ਐੱਸ. ਅਸ਼ੋਕ ਭੌਰਾ
ਸਰਕਾਰਾਂ ਨੂੰ ਹਮੇਸ਼ਾਂ ਅਖ਼ਬਾਰਾਂ ਚਲਾਉਂਦੀਆਂ ਆਈਆਂ ਹਨ ਨਾ ਕਿ ਪਾਰਟੀਆਂ। ਬਹੁਮਤ ਹਾਸਲ ਸਰਕਾਰਾਂ ਨੂੰ ਆਪਹੁਦਰੀਆਂ ਕਰਨ ਦਾ ਕਦੇ ਮੌਕਾ ਨਹੀਂ ਮਿਲਦਾ ਕਿਉਂਕਿ ਅਖ਼ਬਾਰਾਂ ਹੀ ਦੱਸਦੀਆਂ ਹਨ ਕਿ ਦਿਸ਼ਾ ਠੀਕ ਰੱਖੋ, ਦਸ਼ਾ ਤਾਂ ਸੁਧਰੇਗੀ। ਲੋਕ ਰਾਜੀ ਮੁਲਕਾਂ ਵਿਚ ਅਖ਼ਬਾਰੀ ਮੀਡੀਆ ਚੌਥੇ ਥੰਮ੍ਹ ਦੀ ਥਾਂ ਲੈਂਦਾ ਹੀ ਰਹੇਗਾ ਤੇ ਹੋ ਸਕਦੈ ਜਦੋਂ ਦੇ ਚੈਨਲ ਜਾਂ ਫਿਰ ਕਾਰੋਬਾਰੀ ਤੇ ਜਾਂ ਸਰਕਾਰੀ ਸਰਪ੍ਰਸਤੀ ਵਾਲੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਹਨ ਤਾਂ ਸ਼ਾਇਦ ਚੌਥੇ ਥੰਮ੍ਹ ਦੀ ਧਾਰਨਾ ਨੂੰ ਉਹ ਅਰਥ ਨਾ ਮਿਲਦੇ ਹੋਣ। ਇਸ ਵੇਲੇ ਕਰੋਨਾਵਾਇਰਸ ਦਾ ਜੇ ਮੀਡੀਆ ’ਤੇ ਕੋਈ ਵੱਡਾ ਹਮਲਾ ਹੈ ਤਾਂ ਉਹ ਅਖ਼ਬਾਰੀ ਸਨਅਤ ’ਤੇ ਹੈ। ਜੇ ਕੋਈ ਟੀ.ਵੀ. ਚੈਨਲ ਇਸ ਦੌਰ ਵਿਚ ਵੀ ਆਪਣੀ ਟੀ.ਆਰ.ਪੀ. ਵਧਣ ਦਾ ਇਹ ਕਹਿ ਕੇ ਹੋਕਾ ਦੇਵੇ, ‘ਉਸ ਦੇ ਦਰਸ਼ਕ ਕਰੋੜਾਂ ਵਿਚ ਬਣ ਗਏ ਹਨ’ ਤਾਂ ਲੱਗਦਾ ਨਹੀਂ ਕਿ ਕਰੋਨਾਵਾਇਰਸ ਦੀਆਂ ਖ਼ਬਰਾਂ ਉਨ੍ਹਾਂ ਦੇ ਰਾਸ ਆ ਰਹੀਆਂ ਹਨ?
ਵਰਲਡ ਐਸੋਸੀਏਸ਼ਨ ਆਫ ਨਿਊਜ਼ਪੇਪਰਜ਼ ਐਂਡ ਨਿਊਜ਼ ਪਬਲਿਸ਼ਰਜ਼ ਦੀ 2011 ਦੀ ਰਿਪੋਰਟ ਅਨੁਸਾਰ ਪੂਰੀ ਦੁਨੀਆਂ ਵਿਚ 330 ਮਿਲੀਅਨ ਰੋਜ਼ਾਨਾ ਅਖ਼ਬਾਰਾਂ ਦੀਆਂ ਕਾਪੀਆਂ ਛਪਦੀਆਂ ਹਨ। ਇਸ ਰਿਪੋਰਟ ਵਿਚ ਚੀਨ 93.5 ਮਿਲੀਅਨ ਨਾਲ ਪਹਿਲੇ ਨੰਬਰ ’ਤੇ, 78.8 ਮਿਲੀਅਨ ਨਾਲ ਭਾਰਤ ਦੂਜੇ ਨੰਬਰ ’ਤੇ, 70.4 ਮਿਲੀਅਨ ਨਾਲ ਜਾਪਾਨ ਤੀਜੇ ਨੰਬਰ ’ਤੇ, 48.3 ਮਿਲੀਅਨ ਨਾਲ ਅਮਰੀਕਾ ਚੌਥੇ ਨੰਬਰ ’ਤੇ ਅਤੇ 22.1 ਮਿਲੀਅਨ ਰੋਜ਼ਾਨਾ ਕਾਪੀਆਂ ਨਾਲ ਜਰਮਨ ਪੰਜਵੇਂ ਨੰਬਰ ’ਤੇ ਹੈ। ਜੇ ਦੁਨੀਆਂ ਦੇ ਪਹਿਲੇ ਪੰਜ ਵੱਡੇ ਅਖ਼ਬਾਰਾਂ ਦੀ ਗੱਲ ਕਰਨੀ ਹੋਵੇ ਤਾਂ ਅਮਰੀਕਾ ਦੇ ‘ਨਿਊਯਾਰਕ ਟਾਈਮਜ਼’, ‘ਵਾਲ ਸਟਰੀਟ ਜਰਨਲ’ ਤੇ ‘ਵਾਸ਼ਿੰਗਟਨ ਪੋਸਟ’ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ’ਤੇ ਹਨ। ਚੌਥਾ ਸਥਾਨ ਭਾਰਤ ਦੇ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ‘ਟਾਈਮਜ਼ ਆਫ ਇੰਡੀਆ’ ਦਾ ਹੈ ਅਤੇ ਪੰਜਵਾਂ ਨੰਬਰ ਬਰਤਾਨੀਆਂ ਦੇ ‘ਗਾਰਡੀਅਨ’ ਦਾ। ਇਸ ਵੇਲੇ ਚੀਨ ਨੂੰ ਛੱਡ ਕੇ ਇਹ ਮੁਲਕ ਵੀ ਦੁਨੀਆਂ ਦੇ 70 ਫੀਸਦੀ ਮੁਲਕਾਂ ਵਾਂਗ ਕਰੋਨਵਾਇਰਸ ਦੀ ਮਾਰ ਹੇਠ ਹਨ ਅਤੇ ਇਸ ਵੇਲੇ ਆਰਥਿਕ ਮਾਮਲੇ ਦੀ ਗੱਲ ਹੀ ਨਹੀਂ ਸਗੋਂ ਅਖ਼ਬਾਰਾਂ ਆਪਣੀ ਹੋਂਦ ਨੂੰ ਬਚਾਉਣ ਵਿਚ ਲੱਗੀਆਂ ਹੋਈਆਂ ਹਨ।
