DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕੀ ਭੈਣਾਂ ਦਾ ਟਾਪੂ

ਕਹਾਣੀ ‘ਪੜ੍ਹੇ-ਲਿਖੇ ਨੌਜਵਾਨ ਮਰਦਾਂ ਤੋਂ ਦਾਜ ਮੰਗਣ ਦੇ ਜੁਰਮ ਲਈ ਪੰਜ ਸਾਲ ਦੀ ਕੈਦ’ ਚਾਂਦੀ ਟਾਪੂ ਦਾ ਨਵਾਂ ਕਾਨੂੰਨ ਮਾਰਟਿਨ ਲਈ ਆਪਣੇ ਬਲੌਗ ਦੀ ਪੂਰੇ ਮਹੀਨੇ ਦੀ ਸਮੱਗਰੀ ਬਣ ਸਕਦੀ ਸੀ। ਇੱਕ ਪਾਸੇ ਇਸ ਖ਼ਬਰ ਨੂੰ ਸਮਾਜ ਸੁਧਾਰ ਵੱਲ ਵਧਾਇਆ...

  • fb
  • twitter
  • whatsapp
  • whatsapp
Advertisement

ਕਹਾਣੀ

‘ਪੜ੍ਹੇ-ਲਿਖੇ ਨੌਜਵਾਨ ਮਰਦਾਂ ਤੋਂ ਦਾਜ ਮੰਗਣ ਦੇ ਜੁਰਮ ਲਈ ਪੰਜ ਸਾਲ ਦੀ ਕੈਦ’ ਚਾਂਦੀ ਟਾਪੂ ਦਾ ਨਵਾਂ ਕਾਨੂੰਨ ਮਾਰਟਿਨ ਲਈ ਆਪਣੇ ਬਲੌਗ ਦੀ ਪੂਰੇ ਮਹੀਨੇ ਦੀ ਸਮੱਗਰੀ ਬਣ ਸਕਦੀ ਸੀ। ਇੱਕ ਪਾਸੇ ਇਸ ਖ਼ਬਰ ਨੂੰ ਸਮਾਜ ਸੁਧਾਰ ਵੱਲ ਵਧਾਇਆ ਗਿਆ ਇੱਕ ਕਦਮ ਦੱਸਿਆ ਜਾ ਰਿਹਾ ਸੀ, ਦੂਜੇ ਪਾਸੇ ਆਵਾਜ਼ਾਂ ਉੱਠ ਰਹੀਆਂ ਸਨ ਕਿ ਇਹ ਦਰਅਸਲ ਦੋ ਕਦਮ ਪਿੱਛੇ ਜਾਣ ਵਰਗਾ ਸੀ।

Advertisement

ਜੋ ਵੀ ਹੋਵੇ, ਇਹੋ ਜਿਹੀ ਖ਼ਬਰ ਵਾਲੇ ਸਮਾਜ ਨੂੰ ਆਪਣੇ ਅੱਖੀਂ ਦੇਖਣਾ ਹੀ ਚਾਹੀਦਾ ਸੀ। ਕੌਣ ਜਾਣੇ, ਇਸ ਦੇ ਪਿੱਛੇ ਕੋਈ ਹੋਰ ਹੀ ਸੱਚ ਲੁਕਿਆ ਹੋਵੇ। ਮਾਰਟਿਨ ਨੇ ਬਿਨਾਂ ਦੇਰ ਕੀਤੇ ਫੈਸਲਾ ਕਰ ਲਿਆ ਕਿ ਚਾਂਦੀ ਟਾਪੂ ਜਾ ਕੇ ਇਸ ਕਹਾਣੀ ਨੂੰ ਆਪਣੇ ਆਪ ਘੋਖਣਾ ਪਵੇਗਾ। ਇੱਕ ਹਫ਼ਤੇ ਬਾਅਦ ਉਹ ਚਾਂਦੀ ਟਾਪੂ ਦੇ ਏਅਰਪੋਰਟ ’ਤੇ ਖੜ੍ਹਾ ਸੀ ਜਿਵੇਂ ਕਿਸੇ ਨਵੀਂ ਕਹਾਣੀ ਦੇ ਦਰਵਾਜ਼ੇ ’ਤੇ ਦਸਤਕ ਦੇ ਰਿਹਾ ਹੋਵੇ।

Advertisement

“ਤੁਸੀਂ ਆਪਣੀ ਯਾਤਰਾ ਸ਼ਾਂਤੀ ਮਾਂ ਦੇ ਆਸ਼ਰਮ ਤੋਂ ਸ਼ੁਰੂ ਕਰਨਾ।” ਹਿਰਨੀ ਦੀਆਂ ਅੱਖਾਂ ਵਾਲੀ ਇਮੀਗ੍ਰੇਸ਼ਨ ਅਫ਼ਸਰ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਆਖਿਆ। ਪਾਸਪੋਰਟ ’ਤੇ ਮੋਹਰ ਕਦੋਂ ਲੱਗੀ, ਮਾਰਟਿਨ ਨੂੰ ਪਤਾ ਹੀ ਨਾ ਲੱਗਿਆ। ਉਸ ਦੇ ਹੋਸ਼ ਤਾਂ ਕਿਸੇ ਹੋਰ ਅਸਮਾਨੇ ਚੜ੍ਹੇ ਹੋਏ ਸਨ। ਉਹ ਮੁਸਕਾਨ ਕੋਈ ਜਾਲ ਨਹੀਂ ਸੀ, ਪਰ ਉਹ ਉਸ ਵਿੱਚ ਫਸਦਾ ਚਲਾ ਗਿਆ, ਬਿਨਾਂ ਬਚਣ ਦੀ ਖਾਹਿਸ਼ ਦੇ।

‘ਬੇਗਾਨਾ ਦੇਸ਼, ਬੇਗਾਨੇ ਕਾਨੂੰਨ, ਹੋਸ਼ ਨਾਲ ਰਹੀਂ।’ ਮਾਰਟਿਨ ਆਪਣੇ ਮਨ ਨੂੰ ਹੀ ਸਮਝਾ ਰਿਹਾ ਸੀ। ਫਿਰ ਵੀ ਉਸ ਨੇ ਸੋਚਿਆ ਕਿ ਕੁਦਰਤ ਵੀ ਕਦੇ-ਕਦੇ ਹੱਦ ਤੋਂ ਵੱਧ ਸੋਹਣੀ ਹੋ ਜਾਂਦੀ ਹੈ। ਮਾਰਟਿਨ ਕਿੰਨੇ ਹੀ ਵਿਦੇਸ਼ੀ ਦੌਰੇ ਕਰ ਚੁੱਕਿਆ ਸੀ, ਪਰ ਉਸ ਨੇ ਪਹਿਲੀ ਵਾਰ ਹਵਾਈ ਅੱਡੇ ’ਤੇ ਹੂਰਾਂ ਨੌਕਰੀ ਕਰਦੇ ਦੇਖੀਆਂ ਸਨ।

