ਚਿਰਾਗ ਬੁਝ ਗਿਆ ਇੱਕ, ਦੀਵਾਲੀ ਦੀ ਰਾਤੋਂ ਪਹਿਲਾਂ ...

ਚਿਰਾਗ ਬੁਝ ਗਿਆ ਇੱਕ, ਦੀਵਾਲੀ ਦੀ ਰਾਤੋਂ ਪਹਿਲਾਂ ...

ਡਾ. ਸੁਖਦੇਵ ਸਿੰਘ ਝੰਡ

ਸੁਖਮਿੰਦਰ ਰਾਮਪੁਰੀ ਨਾਲ ਨਾ ਮੇਰਾ ਕੋਈ ਨਿੱਜੀ ਸਬੰਧ ਸੀ, ਨਾ ਸਾਡੀ ਕੋਈ ਰਿਸ਼ਤੇਦਾਰੀ ਸੀ ਤੇ ਨਾ ਹੀ ਕੋਈ ਡੂੰਘੀ ਜਾਣ-ਪਛਾਣ। ਪੰਜਾਬ ਵਿੱਚ ਰਹਿੰਦਿਆਂ ਅਸੀਂ ਕਦੇ ਵੀ ਇੱਕ ਦੂਸਰੇ ਨੂੰ ਨਹੀਂ ਮਿਲੇ ਸੀ। ਹਾਂ, ਏਨਾ ਜ਼ਰੂਰ ਪਤਾ ਸੀ ਕਿ ਸੁਖਮਿੰਦਰ ਰਾਮਪੁਰੀ ਨਾਂ ਦਾ ਕੋਈ ਕਵੀ ਹੈ, ਜੋ ਗੀਤ ਲਿਖਦਾ ਹੈ, ਤਰੰਨੁਮ ਵਿੱਚ ਗਾਉਂਦਾ ਹੈੈ ਅਤੇ ਸਰੋਤਿਆਂ ਨੂੰ ਕੀਲ ਲੈਂਦਾ ਹੈ। ਪਰ ਉੱਥੇ ਉਸ ਨੂੰ ਸੁਣਨ ਦਾ ਕਦੇ ਮੌਕਾ ਨਹੀਂ ਮਿਲਿਆ ਸੀ।

ਸਤੰਬਰ 2010 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਨੌਕਰੀ ਤੋਂ ਸੇਵਾਮੁਕਤੀ ਤੋਂ ਬਾਅਦ ਜਦੋਂ ਨਵੰਬਰ ਮਹੀਨੇ ਮੈਂ ਪੱਕੇ ਪੈਰੀਂ ਬਰੈਂਪਟਨ ਆ ਗਿਆ ਤਾਂ ਅਗਲੇ ਸਾਲ 2011 ਦੇ ਜੂਨ-ਜੁਲਾਈ ਵਿੱਚ ਸਿਟੀ ਬੱਸਾਂ ਵਿੱਚ ਏਧਰ-ਓਧਰ ਜਾਣ ਆਉਣ ਨਾਲ ਕੁਝ ਕੁ ਸਾਹਿਤਕ ਦੋਸਤਾਂ ਨਾਲ ਮੁਲਾਕਾਤਾਂ ਹੋਈਆਂ। ਪਹਿਲੀ ਮੁਲਾਕਾਤ ਕਵੀ ਜੋਗਿੰਦਰ ਸਿੰਘ ਅਣਖੀਲਾ ਨਾਲ 1 ਨੰਬਰ ਸਿਟੀ ਬੱਸ ਵਿੱਚ ਹੋਈ। ਉਦੋਂ ਤੱਕ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਗਠਨ ਹੋ ਚੁੱਕਾ ਸੀ ਅਤੇ ਕਵੀ ਹੋਣ ਕਰਕੇ ਮੈਂ ਉਨ੍ਹਾਂ ਨੂੰ ਇਸ ਸਭਾ ਦੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਆਉਣ ਲਈ ਕਿਹਾ। ਉਹ ਆਪਣੇ ਨਾਲ ਅਤਿ-ਨੇੜਲੇ ਸਾਥੀ ਸੁਖਮਿੰਦਰ ਰਾਮਪੁਰੀ ਨੂੰ ਵੀ ਨਾਲ ਲੈ ਆਏ ਅਤੇ ਇਹ ਸਿਲਸਿਲਾ ਚੱਲਦਾ ਰਿਹਾ। ਇਸ ਤਰ੍ਹਾਂ ਮੇਰੀ ਜਾਣ-ਪਛਾਣ ਰਾਮਪੁਰੀ ਜੀ ਨਾਲ ਸਭਾ ਦੀਆਂ ਮੀਟਿੰਗਾਂ ਵਿੱਚ ਹੋਈ। ਹੌਲੀ-ਹੌਲੀ ਇਹ ਸਾਹਿਤਕ ਦੋਸਤੀ ਵਿੱਚ ਬਦਲ ਗਈ।

