DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਸ਼ਕੀਮਤੀ ਗਹਿਣਾ ਖ਼ੁਸ਼ਾਮਦ

ਅੱਜ ਦੇ ਦੌਰ ਵਿੱਚ ਜੇਕਰ ਕੋਈ ਪੁੱਛੇ ਕਿ ਸਭ ਤੋਂ ਕੀਮਤੀ ਗਹਿਣਾ ਕਿਹੜਾ ਹੈ ਤਾਂ ਜਵਾਬ ਸੋਨਾ ਜਾਂ ਹੀਰਾ ਨਹੀਂ, ਸਗੋਂ ‘ਖ਼ੁਸ਼ਾਮਦ’ (ਚਾਪਲੂਸੀ) ਹੈ। ਇਹ ਇੱਕ ਅਜਿਹਾ ਗਹਿਣਾ ਹੈ ਜਿਸ ਨੂੰ ਗਲ਼ ਵਿੱਚ ਪਾਉਂਦਿਆਂ ਹੀ ਬੰਦੇ ਦੇ ਰੁਕਾਵਟਾਂ ਵਾਲੇ ਸਾਰੇ...

  • fb
  • twitter
  • whatsapp
  • whatsapp
Advertisement

ਅੱਜ ਦੇ ਦੌਰ ਵਿੱਚ ਜੇਕਰ ਕੋਈ ਪੁੱਛੇ ਕਿ ਸਭ ਤੋਂ ਕੀਮਤੀ ਗਹਿਣਾ ਕਿਹੜਾ ਹੈ ਤਾਂ ਜਵਾਬ ਸੋਨਾ ਜਾਂ ਹੀਰਾ ਨਹੀਂ, ਸਗੋਂ ‘ਖ਼ੁਸ਼ਾਮਦ’ (ਚਾਪਲੂਸੀ) ਹੈ। ਇਹ ਇੱਕ ਅਜਿਹਾ ਗਹਿਣਾ ਹੈ ਜਿਸ ਨੂੰ ਗਲ਼ ਵਿੱਚ ਪਾਉਂਦਿਆਂ ਹੀ ਬੰਦੇ ਦੇ ਰੁਕਾਵਟਾਂ ਵਾਲੇ ਸਾਰੇ ਰਾਹ ਖੁੱਲ੍ਹ ਜਾਂਦੇ ਹਨ। ਖ਼ੁਸ਼ਾਮਦ ਕੋਈ ਮਾਨਸਿਕ ਕਮਜ਼ੋਰੀ ਨਹੀਂ, ਸਗੋਂ ਇੱਕ ਅਜਿਹੀ ਪੇਸ਼ੇਵਰ ਕਲਾ ਹੈ ਜਿਸ ਦੇ ਸਾਹਮਣੇ ਵੱਡੇ ਵੱਡੇ ਗਿਆਨ ਅਤੇ ਡਿਗਰੀਆਂ ਫਿੱਕੀਆਂ ਪੈ ਜਾਂਦੀਆਂ ਹਨ। ਇਹ ਇੱਕ ਅਜਿਹਾ ਜਾਦੂਮਈ ਸੁਰਮਾ ਹੈ, ਜਿਸ ਨੂੰ ਅੱਖਾਂ ਵਿੱਚ ਪਾਉਂਦਿਆਂ ਹੀ ਸਾਹਮਣੇ ਵਾਲੇ ਦੇ ਸਾਰੇ ਨੁਕਸ, ਗੁਣ ਬਣ ਕੇ ਚਮਕਣ ਲੱਗ ਪੈਂਦੇ ਹਨ। ਖ਼ੁਸ਼ਾਮਦ ਦਾ ਸਿੱਧਾ ਹੋਕਾ ਹੈ: ‘ਅਣਖ ਨੂੰ ਮਾਰੋ ਗੋਲੀ, ਚਾਪਲੂਸੀ ਨਾਲ ਭਰੋ ਆਪਣੀ ਝੋਲੀ।’

ਅੱਜ ਦੇ ਤਰੱਕੀ ਪਸੰਦ ਦੌਰ ਵਿੱਚ ਜੇਕਰ ਤੁਸੀਂ ਅਣਖ ਅਤੇ ਸਵੈ-ਮਾਣ ਵਰਗੇ ਭਾਰੀ ਬੋਝ ਚੁੱਕ ਕੇ ਘੁੰਮ ਰਹੇ ਹੋ ਤਾਂ ਯਕੀਨਨ ਤੁਸੀਂ ਕਿਸੇ ਪੁਰਾਣੇ ਅਜਾਇਬ ਘਰ ਦੇ ਅਹਿਲਕਾਰ ਹੋ। ਕੁਰਸੀ ਦੀ ਨਿੱਘੀ ਗੋਦ ਵਿੱਚ ਬਹਿਣ ਦਾ ਰਾਹ ਕਿਸੇ ਮਿਹਨਤ ਦੀ ਪਗਡੰਡੀ ਵਿੱਚੋਂ ਨਹੀਂ, ਸਗੋਂ ‘ਜੀ-ਹਜ਼ੂਰੀ’ ਦੇ ਸ਼ਾਹ-ਰਾਹ ਤੋਂ ਹੋ ਕੇ ਗੁਜ਼ਰਦਾ ਹੈ। ਸਿਆਣਪ ਦਾ ਤਕਾਜ਼ਾ ਇਹ ਹੈ ਕਿ ਜੇਕਰ ਤੁਸੀਂ ਕਿਸੇ ਉੱਚੇ ਅਹੁਦੇ ਦਾ ਆਨੰਦ ਲੈਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਅਕਲ, ਅਣਖ ਅਤੇ ਸ਼ਰਮ-ਹਯਾ ਨੂੰ ਕਿਸੇ ਜਨਤਕ ਕਿੱਲੇ ਉੱਤੇ ਟੰਗ ਆਵੋ। ਹਾਕਮ ਦੇ ਦਰਬਾਰ ਵਿੱਚ ਸਿਰਫ਼ ਉਹ ਬੰਦਾ ਪ੍ਰਵਾਨ ਹੁੰਦਾ ਹੈ ਜਿਸ ਦੀ ਆਪਣੀ ਕੋਈ ਰਾਏ ਨਹੀਂ ਹੁੰਦੀ। ਜਿਹੜੇ ਮੂਰਖ ਪਹਾੜਾਂ ਵਰਗੇ ਪੱਥਰਾਂ ਨਾਲ ਮੱਥਾ ਲਾਉਂਦੇ ਹਨ, ਉਹ ਸਾਰੀ ਉਮਰ ਖਹਿ ਕੇ ਲਹੂ-ਲੁਹਾਣ ਹੀ ਹੁੰਦੇ ਹਨ। ਅਸਲੀ ਕਲਾਕਾਰ ਤਾਂ ਉਹ ਹਨ ਜੋ ਨਦੀ ਦੇ ਗੰਧਲੇ ਪਾਣੀ ਵਾਂਗ ਵਹਿਣਾ ਜਾਣਦੇ ਹਨ ਅਤੇ ਹਾਕਮ ਦੇ ਇਸ਼ਾਰੇ ’ਤੇ ਦਿਨ ਨੂੰ ਰਾਤ ਕਹਿਣ ਦੀ ਹਿੰਮਤ ਰੱਖਦੇ ਹਨ।

Advertisement

ਇਹ ਖ਼ੁਸ਼ਾਮਦ ਦੀ ਜਾਦੂਮਈ ਛੜੀ ਦਾ ਹੀ ਪ੍ਰਤਾਪ ਹੈ ਕਿ ਅੱਜਕੱਲ੍ਹ ‘ਕੱਖ’ ਵੀ ਹਵਾ ਵਿੱਚ ਉੱਡਣ ਦੀ ਬਜਾਏ ਆਕਾਸ਼ੀਂ ਚੜ੍ਹੇ ਫਿਰਦੇ ਹਨ। ਜਿਹੜੇ ਬੰਦੇ ਮਿੱਟੀ ਨਾਲ ਮਿੱਟੀ ਹੋ ਕੇ ਕਿਰਤ ਕਰਦੇ ਹਨ, ਉਹ ਤਾਂ ਸਾਰੀ ਉਮਰ ਮਿੱਟੀ ਦੇ ਮਾਧੋ ਹੀ ਰਹਿੰਦੇ ਹਨ, ਪਰ ਜੋ ਲਫ਼ਜ਼ਾਂ ਦੇ ਝੂਠੇ ਪੁਲ ਬੰਨ੍ਹ ਕੇ ਉੱਚੇ ਤਖ਼ਤਾਂ ’ਤੇ ਅਸਵਾਰ ਹੋ ਜਾਂਦੇ ਹਨ, ਉਨ੍ਹਾਂ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਹੁੰਦੀਆਂ ਹਨ। ਜਦੋਂ ਇੱਕ ਵਾਰ ਖ਼ੁਸ਼ਾਮਦ ਦੀ ਤੂਤੀ ਬੋਲਣ ਲੱਗ ਜਾਵੇ ਤਾਂ ਉਸ ਦਾ ਨਸ਼ਾ ਸਾਰੀ ਉਮਰ ਨਹੀਂ ਲਹਿੰਦਾ, ਕਿਉਂਕਿ ਇਹ ਨਸ਼ਾ ਬੰਦੇ ਨੂੰ ਆਪਣੀ ਬੌਣੀ ਹਸਤੀ ਭੁਲਾ ਕੇ ਅਰਸ਼ ਦਾ ਤਾਰਾ ਬਣਾ ਦਿੰਦਾ ਹੈ।