ਇੱਕ ਬਲੋਗਰ ਲਈ, ਇਸ ਤੋਂ ਵਧੀਆ ਪਹਿਲਾ ਬਲਾਗ ਹੋ ਨਹੀਂ ਸਕਦਾ ਸੀ: “ਮਈ 12, ਰਾਤ ਦੇ ਸਵਾ ਦਸ ਵਜੇ, ਮੈਂ ਹੋਟਲ ਦੇ ਕਮਰੇ ਵਿੱਚ ਹਾਂ। ਏਅਰਪੋਰਟ ਦਾ ਬਹਿਸ਼ਤੀ ਨਜ਼ਾਰਾ ਚਾਂਦੀ ਟਾਪੂ ਦੀ ਯਾਤਰਾ ਨੂੰ ਇੱਕ ਵਿਲੱਖਣ ਸ਼ੁਰੂਆਤ ਦੇ ਗਿਆ। ਬਾਕੀ ਕੱਲ੍ਹ, ਸ਼ਾਂਤੀ ਮਾਂ ਦੇ ਆਸ਼ਰਮ ਤੋਂ ਬਾਅਦ ਲਿਖਾਂਗਾ।”

ਇੱਕ ਛੋਟੇ ਜਿਹੇ ਬਲਾਗ ਨਾਲ ਉਸ ਦੀ ਇਸ ਟਾਪੂ ਦੀ ਯਾਤਰਾ ਦਾ ਆਰੰਭ ਹੋਇਆ। ਚਾਂਦੀ ਟਾਪੂ ਅਸਲ ਵਿੱਚ ਇੱਕੀ ਛੋਟੇ ਤੇ ਵੱਡੇ ਟਾਪੂਆਂ ਤੋਂ ਮਿਲ ਕੇ ਬਣਿਆ ਹੋਇਆ ਦੇਸ਼ ਸੀ, ਜਿਨ੍ਹਾਂ ਨੂੰ ਸਥਾਨਕ ਲੋਕ ‘ਇੱਕੀ ਭੈਣਾਂ’ ਕਹਿੰਦੇ ਸਨ।

ਯਾਤਰਾ ਦੇ ਦੂਸਰੇ ਦਿਨ ਮਾਰਟਿਨ ਦਾ ਪਹਿਲਾ ਟਿਕਾਣਾ ਸ਼ਾਂਤੀ ਮਾਂ ਦਾ ਆਸ਼ਰਮ ਸੀ। ਆਸ਼ਰਮ ਮੋਰ ਦੀ ਪੈਲ ਵਾਂਗ ਸਮੁੰਦਰ ਦੇ ਕਿਨਾਰੇ ਕਈ ਏਕੜਾਂ ਵਿੱਚ ਫੈਲਿਆ ਹੋਇਆ ਸੀ। ਸੰਗਮਰਮਰ ਦੀਆਂ ਇਮਾਰਤਾਂ ਰੰਗ, ਚਮਕ ਤੇ ਜ਼ਿੰਦਗੀ ਦਾ ਇੱਕ ਅਜੀਬ ਮਿਲਾਪ ਸਨ। ਇਮਾਰਤ ਦੇ ਅੰਦਰ ਸ਼ਾਂਤੀ ਮਾਂ ਦੇ ਨਿੱਜੀ ਕਮਰੇ ’ਤੇ ਇੱਕ ਅਜਾਇਬਘਰ ਸੀ, ਜਿੱਥੇ ਦੂਸਰੇ ਦੇਸ਼ਾਂ ਵਿੱਚ ਔਰਤਾਂ ’ਤੇ ਹੋ ਰਹੇ ਜ਼ਬਰ ਦੀਆਂ ਕਹਾਣੀਆਂ ਦੇ ਨਾਲ-ਨਾਲ ਚਾਂਦੀ ਟਾਪੂ ਦੇ ਮਾਣ-ਮੱਤੇ ਇਤਿਹਾਸ ਨੂੰ ਵੀ ਸੰਭਾਲਿਆ ਹੋਇਆ ਸੀ।

ਕਲਾ ਦੇ ਨਮੂਨੇ, ਹਰ ਤਰ੍ਹਾਂ ਦੇ ਰੰਗਮੰਚ ਅਤੇ ਪਿੱਛੇ ਖੁੱਲ੍ਹਾ ਬਾਗ਼, ਜਿੱਥੇ ਫੁਹਾਰੇ ਪਾਣੀ ਨੂੰ ਹਵਾ ਵਿੱਚ ਨਚਾ ਕੇ ਇੱਕ ਮਨ ਮੋਹ ਲੈਣ ਵਾਲਾ ਸੁਰਾਂ ਦਾ ਜਾਲ ਵਿਛਾ ਰਹੇ ਸਨ। ਇਹ ਮਨ ਨੂੰ ਕਾਇਲ ਹੀ ਨਹੀਂ ਕਰਦਾ ਸੀ, ਸਗੋਂ ਕੈਦੀ ਬਣਾਉਂਦਾ ਜਾ ਰਿਹਾ ਸੀ।

