ਪੰਜਾਬੀ ਦੀ ਕਰਾਮਾਤ
ਗੁਆਂਢੀ ਗੋਰਾ ਪਰਿਵਾਰ (ਪਤੀ-ਪਤਨੀ) ਆਪਣੀ ਗੱਡੀ ਵਿੱਚ ਖਾਣ ਪੀਣ ਆਦਿ ਦਾ ਸਾਮਾਨ ਰੱਖ ਰਿਹਾ ਸੀ। ‘‘ਕਿਤੇ ਜਾ ਰਹੇ ਹੋ?’’ ਮੈਂ ਪੁੱਛਿਆ। ‘‘ਹਾਂ ਜੀ, ਤਿੰਨ ਦਿਨ ਘੁੰਮਣ ਦਾ ਪ੍ਰੋਗਰਾਮ ਹੈ। ਤੁਸੀਂ ਸਾਡੀ ਗੈਰਹਾਜ਼ਰੀ ਵਿੱਚ ਫੁੱਲਾਂ ਨੂੰ ਪਾਣੀ ਲਾ ਦੇਣਾ। ਵਾਪਸ ਆਉਣ...
ਗੁਆਂਢੀ ਗੋਰਾ ਪਰਿਵਾਰ (ਪਤੀ-ਪਤਨੀ) ਆਪਣੀ ਗੱਡੀ ਵਿੱਚ ਖਾਣ ਪੀਣ ਆਦਿ ਦਾ ਸਾਮਾਨ ਰੱਖ ਰਿਹਾ ਸੀ। ‘‘ਕਿਤੇ ਜਾ ਰਹੇ ਹੋ?’’ ਮੈਂ ਪੁੱਛਿਆ।
‘‘ਹਾਂ ਜੀ, ਤਿੰਨ ਦਿਨ ਘੁੰਮਣ ਦਾ ਪ੍ਰੋਗਰਾਮ ਹੈ। ਤੁਸੀਂ ਸਾਡੀ ਗੈਰਹਾਜ਼ਰੀ ਵਿੱਚ ਫੁੱਲਾਂ ਨੂੰ ਪਾਣੀ ਲਾ ਦੇਣਾ। ਵਾਪਸ ਆਉਣ ’ਤੇ ਤਰੋਤਾਜ਼ਾ ਫੁੱਲ ਸਾਡਾ ਸਵਾਗਤ ਕਰਨ ਅਤੇ ਨਾਲੇ ਘਰ ਦਾ ਧਿਆਨ ਵੀ ਰੱਖਣਾ।’’
‘‘ਤੁਸੀਂ ਚਿੰਤਾ ਨਾ ਕਰੋ। ਤੁਹਾਡੀ ਵਾਪਸੀ ’ਤੇ ਫੁੱਲ, ਤਕੜੇ ਅਤੇ ਤਰੋਤਾਜ਼ਾ ਹੋਣਗੇ।’’
ਇਸ ਤੋਂ ਪਹਿਲਾਂ ਪੰਜਾਬ ਤੋਂ ਚੱਲਣ ਤੋਂ ਪਹਿਲਾਂ ਅਸੀਂ ਸੋਚਿਆ ਕਿ ਗੋਰੋ ਗੁਆਂਢੀ ਚੰਗੇ ਹਨ। ਉਨ੍ਹਾਂ ਲਈ ਕੁਝ ਲੈ ਚੱਲੀਏ। ਅਸੀਂ ਦੋ ਟੀ ਸ਼ਰਟਾਂ ਲੈ ਲਈਆਂ। ਇੱਕ ’ਤੇ ਪੰਜਾਬੀ ਦੀ ਪੈਂਤੀ ਅੱਖਰੀ ਲਿਖੀ ਸੀ ਅਤੇ ਦੂਜੀ ’ਤੇ ‘ਮੇਰੀ ਮਾਂ ਮੇਰਾ ਰੱਬ ਹੈ’ ਲਿਖਿਆ ਸੀ। ਦੋਵੇਂ ਟੀ ਸ਼ਰਟਾਂ ਅਸੀਂ ਉਨ੍ਹਾਂ ਨੂੰ ਭੇਟ ਸਵਰੂਪ ਦੇ ਦਿੱਤੀਆਂ। ਔਰਤ ਕੁਝ ਮਿੰਟਾਂ ਬਾਅਦ ਹੀ ਟੀ ਸ਼ਰਟ ਪਾ ਕੇ ਆ ਕੇ ਕਹਿਣ ਲੱਗੀ। ‘‘ਵੇਖੋ ਕਿੱਡੀ ਵਧੀਆ ਲੱਗਦੀ ਹੈ।’’ ਉਹ ਟੀ ਸ਼ਰਟ ਪਾ ਕੇ ਬਹੁਤ ਖੁ਼ਸ਼ ਸੀ।
