱਚ ਮੇਰੀ ਮਾਤਾ ਤੋਂ ਛੋਟੇ ਸਨ ਅਤੇ ਉਹ ਆਪ ਵੀ ਪ੍ਰਾਇਮਰੀ ਸਕੂਲ ਅਧਿਆਪਕ ਸਨ ਅਤੇ ਉਨ੍ਹਾਂ ਦੇ ਦੋਵੇਂ ਛੋਟੇ ਭੈਣ-ਭਰਾ ਵੀ ਪ੍ਰਾਇਮਰੀ ਅਧਿਆਪਕ ਬਣ ਗਏ। ਨਾਨਕਾ ਪਰਿਵਾਰ ਵਿੱਚ ਮੈਂ ਸਭ ਤੋਂ ਵੱਡਾ ਦੋਹਤਾ ਸਾਂ ਅਤੇ ਉਨ੍ਹਾਂ ਦਾ ਮੱਤ ਸੀ ਕਿ ਜੇਕਰ ਇਹ ਚੰਗਾ ਪੜ੍ਹ ਗਿਆ ਤਾਂ ਇਸ ਦੀ ਦੇਖਾ ਦੇਖੀ ਬਾਕੀ ਦੋਹਤਵਾਨ ਵੀ ਪੜ੍ਹ ਜਾਣਗੇ। ਉਹ ਪੜ੍ਹਾਈ ਨੂੰ ਬਹੁਤ ਮਹੱਤਵ ਦਿੰਦੇ ਸਨ।
ਮੈਂ ਜਦ ਪਿਛਲਝਾਤੀ ਮਾਰਦਾ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਜੀਵਨ ਵਿੱਚ ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜੋ ਤੁਹਾਡੇ ’ਤੇ ਇੰਨੇ ਅਹਿਸਾਨ ਕਰਦੇ ਹਨ ਕਿ ਤੁਸੀਂ ਉਨ੍ਹਾਂ ਅਹਿਸਾਨਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ। ਉਨ੍ਹਾਂ ਦਾ ਗਾਹੇ-ਬਗਾਹੇ ਕਾਲਜ ਆਉਣਾ ਅਤੇ ਮੇਰੀ ਪੜ੍ਹਾਈ ਦਾ ਖ਼ਿਆਲ ਰੱਖਣਾ, ਨੇ ਮੈਨੂੰ ਰਾਹਾਂ ਤੋਂ ਥਿੜਕਣ ਤੋਂ ਬਚਾਈ ਰੱਖਿਆ। ਸਾਇੰਸ ਦੀ ਪੜ੍ਹਾਈ ਪ੍ਰਤੀ ਮੁੱਢਲੇ ਦੌਰ ਵਿੱਚ ਦੁਚਿੱਤੀ ਅਤੇ ਪਹਿਲੇ ਕੁਝ ਮਹੀਨਿਆਂ ਦੌਰਾਨ ਕੁਝ ਵੀ ਪੱਲੇ ਨਾ ਪੈਣ ਕਾਰਨ, ਮੈਂ ਪ੍ਰੈਪ ਵਿੱਚੋਂ ਫੇਲ੍ਹ ਹੋ ਗਿਆ। ਇਸ ਦਾ ਸਭ ਤੋਂ ਵੱਧ ਦੁੱਖ ਮਾਮਾ ਜੀ ਨੂੰ ਹੋਇਆ ਕਿਉਂਕਿ ਉਨ੍ਹਾਂ ਨੇ ਹੀ ਸਾਇੰਸ ਦੀ ਪੜ੍ਹਾਈ ’ਤੇ ਜ਼ੋਰ ਦਿੱਤਾ ਸੀ।
ਪ੍ਰੈਪ ਵਿੱਚ ਫੇਲ੍ਹ ਹੋਣ ਤੋਂ ਬਾਅਦ ਜਦ ਦੁਬਾਰਾ ਰਣਧੀਰ ਕਾਲਜ ਵਿੱਚ ਦਾਖਲਾ ਲੈਣ ਗਿਆ ਤਾਂ ਦਾਖਲੇ ਤੋਂ ਜਵਾਬ ਮਿਲ ਗਿਆ ਕਿਉਂਕਿ ਰਣਧੀਰ ਕਾਲਜ ਦੀ ਇਹ ਰਵਾਇਤ ਸੀ ਕਿ ਸਾਇੰਸ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀ ਨੂੰ ਦੁਬਾਰਾ ਸਾਇੰਸ ਵਿੱਚ ਦਾਖਲਾ ਨਹੀਂ ਮਿਲ ਸਕਦਾ। ਜੇ ਚਾਹੇ ਤਾਂ ਆਰਟਸ ਵਿੱਚ ਦਾਖਲ ਹੋ ਸਕਦਾ ਹੈ, ਪਰ ਮੇਰੀ ਜ਼ਿੱਦ ਸੀ ਕਿ ਮੈਂ ਸਾਇੰਸ ਵਿੱਚ ਹੀ ਦਾਖਲ ਹੋਣਾ ਹੈ ਕਿਉਂਕਿ ਫੇਲ੍ਹ ਹੋਣ ’ਤੇ ਮੈਂ ਆਪਣੇ ਪਿਤਾ ਜੀ ਦੀਆਂ ਅੱਖਾਂ ਵਿੱਚ ਉਤਰੀ ਨਿਰਾਸ਼ਾ ਨੂੰ ਹੁਲਾਸ ਵਿੱਚ ਬਦਲਣ ਦਾ ਮਨ ਵਿੱਚ ਧਾਰ ਚੁੱਕਾ ਸਾਂ। ਆਖਰ ਨੂੰ ਫਿਰ ਮੈਂ ਮਾਮਾ ਜੀ ਦੀ ਸ਼ਰਨ ਵਿੱਚ ਗਿਆ। ਉਹ ਆਪਣੇ ਪੇਂਡੂ ਦੋਸਤ ਰਾਹੀਂ ਕਪੂਰਥਲੇ ਐਡਵੋਕੇਟ ਸੂਰਤ ਸਿੰਘ ਪੱਡਾ ਨੂੰ ਮਿਲੇ। ਪੱਡਾ ਸਾਹਿਬ ਰਾਹੀਂ ਪ੍ਰੋਫੈਸਰ ਮੁਲਤਾਨੀ ਜੀ ਤੱਕ ਪਹੁੰਚ ਕੀਤੀ ਤਾਂ ਕਿ ਮੈਨੂੰ ਰਣਧੀਰ ਕਾਲਜ ਵਿੱਚ ਹੀ ਦਾਖਲਾ ਮਿਲ ਜਾਵੇ। ਪ੍ਰੋ. ਮੁਲਤਾਨੀ ਸਾਹਿਬ ਹੁਰਾਂ ਨੇ ਆਪਣੇ ਜਾਤੀ ਰਸੂਖ ਨਾਲ ਸਥਾਪਿਤ ਰਵਾਇਤ ਨੂੰ ਪਾਸੇ ਰੱਖ ਕੇ ਮੈਨੂੰ ਸਾਇੰਸ ਵਿੱਚ ਦਾਖਲ ਕਰ ਲਿਆ। ਇਹ ਮਾਮਾ ਜੀ ਅਤੇ ਪ੍ਰੋ. ਮੁਲਤਾਨੀ ਸਾਹਿਬ ਦਾ ਪਰਉਪਕਾਰ ਹੀ ਸੀ ਕਿ ਮੈਂ ਰਣਧੀਰ ਕਾਲਜ ਵਿੱਚ ਉਨ੍ਹਾਂ ਦਾ ਪਹਿਲਾਂ ਸ਼ਾਗਿਰਦ, ਫਿਰ ਸਾਥੀ ਪ੍ਰੋਫੈਸਰ ਅਤੇ ਬਾਅਦ ਵਿੱਚ ਉਹ ਮੇਰੇ ਪ੍ਰਿੰਸੀਪਲ ਵੀ ਬਣੇ। ਸਾਰੀ ਉਮਰ ਲਈ ਉਹ ਮੇਰੇ ਰਹਿਨੁਮਾ ਅਤੇ ਪਰਿਵਾਰਕ ਮੈਂਬਰਾਂ ਤੋਂ ਵੀ ਵੱਧ ਗੁਆਂਢੀ ਹਨ।
ਮਾਮਾ ਜੀ ਨੇ ਮੇਰੇ ਜੀਵਨ ਦੇ ਹਰ ਮੌੜ ’ਤੇ ਹੀ ਮਾਰਗਦਰਸ਼ਨ ਕੀਤਾ ਜੋ ਮੇਰੇ ਵਿਦਿਅਕ ਸਫ਼ਰ ਵਿੱਚ ਬਹੁਤ ਸਹਾਈ ਹੋਇਆ। ਰਣਧੀਰ ਕਾਲਜ ਪੜ੍ਹਦਿਆਂ ਜਦ ਵੀ ਸਾਲਾਨਾ ਇਮਤਿਹਾਨਾਂ ਦੇ ਦਿਨਾਂ ਵਿੱਚ ਮੈਂ ਆਪਣੇ ਦੋਸਤ ਪਰਮਜੀਤ ਸ਼ਰਮਾ ਨਾਲ ਕਪੂਰਥਲੇ ਰਹਿਣਾ ਤਾਂ ਕਿ ਆਉਣ-ਜਾਣ ਦਾ ਸਮਾਂ ਬਚਾ ਕੇ ਜ਼ਿਆਦਾ ਪੜ੍ਹਾਈ ਕੀਤੀ ਜਾਵੇ ਤਾਂ ਮਾਮਾ ਜੀ ਨੇ ਆਪਣੇ ਜਾਤੀ ਰਸੂਖ ਨਾਲ ਸੇਵਾ ਸਿੰਘ ਦੀ ਸਦਰ ਬਾਜ਼ਾਰ ਵਿੱਚ ਕੱਪੜੇ ਦੀ ਦੁਕਾਨ ਉੱਪਰਲਾ ਚੁਬਾਰਾ ਸਾਨੂੰ ਮੁਫ਼ਤ ਵਿੱਚ ਪੜ੍ਹਨ ਲਈ ਦਿਵਾ ਦੇਣਾ। ਸ਼ਾਇਦ ਇਸ ਦੀ ਬਦੌਲਤ ਹੀ ਮੈਂ ਬੀ.ਐੱਸਸੀ. ਮੈਰਿਟ ਸਕਾਲਰਸ਼ਿਪ ਲੈ ਕੇ ਪਾਸ ਕੀਤੀ ਅਤੇ ਬੀ.ਐੱਸਸੀ. ਵਿੱਚ ਮੈਰਿਟ ਵਿੱਚ ਆਉਣ ਕਾਰਨ ਐੱਮ.ਐੱਸਸੀ. ਵਿੱਚ ਵੀ ਮੈਰਿਟ ਸਕਾਲਰਸ਼ਿਪ ਮਿਲਦਾ ਰਿਹਾ।
ਜਦ ਮੈਂ ਬੀ.ਐੱਸਸੀ. ਕਰਨ ਤੋਂ ਬਾਅਦ ਐੱਮ.ਐੱਸਸੀ. ਕਰਨ ਵਾਰੇ ਸੋਚਿਆ ਤਾਂ ਮਾਮਾ ਜੀ ਨੇ ਆਪਣੀ ਪਰਿਵਾਰਕ ਸਾਂਝ ਦਾ ਲਾਹਾ ਲੈਂਦਿਆਂ ਸਰਦਾਰ ਸੇਵਾ ਸਿੰਘ ਵੱਲੋਂ ਆਪਣੀ ਭਤੀਜੀ ਅਤੇ ਸਾਬਕਾ ਮੰਤਰੀ ਆਤਮਾ ਸਿੰਘ ਦੀ ਬੇਟੀ ਬੀਬੀ ਉਪਿੰਦਰਜੀਤ ਕੌਰ ਲਈ ਇੱਕ ਪੱਤਰ ਮੈਨੂੰ ਦਿੱਤਾ ਜੋ ਕਿ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਵਿਭਾਗ ਵਿੱਚ ਇਕਨਾਮਿਕਸ ਦੀ ਪ੍ਰੋਫੈਸਰ ਸੀ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਤੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਾ ਕੇ ਉਪਿੰਦਰਜੀਤ ਨੂੰ ਮਿਲ ਲੈਣਾ। ਉਹ ਤੇਰੀ ਦਾਖਲੇ ਵਿੱਚ ਮਦਦ ਕਰ ਦੇਵੇਗੀ। ਬੀਬੀ ਉਪਿੰਦਰਜੀਤ ਕੌਰ ਨੇ ਡਾ. ਮਨਮੋਹਨ ਸਿੰਘ ਨੂੰ ਮੇਰੇ ਨਾਲ ਡਾ. ਬੀ.ਐੱਸ. ਸੂਦ, ਮੁਖੀ ਫਿਜ਼ਿਕਸ ਵਿਭਾਗ ਕੋਲ ਭੇਜਿਆ। ਜਦੋਂ ਡਾ. ਸੂਦ ਹੁਰਾਂ ਨੇ ਮੇਰੇ ਨੰਬਰ ਦੇਖੇ ਤਾਂ ਕਹਿਣ ਲੱਗੇ ਕਿ ਤੇਰੇ ਕੋਲ ਦਾਖਲੇ ਦੇ ਪੈਸੇ ਹਨ ਤਾਂ ਤੈਨੂੰ ਹੁਣੇ ਐੱਮ.ਐੱਸਸੀ. ਫਿਜ਼ਿਕਸ ਵਿੱਚ ਹੀ ਦਾਖਲ ਕਰ ਲੈਂਦੇ ਹਾਂ। ਜਦ ਮੈਂ ਕਿਹਾ ਕਿ ਮੈਂ ਤਾਂ ਦਾਖਲੇ ਦਾ ਪਤਾ ਹੀ ਕਰਨ ਆਇਆ ਸੀ। ਦਾਖਲੇ ਦੇ ਪੈਸੇ ਨਹੀਂ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਅਗਲੇ ਹਫ਼ਤੇ ਪੈਸੇ ਲੈ ਕੇ ਆ ਜਾਵੀਂ। ਦਾਖਲਾ ਤਾਂ ਤੈਨੂੰ ਮਿਲ ਹੀ ਗਿਆ। ਪੇਂਡੂ ਜਵਾਕ ਲਈ ਇਹ ਬਹੁਤ ਵੱਡੀ ਮਦਦ ਸੀ ਜਿਹੜਾ ਕਦੇ ਕਪੂਰਥਲੇ ਤੋਂ ਬਾਹਰ ਹੀ ਨਹੀਂ ਸੀ ਗਿਆ। ਆਪਣਿਆਂ ਦੇ ਇਹੀ ਤਾਂ ਅਚੇਤ ਰੂਪ ਵਿੱਚ ਕੀਤੇ ਅਹਿਸਾਨ ਹੁੰਦੇ ਹਨ ਜੋ ਸਾਨੂੰ ਕਦੇ ਨਹੀਂ ਜਤਾਉਂਦੇ ਕਿਉਂਕਿ ਉਹ ਤੁਹਾਡੇ ਰਾਹੀਂ ਆਪਣੇ ਸੁਪਨਿਆਂ ਦਾ ਸੱਚ ਦੇਖਣਾ ਚਾਹੁੰਦੇ ਹਨ। ਇਹੀ ਉਨ੍ਹਾਂ ਦਾ ਵਡੱਪਣ ਹੁੰਦਾ ਹੈ ਕਿ ਉਨ੍ਹਾਂ ਦੀ ਹੱਲਾਸ਼ੇਰੀ ਅਤੇ ਪ੍ਰੇਰਨਾ ਤੁਹਾਨੂੰ ਉਨ੍ਹਾਂ ਸੁਪਨਿਆਂ ਦਾ ਸੱਚ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਜਿਹੜੇ ਤੁਸੀਂ ਚਿੱਤਵੇ ਹੁੰਦੇ ਹਨ। ਮੰਡ ਵਿੱਚ ਪਸ਼ੂ ਚਾਰਨ ਵਾਲੇ ਜੁਆਕ ਲਈ ਇਹ ਵੱਡਾ ਉੱਦਮ ਸੀ, ਬੋਰੀ ਵਾਲੇ ਸਕੂਲ ਤੋਂ ਯੂਨੀਵਰਸਿਟੀ ਦੀ ਪੜ੍ਹਾਈ ਤੀਕ ਦਾ ਸਫ਼ਰ। ਅਨਪੜ੍ਹ ਮਾਪਿਆਂ ਦੇ ਹੁੰਦਿਆਂ ਕੋਈ ਤਾਂ ਅਜਿਹਾ ਹੁੰਦਾ ਹੈ ਜੋ ਤੁਹਾਡੀ ਅੰਦਰਲੀ ਲਿਆਕਤ ਨੂੰ ਪਛਾਣਨ ਅਤੇ ਨਿਖਾਰਨ ਵਿੱਚ ਸਹਾਈ ਹੁੰਦਾ ਹੈ।
ਮੇਰਾ ਵਿਆਹ ਵੀ ਉਨ੍ਹਾਂ ਦੀ ਮਰਜ਼ੀ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਹੀ ਹੋਇਆ ਕਿਉਂਕਿ ਮੈਂ ਉਨ੍ਹਾਂ ਦਾ ਚਹੇਤਾ ਸਾਂ ਅਤੇ ਉਨ੍ਹਾਂ ਦੀ ਕਿਸੇ ਵੀ ਗੱਲ ਦੀ ਅਵੱਗਿਆ ਕਰਨ ਦਾ ਤਾਂ ਸਵਾਲ ਹੀ ਨਹੀਂ ਸੀ ਹੁੰਦਾ। ਇਹੀ ਪੁਰ ਸਕੂਨ ਸਬੰਧ ਦਾ ਆਨੰਦ ਸਾਰੀ ਉਮਰ ਮਾਣਿਆ। ਉਨ੍ਹਾਂ ਨੂੰ ਇਹ ਹੱਕ-ਹਕੂਕ ਹਾਸਲ ਸੀ ਕਿ ਉਹ ਮੈਨੂੰ ਘੂਰ ਸਕਦੇ, ਕਿਸੇ ਵੀ ਕੰਮ ਕਰਨ ਲਈ ਹੁਕਮ ਕਰ ਸਕਦੇ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਈ ਵੀ ਕੰਮ ਕਰਨ ਲਈ ਪਾਬੰਦ ਹੁੰਦਾ। ਉਨ੍ਹਾਂ ਦੀ ਮੇਰੀ ਪਤਨੀ ਨਾਲ ਅਪਣੱਤ ਦਾ ਇਹ ਆਲਮ ਸੀ ਕਿ ਜਦ ਵੀ ਕਪੂਰਥਲਾ ਸ਼ਹਿਰ ਵਿੱਚ ਕੰਮ ਕਰਦਿਆਂ, ਭੁੱਖ ਲੱਗਣੀ ਤਾਂ ਕਿਸੇ ਦੁਕਾਨ ਜਾਂ ਢਾਬੇ ’ਤੇ ਜਾਣ ਦੀ ਬਜਾਏ ਮੇਰੇ ਘਰ ਆ ਜਾਣਾ ਅਤੇ ਮੇਰੀ ਪਤਨੀ ਨੂੰ ਹੁਕਮ ਕਰਨਾ ਕਿ ਬਹੁਤ ਭੁੱਖ ਲੱੱਗੀ ਆ, ਜਲਦੀ ਨਾਲ ਰੋਟੀ ਪਕਾ। ਇਹ ਦਾਅਵਾ ਤੇ ਰੋਅਬਦਾਰੀ ਸਿਰਫ਼ ਉੱਥੇ ਹੁੰਦੀ ਹੈ ਜਿੱਥੇ ਆਪਣਿਆਂ ਦਾ ਅਦਬ ਹੁੰਦਾ ਹੈ।
