ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਖਦੇਵ ਸਿੱਧੂ

ਅਮਰੀਕਾ ’ਚ ਸਿਸਕੋ ਵੱਡੀ ਕੰਪਨੀ ਹੈ। ਇਹ ਕੈਲੀਫੋਰਨੀਆ ਦੇ ਸਾਂ ਹੋਜ਼ੇ ਸ਼ਹਿਰ ’ਚ ਹੈ - ਇਸ ਸ਼ਹਿਰ ’ਚ ਭਾਰਤੀ ਵੀ ਵਾਹਵਾ ਹਨ। ਕੰਪਨੀ ਦਾ ਦਾਰੋਮੁਦਾਰ ਕੰਪਿਊਟਰ ਟੈਕਨਾਲੋਜੀ ਨਾਲ ਹੈ। ਇਸਦੀ ਮੋਹੜੀ ਗੱਡਣ ਵਾਲੇ ਸੈਂਡੀ ਲਰਨਰ ਤੇ ਲੈਨਰਡ ਬੋਸਕੇ ਦੋਵੇਂ ਮੀਆਂ ਬੀਵੀ ਅਮਰੀਕੀ ਸਨ। ਦੋਹਾਂ ਦਾ ਸਟੈਨਫਰਡ ਦੇ ਬਿਜ਼ਨਸ ਸਕੂਲ ’ਚ ਮੇਲ ਹੋਇਆ ਤੇ 1980 ’ਚ ਆਪਸ ’ਚ ਵਿਆਹੇ ਗਏ। ਰਲ ਕੇ 1984 ’ਚ ਸਿਸਕੋ ਸ਼ੁਰੂ ਕਰ ਲਈ। ਆਪਸ ’ਚ ਨਿਭੀ ਨਹੀਂ ਤਾਂ ਵੱਖਰੇ ਹੋ ਗਏ। ਕੰਪਨੀ ਦਾ ਪਸਾਰਾ ਵੱਡਾ ਹੈ, ਸੋ ਚਲੀ ਜਾਂਦੀ ਹੈ। ਕੰਪਨੀ ’ਚ ਕੰਮ ਕਰਨ ਵਾਲੇ ਤਿੰਨ ਚੌਥਾਈ ਭਾਰਤੀ ਹਨ। ਬਹੁਤ ਭਾਰਤੀ ਇੰਜੀਨੀਅਰ ਹਨ, ਪਰ ਜਾਤ ਦਾ ਕੋਹੜ ਨਾਲ ਹੀ ਲੈ ਆਏ। ਸਿਲੀਕੌਨ ਵੈਲੀ ਦੀ ਕੰਪਨੀ ਸਿਸਕੋ ਦੇ ਕਰਮਚਾਰੀਆਂ ਵਿਚ ਅਨੇਕਾਂ ਭਾਰਤੀ ਪਰਵਾਸੀ ਸ਼ਾਮਲ ਹਨ- ਕੁੱਲ ਕਾਮਿਆਂ ਦੀ ਪਝੱਤਰ ਫੀਸਦੀ। ਇਨ੍ਹਾਂ ਵਿਚੋਂ ਬਹੁਤੇ ਬ੍ਰਾਹਮਣ ਜਾਂ ਹੋਰ ਉੱਚ ਜਾਤੀਆਂ ਦੇ ਹਨ। ਕਿਸੇ ਮੁਲਾਜ਼ਮ ਨੇ 2016 ਵਿਚ ਪੀੜਤ ਦੇ ਦਲਿਤ ਹੋਣ ਦਾ ਭੇਦ ਹੋਰਾਂ ਕੋਲ ਖੋਲ੍ਹ ਦਿੱਤਾ। ਪੀੜਤ ਨੇ ਬੁਰਾ ਮਨਾਇਆ।

ਉੱਪਰਲੇ ਮੈਨੇਜਰਾਂ ਨੂੰ ਸ਼ਿਕਾਇਤ ਵੀ ਕੀਤੀ। ਵੱਡੇ ਮੈਨੇਜਰਾਂ ਨੇ ਕਹਿ ਦਿੱਤਾ ਕਿ ਅਮਰੀਕਾ ’ਚ ਜਾਤ ਦੇ ਆਧਾਰ ’ਤੇ ਵਿਤਕਰਾ ਗ਼ੈਰਕਾਨੂੰਨੀ ਨਹੀਂ ਹੈ। ਇਸ ਨਾਲ ਦੂਜਿਆਂ ਦੇ ਹੌਸਲੇ ਵਧ ਗਏ ਤੇ ਪੀੜਤ ਨੂੰ 2018 ਤੀਕ ਇਹ ਸਭ ਕੁਝ ਸਹਿਣਾ ਪਿਆ, ਪਰ ਪੀੜਤ 2015 ਤੋਂ ਇਸੇ ਕੰਪਨੀ ’ਚ ਪ੍ਰਿੰਸੀਪਲ ਇੰਜੀਨੀਆਰ ਦੇ ਅਹੁਦੇ ’ਤੇ ਕੰਮ ਕਰਦਾ ਰਿਹਾ। ਜਾਤੀਸੂਚਕ ਨਾਵਾਂ ਨਾਲ ਬੁਲਾ ਕੇ ਉਸ ਨੂੰ ਕਈ ਵਾਰ ਬੇਇੱਜ਼ਤ ਕੀਤਾ ਜਾਂਦਾ ਸੀ। ਸਿਸਕੋ ਕੰਪਨੀ ਖ਼ਿਲਾਫ਼ ਕੇਸ ਇਹ ਹੈ ਕਿ ਇਸਨੇ ਦਲਿਤ ਇੰਜੀਨੀਅਰ ਨਾਲ ਹੋ ਰਹੇ ਵਿਤਕਰੇ ਤੋਂ ਉਸਦਾ ਬਚਾਅ ਨਹੀਂ ਕੀਤਾ। ਭਾਵੇਂ ਅਮਰੀਕਾ ਦੇ ਕਾਨੂੰਨ ਵਿਚ ਸਿਰਫ਼ ਜਾਤ ਕਰਕੇ ਕਿਸੇ ਨਾਲ ਵਿਤਕਰਾ ਕਰਨਾ ਕਿਸੇ ਕਾਨੂੰਨੀ ਘੇਰੇ ਵਿਚ ਸਿੱਧਾ ਤਾਂ ਨਹੀਂ ਆਉਂਦਾ, ਪਰ ਕੈਲੀਫੋਰਨੀਆ ਸਟੇਟ ਦਾ ਨਿਰਪੱਖ ਰੁਜ਼ਗਾਰ ਤੇ ਘਰਾਂ ਦਾ ਕਾਨੂੰਨ ਦਲਿਤ ਭਾਈਚਾਰੇ ਨਾਲ ਹੁੰਦੇ ਧੱਕੇ ਨੂੰ ਅਾਪਣੀ ਜ਼ੱਦ ਵਿਚ ਲੈ ਸਕੇਗਾ। ਕੇਸ ਅਾਪਣੇ ਤੌਰ ’ਤੇ ਸਮਾਜਿਕ ਵਖਰੇਵੇਂ ਦੇ ਅਭਿਆਨ ਵਜੋਂ ਜਾਤੀ ਵਿਤਕਰੇ (ਭਾਰਤੀ ਜਾਤ ਪ੍ਰਥਾ) ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੈ ਆਇਆ ਹੈ। ਇਤਿਹਾਸਕ ਮੂਲ ਅਨੁਸਾਰ ਜਾਤ ਤੇ ਨਸਲ ਦੇ ਆਧਾਰ ਵਿਚਲੀਆਂ ਸਾਮਾਨਤਾਵਾਂ ’ਤੇ ਇਹ ਕੇਸ ਵਿਚਾਰਿਆ ਜਾਣਾ ਹੈ। ਇਤਿਹਾਸਕ ਪਿਛੋਕੜ ਅਤੇ ਜਾਤ ਦੇ ਵੱਖਰੇ ਵਰਗਾਂ ਦੇ ਨਤੀਜਿਆਂ ਦੀ ਚੀਰ ਫਾੜ ਤਹਿਤ ਅਛੂਤਤਾ ਦੇ ਮਸਲਿਆਂ ਨੂੰ ਸਮਝਣ ਦਾ ਤੁਲਨਾਤਮਕ ਕੰਮ ਹੋ ਸਕੇਗਾ।

ਕੈਨੇਡਾ ਦੀ ਐੱਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਹੁਣੇ ਜਿਹੇ ਰੌਲਾ ਪਾਇਆ ਕਿ ਉਸ ਨਾਲ ਵਿਤਕਰਾ ਹੋਇਆ। ਵੱਖਵਾਦੀ (ਕਿਊਬੈੱਕ ਨੂੰ ਵੱਖਰਾ ਮੁਲਕ ਮੰਗਣ ਵਾਲੇ) ਪਾਰਟੀ ਨੇ ਜਗਮੀਤ ਦੇ ਕਿਸੇ ਮੁੱਦੇ ਦੀ ਹਮਾਇਤ ਨਾ ਕੀਤੀ। ਉਸਨੇ ਕਿਸੇ ਹੋਰ ਨੂੰ ਨਸਲਵਾਦੀ ਕਿਹਾ। ਜਗਮੀਤ ਨੂੰ ਇਸ ਕਰਕੇ ਪਾਰਲੀਮੈਂਟ ’ਚੋਂ ਕੱਢ ਦਿੱਤਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਗਮੀਤ ਸਿੰਘ ਦੀ ਹਮਾਇਤ ਕੀਤੀ। ਕੀ ਇਹ ਪੈਮਾਨਾ ਪੰਜਾਬ ਜਾਂ ਭਾਰਤ ’ਚ ਲਾਗੂ ਹੋ ਸਕਦਾ ਹੈ।

ਪਾਕਿਸਤਾਨ ’ਚ ਹਾਲ ਹੀ ਵਿਚ ਕਿਸੇ ਈਸਾਈ ਨੇ ਸਾਹ ਛੱਡੇ ਹਨ। ਉਸਨੇ ਰਤਾ ਕੁ ਸਰਦੇ ਇਲਾਕੇ ’ਚ ਮਕਾਨ ਖ਼ਰੀਦਿਆ ਸੀ। ਨਦੀਮ ਜੋਸਫ਼ ਨੇ ਛੇ ਲੱਖ ਰੁਪੲੇ ਦੇ ਸੌਦੇ ’ਚੋਂ ਸਾਰੀ ਰਕਮ ਅਜੇ ਤਾਰੀ ਨਹੀਂ ਸੀ। ਪਾਕਿਸਤਾਨ ’ਚ ਧਾਰਮਿਕ ਘੱਟ ਗਿਣਤੀਆਂ ਖਿਲਾਫ਼ ਅੱਤਿਆਚਾਰ ਪਹਿਲਾਂ ਤੋਂ ਹੀ ਹੁੰਦੇ ਆ ਰਹੇ ਹਨ। ਪਾਕਿਸਤਾਨ ’ਚ ਖ਼ਾਸ ਕਰਕੇ ਈਸਾਈਆਂ ਨਾਲ ਵਿਤਕਰੇ ਦਾ ਹੱਦ ਬੰਨਾ ਨਹੀਂ ਹੈ। ਅਜਿਹੀ ਹੀ ਘਟਨਾ ’ਚ ਮੁਸਲਮਾਨ ਬਹੁਗਿਣਤੀ ਵਾਲੇ ਗੁਆਂਢ ’ਚ ਘਰ ਖ਼ਰੀਦ ਲੈਣ ਕਾਰਨ ਦੋ ਈਸਾਈਆਂ ਨੂੰ ਗੋਲੀ ਮਾਰ ਦਿੱਤੀ ਗਈ। ਸਲਮਾਨ ਖ਼ਾਨ ਜੋ ਨਦੀਮ ਜੋਸਫ਼ ਦੇ ਐਨ ਸਾਹਮਣੇ ਵਾਲੇ ਮਕਾਨ ’ਚ ਰਹਿੰਦਾ ਹੈ। ਜਦੋਂ ਸਲਮਾਨ ਨੂੰ ਪਤਾ ਲੱਗਾ ਕਿ ਨਦੀਮ ਈਸਾਈ ਹੈ ਤਾਂ ਉਨ੍ਹਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਬਾਰ ਬਾਰ ਕਿਹਾ ਕਿ ਉਹ ਮਕਾਨ ਛੱਡ ਕੇ ਚਲੇ ਜਾਣ। ਨਦੀਮ ਨੂੰ ਕਿਹਾ ਕਿ ਈਸਾਈ ਵੀ ਸਾਡੇ ਯਹੂਦੀਆਂ ਵਾਂਗ ਦੁਸ਼ਮਣ ਹੀ ਹਨ। ਇਹ ਦੁਰਘਟਨਾ ਪੇਸ਼ਾਵਰ ਦੀ ਟੀਵੀ ਕਾਲੋਨੀ ’ਚ ਵਾਪਰੀ। ਅਖ਼ੀਰ ’ਚ ਨਦੀਮ ਜੋਸਫ਼ ਨੂੰ 4 ਜੂਨ, 2020 ਨੂੰ ਅਲਟੀਮੇਟਮ ਦੇ ਦਿੱਤਾ ਕਿ ਜੇ ਉਹ ਹੁਣੇ ਨਾ ਗਏ ਤਾਂ ਬੁਰਾ ਹੋਏਗਾ। ਨਦੀਮ ਨੇ ਇਸ ਵੱਲ ਧਿਆਨ ਨਾ ਦਿੱਤਾ। ਸਲਮਾਨ ਖ਼ਾਨ ਅਤੇ ਉਸਦੇ ਪੁੱਤਰਾਂ ਨੇ ਬੇਰਹਿਮੀ ਨਾਲ ਨਦੀਮ ਤੇ ਉਸਦੀ ਸੱਸ ਐਲਿਜ਼ਾਬਿਥ ਤੇ ਸਾਲੇ ਮਸੀਹ ’ਤੇ ਹਮਲਾ ਕਰ ਦਿੱਤਾ। ਨਦੀਮ ਦੇ ਢਿੱਡ ’ਚ ਦੋ ਗੋਲੀਆਂ ਮਾਰੀਆਂ ਤੇ ਉਸਦੀ ਸੱਸ ਤੇ ਸਾਲੇ ਦੇ ਲੱਤ ਤੇ ਬਾਂਹ ’ਚ। ਪੁਲੀਸ ਨੇ ਸਲਮਾਨ ਖ਼ਾਨ ਦੇ ਪਰਿਵਾਰ ਦੇ ਹੋਰ ਜੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ, ਪਰ ਮੁਲਜ਼ਮ ਅਜੇ ਫੜਿਆ ਨਹੀਂ ਗਿਆ। ਪੁਲੀਸ ਸਲਮਾਨ ਖ਼ਾਨ ਦੀ ਭਾਲ ਵਿਚ ਹੈ। ਨਦੀਮ ਜੋਸਫ਼ ਨੂੰ ਹਮਲੇ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਪੰਜਵੇਂ ਅਪਰੇਸ਼ਨ ਦੀ ਤਾਬ ਨਾ ਝੱਲਦਾ ਹੋਇਆ ਉਹ 29 ਜੂਨ, 2020 ਨੂੰ ਦਮ ਤੋੜ ਗਿਆ।

ਵਲਾਇਤ ’ਚ ਕੋਈ ਖੱਬੇ ਪੱਖੀ ਲੀਡਰ ਕਹਿੰਦਾ ਸੀ ਕਿ ਵਲਾਇਤ ’ਚ ਜਾਤਪਾਤ ਨਹੀਂ ਹੈ ਤੇ ਇਸ ਆਧਾਰ ’ਤੇ ਵਿਤਕਰਾ ਨਹੀਂ ਹੁੰਦਾ। ਕਿਸੇ ਨੇ ਮੋੜਵਾਂ ਸਵਾਲ ਪੁੱਛ ਲਿਆ; ਹੋਰ ਗੱਲਾਂ ਛੱਡੋ, ਇੰਨੇ ਸਾਰੇ ਗੁਰਦੁਆਰਾ ਸਾਹਿਬਾਨ ਜਾਤਾਂ ਦੇ ਨਾਂ ’ਤੇ ਕਿਉਂ ਬਣੇ ਹੋਏ ਹਨ। ਇਕ ਦੂਜੇ ਦੇ ਗੁਰਦੁਆਰਿਆਂ ’ਚ ਆਪੇ ਥੋਪੀ ਅਣਲਿਖੀ ਮਨਾਹੀ ਹੈ। ਇੱਥੋਂ ਦੇ ਕਿਸੇ ਸ਼ਹਿਰ ਦੀ ਵਕੀਲਾਂ ਦੀ ਫਰਮ ’ਚ ਦਲਿਤ ਵਕੀਲ ਸੀ। ਉਸਨੇ ਜਾਤ ਦੀ ਬਿਨਾਹ ’ਤੇ ਕੋਰਟ ਵਿਚ ਕੇਸ ਕੀਤਾ ਸੀ। ਉਸਦੀ ਘਰਵਾਲੀ ਵੀ ਉੱਚੀ ਸਮਝੀ ਜਾਂਦੀ ਜਾਤ ਦੀ ਸੀ। ਵਲਾਇਤ ਦੀ ਕਾਨੂੰਨ ਵਿਵਸਥਾ ’ਚ ਜਾਤਪਾਤ ਦੀ ਬਿਨਾਹ ’ਤੇ ਵਿਤਕਰੇ ਹੋਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਕੇਸ ਸਿਰੇ ਨਹੀਂ ਚੜ੍ਹਿਆ। ਜਦੋਂ ਇਹ ਗੱਲ ਉੱਭਰੀ ਕਿ ਜਾਤ ਅਾਧਾਰਿਤ ਵਿਤਕਰੇ ਨੂੰ ਬਾਕੀ ਦੇ ਵਿਤਕਰਿਆਂ ਵਾਂਗ ਬਰਾਬਰੀ ਦੇ ਕਾਨੂੰਨ ’ਚ ਸ਼ਾਮਲ ਕੀਤਾ ਜਾਵੇ ਤਾਂ ਹਿੰਦੂਆਂ ਨੇ ਇਸਦਾ ਨਿੱਠ ਕੇ ਵਿਰੋਧ ਕੀਤਾ ਤੇ ਸਰਕਾਰੇ ਦਰਬਾਰੇ ਅਾਪਣਾ ਅਸਰ ਰਸੂਖ ਵੀ ਵਰਤਿਆ। ਵਿਰੋਧ ਸਿੱਖਾਂ ਨੇ ਵੀ ਇਸਦਾ ਕੀਤਾ ਸੀ। ਸਿੱਖਾਂ ਦੀ ਦਲੀਲ ਸੀ ਕਿ ਸਾਡੇ ਤਾਂ ਲੰਗਰ ਹੈ, ਬਾਬੇ ਨਾਨਕ ਨੇ ਤਾਂ ਸਭ ਦੇ ਸਮਾਨ ਹੋਣ ਬਾਰੇ ਕਿਹਾ ਵੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਕੋਈ ਅਹਿਮੀਅਤ ਨਾ ਦਿੱਤੀ ਕਿ ਪੱਬਾਂ-ਕਲੱਬਾਂ ਦੇ ਨਾਮ ਜਾਤਾਂ ਦੇ ਨਾਂ ’ਤੇ ਕਿਉਂ ਰੱਖੇ ਜਾਂਦੇ ਹਨ।

ਪੰਜਾਬ ’ਚ ਬਾਬੇ ਨਾਨਕ ਨੇ ਹਿੰਦੂ ਕੁਰੀਤੀਆਂ ਖਿਲਾਫ਼ ਲਹਿਰ ਚਲਾਈ, ਪਰ ਉਸ ਬਾਬੇ ਦੇ ਦੇਸ਼ ’ਚ ਪਿਛਲੇ ਦਿਨਾਂ ’ਚ ਕਈ ਗੱਲਾਂ ਵਾਪਰੀਆਂ। ਭਾਈ ਨਿਰਮਲ ਸਿੰਘ ਰਾਗੀ ਦੀ ਮੌਤ ਤੋਂ ਪਹਿਲਾਂ ਚਾਰ ਹੋਰ ਪੰਜਾਬੀ ਕਰੋਨਾ ਦੀ ਮਾਰ ਹੇਠ ਆਏ ਸਨ। ਇਹ ਸੁਆਲ ਸਹੀ ਨਹੀਂ ਕਿ ਉਨ੍ਹਾਂ ਦੇ ਸਸਕਾਰ ਕਿਵੇਂ ਹੋਏ ਸਨ? ਬਦਕਿਸਮਤੀ ਨਾਲ ਉਸਤੋਂ ਬਾਅਦ ਹੋਰ ਬਹੁਤ ਕਰੋਨਾ ਦੀ ਮਾਰ ਹੇਠ ਆਏ ਹਨ। ਉਨ੍ਹਾਂ ਦੇ ਮੁਰਦਾ ਸਰੀਰਾਂ ਦੀ ਬੇਅਦਬੀ ਕਿੰਨੀ ਕੁ ਹੋਈ ਹੈ? ਪਹਿਲਾਂ ਏਸੇ ਉੱਚ ਦੁਮਾਲੜੇ ਰਾਗੀ ਨੇ ਅਖ਼ਬਾਰਾਂ ਨੂੰ ਚਿੱਠੀ ਲਿਖ ਕੇ ਮਨ ਹੌਲਾ ਕੀਤਾ ਸੀ ਕਿ ਕਿਸੇ ਵੱਡੇ ਰੁਤਬੇ ਵਾਲੇ ਕਰਮਚਾਰੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਸ਼ਰੇਆਮ ਇਸਨੂੰ ਉਹ ਗੱਲਾਂ ਕਹੀਆਂ ਸਨ ਜੋ ਇੱਥੇ ਲਿਖੀਆਂ ਨਹੀਂ ਜਾ ਸਕਦੀਆਂ।

ਸੋਸ਼ਲ ਮੀਡੀਆ ’ਤੇ ਦਲਿਤਾਂ ਪ੍ਰਤੀ ਨਫ਼ਰਤ ਆਮ ਦਿਸਦੀ-ਸੁਣਦੀ ਹੈ। ਕਿਸੇ ਸਰਕਾਰ ਜਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਇਸਦਾ ਕੋਈ ਨੋਟਿਸ ਨਹੀਂ ਲਿਆ। ਪੰਚਾਇਤੀ ਜ਼ਮੀਨ ਦੇ ਰੌਲੇ ਤੋਂ ਕਤਲ ਤੇ ਮਾਰ ਕੁੱਟ ਹੋਈ। ਸਕੂਲ ਪੜ੍ਹਦੀ ਹੁਸ਼ਿਆਰ ਬੱਚੀ ਨੂੰ ਜਾਤ ਦੇ ਨਾਂ ’ਤੇ ਜ਼ਲੀਲ ਕੀਤਾ ਗਿਆ। ਨਿਹੰਗ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਨੂੰ ਉਜਰ ਕੀਤਾ ਹੈ ਕਿ ਉਨ੍ਹਾਂ ਨਾਲ ਅੰਮ੍ਰਿਤਪਾਨ ਵੇਲੇ ਵੀ ਵਿਤਕਰਾ ਕੀਤਾ ਜਾਂਦਾ ਹੈ ਜਾਂ ਵਿਧੀ ਅਨੁਸਾਰ ਨਹੀਂ ਛਕਾਇਆ ਜਾਂਦਾ। ਇਹ ਤਾਂ ਕਿਸੇ ਭਾਂਤ ਦੀ ਪਹਿਲੀ ਦੁਤਕਾਰ ਹੀ ਹੋਈ। ਕਿਸੇ ਗੁਰਦੁਆਰੇ ’ਚ ਦਲਿਤਾਂ ਨੂੰ ਪ੍ਰਸਾਦ ਦੇਣ ਦੀ ਵੱਖਰੀ ਥਾਂ ਹੈ। ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਤੋਂ ਬਹੁਤਾ ਦੂਰ ਨਹੀਂ। ਮੰਦੀ ਭਾਸ਼ਾ ਤਾਂ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੀ। ਬਾਬੇ ਦੀ ਸਿੱਖਿਆ ਹੀ ਫਿੱਕਾ ਨਾ ਬੋਲਣ ਦੀ ਹੈ। ਹੋਰ ਤਾਂ ਹੋਰ ਇਸ ਭਾਸ਼ਾ ’ਚ ਗੰਦ ਦਾ ਸਾਰਾ ਟੋਕਰਾ ਔਰਤਾਂ ’ਤੇ ਸੁੱਟਦੇ ਹਨ। ਔਰਤ ਦਾ ਤੁਹਾਡੀ ਆਪਸੀ ਲੜਾਈ ਵਿਚ ਕੀ ਲੈਣ ਦੇਣ ਹੋਇਆ?