ਇਸ ਸਾਲ 4 ਨਵੰਬਰ ਨੂੰ ਦੀਵਾਲੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਪੰਜਾਬੀ ਸਾਹਿਤ ਦਾ ਇਹ ਚਿਰਾਗ ਹਮੇਸ਼ਾਂ ਲਈ ਬੁਝ ਗਿਆ ਜਦੋਂ ਸੁਖਮਿੰਦਰ ਰਾਮਪੁਰੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। 7 ਨਵੰਬਰ ਨੂੰ ਉਨ੍ਹਾਂ ਦਾ ਸਸਕਾਰ ਰੈਕਸਡੇਲ ਏਰੀਏ ਵਿੱਚ ‘ਲੋਟਸ ਫਿਊਨਰਲ ਹੋਮ’ ਵਿੱਚ ਹੋਇਆ ਅਤੇ ਉਨ੍ਹਾਂ ਨਮਿਤ ਅਖੰਡ ਪਾਠ ਦਾ ਭੋਗ ਗੁਰਦੁਆਰਾ ਸਿੱਖ ਸਪਿਰਿਚੂਅਲ ਸੈਂਟਰ ਵਿਖੇ ਪਾਇਆ ਗਿਆ। ਇਸ ਮੌਕੇ ਅੰਤਿਮ ਅਰਦਾਸ ਵਿੱਚ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਇਲਾਵਾ ਉਨ੍ਹਾਂ ਦੇ ਸਾਹਿਤਕਾਰ ਦੋਸਤ ਕਾਫ਼ੀ ਗਿਣਤੀ ਵਿੱਚ ਸ਼ਾਮਲ ਹੋਏ। ਰਿਸ਼ਤੇ ਵਿੱਚ ਸੁਖਮਿੰਦਰ ਰਾਮਪੁਰੀ ਦੇ ਭਤੀਜੇ ਦੀਪ ਰਾਮਪੁਰੀ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਰਾਮਪੁਰੀ ਜੀ ਨੂੰ ਭਾਵ-ਭਿੰਨੀ ਸ਼ਾਬਦਿਕ-ਸ਼ਰਧਾਂਜਲੀ ਦਿੱਤੀ ਗਈ।

ਪੰਜਾਬ ਵਿੱਚ ਅਧਿਆਪਕ ਦੀ ਨੌਕਰੀ ਕਰਨ ਦੌਰਾਨ ਸੁਖਵਿੰਦਰ ਰਾਮਪੁਰੀ ਆਪਣੇ ਪਿੰਡ ਬਣੀ ‘ਰਾਮਪੁਰ ਸਾਹਿਤ ਸਭਾ’ (ਲੁਧਿਆਣਾ) ਵਿੱਚ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਸੁਰਿੰਦਰ ਰਾਮਪੁਰੀ ਵਰਗੇੇ ਨਾਮੀ ਕਵੀਆਂ ਨਾਲ ਲੰਮੇਂ ਸਮੇਂ ਤੱਕ ਜੁੜੇ ਰਹੇ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੀ ਸਰਗਰਮ ਮੈਂਬਰ ਸਨ। ਸਕੂਲ ਅਧਿਆਪਕ ਵਜੋਂ ਸੇਵਾ ਮੁਕਤੀ ਤੋਂ ਬਾਅਦ ਉਹ ਬਰੈਂਪਟਨ ਆ ਗਏ ਅਤੇ ਇੱਥੋਂ ਦੀਆਂ ਸਾਹਿਤ ਸਭਾਵਾਂ ਵਿੱਚ ਆਪਣੀ ਹਾਜ਼ਰੀ ਲਵਾਉਣ ਲੱਗ ਪਏ। ਉਹ ‘ਕਲਮਾਂ ਦਾ ਕਾਫ਼ਲਾ’ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਅਕਸਰ ਸ਼ਿਰਕਤ ਕਰਦੇ ਸਨ ਤੇ ਆਪਣੇ ਭਾਵਪੂਰਤ ਗੀਤਾਂ ਨਾਲ ਇਸ ਦੇ ਕਵੀ-ਦਰਬਾਰਾਂ ਵਿੱਚ ਭਰਪੂਰ ਯੋਗਦਾਨ ਪਾਉਂਦੇ ਸਨ। ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਗੀਤਾਂ ਨੂੰ ਤਰੰਨੁਮ ਵਿੱਚ ਗਾ ਕੇ ਉਹ ਸਰੋਤਿਆਂ ਨੂੰ ਮੰਤਰ-ਮੁਗਧ ਕਰ ਲੈਂਦੇ ਸਨ। ਕਰੋਨਾ ਕਾਲ ਦੌਰਾਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਨਿੱਜੀ ਮੀਟਿੰਗਾਂ ਰੱਦ ਕਰਨ ’ਤੇ ਉਹ ਕਈ ਵਾਰ ਇਸ ਦੀਆਂ ਜ਼ੂਮ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ।

ਇਸ ਤੋਂ ਪਹਿਲਾਂ ਨਿੱਜੀ ਮੀਟਿੰਗਾਂ ਵਿੱਚ ਉਹ ਆਮ ਤੌਰ ’ਤੇ ਆਪਣੇ ਅਤਿ-ਨੇੜਲੇ ਸਾਥੀ ਕਵੀ ਜੋਗਿੰਦਰ ਸਿੰਘ ਅਣਖੀਲਾ ਨਾਲ ਹਾਜ਼ਰ ਹੁੰਦੇ ਸਨ। ਸਭਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ‘ਹੰਸਾਂ ਦੀ ਜੋੜੀ’ ਵਜੋਂ ਜਾਣਿਆ ਜਾਂਦਾ ਸੀ। ਇਸ ਜੋੜੀ ਵਿੱਚੋਂ ਹੁਣ ਇੱਕ ਹੰਸ ਉਡਾਰੀ ਮਾਰ ਗਿਆ ਹੈ ਅਤੇ ਦੂਸਰਾ ਹੰਸ ਆਪਣੇ ਸਾਥੀ ਨੂੰ ਕਾਵਿਕ ਅੰਦਾਜ਼ ਵਿੱਚ ਬੜੀ ਸ਼ਿੱਦਤ ਨਾਲ ਯਾਦ ਕਰ ਰਿਹਾ ਹੈ:

ਇੱਕ ਹਾਦਸਾ ਹੈ ਜਿਸ ਨੂੰ,

ਦਿਲ ਨੇ ਭੁਲਾਇਆ ਹੀ ਨਹੀਂ।

ਮੂੰਹ ਫੇਰ ਲਿਆ ਵੇਖ ਕੇ,

ਉਸ ਨੇ ਬੁਲਾਇਆ ਹੀ ਨਹੀਂ।

ਨਾ ਉਹ ਰੁਕਿਆ

ਤੇ ਨਾ ਹੀ ਮੈਂ ਉਸ ਨੂੰ ਰੋਕ ਪਾਇਆ।

ਜਾਣ ਵਾਲੇ ਦੇ ਦਿਲ ਨੂੰ

ਸ਼ਾਇਦ ਇਹ ਭਾਇਆ ਹੀ ਨਹੀਂ।

***

ਇੱਕ ਬਾਂਵਰਾ ਮੁਸਾਫ਼ਿਰ, ਹੈ ਛੋੜ ਕੇ ਚਲਾ ਗਿਆ

ਏਥੇ ਕੌਣ ਹੈ ਕਿਸੇ ਦਾ, ਸਭ ਸੋਚ ਕੇ ਇਹ ਰੋਏ।

ਮਿਲਣਾ ਨਹੀਂ ਏ ਉਸ ਨੇ, ਜੇ ਮਿਲੇ ਤਾਂ ਉਸ ਨੂੰ ਕਹਿਣਾ

ਰਹਿ ਗਿਐ ‘ਅਣਖੀਲਾ’ ’ਕੱਲਾ, ਕਿਸ ਕੋਲ ਬਹਿ ਕੇ ਰੋਏ।

ਸੁਖਮਿੰਦਰ ਰਾਮਪੁਰੀ ਇਸ ਸੰਸਾਰ ਦੇ ਅਧੂਰੇਪਣ ਦੀ ਹਕੀਕਤ ਨੂੰ ਬਾਖ਼ੂਬੀ ਸਮਝਦੇ ਸਨ। ਉਹ ਭਲੀ-ਭਾਂਤ ਜਾਣਦੇ ਸਨ ਕਿ ਇੱਥੇ ਕੁਝ ਵੀ ਪੂਰਾ ਨਹੀਂ ਹੈ। ਆਪਣੇ ਗੀਤਾਂ ਨੂੰ ਵੀ ਉਹ ਅਧੂਰਾ ਸਮਝਦੇ ਸਨ ਅਤੇ ਇੱਕ ਪੂਰੇ ਗੀਤ ਦੀ ਤਲਾਸ਼ ਵਿੱਚ ਸਨ:

ਮੈਂ ਮੰਨਦਾ ਕਿ ਇਹ ਵੀ ਸੱਚ ਹੈ

ਹਰ ਯੁੱਗ ਦਾ ਹਰ ਗੀਤ ਅਧੂਰਾ

ਹਰ ਯੁੱਗ ਦਾ ਸੰਗੀਤ ਅਧੂਰਾ

ਹਰ ਯੁੱਗ ਦਾ ਹਰ ਮੀਤ ਅਧੂਰਾ

ਮੇਰੇ ਦਰਦ ਦਾ ਸਫ਼ਰ ਅਧੂਰਾ

ਮੈਨੂੰ ਇੱਕ ਹੀ ਗੀਤ ਬਥੇਰਾ।

ਮੈਨੂੰ ਇੱਕ ਹੀ ਗੀਤ ਬਥੇਰਾ।

ਹੋਰ ਪਤਾ ਨਹੀਂ ਕੀ-ਕੀ ਉਨ੍ਹਾਂ ਦੇ ਮਨ ਵਿੱਚ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਿਮਾਰੀ ਨਾਲ ਜੂਝਣ ਤੋਂ ਪਹਿਲਾਂ ਉਹ ਇੱਕ ਹੋਰ ਨਾਵਲ ਦੇ ਖਰੜੇ ਨੂੰ ਅੰਤਿਮ ਛੋਹਾਂ ਦੇ ਰਹੇ ਸਨ, ਪਰ:

ਚਿਰਾਗ ਬੁਝ ਗਿਆ ਇੱਕ

ਦੀਵਾਲੀ ਦੀ ਰਾਤੋਂ ਪਹਿਲਾਂ।

ਕੀ-ਕੀ ਛੱਡ ਗਿਆ ਅਣਕਿਹਾ

ਦੀਵਾਲੀ ਦੀ ਰਾਤੋਂ ਪਹਿਲਾਂ।

ਸੁਖਮਿੰਦਰ ਰਾਮਪੁਰੀ ਅਗਾਂਹਵਧੂ ਕਵੀ ਅਤੇ ਸੁਰੀਲਾ ਗੀਤਕਾਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਸੀ। ਉਹ ਅਤੀ ਮਿੱਠ-ਬੋਲੜੇ ਸੁਭਾਅ ਦਾ ਮਾਲਕ ਸੀ ਅਤੇ ਉਸ ਦੇ ਚਿਹਰੇ ਉੱਪਰ ਹਮੇਸ਼ਾਂ ਮੁਸਕਰਾਹਟ ਰਹਿੰਦੀ ਸੀ। ਗੀਤਕਾਰੀ ਵਿੱਚ ਉਸ ਦਾ ਕੋਈ ਜੁਆਬ ਨਹੀਂ ਸੀ ਅਤੇ ਆਪਣੇ ਗੀਤਾਂ ਨੂੰ ਉਹ ਸੁਰੀਲੀ ਆਵਾਜ਼ ਵਿੱਚ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਸਨ। ਉਹ ਇੱਕ ਪ੍ਰੋੜ੍ਹ ਕਵੀ ਅਤੇ ਗੀਤਕਾਰ ਹੋਣ ਦੇ ਨਾਲ ਨਾਲ ਨਾਵਲਕਾਰ, ਵਾਰਤਕ-ਲੇਖਕ ਅਤੇ ਸੰਪਾਦਕ ਵੀ ਸੀ। ਉਨ੍ਹਾਂ ਅੱਧੀ ਦਰਜਨ ਤੋਂ ਵਧੀਕ ਕਾਵਿ-ਪੁਸਤਕਾਂ ‘ਯੁਗਾਂ ਯੁਗਾਂ ਦੀ ਪੀੜ’, ‘ਅਸੀਮਤ ਸਫ਼ਰ’,‘ਮਿਹਰਬਾਨ ਹੱਥ’, ‘ਮੈਂ ਨਿਰੀ ਪੱਤਝੜ ਨਹੀਂ’, ‘ਧੀਆਂ’, ‘ਅੱਜ ਤੀਕ’, ‘ਇਹ ਸਫ਼ਰ ਜਾਰੀ ਰਹੇ’, ‘ਸਫ਼ਰ ਸਾਡੀ ਬੰਦਗੀ’, ‘ਤੁਹਾਨੂੰ ਕਿਵੇਂ ਲੱਗਦੀ ਹੈ’ ਰਚਣ ਦੇ ਨਾਲ ਨਾਲ ਨਾਵਲ ‘ਗੁਲਾਬੀ ਛਾਂ ਵਾਲੀ ਕੁੜੀ’ ਲਿਖਿਆ। ਪੁਸਤਕਾਂ ‘ਕੂੜ ਨਿਖੱਟੇ’, ‘ਕਿਰਨਾਂ ਦੇ ਰੰਗ’, ‘ਕਤਰਾ ਕਤਰਾ ਸੋਚ’ ਅਤੇ ‘ਨਿੱਕੇ ਨਿੱਕੇ ਫੁੱਲ ਨਿੱਕੀ ਵਾਸ਼ਨਾ’ ਸੰਪਾਦਿਤ ਵੀ ਕੀਤੀਆਂ।