ਮਾਮਾ ਜੀ ਸਮਾਜਿਕ ਕਾਰਜਾਂ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿੰਦੇ। ਉਨ੍ਹਾਂ ਨੂੰ ਹਰੇਕ ਦੇ ਕੰਮ ਆਉਣ ਦਾ ਚਾਅ ਹੁੰਦਾ ਸੀ। ਇਲਾਕੇ ਵਿੱਚ ਪਤਾ ਨਹੀਂ ਉਨ੍ਹਾਂ ਨੇ ਕਿੰਨੇ ਰਿਸ਼ਤੇ ਕਰਵਾਏ ਹੋਣਗੇ। ਉਨ੍ਹਾਂ ਦੀ ਸ਼ਖ਼ਸੀਅਤ ਹੀ ਅਜਿਹੀ ਸੀ ਕਿ ਕੋਈ ਵੀ ਇੱਜ਼ਤਦਾਰ ਪਰਿਵਾਰ ਉਨ੍ਹਾਂ ਨਾਲ ਸਾਂਝ ਪਾ ਕੇ ਖ਼ੁਦ ਨੂੰ ਮਾਣਮੱਤਾ ਮਹਿਸੂਸ ਕਰਦਾ ਸੀ। ਉਹ ਪਿੰਡ ਜਾਂ ਸਕੂਲ ਦੇ ਸਾਰੇ ਕੰਮਾਂ ਵਿੱਚ ਮੋਹਰੀ ਹੁੰਦੇ ਸਨ, ਪਰ ਪਤਾ ਨਹੀਂ ਕਿਉਂ ਉਹ ਆਪਣੀਆਂ ਦੋਵੇਂ ਬੇਟੀਆਂ ਦੀ ਪੜ੍ਹਾਈ ਵੱਲ ਉਹ ਤਵੱਜੋ ਨਾ ਦੇ ਸਕੇ ਜੋ ਉਨ੍ਹਾਂ ਨੂੰ ਦੇਣੀ ਚਾਹੀਦੀ ਸੀ। ਉਨ੍ਹਾਂ ਦੀਆਂ ਦੋਵੇਂ ਬੇਟੀਆਂ ਦੇ ਰਿਸ਼ਤੇ ਵੀ ਰਿਸ਼ਤੇਦਾਰੀ ਦੇ ਦਬਾਅ ਹੇਠ ਅਜਿਹੀ ਜਗ੍ਹਾ ਹੋਏ ਜਿੱਥੇ ਹੋਣੇ ਨਹੀਂ ਸੀ ਚਾਹੀਦੇ। ਉਹ ਆਪਣੀਆਂ ਬੇਟੀਆਂ ਦਾ ਉਹ ਸੁਖੀ ਜੀਵਨ ਨਹੀਂ ਦੇਖ ਸਕੇ ਜਿਨ੍ਹਾਂ ਦੀ ਆਸ ਮਾਪੇ ਕਰਦੇ ਹੁੰਦੇ ਹਨ। ਮਾਮੀ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਿਰ ਪਈ ਪਰਿਵਾਰਕ ਜ਼ਿੰਮੇਵਾਰੀ ਕਾਰਨ ਉਨ੍ਹਾਂ ਦੇ ਜੀਵਨ ਦੀ ਉਹ ਰੰਗਤ ਨਾ ਰਹੀ ਜਿਹੜੀ ਮਾਮੀ ਜੀ ਦੇ ਜਿਊਂਦੇ ਜੀਅ ਸੀ ਕਿਉਂਕਿ ਮਾਮੀ ਜੀ ਉਨ੍ਹਾਂ ਦੀ ਉਹ ਮਜ਼ਬੂਤ ਧਿਰ ਸੀ ਜਿਸ ਦੇ ਆਸਰੇ ਉਨ੍ਹਾਂ ਨੇ ਜੀਵਨ ਭਰ ਆਪਣੀ ਨੌਕਰੀ ਅਤੇ ਸਮਾਜਿਕ ਕਾਰਜਾਂ ਵਿੱਚ ਨਾਮਣਾ ਖੱਟਿਆ ਸੀ।