ਤਕਰੀਬਨ 33 ਕਰੋੜ ਜਨਸੰਖਿਆ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਅਖਵਾਉਣ ਵਾਲੇ ਅਮਰੀਕਾ ਦਾ ਅਖ਼ਬਾਰੀ ਕਾਰੋਬਾਰ ਵੀ ਬਹੁਤ ਵੱਡਾ ਹੈ। ਵਰਤਮਾਨ ਸਥਿਤੀ ਇਹ ਹੈ ਕਿ 56 ਮਿਲੀਅਨ ਦੇ ਕਰੀਬ ਅਖ਼ਬਾਰਾਂ ਦੀਆਂ ਕਾਪੀਆਂ ਰੋਜ਼ ਪ੍ਰਕਾਸ਼ਿਤ ਹੁੰਦੀਆਂ ਹਨ। ਅਖ਼ਬਾਰੀ ਸਨਅਤ ਅਮਰੀਕਾ ਵਿਚ ਵੀ ਕਰੋਨਾਵਾਇਰਸ ਦੇ ਦੌਰ ਦੀ ਬਹੁਤ ਵੱਡੀ ਪੀੜਾ ਹੰਢਾ ਰਹੀ ਹੈ। ਜਦੋਂ ਕਿ ਅਮਰੀਕੀ ਅਖ਼ਬਾਰੀ ਉਦਯੋਗ ਪਹਿਲਾਂ ਹੀ ਭਾਰੀ ਤਣਾਅ ਹੇਠ ਸੀ ਤਾਂ ਇਸ ਵਾਇਰਸ ਨਾਲ ਹੋਰ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਠਕ ਪਹਿਲਾਂ ਨਾਲੋਂ ਕਿਤੇ ਵੱਧ ਹੱਤਾਸ਼ ਹਨ ਤੇ ਉਹ ਜਾਣਨਾ ਚਾਹੁੰਦੇ ਹਨ ਕਿ ਕਰੋਨਾਵਾਇਰਸ ਦੀ ਅਮਰੀਕਾ ’ਚ ਸਥਿਤੀ ਕੀ ਹੈ? ਟੈਸਟਿੰਗ ਕਿਵੇਂ ਹੋ ਰਹੀ ਹੈ? ਆਰਥਿਕ ਪ੍ਰਭਾਵ ਕੀ ਹਨ? ਪਰ ਅਖ਼ਬਾਰਾਂ ਇਹ ਕਹਿੰਦੀਆਂ ਹਨ ਕਿ ਔਨਲਾਈਨ ਭੀੜ ਵਧਣ ਕਾਰਨ ਵਪਾਰ ਵਧਿਆ ਹੈ ਅਤੇ ਇਹੀ ਕਾਰਨ ਹੈ ਕਿ ਅਖ਼ਬਾਰਾਂ ਅਤੇ ਹੋਰ ਪ੍ਰਕਾਸ਼ਨ ਇਸ਼ਤਿਹਾਰਾਂ ਦੇ ਠੇਕੇਦਾਰਾਂ ਦੇ ਦਬਾਅ ਹੇਠ ਹਨ। ਉਹ ਨੌਕਰੀਆਂ, ਸਟਾਫ ਦੇ ਘੰਟੇ ਕੱਟ ਰਹੇ ਹਨ। ਪ੍ਰਿੰਟ ਐਡੀਸ਼ਨ ਬੰਦ ਕੀਤੇ ਜਾ ਰਹੇ ਹਨ ਤੇ ਕਈ ਦਰਮਿਆਨੇ ਅਖ਼ਬਾਰ ਤਾਂ ਉੱਜੜਨ ਦੇ ਕਿਨਾਰੇ ’ਤੇ ਹਨ। ਅਮਰੀਕਾ ਦੀ ਇਕ ਵੱਡੀ ਅਖ਼ਬਾਰ ਦੇ ਕਾਰਜਕਾਰੀ ਪ੍ਰਬੰਧਕ ਨੇ ਆਪਣਾ ਨਾਮ ਨਾ ਨਸ਼ਰ ਕਰਨ ਦੀ ਸ਼ਰਤ ’ਤੇ ਕਿਹਾ ਕਿ ਕਾਰੋਬਾਰਾਂ ਦੇ ਬੰਦ ਹੋਣ ਨਾਲ ਇਸ ਵਾਇਰਸ ਨੇ ਅਖ਼ਬਾਰਾਂ ਦੀ ਵਿਕਰੀ ਦਾ ਘੇਰਾ ਏਨਾ ਛੋਟਾ ਕਰ ਦਿੱਤਾ ਹੈ ਕਿ ਦਫ਼ਤਰਾਂ ’ਚ ਨਿਊਜ਼ਰੂਮ ਕਰਮਚਾਰੀ ਹੀ ਬਚੇ ਹਨ। ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਉਦਯੋਗ ਬਾਰੇ ਅਧਿਐਨ ਕਰਨ ਵਾਲੇ ਪ੍ਰੋਫੈਸਰ ਪੇਨਲੋਨ ਅਵਰਨੈਥੀ ਨੇ ਤਾਂ ਇਕ ਚਿਤਾਵਨੀ ਵਿਚ ਇੱਥੋਂ ਤਕ ਕਹਿ ਦਿੱਤਾ ਹੈ ਕਿ ਅਰਥ ਸ਼ਾਸਤਰੀਆਂ ਨੇ ਜਿਸ ਆਗਾਮੀ ਮੰਦੀ ਦੀ ਚਿੰਤਾ ਜ਼ਾਹਿਰ ਕੀਤੀ ਹੈ, ਉਸ ਨਾਲ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਅਖ਼ਬਾਰਾਂ ਕਿਤੇ ਅਲੋਪ ਹੀ ਨਾ ਹੋ ਜਾਣ। ਪਿਛਲੇ ਵਰ੍ਹਿਆਂ ਵਿਚ ਗੂਗਲ ਅਤੇ ਫੇਸਬੁੱਕ ਨੇ ਜਿਹੜੀ ਡਿਜੀਟਲ ਇਸ਼ਤਿਹਾਰਬਾਜ਼ੀ ਦੀ ਝਲਕ ਪਾਈ ਸੀ ਉਹ ਨਿਊਜ਼ ਅਦਾਰਿਆਂ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਬਣ ਰਹੀ ਹੈ। ਇਨ੍ਹਾਂ ਨੇ ਪੱਤਰਕਾਰੀ ਉਦਯੋਗ ਨੂੰ ਅਜਿਹੀ ਦੁਨੀਆਂ ਵਿਚ ਬਦਲਣ ਦਾ ਯਤਨ ਕੀਤਾ ਜੋ ਔਨਲਾਈਨ ਖ਼ਬਰਾਂ ਪ੍ਰਾਪਤ ਕਰਨ ਲੱਗੀ ਹੋਈ ਹੈ। ਲਿਹਾਜ਼ਾ ਪ੍ਰਿੰਟ ਐਡੀਸ਼ਨ ਖ਼ਰੀਦਣ ਵਾਲੇ ਲੋਕਾਂ ਦੀ ਗਿਣਤੀ ਵੀ ਘਟੀ ਅਤੇ 2004 ਤੋਂ 2018 ਵਿਚਕਾਰ ਕਰੀਬ 1800 ਅਖ਼ਬਾਰ ਬੰਦ ਹੋ ਗਏ। ਮੌਜੂਦਾ ਹਾਲਾਤ ਵਿਚ ਕਰੋਨਾਵਾਇਰਸ ਕਾਰਨ ਵੱਡੇ 30 ਤੋਂ 60 ਫੀਸਦੀ ਇਸ਼ਤਿਹਾਰ ਗੁਆ ਰਹੇ ਹਨ ਅਤੇ ਦੁਨੀਆਂ ਭਰ ਵਿਚ ਖੇਤਰੀ ਜਾਂ ਭਾਸ਼ਾਈ ਅਖ਼ਬਾਰਾਂ ਇਹ ਨੁਕਸਾਨ 90 ਫੀਸਦੀ ਝੱਲ ਰਹੀਆਂ ਹਨ। ਅੱਗੇ ਕੀ ਹੋਵੇਗਾ ਸਮਝ ਨਹੀਂ ਆ ਰਹੀ। ‘ਲਾਸ ਏਂਜਲਸ ਟਾਈਮਜ਼’ ਨੇ ਆਪਣੀ ਇਕ ਸੰਪਾਦਕੀ ਵਿਚ ਟਿੱਪਣੀ ਕੀਤੀ ਹੈ, ‘ਕਰੋਨਾਵਾਇਰਸ ਦੇ ਦਿਨਾਂ ’ਚ ਖ਼ਬਰਾਂ ਜਾਣਨ ਦੀ ਉਤਸੁਕਤਾ ਵਧੀ ਹੈ, ਪਰ ਇਹ ਰੇਟਿੰਗ ਕੇਵਲ ਖ਼ਬਰਾਂ ਦੇ ਖਾਤੇ ਵਿਚ ਚਲੀ ਗਈ ਹੈ, ਅਖ਼ਬਾਰਾਂ ਨੇ ਅੱਜ ਤਕ ਇਹ ਦਿਨ ਕਦੇ ਵੀ ਨਹੀਂ ਸਨ ਵੇਖੇ।’
ਕਰੋਨਾਵਾਇਰਸ ਦੀ ਕਹਾਣੀ ਵਿਸ਼ਵ ਪੱਧਰੀ ਹੈ। ਲੋਕ ਘਰਾਂ ’ਚ ਬੰਦ ਹਨ, ਮੌਤ ਦਾ ਡਰ ਪਿਆ ਹੋਇਐ। ਉਹ ਜਾਣਨਾ ਚਾਹੁੰਦੇ ਹਨ ਕਿ ਹੋਰ ਕਿੰਨੇ ਕੇਸ ਆਏ ਹਨ, ਦੁਨੀਆਂ ’ਚ ਕੀ ਹੋ ਰਿਹੈ, ਸਿਹਤ ਬਾਰੇ ਕੀ ਸਲਾਹ ਹੈ? ਪਰ ਇਹ ਸਭ ਕੁਝ ਉਨ੍ਹਾਂ ਨੂੰ ਘਰ ’ਚ ਡਿਜੀਟਲ ਮੀਡੀਆ ਜਾਂ ਚੈਨਲ ਪ੍ਰਦਾਨ ਕਰ ਰਹੇ ਹਨ। ਅਖ਼ਬਾਰਾਂ ਦਾ ਸੰਤਾਪ ਤੇ ਦਰਦ ਇਹ ਬਣ ਗਿਐ ਕਿ ਲੋਕ ਵਹਿਮ ਕਰਨ ਲੱਗੇ ਹਨ ਕਿ ਕਿਤੇ ਇਹ ਵਾਇਰਸ ਅਖ਼ਬਾਰਾਂ ਜ਼ਰੀਏ ਉਨ੍ਹਾਂ ਦੇ ਘਰ ਨਾ ਆ ਜਾਵੇ, ਜਦੋਂ ਕਿ ਅਜਿਹਾ ਹੈ ਹੀ ਨਹੀਂ। ਅਸਲ ਵਿਚ ਸੱਚਾਈ ਇਹ ਹੈ ਕਿ ਕਰੀਬ 200 ਸਾਲ ਪੁਰਾਣਾ ਅਖ਼ਬਾਰੀ ਮਾਡਲ ਟੁੱਟਦਾ ਜਾ ਰਿਹਾ ਹੈ। ਸਥਾਨਕ ਖ਼ਬਰਾਂ ਵਾਲਾ ਢਾਂਚਾ ਹੀ ਨਹੀਂ ਰਿਹਾ। ਪ੍ਰੋਫੈਸਰ ਅਵਰਨੈਥੀ ਨੇ 2018 ਵਿਚ ਆਪਣੀ ਇਕ ਰਿਪੋਰਟ ਰਾਹੀਂ ਦੱਸਿਆ ਸੀ ਕਿ ਸਥਿਤੀ ਖ਼ਬਰਾਂ ਦਾ ਮਾਰੂਥਲ ਵਰਗੀ ਬਣਦੀ ਜਾ ਰਹੀ ਹੈ। ਚਿੰਤਾ ਇਹ ਵੀ ਜ਼ਾਹਿਰ ਕੀਤੀ ਕਿ ਕਿੰਨੀ ਦੁੱਖ ਦੀ ਗੱਲ ਹੈ ਕਿ ਔਨਲਾਈਨ ਖ਼ਬਰਾਂ ਬਿਨਾਂ ਸਮਾਚਾਰ ਸੰਪਾਦਕਾਂ ਜਾਂ ਮੀਡੀਆ ਮਾਹਿਰਾਂ ਦੀ ਨਿਗਰਾਨੀ ਤੋਂ ਹੀ ਲੋਕਾਂ ਵਿਚ ਜਾ ਰਹੀਆਂ ਹਨ ਤਾਂ ਕਿਵੇਂ ਇਨ੍ਹਾਂ ਵਿਚ ਭਰੋਸੇਯੋਗਤਾ ਕਾਇਮ ਰਹਿ ਸਕਦੀ ਹੈ? ਅਖ਼ਬਾਰਾਂ ਲਈ ਇਹ ਵੀ ਬਰਦਾਸ਼ਤ ਕਰਨਾ ਕਿੰਨਾ ਔਖਾ ਹੈ ਕਿ ਕਰੋਨਾਵਾਇਰਸ ਦੇ ਪਿਛਲੇ ਦੋ ਮਹੀਨਿਆਂ ਵਿਚ ਇਸ ਸੁਨਾਮੀ ਨੇ ਅਮਰੀਕੀ ਅਖ਼ਬਾਰਾਂ ਦੇ ਨਿਊਜ਼ਰੂਮ ਧੋ ਦਿੱਤੇ ਹਨ। ਇਹ ਉਹੀ ਵਕਤ ਹੈ ਜਦੋਂ ‘ਟੈਂਪਾ ਬੇ ਟਾਈਮਜ਼’ ਨੇ 11 ਪੱਤਰਕਾਰਾਂ ਦੀ ਛੁੱਟੀ ਕਰ ਦਿੱਤੀ ਹੈ ਅਤੇ ਪੰਜ ਪ੍ਰਿੰਟ ਐਡੀਸ਼ਨ ਬੰਦ ਕਰ ਦਿੱਤੇ ਹਨ। ‘ਡੈਨਾਵਰ ਪੋਸਟ’, ‘ਬੋਸਟਨ ਹੈਰਲਡ’ ਅਤੇ ‘ਡੈਲਸ ਮੌਰਨਿੰਗ ਨਿਊਜ਼’ ਨੇ ਅਖ਼ਬਾਰੀ ਕਾਮਿਆਂ ਦੀ ਉਜਰਤ ਵਿਚ ਵੱਡੀ ਕਟੌਤੀ ਕੀਤੀ ਹੈ। ‘ਡੈਨਵਰ ਪੋਸਟ’ ਨੇ ਆਪਣੀ ਸੰਪਾਦਕੀ ਵਿਚ ਇਕ ਹੋਰ ਪੀੜਾ ਜ਼ਾਹਿਰ ਕੀਤੀ ਹੈ ਕਿ ਜਦੋਂ ਦਾ ਪਾਠਕਾਂ ਨੇ ਔਨਲਾਈਨ ਖ਼ਬਰ ਸਰੋਤਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ, ਇਸ਼ਤਿਹਾਰਾਂ ਦੇ ਸ਼ਿਕਾਰੀਆਂ ਨੇ ਰਾਸ਼ਟਰੀ ਵੈੱਬ ਵਿਗਿਆਨ ਵਿਚ ਘੁਸਪੈਠ ਕਰਕੇ ਵੱਡੀ ਹਿੱਸੇਦਾਰੀ ’ਤੇ ਕਬਜ਼ਾ ਕਰ ਲਿਆ ਹੈ। ਨਤੀਜਾ ਤਬਾਹੀ ਹੈ, ਕਿਉਂਕਿ ਪਾਏਦਾਰ ਤੇ ਖੋਜੀ ਸਟੋਰੀ’ਜ਼ ਕਵਰ ਨਹੀਂ ਕੀਤੀਆਂ ਜਾ ਰਹੀਆਂ, ਕਿਉਂਕਿ ਇਨ੍ਹਾਂ ਨੂੰ ਕਵਰ ਕਰਨ ਵਾਲੇ ਰਿਪੋਰਟਰ ਬਹੁਤ ਘੱਟ ਰਹਿ ਗਏ ਹਨ। ਸਥਿਤੀ ਅਜਿਹੀ ਤਬਾਹਕੁੰਨ ਬਣੀ ਹੋਈ ਹੈ ਕਿ ‘ਟੈਂਪਾ ਬੇ ਟਾਈਮਜ਼’ ਦੇ ਚੇਅਰਮੈਨ ਅਤੇ ਚੀਫ ਐਗਜ਼ੀਕਿਊਟਿਵ ਪਾਲ ਤਾਸ਼ ਨੇ ਆਪਣੇ ਮੁੱਖ ਪੰਨੇ ’ਤੇ ਪੀੜਾ ਜ਼ਾਹਿਰ ਕੀਤੀ ਹੈ ਕਿ ਅਖ਼ਬਾਰ ਦੇ 96 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪ੍ਰਿੰਟ ਐਡੀਸ਼ਨ ਬੰਦ ਹੋਏ ਹਨ। ਲੌਕਡਾਊਨ ਨੇ ਏਨਾ ਪਲਟਾ ਮਾਰਿਆ ਹੈ ਕਿ ਜਦੋਂ ਕਾਰੋਬਾਰ ਮੂਧੇ ਹੋ ਗਏ ਹਨ ਤਾਂ ਇਸ਼ਤਿਹਾਰ ਆਉਣਗੇ ਕਿੱਥੋਂ? ਭਵਿੱਖ ਦੀ ਸਥਿਤੀ ਵੱਲ ਵੇਖ ਕੇ ਹੌਲ ਉੱਠਦੇ ਹਨ। ਕਰੋਨਾਵਾਇਰਸ ਤੋਂ ਬੁਰੀ ਤਰ੍ਹਾਂ ਪੀੜਤ ਅਖ਼ਬਾਰਾਂ ਨੇ ਆਪਣੇ ਖੇਡ, ਫ਼ਿਲਮੀ ਅਤੇ ਹੋਰ ਕਾਲਮ ਨਵੀਸਾਂ ਨੂੰ ਆਮ ਅਸਾਈਨਮੈਂਟ ਪੱਤਰਕਾਰ ਬਣਾ ਦਿੱਤਾ ਹੈ ਕਿਉਂਕਿ ਖ਼ਬਰਾਂ ਹੁਣ ਕਰੋਨਾਵਾਇਰਸ ਦੀਆਂ ਹਨ, ਖੇਡਾਂ ਜਾਂ ਫ਼ਿਲਮਾਂ ਦੀਆਂ ਨਹੀਂ। ਅਖ਼ਬਾਰੀ ਇਤਿਹਾਸ ਹੀ ਬਦਲ ਰਿਹਾ ਹੈ। ਸੈਂਕੜੇ ਸਾਲਾਂ ਤੋਂ ਚੱਲੀਆਂ ਆ ਰਹੀਆਂ ਅਖ਼ਬਾਰੀ ਪਰੰਪਰਾਵਾਂ ਟੁੱਟ ਰਹੀਆਂ ਹਨ। ਇਹ ਮੰਨਣਾ ਪਵੇਗਾ ਕਿ ਕਰੋਨਾਵਾਇਰਸ ਤੋਂ ਪਹਿਲਾਂ ਹੋਰ ਵੀ ਪਲੈਟਫਾਰਮ ਤਿਆਰ ਹੋ ਚੁੱਕੇ ਸਨ ਜੋ ਅਖ਼ਬਾਰਾਂ ਨੂੰ ਪਿੱਛੇ ਧੱਕਣ ਵਿਚ ਲੱਗੇ ਹੋਏ ਸਨ, ਗੂਗਲ, ਫੇਸਬੁੱਕ ਤੇ ਐਮਾਜ਼ਾਨ ਨੇ ਪਿਛਲੇ ਵਰ੍ਹੇ ਡਿਜੀਟਲ ਇਸ਼ਿਤਿਹਾਰਬਾਜ਼ੀ ’ਤੇ 70 ਫੀਸਦੀ ਕਬਜ਼ਾ ਕੀਤਾ ਹੈ। ਸ਼ਾਇਦ ਕਈਆਂ ਨੂੰ ਪਤਾ ਹੀ ਨਾ ਹੋਵੇ ਕਿ ਐਮਾਜ਼ਾਨ ਦਾ ਮਾਲਕ ਜੈਫ ਬੋਜੇਸ ਅਖ਼ਬਾਰੀ ਦੁਨੀਆਂ ਨਾਲ ਵੀ ਸਬੰਧਿਤ ਹੈ। ਅਮਰੀਕਾ ਦੀ ਤੀਜੀ ਵੱਡੀ ‘ਵਾਸ਼ਿੰਗਟਨ ਪੋਸਟ’ ਉਸੇ ਦੀ ਮਾਲਕੀ ਵਾਲੀ ਅਖ਼ਬਾਰ ਹੈ। ਗੂਗਲ ਦੀ ਸਰਦਾਰੀ ਇਹ ਵੀ ਹੈ ਕਿ ਉਹ ਸਭ ਤੋਂ ਵੱਡਾ ਡਿਜੀਟਲ ਵਿਗਿਆਪਨ ਨੈੱਟਵਰਕ ਦਾ ਸੰਚਾਲਨ ਵੀ ਕਰਦਾ ਹੈ ਜੋ ਇਕ ਨੀਤੀ ਤਹਿਤ ਹੋਰ ਸਾਈਟਾਂ ਅਤੇ ਵੈੱਬਸਾਈਟਾਂ ਨੂੰ ਇਸ਼ਤਿਹਾਰ ਦਿੰਦਾ ਹੈ। ਉਸਦੀ ਲਿਸਟ ਵਿਚ ਅਖ਼ਬਾਰਾਂ ਨਹੀਂ ਹਨ। ਉਹ ਇਨ੍ਹਾਂ ਨੂੰ ਇਸ਼ਤਿਹਾਰ ਮੁਹੱਈਆ ਵੀ ਕਿਉਂ ਕਰਵਾਵੇ ਜੋ ਇਸ਼ਤਿਹਾਰਾਂ ਤੋਂ ਪਹਿਲਾਂ ਸੰਕਟ ਜਾਂ ਬਿਮਾਰੀ ਦੀਆਂ ਖ਼ਬਰਾਂ ਜਾਂ ਮਹਾਂਮਾਰੀ ਦੇ ਲੇਖ ਪ੍ਰਕਾਸ਼ਿਤ ਕਰਦੀਆਂ ਹਨ।
ਨਿਊਜ਼ ਮੀਡੀਆ ਦੀ ਡੁੱਬਦੀ ਬੇੜੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਖ਼ੁਸ਼ੀ ਵਾਲੀ ਹੋ ਸਕਦੀ ਹੈ ਕਿਉਂਕਿ ‘ਨਿਊਯਾਰਕ ਟਾਈਮਜ਼’ ਵਿਚ ਇਸ਼ਤਿਹਾਰਬਾਜ਼ੀ ਘਟ ਗਈ ਹੈ, ‘ਵਾਸ਼ਿੰਗਟਨ ਪੋਸਟ’ ਜ਼ਿਆਦਾ ਪਾਏਦਾਰ ਨਹੀਂ ਰਿਹਾ ਅਤੇ ਇਸੇ ਨੇ ਟਵੀਟ ਕੀਤਾ ਹੈ ਕਿ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ ਕਿ ਕਰੋਨਾਵਾਇਰਸ ਕਿਸ ਨੂੰ ਹਰਾਏਗਾ, ਕਿਉਂਕਿ ਜਾਣਕਾਰੀ ਦੇ ਜਾਅਲੀ ਖ਼ਬਰ ਸਰੋਤ ਭਾਰੂ ਹੋ ਗਏ ਹਨ। ਨਵੰਬਰ ’ਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਕਦੇ ‘ਸੀ.ਐੱਨ.ਐੱਨ’ ਅਤੇ ਹੋਰ ਮੀਡੀਆ ਅਦਾਰਿਆਂ ਨਾਲ ਟਰੰਪ ਦੀ ਖਹਬਿਾਜ਼ੀ ਝਲਕਦੀ ਰਹੀ ਹੈ। ਹੁਣ ਇਹ ਵੀ ਬਿਨਾਂ ਬੋਲੇ ਕਈ ਕੁਝ ਕਹਿ ਰਹੇ ਹਨ। ਅਸਲ ਵਿਚ ਅਮਰੀਕਾ ’ਚ ਇਕ ਵਾਇਰਸ ਇਨ੍ਹਾਂ ਚੋਣਾਂ ਦਾ ਵੀ ਹੈ। ‘ਵਾਲ ਸਟਰੀਟ ਜਰਨਲ’ ਅਤੇ ‘ਦਿ ਪੋਸਟ ਆਫ ਟਾਈਮਜ਼’ ਤੁਲਨਾਤਮਕ ਤੌਰ ’ਤੇ ਬਹੁਤ ਸਿਹਤਮੰਦ ਸਥਿਤੀ ਵਿਚ ਹਨ ਅਤੇ ਇਨ੍ਹਾਂ ਦੇ ਲੱਖਾਂ ਡਿਜੀਟਲ ਗਾਹਕ ਵੀ ਹਨ ਅਤੇ ਰਾਸ਼ਟਰੀ ਇਸ਼ਤਿਹਾਰ ਦੇਣ ਵਾਲੇ ਵੀ ਇਨ੍ਹਾਂ ਉੱਪਰ ਟਰੰਪ ਕਰਕੇ ਮਿਹਰਬਾਨ ਹੋਏ ਹਨ। ਚਲੋ ਵੱਡੀਆਂ ਮੱਛੀਆਂ ਛੋਟੀਆਂ ਨੂੰ ਪਹਿਲਾਂ ਤੋਂ ਖਾਂਦੀਆਂ ਆਈਆਂ ਹਨ। ਕਹਿ ਸਕਦੇ ਹਾਂ ਕਿ ਇਸ ਵਕਤ ਸਮੁੱਚੇ ਰੂਪ ਵਿਚ ਅਮਰੀਕਾ ਦੇ ਅਖ਼ਬਾਰੀ ਉਦਯੋਗ ਦੀ ਸਥਿਤੀ ਬੇਹੱਦ ਡਾਵਾਂਡੋਲ ਹੈ ਅਤੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਕਿਹਾ ਜਾ ਰਿਹਾ ਹੈ ਕਿ ਅਮਰੀਕਾ 2008 ਤੋਂ ਵੀ ਵੱਧ ਮੰਦੀ ਦੀ ਮਾਰ ਝੱਲੇਗਾ ਤਾਂ ਅਖ਼ਬਾਰਾਂ ਇਸ ਵਿਚ ਬਲੀ ਦਾ ਬੱਕਰਾ ਬਣਨਗੀਆਂ ਹੀ।