ਮਾਰਟਿਨ ਨੇ ਹੋਟਲ ਦੇ ਕਮਰੇ ਵਿੱਚ ਆਉਂਦੇ ਹੀ ਆਪਣਾ ਬਲਾਗ ਲਿਖਣਾ ਸ਼ੁਰੂ ਕੀਤਾ: “ਮਈ 13, ਰਾਤ ਦੇ ਸਵਾ ਨੌਂ ਵਜੇ, ਆਸ਼ਰਮ ਦਾ ਪੂਰਾ ਦ੍ਰਿਸ਼ ਕਿਸੇ ਹੋਰ ਵੇਲੇ ਲਿਖਾਂਗਾ, ਪਰ ਗਾਰਡਨ ਵਿੱਚ ਫੁਹਾਰਿਆਂ ਦੇ ਵਿਚਕਾਰ ਖੜ੍ਹਾ ਦੇਵੀ ਮਾਂ ਦਾ ਬੁੱਤ ਅਤੇ ਉਸ ਦੇ ਮੂਹਰੇ ਲਿਖੀ ਫਿਲਾਸਫੀ ਦੇ ਸ਼ੁਰੂਆਤੀ ਸ਼ਬਦ ਬਿਲਕੁਲ ਵਿਲੱਖਣ ਲੱਗੇ, ‘ਔਰਤ ਹੀ ਨਵੀਂ ਜ਼ਿੰਦਗੀ ਪੈਦਾ ਕਰ ਸਕਦੀ ਹੈ ਤੇ ਕਰਦੀ ਹੈ ਅਤੇ ਪੈਦਾ ਕੀਤੀ ਜ਼ਿੰਦਗੀ ਦੀ ਪਰਵਰਿਸ਼ ਵੀ ਔਰਤ ਹੀ ਕਰ ਸਕਦੀ ਹੈ ਤੇ ਕਰਦੀ ਹੈ।’

ਹੋਰ ਦੇਸ਼ਾਂ ਵਾਂਗ ਇੱਥੇ ਸਰਵਸ਼ਕਤੀਮਾਨ ਰੱਬ ਨਹੀਂ, ਇੱਕ ਰੱਬੀ ਸੀ। ਉਸ ਦੀ ਨੁਮਾਇੰਦਗੀ ਕਰਨ ਵਾਲੀ ਸ਼ਾਂਤੀ ਮਾਂ ਹੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਖੇਤਰਾਂ ਦੀ ਮੁਖੀ ਸੀ।

ਦੂਸਰੇ ਦਿਨ ਮੁੱਖ ਖ਼ਬਰ ਦਾ ਜਾਇਜ਼ਾ ਲੈਣ ਲਈ ਉਸ ਨੇ ਲੰਬੀ ਧੌਣ ਟਾਪੂ ਜਾਣਾ ਸੀ, ਇਸ ਲਈ ਸਵੇਰ ਹੀ ਗੱਡੀ ਫੜਨੀ ਪਈ। ਮਾਰਟਿਨ ਨੇ ਖ਼ਬਰ ਵਿੱਚ ਪੜ੍ਹਿਆ ਸੀ ਕਿ ਸ਼ਾਂਤੀ ਮਾਂ ਵੱਲੋਂ ਸੁਧਾਰਾਂ ’ਤੇ ਜ਼ੋਰ ਦੇਣ ਦੇ ਬਾਵਜੂਦ ਪੁਰਾਣੀਆਂ ਰਸਮਾਂ ਤੇ ਰਿਵਾਜ ਅਜੇ ਵੀ ਚੱਲ ਰਹੇ ਸਨ। ਲੰਬੀ ਧੌਣ ਟਾਪੂ ਦਾ ਲਿੰਗ ਅਨੁਪਾਤ ਕਾਫ਼ੀ ਵਿਗੜ ਚੁੱਕਾ ਸੀ, ਇੱਕ ਹਜ਼ਾਰ ਔਰਤਾਂ ਦੇ ਮੁਕਾਬਲੇ ਸਿਰਫ਼ ਸੱਤ ਸੌ ਮਰਦ ਸਨ।

ਉਸ ਨੇ ਹੈਰਾਨੀ ਨਾਲ ਪੜ੍ਹਿਆ ਕਿ ਅਕਸਰ ਗਰਭਵਤੀ ਔਰਤਾਂ ਅਲਟਰਾਸਾਊਂਡ ਤੋਂ ਬਾਅਦ ਜਦੋਂ ਮੁੰਡੇ ਬਾਰੇ ਪਤਾ ਲੱਗਦਾ ਹੈ ਤਾਂ ਗਰਭਪਾਤ ਕਰਵਾ ਦਿੰਦੀਆਂ ਸਨ। ਕਾਨੂੰਨ ਲਾਗੂ ਕਰਨ ਵਿੱਚ ਆ ਰਹੀ ਢਿੱਲ ਦੇ ਕਾਰਨ ਸਰਕਾਰ ਨੇ ਸਖ਼ਤ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਜੋ ਮਾਰਟਿਨ ਨੇ ਆਪਣੇ ਦੇਸ਼ ਵਿੱਚ ਕਦੇ ਨਹੀਂ ਦੇਖੀ ਸੀ।

ਉਹ ਆਪ ਹੈਰਾਨ ਸੀ ਕਿ ਉਸ ਦੇ ਆਪਣੇ ਦੇਸ਼ ਵਿੱਚ ਕਿੰਨੇ ਹੀ ਕਾਨੂੰਨ ਫਾਈਲਾਂ ਦੇ ਹਨੇਰੇ ਵਿੱਚ ਲੁਕੇ ਬੈਠੇ ਸਨ, ਜਿਨ੍ਹਾਂ ਨੂੰ ਕਦੇ ਲਾਗੂ ਹੀ ਨਹੀਂ ਕੀਤਾ ਜਾਂਦਾ।

ਟਾਪੂ ਦੀ ਪਾਰਲੀਮੈਂਟ ਨੇ ਫੈਸਲਾ ਕੀਤਾ ਕਿ ਕਾਨੂੰਨ ਲਾਗੂ ਕਰਵਾਉਣ ਲਈ ਕਸੂਰ ਪੁਲੀਸ ਅਤੇ ਸਿਵਿਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਸੀ। ਜਿਸ ਕਾਉਂਟੀ ਵਿੱਚ ਕਾਨੂੰਨ ਦੇ ਬਾਵਜੂਦ ਅਪਰਾਧ ਹੋ ਰਹੇ ਹੋਣ ਉੱਥੋਂ ਦੀ ਮਜਿਸਟ੍ਰੇਟ ਅਤੇ ਪੁਲੀਸ ਕਮਾਂਡਰ ਨੂੰ ਲੋਕਾਂ ਦੇ ਸਾਹਮਣੇ ਖੜ੍ਹੇ ਕਰਕੇ ਗੋਲੀ ਮਾਰ ਦਿੱਤੀ ਜਾਵੇ।

ਮਾਰਟਿਨ ਇਹ ਦ੍ਰਿਸ਼ ਟੀਵੀ ’ਤੇ ਦੇਖ ਚੁੱਕਿਆ ਸੀ ਅਤੇ ਉਸ ਦੀ ਯਾਦ ਅਜੇ ਵੀ ਉਸ ਦੇ ਸਰੀਰ ਵਿੱਚ ਕਰੰਟ ਵਾਂਗ ਦੌੜਦੀ ਸੀ। ਉਸ ਨੇ ਇਹ ਵੀ ਪੜ੍ਹਿਆ ਸੀ ਕਿ ਪਤਲੇ ਟਾਪੂ ਦੀ ਮਜਿਸਟ੍ਰੇਟ ਅਤੇ ਪੁਲੀਸ ਕਮਾਂਡਰ ਨੂੰ ਛੇ ਮਹੀਨੇ ਪਹਿਲਾਂ ਇਸੇ ਤਰ੍ਹਾਂ ਮਾਰ ਦਿੱਤਾ ਗਿਆ ਸੀ। ਉਹ ਦੋਵੇਂ ਮਰਦਾਂ ਖਿਲਾਫ਼ ਬੱਸਾਂ, ਗੱਡੀਆਂ ਅਤੇ ਹੋਰ ਜਗ੍ਹਾ ’ਤੇ ਹੋ ਰਹੀ ਛੇੜਖਾਨੀ ਨੂੰ ਰੋਕਣ ਵਿੱਚ ਅਸਮਰੱਥ ਰਹੀਆਂ ਸਨ। ਚਾਂਦੀ ਟਾਪੂ ਦੀਆਂ ਸਾਰੀਆਂ ਪਚਾਸੀ ਕਾਉਂਟੀਆਂ ਦੀਆਂ ਮਜਿਸਟ੍ਰੇਟ ਅਤੇ ਪੁਲੀਸ ਕਮਾਂਡਰ ਔਰਤਾਂ ਸਨ।

ਕਿਸਮਤ ਕਹਿ ਲਈ ਜਾਵੇ ਜਾਂ ਇਤਫ਼ਾਕ ਮਾਰਟਿਨ ਦੀ ਸੀਟ ਦੇ ਨਾਲ ਬੈਠੀ ਔਰਤ ਇੱਕ ਕੌਮੀ ਜਥੇਬੰਦੀ ਦੀ ਪ੍ਰਧਾਨ ਨਿਕਲੀ ਜੋ ਲੜਕਿਆਂ ਲਈ ਵੀ ਲੋਹੜੀ ਮਨਾਉਣ ਵਰਗੇ ਸਮਾਜਿਕ ਸੁਧਾਰਾਂ ਲਈ ਜੱਦੋਜਹਿਦ ਕਰ ਰਹੀ ਸੀ। ਉਨ੍ਹਾਂ ਦੀ ਲੜਾਈ ਸਿਰਫ਼ ਸਮਾਜਿਕ ਸੁਧਾਰਾਂ ਤੱਕ ਹੀ ਸੀਮਤ ਨਹੀਂ ਸੀ, ਉਹ ਮਰਦਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਵੀ ਗੱਲ ਕਰ ਰਹੇ ਸਨ ਤਾਂ ਜੋ ਲੋਕਾਂ ਦੀ ਸੋਚ ਨੂੰ ਨਵੀਂ ਦਿਸ਼ਾ ਮਿਲ ਸਕੇ।

ਤੇਜ ਦੇਵੀ ਨੇ ਮਾਰਟਿਨ ਨਾਲ ਗੱਲਬਾਤ ਸ਼ੁਰੂ ਕਰਦਿਆਂ ਆਖਿਆ, “ਅਕਸਰ ਲੋਕ ਲੜਕੀਆਂ ਦੇ ਸਮਾਜਿਕ ਰੁਤਬੇ ਕਾਰਨ ਲੋਹੜੀ ਲੜਕੀ ਦੇ ਜਨਮ ’ਤੇ ਹੀ ਮਨਾਉਂਦੇ ਨੇ, ਪਰ ਅਸੀਂ ਚਾਹੁੰਦੇ ਹਾਂ ਕਿ ਲੜਕਿਆਂ ਲਈ ਵੀ ਲੋਹੜੀ ਮਨਾਈ ਜਾਵੇ ਤਾਂ ਕਿ ਸਮਾਜ ਵਿੱਚ ਬਰਾਬਰਤਾ ਦਾ ਮਾਹੌਲ ਬਣ ਸਕੇ।”

ਮਾਰਟਿਨ ਨੇ ਹੌਸਲਾ ਕਰਦਿਆਂ ਪੁੱਛਿਆ, “ਮੈਂ ਦੇਖਿਆ ਹੈ ਕਿ ਜਿੱਥੇ ਵੀ ਥੋੜ੍ਹੇ ਮਰਦ ਕੰਮ ਕਰਦੇ ਹਨ, ਉਹ ਅਕਸਰ ਸਭ ਤੋਂ ਨੀਵੀਆਂ ਨੌਕਰੀਆਂ ’ਤੇ ਲੱਗੇ ਹੁੰਦੇ ਹਨ। ਉਨ੍ਹਾਂ ਦੀ ਤਨਖਾਹ ਵੀ ਬਹੁਤ ਘੱਟ ਹੁੰਦੀ ਹੋਵੇਗੀ। ਕੀ ਤੁਸੀਂ ਸੋਚਦੇ ਹੋ ਕਿ ਇਹ ਸਭ ਕੁਝ ਦੇਖ ਕੇ ਲੋਕਾਂ ਦੀ ਮਾਨਸਿਕਤਾ ਬਦਲੇਗੀ?”

ਤੇਜ ਦੇਵੀ ਨੇ ਫੌਰਨ ਜਵਾਬ ਦਿੱਤਾ, “ਪਹਿਲੇ ਕਦਮ ਨਾਲ ਹਜ਼ਾਰ ਮੀਲ ਦਾ ਸਫ਼ਰ ਪੂਰਾ ਨਹੀਂ ਹੁੰਦਾ, ਪਰ ਸ਼ੁਰੂ ਜ਼ਰੂਰ ਹੋ ਜਾਂਦਾ ਹੈ। ਤੁਸੀਂ ਦੇਖਣਾ ਕੁਝ ਦਹਾਕਿਆਂ ਵਿੱਚ ਇਸ ਦਾ ਅਸਰ ਜ਼ਰੂਰ ਪਵੇਗਾ।”

