ਅਮਰਜੀਤ ਕੌਰ ਪੰਨੂੰ
ਛੱਲਾਂ ਅੱਜ ਸ਼ਾਂਤ ਸਨ… ਤੇ ਹਵਾ ਚੁੱਪ।
ਸਮੁੰਦਰੀ ਇੱਲ੍ਹਾਂ ਵੀ ਅੱਜ ਪਤਾ ਨਹੀਂ ਕਿਉਂ ਸੁਵੱਖਤੇ ਹੀ ਆਪਣੇ ਆਲ੍ਹਣਿਆਂ ਵਿਚ ਜਾ ਬੈਠੀਆਂ ਸਨ। ਸਾਹਮਣੇ ਗੋਲਡਨ ਗੇਟ ਬ੍ਰਿਜ ਹੇਠੋਂ ਇਕ ਸੁਸਤ ਜਿਹਾ ਸਮੁੰਦਰੀ ਜਹਾਜ਼ ਹੌਲੇ ਹੌਲੇ ਲੰਘ ਰਿਹਾ ਸੀ। ਸੂਰਜ ਵੀ ਇੰਜ ਜਾਪਦਾ ਸੀ ਜਿਵੇਂ ਛੇਤੀ ਹੀ ਸਮੁੰਦਰ ਵਿਚ ਉਤਰ ਜਾਵੇਗਾ। ਆਸਮਾਨ ਵਿਚ ਦੋ-ਤਿੰਨ ਬੱਦਲਾਂ ਦੇ ਟੁਕੜੇ ਸਮੁੰਦਰ ’ਤੇ ਛਾਈ ਚੁੱਪ ਨੂੰ ਵੇਖ ਕੇ ਉੱਥੇ ਹੀ ਠਠੰਬਰ ਕੇ ਖਲੋ ਗਏ ਸਨ।
ਸੱਤੀ ਦਾ ਮਨ ਵੀ ਅੱਜ ਸਮੁੰਦਰ ਦੀਆਂ ਛੱਲਾਂ ਵਾਂਗ ਹੀ ਸ਼ਾਂਤ ਸੀ। ਜਿਵੇਂ ਸਮੁੰਦਰ ਪਤਾ ਨਹੀਂ ਕੀ ਕੁਝ ਆਪਣੇ ਅੰਦਰ ਸਮੋਈ ਬੈਠਾ ਸੀ, ਇੰਜ ਹੀ ਸੱਤੀ ਦਾ ਸ਼ਾਂਤ ਮਨ ਵੀ ਪਤਾ ਨਹੀਂ ਕਿੰਨੇ ਕੁ ਤੂਫ਼ਾਨ ਸਮੋਈ ਬੈਠਾ ਸੀ ਆਪਣੇ ਅੰਦਰ। ਆਪਣਾ ਨਿੱਕਾ ਜਿਹਾ ਸੂਟਕੇਸ ਕੋਲ ਰੱਖ ਕੇ ਸੱਤੀ ਬੈਂਚ ਉੱਤੇ ਬੈਠ ਗਈ ਤੇ ਚੁਫ਼ੇਰੇ ਪਸਰੀ ਹੋਈ ਕੁਦਰਤ ਦੀ ਇਕਸਾਰਤਾ ਨੂੰ ਨਿਹਾਰਨ ਲੱਗੀ।
ਜਿਸ ਡੱਬੇ ਵਰਗੀ ਹੁੰਮਸ ਭਰੀ ਦੁਨੀਆਂ ਤੋਂ ਕੁਝ ਛਿਣ ਰਾਹਤ ਲੈਣ ਲਈ ਉਹ ਰੋਜ਼ ਇਸ ‘ਮਰੀਨੇ’ ’ਤੇ ਆਇਆ ਕਰਦੀ ਸੀ, ਅੱਜ ਉਸ ਦੁਨੀਆਂ ਨੂੰ ਤੇ ਉਸ ਹੁੰਮਸ ਭਰੀ ਜ਼ਿੰਦਗੀ ਨੂੰ ਉਹ ਹਮੇਸ਼ਾਂ ਲਈ ਪਿੱਛੇ ਛੱਡ ਆਈ ਸੀ, ਤੇ ਉਸ ਨੇ ਨੰਦੋ ਬਣਨ ਤੋਂ ਇਨਕਾਰ ਕਰ ਦਿੱਤਾ ਸੀ।
“ਮੈਥੋਂ ਹੁਣ ਹੋਰ ਨਹੀਂ ਨੰਦੋ ਬਣਿਆ ਜਾਂਦਾ… ਮੈਂ ਨੰਦੋ ਨਹੀਂ ਬਣਾਂਗੀ… ਕਦੇ ਨਹੀਂ…!”
ਇਹ ਲਫਜ਼ ਸੱਤੀ ਦੇ ਦਿਮਾਗ਼ ਵਿਚ ਬਿਜਲੀ ਦੇ ਬਲਬ ਵਾਂਗ ਜਗਣ-ਬੁਝਣ ਲੱਗੇ ਤੇ ਉਸ ਦੀ ਸੋਚ ਉਡਾਰੀਆਂ ਮਾਰਦੀ ਹਜ਼ਾਰਾਂ ਕੋਹਾਂ ਦੂਰ ਆਪਣੇ ਪਿੰਡ ਪਹੁੰਚ ਗਈ ਜਦੋਂ ਉਹ ਨਿੱਕੀ ਜਿਹੀ, ਚੁਲਬੁਲੀ ਜਿਹੀ ਕੁੜੀ ਹੁੰਦੀ ਸੀ। ਉਸ ਨੂੰ ਆਪਣੀ ਮਾਂ ਦੀ ਆਵਾਜ਼ ਕੰਨੀਂ ਪਈ,
“ਕੁੜੇ ਨੰਦੋ, ਰਾਤੀਂ ਫੇਰ ਕਾਹਤੋਂ ਤੱਤਾ ਹੁੰਦਾ ਸੀ ਖੱਜੂ…।”
ਲੱਸੀ ਲੈਣ ਆਈ ਨੰਦੋ ਨੂੰ ਉਸ ਦੀ ਮਾਂ ਨੇ ਪੁੱਛਿਆ ਸੀ।
“ਕੋਈ ਗੱਲ ਹੋਵੇ ਤਾਂ ਦੱਸਾਂ, ਮੈਨੂੰ ਕਹਿੰਦਾ ਚਾਹ ਬਣਾ ਕੇ ਦੇ ਪੱਕੇ ਮਿੱਠੇ ਦੀ।” ਬੈਂਚ ’ਤੇ ਬੈਠੀ ਹੋਈ ਸੱਤੀ ਨੂੰ ਨੰਦੋ ਦੇ ਬੋਲ ਸੁਣੇ।
“ਤੇ ਫੇਰ ਬਣਾ ਦੇਂਦੀ ਤਾਂ ਤੂੰ।” ਸੱਤੀ ਦੀ ਮਾਂ ਨੇ ਨੰਦੋ ਨੂੰ ਸਮਝਾਉਣ ਦੇ ਲਹਿਜ਼ੇ ਵਿਚ ਆਖਿਆ।
“ਜਾਏ ਬੱਢੀ ਦਾ ਖੰਡ ਲਿਆ ਕੇ ਦੇਵੇ ਤਾਂ ਬਣਾਵਾਂ। ਚੌਥ ਦੀ ਲਿਆਂਦੀ ਖੰਡ ਦੀ ਪੁੜੀ ਭਲਾ ਬੈਠੀ ਹੋਈ ਆ ਹੁਣ ਤਾਈਂ…।” ਨੰਦੋ ਨੇ ਇੰਜ ਮੂੰਹ ਬਣਾਇਆ ਜਿਵੇਂ ਖੰਡ ਦੀ ਗੱਲ ਕਰਦਿਆਂ ਉਸ ਦਾ ਮੂੰਹ ਕੁੜੱਤਣ ਨਾਲ ਭਰ ਗਿਆ ਹੋਵੇ।
“ਚੱਲ ਹੋਊ, ਤੂੰ ਨਾ ਆਪਣੀ ਜ਼ੁਬਾਨ ਮੈਲੀ ਕਰਿਆ ਕਰ।” ਸੱਤੀ ਦੀ ਮਾਂ ਨੇ ਨੰਦੋ ਨੂੰ ਲੱਸੀ ਦਾ ਡੋਲੂ ਫੜਾਉਂਦਿਆਂ ਆਖਿਆ।
ਖੱਜੂ ਅਮਲੀ ਕਾ ਘਰ ਸੱਤੀ ਹੋਰਾਂ ਦੇ ਘਰ ਦੇ ਪਿਛਵਾੜੇ ਵੱਲ ਲੱਗਦਾ ਸੀ। ਉਨ੍ਹਾਂ ਦੇ ਘਰ ਰੋਜ਼ ਹੀ ਤਕਾਲਾਂ ਨੂੰ ਛਿੰਝ ਪੈਂਦੀ। ਜਾਂ ਤਾਂ ਖੱਜੂ ਤੇ ਨੰਦੋ ਇਕ ਦੂਜੇ ਨੂੰ ਮਸ਼ਕਰੀਆਂ ਕਰ ਕਰ ਉੱਚੀ ਉੱਚੀ ਹੱਸਦੇ ਤੇ ਜਾਂ ਫਿਰ ਗਾਲ੍ਹਾਂ ਦੀ ਬੁਛਾੜ ਨਾਲ ਵਿਹੜੇ ਵਿਚ ਦਗੜ-ਦਗੜ ਹੁੰਦੀ। ਕਦੇ ਖੱਜੂ ਅੱਗੇ ਅੱਗੇ ਤੇ ਨੰਦੋ ਘੋਟਣਾ ਚੁੱਕੀ ਗਾਲ੍ਹਾਂ ਕੱਢਦੀ ਉਸ ਦੇ ਮਗਰ ਤੇ ਕਦੀ ਨੰਦੋ ਅੱਗੇ ਤੇ ਖੱਜੂ ਡਾਂਗ ਚੁੱਕੀ ਉਹਨੂੰ ਮਾਰਨ ਨੂੰ ਫਿਰਦਾ।
