ਦਿਆਲੂ ਗੋਰਾ ਤੇ ਮੈਂ
ਮੈਂ 1947 ਦੀ ਵੰਡ ਨੂੰ ਸਮਰਪਿਤ ਅਖ਼ਬਾਰ ਦਾ ਅੰਕ ਪੜ੍ਹ ਰਿਹਾ ਸੀ। ਮਨੁੱਖ ਦੀ ਦਰਿੰਦਗੀ ਦੀਆਂ ਕਹਾਣੀਆਂ ਨੇ ਮੈਨੂੰ ਅਸਹਿਜ ਕਰ ਦਿੱਤਾ ਸੀ। ਇਸ ਸਥਿਤੀ ਵਿੱਚੋਂ ਨਿਕਲਣ ਲਈ ਮੈਂ ਲੈਪਟਾਪ ਬੰਦ ਕਰ ਦਿੱਤਾ ਅਤੇ ਘਰੋਂ ਬਾਹਰ ਆਇਆ ਹੀ ਸੀ ਕਿ...
ਮੈਂ 1947 ਦੀ ਵੰਡ ਨੂੰ ਸਮਰਪਿਤ ਅਖ਼ਬਾਰ ਦਾ ਅੰਕ ਪੜ੍ਹ ਰਿਹਾ ਸੀ। ਮਨੁੱਖ ਦੀ ਦਰਿੰਦਗੀ ਦੀਆਂ ਕਹਾਣੀਆਂ ਨੇ ਮੈਨੂੰ ਅਸਹਿਜ ਕਰ ਦਿੱਤਾ ਸੀ। ਇਸ ਸਥਿਤੀ ਵਿੱਚੋਂ ਨਿਕਲਣ ਲਈ ਮੈਂ ਲੈਪਟਾਪ ਬੰਦ ਕਰ ਦਿੱਤਾ ਅਤੇ ਘਰੋਂ ਬਾਹਰ ਆਇਆ ਹੀ ਸੀ ਕਿ ਮੈਨੂੰ ਮੇਰੇ ਗੋਰੇ ਮਿੱਤਰ ਦਾ ਫੋਨ ਆਇਆ।
‘ਗੁੱਡ ਮਾਰਨਿੰਗ’ ਆਖਦਿਆ ਹੀ ਉਸ ਨੇ ਹੁਕਮ ਚਾੜ੍ਹ ਦਿੱਤਾ; ‘‘ਬਾਹਰ ਆ ਜਾ, ਆਪਾਂ ਕੌਫ਼ੀ ਪੀਣ ਜਾਣਾ ਏ।’’
“ਬਾਹਰ ਕਿਉਂ ਜਾਣਾ ਏ? ਆਪਾਂ ਘਰ ਹੀ ਕੌਫ਼ੀ ਬਣਾ ਕੇ ਪੀਂਦੇ ਹਾਂ।’’
‘‘ਬਸ ਇਸੇ ਦਾ ਮੈਨੂੰ ਸਾੜਾ ਹੁੰਦਾ ਏ। ਤੁਹਾਡਾ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੈ। ਮੈਂ ਇਕੱਲਾ ਰਹਿੰਦਾ ਹਾਂ। ਜਦੋਂ ਮੈਂ ਇਕੱਲਾ ਬੋਰ ਹੋ ਜਾਂਦਾ ਹਾਂ ਤਾਂ ਬਾਹਰ ਜਾ ਕੇ ਖਾਣਾ ਖਾਂਦਾ ਹਾਂ ਜਾਂ ਕੌਫ਼ੀ ਪੀਂਦਾ ਹਾਂ, ਫਿਰ ਨਾਰਮਲ ਹੋ ਕੇ ਘਰ ਆ ਜਾਂਦਾ ਹਾਂ। ਚੱਲ ਮੇੈਂ ਪੰਜ ਮਿੰਟ ਵਿੱਚ ਪਹੁੰਚ ਚੱਲਿਆ ਹਾਂ, ਤੂੰ ਬਾਹਰ ਆ ਜਾ।’’ ਇਹ ਕਹਿ ਕੇ ਉਸ ਨੇ ਫੋਨ ਬੰਦ ਕਰ ਦਿੱਤਾ। ਮੈਂ ਗ਼ਲਤ ਹੋ ਸਕਦਾ ਹਾਂ, ਪਰ ਮੇਰਾ ਤਜਰਬਾ ਕਹਿੰਦਾ ਹੈ ਕਿ ਕੋਈ ਵੀ ਕੌਮ ਸਾਰੀ ਦੀ ਸਾਰੀ ਮਾੜੀ ਨਹੀਂ ਹੁੰਦੀ ਅਤੇ ਨਾ ਹੀ ਚੰਗੀ। ਸਿਰਫ਼ ਕੁਝ ਬੰਦੇ ਮਾੜੇ ਹੁੰਦੇ ਹਨ। ਤੁਸੀਂ ਹੀ ਦੱਸੋ, ਸਾਡੀ ਕੌਮ ਵਿੱਚ ਵੀ ਚੰਗੇ ਮਾੜੇ ਬੰਦੇ ਨਹੀਂ ਹਨ? ਛੱਡੋ ਇਹ ਗੱਲ। ਆਪਾਂ ਆਪਣੀ ਕਹਾਣੀ ਵੱਲ ਮੁੜਦੇ ਹਾਂ।
ਉਸ ਨੇ ਮੇਰੇ ਘਰ ਦੇ ਅੱਗੇ ਆ ਕੇ ਗੱਡੀ ਖੜ੍ਹੀ ਕਰ ਦਿੱਤੀ ਅਤੇ ਅਸੀਂ ਕੌਫ਼ੀ ਪੀਣ ਲਈ ਸ਼ਹਿਰ ਦੇ ਇੱਕ ਮਸ਼ਹੂਰ ਕੌਫ਼ੀ ਹਾਊਸ ਪਹੁੰਚ ਗਏ। ਦੋ ਕੱਪ ਆਰਡਰ ਕੀਤੇ। ਮੇਜ਼ਾਂ ਦੇ ਦੁਆਲੇ ਖਾਲੀ ਕੁਰਸੀਆਂ ’ਤੇ ਬੈਠ ਗਏ। ਕੁੱਝ ਮਿੰਟਾਂ ਬਾਅਦ ਸਾਡੀ ਕੌਫ਼ੀ ਲੈਣ ਦੀ ਵਾਰੀ ਆਈ। ਮੇਰਾ ਇਹ ਮਿੱਤਰ ਇੱਕ ਸੰਤੁਸ਼ਟ ਵਿਅਕਤੀ ਹੈ। ਚਰਚ ਜਾ ਕੇ ਪੁੰਨ ਦਾਨ ਕਰਦਾ ਹੈੇ। ਸਾਲਵੇਸ਼ਨ ਆਰਮੀ (ਇੱਕ ਸੰਸਥਾ ਹੈ ਜਿੱਥੇ ਅਮੀਰ ਵਿਅਕਤੀਆਂ ਜਿਨ੍ਹਾਂ ਕੋਲ ਲੋੜ ਤੋਂ ਵੱਧ ਕੱਪੜੇ, ਖਿਡੌਣੇ, ਕਿਤਾਬਾਂ ਅਤੇ ਹੋਰ ਕੋਈ ਵੀ ਸਾਮਾਨ ਹੈ। ਉਹ ਇੱਥੇ ਦਾਨ ਕਰ ਦਿੰਦੇ ਹਨ। ਅੱਗੋਂ ਇਹ ਸੰਸਥਾ ਬਹੁਤ ਸਸਤੇ ਵਿੱਚ ਵੇਚ ਦਿੰਦੀ ਹੈ। ਕਈ ਚੀਜ਼ਾਂ ਤਾਂ ਇੱਕ-ਦੋ ਡਾਲਰ ਦੀਆਂ ਵੀ ਮਿਲ ਜਾਂਦੀਆਂ ਹਨ। ਫਿਰ ਇਸ ਸੰਸਥਾ ਨੂੰ ਜਿਹੜੀ ਕਮਾਈ ਹੁੰਦੀ ਹੈ, ਉਹ ਲੋੜਵੰਦਾਂ ਵਾਸਤੇ ਖ਼ਰਚ ਕਰਦੀ ਹੈ) ਨੂੰ ਦਾਨ ਕਰਦਾ ਹੈ। ਕੋਈ ਲਾਲਚ ਨਹੀਂ। ਉਹ ਸੰਤੁਸ਼ਟ ਵਿਅਕਤੀ ਹੈ।