ਮਾਰਟਿਨ ਲਈ ਇਹ ਦਲੀਲ ਅਜੀਬ ਨਹੀਂ ਸੀ, ਸਿਰਫ਼ ਜੁੱਤੀ ਹੁਣ ਦੂਜੇ ਪੈਰ ਵਿੱਚ ਸੀ। ਕਈ ਦਿਨ ਉਸ ਨੂੰ ਬਲਾਗ ਲਿਖਣ ਦਾ ਮੌਕਾ ਹੀ ਨਾ ਮਿਲਿਆ। ਉਸ ਨੇ ਆਪਣੇ ਆਪ ਨੂੰ ਦਿਲਾਸਾ ਦਿੱਤਾ “ਕੋਈ ਗੱਲ ਨਹੀਂ, ਸਮੱਗਰੀ ਤਾਂ ਇਕੱਠੀ ਹੋ ਰਹੀ ਹੈ, ਵਾਪਸ ਜਾ ਕੇ ਇਕੱਠੇ ਹੀ ਲਿਖਾਂਗਾ।”

ਇਸ ਦੌਰਾਨ ਪਾਰਲੀਮੈਂਟ ਵਿੱਚ ਮਰਦਾਂ ਲਈ ਸੰਸਦ ਵਿੱਚ ਰਾਖਵੇਂਕਰਨ ’ਤੇ ਬਹਿਸ ਚੱਲ ਰਹੀ ਸੀ, ਜਿਸ ਤੋਂ ਬਾਅਦ ਵੋਟਿੰਗ ਹੋਣੀ ਸੀ। ਮਾਰਟਿਨ ਨੇ ਖੁਦ ਪਾਰਲੀਮੈਂਟ ਜਾ ਕੇ ਇਹ ਬਹਿਸ ਸੁਣਨ ਦਾ ਫੈਸਲਾ ਕੀਤਾ।

ਪਾਰਲੀਮੈਂਟ ਦਾ ਨਜ਼ਾਰਾ ਉਸ ਲਈ ਅਜੀਬ ਸੀ, ਪੂਰਾ ਸਦਨ ਔਰਤਾਂ ਨਾਲ ਭਰਿਆ ਹੋਇਆ ਤੇ ਇੱਕ ਖੂੰਜੇ ਵਿੱਚ ਸਿਰਫ਼ ਤਿੰਨ ਮਰਦ ਚੁੱਪਚਾਪ ਬੈਠੇ ਸਨ। ਹਾਕਮ ਪਾਰਟੀ ਇਸ ਰਾਖਵੇਂਕਰਨ ਨੂੰ ਜਲਦਬਾਜ਼ੀ ਦਾ ਕਦਮ ਕਰਾਰ ਦੇ ਰਹੀ ਸੀ। ਉਨ੍ਹਾਂ ਦਾ ਤਰਕ ਸੀ ਕਿ ਅਜੇ ਤਿੰਨ ਦਹਾਕੇ ਪਹਿਲਾਂ ਹੀ ਔਰਤ ਵੋਟਰਾਂ ਨੇ ਰੈਫਰੈਂਡਮ ਵਿੱਚ ਸਿਰਫ਼ ਇੱਕ ਫੀਸਦੀ ਦੇ ਫ਼ਰਕ ਨਾਲ ਮਰਦਾਂ ਨੂੰ ਵੋਟ ਦਾ ਹੱਕ ਦਿੱਤਾ ਸੀ।

“ਇੰਨੀ ਜਲਦੀ ਪੰਝੀ ਫੀਸਦੀ ਰਾਖਵਾਂਕਰਨ?” ਉਹ ਕਹਿ ਰਹੇ ਸਨ, “ਇਹ ਤਾਂ ਇਤਿਹਾਸ ਨੂੰ ਜਬਰ ਨਾਲ ਮੋੜਨ ਵਰਗਾ ਹੈ।”

ਵੋਟਿੰਗ ਹੋਣ ’ਤੇ ਵਿਰੋਧੀ ਪਾਰਟੀ ਵੱਲੋਂ ਪੇਸ਼ ਕੀਤਾ ਬਿੱਲ ਵੱਡੇ ਫਰਕ ਨਾਲ ਰੱਦ ਹੋ ਗਿਆ। ਇਸ ਤੋਂ ਬਾਅਦ ਬਹਿਸ ਦਾਜ ਦੇ ਮਸਲੇ ਵੱਲ ਮੁੜ ਗਈ। ਉਹੀ ਮਸਲਾ, ਜਿਸ ਬਾਰੇ ਪੜ੍ਹ ਕੇ ਮਾਰਟਿਨ ਇੱਥੇ ਤੱਕ ਆਇਆ ਸੀ। ਹੁਣ ਵਿਰੋਧੀ ਧਿਰ ਦੀ ਦਲੀਲ ਸੀ ਕਿ ਸਿਰਫ਼ ਪੜ੍ਹੇ-ਲਿਖੇ ਹੀ ਨਹੀਂ, ਸਗੋਂ ਹਰ ਮਰਦ ਕੋਲੋਂ ਦਾਜ ਲੈਣਾ ਜੁਰਮ ਐਲਾਨਿਆ ਜਾਵੇ।

ਹਾਕਮ ਧਿਰ ਇਸ ਦਾ ਤਿੱਖਾ ਵਿਰੋਧ ਕਰ ਰਹੀ ਸੀ। ਇੱਕ ਮੈਂਬਰ ਨੇ ਤਾਂ ਗੁੱਸੇ ਨਾਲ ਕਿਹਾ, “ਅਨਪੜ੍ਹ ਮਰਦ ਕਿਸੇ ਕੰਮ ਦੇ ਨਹੀਂ ਹੁੰਦੇ, ਉਹ ਨਿਖੱਟੂ ਨੇ। ਜੇ ਉਨ੍ਹਾਂ ਕੋਲ ਦਾਜ ਦੇਣ ਲਈ ਕੁਝ ਨਹੀਂ ਤਾਂ ਉਹ ਆਪਣੇ ਘਰ ਕੁਆਰੇ ਬੈਠਣ।”