ਖੱਜੂ ਨੇ ਤਾਂ ਉਸ ਦਾ ਨਾਂ ਹੀ ‘ਕੁੱਤੇ ਦੀ ਪੂਛ’ ਰੱਖ ਦਿੱਤਾ ਹੋਇਆ ਸੀ ਤੇ ਜਾਂ ‘ਦਾਂਦੋ’ ਕਹਿ ਕੇ ਬੁਲਾਉਂਦਾ। ਨੰਦੋ ਵੀ ਅੱਗੋਂ ਉਸ ਨੂੰ, ‘ਜਾਏ ਬੱਢੀ ਦਾ ਕਲੂਟਾ’ ਹੀ ਕਹਿੰਦੀ।
ਨੰਦੋ ਦੇ ਸਾਹਮਣੇ ਵਾਲੇ ਦੋ ਦੰਦ ਬਣਾਉਣ ਲੱਗਿਆਂ ਰੱਬ ਦਾ ਧਿਆਨ ਖੌਰੇ ਕਿੱਥੇ ਚਲਿਆ ਗਿਆ ਤੇ ਉਸ ਦੇ ਜਿਵੇਂ ਇਕ ਦੀ ਥਾਂ ਦੋ ਦੰਦ ਹੇਠ-ਉੱਤੇ ਜੋੜ ਦਿੱਤੇ ਸਨ ਤੇ ਉਸ ਦੇ ਇਹ ਲੰਮੇ-ਲੰਮੇ ਦੋਵੇਂ ਦੰਦ ਬੁੱਲ੍ਹਾਂ ਤੋਂ ਬਾਹਰ ਹੀ ਰਹਿੰਦੇ।
ਖੱਜੂ ਆਪ ਤਾਂ ਭਾਵੇਂ ਅਮਲ ਨਹੀਂ ਸੀ ਖਾਂਦਾ, ਪਰ ਪਹਿਲਾਂ ਉਸ ਦੇ ਬਾਬੇ ਨੇ ਸਾਰੀ ਜ਼ਮੀਨ ਗਹਿਣੇ ਧਰ ਕੇ ਆਪਣੇ ਢਿੱਡ ਵਿਚੋਂ ਲੰਘਾ ਲਈ ਸੀ ਤੇ ਫੇਰ ਉਸ ਦੇ ਬਾਪ ਨੇ ਰਹਿੰਦੀ-ਖੂੰਹਦੀ ਨਿਆਈ ਵਾਲੀ ਜ਼ਮੀਨ ਵੀ ਬੈਅ ਕਰ ਦਿੱਤੀ ਸੀ। ਖੱਜੂ ਦੀ ਤਾਂ ਅੱਲ ਹੀ ‘ਅਮਲੀ’ ਪਈ ਹੋਈ ਸੀ ਤੇ ਨਾਲੇ ਉਸ ਅਮਲ ਖਾਣਾ ਵੀ ਕਿੱਥੋਂ ਸੀ। ਹਫ਼ਤੇ ਵਿਚ ਦੋ ਤਿੰਨ ਵਾਰੀ ਸ਼ਹਿਰ ਜਾ ਕੇ ਦਿਹਾੜੀ ਦੱਪਾ ਲਾ ਆਉਂਦਾ। ਕਈ ਵੇਰ ਤਾਂ ਆਉਂਦਾ ਹੋਇਆ ਤਲੀ ਹੋਈ ਮੱਛੀ ਲਿਆਉਂਦਾ ਤੇ ਪੁਚ-ਪੁਚ ਕਰਦਾ ਨੰਦੋ ਦੇ ਮਗਰ-ਮਗਰ ਫਿਰਦਾ ਤੇ ਕਈ ਵੇਰ ਘਰ ਵੜਦਿਆਂ ਹੀ ਨੰਦੋ ਨੂੰ ਕੁਟਾਪਾ ਚਾੜ੍ਹ ਛੱਡਦਾ।
ਦੁਪਹਿਰ ਵੇਲੇ ਗਲੀ ਦੀਆਂ ਜਨਾਨੀਆਂ ਸੱਤੀ ਹੁਰਾਂ ਦੀ ਡਿਉਢੀ ਵਿਚ ਆ ਬਹਿੰਦੀਆਂ। ਕੋਈ ਚਾਦਰ ਕੱਢਦੀ, ਕੋਈ ਸੂਤ ਅਟੇਰਦੀ ਤੇ ਕੋਈ ਖੇਸੀਆਂ ਦੇ ਬੁੰਬਲ ਵੱਟਦੀ। ਕਦੇ-ਕਦਾਈਂ ਨੰਦੋ ਵੀ ਆ ਜਾਂਦੀ ਉੱਥੇ। ਸੱਤੀ ਦੀ ਮਾਂ ਨੇ ਪਹਿਲਾਂ ਹੀ ਕੋਈ ਕੰਮ ਤਿਆਰ ਰੱਖਿਆ ਹੁੰਦਾ ਨੰਦੋ ਲਈ। ਕਦੇ ਤਾਂ ਉਹ ਬਲਦਾਂ ਦੇ ਝੁੱਲ ਗੰਢ-ਤੁੱਪ ਕਰਦੀ ਤੇ ਕਦੇ ਪੱਠਿਆਂ ਵਾਲੀਆਂ ਪੱਲੀਆਂ ਨੂੰ ਕੰਧੂਈ ਨਾਲ ਸੜੰਗੇ ਮਾਰਦੀ। ਨੰਦੋ ਨੇ ਆਪ ਕਿਹੜਾ ਕੋਈ ਕੁੜੀ ਦਾ ਦਾਜ ਬਣਾਉਣਾ ਸੀ ਉਸ ਦਾ ਤਾਂ ਇਕੋ ਇਕ ਮੁੰਡਾ ਸੀ। ਤੇ ਨਾਲੇ ਸੱਤੀ ਦੀ ਮਾਂ ਵੇਲੇ-ਕੁਵੇਲੇ ਨੰਦੋ ਦਾ ਬੁੱਤਾ ਸਾਰ ਦੇਂਦੀ ਸੀ।
ਔਰਤਾਂ ਦੀ ਇਸ ਮਹਿਫ਼ਿਲ ਵਿਚ ਨੰਦੋਂ ਭਾਵੇਂ ਹੁੰਦੀ ਭਾਵੇਂ ਨਾ ਪਰ ਗੱਲਾਂ ਨੰਦੋ ਤੇ ਖੱਜੂ ਦੀਆਂ ਜ਼ਰੂਰ ਚੱਲਦੀਆਂ:
“ਨੀਂ ਸਾਡੇ ਨਾਲੋਂ ਤਾਂ ਨੰਦੋ ਈ ਚੰਗੀ, ਜਿਹਦਾ ਖਸਮ ਸੁਰਮੇ ਦੀ ਸ਼ੀਸ਼ੀ ਲਈ ਉਹਦੇ ਮਗਰ-ਮਗਰ ਫਿਰਦਾ…।”
“ਚੰਗੀ ਕਾਹਦੀ ਆ, ਆਏ ਦਿਨ ਉਹਦੇ ਹੱਡ ਭੰਨ ਛੱਡਦਾ…।” ਦੂਜੀ ਆਖਦੀ।
ਸਾਹਬੋ ਜਿਹੜੀ ਉਨ੍ਹਾਂ ਸਾਰੀਆਂ ਵਿਚੋਂ ਸੋਹਣੀ ਤੇ ਬੜੀ ਮਟਕ ਨਾਲ ਤੁਰਦੀ ਹੁੰਦੀ ਸੀ, ਆਖਦੀ, “ਜਾਣ ਦਿਓ ਨੀਂ, ਮੈਨੂੰ ਤਾਂ ਊਂਈ ਦੋਹਾਂ ਤੋਂ ਕਚਿਆਣ ਜਿਹੀ ਆਉਂਦੀ ਆ। ਖੱਜੂ ਦਾ ਮੂੰਹ ਤਾਂ ਐਂ ਆ ਜਿਵੇਂ ਸਵਾਹ ’ਤੇ ਕਣੀਆਂ ਪਈਆਂ ਹੋਣ… ਤੇ ਨੰਦੋ ਊਂ ਈ ਵਰ੍ਹੇ ਛਿਮਾਹੀਂ ਨ੍ਹਾਉਂਦੀ ਆ।”
ਤੇ ਸਾਰੀਆਂ ਖਿੜ-ਖਿੜਾ ਕੇ ਹੱਸ ਪੈਂਦੀਆਂ।
ਖੱਜੂ ਨਿੱਕੇ ਹੁੰਦੇ ਨੂੰ ਕਹਿੰਦੇ ਵੱਡੀ ਮਾਤਾ ਨਿਕਲ ਆਈ ਸੀ। ਰੰਗ ਉਹਦਾ ਥੋੜ੍ਹਾ ਪੱਕਾ ਤੇ ਮੂੰਹ ’ਤੇ ਮਾਤਾ ਦੇ ਦਾਗ… ਸੱਚ-ਮੁੱਚ ਇੰਜ ਲੱਗਦਾ ਜਿਵੇਂ ਸਵਾਹ ਦੀ ਢੇਰੀ ’ਤੇ ਕਣੀਆਂ ਹੁਣੇ ਹੀ ਪੈ ਕੇ ਹਟੀਆਂ ਹੋਣ।