ਜਦ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਵਿਆਹ ਤੋਂ ਬਾਅਦ ਵਿਦੇਸ਼ ਚਲੇ ਗਈਆਂ ਤਾਂ ਉਹ ਇਕੱਲੇ ਰਹਿ ਗਏ ਅਤੇ ਇਸ ਇਕੱਲੇਪਣ ਵਿੱਚ ਕੁਝ ਮੁਰਝਾ ਜਿਹੇ ਗਏ ਸਨ, ਪਰ ਉਨ੍ਹਾਂ ਦਾ ਮੇਲਜੇਲ ਅਤੇ ਹਰ ਰਿਸ਼ਤੇਦਾਰੀ ਤੇ ਸ਼ਰੀਕੇ ਵਿੱਚ ਮਿਲਵਰਤਣ ਬਾਦਸਤੂਰ ਜਾਰੀ ਰਿਹਾ। 2006 ਤੋਂ 2008 ਤੱਕ ਕੈਨੇਡਾ ਰਹਿਣ ਤੋਂ ਬਾਅਦ ਜਦ ਮੈਂ ਵਾਪਸ ਪੰਜਾਬ ਗਿਆ ਤਾਂ ਮਾਮਾ ਜੀ ਦਾ ਤਪਤੇਜ਼ ਘਟ ਚੁੱਕਾ ਸੀ, ਪਰ ਫਿਰ ਵੀ ਉਹ ਕਪੂਰਥਲੇ ਅਕਸਰ ਗੇੜਾ ਮਾਰਦੇ ਸਨ।
ਕੁਝ ਸਮੇਂ ਬਾਅਦ ਉਹ ਮਾਨਸਿਕ ਤੌਰ ’ਤੇ ਬਿਮਾਰ ਹੋ ਗਏ ਅਤੇ ਡਿਪਰੈਸ਼ਨ ਵਿੱਚ ਚਲੇ ਗਏ। ਬਹੁਤ ਘੱਟ ਖਾਣਾ-ਪੀਣਾ ਅਤੇ ਬੋਲਣਾ। ਹਮੇਸ਼ਾ ਗੁੰਮਸੁੰਮ ਰਹਿਣਾ। ਦੋਵੇਂ ਬੇਟੀਆਂ ਬਾਹਰ ਸਨ। ਮੈਂ ਵੀ ਕੈਨੇਡਾ ਆਉਂਦਾ ਜਾਂਦਾ ਸਾਂ। ਭਾਵੇਂ ਕਿ ਉਨ੍ਹਾਂ ਦੇ ਛੋਟੇ ਭਰਾ ਦਾ ਘਰ ਵੀ ਖੇਤਾਂ ਵਿੱਚ ਉਨ੍ਹਾਂ ਦੇ ਘਰ ਦੇ ਨਾਲ ਹੀ ਸੀ, ਪਰ ਉਹ ਪਿੰਡ ਜਾਣ ਤੋਂ ਬਹੁਤ ਡਰਦੇ ਸਨ। ਜਦ ਵੀ ਕਦੇ ਪਿੰਡ ਜਾਣ ਬਾਰੇ ਕਹਿਣਾ ਤਾਂ ਮੌਤ ਵਰਗਾ ਖ਼ੌਫ਼ ਉਨ੍ਹਾਂ ਦੇ ਚਿਹਰੇ ’ਤੇ ਫੈਲ ਜਾਂਦਾ ਸੀ। ਮੈਂ ਉਨ੍ਹਾਂ ਨੂੰ ਆਪਣੇ ਘਰ ਕਪੂਰਥਲੇ ਲੈ ਆਇਆ। ਸਾਰਾ ਦਿਨ ਕਮਰੇ ਵਿੱਚ ਪਏ ਰਹਿਣਾ। ਛੱਤ ਵੱਲ ਦੇਖਦੇ ਰਹਿਣਾ। ਕਈ ਵਾਰ ਉਨ੍ਹਾਂ ਦੇ ਸ਼ਹਿਰ ਵਿੱਚ ਵੱਸਦੇ ਮਿੱਤਰਾਂ ਨੂੰ ਮਿਲਾਉਣ ਅਤੇ ਉਨ੍ਹਾਂ ਦਾ ਦਿਲ ਲਾਉਣ ਦੀ ਕੋਸ਼ਿਸ ਕਰਨੀ, ਪਰ ਸਭ ਬੇਕਾਰ। ਉਨ੍ਹਾਂ ਦੇ ਮਨ ਵਿੱਚ ਇੱਕ ਗੰਢ ਬੱਝ ਗਈ ਸੀ ਜੋ ਵਾਰ ਵਾਰ ਪੁੱਛਣ ’ਤੇ ਵੀ ਕਦੇ ਵੀ ਕਿਸੇ ਨਾਲ ਸਾਂਝੀ ਨਾ ਕਰਦੇ। ਇੱਕ ਵਾਰ ਤਾਂ ਮੇਰੀ ਪਤਨੀ ਨੂੰ ਦੱਸੇ ਬਗੈਰ ਹੀ ਮਈ ਦੇ ਮਹੀਨੇ ਸਿਖਰ ਦੁਪਿਹਰੇ ਘਰੋਂ ਚਲੇ ਗਏ। ਉਦੋਂ ਮੈਂ ਲੁਧਿਆਣੇ ਕਾਲਜ ਪੜ੍ਹਾਉਂਦਾ ਸਾਂ। ਸਾਰੀ ਦੁਪਹਿਰ ਮੇਰੇ ਜਾਣਕਾਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਲੱਭਦੇ ਰਹੇ। ਆਖਰ ਨੂੰ ਖ਼ੁਦ ਹੀ ਹੱਫ਼ੇ ਹੋਏ ਤਿੰਨ ਕੁ ਘੰਟਿਆਂ ਬਾਅਦ ਘਰ ਆ ਗਏ। ਪੈਰ ਮਿੱਟੀ ਘੱਟੇ ਨਾਲ ਲਿੱਬੜੇ ਹੋਏ ਸਨ। ਸਾਰੀ ਪੈਂਟ ਗਿੱਲੀ ਅਤੇ ਮੁੜਕੋ ਮੁੜਕੀ ਹੋਏ ਪਏ ਸਨ। ਪਤਾ ਲੱਗਾ ਕਿ ਉਹ ਤੁਰ ਕੇ ਕਾਂਜਲੀ ਵੇਈਂ ’ਤੇ ਚਲੇ ਗਏ। ਸ਼ਾਇਦ ਆਤਮ ਹੱਤਿਆ ਕਰਨ ਲਈ ਵੇਈਂ ਵਿੱਚ ਵੜ ਗਏ। ਪਤਾ ਨਹੀਂ ਕੀ ਮਨ ਵਿੱਚ ਆਇਆ ਕਿ ਖ਼ੁਦ ਹੀ ਬਾਹਰ ਨਿਕਲ ਆਏ, ਪਰ ਜੁੱਤੀ ਚਿੱਕੜ ਵਿੱਚ ਖੁੱਭੀ ਰਹਿ ਗਈ। ਇਸ ਤਰਾਸਦੀ ਨੇ ਮਨ ਵਿੱਚ ਪ੍ਰਸ਼ਨ ਪੈਦਾ ਕੀਤਾ ਕਿ ਆਖ਼ਰ ਇਸ ਸ਼ਖ਼ਸ ਦੀ ਜ਼ਿੰਦਗੀ ਵਿੱਚ ਅਜਿਹੀ ਨੌਬਤ ਕਿਉਂ ਆਈ? ਕੌਣ ਏ ਇਸ ਦਾ ਕਸੂਰਵਾਰ? ਕਿਹੜੇ ਹਾਲਤਾਂ ਨੇ ਮਾਮਾ ਜੀ ਦੀ ਮਾਨਸਿਕਤਾ ਨੂੰ ਇੰਨਾ ਵਿਗਾੜ ਦਿੱਤਾ ਕਿ ਪਿੰਡ ਜਾਣ ਤੋਂ ਡਰਦੇ ਨੇ? ਉਹ ਆਪਣੇ ਆਪ ਨੂੰ ਖ਼ਤਮ ਕਰਨ ਲਈ ਕਾਹਲੇ ਕਿਉਂ?
ਮੈਂ ਵਾਪਸ ਕੈਨੇਡਾ ਆਉਣਾ ਸੀ ਤਾਂ ਮੈਂ ਪਤਨੀ ਸਮੇਤ ਆਪਣੀ ਕਾਰ ਵਿੱਚ ਉਨ੍ਹਾਂ ਦੀ ਛੋਟੀ ਬੇਟੀ ਦੇ ਸਹੁਰਿਆਂ ਦੇ ਪਿੰਡ ਛੱਡਣ ਗਿਆ ਕਿਉਂਕਿ ਹੁਣ ਉਨ੍ਹਾਂ ਨੇ ਪਿੰਡ ਤਾਂ ਉੱਕਾ ਹੀ ਛੱਡ ਦਿੱਤਾ ਸੀ। ਬੇਟੀ ਭਾਵੇਂ ਵਿਦੇਸ਼ ਸੀ, ਪਰ ਉਹ ਬੇਟੀ ਦੇ ਸਹੁਰਿਆਂ ਦੇ ਪਿੰਡ ਹੀ ਰਹਿੰਦੇ ਸਨ। ਮੈਂ ਰਸਤੇ ਵਿੱਚ ਹੀ ਕਾਰ ਖੜ੍ਹੀ ਕਰਕੇ ਇੱਕ ਪਾਸੇ ਲਾ ਲਈ। ਮਾਮਾ ਜੀ ਨੂੰ ਕਿਹਾ ਕਿ ਆਪਣੇ ਦਿਲ ਦੀ ਗੱਲ ਦੱਸੋਗੇ ਤਾਂ ਹੀ ਮੈਂ ਕਾਰ ਚਲਾਉਣੀ ਹੈ। ਮੈਂ ਕਾਰ ਤੋਂ ਬਾਹਰ ਨਿਕਲ ਕੇ ਖੜ੍ਹਾ ਹੋ ਗਿਆ। ਆਖਰ ਨੂੰ ਉਨ੍ਹਾਂ ਦੇ ਦੁੱਖਾਂ ਦਾ ਕੜ ਪਾਟ ਗਿਆ। ਮੈਂ ਸੁਣ ਕੇ ਸੁੰਨ ਹੋ ਗਿਆ ਕਿ ਆਪਣਾ ਖ਼ੂਨ ਇੰਨਾ ਵੀ ਸਫ਼ੈਦ ਹੋ ਸਕਦਾ ਕਿ ਉਹ ਤੁਹਾਡੇ ਸੀਰਮੇ ਪੀਣ ਤੀਕ ਚਲਾ ਜਾਵੇ। ਉਹ ਦੱਸਣ ਲੱਗੇ। ‘‘...