ਨਿੱਕਾ ਮੋਟਾ ਵਿਤਕਰਾ ਤਾਂ ਹਰ ਥਾਂ ’ਤੇ ਹੁੰਦਾ ਹੈ। ਦੂਸਰੇ ਦੇਸ਼ਾਂ ’ਚ ਵਿਤਕਰੇ ਵਿਰੁੱਧ ਉਜਰ ਹੋ ਸਕਦਾ ਹੈ, ਇਨਸਾਫ਼ ਵੀ ਮਿਲ ਜਾਂਦਾ ਹੈ। ਅਨੇਕਾਂ ਭਾਰਤੀਆਂ ਨੇ ਅਨੇਕਾਂ ਕੇਸਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ, ਪਰ ਵਿਤਕਰਾ ਕਰਕੇ ਉਤੋਂ ਰੋਅਬ ਪਾਈ ਰੱਖਣ ਦਾ ਕੰਮ ਭਾਰਤੀ ਉਪ-ਮਹਾਂਦੀਪ ਦਾ ਹਾਸਲ ਹੈ। ਬਾਹਰ ਬੈਠੇ ਸਾਰੇ ਭਾਰਤੀ ਵਿਤਕਰਾ ਹੋ ਰਿਹਾ ਹੈ, ਵਿਤਕਰਾ ਹੋ ਰਿਹਾ ਹੈ..., ਦਾ ਰੌਲਾ ਆਮ ਪਾਉਂਦੇ ਹਨ, ਪਰ ਜੋ ਪੰਜਾਬ ’ਚ ਆਪ ਕਰਦੇ ਹਨ ਉਸਦਾ ਜ਼ਿਕਰ ਸੁਣਨ ਨੂੰ ਵੀ ਤਿਆਰ ਨਹੀਂ। ਵਲਾਇਤ ’ਚ ਉਹ ਆਪ ਵਿਤਕਰੇ ਦਾ ਰੌਲਾ ਪਾਉਂਦੇ ਹਨ, ਪਿੱਛੇ ਜਾ ਕੇ ਖ਼ੁਦ ਵਿਤਕਰਾ ਕਰਦੇ ਹਨ। ਉਸਦਾ ਹੋਰ ਕੋਈ ਵੀ ਜ਼ਿਕਰ ਨਹੀਂ ਕਰਦਾ। ਜਿੰਨੀ ਮੰਦੀ ਭਾਸ਼ਾ ਸੋਸ਼ਲ ਮੀਡੀਆ ’ਤੇ ਬੋਲੀ ਜਾਂਦੀ ਹੈ, ਇਸ ਦਾ ਕੋਈ ਫ਼ਿਕਰ ਨਹੀਂ ਕਰਦਾ। ਇਸਨੂੰ ਕੰਨਰਸ ਜਾਣ ਕੇ ਸੁਣ ਲੈਂਦੇ ਹਨ। ਮਨ ’ਚ ਸੁਆਲ ਆਉਂਦਾ ਹੈ ਵਿਤਕਰਿਆਂ ਦੀ ਮਾਂ ਧਰਤੀ ਕਿਹੜੀ ਹੈ, ਊਂਜ ਇਹ ਆਲਮੀ ਵਰਤਾਰਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All