ਕਦੇ-ਕਦੇ ਨੰਦੋ ਦੇ ਰਾਂਗਲੀ ਦਾਤਣ ਕੀਤੀ ਹੋਈ ਹੁੰਦੀ। ਦਾਤਣ ਦਾ ਗੂੜ੍ਹਾ ਰੰਗ ਉਹਦੀਆਂ ਵਰਾਛਾਂ ਵਿਚੋਂ ਦੀ ਡਿਗਣ-ਡਿਗਣ ਕਰਦਾ… ਤੇ ਉਹ ਪਿਛਲੀ ਰਾਤ ਦੀ ਹੋਈ ਬੀਤੀ ਸਾਰੀ ਜਨਾਨੀਆਂ ਨੂੰ ਦੱਸਦੀ ਹੋਈ ਖੱਜੂ ਨੂੰ ਗਾਲ੍ਹਾਂ ਦਿੰਦੀ।
ਤੀਜੀ-ਚੌਥੀ ’ਚ ਪੜ੍ਹਦੀ ਸੱਤੀ ਨੂੰ ਉਨ੍ਹਾਂ ਦੀਆਂ ਵਿਚਲੀਆਂ ਗੱਲਾਂ ਦੀ ਸਮਝ ਤਾਂ ਨਾਂ ਪੈਂਦੀ, ਪਰ ਉਨ੍ਹਾਂ ਨੂੰ ਹੱਸਦੀਆਂ ਵੱਲ ਵੇਖ ਕੇ ਉਹ ਵੀ ਹੱਸ-ਹੱਸ ਦੋਹਰੀ ਹੋਈ ਜਾਂਦੀ ਤੇ ਕਈ ਵਾਰੀ ਭੋਲਾ ਜਿਹਾ ਮੂੰਹ ਬਣਾ ਕੇ ਆਖਦੀ:
“ਚਾਚੀ ਮੈਂ ਨੰਦੋ ਬਣ ਕੇ ਵਖਾਵਾਂ ਤੁਹਾਨੂੰ…।”
ਤੇ ਉਹ ਮੂੰਗਫਲੀ ਦੀ ਗਿਰੀ ਦੁਫਾੜ ਕਰਕੇ ਆਪਣੇ ਹੇਠਲੇ ਬੁੱਲ੍ਹ ’ਤੇ ਰੱਖ ਲੈਂਦੀ ਤੇ ਉਤਲਾ ਬੁੱਲ੍ਹ ਮੀਚ ਲੈਂਦੀ। ਸੱਚ-ਮੁੱਚ ਹੀ ਇੰਜ ਲੱਗਦਾ ਜਿਵੇਂ ਵੱਡੇ-ਵੱਡੇ ਦੋ ਦੰਦ ਬਾਹਰ ਨੂੰ ਨਿਕਲੇ ਹੋਏ ਹੋਣ। ਸਾਰੀਆਂ ਦੇ ਹੱਸ-ਹੱਸ ਕੇ ਢਿੱਡੀਂ ਪੀੜਾਂ ਪੈ ਜਾਂਦੀਆਂ। ਸੱਤੀ ਦੀ ਮਾਂ ਹੱਸ-ਹੱਸ ਕੇ ਅੱਖਾਂ ਵਿਚ ਆਏ ਪਾਣੀ ਨੂੰ ਪੂੰਝਦੀ ਹੋਈ ਆਖਦੀ:
“ਏਦਾਂ ਨਹੀਂ ਕਿਸੇ ਦੀ ਸਾਂਗ ਲਾਈਦੀ, ਪੁੱਤ…।”
ਤੇ ਸੱਤੀ ਹੋਰ ਚਾਂਭਲ ਜਾਂਦੀ।
ਕਦੇ ਨੰਦੋ ਦੀਆਂ ਸਾਂਗਾਂ ਤੇ ਕਦੇ ਖੱਜੂ ਦੀਆਂ ਸਾਂਗਾਂ… ਕਦੇ ਲੁਕਣ-ਮੀਟੀ ਤੇ ਕਦੇ ਗੇਂਦ ਗੀਟੇ ਖੇਡਦਿਆਂ ਸੱਤੀ ਲਗਰ ਵਾਂਗ ਵਧਣ ਲੱਗੀ। ਵਿਹੜੇ ਵਿਚਲੀ ਧਰੇਕ ਵਾਂਗਰ ਉਸ ’ਤੇ ਵੀ ਦਿਹਾੜੀ ਦਾ ਗਿੱਠ ਵਾਰ ਆਉਣ ਲੱਗ ਪਿਆ। ਮਹੀਨੇ ਤੇ ਵਰ੍ਹੇ ਅੱਗੜ-ਪਿੱਛੜ ਪੰਛੀਆਂ ਵਾਂਗ ਉਡਾਰੀਆਂ ਮਾਰਦੇ ਲੰਘਣ ਲੱਗੇ।
ਤੇ ਫੇਰ ਇਕ ਦਿਨ ਖੱਜੂ ਪਤਾ ਨਹੀਂ ਕਿਹੜੀ ਹੱਡਾ-ਰੋੜੀ ਤੋਂ ਇਕ ਸੁੱਕੀ ਜਿਹੀ ਗਾਂ ਲੈ ਆਇਆ ਸੀ ਜਿਹੜੀ ਮਸੀਂ ਅੱਧੀ ਕੁ ਗਲਾਸੀ ਤੋਂ ਵੀ ਘੱਟ ਦੁੱਧ ਦੇਂਦੀ। ਕਈ ਦਿਨ ਉਨ੍ਹਾਂ ਦੇ ਘਰੋਂ ਗਾਂ ਦੀ ਖੁਸ਼ੀ ’ਚ ਕੋਈ ਗਾਲ੍ਹੀ-ਗਲੋਚ ਨਾ ਸੁਣਿਆ। ਦੋਵੇਂ ਜਣੇ ਸਾਰਾ ਦਿਨ ਗਾਂ ਨੂੰ ਘਾਹ ਖੋਤ ਕੇ ਪਾਉਣ ਤੇ ਨਹਾਉਣ-ਧਵਾਉਣ ਵਿਚ ਲੱਗੇ ਰਹਿੰਦੇ। ਮੁੰਡਾ ਵੀ ਨਿੱਕੀ ਜਿਹੀ ਰੰਬੀ ਤੇ ਪੱਲੀ ਚੁੱਕੀ ਉਨ੍ਹਾਂ ਨਾਲ ਪੈਲੀਆਂ ਦੇ ਬੰਨਿਆਂ ਤੋਂ ਘਾਹ ਖੋਤਣ ਜਾਂਦਾ। ਕੁਝ ਚਿਰ ਪਿੱਛੋਂ ਗਾਂ ਸੱਚ-ਮੁੱਚ ਹੀ ਦੋ ਢਾਈ ਪਾਈਏ ਦੁੱਧ ਦੇਣ ਲੱਗ ਪਈ। ਮੁੰਡਾ ਖੁਰਲੀ ਅੱਗੇ ਬੈਠਾ ਘਾਹ ’ਤੇ ਥੋੜ੍ਹਾ-ਥੋੜ੍ਹਾ ਆਟਾ ਧੂੜੀ ਜਾਂਦਾ ਤੇ ਨੰਦੋ ਗਾਂ ਨੂੰ ਨਿਆਣਾ ਪਾ ਕੇ ਧਾਰ ਚੋ ਲੈਂਦੀ। ਗਾਂ ਵੀ ਨੰਦੋ ਦੇ ਹੱਥ ’ਤੇ ਪੈ ਗਈ ਸੀ। ਉਹ ਖੱਜੂ ਨੂੰ ਲਾਗੇ ਵੀ ਨਾ ਲੱਗਣ ਦੇਂਦੀ।
ਕੁਝ ਦਿਨ ਪਿੱਛੋਂ ਖੱਜੂ ਨੇ ਫੇਰ ਨੰਦੋ ਕੁੱਟ ਦਿੱਤੀ। ਮੁੰਡਾ ਉੱਚੀ-ਉੱਚੀ ਰੌਲਾ ਪਾਵੇ, “ਭਾਪਾ ਹੱਥਾਂ ’ਤੇ ਨਾ ਮਾਰੀਂ, ਨਹੀਂ ਤਾਂ ਉਹਨੇ ਸਵੇਰ ਨੂੰ ਗਾਂ ਨਹੀਂਉਂ ਚੋਣੀ…।”
ਖੱਜੂ ਝੱਟ ਨੰਦੋ ਤੋਂ ਪਰ੍ਹਾਂ ਹੋ ਗਿਆ। ਪਰ ਉਦੋਂ ਤਾਈ ਨੰਦੋ ਦਾ ਸਾਹਮਣੇ ਵਾਲਾ ਇਕ ਦੰਦ ਟੁੱਟ ਚੁੱਕਿਆ ਸੀ। ਲਹੂ ਦੀ ਤਤੀਰੀ ਤਾਂ ਕੁਝ ਚਿਰ ਵਗ ਕੇ ਬੰਦ ਹੋ ਗਈ, ਪਰ ਨੰਦੋ ਦੀਆਂ ਗਾਲ੍ਹਾਂ ਕਿੰਨਾ ਚਿਰ ਹੀ ਚੱਲਦੀਆਂ ਰਹੀਆਂ।
“ਖੱਜੂਆ…ਮੜ੍ਹੀਆਂ ’ਚ ਪੈਣਿਆਂ ਤੇਰੇ ’ਤੇ ਮੈਂ ਠਾਣਾ ਚੜ੍ਹਾਊਂ… ਤੈਨੂੰ ਓਥੇ ਕੁਟਾਪਾ ਚੜੂ… ਟੁੱਟ ਪੈਣਿਆ, ਤਾਂ ਮੇਰੇ ਦਿਲ ਨੂੰ ਠੰਢ ਪਊ…ਤੇਰਾ ਕੱਖ ਨਾ ਰਵ੍ਹੇ ਰੁੜ੍ਹ ਜਾਣਿਆਂ… ਤੇ ਪਤਾ ਨਹੀਂ ਹੋਰ ਕੀ ਕੁਝ ਉਹ ਕਿੰਨਾ ਚਿਰ ਬੋਲਦੀ ਰਹੀ।
ਲੋਕ ਖੜ੍ਹੇ ਤਮਾਸ਼ਾ ਵੇਖਦੇ ਰਹੇ। ਅਗਲੇ ਦਿਨ ਖੱਜੂ ਤੇ ਨੰਦੋ ਫੇਰ ਉਸੇ ਤਰ੍ਹਾਂ ਜਿਵੇਂ ਕੁਝ ਹੋਇਆ ਈ ਨਾ ਹੋਵੇ। ਜਿਵੇਂ ਖੱਜੂ ਨੇ ਨੰਦੋ ਕਦੇ ਕੁੱਟੀ ਨਾ ਹੋਵੇ। ਜਿਵੇਂ ਨੰਦੋ ਨੇ ਗਾਲ੍ਹਾਂ ਦੀ ਬੁਛਾੜ ਕੀਤੀ ਨਾ ਹੋਵੇ।
ਸੱਤੀ ਜਿਉਂ ਜਿਉਂ ਵੱਡੀ ਹੋਈ ਉਸ ਨੂੰ ਉਨ੍ਹਾਂ ਦੀ ਡਿਉਢੀ ’ਚ ਲੱਗੀ ਹੋਈ ਜਨਾਨੀਆਂ ਦੀ ਮਹਿਫ਼ਿਲ ਬੜੀ ਓਪਰੀ ਤੇ ਖੋਖਲੀ ਜਿਹੀ ਜਾਪਣ ਲੱਗੀ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸੱਤੀ ਨੂੰ ਜਾਪਦਾ ਜਿਵੇਂ ਔਰਤਾਂ ਦੀ ਆਪਣੀ ਕੋਈ ਹੋਂਦ ਹੀ ਨਾ ਹੋਵੇ। ਉਹ ਸਿਰਫ਼ ਮਸ਼ੀਨਾਂ ਜਿਹੀਆਂ ਸਨ… ਲੀੜੇ ਧੋਣ ਵਾਲੀਆਂ ਮਸ਼ੀਨਾਂ… ਰੋਟੀ ਟੁੱਕ ਕਰਨ ਤੇ ਨਿਆਣੇ ਜੰਮਣ ਵਾਲੀਆਂ ਮਸ਼ੀਨਾਂ… ਕੋਈ ਹਲਕੇ ਰੰਗ ਦੀ ਮਸ਼ੀਨ…ਕੋਈ ਗੂੜ੍ਹੇ ਰੰਗ ਦੀ ਮਸ਼ੀਨ। ਕੋਈ ਤਿੱਖੇ ਨਕਸ਼ਾਂ ਵਾਲੀ ਤੇ ਕੋਈ ਮੋਟੇ ਨਕਸ਼ਾਂ ਵਾਲੀ ਮਸ਼ੀਨ। ਜਿਸ ਦਾ ਮਾਲਕ ਉਸ ਨੂੰ ਜ਼ਰਾ ਚੰਗੀ ਰੱਖਦਾ ਬਾਕੀ ਦੀਆਂ ਮਸ਼ੀਨਾਂ ਵੀ ਉਸ ਦੀ ਈਨ ਮੰਨਦੀਆਂ। ਤੇ ਜਿਸ ਨੰਦੋ ਵਰਗੀ ਦਾ ਮਾਲਕ ਖੱਜੂ ਵਰਗਾ ਹੁੰਦਾ ਬਾਕੀ ਦੀਆਂ ਵੀ ਉਸ ਨੂੰ ਟਿੱਚ ਸਮਝਦੀਆਂ… ਤੇ ਨਾਲੇ ਉੱਥੇ ਇਕ ਨੰਦੋ ਨਹੀਂ, ਕਈ ਸਨ। ਕੋਈ ਬਚਨੇ ਦੀ ਨੰਦੋ… ਕੋਈ ਪਰੀਤੂ ਦੀ ਨੰਦੋ… ਤੇ ਕੋਈ ਖੱਜੂ ਦੀ ਨੰਦੋ।
ਦੰਦ ਤਾਂ ਉਸ ਦਿਨ ਖੱਜੂ ਦੀ ਨੰਦੋ ਦਾ ਟੁੱਟਿਆ ਸੀ, ਪਰ ਇਕ ਤੰਦ ਜਿਹੀ ਸੱਤੀ ਦੇ ਅੰਦਰੋਂ ਖੁੱਸ ਗਈ ਸੀ। ਖੱਜੂ ਤੇ ਨੰਦੋ ਦਾ ਕੁੱਟ-ਕੁਟਾਪਾ ਉਸ ਨੂੰ ਲੋਕਾਂ ਦੀ ਤਰ੍ਹਾਂ ਤਮਾਸ਼ਾ ਨਾ ਜਾਪਦਾ, ਸਗੋਂ ਉਸ ਦੇ ਧੁਰ ਅੰਦਰ ਤਾਈਂ ਸੱਲ ਜਿਹਾ ਪਾ ਜਾਂਦਾ। ਸੱਤੀ ਜਿਹੜੀ ਨਿੱਕੇ ਹੁੰਦਿਆਂ ਸਾਰਿਆਂ ਨੂੰ ਹਸਾ-ਹਸਾ ਕੇ ਦੋਹਰੇ ਕਰ ਦਿਆ ਕਰਦੀ ਸੀ, ਅਤਿਅੰਤ ਗੰਭੀਰ ਹੋ ਗਈ। ਉਸ ਦੇ ਸਾਹਮਣੇ ਸਵਾਲ ਹੀ ਸਵਾਲ ਸਨ…ਜ਼ਿੰਦਗੀ ਬਾਰੇ ਸਵਾਲ, ਇਸ ਦੁਨੀਆਂ ਬਾਰੇ ਸਵਾਲ… ਤੇ ਮਨੁੱਖੀ ਰਿਸ਼ਤਿਆਂ ਬਾਰੇ ਸਵਾਲ।
ਬਾਹਰੋਂ ਉਹ ਬੜੀ ਚੁੱਪ ਜਿਹੀ ਤੇ ਠਹਿਰੀ-ਠਹਿਰੀ, ਪਰ ਅੰਦਰੋਂ ਭਾਵਨਾਵਾਂ ਦਾ ਜਵਾਰਭਾਟਾ ਕੰਢੇ ਤੋੜ ਕੇ ਬਾਹਰ ਉੱਛਲਣ ਨੂੰ ਕਰਦਾ। ਜਿੰਨੀਆਂ ਕਿਤਾਬਾਂ ਪੜ੍ਹਦੀ ਓਨੇ ਹੀ ਸਵਾਲ ਤੇ ਓਨੀਆਂ ਹੀ ਬੁਝਾਰਤਾਂ ਵਧੀ ਜਾਂਦੀਆਂ। ਕਾਲਜ ਗਈ ਤਾਂ ਉਸ ਨੂੰ ਉੱਤਰਾਂ ਦੀ ਥਾਂ ਹੋਰ ਸਵਾਲ ਮਿਲੇ। ਰੁੱਖਾਂ ਨੂੰ ਪੁੱਛਦੀ ਤਾਂ ਉਹ ਆਪ ਪ੍ਰਸ਼ਨ ਚਿੰਨ ਬਣ ਜਾਂਦੇ…ਪੰਛੀਆਂ ਨੂੰ ਪੁੱਛਦੀ ਤਾਂ ਉਹ ਫੁਰਰ ਕਰਕੇ ਉੱਡ ਜਾਂਦੇ। ਕਾਲਜ ਦੇ ਮੈਗਜ਼ੀਨ ਵਿਚ ਉਸ ਨੇ ਨਜ਼ਮਾਂ ਰਾਹੀਂ ਸਵਾਲ ਪਾਇਆ… ਜਵਾਬ ਉਡੀਕਿਆ…
ਸਭਨਾਂ ਕਿਹਾ, ‘ਕਿੰਨੀ ਹੋਣਹਾਰ ਕੁੜੀ ਹੈ’।
ਪਰ ਬੁਝਾਰਤਾਂ ਦੀ ਗਿਣਤੀ ਹੋਰ ਵਧਦੀ ਗਈ। ਕੁੜੀਆਂ ਉਸ ਵਰਗਾ ਬਣਨਾ ਲੋਚਦੀਆਂ… ਮੁੰਡੇ ਉਸ ਨਾਲ ਗੱਲਾਂ ਕਰਨਾ ਲੋਚਦੇ।
ਇਕ ਦਿਨ ਕਾਲਜ ਤੋਂ ਘਰ ਆਈ ਤਾਂ ਉਸ ਦੀ ਭੂਆ ਆਈ ਬੈਠੀ ਸੀ। ਉਸ ਨੂੰ ਪਿਆਰ ਨਾਲ ਕਲਾਵੇ ਵਿਚ ਲਿਆ:
“ਆ ਗਿਆ ਮੇਰਾ ਪੁੱਤ! ਬੜੇ ਕਰਮਾਂ ਵਾਲੀ ਆ ਮੇਰੀ ਧੀ।”