ਵਿਸ਼ਵ ਵਿਚ ਅਖ਼ਬਾਰਾਂ ਦੀ ਵਿਕਰੀ ਦਾ ਦੂਜੇ ਨੰਬਰ ਦਾ ਅੰਕੜਾ ਭਾਰਤ ਦੇ ਖਾਤੇ ਵਿਚ ਪੈਂਦਾ ਹੈ, ਪਰ ਕਰੋਨਾਵਾਇਰਸ ਕਰਕੇ ਅਖ਼ਬਾਰੀ ਉਦਯੋਗ ਇੱਥੇ ਵੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਕਈ ਅਖ਼ਬਾਰਾਂ ਏਨੀਆਂ ਸੁੰਗੜ ਗਈਆਂ ਹਨ ਕਿ ਉਨ੍ਹਾਂ ਦੇ ਔਨਲਾਈਨ ਐਡੀਸ਼ਨ ਹੋਰ ਛੋਟੇ ਲੱਗਦੇ ਹਨ। ਆਏ ਦਿਨ ਅਖ਼ਬਾਰਾਂ ਵਿਚ ਇਸ਼ਤਿਹਾਰਾਂ ਦੀ ਨਾਂਮਾਤਰ ਆਮਦ ਦੇ ਬਾਵਜੂਦ ਇਹ ਬਿਨਾਂ ਧੜ ਤੋਂ ਲੜਾਈ ਲੜ ਰਹੀਆਂ ਹਨ। ‘ਟਾਈਮਜ਼ ਆਫ ਇੰਡੀਆ’, ‘ਹਿੰਦੋਸਤਾਨ ਟਾਈਮਜ਼’, ‘ਦਿ ਹਿੰਦੂ’, ‘ਅਮਰ ਉਜਾਲਾ’, ‘ਨਵ ਭਾਰਤ ਟਾਈਮਜ਼’, ‘ਦੈਨਿਕ ਭਾਸਕ’, ‘ਪੰਜਾਬ ਕੇਸਰੀ’, ਪੁਣੇ ਤੋਂ ਮਰਾਠੀ ’ਚ ਛਪਣ ਵਾਲੀ ‘ਸਕਾਲ’, ਗੁਜਰਾਤ ਦੀ ‘ਦਿੱਵਿਆ ਭਾਸਕਰ’, ਕਰਨਾਟਕ ਦੀ ਕੰਨੜ ’ਚ ‘ਵਿਜੇ ਬਾਣੀ’, ਚੰਡੀਗੜ੍ਹ ਦੀ ‘ਦਿ ਟ੍ਰਿਬਿਊਨ’, ਕੋਲਕਾਤਾ ਦੀ ਬੰਗਾਲੀ ’ਚ ‘ਅਨੰਦ ਵਿਹਾਰ ਪੱਤ੍ਰਿਕਾ’, ਤਾਮਿਲ ਦੀ ‘ਦੀਨਾ ਮਲਾਰ’, ਤੇਲਗੂ ’ਚ ਹੈਦਰਾਬਾਦ ਤੋਂ ਛਪਣ ਵਾਲੀ ‘ਸਾਖ਼ਸ਼ੀ’ ਅਤੇ ‘ਦੈਨਿਕ ਜਾਗਰਣ’ ਵਰਗੀਆਂ ਅਖ਼ਬਾਰਾਂ ਜਿਹੜੀਆਂ ਆਪਣੇ ਪ੍ਰਿੰਟ ਐਡੀਸ਼ਨ ਤਾਂ ਦੇ ਰਹੀਆਂ ਹਨ, ਪਰ ਉਨ੍ਹਾਂ ਦੀ ਗਿਣਤੀ ਪੰਜਵਾਂ, ਛੇਵਾਂ ਹਿੱਸਾ ਵੀ ਨਹੀਂ ਰਹੀ। ਦਿੱਲੀ ਸਮੇਤ ਉੱਤਰੀ ਤੇ ਦੱਖਣੀ ਰਾਜ ਕਰੋਨਾਵਾੲਰਿਸ ਦਾ ਪੂਰਾ ਸੰਤਾਪ ਭੋਗ ਰਹੇ ਹਨ।
ਭਾਰਤ ਵਿਚ ਸ਼ਹਿਰਾਂ ਦੀਆਂ ਬਾਲਕੋਨੀਆਂ, ਪਿੰਡਾਂ ਦੇ ਵਿਹੜੇ ਉਨ੍ਹਾਂ ਲੋਕਾਂ ਨੂੰ ਵਿਰਾਨ ਥਾਵਾਂ ਜਾਪਦੀਆਂ ਹਨ ਜਿਨ੍ਹਾਂ ਨੂੰ ਸਵੇਰੇ ਅੱਖ ਪੱਟਣ ਦੇ ਨਾਲ ਹੀ ਇੱਥੇ ਅਖ਼ਬਾਰ ਪਈ ਮਿਲਦੀ ਸੀ, ਕਰੋਨਾਵਾਇਰਸ ਫੈਲਣ ਦੇ ਡਰ ਕਾਰਨ ਅਖ਼ਬਾਰਾਂ ਸ਼ਹਿਰਾਂ ਦੇ ਕਈ ਕੰਪਲੈਕਸਾਂ ਅਤੇ ਪਿੰਡਾਂ ਦੀਆਂ ਜੂਹਾਂ ’ਚ ਦਾਖਲ ਹੋਣ ਲਈ ਤਰਸ ਰਹੀਆਂ ਹਨ। ਹਾਲਾਂਕਿ ਪਿਛਲੇ ਇਕ ਦਹਾਕੇ ਵਿਚ ਭਾਰਤ ਦਾ ਉਦਯੋਗ ਪ੍ਰਿੰਟ ਮੀਡੀਆ ਲਈ ਇਕ ਜਗਦੀ ਜੋਤ ਬਣ ਕੇ ਸਾਹਮਣੇ ਆਇਆ ਜੋ ਪੱਛਮੀ ਦੇਸ਼ਾਂ ਵਿਚ ਇੰਟਰਨੈੱਟ ਦੀ ਮਾਰ ਕਾਰਨ ਬੁਝਣ ਕਿਨਾਰੇ ਸੀ। ਇੰਡੀਅਨ ਰੀਡਰਸ਼ਿਪ ਸਰਵੇ (ਆਈ.ਆਰ.ਐੱਸ.) ਅਨੁਸਾਰ ਅਖ਼ਬਾਰ ਦਾ ਪਾਠਕ ਵਰਗ 2017 ਦੇ ਮੁਕਾਬਲੇ 2019 ਵਿਚ 407 ਤੋਂ 425 ਮਿਲੀਅਨ ਹੋ ਗਿਆ ਸੀ ਜੋ ਇਸ ਵਕਤ ਕਰੋਨਾਵਾਇਰਸ ਨੇ ਅਪਾਹਜ ਬਣਾ ਦਿੱਤਾ ਹੈ। ਸੋਸ਼ਲ ਨੈੱਟਵਰਕ ਜ਼ਰੀਏ ਅਜਿਹੇ ਸੁਨੇਹੇ ਭੇਜੇ ਜਾ ਰਹੇ ਹਨ ਕਿ ਅਖ਼ਬਾਰਾਂ ਦੀ ਸਤ੍ਵਾ ਵਾਇਰਸ ਫੈਲਾ ਸਕਦੀ ਹੈ, ਇਹੋ ਕਾਰਨ ਹੈ ਕਿ ਮੁੰਬਈ, ਪੁਣੇ, ਚੇਨਈ, ਹੈਦਰਾਬਾਦ, ਕੋਲਕਾਤਾ, ਬੰਗਲੁਰੂ ਅਤੇ ਦਿੱਲੀ ਦੀਆਂ ਰਿਹਾਇਸ਼ੀ ਸੁਸਾਇਟੀਆਂ, ਕਾਲੋਨੀਆਂ ’ਚ ਅਖ਼ਬਾਰ ਪਹੁੰਚ ਹੀ ਨਹੀਂ ਰਹੀ। 