ਤਹਿਸੀਲਦਾਰ ਅਤੇ ਦੋ ਗਵਾਹ ਲੈ ਕੇ ਮੇਰੇ ਘਰ ਆਏ ਅਤੇ ਅੰਦਰੋਂ ਜਿੰਦਰਾ ਮਾਰ ਲਿਆ। ਮੈਨੂੰ ਧਮਕੀ ਦੇਣ ਲੱਗੇ ਕਿ ਤੂੰ ਆਪਣੀ ਸਾਰੀ ਜ਼ਮੀਨ ਜਾਇਦਾਦ ਆਦਿ...ਦੇ ਨਾਮ ਲਿਖ ਕੇ ਤਹਿਸੀਲਦਾਰ ਦੇ ਸਾਹਮਣੇ ਦਸਤਖ਼ਤ ਕਰ। ਵਰਨਾ ਅਸੀਂ ਤੈਨੂੰ ਇੱਥੇ ਹੀ ਮਾਰ ਦੇਣਾ। ਇੱਥੇ ਤੇਰਾ ਰੌਲਾ ਵੀ ਕਿਸੇ ਨੇ ਨਹੀਂ ਸੁਣਨਾ। ਚੁੱਪ ਕਰ ਕੇ ਦਸਤਖ਼ਤ ਕਰ ਅਤੇ ਆਪਣੀ ਜਾਨ ਬਚਾ। ਮੈਂ ਕਿਸੇ ਤਰ੍ਹਾਂ ਉਨ੍ਹਾਂ ਕੋਲੋਂ ਬਚ ਕੇ ਨਿਕਲ ਗਿਆ, ਪਰ ਹੁਣ ਮੈਨੂੰ ਆਪਣੇ ਘਰ ਜਾਣ ਤੋਂ ਡਰ ਲੱਗਦਾ ਹੈ ਕਿਉਂਕਿ ਪਤਾ ਨਹੀਂ ਹੁਣ ਉਹ ਕੀ ਕਰ ਦੇਣ।’’ ਸੁਣਦੇ ਸਾਰ ਅਸੀਂ ਮੀਆਂ/ਬੀਵੀ ਸੁੰਨ ਹੋ ਗਏ।
ਹਫ਼ਤਾ ਕੁ ਬਾਅਦ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਨ੍ਹਾਂ ਨੇ ਆਖਰੀ ਸਾਹ ਲੈਣ ਤੋਂ ਪਹਿਲਾਂ ਮਨ ਵਿੱਚ ਪਈ ਉਸ ਘੁੰਡੀ ਨੂੰ ਮੇਰੇ ਤੇ ਮੇਰੀ ਪਤਨੀ ਸਾਹਮਣੇ ਖੋਲ੍ਹ ਕੇ ਦਰਸਾ ਦਿੱਤਾ ਕਿ ਆਪਣਿਆਂ ’ਤੇ ਕੀਤਾ ਹੋਇਆ ਵਿਸ਼ਵਾਸ ਆਤਮਘਾਤ ਤੋਂ ਵੀ ਵੱਡਾ ਕਹਿਰ ਢਾਹ ਸਕਦਾ ਹੈ। ਮਾਮਾ ਜੀ ਦੀਆਂ ਅੱਖਾਂ ਵਿੱਚ ਭੈਅ, ਆਪਣਿਆਂ ਵੱਲੋਂ ਢਾਹਿਆ ਕਹਿਰ, ਹਾਬੜੀ ਭੁੱਖ ਅਤੇ ਮਾਰੂ ਮਾਨਸਿਕਤਾ ਦਾ ਚੇਤਾ ਹੁਣ ਵੀ ਮੇਰੀ ਰੂਹ ਨੂੰ ਅੰਦਰੋਂ ਝੰਜੋੜ ਜਾਂਦਾ ਹੈ। ਜਦੋਂ ਵੀ ਮੈਂ ਆਪਣੇ ਜੀਵਨ ਦੀਆਂ ਪੈੜਾਂ ਵਿੱਚ ਮਾਮਾ ਜੀ ਦੇ ਖਿਲਾਰੇ ਹੋਏ ਚਾਨਣ ਨੂੰ ਨਿਹਾਰਦਾ ਹਾਂ ਤਾਂ ਸੋਚਦਾਂ ਹਾਂ! ਕੀ ਮਨੁੱਖ ਇੰਨਾ ਵੀ ਗਿਰ ਸਕਦਾ ਹੈ ਕਿ ਉਹ ਆਪਣਿਆਂ ਦਾ ਹੀ ਸਿਵਾ ਸੇਕਣ ਲਈ ਕਾਹਲਾ ਹੋ ਜਾਵੇ।
ਅੱਜ ਅਚੇਤ ਹੀ ਮਾਮਾ ਜੀ ਯਾਦ ਆਏ ਤਾਂ ਇਸ ਕਰੂਰਤਾ ਨੇ ਮੈਨੂੰ ਅੰਦਰ ਤੀਕ ਝੰਜੋੜ ਦਿੱਤਾ ਕਿ ਸਮੇਂ ਦਾ ਇਹ ਕਿਹਾ ਕੁਸੈਲਾ ਸੱਚ ਸੀ ਜਿਸ ਨੂੰ ਮੈਂ ਆਪਣੇ ਕੰਨਾਂ ਰਾਹੀਂ ਸੁਣਨਾ ਸੀ।