ਸੱਤੀ ਦਾ ਵੀ ਭੂਆ ਨਾਲ ਖਾਸ ਹੀ ਪਿਆਰ ਸੀ। ਭੂਆ ਸੱਤੀ ਦੇ ਸਾਕ ਲਈ ਆਈ ਸੀ। ਮੁੰਡਾ ਅਮਰੀਕਾ ਤੋਂ ਆਇਆ। ਪੜ੍ਹਿਆ ਭਾਵੇਂ ਘੱਟ-ਵੱਧ ਹੀ ਸੀ, ਪਰ ਅਮਰੀਕਾ ਵਿਚ ਤਾਂ ਕੋਰੇ ਅਨਪੜ੍ਹ ਵੀ ਬਥੇਰੇ ਪੈਸੇ ਬਣਾ ਲੈਂਦੇ ਆ। ਉਮਰ ਦੇ ਫ਼ਰਕ ਦੀ ਵੀ ਕੋਈ ਏਡੀ ਗੱਲ ਨਹੀਂ…ਕੁੜੀ ਤਾਂ ਅਮਰੀਕਾ ਪਹੁੰਚ ਜਾਊ।
ਸੱਤੀ ਦੇ ਬੀ.ਏ. ਦੇ ਇਮਤਿਹਾਨਾਂ ਵਿਚ ਕੁਝ ਮਹੀਨੇ ਹੀ ਬਾਕੀ ਸਨ… ਪਰ ਮੁੰਡੇ ਵਾਲਿਆਂ ਨੂੰ ਕਾਹਲ ਸੀ। ਬਸ ਸੁਪਨੇ ਜਿਹੇ ਵਾਂਗ ਹੀ ਸੱਤੀ ਦਾ ਵਿਆਹ ਹੋ ਗਿਆ ਤੇ ਸੁਪਨੇ ਜਿਹੇ ਵਾਂਗ ਹੀ ਉਹ ਅਮਰੀਕਾ ਆ ਗਈ। ਆਉਂਦਿਆਂ ਹੀ ਉਸ ਦੇ ਘਰਵਾਲੇ ਨੇ ਆਖਿਆ:
“ਤੂੰ ਆਪਣੇ ਆਪ ਨੂੰ ਪੜ੍ਹੀ-ਲਿਖੀ ਸਮਝ ਕੇ ਬਾਹਲਾ ਚਾਂਭਲ ਨਾ ਜਾਵੀਂ, ਤੇਰੇ ਵਰਗੀਆਂ ਮੈਂ ਕਈ ਵਿਗੜਦੀਆਂ ਵੇਖੀਆਂ ਨੇ ਏਥੇ।”
ਉਹ ਮਸ਼ੀਨਾਂ ਦੇ ਪੁਰਜੇ ਬਣਾਉਣ ਵਾਲੀ ਕਿਸੇ ਫੈਕਟਰੀ ਵਿਚ ਕੰਮ ਕਰਦਾ ਸੀ। ਉਹਦੇ ਕੋਲੋਂ ਪੁਰਜਿਆਂ ਵਰਗਾ ਮੁਸ਼ਕ ਜਿਹਾ ਆਉਂਦਾ। ਉਹਦੇ ਸਿਰ ’ਚੋਂ ਹਮਕ, ਕੱਪੜਿਆਂ ’ਚ ਹਮਕ… ਉਸ ਦੇ ਸਾਹਾਂ ਵਿਚੋਂ ਵੀ ਹਮਕ ਜਿਹਾ ਆਉਂਦਾ… ਤੇ ਆਪ ਵੀ ਉਹ ਇਕ ਪੁਰਜੇ ਜਿਹੇ ਵਾਂਗ ਹੀ ਲੱਗਦਾ ਸੀ।
ਸੱਤੀ ਇਸ ਮੁਸ਼ਕ ਜਿਹੇ ਦੇ ਸਮੁੰਦਰ ਵਿਚ ਡੁੱਬਣ ਲੱਗੀ। ਜਿੰਦਰ ਨੇ ਆਪ ਤਾਂ ਉਸ ਨਾਲ ਕਦੇ ਕੋਈ ਗੱਲ ਹੀ ਨਾ ਕੀਤੀ, ਪਰ ਸੱਤੀ ਕਦੇ ਕਦਾਈਂ ਉਸ ਨਾਲ ਕੋਈ ਗੱਲ ਕਰਨ ਵੀ ਲੱਗਦੀ ਤਾਂ ਜਿੰਦਰ ਉਸ ਨੂੰ ਝਾੜ ਕੇ ਰੱਖ ਦੇਂਦਾ:
“ਬਸ ਬਸ, ਆਪਣੀ ਪੜ੍ਹਾਈ ਨਾ ਬਹੁਤੀ ਝਾੜ ਮੇਰੇ ’ਤੇ… ਮੈਂ ਤਾਂ ਪਹਿਲਾਂ ਹੀ ਤਾਏ ਨੂੰ ਕਿਹਾ ਸੀ ਕਿ ਮੈਂ ਬਹੁਤੀ ਪੜ੍ਹੀ-ਲਿਖੀ ਨਹੀਂ ਲੈਣੀ। ਪੜ੍ਹੀਆਂ-ਲਿਖੀਆਂ ਦੇ ਤਾਂ ਦਿਮਾਗ਼ ਹੀ ਤਾਂਹ ਆਸਮਾਨ ਨੂੰ ਚੜ੍ਹੇ ਹੋਏ ਹੁੰਦੇ ਆ।”
ਜਿੰਦਰ ਦਾ ਤਾਇਆ ਵੀ ਨਾਲ ਆਇਆ ਸੀ ਸੱਤੀ ਨੂੰ ਵੇਖਣ,
“ਅਸੀਂ ਕਹਿਨੇ ਆਂ ਪਈ ਜੇ ਕੁੜੀ ਪੜ੍ਹੀ-ਲਿਖੀ ਹੋਈ ਤਾਂ ਸਾਨੂੰ ਰੋਡਾਂ ਪੜ੍ਹਨ ਦਾ ਸੁਖ ਹੋ ਜਾਊ। ਪੈਸੇ ਤਾਂ ਸਾਡਾ ਮੁੰਡਾ ਬਥੇਰੇ ਕਮਾ ਲੈਂਦਾ ਆ…।” ਕੁੱਕੜ ਦੀ ਤਰੀ ਪੀਂਦਿਆਂ ਉਸ ਆਖਿਆ ਸੀ। “ਉਂਜ ਸੋਲਾਂ ਜਮਾਤਾਂ ਪਾਸ ਕੁੜੀਆਂ ਤਾਂ ਸਾਨੂੰ ਬਥੇਰੀਆਂ ਮਿਲਦੀਆਂ, ਪਰ ਕੁੜੀ ਸੋਹਣੀ-ਸੁਨੱਖੀ ਤੇ ਰੋਟੀ-ਟੁੱਕ ਵੀ ਤਾਂ ਕਰਨਾ ਜਾਣਦੀ ਹੋਵੇ।” ਜਿੰਦਰ ਦਾ ਤਾਇਆ ਬੜੀ ਆਕੜ ਜਿਹੀ ਵਿਚ ਗੱਲਾਂ ਕਰਦਾ ਰਿਹਾ ਸੀ।
ਸੱਤੀ ਦੀ ਭੂਆ ਵੀ ਫੁੱਲੀ ਨਹੀਂ ਸੀ ਸਮਾਉਂਦੀ, “ਮੇਰੀ ਭਤੀਜੀ ਤਾਂ ਗੁਣਾਂ ਦੀ ਗੁਥਲੀ ਆ ਤੇ ਰੂਪ ਵੀ ਰੱਬ ਨੇ ਰੱਜ ਕੇ ਦਿੱਤਾ ਏ…।”
ਤੇ ਫੇਰ ਸੱਤੀ ਦੇ ਘਰਦਿਆਂ ਨੇ ਵਾਜੇ ਵਜਾ ਕੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ।
ਸੱਤੀ ਸਾਰਾ ਦਿਨ ਇਸ ਭੀੜੇ ਜਿਹੇ ਡੱਬੇ ਵਰਗੇ ਅਪਾਰਟਮੈਂਟ ਵਿਚ ਬੰਦ ਰਹਿੰਦੀ। ਜਿੰਦਰ ਕੰਮ ’ਤੇ ਰਹਿੰਦਾ ਤੇ ਛੁੱਟੀ ਵਾਲੇ ਦਿਨ ਯਾਰਾਂ ਦੋਸਤਾਂ ਨਾਲ ਘੁੰਮਣ ਚਲਿਆ ਜਾਂਦਾ। ਸੱਤੀ ਨਾਲ ਉਸ ਦਾ ਸਬੰਧ ਸਿਰਫ਼ ਗਰਮ ਰੋਟੀ ਤੇ ਗਰਮ ਬਿਸਤਰੇ ਤੀਕਰ ਹੀ ਸੀਮਤ ਸੀ। ਸੱਤੀ ਦੇ ਮਨ ਦੀ ਡੂੰਘਾਈ ਤੇ ਉਸ ਦੀ ਸੋਚ ਦਾ ਮਿਆਰ ਜਿੰਦਰ ਦੇ ਘੇਰੇ ਤੋਂ ਬਾਹਰ ਸੀ। ਸੱਤੀ ਦੀਆਂ ਭਾਵਨਾਵਾਂ ਦਾ ਕੋਹਰਾਮ ਉਸ ਭੀੜੇ ਜਿਹੇ ਅਪਾਰਟਮੈਂਟ ਵਿਚੋਂ ਬਾਹਰ ਨਾ ਨਿਕਲ ਸਕਿਆ।
