ਸ਼ਮੀਲ
ਭਾਰਤੀ ਮੂਲ ਦੇ ਲੋਕਾਂ ਜਾਂ ਖ਼ਾਸ ਕਰਕੇ ਪੰਜਾਬੀਆਂ ਦੇ ਪੂਰੀ ਦੁਨੀਆਂ ਵਿਚ ਫੈਲਣ ਨਾਲ ਇਕ ਚੀਜ਼ ਜਿਹੜੀ ਗਲੋਬਲ ਕਲਚਰ ਦਾ ਅਹਿਮ ਹਿੱਸਾ ਬਣ ਗਈ ਹੈ, ਉਹ ਇੰਡੀਅਨ ਫੂਡ ਹੈ। ਜੇ ਮੈਂ ਕੈਨੇਡਾ ਦੀ ਮਿਸਾਲ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਇੱਥੇ ਕਈ ਤਰ੍ਹਾਂ ਦੇ ਨਵੇਂ ਤਜਰਬੇ ਸਾਡੇ ਲੋਕਾਂ ਨੇ ਰੈਸਟੋਰੈਂਟ ਬਿਜ਼ਨਸ ਵਿਚ ਕੀਤੇ ਹਨ। ਇਸ ਨਾਲ ਇੰਡੀਅਨ ਫੂਡ ਵਿਚ ਕਈ ਤਰ੍ਹਾਂ ਦੇ ਨਵੇਂ ਪ੍ਰਯੋਗ ਹੋਏ। ਇੰਡੀਅਨ ਫੂਡ ਦਾ ਪੱਛਮੀ ਜਾਂ ਹੋਰ ਸੱਭਿਆਚਾਰਾਂ ਦੇ ਫੂਡ ਨਾਲ ਮਿਸ਼ਰਨ ਕੀਤਾ ਗਿਆ। ਇਸ ਵਿਚੋਂ ਇਕ ਨਵੇਂ ਰੰਗ ਦਾ ਇੰਡੀਅਨ ਫੂਡ ਪੈਦਾ ਹੋਇਆ। ਕਈ ਸਾਡੇ ਇੱਥੇ ਇਸ ਤਰ੍ਹਾਂ ਦੇ ਰੈਸਟੋਰੈਂਟ ਬਣ ਗਏ ਹਨ, ਜਿਹੜੇ ਕਿਸੇ ਵੀ ਤਰ੍ਹਾਂ ਦੇ ਇੰਟਰਨੈਸ਼ਨਲ ਰੈਸਟੋਰੈਂਟ ਬਿਜ਼ਨਸ ਦਾ ਮੁਕਾਬਲਾ ਕਰਦੇ ਹਨ।
ਕੁਝ ਸਾਲ ਪਹਿਲਾਂ ਜੋ ਕੁਝ ਇੰਡੀਅਨ ਫੂਡ ਦੇ ਨਾਂ ’ਤੇ ਇੱਥੇ ਚੱਲਦਾ ਸੀ, ਉਹ ਬਹੁਤ ਹੀ ਛੋਟੇ ਪੱਧਰ ਦਾ ਕੰਮ ਸੀ। ਅਜਿਹੇ ਰੈਸਟੋਰੈਂਟ ਵਿਚ ਬਹੁਤ ਥੋੜ੍ਹੀਆਂ ਇਕੋ ਜਿਹੇ ਰਵਾਇਤੀ ਤਰੀਕੇ ਨਾਲ ਬਣਾਈਆਂ ਵੈਜ ਅਤੇ ਨੌਨ-ਵੈਜ ਆਈਟਮਾਂ ਹੁੰਦੀਆਂ ਸਨ। ਮੁੱਢਲੇ ਸਾਲਾਂ ਵਿਚ ਇੰਡੀਅਨ ਫੂਡ ਦਾ ਜੋ ਕੁਝ ਵੀ ਮਿਲਦਾ ਸੀ, ਲੋਕਾਂ ਨੂੰ ਉਹ ਹੀ ਪ੍ਰਾਪਤੀ ਲੱਗਦੀ ਸੀ। ਪਰ ਜਿਨ੍ਹਾਂ ਜਿਨ੍ਹਾਂ ਥਾਵਾਂ ’ਤੇ ਕਮਿਊਨਿਟੀ ਵੱਡੀ ਹੋ ਗਈ, ਉੱਥੇ ਰੈਸਟੋਰੈਂਟ ਬਿਜ਼ਨਸ ਵੀ ਬਹੁਤ ਫੈਲ ਗਿਆ। ਇਸ ਵਿਚ ਪੈਸਾ ਆਉਣ ਕਰਕੇ ਕਾਰੋਬਾਰ ਫੈਲ ਗਏ। ਹੌਲੀ ਹੌਲੀ ਕੁਝ ਬਰੈਂਡ ਸਥਾਪਤ ਹੋ ਗਏ ਅਤੇ ਉਨ੍ਹਾਂ ਦੀਆਂ ਇਕ ਤੋਂ ਵੱਧ ਲੋਕੇਸ਼ਨਾਂ ਖੁੱਲ੍ਹ ਗਈਆਂ। ਬਰੈਂਪਟਨ ਸਿਟੀ ਬਾਰੇ ਇਸ ਵਕਤ ਇਹ ਗੱਲ ਕਹੀ ਜਾ ਸਕਦੀ ਹੈ ਕਿ ਕੈਨੇਡਾ ਵਿਚ ਇਹ ਇੰਡੀਅਨ ਫੂਡ ਦਾ ਸਭ ਤੋਂ ਵੱਡਾ ਸੈਂਟਰ ਹੈ।
ਜੇ ਬਫੇ ਵਾਲੇ ਰੈਸਟੋਰੈਂਟਸ ਦੀ ਗੱਲ ਕਰੀਏ ਤਾਂ ਬਰੈਂਪਟਨ ਅਤੇ ਨਾਲ ਲੱਗਦੇ ਪੀਲ ਖੇਤਰ ਵਿਚ ਤੰਦੂਰੀ ਫਲੇਮਜ਼ ਅਤੇ ਬਰਾਰਜ਼ ਦੋ ਵੱਡੇ ਨਾਂ ਹਨ। ਇਨ੍ਹਾਂ ਦੇ ਬਫੇ ਦੀ ਬਹੁਤ ਵੱਡੀ ਰੇਂਜ ਹੈ। ਫਾਈਨ ਡਾਈਨਿੰਗ ਵਿਚ ਮਹਾਰਾਜਾ, ਅਨੋਖੀ, ਫਿਰੰਗੀ ਆਦਿ ਕਿੰਨੇ ਹੀ ਨਾਮ ਨੇ। ਨਵੀਂ ਤਰ੍ਹਾਂ ਦੇ ਤਜਰਬੇ ਕਰਨ ਦੇ ਪੱਖ ਤੋਂ ਪਰਾਂਠਿਆਂ ਵਾਲੀ ਗਲੀ, ਰਿਕਜ਼ ਗੁੱਡ ਈਟਸ ਆਦਿ ਕੁਝ ਨਾਂ ਗਿਣੇ ਜਾ ਸਕਦੇ ਹਨ। ਇੰਡੀਅਨ ਫੂਡ ਅਤੇ ਮਿਠਾਈਆਂ ਦੀ ਚੇਨ ਦੇ ਪੱਖ ਤੋਂ ਰਾਜਧਾਨੀ ਇਕ ਅਹਿਮ ਨਾਂ ਬਣ ਚੁੱਕਾ ਹੈ। ਕਈ ਅਜਿਹੇ ਛੋਟੇ ਇੰਡੀਅਨ ਰੈਸਟੋਰੈਂਟ ਹਨ, ਜਿੱਥੇ ਘਰ ਦੇ ਸਟਾਈਲ ਵਿਚ ਬਣਿਆ ਇੰਡੀਅਨ ਫੂਡ ਮਿਲ ਸਕਦਾ ਹੈ। ਸਾਊਥ ਇੰਡੀਅਨ ਫੂਡ ਦੇ ਕਿੰਨੇ ਹੀ ਰੈਸਟੋਰੈਂਟਸ ਹਨ। ਕੋਈ ਅਜਿਹਾ ਪੱਖ ਨਹੀਂ ਹੈ, ਜਿਸ ਵਿਚ ਤੁਹਾਡੇ ਲਈ ਕੁਝ ਨਵਾਂ ਦੇਖਣ ਜਾਂ ਅਨੁਭਵ ਕਰਨ ਦਾ ਮੌਕਾ ਨਾ ਹੋਵੇ।
ਇੰਡੀਅਨ ਫੂਡ ਵਿਚ ਹੋ ਰਹੇ ਇਨ੍ਹਾਂ ਪ੍ਰਯੋਗਾਂ ਨੂੰ ਮਾਨਤਾ ਦੇਣ ਲਈ ਵੀ ਹੁਣ ਸੰਸਥਾਵਾਂ ਅੱਗੇ ਆ ਗਈਆਂ ਹਨ। ਯੂਕੇ ਤੋਂ ਇਕ ਉਦਮੀ ਨੇ ਕੁਝ ਸਾਲ ਪਹਿਲਾਂ ਕਰੀ ਐਵਾਰਡਜ਼ ਸ਼ੁਰੂ ਕੀਤੇ ਸਨ, ਜਿਹੜੇ ਕਿ ਇੰਡੀਅਨ ਫੂਡ ਬਿਜ਼ਨਸ ਦੇ ਐਵਾਰਡਜ਼ ਹਨ। ਉਨ੍ਹਾਂ ਨੇ ਹੀ ਪਿਛਲੇ ਤਿੰਨ ਕੁ ਸਾਲ ਤੋਂ ਕੈਨੇਡਾ ਦੇ ਟੋਰਾਂਟੋ ਖੇਤਰ ਵਿਚ ਵੀ ਇਹ ਐਵਾਰਡਜ਼ ਕਰਨੇ ਸ਼ੁਰੂ ਕੀਤੇ ਹਨ। ਇਸ ਵਿਚ ਇੰਡੀਅਨ ਫੂਡ ਬਿਜ਼ਨਸ ਨਾਲ ਜੁੜੇ ਸਭ ਰੁਝਾਨਾਂ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇੰਡੀਅਨ ਫੂਡ ਦੀ ਜਿੰਨੀ ਵੰਨ-ਸੁਵੰਨਤਾ ਇਸ ਵਕਤ ਸਾਨੂੰ ਕੈਨੇਡਾ ਦੇ ਇਸ ਖੇਤਰ ਵਿਚ ਮਿਲਦੀ ਹੈ, ਉਸ ਤਰ੍ਹਾਂ ਦੀ ਵਿਲੱਖਣਤਾ ਕਈ ਵਾਰ ਲੋਕਾਂ ਨੂੰ ਲੱਗਦਾ ਹੈ ਕਿ ਭਾਰਤ ਦੇ ਹਰ ਸਿਟੀ ਵਿਚ ਵੀ ਮਿਲਣੀ ਸੰਭਵ ਨਹੀਂ। ਜੋ ਕੁਝ ਇਸ ਖੇਤਰ ਵਿਚ ਇੰਡੀਅਨ ਫੂਡ ਬਿਜ਼ਨਸ ਵਿਚ ਹੋ ਰਿਹਾ ਹੈ, ਉਹ ਇੰਡੀਅਨ ਫੂਡ ਦੇ ਗਲੋਬਲਾਈਜੇਸ਼ਨ ਵਿਚ ਇਕ ਵੱਡਾ ਪ੍ਰਯੋਗ ਹੈ। ਇਸ ਨਾਲ ਕਾਫ਼ੀ ਕੁਝ ਜੁੜਿਆ ਹੈ। ਇੰਡੀਅਨ ਫੂਡ ਬਿਜ਼ਨਸ ਇੱਥੇ ਇਕ ਵੱਡੀ ਇਕੌਨੋਮੀ ਬਣ ਰਿਹਾ ਹੈ। ਇਸ ਵਿਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਸ ਨੇ ਇੰਡੀਅਨ ਕਲਚਰ ਨਾਲ ਦੂਜੇ ਲੋਕਾਂ ਦੀ ਜਾਣ-ਪਛਾਣ ਵਿਚ ਵੀ ਵੱਡਾ ਰੋਲ ਅਦਾ ਕੀਤਾ ਹੈ। ਕਿਸੇ ਕਲਚਰ ਨਾਲ ਫੂਡ ਤੋਂ ਵੱਡੀ ਜਾਣ-ਪਛਾਣ ਹੋਰ ਕੋਈ ਨਹੀਂ ਹੋ ਸਕਦੀ ਅਤੇ ਉਹ ਕੰਮ ਇੰਡੀਅਨ ਰੈਸਟੋਰੈਂਟਸ ਇੱਥੇ ਬੜੀ ਖ਼ੂਬਸੂਰਤੀ ਨਾਲ ਕਰ ਰਹੇ ਹਨ।