ਟੂਰ ਤੋਂ ਵਾਪਸ ਆਉਣ ’ਤੇ ਵੀ ਉਹ ਬਹੁਤ ਖ਼ੁਸ਼ ਸਨ।
ਮੈਂ ਪੁੱਛਿਆ, ‘‘ਟੂਰ ਕਿਵੇਂ ਦਾ ਰਿਹੈ।’’
‘‘ਬਹੁਤ ਵਧੀਆ, ਅਖੀਰਲਾ ਦਿਨ ਤਾਂ ਯਾਦਗਾਰ ਹੋ ਨਿੱਬੜਿਆ।’’
‘‘ਉਹ ਕਿਵੇਂ ?’’
‘‘ਜਿਸ ਹੋਟਲ ਵਿੱਚ ਅਸੀਂ ਠਹਿਰੇ ਸੀ, ਉਸ ਦਾ ਤਿੰਨ ਦਿਨ ਦਾ ਕਿਰਾਇਆ 250 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ 750 ਡਾਲਰ ਬਣਦੇ ਸਨ। ਅਸੀਂ ਭੁਗਤਾਨ ਕਰਨ ਲਈ ਕਾਊਂਟਰ ’ਤੇ ਗਏ। ਅਸੀਂ ਦੋਵਾਂ ਨੇ ਪੰਜਾਬੀ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ। ਮੈਨੇਜਰ ਨੇ ਕਿਹਾ, ‘ਤੁਹਾਡੇ 750 ਡਾਲਰ ਬਣਦੇ ਹਨ, ਪਰ ਤੁਸੀਂ ਛੇ ਸੌ ਦੇ ਦਿਓ।’’
‘‘ਸਾਡਾ ਲਿਹਾਜ਼ ਕਿਉਂ ?’’
‘‘ਸਾਡਾ ਮਾਲਕ ਪੰਜਾਬੀ ਹੈ। ਉਸ ਨੇ ਤੁਹਾਡੀਆਂ ਟੀ ਸ਼ਰਟਾਂ ਵੇਖ ਕੇ ਮੈਨੂੰ ਹਦਾਇਤ ਕੀਤੀ ਸੀ ਕਿ ਇਨ੍ਹਾਂ ਕੋਲੋਂ 150 ਡਾਲਰ ਘੱਟ ਲੈਣੇ ਹਨ।’’ ਮੈਨੇਜਰ ਨੇ ਆਖਿਆ।
‘‘ਤੁਹਾਡੀਆਂ ਟੀ ਸ਼ਰਟਾਂ ਕਰ ਕੇ ਸਾਡੇ 150 ਡਾਲਰ ਬਚ ਗਏ। ਤੁਹਾਡਾ ਬਹੁਤ ਬਹੁਤ ਧੰਨਵਾਦ।’’ ਗੁਆਂਢੀ ਨੇ ਆਖਿਆ।
ਇਹ ਸੁਣ ਕੇ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ। ‘ਪੰਜਾਬੀਏ, ਤੇਰਾ ਮਾਣ ਸਤਿਕਾਰ ਇਸ ਤਰ੍ਹਾਂ ਹੀ ਕਾਇਮ ਰਹੇ।’
ਸੰਪਰਕ: 92177-01415