ਸੱਤੀ ਦਾ ਦਿਲ ਸੁੰਨ, ਉਸ ਦਾ ਦਿਮਾਗ਼ ਸੁੰਨ… ਤੇ ਉਸ ਦੇ ਆਲੇ-ਦੁਆਲੇ ਵਿਚ ਵੀ ਮਸਾਣਾਂ ਵਰਗੀ ਚੁੱਪ। ਸਭ ਕੁਝ ਖਲੋ ਗਿਆ ਸੀ। ਰਾਤਾਂ ਨੂੰ ਤਾਰਿਆਂ ਦਾ ਟਿਮਟਿਮਾਉਣਾ… ਰੁਮਕਦੀਆਂ ਪੌਣਾਂ ਵਿਚ ਪੱਤਿਆਂ ਦੀ ਸਰਸਰਾਹਟ… ਘੁੱਗੀਆਂ ਦੀ ਗੁਟਕੂੰ-ਗੁਟਕੂੰ, ਚਿੜੀਆਂ ਦੇ ਚਚ੍ਹੋਲੜ ਤੇ ਆਪਣੇ ਪਿੰਡ ਦੀ ਯਾਦ ਮੱਧਮ ਪੈਂਦੇ ਪੈਂਦੇ ਦਿਲ ਦਿਮਾਗ਼ ਵਿਚੋਂ ਅਲੋਪ ਹੋ ਗਈ।
ਜਹਾਜ਼ ਵਿਚ ਬੈਠਣ ਲੱਗਿਆਂ ਮਾਂ ਬਾਪ ਨਾਲ ਕੀਤਾ ਗਿਲਾ, “ਅੰਮੜੀਏ ਕਿਉਂ ਦੇਸ਼ ਨਿਕਾਲਾ ਦਿੱਤਾ ਈ…।”
ਉਸ ਦੀ ਮਾਂ ਦੀਆਂ ਭੁੱਬਾਂ ਤੇ ਬਾਪ ਦੇ ਹਉਕਿਆਂ ਦੀ ਯਾਦ ਦਾ ਅਹਿਸਾਸ ਇਸ ਸੁੰਨ ਵਿਚ ਗੋਤੇ ਖਾਂਦਾ-ਖਾਂਦਾ ਪੂਰੀ ਤਰ੍ਹਾਂ ਡੁੱਬ ਗਿਆ। ਕਦੇ-ਕਦੇ ਪਿੰਡੋਂ ਚਿੱਠੀ ਆਉਂਦੀ। ਮਾਂ ਨੇ ਵਾਸਤੇ ਪਾਏ ਹੁੰਦੇ:
“ਮੇਰੀਏ ਬੱਚੀਏ, ਚਿੱਠੀ ਦਾ ਜੁਆਬ ਜ਼ਰੂਰ ਦੇਵੀਂ। ਕਿਉਂ ਏਡੀ ਨਿਰਮੋਹੀ ਹੋ ਗਈਉਂ… ਤੇਰਾ ਤਾਂ ਨਿੱਕਾ ਜਿਹਾ ਦਿਲ ਸੀ, ਪਹਾੜ ਜੇਡਾ ਕਿਵੇਂ ਕਰ ਲਿਆ…।”
ਸੱਤੀ ਨੇ ਕਦੇ ਚਿੱਠੀ ਪੂਰੀ ਨਾ ਪੜ੍ਹੀ। ਹੁਣ ਸਿਰਫ਼ ਇਕ ਖਲਾਅ ਸੀ। ਉਸ ਦੀ ਹੋਂਦ ਤੇ ਆਪਣੀ ਹੋਂਦ ਦਾ ਅਹਿਸਾਸ ਉਸ ਨੂੰ ਜਿੰਦਰ ਦੇ ਘਰ ਆਉਣ ’ਤੇ ਹੁੰਦਾ।
“ਤੂੰ ਕਾਹਦੀ ਪੜ੍ਹੀ-ਲਿਖੀ ਏਂ ਜਿਹਨੂੰ ਰੋਟੀ-ਟੁੱਕ ਦੇ ਵਕਤ ਦਾ ਵੀ ਨਹੀਂ ਪਤਾ।”
ਉਹ ਤ੍ਰਭਕ ਕੇ ਉੱਠਦੀ ਤੇ ਇਕ ਪੁਰਜ਼ੇ ਵਾਂਗ ਰਸੋਈ ਵਿਚ ਜਾ ਖਲੋਂਦੀ। ਪਤਾ ਨਹੀਂ ਕਿੰਨਾ ਸਮਾਂ ਗੁਜ਼ਰ ਗਿਆ ਏਸੇ ਤਰ੍ਹਾਂ… ਵਰ੍ਹਾ ਜਾਂ ਦੋ…। ਵਕਤ ਦਾ ਕੋਈ ਅਹਿਸਾਸ ਨਾ ਰਿਹਾ। ਇਕ ਦਿਨ ਜਿੰਦਰ ਭਰਿਆ-ਪੀਤਾ ਘਰ ਆਇਆ:
“ਕੁੱਤੇ ਦੀਏ ਪੂਛੇ ਕਦੇ ਤਾਂ ਰੋਟੀ ਵੇਲੇ ਨਾਲ ਬਣਾ ਲਿਆ ਕਰ…।”
ਸੱਤੀ ਦੇ ਦਿਮਾਗ਼ ਵਿਚੋਂ ਇਕਦਮ ਬਿਜਲੀ ਦੀ ਕੜਕ ਵਾਂਗ ਕੁਝ ਲੰਘ ਗਿਆ। ਉਸ ਵਿਚ ਪਤਾ ਨਹੀਂ ਕਿੱਥੋਂ ਏਨਾ ਬਲ ਆ ਗਿਆ:
“ਖ਼ਬਰਦਾਰ! ਜੇ ਮੈਨੂੰ ਕੁੱਤੇ ਦੀ ਪੂਛ ਆਖਿਆ ਤਾਂ… ਮੈਂ ਨੰਦੋ ਨਹੀਂ ਹਾਂ…।”
ਉਸ ਵੇਲੇ ਤਾਂ ਜਿੰਦਰ ਹੱਕਾ-ਬੱਕਾ ਪਿੱਛੇ ਹਟ ਗਿਆ, ਪਰ ਬਾਅਦ ਵਿਚ ਉਹ ਆਏ ਦਿਨ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸੀ ਤੇ ਸੱਤੀ ਵੀ ਅੱਗੋਂ ਗਾਲ੍ਹਾਂ ਦੀ ਵਾਛੜ ਕਰਦੀ। ਹੁਣ ਜਿੰਦਰ ਉਸ ਨੂੰ ਪੜ੍ਹੀ-ਲਿਖੀ ਨਾ ਆਖਦਾ। ਤੇ ਸੱਤੀ ਦੇ ਮੂੰਹੋਂ ਵੀ ਇੰਜ ਦੇ ਬੋਲ ਨਿਕਲਦੇ ਜਿਵੇਂ ਉਹ ਸੱਚਮੁੱਚ ਹੀ ਨੰਦੋ ਬਣ ਗਈ ਹੋਵੇ, ਤੇ ਜਿੰਦਰ ਖੱਜੂ… ਅਮਰੀਕਾ ਦੇ ਨੰਦੋ ਤੇ ਖੱਜੂ।
ਰਾਤ ਨੂੰ ਕਈ ਵਾਰ ਸੱਤੀ ਨੂੰ ਸੁਪਨਾ ਆਉਂਦਾ- ਉਸ ਦੇ ਅਗਲੇ ਦੋ ਦੰਦ ਉਸ ਦੇ ਵੇਖਦੇ-ਵੇਖਦੇ ਹੀ ਵਧ ਰਹੇ ਹਨ… ਇਹ ਵਧਦੇ-ਵਧਦੇ ਉਸ ਦੇ ਗੋਡਿਆਂ ਤਾਈਂ ਲਮਕਣ ਲੱਗੇ… ਤੇ ਫੇਰ ਟੇਢੇ ਹੋ ਕੇ ਆਪਸ ਵਿਚ ਮਿਲ ਗਏ ਜਿਵੇਂ ਪੀਂਘ ਦੀ ਫੱਟੀ ਹੋਵੇ। ਜਿੰਦਰ (ਖੱਜੂ) ਲਮਕਦੇ ਦੰਦਾਂ ਨੂੰ ਹੱਥ ਪਾ ਕੇ ਪੀਂਘ ਝੂਟਣ ਲੱਗਦਾ ਤਾਂ ਉਸ ਦੀ ਜਾਗ ਖੁੱਲ੍ਹ ਜਾਂਦੀ। ਉਹ ਸਾਹੋ-ਸਾਹੀ ਹੋਈ ਤ੍ਰਭਕ ਕੇ ਉੱਠ ਖਲੋਂਦੀ, ਆਪਣੇ ਮੂੰਹ ’ਤੇ ਹੱਥ ਫੇਰਦੀ:
‘ਨਹੀਂ, ਇਹ ਤਾਂ ਸੁਪਨਾ ਹੀ ਸੀ… ਕੌੜੇ ਸੱਚ ਵਰਗਾ ਸੁਪਨਾ।