ਇਹ ਸ਼ਬਦ ਮਾਰਟਿਨ ਦੇ ਕੰਨਾਂ ਵਿੱਚ ਸਿਰਫ਼ ਆਵਾਜ਼ ਨਹੀਂ ਸਨ, ਇਹ ਇੱਕ ਸੋਚ ਦਾ ਐਲਾਨ ਸੀ। ਉਸ ਦੇ ਨਾਲ ਬੈਠੀ ਸਥਾਨਕ ਪੱਤਰਕਾਰ ਨੇ ਹੌਲੀ ਆਵਾਜ਼ ਵਿੱਚ ਲੰਬੀ ਦੇਵੀ ਦੇ ਦਾਜ ਬਾਰੇ ਕਈ ਕਿੱਸੇ ਸੁਣਾਏ, ਜਿਨ੍ਹਾਂ ਵਿੱਚ ਪੰਜ ਹਜ਼ਾਰ ਬਰਾਤੀਆਂ ਲਈ ਪੰਜ-ਸfਤਾਰਾ ਹੋਟਲਾਂ ਵਿੱਚ ਦਾਅਵਤ ਤੇ ਵਿਦੇਸ਼ੀ ਕਾਰਾਂ ਦੀ ਲੰਮੀ ਕਤਾਰ ਸ਼ਾਮਲ ਸੀ।

ਮਾਰਟਿਨ ਨੂੰ ਲੱਗਿਆ, ਇਹ ਬਹਿਸ ਸਿਰਫ਼ ਕਾਨੂੰਨ ਦੀ ਨਹੀਂ, ਸਮਾਜ ਦੀ ਰੂਹ ਦੀ ਵੀ ਹੋ ਰਹੀ ਸੀ। ਅਗਲੇ ਦਿਨ ਉਸ ਨੇ ਕਾਨੂੰਨ ਦੀ ਪ੍ਰੋਫੈਸਰ ਗਿਆਨ ਦੇਵੀ ਨੂੰ ਮਿਲਣਾ ਸੀ ਜੋ ਸ਼ਾਂਤੀ ਮਾਂ ਦੀ ਸਲਾਹਕਾਰ ਕਮੇਟੀ ਦੇ ਲੀਗਲ ਵਿੰਗ ਦੀ ਮੁਖੀ ਸੀ।

ਹੋਟਲ ਤੋਂ ਯੂਨੀਵਰਸਿਟੀ ਤੱਕ ਬੱਸ ਦਾ ਸਫ਼ਰ ਲਗਭਗ ਚਾਲੀ ਮਿੰਟ ਦਾ ਸੀ। ਮਾਰਟਿਨ ਇੱਥੋਂ ਦੀ ਜਨਤਕ ਆਵਾਜਾਈ ਪ੍ਰਣਾਲੀ ਤੋਂ ਕਾਫ਼ੀ ਪ੍ਰਭਾਵਿਤ ਸੀ। ਨਿੱਜੀ ਕਾਰਾਂ ਮਹਿੰਗੀਆਂ ਸਨ, ਪਰ ਆਰਾਮ ਅਤੇ ਸੁਰੱਖਿਆ ਵੱਧ ਹੋਣ ਕਰਕੇ ਬਹੁਤੇ ਲੋਕ ਬੱਸਾਂ, ਰੇਲਾਂ ਅਤੇ ਧਰਤੀ ਤੋਂ ਉੱਪਰ ਦੌੜਦੀ ਮੈਟਰੋ ਵਿੱਚ ਸਫ਼ਰ ਕਰਦੇ ਸਨ।

ਮਾਰਟਿਨ ਲਈ ਜਨਤਕ ਟਰਾਂਸਪੋਰਟ ਇਸ ਲਈ ਵੀ ਦਿਲਚਸਪ ਸੀ ਕਿ ਇੱਥੇ ਹਰ ਵਾਰ ਕੋਈ ਨਾ ਕੋਈ ਕਹਾਣੀ ਮਿਲ ਜਾਂਦੀ ਸੀ। ਇਸ ਵਾਰ ਉਸ ਦੇ ਨਾਲ ਵਾਲੀ ਸੀਟ ’ਤੇ ਬੈਠਾ ਮੁਸਾਫਰ ਡਾਕਟਰ ਦੇਵ ਨਿਕਲਿਆ ਜੋ ਇੱਕ ਨਿਊਰੋਲੋਜਿਸਟ ਸੀ, ਜਿਸ ਨੇ ਸ਼ਾਂਤੀ ਮਾਂ ਦੇ ਸਲਾਹਕਾਰਾਂ ਵਿੱਚੋਂ ਕਿਸੇ ਨੂੰ ਕਾਨੂੰਨ ਬਦਲਣ ਸਬੰਧੀ ਮਿਲਣ ਜਾਣਾ ਸੀ।

ਗੱਲਬਾਤ ਸ਼ੁਰੂ ਹੋਈ ਤਾਂ ਡਾਕਟਰ ਦੇਵ ਨੇ ਸਭ ਤੋਂ ਪਹਿਲਾਂ ਆਪਣੇ ਦਿਲ ਦੀ ਭੜਾਸ ਕੱਢੀ: “ਮੈਂ ਹਸਪਤਾਲ ਵਿੱਚ ਸਪੈਸ਼ਲਿਸਟ ਹਾਂ, ਪਰ ਮੇਰੀ ਤਨਖਾਹ ਹਰ ਔਰਤ ਡਾਕਟਰ ਨਾਲੋਂ ਘੱਟ ਹੈ, ਇੱਥੋਂ ਤੱਕ ਕਿ ਕਈ ਸੀਨੀਅਰ ਔਰਤ ਨਰਸਾਂ ਵੀ ਮੇਰੇ ਨਾਲੋਂ ਵੱਧ ਕਮਾਈ ਕਰ ਰਹੀਆਂ ਹਨ।”

ਫਿਰ ਉਹ ਅਸਲੀ ਮੁੱਦੇ ’ਤੇ ਆ ਗਿਆ, “ਅਸੀਂ ਚਾਹੁੰਦੇ ਹਾਂ ਕਿ ਹੁਣ ਸੰਪਤੀ ਮਰਦਾਂ ਦੇ ਨਾਮ ਵੀ ਹੋਵੇ। ਅੱਜ ਤੱਕ ਸਿਰਫ਼ ਔਰਤਾਂ ਹੀ ਸੰਪਤੀ ਦੀਆਂ ਹੱਕਦਾਰ ਹਨ। ਮਾਂ ਦੀ ਸੰਪਤੀ ਸਿੱਧੀ ਧੀ ਨੂੰ ਜਾਂਦੀ ਹੈ। ਇੱਥੋਂ ਤੱਕ ਕਿ ਲੜਕੇ ਦੇ ਦਾਜ ਵਿੱਚ ਵੀ ਮਾਂ ਨੂੰ ਸੰਪਤੀ ਜਾਂ ਤਾਂ ਸਾਥਣ ਦੇ ਨਾਮ ਕਰਨੀ ਪੈਂਦੀ ਹੈ ਜਾਂ ਫਿਰ ਸੱਸ ਦੇ ਨਾਮ ਲਾਉਣੀ ਪੈਂਦੀ ਹੈ।”