24 ਤੋਂ 48 ਘੰਟਿਆਂ ਤਕ ਦੀ ਸਤ੍ਵਾ ’ਤੇ ਵਾਇਰਸ ਰਹਿਣ ਦੇ ਜਾਅਲੀ ਸੁਨੇਹਿਆਂ ਵਿਰੁੱਧ ਦੇਸ਼ ਭਰ ਦੀਆਂ ਅਖ਼ਬਾਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ, ਇੱਥੋਂ ਤਕ ਕਿ ‘ਟਾਈਮਜ਼ ਆਫ ਇੰਡੀਆ’ ਨੇ ਵੀਡੀਓ ਇਸ਼ਿਤਿਹਾਰ ਵੀ ਦਿੱਤੇ, ਪਰ ਅਫ਼ਸੋਸ, ਕਰੋਨਾਵਾਇਰਸ ਦੇ ਦਹਿਸ਼ਤ ਭਰੇ ਮਾਹੌਲ ਵਿਚ ਇਨ੍ਹਾਂ ਦਾ ਕੋਈ ਅਸਰ ਨਾ ਹੋਇਆ ਤੇ ਵਪਾਰਕ ਇਸ਼ਤਿਹਾਰਾਂ ਦੀ ਆਮਦ ਰੁਕਣ ਕਾਰਨ ਮਾਲੀਆ ਆਉਣਾ ਵੱਡੇ ਪੱਧਰ ’ਤੇ ਬੰਦ ਹੋ ਗਿਆ। ਸਿੱਟੇ ਇਹ ਹਨ ਕਿ ‘ਇੰਡੀਅਨ ਐਕਸਪ੍ਰੈੱਸ’ ਵਰਗੇ ਮੀਡੀਆ ਅਦਾਰਿਆਂ ਨੂੰ ਆਪਣੇ ਕਾਮਿਆਂ ਦੀਆਂ ਤਨਖਾਹਾਂ ਵਿਚ ਕਟੌਤੀ ਕਰਨੀ ਪੈ ਰਹੀ ਹੈ। ਇੰਡੀਆ ਉਦਯੋਗ ਸੰਗਠਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਦੋ ਸਾਲ ਟੈਕਸ ਦੀ ਛੋਟ ਅਤੇ ਨਿਊਜ਼ ਪ੍ਰਿੰਟ ’ਤੇ ਦਰਾਮਦ ਪਾਬੰਦੀਆਂ ਹਟਾਉਣ ਦੀ ਮੰਗ ਕਰਦਿਆਂ ਲਿਖਿਆ ਹੈ ਕਿ ਘਰੇਲੂ ਭਾਰਤੀ ਪ੍ਰਿੰਟ ਉਦਯੋਗ ਬਿਮਾਰ ਹੈ, ਖ਼ਤਰੇ ਵੱਲ ਵਧ ਰਿਹਾ ਹੈ।
ਹਾਲਾਤ ਇੱਥੋਂ ਤਕ ਪੁੱਜ ਗਏ ਹਨ ਕਿ ਅਸਾਮ ਹਾਕਰਜ਼ ਐਸੋਸੀਏਸ਼ਨ ਨੇ ਅਖ਼ਬਾਰਾਂ ਦਾ ਉੱਤਰ ਪੂਰਬੀ ਰਾਜ ਵਿਚ ਵਿਤਰਣ ਬੰਦ ਕਰ ਦਿੱਤਾ ਹੈ। ਅਨੁਭਵੀ ਪੱਤਰਕਾਰ ਅਤੇ ਮੀਡੀਆ ਵਿਸ਼ਲੇਸ਼ਕ ਪ੍ਰਾਣ ਜੌਏ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਤੂਫਾਨਾਂ ਦਾ ਟਾਕਰਾ ਕਰ ਰਹੇ ਅਖ਼ਬਾਰੀ ਉਦਯੋਗਾਂ ਨੂੰ ਸਰਕਾਰ ਸਬਸਿਡੀਆਂ ਦੇਵੇ, ਕਿਉਂਕਿ ਅਖ਼ਬਾਰ ਉਸ ਸੂਰਜ ਵਾਂਗ ਹੈ ਜੋ ਨਿੱਤ ਚੜ੍ਹਦਾ ਹੈ, ਵਰਨਾ ਲੋਕ ਰਾਜ ਦਾ ਇਹ ਚੌਥਾ ਥੰਮ੍ਹ ਡਿੱਗ ਪਵੇਗਾ। 2008 ਤੋਂ ਬਾਅਦ ਖ਼ਬਰਾਂ ਦੇ ਡਿਜੀਟਲ ਰੂਪ ਨੇ ਅਖ਼ਬਾਰ ਉਦਯੋਗ ਨੂੰ ਇਸ਼ਤਿਹਾਰਾਂ ਦੇ ਖੇਤਰ ’ਚ ਵੱਡੀ ਸੱਟ ਮਾਰੀ ਹੈ, ਪਰ ਇਹ ਕਦੇ ਵੀ ਨਹੀਂ ਹੋਵੇਗਾ ਕਿ ਲੋਕ ਕਾਗਜ਼ ਦੀ ਛੋਹ ਦੇ ਆਨੰਦ ਨੂੰ ਤਿਆਗ ਦੇਣ। ਸਰਕਾਰਾਂ ਨੇ ਅਖ਼ਬਾਰਾਂ ਦੀ ਬਾਂਹ ਨਾ ਫੜੀ ਤਾਂ ਆਪਹੁਦਰੀਆਂ ਤੇ ਗ਼ੈਰ ਜ਼ਿੰਮੇਵਾਰ ਖ਼ਬਰਾਂ ਦੀ ਬਹੁਤਾਤ ਸਮਾਜ ਨੂੰ ਖ਼ਤਰੇ ਵੱਲ ਲੈ ਜਾਵੇਗੀ। ਭਾਵੇਂ ਕਰੋਨਾਵਾਇਰਸ ਦਾ ਪ੍ਰਭਾਵ ਅਸਥਾਈ ਹੋਵੇ, ਪਰ ਜੇ ਅਖ਼ਬਾਰਾਂ ਦੀ ਗੱਲ ਨਾ ਸੁਣੀ ਗਈ ਤਾਂ ਇਸ ਉਦਯੋਗ ਦੇ ਆਰਥਿਕ ਪ੍ਰਭਾਵ ਸਥਾਈ ਹੋਣਗੇ। ‘ਨਿਊ ਇੰਗਲੈਂਡ ਜਰਨਲ ਆਫ ਮੈਡੀਕਲ ਸਾਇੰਸ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਨਿਊਜ਼ ਪਿੰਟ ਉੱਤੇ ਵਾਇਰਸ 66 ਮਿੰਟ ਤੋਂ ਵੱਧ ਤਕ ਟਿਕ ਹੀ ਨਹੀਂ ਸਕਦਾ ਤੇ ਕਰੋਨਾਵਾਇਰਸ ਮੈਟਲ ਜਾਂ ਸਟੇਨਲੈੱਸ ਸਟੀਲ ’ਤੇ ਹੀ ਲੰਬਾ ਸਮਾਂ ਰਹਿੰਦਾ ਹੈ। ਇਹ ਤਾਂ ਗੱਤੇ ’ਤੇ ਵੀ ਤੁਰੰਤ ਮਰ ਜਾਂਦਾ ਹੈ। ਅਖ਼ਬਾਰ ਦੀ ਪਤਲੀ ਸਤਹ ’ਤੇ ਕਿਵੇਂ ਜਿਊਂਦਾ ਰਹਿ ਸਕਦਾ ਹੈ? ਪਰ ਅਖ਼ਬਾਰਾਂ ਨੇ ਆਪਣਾ ਢਿੱਡ ਪਿੱਟਿਆ ਹੈ ਕਿ ਅਖ਼ਬਾਰਾਂ ਰਾਹੀਂ ਵਾਇਰਸ ਨਹੀਂ ਫੈਲਦਾ, ਪਰ ਸਰਕਾਰਾਂ ਨੇ ਇਸ ਪ੍ਰਚਾਰ ਲਈ ਕੋਈ ਵੀ ਦਿਲਚਸਪੀ ਨਹੀਂ ਦਿਖਾਈ।