ਹੁਣ ਜਿੰਦਰ ਉਸ ਨੂੰ ਕਦੇ-ਕਦਾਈਂ ਬਾਹਰ ਵੀ ਲੈ ਜਾਂਦਾ। ਇਕ ਵਾਰੀ ਗੁਰਦੁਆਰੇ ਵੀ ਲੈ ਕੇ ਗਿਆ। ਉੱਥੇ ਸੱਤੀ ਨੂੰ ਇੰਜ ਜਾਪਿਆ ਜਿਵੇਂ ਇਕ ਪਾਸੇ ਬੰਦਿਆਂ ਦੀ ਮਹਿਫ਼ਿਲ ਤੇ ਦੂਜੇ ਪਾਸੇ ਤੀਵੀਆਂ ਦੀ ਮਹਿਫ਼ਿਲ ਲੱਗੀ ਹੋਈ ਸੀ ਤੇ ਉਹ ਖੱਜੂ ਤੇ ਨੰਦੋ ਦੀਆਂ ਗੱਲਾਂ ਕਰ ਰਹੇ ਸਨ… ਉਸ ਦੀਆਂ ਆਪਣੀਆਂ ਗੱਲਾਂ।
ਫਿਰ ਉਹ ਆਪਣੇ ਆਪ ਬਾਹਰ-ਅੰਦਰ ਆਉਣ ਜਾਣ ਲੱਗ ਪਈ ਤੇ ਫੇਰ ਇਕ ਸੁਪਰ ਮਾਰਕੀਟ ਵਿਚ ਉਸ ਨੂੰ ਨੌਕਰੀ ਮਿਲ ਗਈ। ਸਾਰਾ ਦਿਨ ਨਾ ਮੁੱਕਣ ਵਾਲੀ ਲਾਈਨ ਨੂੰ ਭੁਗਤਾਉਂਦਿਆਂ ਉਹ ਥੱਕਦੀ ਨਾ ਤੇ ਨਾਲੇ ਡਾਲਰ ਵੀ ਹਰ ਹਫ਼ਤੇ ਮਿਲਣ ਲੱਗ ਪਏ ਸਨ। ਉਸ ਨੂੰ ਪਤਾ ਲੱਗਾ ਕਿ ਉਹ ਸਾਂਫਰਾਂਸਿਸਕੋ ਦੇ ਕਿੰਨਾਂ ਨੇੜੇ ਰਹਿੰਦੇ ਸਨ… ਜਿਸ ਬਾਰੇ ਕਦੇ ਉਸ ਨੇ ਮਨ ਹੀ ਮਨ ਕਿਆਸ ਕੀਤਾ ਸੀ।
ਕੰਮ ’ਤੇ ਕੁਝ ਅਮਰੀਕਨ ਕੁੜੀਆਂ ਉਸ ਦੀਆਂ ਦੋਸਤ ਬਣ ਗਈਆਂ ਤੇ ਇਕ ਦਿਨ ਉਹ ਉਨ੍ਹਾਂ ਨਾਲ ਸਮੁੰਦਰ ਕੰਢੇ ‘ਮਰੀਨੇ’ ’ਤੇ ਸੈਰ ਲਈ ਚਲੀ ਗਈ ਜੋ ਕਿ ਸਟੋਰ ਤੋਂ ਮੀਲ ਤੋਂ ਵੀ ਘੱਟ ਵਾਟ ’ਤੇ ਸੀ। ਉਸ ਦਿਨ ਤੋਂ ਸੱਤੀ ਨੂੰ ਇੰਜ ਜਾਪਿਆ ਜਿਵੇਂ ਮੁੱਦਤਾਂ ਤੋਂ ਗੁਆਚਾ ਕੁਝ ਲੱਭ ਪਿਆ ਹੋਵੇ। ਉਹ ਹਰ ਰੋਜ਼ ਕੰਮ ਤੋਂ ਬਾਅਦ ਇੱਥੇ ਆਉਣ ਲੱਗੀ। ਪਤਾ ਨਹੀਂ ਸੱਤੀ ਨੂੰ ਕੀ ਲੱਭ ਪਿਆ ਸੀ ਏਥੇ। ਕਦੇ ਉਸ ਦੀ ਸਹੇਲੀ ਸੂਜ਼ਨ ਉਸ ਦੇ ਨਾਲ ਹੁੰਦੀ ਤੇ ਕਦੇ ਜੈਨੀ। ਪਰ ਬਹੁਤ ਵਾਰੀ ਉਹ ਇਕੱਲੀ ਹੀ ਆ ਜਾਂਦੀ।
ਇਹ ‘ਮਰੀਨਾ’ ਇਕ ਨਿੱਕੇ ਜਿਹੇ ਟਾਪੂ ਵਾਂਗ ਤਿੰਨਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਤੇ ਇਕ ਬਾਰੀਕ ਜਿਹੀ ਸੜਕ ਇਸ ਨੂੰ ਟਾਊਨ ਨਾਲ ਜੋੜਦੀ ਹੈ। ਇਕ ਪਾਸੇ ਸਾਂਫਰਾਂਸਿਸਕੋ ਦੀਆਂ ਬੱਦਲਾਂ ਨੂੰ ਛੂੰਹਦੀਆਂ ਇਮਾਰਤਾਂ ਤੇ ਇਸ ਵੱਲ ਨੂੰ ਜਾਂਦਾ ਪੁਲ, ‘ਬੇਅ ਬ੍ਰਿਜ’। ਸਾਹਮਣੇ ਪਹਾੜੀਆਂ ਤੋਂ ਬਾਹਰ ਨਿਕਲ ਕੇ ‘ਗੋਲਡਨ ਗੇਟ’ ਬ੍ਰਿਜ ਤੇ ਸੱਜੇ ਪਾਸੇ ਇਕ ਹੋਰ ਪੁਲ, ਜਿਸ ਨੂੰ ‘ਸਨ ਰਫਾਇਲ ਬ੍ਰਿਜ ਆਖਦੇ ਹਨ। ਵਿਚਕਾਰ ਅਥਾਹ ਸਮੁੰਦਰ ਦੀਆਂ ਛੱਲਾਂ ਠਾਠਾਂ ਮਾਰਦੀਆਂ ਤੇ ਤਿੰਨਾਂ ਪਾਸਿਆਂ ’ਤੇ ਉੱਚੇ-ਉੱਚੇ ਪੁਲ ਆਪਣੀ ‘ਮੈਜਿਸਟਿਕ ਬਿਊਟੀ’ ਵਿਚ ਤਣੇ ਖੜ੍ਹੇ ਹਨ।
ਸੱਤੀ ਦੀ ਸੋਚ ਹਿਰਨੀ ਵਾਂਗ ਚੁੰਗੀਆਂ ਭਰਦੀ ਉਸ ਨੂੰ ਪੁਲਾਂ ਤੋਂ ਪਾਰ ਲੈ ਜਾਂਦੀ ਜਿਵੇਂ ਜ਼ਿੰਦਗੀ ਦੀ ਕੁੜੱਤਣ ਨੂੰ ਪਿੱਛੇ ਛੱਡ ਦੇਣਾ ਚਾਹੁੰਦੀ ਹੋਵੇ। ਸੱਤੀ ਕਦੇ ਸਮੁੰਦਰ ਦੀਆਂ ਛੱਲਾਂ ਵੱਲ ਤੱਕਦੀ, ਕਦੇ ਪੁਲਾਂ ਵੱਲ ਤੇ ਕਦੇ ਸਮੁੰਦਰ ਵਿਚ ਖੁਰਦੇ ਜਾਂਦੇ ਸੂਰਜ ਵੱਲ ਵੇਖਦੀ:
“ਤੱਤਿਆ ਰੋਜ਼ ਡੁੱਬਦਾ ਏਂ… ਵੇਖੀਂ ਕਿਤੇ ਠੰਢਾ ਨਾ ਪੈ ਜਾਵੀਂ…।” ਆਪ-ਮੁਹਾਰੇ ਉਸ ਦੇ ਮੂੰਹ ਵਿਚੋਂ ਨਿਕਲ ਜਾਂਦਾ। ਸੱਤੀ ਨੂੰ ਜਾਪਦਾ ਜਿਵੇਂ ਸੂਰਜ ਵੀ ਉਸ ਵਾਂਗ ਹੀ ਰੋਜ਼ ਡੁੱਬਦਾ ਤੇ ਰੋਜ਼ ਉੱਗਦਾ ਸੀ, ਪਰ ਜਿਊਣ ਦੀ ਚੰਗਿਆੜੀ ਮੱਧਮ ਨਾ ਪੈਂਦੀ।
ਸਮੁੰਦਰ ਦੀਆਂ ਛੱਲਾਂ ਜ਼ੋਰ ਜ਼ੋਰ ਨਾਲ ਕੰਢੇ ’ਤੇ ਪਏ ਪੱਥਰਾਂ ਵਿਚ ਵੱਜਦੀਆਂ ਤੇ ਖੇਰੂੰ-ਖੇਰੂੰ ਹੋ ਕੇ ਸੱਤੀ ਦੀਆਂ ਸੱਧਰਾਂ ਵਾਂਗ ਹੀ ਖਿੰਡ-ਪੁੰਡ ਜਾਂਦੀਆਂ। ਇਕ ਤੋਂ ਇਕ ਬਾਅਦ ਉਹ ਪੱਥਰਾਂ ਨਾਲ ਟਕਰਾਉਂਦੀਆਂ ਰਹਿੰਦੀਆਂ। ਸੱਤੀ ਨੂੰ ਕਿਸੇ ਵੇਲੇ ਤਾਂ ਸਮੁੰਦਰ ਦੀਆਂ ਏਨ੍ਹਾਂ ਛੱਲਾਂ ’ਤੇ ਤਰਸ ਆਉਂਦਾ ਤੇ ਕਿਸੇ ਵੇਲੇ ਝਿੜਕ ਕੇ ਆਖਦੀ:
“ਚੰਦਰੀਉ… ਕਿਉਂ ਭੰਨਦੀਆਂ ਜੇ ਆਪਣਾ-ਆਪ ਏਨ੍ਹਾਂ ਪੱਥਰਾਂ ਨਾਲ। ਏਨ੍ਹਾਂ ਤੁਹਾਡੀ ਕਿੱਥੇ ਸੁਣਨੀ ਆ।” ਤੇ ਸੱਚਮੁੱਚ ਹੀ ਛੱਲਾਂ ਕਈ ਵਾਰੀ ਇੰਜ ਸ਼ਾਂਤ ਹੋ ਜਾਂਦੀਆਂ ਜਿਵੇਂ ਉਨ੍ਹਾਂ ਸੱਤੀ ਦੀ ਗੱਲ ਸੁਣ ਕੇ ਹੁੰਗਾਰਾ ਭਰਿਆ ਹੋਵੇ।
ਰੁਮਕਦੀਆਂ ਪੌਣਾਂ ਤੇ ਚਿੱਟੇ ਰੰਗ ਦੀਆਂ ਸਮੁੰਦਰੀ ਇੱਲ੍ਹਾਂ ਦੇ ਖੰਭਾਂ ਦੀ ਫੜਫੜਾਹਟ ’ਚੋਂ ਉਸ ਨੂੰ ਸੰਗੀਤ ਸੁਣਾਈ ਦਿੱਤਾ। ਸਮੁੰਦਰ ਦੇ ਪਾਰੋਂ ਉੱਠਦੀ ਧੁੰਦ ’ਚੋਂ ਉਸ ਨੂੰ ਆਸ ਦੀ ਕਿਰਨ ਨਜ਼ਰ ਪਈ। ਮਰੀਨੇ ਦੇ ਕੰਢੇ ਉੱਗੇ ਹੋਏ ਰੁੱਖ ਉਸ ਨੂੰ ਜੀਅ ਆਇਆਂ ਆਖਦੇ ਤਾਂ ਉਸ ਨੂੰ ਕਾਲਜ ਸਮੇਂ ਦੀਆਂ ਭੁੱਲੀਆਂ-ਵਿਸਰੀਆਂ ਕਵਿਤਾਵਾਂ ਯਾਦ ਆ ਜਾਂਦੀਆਂ। ਤੇ ਇਕ ਨਵੀਂ ਨਜ਼ਮ ਉਗਮਦੀ ਹੋਈ ਸੱਤੀ ਦੇ ਜ਼ਿਹਨ ਦੇ ਕਾਗਜ਼ ਉੱਤੇ ਉੱਕਰ ਜਾਂਦੀ।
ਜਿੰਦਰ ਉਸ ਨੂੰ ਗਾਲ੍ਹਾਂ ਦੇਂਦਾ ਤਾਂ ਸੱਤੀ ਨੂੰ ਸੁਣਨੋ ਹਟ ਜਾਂਦਾ…ਜਿੰਦਰ ਨੂੰ ਹੋਰ ਰੋਹ ਆਉਂਦਾ ਤਾਂ ਸੱਤੀ ਹੋਰ ਸ਼ਾਂਤ ਹੋ ਜਾਂਦੀ। ਇਹ ਕੇਹੀ ਬੁਝਾਰਤ ਸੀ, ਜਿੰਦਰ ਨੂੰ ਸਮਝ ਨਾ ਪੈਂਦੀ।
ਇਕ ਦਿਨ ਜਿੰਦਰ ਵਕਤ ਤੋਂ ਪਹਿਲਾਂ ਘਰ ਆਇਆ, ਸੱਤੀ ਘਰ ਨਹੀਂ ਸੀ। ਤੇ ਉਸ ਤੋਂ ਅਗਲੇ ਦਿਨ ਫੇਰ… ਜਦੋਂ ਸੱਤੀ ਘਰ ਆਈ ਤਾਂ ਜਿੰਦਰ ਅੱਗ ਦੀ ਨਾਲ ਬਣਿਆ ਬੈਠਾ ਸੀ:
ਕਿੱਥੋਂ ਆਈ ਏਂ…। ਕੰਮ ਤੋਂ ਵਿਹਲੀ ਹੋਈ ਨੂੰ ਤਾਂ ਕਈ ਘੰਟੇ ਹੋ ਗਏ ਨੇ। ਮੈਨੂੰ ਤਾਂ ਪਹਿਲਾਂ ਹੀ ਤੇਰਾ ਪਤਾ ਸੀ… ਉਸੇ ਕੋਲ ਜਾਹ ਜਿਹੜਾ ਨਵਾਂ ਯਾਰ ਬਣਾਇਆ ਈ… ਤੂੰ… ਤੂੰ ਵੀ ਪਹਿਲੀ ਵਰਗੀ ਹੀ ਕਮਜ਼ਾਤ ਨਿਕਲੀ…।”
“ਪਰ ਮੈਂ ਤਾਂ…।”
ਉਸ ਨੇ ਕਿੱਥੇ ਸੱਤੀ ਦੀ ਸੁਣਨੀ ਸੀ।
“ਮੈਨੂੰ ਤੇਰੇ ਵਰਗੀਆਂ ਬੱਤੀ-ਵੀਹਾਂ ਮਿਲ ਸਕਦੀਆਂ। ਚੱਲ ਨਿਕਲ ਬਾਹਰ ਏਥੋਂ…।”
ਜਿੰਦਰ ਹੱਥ ਚੁੱਕਣ ਲੱਗਾ ਤਾਂ ਸੱਤੀ ਸ਼ੇਰਨੀ ਵਾਂਗ ਭਬਕ ਕੇ ਪਈ:
“ਜੇ ਮੈਨੂੰ ਹੱਥ ਲਾਇਆ ਤਾਂ ਅੱਖਾਂ ਨੋਚ ਲਊਂ। ਮੈਨੂੰ ਜਿਉਂਦੇ ਰਹਿਣ ਲਈ ਤੇਰੇ ਕੋਲੋਂ ਰੋਜ਼ ਮਰਨ ਦੀ ਲੋੜ ਨਹੀਂ… ਮੈਂ ਆਪ ਹੀ ਹੁਣ ਇਸ ਘਰ ਵਿਚ ਨਹੀਂ ਰਹਾਂਗੀ।”
ਸੱਤੀ ਕਮਰੇ ਵਿਚੋਂ ਆਪਣੀਆਂ ਚੀਜ਼ਾਂ ਇਕੱਠੀਆਂ ਕਰਨ ਲੱਗੀ।
“ਆਕੜਦੀ ਤਾਂ ਦੇਖ ਕਿਵੇਂ ਆ… ਜਿਵੇਂ ਮਾਰਨ-ਖੰਢੀ ਮੱਝ ਨੇ ਬਰੂ ਖਾਧਾ ਹੋਇਆ ਹੋਵੇ। ਜਾ ਦਫਾ ਹੋ ਏਥੋਂ।”
ਇਕ ਝਟਕੇ ਜਿਹੇ ਨਾਲ ਸੱਤੀ ਦੇ ਖਿਆਲਾਂ ਦੀ ਲੜੀ ਟੁੱਟੀ। ਢੇਰ ਚਿਰ ਬੀਤ ਗਿਆ ਸੀ ਉਸ ਨੂੰ ਆਪਣਾ ਨਿੱਕਾ ਜਿਹਾ ਸੂਟਕੇਸ ਲੈ ਕੇ ਇਸ ਬੈਂਚ ’ਤੇ ਬੈਠਿਆਂ।
ਘਾਬਰੀ ਹੋਈ ਨੇ ਉਸ ਭੱਜੇ ਜਾਂਦੇ ਸੂਰਜ ਵੱਲ ਵੇਖਿਆ। ਉਸ ਨੂੰ ਜਾਪਿਆ ਜਿਵੇਂ ਸੂਰਜ ਪੁਲ ਤੋਂ ਪਾਰ ਵਾਲੀ ਪਹਾੜੀ ਵਿਚ ਜਾ ਵੱਜਾ ਹੋਵੇ… ਤੇ ਪਹਾੜੀ ਦੀ ਨੁੱਕਰ ਉਸ ਦੀ ਵੱਖੀ ਵਿਚ ਖੁਭ ਗਈ ਸੀ। ਸੂਰਜ ਸਾਰੇ ਦਾ ਸਾਰਾ ਪਲੋ-ਪਲੀ ਸਮੁੰਦਰ ਵਿਚ ਚੋ ਪਿਆ…ਸਭ ਕੁਝ ਲਾਲੋ-ਲਾਲ ਤੇ ਸੱਤੀ ਤ੍ਰਭਕ ਪਈ:
“ਪਤਾ ਨਹੀਂ ਇਹ ਹੁਣ ਕੱਲ੍ਹ ਨੂੰ ਚੜ੍ਹੇਗਾ ਜਾਂ ਨਹੀਂ…? ਪਰ ਸੱਤੀ ਨੂੰ ਜਿਵੇਂ ਸਮੁੰਦਰ ਨੇ ਆਵਾਜ਼ ਦਿੱਤੀ ਹੋਵੇ:
‘ਜ਼ਖ਼ਮ ਭਰ ਜਾਂਦੇ ਨੇ… ਮੈਂ ਕੱਲ੍ਹ ਨੂੰ ਫੇਰ ਇਕ ਨਵਾਂ ਸੂਰਜ ਸਿਰਜ ਦੇਵਾਂਗਾ…।’
ਸੱਤੀ ਨੇ ਪਿੱਛੇ ਮੁੜ ਕੇ ਵੇਖਿਆ। ਉਸ ਦੀ ਸਹੇਲੀ ਸੂਜ਼ਨ ਮੁਸਕਰਾਉਂਦੀ ਹੋਈ ਉਸ ਵੱਲ ਆ ਰਹੀ ਸੀ।
ਸੰਪਰਕ: 510-759-4009