ਦੁਨੀਆਂ ਦੇ ਹੋਰ ਬਹੁਤ ਸਾਰੇ ਫੂਡ ਕਲਚਰ’ਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਕ ਚੀਜ਼ ਦਾ ਫ਼ਰਕ ਅਜੇ ਵੀ ਮਹਿਸੂਸ ਹੁੰਦਾ ਹੈ। ਚਾਹੇ ਵੈਸਟਰਨ ਫੂਡ ਦੀਆਂ ਅਲੱਗ ਅਲੱਗ ਕਿਸਮਾਂ ਹਨ, ਚਾਹੇ ਚਾਈਨੀਜ਼ ਫੂਡ ਹੈ, ਮੈਕਸੀਕਨ ਫੂਡ ਹੈ ਜਾਂ ਅਰਬੀ ਖਿੱਤੇ ਦਾ ਫੂਡ ਹੈ, ਉਸ ਵਿਚ ਅਸੀਂ ਦੇਖਦੇ ਹਾਂ ਕਿ ਹਰ ਕਲਚਰ ਦੇ ਲੋਕ ਇਸ ਫੂਡ ਬਿਜ਼ਨਸ ਵਿਚ ਮਿਲਦੇ ਹਨ। ਮਿਸਾਲ ਦੇ ਤੌਰ ’ਤੇ ਚਾਈਨੀਜ਼ ਰੈਸਟੋਰੈਂਟ ਚਲਾਉਣ ਵਾਲੇ ਗ਼ੈਰ-ਚਾਈਨੀਜ਼ ਲੋਕ ਵੀ ਮਿਲਦੇ ਹਨ, ਪਰ ਅਜੇ ਨੌਨ-ਇੰਡੀਅਨ ਲੋਕਾਂ ਨੇ ਇੰਡੀਅਨ ਫੂਡ ਵਿਚ ਆਉਣਾ ਸ਼ੁਰੂ ਨਹੀਂ ਕੀਤਾ। ਇਸ ਦਾ ਇਕ ਕਾਰਨ ਇਹ ਸਮਝਿਆ ਜਾਂਦਾ ਹੈ ਕਿ ਇੰਡੀਅਨ ਫੂਡ ਨੂੰ ਤਿਆਰ ਕਰਨਾ ਦੂਜੇ ਕਈ ਕਲਚਰਲ ਖਾਣਿਆਂ ਦੇ ਮੁਕਾਬਲੇ ਮੁਸ਼ਕਿਲ ਹੈ। ਇਸ ਕਰਕੇ ਕਿਸੇ ਹੋਰ ਕਲਚਰ ਦੇ ਲੋਕ ਇਸ ਵਿਚ ਕਾਮਯਾਬ ਨਹੀਂ ਹੋ ਸਕਦੇ। ਪਰ ਇਹ ਵੀ ਸ਼ਾਇਦ ਇਕ ਪੜਾਅ ਹੀ ਹੈ। ਆਉਣ ਵਾਲੇ ਸਮੇਂ ਵਿਚ ਇੰਡੀਅਨ ਫੂਡ ਅਤੇ ਵੈਸਟਰਨ ਫੂਡ ਦੇ ਮਿਸ਼ਰਨ ਨਾਲ ਅਜਿਹੇ ਨਵੇਂ ਰੂਪ ਸਾਹਮਣੇ ਆ ਜਾਣਗੇ ਕਿ ਹੋ ਸਕਦਾ ਹੈ ਕਿ ਇਹ ਭਾਰਤੀ ਲੋਕਾਂ ਤਕ ਵੀ ਸੀਮਤ ਨਾ ਰਹੇ।
ਇਸ ਆਰਟੀਕਲ ਦਾ ਮਕਸਦ ਫੂਡ ਦਾ ਅਧਿਐਨ ਕਰਨਾ ਨਹੀਂ ਹੈ। ਇੱਥੇ ਅਸੀਂ ਇਸ ਪੱਖ ਨੂੰ ਸਿਰਫ਼ ਇਕ ਸੱਭਿਆਚਾਰਕ ਰੁਝਾਨ ਦੇ ਤੌਰ ’ਤੇ ਦੇਖ-ਵਿਚਾਰ ਰਹੇ ਹਾਂ। ਪਰ ਜਿਨ੍ਹਾਂ ਲੋਕਾਂ ਦੀ ਫੂਡ ਕਲਚਰ ਜਾਂ ਫੂਡ ਇੰਡਸਟਰੀ ਵਿਚ ਰੁਚੀ ਹੈ, ਉਹ ਇਸ ਪਾਸੇ ਖ਼ਾਸ ਨਜ਼ਰ ਮਾਰ ਸਕਦੇ ਹਨ ਅਤੇ ਇਸ ਨੂੰ ਜ਼ਿਆਦਾ ਗਹਿਰਾਈ ਨਾਲ ਸਮਝ ਸਕਦੇ ਹਨ। ਇਹ ਅਜਿਹਾ ਰੁਝਾਨ ਹੈ, ਜਿਹੜਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।