ਚੀਨ, ਜਿਸ ਦੇ ਸ਼ਹਿਰ ਵੁਹਾਨ ਤੋਂ ਕਰੋਨਾਵਾਇਰਸ ਦੁਨੀਆਂ ਭਰ ਵਿਚ ਫੈਲਿਆ ਹੈ ਉਹ ਵਿਸ਼ਵ ਦਾ ਸਭ ਤੋਂ ਵੱਡਾ ਅਖ਼ਬਾਰੀ ਉਦਯੋਗ ਦਾ ਦੇਸ਼ ਹੈ ਜਿੱਥੇ ਹਾਲੇ ਵੀ ਅਖ਼ਬਾਰਾਂ ਉਸੇ ਤਾਦਾਦ ਵਿਚ ਛਪਦੀਆਂ ਹਨ, ਇਸ਼ਤਿਹਾਰਾਂ ਦੀ ਕਮੀ ਨਹੀਂ ਆਈ ਅਤੇ ਜਪਾਨ ਵਰਗੇ ਆਪਣੇ ਹੀ ਸੁਭਾਅ ਦੇ ਮਾਲਕ ਮੁਲਕ ਵਿਚ ਵੀ ਅਖ਼ਬਾਰਾਂ ਦੀ ਸਥਿਤੀ ਇਹੋ ਜਿਹੀ ਹੀ ਹੈ, ਪਰ ਅਖ਼ਬਾਰੀ ਦੁਨੀਆਂ ’ਚ ਵਿਸ਼ਵ ਦਾ ਚੌਥੇ ਨੰਬਰ ਦਾ ਦੇਸ਼ ਜਰਮਨ ਕਰੋਨਾਵਾਇਰਸ ਦਾ ਪੀੜਤ ਹੀ ਨਹੀਂ ਹੈ, ਸਗੋਂ ਉਸ ਦੀ ਅਖ਼ਬਾਰੀ ਦੁਨੀਆਂ ਦਾ ਥੰਮ੍ਹ ਹੀ ਹਿੱਲ ਗਿਆ ਹੈ। ਇਸਦੀ ਵੱਖੀ ’ਚ ਇਕ ਛੋਟਾ ਜਿਹਾ ਦੇਸ਼ ‘ਆਸਟਰੀਆ’ ਜਿੱਥੇ ਕੁਝ ਅਖ਼ਬਾਰਾਂ ਸਵੇਰੇ ਤੇ ਕੁਝ ਸ਼ਾਮ ਵੇਲੇ ਵੀ ਛਪਦੀਆਂ ਹਨ। ਇਨ੍ਹਾਂ ਅਖ਼ਬਾਰਾਂ ਦੀ ਛਪਣ ਗਿਣਤੀ ਤੇ ਇਸ਼ਤਿਹਾਰ ਪਹਿਲਾਂ ਵਾਲੇ ਰੰਗ ਵਿਚ ਹੀ ਹਨ ਅਤੇ ਉਂਜ ਵੀ ਇਸ ਛੋਟੇ ਜਿਹੇ ਦੇਸ਼ ਨੇ ਕਰੋਨਾਵਾਇਰਸ ’ਤੇ ਲਗਭਗ ਕਾਬੂ ਪਾ ਲਿਆ ਹੈ। ਚੀਨ ਦੀ ‘ਦਿ ਗਲੋਬਲ ਟਾਈਮਜ਼’, ‘ਸਾਊਦਰਨ ਮੈਟਰੋਪੁਲਿਟਨ ਡੇਅਲੀ’, ‘ਰੈਂਫਰੈਂਸ ਨਿਊਜ਼’ ਆਦਿ ਅਖ਼ਬਾਰਾਂ, ਅਖ਼ਬਾਰੀ ਦੁਨੀਆਂ ਅਤੇ ਕਰੋਨਾਵਾਇਰਸ ਦੇ ਦੁੱਖ ’ਤੇ ਫਹੇ ਰੱਖ ਕੇ ਫੂਕਾਂ ਵੀ ਨਹੀਂ ਮਾਰ ਰਹੀਆਂ। ਪਰ ਜਪਾਨ ਦੀਆਂ ਅਖ਼ਬਾਰਾਂ ‘ਆਸਾਹੀ ਸ਼ਿੰਮਬਨ’ ਤੇ ‘ਜਪਾਨ ਟਾਈਮਜ਼’ ਦੁਨੀਆਂ ਦੇ ਦੁੱਖ ਨੂੰ ਰੋ ਕੇ ਦੱਸ ਰਹੀਆਂ ਹਨ। ਪਾਕਿਸਤਾਨ ਦੀ ‘ਡਾਨ’, ‘ਨਿਊਜ਼ ਇੰਟਰਨੈਸ਼ਨਲ’ ਅਤੇ ‘ਨਵਾਏ ਵਕਤ’ ਇਸ ਵੇਲੇ ਲਗਭਗ ਇਕ ਲੱਤ ਭਾਰ ਹੀ ਖੜ੍ਹੀਆਂ ਹਨ।
ਜਿਵੇਂ ਅਮਰੀਕਾ ਨੇ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਤਹਿਤ ਕਾਰੋਬਾਰੀ ਅਦਾਰਿਆਂ ਦੀ ਵੱਡੇ ਪੱਧਰ ’ਤੇ ਮਾਲੀ ਮਦਦ ਕੀਤੀ ਹੈ, ਇਵੇਂ ਹੀ ਭਾਰਤ ਸਰਕਾਰ ਨੂੰ ਵੀ ਅਖ਼ਬਾਰੀ ਉਦਯੋਗ ਦੇ ਖ਼ਾਸ ਤੌਰ ’ਤੇ ਖੇਤਰੀ ਅਤੇ ਭਾਸ਼ਾਈ ਅਖ਼ਬਾਰਾਂ ਨੂੰ ਅੱਗੇ ਹੋ ਕੇ ਸਬਸਿਡੀ ਅਤੇ ਮਾਲੀ ਇਮਦਾਦ ਦੇਣੀ ਹੀ ਪਵੇਗੀ ਤੇ ਦੇਣੀ ਵੀ ਚਾਹੀਦੀ ਹੈ ਕਿਉਂਕਿ ਲੋਕ ਰਾਜ ਦਾ ਚੌਥਾ ਥੰਮ੍ਹ ਫਿਰ ਹੀ ਆਪਣੇ ਭਾਰ ਅਡੋਲ ਖੜ੍ਹਾ ਰਹੇਗਾ ਅਤੇ ਸਹੀ ਅਰਥ ਪ੍ਰਦਾਨ ਕਰ ਸਕੇਗਾ।
ਈਮੇਲ : ashokbhaura@gmail.com