ਮਾਰਟਿਨ ਨੂੰ ਇਲਮ ਹੋ ਗਿਆ ਕਿ ਇੱਥੇ ਪਤੀ-ਪਤਨੀ ਲਈ ‘ਸਾਥੀ’ ਅਤੇ ‘ਸਾਥਣ’ ਵਰਗੇ ਸ਼ਬਦ ਵਰਤੇ ਜਾਂਦੇ ਸਨ। ਪ੍ਰੋਫੈਸਰ ਗਿਆਨ ਦੇਵੀ ਨੂੰ ਮਿਲਣ ਤੋਂ ਪਹਿਲਾਂ ਇਹ ਜਾਣਕਾਰੀ ਉਸ ਲਈ ਕਾਫ਼ੀ ਮਦਦਗਾਰ ਸਾਬਤ ਹੋਈ।

ਦੂਜੀ ਮੰਜ਼ਿਲ ’ਤੇ ਸਥਿਤ ਪ੍ਰੋਫੈਸਰ ਦਾ ਦਫ਼ਤਰ ਪਿਛਲੇ ਪਾਸੇ ਦੀ ਝੀਲ ਅਤੇ ਫੁੱਲਾਂ ਦੇ ਨਜ਼ਾਰੇ ਵਾਲਾ ਸੀ। ਇਹ ਦ੍ਰਿਸ਼ ਉਸ ਦੀ ਸੁੰਦਰਤਾ ਨੂੰ ਹੋਰ ਵੀ ਨਿਖਾਰ ਰਿਹਾ ਸੀ। ਮਾਰਟਿਨ ਨੇ ਆਪਣੇ ਆਪ ’ਤੇ ਕਾਬੂ ਰੱਖਿਆ ਹੋਇਆ ਸੀ, ਨਹੀਂ ਤਾਂ ਇਸ ਸੁੰਦਰ ਹੂਰਾਂ ਦੇ ਟਾਪੂ ਵਿੱਚ ਉਸ ਦੇ ਜੇਲ੍ਹ ਜਾਣ ਦਾ ਇੰਤਜ਼ਾਮ ਹੋ ਜਾਣਾ ਸੀ। ਔਰਤਾਂ ਦੇ ਰਾਜ ਵਾਲੇ ਇਸ ਟਾਪੂ ਵਿੱਚ ਸੁਹੱਪਣ ਸਿਰਫ਼ ਇੱਕ ਚੁੰਬਕ ਵਾਂਗ ਖਿੱਚਦਾ ਹੀ ਨਹੀਂ ਸੀ, ਉਹ ਇੱਕ ਅਜਿਹੀ ਤਾਕਤ ਸੀ ਜੋ ਮਾਰਟਿਨ ਨੂੰ ਆਪਣੇ ਨੇੜੇ ਵੀ ਬੁਲਾ ਰਹੀ ਸੀ ਅਤੇ ਡਰ ਨਾਲ ਦੂਰ ਵੀ ਰੱਖ ਰਹੀ ਸੀ।

ਪ੍ਰੋਫੈਸਰ ਨੇ ਜ਼ਿਆਦਾ ਸਮਾਂ ਬਰਬਾਦ ਨਹੀਂ ਕੀਤਾ। ਮਾਰਟਿਨ ਦੇ ਸੁਆਲ ਪੁੱਛਣ ਤੋਂ ਪਹਿਲਾਂ ਹੀ ਉਹ ਬੋਲੀ, “ਸਾਡੇ ਸਾਹਮਣੇ ਦੋ ਬਹੁਤ ਵੱਡੇ ਕਾਨੂੰਨੀ ਸੁਧਾਰ ਬਾਕੀ ਹਨ। ਸ਼ਾਂਤੀ ਮਾਂ ਹਰ ਹਫ਼ਤੇ ਇਨ੍ਹਾਂ ਬਾਰੇ ਰਿਪੋਰਟ ਮੰਗਦੀ ਹੈ।”

ਮਾਰਟਿਨ ਇਕਦਮ ਉਤਾਵਲਾ ਹੋ ਗਿਆ, ਇਹ ਕਿਹੜੇ ਮਸਲੇ ਹੋ ਸਕਦੇ ਹਨ? ਸ਼ਾਇਦ ਉਹ ਆਪਣੇ ਬਲਾਗ ਵਿੱਚ ਇਹ ਲਿਖਣ ਵਾਲਾ ਪਹਿਲਾ ਲੇਖਕ ਬਣੇ।

ਪ੍ਰੋਫੈਸਰ ਨੇ ਚਾਹ ਦਾ ਘੁੱਟ ਭਰਦਿਆਂ ਗੱਲ ਜਾਰੀ ਰੱਖੀ, “ਇੱਕ ਮਸਲਾ ਇਹ ਹੈ ਕਿ ਔਰਤਾਂ ਲਈ ਤਿੰਨ ਸ਼ਾਦੀਆਂ ਦੀ ਇਜਾਜ਼ਤ ਨੂੰ ਘਟਾ ਕੇ ਦੋ ਕਰ ਦਿੱਤਾ ਜਾਵੇ।”

ਮਾਰਟਿਨ ਤੋਂ ਰਿਹਾ ਨਾ ਗਿਆ, “ਫਿਰ ਔਰਤ ਤੇ ਮਰਦ ਦੋਹਾਂ ਲਈ ਇੱਕ ਹੀ ਸ਼ਾਦੀ ਕਿਉਂ ਨਹੀਂ?”