ਅੱਧੇ ਕੁ ਘੰਟੇ ਬਾਅਦ ਅਸੀਂ ਕੌਫ਼ੀ ਪੀ ਕੇ ਵਾਪਸ ਤੁਰ ਪਏ। ਅਚਾਨਕ ਉਸ ਨੇ ਗੱਡੀ ਚਰਚ ਦੇ ਗੇਟ ਦੇ ਨੇੜੇ ਆ ਕੇ ਖੜ੍ਹੀ ਕਰ ਦਿੱਤੀ। ਅਸੀਂ ਗੱਡੀ ਵਿੱਚੋਂ ਉਤਰੇ। ਇੱਕ ਥੜ੍ਹੇ ’ਤੇ ਕਾਫ਼ੀ ਜ਼ਿਆਦਾ ਬਰੈੱਡ ਪਏ ਸਨ। ਲਿਖਿਆ ਸੀ, “ਸਿਰਫ਼ ਲੋੜਵੰਦਾਂ ਵਾਸਤੇ।” ਉਸ ਨੇ ਤਿੰਨ ਪੈਕੇਟ ਬਰੈੱਡ ਚੁੱਕੇ ਤੇ ਵਾਪਸ ਗੱਡੀ ਵੱਲ ਤੁਰ ਪਿਆ। ਬਰੈੱਡ ਪਿਛਲੀ ਸੀਟ ’ਤੇ ਰੱਖੇ ਅਤੇ ਚੱਲ ਪਏ। ਮੈਨੂੰ ਉਸ ’ਤੇ ਖਿਝ ਆ ਰਹੀ ਸੀ। ਇਹ ਬਰੈੱਡ ਲੋੜਵੰਦਾਂ ਲਈ ਸਨ। ਉਹ ਲੋੜਵੰਦ ਨਹੀਂ ਸੀ। ਵੈਸੇ ਵੀ ਉਹ ਇਕੱਲਾ ਸੀ। ਉਸ ਨੂੰ ਇੰਨੇ ਬਰੈੱਡ ਦੀ ਲੋੜ ਵੀ ਨਹੀਂ ਸੀ। ਇਹ ਤਾਂ ਉਹ ਕਈ ਦਿਨ ਖਾਂਦਾ ਤਾਂ ਵੀ ਨਹੀਂ ਮੁੱਕਣੀਆਂ ਸਨ। ਮੈਨੂੰ ਉਸ ’ਤੇ ਖਿਝ ਆ ਰਹੀ ਸੀ, ਪਰ ਮੈਂ ਚੁੱਪ ਸੀ।
ਅਸੀਂ ਅਜੇ ਅੱਧਾ ਰਸਤਾ ਹੀ ਮੁਕਾਇਆ ਸੀ ਕਿ ਉਸ ਨੇ ਗੱਡੀ ਸੜਕ ਤੋਂ ਹੇਠਾਂ ਉਤਾਰ ਕੇ ਖੜ੍ਹੀ ਕਰ ਦਿੱਤੀ। “ਮੈਂ ਬਸ ਦੋ ਮਿੰਟਾਂ ਵਿੱਚ ਆਇਆ।” ਕਹਿ ਕੇ ਉਸ ਨੇ ਗੱਡੀ ਦੀ ਪਿਛਲੀ ਸੀਟ ਤੋਂ ਬਰੈੱਡ ਦੇ ਪੈਕੇਟ ਚੁੱਕੇ ਤੇ ਤੁਰ ਪਿਆ। ਬਰੈੱਡ ਘਰ ਦੀ ਬਾਹਰਲੀ ਕੰਧ ’ਤੇ ਰੱਖ ਦਿੱਤੇ। ਮੈਂ ਇੱਥੇ ਦੱਸ ਦਿਆਂ ਕਿ ਇੱਥੇ ਇਹ ਡਰ ਨਹੀਂ ਕਿ ਕੋਈ ਕੁੱਤਾ, ਬਿੱਲੀ ਬਰੈਡ ਚੁੱਕ ਕੇ ਲੈ ਜਾਣਗੇ। ਲੋਕਾਂ ਨੇ ਕੁੱਤੇ ਅਤੇ ਬਿੱਲੀਆਂ ਰੱਖੀਆਂ ਹਨ, ਪਰ ਕੋਈ ਵੀ ਆਵਾਰਾ ਕੁੱਤਾ ਦਿਖਾਈ ਨਹੀਂ ਦਿੰਦਾ। ਉਹ ਆ ਕੇ ਗੱਡੀ ਵਿੱਚ ਬੈਠ ਗਿਆ। ਲੰਬਾ ਸਾਹ ਲਿਆ ਤੇ ਆਖਣ ਲੱਗਾ, “ਇਸ ਘਰ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ, ਜਿਸ ਦਾ ਕੋਈ ਸਹਾਰਾ ਨਹੀਂ। ਸਰਕਾਰ ਇਨ੍ਹਾਂ ਦੀ ਮਦਦ ਕਰਦੀ ਹੈ, ਪਰ ਮੈਂ ਵੀ ਆਪਣਾ ਫਰਜ਼ ਪੁੂਰਾ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਮੈਂ ਜਾਣਦਾ ਹਾਂ ਜਦੋਂ ਮੈਂ ਇਹ ਬਰੈੱਡ ਚੁੱਕੇ ਤਾਂ ਤੁਹਾਡਾ ਚਿਹਰਾ ਦੱਸਦਾ ਸੀ ਕਿ ਤੁਸੀਂ ਮੇਰੇ ਬਾਰੇ ਗ਼ਲਤ ਧਾਰਨਾ ਬਣਾ ਚੁੱਕੇ ਸੀ। ਤੁਸੀਂ ਵੀ ਠੀਕ ਸੀ। ਮੈਂ ਵੀ ਲੋੜਵੰਦ ਦੀ ਸਹਾਇਤਾ ਕੀਤੀ ਹੈ। ਤੁਸੀਂ ਦੱਸੋ ਮੈਂ ਕੁਝ ਗ਼ਲਤ ਕੀਤਾ?”
“ਹਾਂ ਮੈਂ ਮੰਨਦਾ ਹਾਂ। ਜਦੋਂ ਤੁਸੀਂ ਬਰੈੱਡ ਦੇ ਪੈਕੇਟ ਚੁੱਕੇ ਤਾਂ ਮੈਨੂੰ ਚੰਗਾ ਨਹੀਂ ਲੱਗਾ। ਮੈਂ ਗ਼ਲਤ ਸੀ। ਮੈਂ ਮੁਆਫ਼ੀ ਮੰਗਦਾ ਹਾਂ।” ਗੋਰੇ ਜੇ ਗ਼ਲਤੀ ਕਰਦੇ ਹਨ ਤਾਂ ਕਈ ਵਾਰ ਸੌਰੀ ਕਹਿੰਦੇ ਹਨ। ਇਨ੍ਹਾਂ ਵਿੱਚ ਰਹਿ ਕੇ ਮੈਂ ਵੀ ਆਪਣੀ ਗ਼ਲਤੀ ਸਵੀਕਾਰ ਕਰਨਾ ਅਤੇ ਮੁਆਫ਼ੀ ਮੰਗਣਾ ਸਿੱਖ ਲਿਆ ਹੈ। ਬਾਕੀ ਸਫ਼ਰ ਅਸੀਂ ਚੁੱਪ ਦੀ ਭਾਸ਼ਾ ਵਿੱਚ ਬਿਤਾਇਆ।
ਸੰਪਰਕ: 642108906844