ਉਹ ਇੱਕ ਸੁਯੋਗ ਅਧਿਆਪਕ ਸਨ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਘੇਰਾ ਬੜਾ ਵਿਸ਼ਾਲ ਹੈ। ਉਹ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸਨ ਅਤੇ ਇੱਕ ਵਧੀਆ ਕਵੀ ਤੇ ਪ੍ਰਬੰਧਕ ਹੋਣ ਦੇ ਨਾਤੇ ‘ਰਾਮਪੁਰ ਸਾਹਿਤ ਸਭਾ’ ਨੂੰ ਬੁਲੰਦੀਆਂ ਵੱਲ ਲਿਜਾਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਉਹ ਕਿਹਾ ਕਰਦੇ ਸਨ ਕਿ ਉਨ੍ਹਾਂ ਨੇ ਇਸ ਸਭਾ ਦੀਆਂ ਖੁੱਲ੍ਹੇ ਮੈਦਾਨਾਂ ਵਿੱਚ ਹੋਈਆਂ ਵੱਡੀਆਂ ਮੀਟਿੰਗਾਂ ਵਿੱਚ ਉੱਡਦੀ ਮਿੱਟੀ ਉੱਪਰ ਪਾਣੀ ਤਰੌਂਕਣ, ਦਰੀਆਂ ਵਿਛਾਉਣ ਤੇ ’ਕੱਠੀਆਂ ਕਰਨ, ਪਾਣੀ ਪਿਲਾਉਣ, ਮਾਈਕ ਫਿੱਟ ਕਰਨ ਅਤੇ ਸਟੇਜ ਸਕੱਤਰ ਵਜੋਂ ਸਭਾ ਦੀ ਕਾਰਵਾਈ ਚਲਾਉਣ ਤੱਕ ਸਾਰੀਆਂ ਹੀ ਡਿਊਟੀਆਂ ਨਿਭਾਈਆਂ ਹਨ। ਆਪਣੇ ਸਮਰੱਥ ਗੀਤਾਂ ਸਦਕਾ ਉਨ੍ਹਾਂ ਨੇ 19 ਵਾਰ ਕੌਮੀ ਕਵੀ-ਦਰਬਾਰਾਂ ਵਿੱਚ ਵੱਡਮੁੱਲੀ ਹਾਜ਼ਰੀ ਲਵਾਈ। ਇਸ ਦੇ ਨਾਲ ਹੀ ਉਹ ਵਿਦਿਆਰਥੀ ਜੀਵਨ ਵਿੱਚ ਆਪਣੇ ਸਮੇਂ ਦਾ ਉੱਘਾ ਖਿਡਾਰੀ ਵੀ ਰਿਹਾ।

ਦੁਨੀਆ ਤੋਂ ਰੁਖ਼ਸਤ ਹੋਣ ਸਮੇਂ ਉਸ ਦੀ ਉਮਰ ਲਗਭਗ 85 ਸਾਲ ਸੀ। ਇਸ ਸੰਸਾਰ ਤੋਂ ਜਾਣਾ ਤਾਂ ਹਰੇਕ ਨੇ ਹੀ ਹੈ, ਪਰ ਕਈ ਸ਼ਖ਼ਸ ਆਪਣੇ ਪਿੱਛੇ ਕਾਫ਼ੀ ‘ਖਲਾਅ’ ਛੱਡ ਜਾਂਦੇ ਹਨ ਜਿਸ ਨੂੰ ਭਰਨਾ ਬੜਾ ਮੁਸ਼ਕਿਲ ਹੁੰਦਾ ਹੈ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੁਖਮਿੰਦਰ ਰਾਮਪੁਰੀ ਵੀ ਉਨ੍ਹਾਂ ਇਨਸਾਨਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।
ਸੰਪਰਕ: 647-567-9128

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All