ਪ੍ਰੋਫੈਸਰ ਨੇ ਬਿਨਾਂ ਰੁਕੇ ਜਵਾਬ ਦਿੱਤਾ, “ਮਰਦਾਂ ਨੂੰ ਤਾਂ ਸਿਰਫ਼ ਇੱਕ ਸ਼ਾਦੀ ਦੀ ਹੀ ਇਜਾਜ਼ਤ ਹੈ। ਅਸੀਂ ਹੁਣ ਔਰਤਾਂ ਲਈ ਤਿੰਨ ਤੋਂ ਦੋ ਕਰ ਰਹੇ ਹਾਂ। ਪਹਿਲਾਂ ਤਾਂ ਔਰਤ ਦੀਆਂ ਦਸ-ਬਾਰਾਂ ਸ਼ਾਦੀਆਂ ਆਮ ਸਨ, ਇਸ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਔਰਤਾਂ ਅਕਸਰ ਕੁਆਰੀਆਂ ਹੀ ਰਹਿ ਜਾਂਦੀਆਂ ਸਨ।”

ਗੱਲਬਾਤ ਦੌਰਾਨ ਮਾਰਟਿਨ ਨੂੰ ਇਹ ਵੀ ਪਤਾ ਲੱਗਿਆ ਕੇ ਚਾਹ ਲਿਆਉਣ ਵਾਲਾ ਵਿਅਕਤੀ ਦਰਅਸਲ ਪ੍ਰੋਫੈਸਰ ਦਾ ਤੀਜਾ ਸਾਥੀ ਸੀ। ਪ੍ਰੋਫੈਸਰ ਵੱਲੋਂ ਪੇਸ਼ ਕੀਤਾ ਦੂਜਾ ਮਸਲਾ ਵੀ ਤਿੰਨ ਤੇ ਦੋ ਦੀ ਉਲਝਣ ਵਿੱਚ ਫਸਿਆ ਹੋਇਆ ਸੀ।

“ਦੂਜਾ ਮਸਲਾ ਗਵਾਹੀ ਦਾ ਹੈ, ਜਿੱਥੇ ਤਿੰਨ ਮਰਦਾਂ ਦੀ ਗਵਾਹੀ ਇੱਕ ਔਰਤ ਦੇ ਬਰਾਬਰ ਮੰਨੀ ਜਾਂਦੀ ਹੈ।”

ਪ੍ਰੋਫੈਸਰ ਪਹਿਲੀ ਵਾਰ ਮੁਸਕਰਾਈ। ਮੋਤੀਆਂ ਵਰਗੇ ਦੰਦ, ਸੰਤਰੇ ਦੀਆਂ ਫਾੜੀਆਂ ਵਰਗੇ ਗੁਲਾਬੀ ਬੁੱਲਾਂ ਦੇ ਪਿੱਛੇ ਝਲਕ ਰਹੇ ਸਨ ਜਿਵੇਂ ਗੱਲਾਂ ਵਿੱਚ ਪਏ ਟੋਏ ਨੂੰ ਆਪਣੀ ਹਾਜ਼ਰੀ ਦਰਜ ਕਰਵਾਉਣਾ ਚਾਹੁੰਦੇ ਹੋਣ।

ਮਾਰਟਿਨ ਨੂੰ ਇੱਕ ਪਲ ਲਈ ਲੱਗਿਆ ਸ਼ਾਇਦ ਹੁਣ ਵਾਪਸ ਮੁੜ ਜਾਣਾ ਹੀ ਠੀਕ ਰਹੇਗਾ। ਇਸ ਮੁਸਕਰਾਹਟ ਨੇ ਉਸ ਦੇ ਸਾਰੇ ਸੁਆਲ ਕਿਤੇ ਗੁੰਮ ਕਰ ਦਿੱਤੇ ਸਨ,

ਪਰ ਪ੍ਰੋਫੈਸਰ ਨੇ ਗੱਲ ਜਾਰੀ ਰੱਖੀ, “ਅਸੀਂ ਚਾਹੁੰਦੇ ਹਾਂ ਕਿ ਇੱਕ ਔਰਤ ਦੀ ਗਵਾਹੀ ਦੋ ਮਰਦਾਂ ਦੇ ਬਰਾਬਰ ਕਰ ਦਿੱਤੀ ਜਾਵੇ।”

ਹੁਣ ਮਾਰਟਿਨ ਦੇ ਅੰਦਰਲੇ ਸੁਆਲ ਜਿਵੇਂ ਖਾਮੋਸ਼ ਹੋ ਚੁੱਕੇ ਸਨ ਤੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ। ਅਗਲੇ ਕੁਝ ਸ਼ਬਦ ਉਸ ਦੇ ਪੱਲੇ ਨਾ ਪਏ। ਇਜਾਜ਼ਤ ਲੈ ਕੇ ਉਹ ਉੱਠਿਆ ਅਤੇ ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਹ ਆਪਣੇ ਸਰੀਰ ਨਾਲ ਹੀ ਉੱਥੇ ਬੈਠਾ ਸੀ।

“ਥੋੜ੍ਹਾ ਹੋਰ ਠਹਿਰ ਜਾਂਦਾ, ਹੋਰ ਸਮੱਗਰੀ ਇਕੱਠੀ ਕਰ ਲੈਂਦਾ, ਬਲਾਗ ਹੋਰ ਵੀ ਦਿਲਚਸਪ ਬਣ ਸਕਦਾ ਸੀ।’’ ਏਅਰਪੋਰਟ ’ਤੇ ਬੈਠੇ ਮਾਰਟਿਨ ਦੇ ਮਨ ਵਿੱਚ ਇਹੀ ਖ਼ਿਆਲ ਮੁੜ ਮੁੜ ਉੱਭਰ ਰਹੇ ਸਨ, ਪਰ ਹਰ ਵਾਰ ਉਸੇ ਪਲ ਕਾਲੇ ਟਾਪੂ ਵਾਲੀ ਜੇਲ੍ਹ ਦੀ ਯਾਦ ਉਸ ਨੂੰ ਵਾਪਸ ਹਕੀਕਤ ਵਿੱਚ ਖਿੱਚ ਲੈਂਦੀ ਸੀ।

ਵਾਪਸ ਜਾ ਕੇ ਮਾਰਟਿਨ ਨੇ ਲੜੀਵਾਰ ਬਲਾਗ ਛਾਪਣਾ ਸ਼ੁਰੂ ਕੀਤਾ, ਸਿਰਲੇਖ ਸੀ: “ਇੱਕ ਅਨੋਖਾ ਟਾਪੂ, ਵੱਖਰੇ ਸਮਾਜਿਕ ਰਿਸ਼ਤੇ।”

ਕੁਝ ਲੋਕ ਖੁਸ਼ ਸਨ, ਕੁਝ ਲੋਕ ਚੰਗਾ-ਮਾੜਾ ਕਹਿ ਰਹੇ ਸਨ, ਪਰ ਮਾਰਟਿਨ ਜ਼ਰੂਰ ਖੁਸ਼ ਸੀ।

ਸੰਪਰਕ: 604-729-4592

Advertisement
×