ਕੈਨੇਡਾ ’ਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ

ਕੈਨੇਡਾ ’ਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ

ਗੁਰਨਾਮ ਸਿੰਘ ਚੌਹਾਨ/ ਨਵਕਿਰਨ ਸਿੰਘ
ਪਾਤੜਾਂ/ ਮਹਿਲ ਕਲਾਂ, 2 ਅਗਸਤ

ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ ਸਿੰਘ (22) ਦੀ ਬੀਤੀ ਰਾਤ ਕੈਨੇਡਾ ਵਿਖੇ ਭੇਤਭਰੀ ਹਾਲਾਤ ’ਚ ਮੌਤ ਹੋ ਗਈ। ਇਸੇ ਤਰ੍ਹਾਂ ਮਹਿਲ ਕਲਾਂ ਦੇ ਪਿੰਡ ਕੁਰੜ ਦੇ ਨੌਜਵਾਨ ਤੇ ਗੀਤਕਾਰ ਗੁਰਿੰਦਰ ਸਰਾ ਦੀ ਵੀ ਕੈਨੇਡਾ ਵਿੱਚ ਮੌਤ ਹੋ ਗਈ।

ਹਰਮਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਤੇ ਤਾਇਆ ਕੈਪਟਨ ਪਰਮਜੀਤ ਸਿੰਘ ਨੇ ਕਿਹਾ ਕਿ ਹਰਮਿੰਦਰ ਸਿੰਘ ਸਾਲ 2017 ਵਿਚ ਕੰਪਿਊਟਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਪੂਰੀ ਹੋਣ ਉਪਰੰਤ ਉਸ ਨੇ ਪੀਆਰ ਅਪਲਾਈ ਕਰ ਦਿੱਤੀ ਸੀ। ਉਸ ਦਾ ਰੋਜ਼ਾ ਪਰਿਵਾਰ ਨੂੰ ਫੋਨ ਆਉਂਦਾ ਸੀ ਤੇ ਉਸ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਬੀਤੀ ਰਾਤ ਕੈਨੇਡਾ ਪੁਲੀਸ ਦੇ ਅਧਿਕਾਰੀ ਦਾ ਫੋਨ ਆਇਆ ਕਿ ਲੜਕੇ ਨੇ ਆਤਮ-ਹੱਤਿਆ ਕਰ ਲਈ ਹੈ, ਜਿਸ 'ਤੇ ਪਰਿਵਾਰ ਨੂੰ ਵਿਸ਼ਵਾਸ ਨਾ ਹੋਇਆ ਤਾਂ ਕੈਨੇਡਾ ਵਿਖੇ ਲੜਕੇ ਦੇ ਦੋਸਤਾਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਹਰਮਿੰਦਰ ਦੀ ਮੌਤ ਹੋ ਗਈ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਪੀੜਤ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਜਲਦੀ ਤੋਂ ਜਲਦੀ ਮੰਗਵਾਈ ਜਾਵੇ।

ਇਸੇ ਦੌਰਾਨ ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾ (30) ਦੀ ਕੈਨੇਡਾ 'ਚ ਮੌਤ ਹੋ ਗਈ ਹੈ। ਕੁਲਵਿੰਦਰ ਬਿੱਲਾ ਵੱਲੋਂ ਗਾਏ 'ਗੁੱਤ ਨਾਰ ਦੀ' ਜਦਕਿ ਸਿੱਪੀ ਗਿੱਲ ਵੱਲੋਂ ਗਾਏ 'ਰੈੱਡ ਲੀਫ਼' ਅਤੇ 'ਸਰਦਾਰ' ਜਿਹੇ ਮਕਬੂਲ ਗੀਤਾਂ ਦੇ ਰਚੇਤਾ ਗੀਤਕਾਰ ਤੇ ਮਾਪਿਆਂ ਦੇ ਇਕਲੌਤੇ ਪੁੱਤਰ ਗੁਰਿੰਦਰ ਸਿੰਘ ਸਰਾ ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਤਕਰੀਬਨ ਡੇਢ ਸਾਲ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ, ਜੋ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ, ਕੋਲ ਐਡਮਿੰਟਨ ਚਲਾ ਗਿਆ ਸੀ। ਕੁੱਝ ਦਿਨ ਪਹਿਲਾਂ ਉਸ ਨੂੰ ਦੌਰਾ ਪਿਆ ਤੇ ਹਸਪਤਾਲ ਵਿੱਚ ਦਾਖਲ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All