Advertisement

ਕੁਝ ਲੋਕ, ਲੋਕ-ਲਾਜ ਦੇ ਮਾਰੇ ਝੂਰਦੇ ਰਹਿੰਦੇ ਹਨ ਕਿ ਦੁਨੀਆ ਕੀ ਕਹੇਗੀ? ਪਰ ਖ਼ੁਸ਼ਾਮਦ ਦਾ ਮੰਤਰ ਬੜਾ ਸਾਫ਼ ਹੈ - ਦੁਨੀਆ ਦਾ ਕੀ ਹੈ, ਇਹ ਤਾਂ ਸਿਰਫ਼ ਦੋ ਦਿਨ ਦੀ ਖੁੰਡ-ਚਰਚਾ ਹੈ। ਜਦੋਂ ਤੁਹਾਡੀਆਂ ਪੌਂਬਾਰਾਂ ਹੋ ਜਾਣਗੀਆਂ ਅਤੇ ਤਾਕਤ ਤੁਹਾਡੇ ਹੱਥ ਹੋਵੇਗੀ ਤਾਂ ਉਹੀ ਨਿੰਦਿਆ ਕਰਨ ਵਾਲੇ ਤੁਹਾਡੇ ਪੈਰਾਂ ਵਿੱਚ ਨੱਕ ਰਗੜਦੇ ਨਜ਼ਰ ਆਉਣਗੇ। ਇਸ ਲਈ ਦੁਨੀਆ ਦੀ ਪਰਵਾਹ ਛੱਡੋ ਕਿਉਂਕਿ ਕੁੱਤੇ ਭੌਂਕਦੇ ਰਹਿੰਦੇ ਹਨ ਅਤੇ ਖ਼ੁਸ਼ਾਮਦ ਦਾ ਹਾਥੀ ਆਪਣੀ ਮਸਤ ਚਾਲੇ ਨਿਕਲ ਜਾਂਦਾ ਹੈ।

ਇਤਿਹਾਸ ਗਵਾਹ ਹੈ ਕਿ ਵੱਡੇ-ਵੱਡੇ ਰਾਜਿਆਂ ਦੇ ਤਾਜ ਉਛਾਲੇ ਗਏ, ਤਖ਼ਤ ਉਲਟ ਗਏ ਅਤੇ ਬੁਰਜ ਮਿੱਟੀ ਵਿੱਚ ਰੋਲ਼ ਦਿੱਤੇ ਗਏ, ਪਰ ਚਾਪਲੂਸੀ ਦਾ ਬੁਰਜ ਅੱਜ ਵੀ ਅਡੋਲ ਖੜ੍ਹਾ ਹੈ। ਇਹ ਉਹ ਮਜ਼ਬੂਤ ਕਿਲਾ ਹੈ ਜਿਸ ਨੂੰ ਵਕਤ ਦੀ ਕੋਈ ਹਨੇਰੀ ਨਹੀਂ ਢਾਹ ਸਕਦੀ। ਸਮਾਂ ਆਪਣੀ ਚਾਲੇ ਵਹਿੰਦਾ ਰਹਿੰਦਾ ਹੈ, ਪਰ ਜੋ ਬੰਦਾ ਹਾਕਮ ਦੀਆਂ ਜੁੱਤੀਆਂ ਸਿੱਧੀਆਂ ਕਰਨ ਦੀ ਕਲਾ ਜਾਣਦਾ ਹੈ, ਉਸ ਦਾ ਸੂਰਜ ਕਦੇ ਅਸਤ ਨਹੀਂ ਹੁੰਦਾ।

ਅੱਜ ਦੇ ਦੌਰ ਵਿੱਚ ਸੱਚਾ, ਇਮਾਨਦਾਰ ਇਨਸਾਨ ਹੋਣਾ ਇੱਕ ਘਾਟੇ ਦਾ ਸੌਦਾ ਹੈ ਜਦੋਂਕਿ ਖ਼ੁਸ਼ਾਮਦੀ ਹੋਣਾ ਇੱਕ ਸਫਲ ਨਿਵੇਸ਼। ਜੇਕਰ ਤੁਸੀਂ ਉੱਚੇ ਤਖ਼ਤਾਂ ’ਤੇ ਅਸਵਾਰ ਹੋਣਾ ਚਾਹੁੰਦੇ ਹੋ ਤਾਂ ਜ਼ਮੀਰ ਨੂੰ ਸੂਲੀ ’ਤੇ ਟੰਗਣਾ ਸਿੱਖੋ। ਯਾਦ ਰੱਖੋ, ਇਤਿਹਾਸ ਸਿਰਫ਼ ਜੇਤੂਆਂ ਦਾ ਲਿਖਿਆ ਜਾਂਦਾ ਹੈ ਭਾਵੇਂ ਉਹ ਜਿੱਤ ਕਿਸੇ ਦੇ ਪੈਰ ਚੱਟ ਕੇ ਹੀ ਕਿਉਂ ਨਾ ਮਿਲੀ ਹੋਵੇ। ਛੇਤੀ ਕਰੋ, ਆਪਣੀ ਜ਼ਮੀਰ ਨੂੰ ਮਾਰੋ ਗੋਲੀ ਤੇ ਖਾਓ ਸੱਤਾ ਦੀ ਮਲਾਈ।

ਸੰਪਰਕ : +1 604-308-6663

Advertisement
×